December 3, 2024

ਲੰਮੇ ਸੰਘਰਸ਼ ਤੋਂ ਬਾਅਦ ਸਰੀ ਪੁਲੀਸ ਨੇ ਸ਼ਹਿਰ ਦੇ ਅਮਨ ਕਾਨੂੰਨ ਦੀ ਵਾਗਡੋਰ ਆਪਣੇ ਹੱਥ ਲਈ

ਵੈਨਕੂਵਰ, 3 ਦਸੰਬਰ – ਲੰਮਾ ਸੰਘਰਸ਼ ਅਤੇ ਕਨੂੰਨੀ ਲੜਾਈਆਂ ਜਿੱਤਣ ਤੋਂ ਬਾਦ ਅਖੀਰ ਸਰੀ ਪੁਲੀਸ ਨੇ ਸ਼ਹਿਰ ਦੇ ਅਮਨ ਕਨੂੰਨ ਦੀ ਵਾਗਡੋਰ ਕੇਂਦਰੀ ਪੁਲੀਸ ਤੋਂ ਆਪਣੇ ਹੱਥ ਲੈ ਲਈ ਹੈ। ਰਾਇਲ ਕੈਨੇਡੀਅਨ ਮਾਉਂਟਡ ਪੁਲੀਸ (ਕੇਂਦਰੀ ਪੁਲੀਸ) 74 ਸਾਲਾਂ ਤੋਂ ਸਰੀ ’ਚ ਤੈਨਾਤ ਸੀ। ਇਸ ਬਦਲਾਅ ਨਾਲ ਸਰੀ ਕੈਨੇਡਾ ਦੇ ਉਨ੍ਹਾਂ ਚੋਣਵੇਂ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿੰਨ੍ਹਾਂ ਦੇ ਆਪਣੇ ਪੁਲੀਸ ਬੋਰਡ ਹਨ। ਪੁਲੀਸ ਬੋਰਡ ਦੇ ਮੁੱਖੀ ਨੌਰਮ ਲਪਿੰਸਕੀ ਨੇ ਸ਼ਹਿਰ ਦੇ ਅਮਨ ਕਨੂੰਨ ਦੀ ਜਿੰਮੇਵਾਰੀ ਆਪਣੀ ਪੁਲੀਸ ਦੇ ਹੱਥ ਆਉਣ ਤੇ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਗੈਰਸਮਾਜੀ ਅਨਸਰਾਂ ਦੇ ਮਨਾਂ ਵਿੱਚ ਪੁਲੀਸ ਸਖਤੀ ਦਾ ਡਰ ਤੇ ਸ਼ਹਿਰੀਆਂ ਦੇ ਮਨਾਂ ਚ ਸੁਰੱਖਿਆ ਦਾ ਅਹਿਸਾਸ ਉਜਾਗਰ ਹੋਵੇਗਾ। ਉਂਝ ਕਾਨੂੰਨੀ ਅੜ੍ਹਚਨਾਂ ਕਰਕੇ ਕੇਂਦਰੀ ਪੁਲੀਸ ਦੇ ਆਖਰੀ ਮੁਲਾਜ਼ਮ ਨੂੰ ਵਿਦਾ ਕਰਨ ਵਿੱਚ ਦੋ ਸਾਲ ਲੱਗ ਸਕਦੇ ਹਨ। ਸਰੀ ’ਚ ਤਾਇਨਾਤ ਕੁੱਲ ਪੁਲੀਸ ਨਫਰੀ 880 ਚੋਂ 446 ਪਹਿਲਾਂ ਹੀ ਸਰੀ ਪੁਲੀਸ ਦੀ ਭਰਤੀ ਹਨ, ਪਰ ਸਮੁੱਚੀ ਕਮਾਂਡ ਕੇਂਦਰੀ ਪੁਲੀਸ ਕੋਲ ਸੀ, ਜਿਸਦਾ ਹੁਣ ਉਲਟ ਫੇਰ ਹੋ ਗਿਆ ਹੈ। ਸਰੀ ਮਿਉਂਸਪੈਲਿਟੀ ਦੇ ਆਪਣੇ ਪੁਲੀਸ ਬੋਰਡ ਦੀ ਸਥਾਪਨਾ ਦਾ ਮਤਾ ਕੌਂਸਲ ਵਲੋਂ ਨਵੰਬਰ 2018 ‘ਚ ਪਾਸ ਕਰਨ ਤੋਂ ਬਾਦ ਪੁਲੀਸ ਬੋਰਡ ਸਥਾਪਤ ਹੋਇਆ ਸੀ, ਪਰ 2022 ’ਚ ਨਵੀਂ ਮੇਅਰ ਬਰੈਂਡਾ ਲੌਕ ਵਲੋਂ ਕੇਂਦਰੀ ਪੁਲੀਸ ਦੇ ਹੱਕ ਵਿੱਚ ਡਟਣ ਕਾਰਨ, ਲੋਕਾਂ ਦੀ ਇਸ ਮੰਗ ਨੂੰ ਕਈ ਕਨੂੰਨੀ ਲ਼ੜਾਈਆਂ ਤੇ ਝੰਜਟਾਂ ਨਾਲ ਸਿੱਝਣਾ ਪਿਆ। ਸੂਬਾਈ ਸਰਕਾਰ ਦਾ ਸਰੀ ਪੁਲੀਸ ਦੇ ਹੱਕ ਵਿੱਚ ਖੜਨਾ ਕਾਰਗਰ ਸਾਬਤ ਹੋਇਆ ਤੇ ਸੁਪਰੀਮ ਕੋਰਟ ਵਲੋਂ ਫੈਸਲਾ ਸਰੀ ਪੁਲੀਸ ਦੀ ਸਥਾਪਨਾ ਦੇ ਹੱਕ ਵਿੱਚ ਦੇਣ ਨਾਲ ਇਸ ਉੱਤੇ ਪੱਕੀ ਮੋਹਰ ਲੱਗ ਗਈ। ਦੱਸਣਯੋਗ ਹੈ ਕਿ ਕੈਨੇਡਾ ਵਿੱਚ ਪੁਲੀਸ ਤਾਇਨਾਤੀ ਤੇ ਖਰਚ ਮਿਉਂਸਪੈਲਿਟੀਆ ਦੇ ਜਿੰਮੇ ਹੈ।

ਲੰਮੇ ਸੰਘਰਸ਼ ਤੋਂ ਬਾਅਦ ਸਰੀ ਪੁਲੀਸ ਨੇ ਸ਼ਹਿਰ ਦੇ ਅਮਨ ਕਾਨੂੰਨ ਦੀ ਵਾਗਡੋਰ ਆਪਣੇ ਹੱਥ ਲਈ Read More »

ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਘਰ ਵਿੱਚ ਕੀਤਾ ਨਜ਼ਰਬੰਦ

ਫਤਿਹਗੜ੍ਹ ਸਾਹਿਬ, 3 ਦਸੰਬਰ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਨ੍ਹਾਂ ਦੀ ਫਤਿਹਗੜ੍ਹ ਸਾਹਿਬ ਸਥਿਤ ਰਿਹਾਇਸ਼ ’ਤੇ ਪੁਲਿਸ ਵਲੋਂ ਘਰ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਹਾਊਸ ਅਰੈਸਟ ਇਸ ਲਈ ਕੀਤਾ ਜਾ ਰਿਹਾ ਕਿ ਲੁਧਿਆਣਾ ਵਿੱਚ ਗੰਦੇ ਪਾਣੀਆਂ ਦੇ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ। ਫੈਕਟਰੀਆਂ ਤੋਂ ਆ ਰਿਹਾ ਪਾਣੀ ਦਰਿਆ ਦੇ ਪਾਣੀ ਨੂੰ ਗੰਦਾ ਕਰੀ ਜਾਵੇ ਤੇ ਲੋਕਾਂ ਨੂੰ ਕੈਂਸਰ ਵਰਗੀ ਬਿਮਾਰੀ ਹੋਵੇ। ਸਿਮਰਨਜੀਤ ਸਿੰਘ ਮਾਨ ਨੇ ਲੁਧਿਆਣਾ ਦੇ ਗੰਦੇ ਨਾਲੇ ਨੂੰ ਬੰਦ ਕਰਾਉਣ ਦੇ ਮਨੋਰਥ ਨਾਲ ਲੱਖਾ ਸਿਧਾਣਾ ਵਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਾ ਸੀ। ਲੁਧਿਆਣਾ ਵਿੱਚ ਬੁੱਢਾ ਨਾਲੇ ਵਿੱਚ ਫੈਲੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਲੁਧਿਆਣਾ ਵੱਲ ਮਾਰਚ ਕੀਤਾ ਜਾ ਰਿਹਾ ਹੈ। ਲੁਧਿਆਣਾ ਦਾ ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਲਈ ਪਹੁੰਚੇ MP ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਬੁੱਢੇ ਦਰਿਆ ਦੇ ਮਸਲੇ ਸਬੰਧੀ ਲੁਧਿਆਣਾ ਪਹੁੰਚੀ ਸੋਨੀਆ ਮਾਨ ਨੂੰ ਵੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਇਸ ਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਨ੍ਹਾਂ ਦੀ ਫਤਿਹਗੜ੍ਹ ਸਾਹਿਬ ਸਥਿਤ ਰਿਹਾਇਸ਼ ’ਤੇ ਪੁਲਿਸ ਵਲੋਂ ਘਰ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਬੰਦ ਕਰਾਉਣ ਦੇ ਮਨੋਰਥ ਨਾਲ ਲੱਖਾ ਸਿਧਾਣਾ ਵਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਾ ਸੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਬੁੱਢਾ ਨਾਲਾ ਬੰਦ ਕਰਵਾਉਣ ਲਈ ਅੰਦੋਲਨ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸੁੱਕੀ ਸਨਅਤ ਨਾਲ ਜੁੜੇ ਲੋਕਾਂ ਨੇ ਵੀ ਵਿਰੋਧ ਕਰਨ ਦੀ ਗੱਲ ਕਹੀ ਸੀ। ਜਿਸ ‘ਤੇ ਅੱਜ ਲੱਖਾ ਸਿਧਾਣਾ ਅਤੇ ਉਸਦੇ ਕਈ ਸਾਥੀ ਬੁੱਢਾ ਨਾਲਾ ਬੰਦ ਕਰਵਾਉਣ ਲਈ ਪਹੁੰਚ ਰਹੇ ਸਨ। ਪਰ ਇਸ ਤੋਂ ਪਹਿਲਾ ਹੀ ਪੁਲਿਸ ਨੇ ਲੱਖਾ ਸਿਧਾਣਾ ਨੂੰ ਨਜ਼ਰਬੰਦ ਕਰ ਲਿਆ।

ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਘਰ ਵਿੱਚ ਕੀਤਾ ਨਜ਼ਰਬੰਦ Read More »

ਸੀਬੀਐਸਈ ਨੇ ਜਾਰੀ ਕੀਤੀ ਸੀਟੀਈਟੀ ਪ੍ਰੀਖਿਆ ਸਿਟੀ ਸਲਿੱਪ

ਨਵੀਂ ਦਿੱਲੀ, 3 ਦਸੰਬਰ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਦਸੰਬਰ 2024 ਸੈਸ਼ਨ ਲਈ ਪ੍ਰੀਖਿਆ ਸਿਟੀ ਸੂਚਨਾ ਸਲਿੱਪ ਜਾਰੀ ਕੀਤੀ ਹੈ। ਸਾਰੇ ਉਮੀਦਵਾਰ ਜਿਨ੍ਹਾਂ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਲਈ ਅਪਲਾਈ ਕੀਤਾ ਹੈ, ਉਹ ਇਮਤਿਹਾਨ ਸਿਟੀ ਸਲਿੱਪ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਮਤਿਹਾਨ ਦੀ ਮਿਤੀ ਅਤੇ ਪ੍ਰੀਖਿਆ ਦੇ ਸ਼ਹਿਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਉਸ ਅਨੁਸਾਰ ਯਾਤਰਾ ਲਈ ਪਹਿਲਾਂ ਤੋਂ ਤਿਆਰੀਆਂ ਕਰ ਸਕਦੇ ਹਨ। ਪ੍ਰੀਖਿਆ ਸਿਟੀ ਸਲਿੱਪ ਨੂੰ ਅਧਿਕਾਰਤ ਵੈੱਬਸਾਈਟ ctet.nic.in ‘ਤੇ ਜਾ ਕੇ ਜਾਂ ਇਸ ਪੰਨੇ ‘ਤੇ ਦਿੱਤੇ ਸਿੱਧੇ ਲਿੰਕ ‘ਤੇ ਕਲਿੱਕ ਕਰਕੇ ਆਨਲਾਈਨ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਲੌਗਇਨ ਵੇਰਵੇ ਦਰਜ ਕਰਨੇ ਪੈਣਗੇ। ਇਮਤਿਹਾਨ ਦੇ ਸ਼ਹਿਰ ਅਤੇ ਮਿਤੀ ਬਾਰੇ ਇਸ ਤਰ੍ਹਾਂ ਜਾਣਕਾਰੀ ਪ੍ਰਾਪਤ ਕਰੋ CTET ਪ੍ਰੀਖਿਆ ਸਿਟੀ ਸਲਿੱਪ ਡਾਊਨਲੋਡ ਕਰਨ ਲਈ, ਪਹਿਲਾਂ ਅਧਿਕਾਰਤ ਵੈੱਬਸਾਈਟ ctet.nic.in ‘ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ ‘ਤੇ, ਤਾਜ਼ਾ ਖ਼ਬਰਾਂ ਵਿੱਚ CTET ਦਸੰਬਰ-2024 ਲਈ View Date & City ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਨੰਬਰ, ਜਨਮ ਮਿਤੀ ਅਤੇ ਦਿੱਤਾ ਗਿਆ ਸੁਰੱਖਿਆ ਪਿੰਨ ਦਰਜ ਕਰਨਾ ਹੋਵੇਗਾ ਅਤੇ ਸਬਮਿਟ ਬਟਨ ‘ਤੇ ਕਲਿੱਕ ਕਰਨਾ ਹੋਵੇਗਾ। ਹੁਣ ਸਕਰੀਨ ‘ਤੇ ਇਮਤਿਹਾਨ ਸਿਟੀ ਸਲਿੱਪ ਖੁੱਲ੍ਹੇਗੀ। ਇਸ ਤੋਂ ਬਾਅਦ ਤੁਸੀਂ ਪ੍ਰੀਖਿਆ ਦੇ ਸ਼ਹਿਰ ਅਤੇ ਪ੍ਰੀਖਿਆ ਦੀ ਮਿਤੀ ਬਾਰੇ ਜਾਣਕਾਰੀ ਦੇਖ ਸਕਦੇ ਹੋ। CTET ਦਸੰਬਰ-2024 ਡਾਇਰੈਕਟ ਲਿੰਕ ਲਈ ਮਿਤੀ ਅਤੇ ਸ਼ਹਿਰ ਦੇਖੋ ਕਦੋਂ ਹੋਵੇਗੀ ਪ੍ਰੀਖਿਆ ਇਹ ਪ੍ਰੀਖਿਆ CBSE ਦੁਆਰਾ 14 ਦਸੰਬਰ 2024 ਨੂੰ ਦੇਸ਼ ਭਰ ਦੇ ਮਨੋਨੀਤ ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਜਾਵੇਗੀ। ਦਸੰਬਰ ਸੈਸ਼ਨ ਦੀ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਜਾਵੇਗੀ। ਪੇਪਰ 2 ਦੀ ਪਹਿਲੀ ਸ਼ਿਫਟ ਵਿੱਚ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤੀ ਜਾਵੇਗੀ, ਜਦੋਂ ਕਿ ਦੂਜੀ ਸ਼ਿਫਟ ਦੀ ਪ੍ਰੀਖਿਆ (ਪੇਪਰ 1) ਦੂਜੀ ਸ਼ਿਫਟ ਵਿੱਚ ਦੁਪਹਿਰ 2:30 ਤੋਂ ਸ਼ਾਮ 5 ਵਜੇ ਤੱਕ ਹੋਵੇਗੀ।

ਸੀਬੀਐਸਈ ਨੇ ਜਾਰੀ ਕੀਤੀ ਸੀਟੀਈਟੀ ਪ੍ਰੀਖਿਆ ਸਿਟੀ ਸਲਿੱਪ Read More »

ਕਾਲੇ ਪਾਣੀ ਦੇ ਮੋਰਚੇ ਦੇ ਸਮਰਥਕਾਂ ਵੱਲੋਂ ਲੁਧਿਆਣਾ ਫਿਰੋਜ਼ਪੁਰ ਰੋਡ ਦਾ ਇੱਕ ਪਾਸਾ ਬੰਦ

ਲੁਧਿਆਣਾ, 3 ਦਸੰਬਰ – ਕਾਲੇ ਪਾਣੀ ਦੇ ਮੋਰਚੇ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਭਾਵੇਂ ਕਿ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਕਾਲੇ ਪਾਣੀ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ,ਪਰ ਸਮਰਥਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਾਲੇ ਪਾਣੀ ਦੇ ਮੋਰਚੇ ਦੇ ਸਮਰਥਕਾਂ ਨੇ ਲੁਧਿਆਣਾ-ਫਿਰੋਜ਼ਪੁਰ ਸੜਕ ਦਾ ਇੱਕ ਪਾਸਾ ਆਵਾਜਾਈ ਲਈ ਬੰਦ ਕਰ ਦਿੱਤਾ। ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਲੋਕਾਂ ਨੇ ਸੜਕ ਨੂੰ ਜਾਮ ਕਰ ਦਿੱਤਾ। ਲੋਕਾਂ ਵੱਲੋਂ ਪੰਜਾਬ ਸਰਕਾਰ, ਪਾਣੀ ਨੂੰ ਜ਼ਹਿਰੀਲਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕਾਲਾ ਪਾਣੀ ਦੇ ਮੋਰਚੇ ਦੇ ਆਗੂ ਕੁਲਦੀਪ ਸਿੰਘ ਖਹਿਰਾ ਅਤੇ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।

ਕਾਲੇ ਪਾਣੀ ਦੇ ਮੋਰਚੇ ਦੇ ਸਮਰਥਕਾਂ ਵੱਲੋਂ ਲੁਧਿਆਣਾ ਫਿਰੋਜ਼ਪੁਰ ਰੋਡ ਦਾ ਇੱਕ ਪਾਸਾ ਬੰਦ Read More »

ਕਿਸਾਨੀ ਨੂੰ ਬਚਾਉਂਦਿਆਂ ਮੌਤ ਆਈ ਦਾ ਕੋਈ ਗ਼ਮ ਨਹੀਂ : ਡੱਲੇਵਾਲ

ਪਾਤੜਾਂ, 3 ਦਸੰਬਰ – ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਇਸ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਖ਼ਰਾਬ ਹੋ ਰਹੀ ਹੈ। ਡਾਕਟਰਾਂ ਦੀ ਟੀਮ ਅਨੁਸਾਰ ਉਨ੍ਹਾਂ ਦਾ ਹੁਣ ਤੱਕ ਅੱਠ ਕਿਲੋ ਦੇ ਕਰੀਬ ਵਜ਼ਨ ਘਟ ਚੁੱਕਿਆ ਹੈ। ਕਿਸਾਨ ਆਗੂ ਪਹਿਲਾਂ ਤੋਂ ਚਲਦੀ ਕੈਂਸਰ ਦੀ ਦਵਾਈ ਵੀ ਨਹੀਂ ਲੈ ਰਹੇ। ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਮੌਤ ਤਾਂ ਇੱਕ ਦਿਨ ਆਉਣੀ ਹੀ ਹੈ, ਚੰਗਾ ਹੋਵੇਗਾ ਜੇ ਉਹ ਕਿਸਾਨੀ ਨੂੰ ਬਚਾਉਂਦਿਆਂ ਇਸ ਜੱਗ ਤੋਂ ਰੁਖ਼ਸਤ ਹੋ ਜਾਣ। ਸ੍ਰੀ ਡੱਲੇਵਾਲ ਨੇ ਕਿਹਾ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਸਾਨੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸਰਕਾਰ ਨੂੰ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਤੋਂ ਬਿਨਾਂ 2047 ਤੱਕ ਵਿਕਸਤ ਭਾਰਤ ਬਣਾਉਣ ਦਾ ਸੁਫ਼ਨਾ ਅਧੂਰਾ ਹੀ ਰਹੇਗਾ। ਕਿਸਾਨ ਆਗੂ ਨੇ ਕਿਹਾ ਕਿ ਉਪ ਰਾਸ਼ਟਰਪਤੀ ਲਈ ਕਿਸਾਨਾਂ ਦੇ ਦਰਵਾਜ਼ੇ ਖੁੱਲ੍ਹੇ ਹਨ। ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਵਿਚਾਰਾਂ ਦਾ ਸਤਿਕਾਰ ਕਰਦੀਆਂ ਹਨ ਪਰ ਜੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਹਨ ਤਾਂ ਉਹ ਸਰਕਾਰ ਨੂੰ ਵਾਅਦਿਆਂ ਨੂੰ ਜਲਦੀ ਪੂਰਾ ਕਰਨ ਦੇ ਹੁਕਮ ਦੇਣ। ਇਸੇ ਦੌਰਾਨ ਬਾਰਡਰ ’ਤੇ ਪ੍ਰਬੰਧ ਚਲਾ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨਿਘਾਰ ਵੱਲ ਵਧ ਰਹੀ ਹੈ, ਇਸ ਦੇ ਮੱਦੇਨਜ਼ਰ ਪਹਿਰਾ ਸਖ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਕਿਸੇ ਵੀ ਸਮੇਂ ਸ੍ਰੀ ਡੱਲੇਵਾਲ ਦੀ ਸਿਹਤ ਖ਼ਰਾਬ ਹੋਣ ਦੇ ਬਹਾਨੇ, ਉਨ੍ਹਾਂ ਨੂੰ ਚੁੱਕ ਕੇ ਲਿਜਾ ਸਕਦੀ ਹੈ।

ਕਿਸਾਨੀ ਨੂੰ ਬਚਾਉਂਦਿਆਂ ਮੌਤ ਆਈ ਦਾ ਕੋਈ ਗ਼ਮ ਨਹੀਂ : ਡੱਲੇਵਾਲ Read More »

ਪਖਾਨਿਆਂ ਦੀ ਸਫ਼ਾਈ ਕਰਕੇ ਆਪੋ ਆਪਣੀ ਗੁਨਾਹ ਦੀ ਸਜ਼ਾ ਭੁਗਤ ਰਹੇ ਹਨ ਅਕਾਲੀ ਆਗੂ

ਅਮ੍ਰਿੰਤਸਰ, 3 – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਸਾਰੇ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਚੁੱਕੇ ਹਨ। ਇਸ ਦੌਰਾਨ ਅਕਾਲੀ ਦਲ ਦੇ ਆਗੂ ਆਪੋ-ਆਪਣੀ ਸਜ਼ਾ ਭੁਗਤ ਰਹੇ ਹਨ। ਇਸ ਮੌਕੇ ਅਕਾਲੀ ਆਗੂਆਂ ਨੇ ਸਭ ਤੋਂ ਪਹਿਲਾਂ ਬਰਤਨ ਸਾਫ਼ ਕੀਤੇ ਅਤੇ ਫਿਰ ਪਖਾਨਿਆਂ ਦੀ ਸਫ਼ਾਈ ਕੀਤੀ। ਦੱਸਣਾ ਬਣਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੁਤਾਬਕ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ, ਮਹੇਸ਼ਇੰਦਰ ਸਿੰਘ, ਸਰਬਜੀਤ ਸਿੰਘ, ਸੋਹਣ ਸਿੰਘ ਠੰਡਲ, ਚਰਨਜੀਤ ਸਿੰਘ, ਆਦੇਸ਼ ਪ੍ਰਤਾਪ ਸਿੰਘ, 3 ਦਸੰਬਰ ਯਾਨੀ ਅੱਜ ਤੋਂ 12 ਤੋਂ ਇੱਕ ਵਜੇ ਤੱਕ ਦਰਬਾਰ ਸਾਹਿਬ ਦੇ ਪ੍ਰਤੱਖ ਅਧੀਨ ਪਖਾਨਿਆਂ ਦੀ ਸਫ਼ਾਈ ਕਰਨਗੇ। ਇਨ੍ਹਾਂ ਦੀ ਹਾਜ਼ਰੀ ਦੀ ਤਸਦੀਕ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਪੰਜ ਆਪਣੇ ਨਗਰ, ਸ਼ਹਿਰ ਜਾਂ ਨੇੜਲੇ ਗੁਰਦੁਆਰਿਆਂ ਵਿੱਚ ਰੋਜ਼ਾਨਾ ਇੱਕ ਘੰਟਾ ਭਾਂਡੇ ਮਾਂਜਣ, ਲੰਗਰ, ਜੋੜੇ ਸਾਫ ਕਰਨ ਕਿਸੇ ਵੀ ਤਰ੍ਹਾਂ ਦੀ ਇੱਕ ਘੰਟੇ ਦੀ ਸੇਵਾ ਕਰਨੀ ਹੈ। ਸਜ਼ਾ ਮੁਤਾਬਕ ਦੋ ਦਿਨ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ ਜਾਣੀ ਹੈ। ਇਸ ਤੋਂ ਬਾਅਦ ਸ੍ਰੀ ਫਤਹਿਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਸੇਵਾ ਕਰਨ ਲਈ ਜਾਣਗੇ।

ਪਖਾਨਿਆਂ ਦੀ ਸਫ਼ਾਈ ਕਰਕੇ ਆਪੋ ਆਪਣੀ ਗੁਨਾਹ ਦੀ ਸਜ਼ਾ ਭੁਗਤ ਰਹੇ ਹਨ ਅਕਾਲੀ ਆਗੂ Read More »

ਚੀਨ ਤੇ ਪਾਕਿ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਾਂ ਨਜ਼ਰ – ਐਡਮਿਰਲ ਤ੍ਰਿਪਾਠੀ

ਨਵੀਂ ਦਿੱਲੀ, 3 ਦਸੰਬਰ – ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਅੱਜ ਕਿਹਾ ਕਿ ਚੀਨ ਤੇ ਪਾਕਿਸਤਾਨ ਦੀਆਂ ਜਲ ਸੈਨਾਵਾਂ ਦੀਆਂ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਗਲੇ ਮਹੀਨੇ 26 ਰਾਫਾਲ ਜੰਗੀ ਜਹਾਜ਼ਾਂ ਦੇ ਸਮੁੰਦਰੀ ਰੂਪ ਅਤੇ ਤਿੰਨ ਵਾਧੂ ਸਕਾਰਪੀਨ ਪਣਡੁੱਬੀਆਂ ਦੀ ਖ਼ਰੀਦ ਲਈ ਵੱਖ-ਵੱਖ ਸਮਝੌਤਿਆਂ ’ਤੇ ਸਹੀ ਪਾ ਸਕਦਾ ਹੈ। ਜਲ ਸੈਨਾ ਦਿਵਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਐਡਮਿਰਲ ਤ੍ਰਿਪਾਠੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਦੋ ਐੱਸਐੱਸਐੱਨ ਲਈ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਜਿਹੀਆਂ ਛੇ ਕਿਸ਼ਤੀਆਂ ਬਣਾਉਣ ਦੀ ਯੋਜਨਾ ਹੈ। ਜਲ ਸੈਨਾ ਮੁਖੀ ਨੇ ਕਿਹਾ ਕਿ ਪਹਿਲਾ ਐੱਸਐੱਸਐੱਨ 2036-37 ਤੱਕ ਅਤੇ ਦੂਜਾ 2038-39 ਤੱਕ ਤਿਆਰ ਹੋ ਜਾਵੇਗਾ।

ਚੀਨ ਤੇ ਪਾਕਿ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਾਂ ਨਜ਼ਰ – ਐਡਮਿਰਲ ਤ੍ਰਿਪਾਠੀ Read More »

ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ-ਪ੍ਰੋ.ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ”/ ਗੁਰਮੀਤ ਸਿੰਘ ਪਲਾਹੀ

‘ਅੱਖ’ ਤਾਂ ਹਰ ਲੇਖਕ ਕੋਲ ਹੁੰਦੀ ਹੈ, ਪਰ ਸੱਚ-ਝੂਠ, ਸੋਨਾ-ਤਾਂਬਾ, ਕਣਕ-ਤੂੜੀ ਨੂੰ ਵੱਖ-ਵੱਖ ਕਰਨ ਦੇ ਯੋਗ ਹੋਣ ਲਈ ਉਸਨੂੰ ਬੁੱਧੀ ਅਤੇ ਗਿਆਨ  ਦੀ ਲੋੜ ਹੁੰਦੀ ਹੈ। ਤਦੇ ਤਾਂ ਰਸੂਲ ਹਮਜ਼ਾਤੋਵ ਕਹਿੰਦਾ ਹੈ: -“ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦੇਓ। ਸਗੋਂ ਇਹ ਕਹੋ ਕਿ ਮੈਨੂੰ ਅੱਖਾਂ ਦੇਓ।” ਪ੍ਰੋ.ਜਸਵੰਤ ਸਿੰਘ ਗੰਡਮ, ਜਦੋਂ ਆਪਣੇ ਕਾਵਿ-ਸੰਗ੍ਰਹਿ ‘ਬੁੱਲ੍ਹ ਸੀਤਿਆਂ ਸਰਨਾ ਨਈਂ” ਵਿੱਚ ਇਹ ਕਹਿਕੇ ਅੱਗੇ ਤੁਰਦਾ ਹੈ ਕਿ ਭਾਵੇਂ ਕਵਿਤਾ ਪ੍ਰਚੰਡ ਭਾਵਨਾਵਾਂ ਦਾ ਆਪਮੁਹਾਰਾ ਵਹਿਣ/ਉਛਾਲਾ ਹੈ ਪਰ ਮੇਰੇ ਲਈ ਲਿਖਣਾ ਇੱਕ ਥਰੱਪਿਊਟਿਕ(ਵੈਦਿਕ, ਔਸ਼ਧੀ ਜਨਕ) ਅਤੇ ਕੈਥਾਰਟਿਕ (ਸ਼ੁੱਧੀ ਕਾਰਕ, ਵਿਰੇਚਕ) ਵਰਤਾਰਾ ਹੈ, ਤਾਂ ਉਹਦੀ ਕਵਿਤਾ ਸਿਰਜਨਾਤਮਕ ਸੋਚ, ਦ੍ਰਿਸ਼ਟੀਕੋਨ, ਪ੍ਰਸੰਗਕਤਾ, ਪ੍ਰਤੀਬੱਧਤਾ, ਬੁੱਧੀ ਅਤੇ ਗਿਆਨ ਨਾਲ ਓਤਪੋਤ ਦਿਸਦੀ ਹੈ। ਉਸਦੀ ਸਮੁੱਚੀ ਕਵਿਤਾ ਪ੍ਰਸੰਗਕ ਸੱਚ ਨੂੰ ਬਿਆਨ ਹੀ ਨਹੀਂ ਕਰਦੀ ਸਗੋਂ ਪ੍ਰਸੰਗਕਤਾ ਦੀ ਸਥਿਤੀ ‘ਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕਦੀ ਹੈ। -“ਬੁੱਲ ਸੀਤਿਆਂ ਸਰਨਾ ਨਈਂ ਕੁੱਛ ਤਾਂ ਕਹਿਣਾ ਪੈਣਾ ਏਂ”    (ਬੁੱਲ ਸੀਤਿਆਂ ਸਰਨਾ ਨਈਂ) ਅਤੇ ਉਹ ਕਹਿੰਦਾ ਹੈ। ਬੋਲਦਾ ਹੈ। ਮਿਹਣਾ ਦੇਂਦਾ ਹੈ। ਰਾਜਨੀਤੀ ਵਿਚਲੇ ਭ੍ਰਿਸ਼ਟਾਚਾਰ ਦੇ ਪ੍ਰਖੱਚੇ ਉਡਾਉਂਦਾ ਹੈ। ਸਮਕਾਲ ਵਿੱਚ ਫਿਰਕਾਪ੍ਰਸਤੀ, ਧਾਰਮਿਕ ਕਾਨੂੰਨ, ਮਾਨਸਿਕ ਗੁਲਾਮੀ, ਆਰਥਿਕ ਲੁੱਟ ਦੇ ਪਿੜਾਂ ਹੇਠ ਪਿਸ ਰਹੇ ਲੋਕਾਂ ਨੂੰ ਟੁੰਬਦਾ ਹੈ, ਲਲਕਾਰਦਾ ਹੈ। -“ਸੱਚ ਤਾਂ ਆਖ਼ਿਰ ਬੋਲਣਾ ਪਊ ਅਣਖ ਨਾਲ ਜੇ ਰਹਿਣਾ ਏਂ”    (ਬੁੱਲ ਸੀਤਿਆਂ ਸਰਨਾ ਨਈਂ) ਪ੍ਰਸਿੱਧ ਰੂਸੀ ਕਵੀ ਕੈਸਿਨ ਕੁਲਈ ਆਖਦਾ ਹੈ:- “ਕਵਿਤਾ ਸੁੰਦਰ, ਸਦੀਵੀ, ਕੀਮਤੀ ਅਤੇ ਉਪਯੋਗੀ ਵੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਦਾਣਿਆਂ ਦੇ ਸਿੱਟੇ ਅਤੇ ਤਾਰੇ। ਇਹ ਜੀਊਂਦਿਆਂ ਲਈ ਹੈ ਮੋਇਆਂ ਲਈ ਨਹੀਂ। ਇਹ ਲੋਕਾਂ ਦੀ ਤਰਜਮਾਨੀ ਕਰਦੀ ਹੈ ਅਤੇ ਸੇਵਾ ਵੀ।” ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਵਿਤਾ ਜਿੱਤ-ਹਾਰ, ਖੁਸ਼ੀ-ਉਦਾਸੀ ਦੇ ਵਰਤਾਰੇ ਨਾਲ ਸੰਵਾਦ ਰਚਾਉਂਦੀ ਹੈ। ਸਾਡੀ ਚੁੱਪ ਅਤੇ ਅੰਨ੍ਹੀ ਸੰਤੁਸ਼ਟਤਾ, ਜੋ ਮਨੁੱਖ ਜੀਵਨ ਲਈ ਘਾਤਕ ਹੈ, ਤੋਂ ਦੂਰ ਰਹਿਣ ਲਈ ਪ੍ਰੇਰਦੀ ਹੈ। -“ਡਿੱਗਕੇ ਨਾ ਉਠਣਾ ਮਿਹਣਾ ਹੈ, ਉਂਝ ਤਾਂ ਬੰਦਾ ਡਿੱਗਦਾ ਹੀ ਹੈ”  (ਠੋਕਰ-ਠੇਡਾ) -“ਰਸਤਾ ਨਹੀਂ ਤਾਂ ਰਸਤਾ ਬਣਾ ਸਾਬਤ ਕਦਮੀ ਚਲਦਾ ਜਾਹ”      (ਰਸਤਾ ਬਣਾ) ਮਨੁੱਖੀ ਜ਼ਿੰਦਗੀ ਇੱਕ ਪ੍ਰਵੇਸ਼-ਗੁਣ ਭਰਪੂਰ ਗਤੀਸ਼ੀਲਤਾ ਹੈ, ਜੋ ਟਿਮਟਮਾਉਣ, ਉਗਣ, ਵਿਗਸਣ, ਬਿਨਸਨ ਦੇ ਨਾਲ-ਨਾਲ ਸ਼ਬਦ ਗ੍ਰੰਥ, ਸਮਾਜ, ਇਤਿਹਾਸ ਅਤੇ ਦਰਸ਼ਨ ਦੀ ਸਿਰਜਨਾ ਅਤੇ ਸੰਭਾਲ ਕਰਦੀ ਹੈ।  ਇਸ ਲਈ ਮਾਨਵ, ਪ੍ਰਕਿਰਤਿਕ ਆਵੇਸ਼ ਦਾ ਭਾਗ ਹੁੰਦਿਆਂ ਹੋਇਆਂ ਵੀ ਵਿਵੇਕ ਭਰਪੂਰ ਪ੍ਰਵੇਸ਼ ਕਰਦਿਆਂ ਉਲਟ ਸਥਿਤੀਆਂ ਨਾਲ ਨਿਰੰਤਰ ਤਣਾਓ, ਟਕਰਾਓ, ਸੰਘਰਸ਼ ਵਿੱਚ ਰਹਿੰਦਾ ਹੈ। ਲੇਖਕ ਇਸ  ਸਮੁੱਚੇ ਵਰਤਾਰੇ ਅਤੇ ਸਮੇਂ ਦੇ ਸੱਚ ਨੂੰ ਆਪਣਾ ਫਰਜ਼ ਨਿਭਾਉਂਦਿਆਂ ਵਧੇਰੇ  ਚੇਤੰਨ ਹੋਕੇ ਬਿਆਨਦਾ ਹੈ। ਕਵੀ ਪ੍ਰੋ.ਜਸਵੰਤ ਗੰਡਮ ਦੇ ਕਾਵਿ-ਬੋਲ ਸਮੇਂ ਦੇ ਸੱਚ ਦੇ ਹਾਣ ਦੇ ਹਨ: -“ਮਹਿਲਾਂ ਵਾਲਾ ਕੀ ਜਾਣੇ? ਕਿਸ ਭਾਅ ਵਿਕਦੀ ਕੱਕਰ ਵਿੱਚ?” (ਕੱਕਰ ਵਿੱਚ) -“ਅਸੀਂ ਸਰਕਾਰੀ ਨੌਕਰ ਹਾਂ, ਰੱਜ ਕੇ ਸੌਂਈਏ ਦਫ਼ਤਰ ਵਿੱਚ)”  (ਕੱਕਰ ਵਿੱਚ) -“ਜੰਗਲ ਵੀ ਸ਼ਰਮਾ ਜਾਵੇਗਾ, ਕਿੰਨਾ ਸੁੰਨ-ਮਸਾਨ ਨਗਰ ਹੈ” (ਗੁਆਚਾ ਘਰ) ਪ੍ਰੋ.ਜਸਵੰਤ ਸਿੰਘ ਗੰਡਮ ਸਮਝਦਾ ਹੈ ਕਿ ਮਨੁੱਖੀ ਜੀਵਨ ਦੇ ਆਦਰਸ਼ ਦਾ ਮਹਾਂ-ਪ੍ਰਕਾਸ਼ ਹੁੰਦਾ ਹੈ। ਆਸ਼ਾਵਾਦ ਦੀ ਇਹੀ ਵਿਸ਼ੇਸ਼ਤਾ ਜੀਵਨ ਦੇ ਨੈਤਿਕ ਮੁੱਲਾਂ ਦੀ ਸਥਾਪਨਾ ਕਰਨ ਲਈ ਮਨੁੱਖ ਨੂੰ ਨਿਰੰਤਰ ਸੰਘਰਸ਼ਮਈ ਸਥਿਤੀ ਵਿੱਚ ਰੱਖਦੀ ਹੈ। ਇਹ ਸੰਘਰਸ਼ ਕਦੇ ਆਪਣੇ ਅੰਦਰ ਅਤੇ ਕਦੇ ਆਪਣੇ ਬਾਹਰ ਚਲਦਾ ਰਹਿੰਦਾ ਹੈ। ਕੁਦਰਤ ਦੀ ਵਿਰਾਟ ਗੋਦ  ਵਿੱਚ ਬੈਠੇ ਮਨੁੱਖ ਦਾ ਖਾਸਾ ਹੈ ਕਿ ਉਹ ਆਪਣੇ ਵਿਪਰੀਤ ਸਥਿਤੀਆਂ ਨਾਲ ਜੰਗ ਕੀਤੇ ਬਿਨ੍ਹਾਂ ਨਹੀਂ ਰਹਿ ਸਕਦਾ। ਉਸਾਰੀਆਂ, ਤਬਾਹੀਆਂ, ਮੁੜ ਉਸਾਰੀਆਂ ਦਾ ਸਿਲਸਿਲਾ ਮਾਨਵ ਨੂੰ ਆਪਣੇ ਇਤਹਾਸਕ, ਸਮਾਜਿਕ ਕਾਰਜ ਦਾ  ਬੋਧ ਕਰਾਉਂਦਾ ਹੈ। ਪ੍ਰੋ.ਜਸਵੰਤ ਸਿੰਘ ਗੰਡਮ ਦੀ ਕਾਵਿ-ਸਿਰਜਨਾ ਵਿੱਚ ਅਜਿਹੀ ਨਿਆਰੀ ਸ਼ਕਤੀ ਦਾ ਮਹਾਤਮੀ ਸਰੂਪ ਲੋਕ-ਹਿਤੈਸ਼ੀ ਪ੍ਰਤੀਕ ਵਜੋਂ ਉਭਰਦਾ ਹੈ। -“ਬਿਗਲ ਵਜੂ ਜੰਗ ਦਾ ਇੰਝ ਹੀ ਜਦ ਤਕ ਜ਼ੁਲਮ, ਸਿਤਮ ਜਬਰ ਹੈ” (ਗੁਆਚਾ ਘਰ) -“ਮਿੱਧ ਸੱਪਾਂ ਦੀਆਂ ਸਿਰੀਆਂ, ਛੇੜਨਗੇ ਸਾਂਝੇ ਰਾਗ ਨੂੰ ਕਈ ਆਏ ਤੇ ਕਈ ਗਏ, ਨਾ ਮਾਰ ਸਕੇ ਪੰਜਾਬ ਨੂੰ”   ( ਕਮਲ ਅਤੇ ਗੁਲਾਬ ਦੀ ਨੋਕ-ਝੋਕ- ਕਿਸਾਨ ਸੰਘਰਸ਼) ਪੰਜਾਬੀ ਦੇ ਨਿਵੇਕਲੇ ਵਾਰਤਿਕਕਾਰ ਦੇ ਤੌਰ ‘ਤੇ ਆਪਣੀ ਪੈਂਠ ਬਣਾ ਚੁੱਕੇ ਪ੍ਰੋ.ਜਸਵੰਤ ਸਿੰਘ ਗੰਡਮ ਦੇ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ” ਵਿੱਚ ਕੁਲ ਮਿਲਾਕੇ 88 ਕਵਿਤਾਵਾਂ ਹਨ, ਜਿਹਨਾ ਵਿੱਚ ਨੈੱਟ-ਨਾਮਾ, ਦੋਹੇ/ ਨਵੀਨ ਦੋਹੇ ਅਤੇ ਵਿਅੰਗ ਕਵਿਤਾਵਾਂ ਸ਼ਾਮਲ ਹਨ। ਆਪਣੀਆਂ ਇਹਨਾ ਕਾਵਿ-ਰਚਨਾਵਾਂ ਵਿੱਚ ਪ੍ਰੋ.ਗੰਡਮ ਆਪਣੀ ਜੀਵਨ-ਧਾਰਾ ਅਨੁਸਾਰ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਲੋਕ-ਮਾਨਸਿਕਤਾ ਨੂੰ ਹਲੂਣਾ ਦਿੰਦਾ ਹੈ। ਉਹ ਸਵਾਲ-ਦਰ-ਸਵਾਲ ਖੜੇ ਕਰਦਾ ਹੈ ਕਿ ਕੀ ਇਹ ਏਦਾਂ ਹੀ ਚਲਦਾ ਰਹੇ ਅਤੇ ਅਸੀਂ ਚੁੱਪ ਧਾਰਨ ਕਰਕੇ ਇਹ ਸਭ ਕੁਝ ਵੇਖੀ ਜਾਈਏ। ਉਹ ਇਸ ਵਿਚਾਰ ਦਾ ਧਾਰਨੀ ਹੈ ਕਿ ਚੇਤਨ ਮਨੁੱਖ ਕਦੇ ਅਜਿਹੀ ਪ੍ਰਾਪਤ ਸਥਿਤੀ ਦੇ ਘਿਨਾਉਣੇ ਨਾਕਾਰਾਤਮਕ ਕਰਮ ਨੂੰ ਵੇਖਕੇ, ਅਨੁਭਵ ਕਰਕੇ ਨਿਸਲਤਾ ਦੀ ਨਿਸ ਕਿਰਿਆਵੀ ਸੋਚ ਧਾਰਨ ਨਹੀਂ ਕਰ ਸਕਦਾ। ਇਸ ਸਥਿਤੀ ਵਿੱਚ ਬਦਲਾਵ ਕੇਵਲ ਭਾਵੁਕ-ਰੁਦਨ, ਹੌਕੇ ਹਾਵੇ ਭਰਨ, ਕਰੁਣਾ ਭਰਪੂਰ ਪਾਠ ਤਕ ਸੀਮਤ ਰਹਿਕੇ ਨਹੀਂ ਹੋ ਸਕਦਾ। ਸਗੋਂ ਇਸ ਸਥਿਤੀ ਦੇ ਕਾਰਨਾਂ ਦੀ ਵਿਗਿਆਨਕ ਦਿਮਾਗੀ ਸਮਝ ਲੈਣੀ ਹੋਵੇਗੀ। ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਵਿਤਾ ਦੀ ਹਰ ਸਤਰ ਦਾ ਇੱਕ ਵੱਖਰਾ ਰੰਗ ਹੈ, ਭਾਵ ਹੈ। ਉਹ ਭਾਵੇਂ ਸੈੱਲ ਫੋਨ ਦੀ ਗੱਲ ਕਰੇ, ਜਾਂ ਕਿਸਾਨ ਅੰਦੋਲਨ ਦੀ, ਉਹ ਭਾਵੇਂ ਪਾਤਰ ਦੀ ਬਾਤ ਕਰੇ, ਜਾਂ ਪ੍ਰਵਾਸ ਹੰਢਾ ਰਹੇ ਪ੍ਰਵਾਸੀਆਂ ਦੀ ਜਾਂ ਫਿਰ ਪ੍ਰਦੇਸ ਗਈ ਔਲਾਦ ਕਾਰਨ ਇਕਲਾਪਾ ਹੰਢਾ ਰਹੇ ਬੁੱਢੇ ਮਾਪਿਆਂ ਦੀ। ਉਹ ਠੱਗੀ ਦੇ ਡੇਰਿਆਂ ਦੀ ਗੱਲ ਕਹੇ ਜਾਂ ਖੱਬੀ ਖਾਨ ਦੀ, ਉਹ ਕੋਰਾ ਸੱਚ ਕਹਿੰਦਾ ਹੈ। ਉਸਦੀ ਕਾਵਿ-ਮਾਨਸਿਕਤਾ ਬਾਪੂ-ਬੇਬੇ, ਰੱਖੜੀ-ਭੈਣ, ਪਾਣੀ-ਪ੍ਰਾਣੀ, ਠੋਕਰ-ਠੇਡੇ, ਗੈਰਤ-ਔਕੜਾਂ, ਪ੍ਰਦੇਸ਼-ਨਾਮਾ, ਬਨਵਾਸ/ਇਕਲਾਪਾ, ਬਿਰਖਾਂ/ਪੰਖੇਰੂਆਂ, ਕੁਦਰਤ ਦੇ ਰਾਗਾਂ-ਰੰਗਾਂ ‘ਚ ਖੁਭੀ ਹੋਈ ਕਦੇ ਮੰਡੀ ਦੇ ਦੌਰ, ਕਾਰੋਬਾਰੀ ਰਿਸ਼ਤਿਆਂ ਅਤੇ ਵੇਲੇ ਦੇ ਸੁਪਨਿਆਂ ਦੀ ਸੱਚਾਈ ਬਿਆਨਦੀ ਹੈ। ਅੰਬਰੋਂ ਅਗਲੀ ਸੋਚ ‘ਚ ਵਹਿੰਦੀ ਨੱਚ-ਨੱਚ ਧੂੜਾਂ ਪੁੱਟਦੀ ਜ਼ਿੰਦਗੀ ਨਾਲ ਅੱਖਾਂ ਚਾਰ ਕਰਦੀ ਹੈ। ਆਓ ਉਸਦੀ ਕਵਿਤਾ ਦੇ ਕੁਝ ਅੰਗਾਂ ਨਾਲ ਆਪਣੇ ਮਨ ਮਸਤਕ ਦੀ ਸਾਂਝ ਪਾਈਏ:- -“ਭੁੱਖ, ਗਰੀਬੀ, ਅਤੇ ਦੁੱਖ-ਦਰਦ ਧਰਤੀ ਉਪਰੋਂ ਸਭ ਮਿਟਾਦੇ।”  (ਦੁਆ) -“ਤੇਰੇ ਮਿੱਠੜੇ ਬੋਲ ਨੇ ਏਂਦਾ ਨੇਤਾ ਦੀ ਜਿਉਂ ਜੁਮਲੇਬਾਜੀ।”  (ਸੱਚ ਬੋਲਦੇ ਰਹਿ ਗਏ) -“ਬੁੱਢੀ ਦੇਹ ਹੈ ਖਿੰਡਰੀ ਪੁੰਡਰੀ ਕਮਰ ਕਿਧਰੇ ‘ਤੇ ਕੂਹਣੀ ਕਿਧਰੇ।”  (ਸਾਧੂ ਕਿਧਰੇ ਧੂਣੀ ਕਿਧਰੇ) -“ਟੌਹਰਾਂ ਕੱਢ ਕੇ ਆਉਂਦੇ ਹਾਂ, ਮੰਗਵੇਂ ਕੱਪੜੇ ਪਾਉਂਦੇ ਹਾਂ।”   (ਟੌਹਰਾਂ) -“ਹਾਵੇ! ਮਾਂ-ਬਾਪ ਤਰਸ ਗਏ, ਕਦ ਪੁੱਤ ਪ੍ਰਦੇਸੋਂ ਆਵੇ।”  (ਟੱਪੇ) -“ਰਾਤੀਂ ਨੀਂਦਾਂ ਉਡੀਆਂ, ਪੱਥਰ ਹੋ ਗਏ ਨੈਣ ਕੋਇਲਾਂ ਦੇ ਗੀਤ ਹੁਣ, ਲਗਦੇ ਪਏ ਨੇ ਵੈਣ।”  (ਤਲਖ਼-ਹਕੀਕੀ ਦੋਹੇ) -“ਲੁੱਟ ਰਹੇ ਨੇ ਹੱਥੋ-ਹੱਥੀਂ, ਲੀਡਰ, ਬਾਬੇ ‘ਤੇ ਮਨਮੁੱਖ”  (ਰੁੱਖ ਡਟਿਆ ਰਿਹਾ) ਪ੍ਰੋ.ਜਸਵੰਤ ਸਿੰਘ ਗੰਡਮ ਦੇ ਕਾਵਿ-ਸੰਗ੍ਰਹਿ ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਦੇ 104 ਸਫ਼ੇ ਹਨ। ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ(ਰਜਿ:) ਵਲੋਂ ਇਸ ਆਸ ਨਾਲ ਛਾਪੀ ਗਈ ਹੈ ਕਿ ਪੰਜਾਬੀ ਕਾਵਿ-ਜਗਤ ਵਿੱਚ ਇੱਕ ਮੀਲ ਪੱਥਰ ਸਾਬਤ ਹੋਏਗੀ। -ਗੁਰਮੀਤ ਸਿੰਘ ਪਲਾਹੀ -9815802070  

ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ-ਪ੍ਰੋ.ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ”/ ਗੁਰਮੀਤ ਸਿੰਘ ਪਲਾਹੀ Read More »

ਪੰਜਾਬੀ ਮਿਊਜਿਕ ਇੰਡਸਟਰੀ ‘ਚ ਸੋਗ ਦੀ ਲਹਿਰ, ਮਸ਼ਹੂਰ ਪੰਜਾਬੀ ਗੀਤਕਾਰ “ਡਿੰਪਲ ਰਾਜਾ” ਦਾ ਦੇਹਾਂਤ

3, ਦਸੰਬਰ – ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸਨੇ ਕਈ ਪੰਜਾਬੀਆਂ ਦਾ ਦਿਲ ਤੋੜ ਦਿੱਤਾ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕ ਦੇ ਦੇਹਾਂਤ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਰਿਐਲਿਟੀ ਸ਼ੋਅ ‘ਆਵਾਜ਼ ਪੰਜਾਬ ਦੀ’ ਤੋਂ ਚਰਚਾ ‘ਚ ਆਏ ਪੰਜਾਬੀ ਗਾਇਕ ਡਿੰਪਲ ਰਾਜਾ ਦਾ ਦੇਹਾਂਤ ਹੋ ਗਿਆ ਹੈ। ਜਿਸਦਾ ਨਾ ਸਿਰਫ ਪਰਿਵਾਰ ਸਗੋਂ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕ ਡਿੰਪਲ ਰਾਜਾ ਜਲੰਧਰ ਦੇ ਦਾਨਿਸ਼ਮੰਦਾ ਦਾ ਵਸਨੀਕ ਹੈ। ਆਵਾਜ਼ ਪੰਜਾਬ ਦੀ ਵਿੱਚ ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਤੋਂ ਬਾਅਦ ਉਹ ਕਮਰਸ਼ੀਅਲ ਤੌਰ ‘ਤੇ ਸੰਗੀਤ ਦੇ ਖੇਤਰ ‘ਚ ਆ ਗਏ ਸੀ। ਖਾਸ ਗੱਲ ਇਹ ਹੈ ਕਿ ਉਨ੍ਹਾਂ ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਨਾਲ ਗੀਤ ਵੀ ਗਾਏ ਹਨ।ਡਿੰਪਲ ਰਾਜਾ ਦੇ ਗੀਤ ‘ਸਾਡੇ ਬਾਰੇ ਪੁੱਛਣਾ ਤਾਂ’ ਨੂੰ ਪੰਜਾਬੀਆਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਮਿਸ ਪੂਜਾ ਨਾਲ ਉਨ੍ਹਾਂ ਦੇ ਗੀਤਾਂ ਨੂੰ ਖੂਬ ਪਿਆਰ ਮਿਲਿਆ। ਡਿੰਪਲ ਨੇ ਮਾਤਾ ਦੀਆਂ ਭੇਟਾਂ ਵੀ ਗਾਈਆਂ। ਜ਼ਿਕਰਯੋਗ ਹੈ ਕਿ ਡਿੰਪਲ ਰਾਜਾ ਨੂੰ ਬੀਤੇ ਕੱਲ੍ਹ ਦਿਲ ਦਾ ਦੌਰਾ ਪਿਆ ਸੀ।

ਪੰਜਾਬੀ ਮਿਊਜਿਕ ਇੰਡਸਟਰੀ ‘ਚ ਸੋਗ ਦੀ ਲਹਿਰ, ਮਸ਼ਹੂਰ ਪੰਜਾਬੀ ਗੀਤਕਾਰ “ਡਿੰਪਲ ਰਾਜਾ” ਦਾ ਦੇਹਾਂਤ Read More »

ਇਸੇ ਹਫ਼ਤੇ ਦੇ ਅਖੀਰ ‘ਚ ਹੋ ਸਕਦਾ ਹੈ ਪੰਜਾਬ ’ਚ ਨਗਰ ਨਿਗਮ ਚੋਣਾਂ ਦਾ ਐਲਾਨ

ਚੰਡੀਗੜ੍ਹ, 3 ਦਸੰਬਰ – ਪੰਜਾਬ ਵਿਚ ਨਗਰ ਨਿਗਮ ਤੇ ਕੌਂਸਲ ਚੋਣਾਂ ਦਾ ਐਲਾਨ ਇਸੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਚੋਣਾਂ ਦੇ ਐਲਾਨ ਨਾਲ ਹੀ ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ‘ਆਪ’ ਸਰਕਾਰ ਇਸ ਵਰ੍ਹੇ ਦੇ ਅਖੀਰ ਤੱਕ ਨਿਗਮ ਚੋਣਾਂ ਦਾ ਕੰਮ ਨੇਪਰੇ ਚਾੜ੍ਹਨਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਅੱਠ ਹਫ਼ਤਿਆਂ ਵਿਚ ਸਮੁੱਚੀ ਪ੍ਰਕਿਰਿਆ ਮੁਕੰਮਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਅਹਿਮ ਸੂਤਰ ਦੱਸਦੇ ਹਨ ਕਿ ਚਾਲੂ ਹਫ਼ਤੇ ਦੇ ਅਖੀਰ ’ਚ ਨਿਗਮ ਚੋਣਾਂ ਦਾ ਐਲਾਨ ਹੋ ਸਕਦਾ ਹੈ। ਪੰਜਾਬ ਵਿਚ ਪੰਜ ਨਗਰ ਨਿਗਮਾਂ, 42 ਨਗਰ ਕੌਂਸਲਾਂ/ਨਗਰ ਪੰਚਾਇਤਾਂ ਤੋਂ ਇਲਾਵਾ ਦਰਜਨਾਂ ਕੌਂਸਲਾਂ ਦੇ 43 ਵਾਰਡਾਂ ਵਿਚ ਉਪ ਚੋਣ ਵੀ ਹੋਣੀ ਹੈ। ਸਥਾਨਕ ਸਰਕਾਰਾਂ ਵਿਭਾਗ ਨੇ 22 ਨਵੰਬਰ ਨੂੰ ਵਿਭਾਗ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਦਸੰਬਰ ਦੇ ਅਖੀਰ ਤੱਕ ਚੋਣਾਂ ਕਰਾਏ ਜਾਣ ਦੀ ਗੱਲ ਆਖੀ ਸੀ। ਰਾਜ ਚੋਣ ਕਮਿਸ਼ਨ ਵੱਲੋਂ ਹੁਣ ਇਸ ਦਾ ਐਲਾਨ ਕੀਤਾ ਜਾਣਾ ਹੈ। ਰਾਜ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਨਗਰ ਨਿਗਮ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਉਨ੍ਹਾਂ ਢੁੱਕਵੀਆਂ ਤਰੀਕਾਂ ’ਤੇ ਚੋਣ ਕਰਾਉਣ ਬਾਰੇ ਸੋਚ ਰਿਹਾ ਹੈ ਜਿਹੜੀਆਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਸ਼ਹੀਦੀ ਹਫ਼ਤੇ ਦੇ ਸਮਾਗਮਾਂ ਨਾਲ ਮੇਲ ਨਾ ਖਾਂਦੀਆਂ ਹੋਣ। ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋੋਮਣੀ ਅਕਾਲੀ ਦਲ ਵੱਲੋਂ ਸਰਕਾਰ ਨੂੰ ਨਗਰ ਨਿਗਮ ਚੋਣਾਂ ਜਨਵਰੀ ਤੱਕ ਮੁਲਤਵੀ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਅੱਜ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵੀ ਰਾਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਚੋਣਾਂ ਦੀ ਤਰੀਕ ਸ਼ਹੀਦੀ ਹਫ਼ਤਾ ਮਨਾਉਣ ਦੇ ਨਾਲ ਮੇਲ ਖਾਂਦੀ ਨਾ ਹੋਵੇ। ਅਮਨ ਅਰੋੜਾ ਦਾ ਕਹਿਣਾ ਸੀ ਕਿ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਵੱਲੋਂ ਕਮਿਸ਼ਨ ਨੂੰ ਸ਼ਹੀਦੀ ਹਫ਼ਤੇ ਤੋਂ ਬਾਅਦ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਗਮ ਅਤੇ ਕੌਂਸਲ ਚੋਣਾਂ ਲਈ ਰਣਨੀਤੀ ਤਿਆਰ ਕਰ ਲਈ ਗਈ ਹੈ। ਜ਼ਿਮਨੀ ਚੋਣਾਂ ਵਿੱਚ ਹਾਰ ਮਗਰੋਂ ਵਿਰੋਧੀ ਧਿਰਾਂ ਵੱਲੋਂ ਨਿਗਮ ਚੋਣਾਂ ਜਿੱਤਣ ਲਈ ਪੂਰੀ ਵਾਹ ਲਾਈ ਜਾਵੇਗੀ। ਕਾਂਗਰਸ ਪਾਰਟੀ ਨੇ ਨਿਗਮ ਚੋਣਾਂ ਵਾਸਤੇ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਸ ਵੱਲੋਂ ਯੋਗ ਉਮੀਦਵਾਰ ਤਲਾਸ਼ੇ ਜਾਣਗੇ। ਭਾਜਪਾ ਇਨ੍ਹਾਂ ਸ਼ਹਿਰੀ ਚੋਣਾਂ ਵਿੱਚ ਆਪਣਾ ਪੂਰਾ ਤਾਣ ਲਾਏਗੀ ਕਿਉਂਕਿ ਇਸ ਦਾ ਸਿੱਧਾ ਅਸਰ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪਵੇਗਾ। ਹਾਲ ਹੀ ਵਿੱਚ ਹੋਈਆਂ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਤਸੱਲੀਬਖ਼ਸ਼ ਕਾਰਗੁਜ਼ਾਰੀ ਨਹੀਂ ਦਿਖਾ ਸਕੀ।

ਇਸੇ ਹਫ਼ਤੇ ਦੇ ਅਖੀਰ ‘ਚ ਹੋ ਸਕਦਾ ਹੈ ਪੰਜਾਬ ’ਚ ਨਗਰ ਨਿਗਮ ਚੋਣਾਂ ਦਾ ਐਲਾਨ Read More »