
*ਸੁਪਨ ਕਥਾ*
*ਪਤਾ ਨਹੀਂ*
*ਜਾਗ ਰਿਹਾ ਹਾਂ*
*ਜਾਂ*
*ਚੱਲ ਰਿਹਾ ਹੈ*
*ਸੁਪਨਾ*
*ਮੇਰੀ ਨੀਂਦ ‘ਚ*
*ਵੱਡੇ-ਵੱਡੇ ਬੁਲਡੋਜ਼ਰ*
*ਦੈਂਤ-ਆਕਾਰੀ ਜੇਸੀਬੀ*
*ਭਾਰੀ ਡੰਪਰ ਗੱਡੀਆਂ*
*ਲਤੜ ਰਹੀਆਂ ਨੇ*
*ਹਰੇ-ਭਰੇ ਜੰਗਲ ਨੂੰ*
*ਵੱਡੇ-ਵੱਡੇ ਰੁੱਖ*
*ਟੁੱਟ ਰਹੇ ਨੇ ਤਾੜ-ਤਾੜ*
*ਖੋਖਲੀਆਂ ਹੱਡੀਆਂ ਵਾਂਗ*
*ਝਾੜੀਆਂ-ਬੂਟੇ*
*ਘਾਹ-ਫੂਸ*
*ਮਿਲ ਰਹੇ ਨੇ ਮਿੱਟੀ ‘ਚ*
*ਪਿਸ-ਪਿਸ ਕੇ*
*ਚਾਰੇ ਪਾਸੇ*
*ਪਸਰ ਰਹੀ ਹੈ*
*ਪਸ਼ੂਆਂ-ਪਰਿੰਦਿਆਂ ਦੀ*
*ਹਿਰਦੇ-ਵੇਧਕ*
*ਚੀਕ-ਪੁਕਾਰ*
*ਚਿਤਾ ਦੀ ਅੱਗ ਵਾਂਗ*
*ਜੇਸੀਬੀ ਦੇ*
*ਲੋਹ-ਸ਼ਿਕੰਜੇ ਹੇਠ ਦੱਬਿਆ*
*ਤੜਫ਼ਦਾ ਮੋਰ*
*ਪੂਰਾ ਹੀ ਧਸ ਜਾਂਦਾ ਹੈ*
*ਮੋਰਪੰਖੀ ਧਰਤੀ ਦੀਆਂ*
*ਅੱਖਾਂ*
*ਜਗਮਗਾਉਣ ਲਗਦੀਆਂ ਨੇ*
*ਧਰਤੀ ਦੇ ਨੰਗੇ ਸੀਨੇ ‘ਤੇ*
*ਫਟ-ਫਟ ਕੇ*
*ਖਿੰਡ ਰਹੇ ਨੇ*
*ਹਿਰਨ ਲੂੰਬੜੀ ਦੇ ਸਿਰ*
*ਨਾਰੀਅਲ ਤਰਬੂਜ਼ ਵਾਂਗ*
*ਪਰਿੰਦਿਆਂ ਦੇ ਆਂਡੇ*
*ਉਨ੍ਹਾਂ ਦੇ ਨੰਨ੍ਹੇ ਬੋਟ*
*ਪਿਸ ਰਹੇ ਨੇ*
*ਬੁਲਡੋਜ਼ਰ ਹੇਠ*
*ਚਾਰ-ਚੁਫੇਰੇ*
*ਹਾਹਾਕਾਰ*
*ਦਸਾਂ ਹੀ ਦਿਸ਼ਾਵਾਂ ‘ਚ*
*ਚੀਕ-ਪੁਕਾਰ*
*ਭਿਆਨਕ ਮੰਜ਼ਰ*
*ਇਨਸਾਨੀ ਕਰੂਰਤਾ ਦਾ*
*ਚਰਮ ਇਜ਼ਹਾਰ*
*ਦੁਨੀਆਂ ਭਰ ਦੇ ਪਸ਼ੂ*
*ਅੱਜ ਸ਼ੁਕਰਗੁਜ਼ਾਰ ਨੇ*
*ਉੱਪਰ ਵਾਲੇ ਦੇ*
*ਜਿਸਨੇ ਨਹੀਂ ਬਣਾਇਆ*
*ਉਨ੍ਹਾਂ ਨੂੰ ਇਨਸਾਨ*
*ਧ੍ਰਿਤਰਾਸ਼ਟਰ ਨੇ*
*ਫਿਰ ਇੱਕ ਵਾਰ*
*ਅਰਜੁਨ ਨੂੰ ਦੇ ਦਿੱਤੀ*
*ਹੈਦਰਾਬਾਦ ‘ਚ*
*ਚਾਰ ਸੌ ਏਕੜ ਜ਼ਮੀਨ*
*ਜਿੱਥੇ ਇਸ ਵਾਰ*
*ਇਂੰਦਰਪ੍ਰਸਥ ਨਹੀਂ*
*’ਆਈਟੀ ਹੱਬ’ ਬਣੇਗਾ*
*’ਏਆਈ’ ਦੇ*
*ਮਹਾਨ ਭਵਨ ਦੀ*
*ਨੀਂਹ ‘ਚ ਦਿੱਤੀ*
*ਪਸ਼ੂ-ਪੰਛੀਆਂ ਦੇ*
*ਲਹੂ-ਮਾਸ ਦੀ*
*ਬੇਦਰਦ ਬਲੀ*
*ਰੰਗੀਨ ਬਣਾਏਗੀ*
*ਭਾਵੀ ਪੀੜ੍ਹੀ ਦੇ*
*ਭਵਿੱਖ ਨੂੰ*
*ਖਾਂਡਵ-ਵਣ ‘ਚ*
*ਸਿਰਫ਼ ਨਾਗ ਹੀ ਨਹੀਂ*
*ਸਨ ਹੋਏ ਸੜ ਕੇ ਸਵਾਹ*
*ਉਨ੍ਹਾਂ ਦੇ ਨਾਲ ਹੀ*
*ਹੋਇਆ ਸੀ*
*ਪੂਰਾ ਜੰਗਲ ਤਬਾਹ*
*ਉਹ ਜੰਗਲ*
*ਜੋ ਹੁੰਦਾ ਹੈ*
*ਸਦੀਆਂ ਤੋਂ*
*ਰੈਣ -ਵਸੇਰਾ*
*ਲੱਖਾਂ-ਕਰੋੜਾਂ*
*ਜੀਵਾਂ ਦਾ*
*ਜਦ-ਜਦ ਵੀ*
*ਖਾਂਡਵ ਸੜੇਗਾ*
*ਉਸ ‘ਤੇ ਉਸਰੇ*
*ਮਹਿਲਾਂ ‘ਚ*
*ਨਗਨ*
*ਕੀਤੀਆਂ ਜਾਣਗੀਆਂ*
*ਦਰੋਪਦੀਆਂ*
*ਹਾਰ ਜਾਵੇਗੀ*
*ਸਭਿਅਤਾ*
*ਮਾਰੀ ਜਾਵੇਗੀ*
*ਸੰਸਕ੍ਰਿਤੀ*
*ਉਵੇਂ ਹੀ*
*ਜਿਵੇਂ ਮਰੇਗਾ*
*ਜੰਗਲ*
*ਜੰਗਲ ਦੀ*
*ਕਬ਼ਰ ‘ਤੇ*
*ਜਦ ਵੀ ਉੱਗੇਗਾ*
*ਸਾਮਰਾਜ*
*ਕੁਰੂਕਸ਼ੇਤਰ*
*ਹੋਵੇਗਾ ਹੀ ਹੋਵੇਗਾ*
*ਨਹੀਂ ਬਚੇਗਾ*
*ਕੋਈ ਵੀ*
*ਕੋਈ ਇੱਕ ਵੀ*
*ਭਲੇ ਉਹ*
*ਭੀਸ਼ਮ ਹੋਵੇ*
*ਜਾਂ*
*ਅਸ਼ਵਥਾਮਾ*
*ਸਭ ਮਾਰੇ ਜਾਣਗੇ*
*ਉਸੇ ਤਰ੍ਹਾਂ*
*ਜਿਵੇਂ*
*ਅੱਜ ਮਰ ਰਹੇ ਨੇ*
*ਪਸ਼ੂ-ਪੰਛੀ*
*ਹੈਦਰਾਬਾਦ ‘ਚ*
*ਇਸ ਵਾਰ*
*ਅਭਿਮੰਨਿਊ ਹੀ ਨਹੀਂ*
*ਪ੍ਰੀਕਸ਼ਿਤ ਵੀ*
*ਉੱਤਰਾ ਦੇ ਗਰਭ ‘ਚ ਹੀ*
*ਮਰੇਗਾ*
*ਗਲੇ-ਸੜੇ*
*ਅੰਗਾਂ ਵਾਲੀਆਂ*
*ਉੱਗਣਗੀਆਂ*
*ਅਪੰਗ ਨਸਲਾਂ*
*ਜਿਵੇਂ*
*ਉੱਗੀ ਸੀ*
*ਹੀਰੋਸ਼ੀਮਾ ‘ਚ*
*ਨਾਗਾਸਾਕੀ ‘ਚ*
*ਨਹੀਂ ਬਚੀ ਸੀ*
*ਕੋਈ ਸੰਸਕ੍ਰਿਤੀ*
*ਨਹੀਂ ਬਚੀ ਸੀ*
*ਕੋਈ ਸਭਿਅਤਾ*
*ਮਹਾਂਭਾਰਤ ਤੋਂ*
*ਬਾਅਦ*
*ਬਚਿਆ ਤਾਂ*
*ਈਸ਼ਵਰ ਵੀ ਨਹੀਂ ਸੀ*
*ਪਰ ਇਸ ਵਾਰ*
*ਤਾਂ ਉਹ*
*ਯੁੱਧ ਤੋਂ ਪਹਿਲਾਂ ਹੀ*
*ਮਰ ਰਿਹਾ ਹੈ*
*ਪਸ਼ੂ-ਪੰਛੀਆਂ ਦੇ ਨਾਲ*
*ਬੁਲਡੋਜ਼ਰ ਦੇ ਹੇਠ ਆਕੇ*
*ਇਸ ਜੰਗਲ ਦੇ*
*ਮਰ ਜਾਣ ਤੋਂ ਬਾਅਦ*
*ਜੋ ਜੰਗਲ*
*ਇੱਥੇ ਉੱਗੇਗਾ*
*ਉਸ ਅੰਦਰ*
*ਨਹੀਂ ਹੋਵੇਗੀ*
*ਕੋਈ ਕਮੀ*
*ਜਾਨਵਰਾਂ ਦੀ*
*ਇਨਸਾਨ ਤਾਂ ਮਰ ਜਾਂਦਾ ਹੈ*
*ਜੰਗਲ ਮਰਨ ਤੋਂ ਪਹਿਲਾਂ ਹੀ*
*ਤੇ ਉਸਨੂੰ*
*ਪਤਾ ਵੀ ਨਹੀਂ ਚਲਦਾ*
*ਤੇ ਅਚਾਨਕ*
*ਵਧਣ ਲਗਦਾ ਹੈ*
*ਪੰਛੀਆਂ ਦਾ ਸ਼ੋਰ*
*ਵਧਣ ਲਗਦੀ ਹੈ*
*ਪਸ਼ੂਆਂ ਦੀ ਰੀਂਗ*
*ਸੁਪਨਿਆਂ ਦੇ*
*ਉਸ ਪਾਰ ਤੋਂ*
*ਦਬਦੀ ਆ ਰਹੀ ਹੈ*
*ਮੇਰੀ ਛਾਤੀ ਨੂੰ*
*ਨਿਕਲ ਕੇ*
*ਮੁਕਤੀਬੋਧ ਦੀ ਕਵਿਤਾ ‘ਚੋਂ*
*ਇੱਕ ਪਾਗਲ ਬੁੱਢਾ*
*ਖੁਰਚ ਕੇ*
*ਅਸ਼ੋਕ-ਸਤੰਭ ਦੇ ਹੇਠੋਂ*
*ਸਿੱਟ ਦਿੰਦਾ ਹੈ ਪਰ੍ਹੇ*
*’ਸੱਚ ਦੀ ਜੈ ਹੋ’*
*ਤੇ ਉਸਦੇ ਹੇਠਾਂ*
*ਲਿਖ ਰਿਹਾ ਹੈ*
*ਸੜੀ ਹੋਈ ਲੱਕੜ ਨਾਲ*
*ਸਭ ਦਾ ਸਾਥ*
*ਸਭ ਦਾ ਵਿਨਾਸ਼*
*ਤੇ ਅਚਾਨਕ*
*ਖੁਲ੍ਹ ਜਾਂਦੀ ਹੈ*
*ਮੇਰੀ ਨੀਂਦ*
*ਤੇ ਹਨੇਰੇ ਬੰਦ ਕਮਰੇ ‘ਚ*
*ਪਸੀਨੋ-ਪਸੀਨੀ ਹੋਇਆ*
*ਮੈਂ ਹੋ ਜਾਂਦਾ ਹਾਂ ਸ਼ਾਂਤ*
*ਇਹ ਸੋਚਕੇ*
*ਕਿ*
*ਇਹ ਤਾਂ ਇੱਕ ਸੁਪਨਾ ਸੀ*
*ਪਰ*
*ਸਿਆਣਿਆਂ ਦਾ ਅਖਾਣ ਹੈ*
*ਸੱਚ ਹੁੰਦਾ ਹੈ*
*ਭੋਰ ਦਾ ਸੁਪਨਾ*
*#ਹੂਬ ਨਾਥ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)