ਪਾਤੜਾਂ, 3 ਦਸੰਬਰ – ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਇਸ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਖ਼ਰਾਬ ਹੋ ਰਹੀ ਹੈ। ਡਾਕਟਰਾਂ ਦੀ ਟੀਮ ਅਨੁਸਾਰ ਉਨ੍ਹਾਂ ਦਾ ਹੁਣ ਤੱਕ ਅੱਠ ਕਿਲੋ ਦੇ ਕਰੀਬ ਵਜ਼ਨ ਘਟ ਚੁੱਕਿਆ ਹੈ। ਕਿਸਾਨ ਆਗੂ ਪਹਿਲਾਂ ਤੋਂ ਚਲਦੀ ਕੈਂਸਰ ਦੀ ਦਵਾਈ ਵੀ ਨਹੀਂ ਲੈ ਰਹੇ। ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਮੌਤ ਤਾਂ ਇੱਕ ਦਿਨ ਆਉਣੀ ਹੀ ਹੈ, ਚੰਗਾ ਹੋਵੇਗਾ ਜੇ ਉਹ ਕਿਸਾਨੀ ਨੂੰ ਬਚਾਉਂਦਿਆਂ ਇਸ ਜੱਗ ਤੋਂ ਰੁਖ਼ਸਤ ਹੋ ਜਾਣ। ਸ੍ਰੀ ਡੱਲੇਵਾਲ ਨੇ ਕਿਹਾ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਸਾਨੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸਰਕਾਰ ਨੂੰ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਤੋਂ ਬਿਨਾਂ 2047 ਤੱਕ ਵਿਕਸਤ ਭਾਰਤ ਬਣਾਉਣ ਦਾ ਸੁਫ਼ਨਾ ਅਧੂਰਾ ਹੀ ਰਹੇਗਾ।
ਕਿਸਾਨ ਆਗੂ ਨੇ ਕਿਹਾ ਕਿ ਉਪ ਰਾਸ਼ਟਰਪਤੀ ਲਈ ਕਿਸਾਨਾਂ ਦੇ ਦਰਵਾਜ਼ੇ ਖੁੱਲ੍ਹੇ ਹਨ। ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਵਿਚਾਰਾਂ ਦਾ ਸਤਿਕਾਰ ਕਰਦੀਆਂ ਹਨ ਪਰ ਜੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਹਨ ਤਾਂ ਉਹ ਸਰਕਾਰ ਨੂੰ ਵਾਅਦਿਆਂ ਨੂੰ ਜਲਦੀ ਪੂਰਾ ਕਰਨ ਦੇ ਹੁਕਮ ਦੇਣ। ਇਸੇ ਦੌਰਾਨ ਬਾਰਡਰ ’ਤੇ ਪ੍ਰਬੰਧ ਚਲਾ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨਿਘਾਰ ਵੱਲ ਵਧ ਰਹੀ ਹੈ, ਇਸ ਦੇ ਮੱਦੇਨਜ਼ਰ ਪਹਿਰਾ ਸਖ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਕਿਸੇ ਵੀ ਸਮੇਂ ਸ੍ਰੀ ਡੱਲੇਵਾਲ ਦੀ ਸਿਹਤ ਖ਼ਰਾਬ ਹੋਣ ਦੇ ਬਹਾਨੇ, ਉਨ੍ਹਾਂ ਨੂੰ ਚੁੱਕ ਕੇ ਲਿਜਾ ਸਕਦੀ ਹੈ।