ਕਹਾਣੀਆਂ/ਰਾਣੋ ਦੀ ਰਵਾਨਗੀ/ਬਚਨ ਬੇਦਿਲ

ਇੱਕ ਦਿਨ ਮੈਂ ਸੰਗਰੂਰ ਸ਼ਹਿਰ ਦੇ ਕੌਲਾ ਪਾਰਕ ਵਿਚਦੀ ਪੈਦਲ ਜਾ ਰਿਹਾ ਸੀ ਤਾਂ ਮੇਰੀ ਨਜ਼ਰ ਇੱਕ ਵਿਲੱਖਣ ਤਰ੍ਹਾਂ ਦੇ ਵਪਾਰੀ ’ਤੇ ਪਈ। ਉਸ ਨੇ ਤਿੰਨ ਪਹੀਆਂ ਵਾਲੀ ਰੇਹੜੀ ਇੱਕ ਪਾਸੇ ਲਾਈ ਹੋਈ ਸੀ। ਉਸ ਰੇਹੜੀ ਵਿੱਚ ਇੱਕ ਲੋਹੇ ਦਾ ਪਿੰਜਰਾ ਪਿਆ ਸੀ, ਜਿਸ ਵਿੱਚ ਚਿੱਟੇ ਰੰਗ ਦੀ ਇੱਕ ਛੋਟੀ ਜਿਹੀ ਕੁੱਤੀ ਬੰਦ ਸੀ ਤੇ ਵਪਾਰੀ ਦੇ ਹੱਥ ਵਿੱਚ ਉਸ ਕੁੱਤੀ ਦੇ ਦੋ ਨਿੱਕੇ ਨਿੱਕੇ ਬੱਚੇ ਚੁੱਕੇ ਹੋਏ ਸਨ। ਉਨ੍ਹਾਂ ਬੱਚਿਆਂ ਨੂੰ ਵੇਚਣ ਲਈ ਉਹ ਵਾਰ ਵਾਰ ਹੋਕਾ ਲਾ ਰਿਹਾ ਸੀ। ਪਿੰਜਰੇ ਵਿੱਚ ਬੰਦ ਦੋ ਬੱਚਿਆਂ ਦੀ ਮਾਂ ਬਹੁਤ ਪਰੇਸ਼ਾਨ ਸੀ। ਉਸ ਨੂੰ ਸ਼ਾਇਦ ਪਤਾ ਲੱਗ ਚੁੱਕਾ ਸੀ ਕਿ ਉਸ ਦਾ ਮਾਲਕ ਅੱਜ ਉਸ ਦੇ ਦਿਲ ਦੇ ਟੁਕੜਿਆਂ ਨੂੰ ਵੇਚ ਦੇਵੇਗਾ ਅਤੇ ਫਿਰ ਕਦੇ ਵੀ ਉਹ ਆਪਣੇ ਬੱਚਿਆਂ ਨੂੰ ਮਿਲ ਨਹੀਂ ਸਕੇਗੀ। ਉਹ ਬੇਵੱਸ ਪਿੰਜਰੇ ਅੰਦਰ ਜ਼ਖ਼ਮੀ ਸ਼ੇਰਨੀ ਵਾਂਗ ਗੇੜੇ ਦੇ ਰਹੀ ਸੀ ਅਤੇ ਵਾਰ ਵਾਰ ਆਪਣੇ ਮਾਸੂਮ ਬੱਚਿਆਂ ਵੱਲ ਦੇਖ ਰਹੀ ਸੀ। ਕਦੇ ਕਦੇ ਆਪਣੇ ਮਾਲਕ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਿਰ ਨੂੰ ਸੱਜੇ ਖੱਬੇ ਘੁਮਾਉਂਦੀ ਸ਼ਾਇਦ ਮਨ ਹੀ ਮਨ ਉਸ ਨੂੰ ਬੱਚੇ ਨਾ ਵੇਚਣ ਦੀਆਂ ਬੇਨਤੀਆਂ ਕਰ ਰਹੀ ਸੀ। ਉਸ ਦਾ ਮਾਲਕ ਬੱਚਿਆਂ ਦੀ ਮਾਂ ਦੀ ਬੇਵੱਸੀ, ਉਸ ਦੀ ਪੀੜ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਰ ਰਿਹਾ। ਉਸ ਨੂੰ ਤਾਂ ਸਿਰਫ਼ ਗਾਹਕ ਲੱਭਣ ਵਿੱਚ ਦਿਲਚਸਪੀ ਸੀ। ਉਹ ਵਾਰ ਵਾਰ ਬੱਚਿਆਂ ਨੂੰ ਧੌਣ ਤੋਂ ਫੜ ਕੇ ਹਵਾ ਵਿੱਚ ਲਹਿਰਾ ਕੇ ਇਸ਼ਤਿਹਾਰਬਾਜ਼ੀ ਕਰ ਰਿਹਾ ਸੀ।

ਮੈਨੂੰ ਇਸ ਹਾਲਤ ਨੇ ਬਹੁਤ ਪਰੇਸ਼ਾਨ ਕਰ ਦਿੱਤਾ। ਮੈਂ ਮਨੁੱਖ ਵੱਲੋਂ ਇੱਕ ਅਬੋਲ ਮਾਂ ਦੀ ਮਮਤਾ ਦੀਆਂ ਭਾਵਨਾਵਾਂ ਨੂੰ ਨਾ ਸਮਝਣ ’ਤੇ ਸ਼ਰਮਸਾਰ ਸੀ। ਇੰਨੇ ਨੂੰ ਇੱਕ ਵਿਅਕਤੀ ਨੇ ਇੱਕ ਮਾਸੂਮ ਕਤੂਰੇ ਦੀ ਕੀਮਤ ਪੁੱਛੀ। ਮਾਲਕ ਨੇ ਦੱਸ ਦਿੱਤੀ। ਉਹ ਰੱਬ ਦਾ ਬੰਦਾ ਪਿੰਜਰੇ ਵਿੱਚ ਬੰਦ ਕੁੱਤੀ ਦੀ ਹਾਲਤ ਨੂੰ ਦੇਖ ਕੇ ਬੋਲਿਆ, ‘‘ਪਿੰਜਰੇ ਵਿੱਚ ਬੰਦ ਕੁੱਤੀ ਮੈਨੂੰ ਬੱਚਿਆਂ ਦੀ ਮਾਂ ਲੱਗਦੀ ਹੈ।’’ ਸ਼ਾਇਦ ਇਹ ਬੰਦਾ ਬੱਚਿਆਂ ਦੀ ਮਾਂ ਵੱਲੋਂ ਰੱਬ ਨੂੰ ਕੀਤੀਆਂ ਅਰਜ਼ੋਈਆਂ ਕਰਕੇ ਹੀ ਰੱਬ ਨੇ ਇੱਥੇ ਭੇਜਿਆ ਹੋਵੇ। ਫਿਰ ਉਸ ਬੰਦੇ ਨੇ ਕੁੱਤਿਆਂ ਦੇ ਮਾਲਕ ਨੂੰ ਇੱਕ ਸਵਾਲ ਕੀਤਾ, ‘‘ਤੂੰ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਦਾ ਵਿਛੋੜਾ ਕਿਉਂ ਪਾ ਰਿਹਾ ਹੈਂ?’’ ਉਸ ਨੇ ਬਿਲਕੁਲ ਮੇਰੇ ਮਨ ਦੀ ਗੱਲ ਆਖ ਦਿੱਤੀ। ਕੁੱਤਿਆਂ ਦਾ ਵਪਾਰੀ ਬੋਲਿਆ, “ਸਰਦਾਰ ਜੀ, ਜੇ ਅਸੀਂ ਇਉਂ ਸੋਚਣ ਲੱਗ ਪਏ, ਫੇਰ ਕੰਮ ਕਿਵੇਂ ਕਰਾਂਗੇ? ਸਾਡਾ ਤਾਂ ਜਨਾਬ ਇਹ ਧੰਦਾ ਹੈ।’’ ਉਹ ਰੱਬ ਦਾ ਬੰਦਾ ਫੇਰ ਬੋਲਿਆ, ‘‘ਤੇਰਾ ਧੰਦਾ ਤੈਨੂੰ ਮੁਬਾਰਕ। ਚੱਲ ਇਹ ਦੱਸ ਕੁੱਤੀ ਸਣੇ ਦੋਵੇਂ ਬੱਚਿਆਂ ਦਾ ਕੀ ਲੈਣਾ? ਅਸੀਂ ਤਿੰਨ ਭਰਾ ਹਾਂ, ਖੇਤ ਵਿੱਚ ਤਿੰਨ ਕੋਠੀਆਂ ਨੇ ’ਕੱਠੀਆਂ। ਤਿੰਨੇ ਕੋਠੀਆਂ ਦੀ ਸਿਰਫ਼ ਬਾਹਰੋਂ ਬਾਊਂਡਰੀ ਮਾਰੀ ਹੈ, ਅੰਦਰ ਵਿਹੜੇ ਸਾਂਝੇ ਹਨ। ਇੱਕ ਇੱਕ ਰੱਖ ਲਵਾਂਗੇ, ਤਿੰਨੇ ਭਰਾ।

ਇਹ ਦਰਵੇਸ਼ ਮਾਂ ਪੁੱਤ ਸਾਰੀ ਜ਼ਿੰਦਗੀ ਇਕੱਠੇ ਤਾਂ ਰਹਿਣਗੇ। ਨਾਲੇ ਸਾਡੇ ਬੱਚਿਆਂ ਦਾ ਦਿਲ ਲੱਗਿਆ ਰਹੇਗਾ।’’ ਮੈਂ ਉਸ ਰੱਬ ਦੇ ਬੰਦੇ ਦੀ ਗੱਲ ਦੀ ਤਾਈਦ ਵੀ ਕੀਤੀ ਤੇ ਤਾਰੀਫ਼ ਵੀ। ਉਸ ਬੰਦੇ ਨੇ ਕੁੱਤਿਆਂ ਦੇ ਮਾਲਕ ਨੂੰ ਸਾਰੇ ਪੈਸੇ ਦੇ ਕੇ ਦੋਵੇਂ ਬੱਚੇ ਮਾਂ ਦੇ ਨਾਲ ਪਿੰਜਰੇ ਵਿੱਚ ਪਾ ਕੇ ਆਪਣੀ ਜੀਪ ਵਿੱਚ ਰੱਖਣ ਨੂੰ ਆਖ ਦਿੱਤਾ। ਕੁੱਤਿਆਂ ਦੇ ਮਾਲਕ ਨੇ ਪਿੰਜਰੇ ਦੇ ਪੈਸੇ ਵੱਖਰੇ ਮੰਗ ਲਏ। ਮਾਂ ਪਿੰਜਰੇ ਵਿੱਚ ਬੈਠੀ ਲਾਡ ਪਿਆਰ ਕਰ ਰਹੀ ਸੀ। ਉਸ ਰੱਬ ਦੇ ਬੰਦੇ ਨੇ ਜਾਂਦੀ ਵਾਰ ਉਸ ਕੁੱਤਿਆਂ ਦੇ ਸਾਬਕਾ ਮਾਲਕ ਤੋਂ ਪਿੰਜਰੇ ਵਿੱਚ ਬੰਦ ਬੇਜ਼ੁਬਾਨ ਜਾਨਵਰਾਂ ਦੇ ਨਾਮ ਪੁੱਛੇ। ਉਸ ਨੇ ਦੱਸਿਆ ਕਿ ਮਾਂ ਦਾ ਨਾਮ ਤਾਂ ਰਾਣੋ ਹੈ, ਬੱਚਿਆਂ ਦੇ ਨਾਮ ਤੁਸੀਂ ਰੱਖ ਲੈਣਾ। ਰਾਣੋ ਚਾਈਂ ਚਾਈਂ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਉਸ ਫਰਿਸ਼ਤੇ ਨਾਲ ਆਪਣੇ ਨਵੇਂ ਘਰ ਵੱਲ ਰਵਾਨਾ ਹੋ ਗਈ।

ਸਾਂਝਾ ਕਰੋ

ਪੜ੍ਹੋ