ਸ਼੍ਰੋਮਣੀ ਅਕਾਲੀ ਦਲ ਦੀ 105ਵੀਂ ਵਰ੍ਹੇਗੰਢ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ‘ਦਾਗ਼ੀ ਤੇ ਬਾਗ਼ੀ’ ਗਰਦਾਨੇ ਗਏ ਅਕਾਲੀ ਨੇਤਾਵਾਂ ਨੂੰ ਲੱਗੀ ਧਾਰਮਿਕ ਸਜ਼ਾ ਖ਼ਤਮ ਹੋ ਜਾਵੇਗੀ। ਪੰਥ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਅਕਾਲ ਤਖ਼ਤ ਬਖ਼ਸ਼ਿੰਦ ਹੈ। ਪੰਥ ਦੇ ਗੁਨਾਹਗਾਰਾਂ ਵੱਲੋਂ ਬੀਤੇ 17 ਸਾਲਾਂ ਦੌਰਾਨ ਜਾਣੇ-ਅਣਜਾਣੇ ਕੀਤੀਆਂ ਗਈਆਂ ਭੁੱਲਾਂ ਬਖ਼ਸ਼ ਦਿੱਤੀਆਂ ਜਾਣਗੀਆਂ। ਦੇਸ਼ ਤੇ ਕੌਮ ਖ਼ਾਤਰ ਬੇਮਿਸਾਲ ਕੁਰਬਾਨੀਆਂ ਕਰ ਕੇ ਸੁਨਹਿਰੀ ਇਤਿਹਾਸ ਸਿਰਜਣ ਵਾਲੇ ਅਕਾਲੀ ਦਲ ਦਾ ਜਨਮ 104 ਸਾਲ ਪਹਿਲਾਂ 14 ਦਸੰਬਰ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਗਈ ਅਰਦਾਸ ਨਾਲ ਹੋਇਆ ਸੀ। ਬੀਤੇ 25 ਸਾਲਾਂ ਵਿਚ ਖ਼ਾਨਾਜੰਗੀ ਨੇ ਅਕਾਲੀ ਦਲ ਦਾ ਖ਼ਾਨਾ ਖ਼ਰਾਬ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਇਸੇ ਕਰਕੇ 14 ਦਸੰਬਰ 2020 ਨੂੰ ਅਕਾਲੀ ਦਲ ਦੀ ਸ਼ਤਾਬਦੀ ਦੇ ਵੱਖ-ਵੱਖ ਧੜੇ ਆਪੋ-ਆਪਣੀ ਡਫਲੀ ਵਜਾਉਂਦੇ ਰਹੇ ਤੇ ਸ਼ਤਾਬਦੀ ਵਰ੍ਹਾ ਐਵੇਂ ਹੀ ਗੁਜ਼ਰ ਗਿਆ। ਸਿਰਾਂ ’ਤੇ ਕੱਫ਼ਨ ਬੰਨ੍ਹ ਕੇ ਆਪਣੇ ਘਰੋਂ ਨਿਕਲੇ ਸਿਰਲੱਥ ਯੋਧਿਆਂ ਨੂੰ ਚੰਗੀ ਤਰ੍ਹਾਂ ਯਾਦ ਕਰਨ ਦੀ ਵੀ ਵਿਹਲ ਨਾ ਮਿਲੀ। ਇਨ੍ਹਾਂ ਜਾਂਬਾਜ਼ਾਂ ਦੀ ਬਦੌਲਤ ਹੀ ਤਾਂ ਗੁਰਧਾਮ ਆਜ਼ਾਦ ਹੋਏ ਸਨ। ਬ੍ਰਿਟਿਸ਼ ਸਰਕਾਰ ਦੇ ਸਿੰਘਾਸਨ ਨੂੰ ਹਿਲਾਉਣ ਵਾਲੀ ਗੁਰਦੁਆਰਾ ਸੁਧਾਰ ਲਹਿਰ ’ਚੋਂ ਹੀ ਤਾਂ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ ਸੀ।
ਅਕਾਲੀ ਯੋਧਿਆਂ ਦੇ ਆਪਣੇ ਘਰ ਕੱਚੇ ਸਨ ਪਰ ਉਨ੍ਹਾਂ ਨੇ ਗੁਰੂਆਂ ਤੇ ਸ਼ਹੀਦਾਂ ਦੀਆਂ ਸੰਦਲੀ ਪੈੜਾਂ ਦੀ ਨਿਸ਼ਾਨਦੇਹੀ ਕਰ ਕੇ ਉੱਥੇ ਪੱਕੇ ਗੁਰਧਾਮ ਉਸਾਰ ਲਏ ਸਨ। ਮੀਰੀ-ਪੀਰੀ ਦੇ ਮਹਾਨ ਅਸਥਾਨ ਤੋਂ ਜਦੋਂ ਬ੍ਰਿਟਿਸ਼ ਸਰਕਾਰ ਵੱਲੋਂ ਥਾਪੇ ਇਸ ਦੇ ਸਰਬਰਾਹ ਅਰੂੜ ਸਿੰਘ ਨੇ ਜੱਲ੍ਹਿਆਂਵਾਲਾ ਬਾਗ਼ ਦੇ ਬੁੱਚੜ ਜਨਰਲ ਓਡਵਾਇਰ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਤਾਂ ਸਿੱਖ ਕੌਮ ਦਾ ਖ਼ੂਨ ਉਬਾਲੇ ਖਾਣ ਲੱਗ ਗਿਆ ਸੀ। ਤੱਤੇ ਖ਼ੂਨ ਵਾਲੇ ਪੰਥਿਕ ਦਰਦੀਆਂ ਨੇ ਅਗਲੇ ਸਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਤ ਕੀਤੇ ਅਕਾਲ ਤਖ਼ਤ ਤੋਂ ਮੋਰਚਾ ਲਾਉਣ ਦਾ ਬਿਗਲ ਵਜਾ ਦਿੱਤਾ। ਅਕਾਲੀ ਯੋਧਿਆਂ ਦੇ ਸਿਰਾਂ ’ਤੇ ਸਜੀਆਂ ਕਾਲੀਆਂ, ਨੀਲੀਆਂ ਤੇ ਬਸੰਤੀ ਦਸਤਾਰਾਂ ਤੋਂ ਬ੍ਰਿਟਿਸ਼ ਸਰਕਾਰ ਭੈਅ ਖਾਣ ਲੱਗੀ। ਸਮੇਂ ਦੇ ਗੇੜ ਨਾਲ ਰਵਾਇਤੀ ਰੰਗ ਲੋਪ ਹੋਣੇ ਸ਼ੁਰੂ ਹੋ ਗਏ ਤੇ ਅਜੋਕੇ ਅਕਾਲੀਆਂ ਦੇ ਸਿਰਾਂ ’ਤੇ ਰੰਗ-ਬਿਰੰਗੀਆਂ ਦਸਤਾਰਾਂ ਨਜ਼ਰ ਆਉਣ ਲੱਗੀਆਂ। ਆਪਣੀਆਂ ਪੈਂਟਾਂ-ਕਮੀਜ਼ਾਂ ਦੇ ਰੰਗ ਨਾਲ ਮੇਲ ਖਾਂਦੀਆਂ ਦਸਤਾਰਾਂ ਵਾਲਿਆਂ ’ਚੋਂ ਕੁਰਬਾਨੀ ਵਾਲਾ ਜਜ਼ਬਾ ਮਨਫ਼ੀ ਹੁੰਦਾ ਗਿਆ। ਵੋਟਾਂ ਦੇ ਗਣਿਤ ਨੇ ਫਿਰ ਅਕਾਲੀ ਦਲ ਨੂੰ ‘ਪੰਜਾਬੀ ਪਾਰਟੀ’ ਬਣਨ ਦੇ ਰਾਹ ਤੋਰ ਦਿੱਤਾ। ਸੋਸ਼ਲ ਇੰਜੀਨੀਅਰਿੰਗ ਦੇ ਮਾਹਿਰਾਂ ਦੀ ਬਦੌਲਤ ਪੰਥਿਕ ਜ਼ਮੀਨ ਨੂੰ ਵੱਡਾ ਖੋਰਾ ਲੱਗਿਆ। ਸੱਤਾ ਵਿਚ ਬਣੇ ਰਹਿਣ ਦੀ ਲਾਲਸਾ ਕਾਰਨ ਅਕਾਲੀ ਨੇਤਾਵਾਂ ਕੋਲੋਂ ਅਜਿਹੀਆਂ ਭੁੱਲਾਂ ਹੋਈਆਂ ਜਿਸ ਨੇ ਪਾਰਟੀ ਦੇ ਅਕਸ ਨੂੰ ਵੱਡੀ ਢਾਹ ਲਾਈ। ਫਲਸਰੂਪ 2012 ਵਿਚ ਬਣੀ ਅਸਲੋਂ ਨਵੀਂ ਸਿਆਸੀ ਪਾਰਟੀ ‘ਆਪ’ 2017 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਬਣੀ ਤੇ ਪੰਜ ਸਾਲਾਂ ਬਾਅਦ 92 ਸੀਟਾਂ ਜਿੱਤ ਕੇ ਇਸ ਨੇ ਇਤਿਹਾਸ ਸਿਰਜ ਦਿੱਤਾ। ਤਿੰਨ ਸੀਟਾਂ ਜਿੱਤਣ ਵਾਲੇ ਅਕਾਲੀ ਦਲ ਨੂੰ ‘ਸਕੂਟਰ ਵਾਲੀ ਪਾਰਟੀ’ ਕਿਹਾ ਜਾਣ ਲੱਗਾ।
ਪਾਵਨ ਗ੍ਰੰਥ ਅਤੇ ਪੰਥ ਦੀ ਪਰਿਕਰਮਾ ਕਰਨ ਵਾਲੀ ਪਾਰਟੀ ਦਾ ਅਜਿਹਾ ਹਸ਼ਰ ਕਿਸੇ ਨੇ ਤਸੱਵਰ ਨਹੀਂ ਸੀ ਕੀਤਾ। ਇਤਿਹਾਸਕ ਪਾਰਟੀ ਦੀ ਤਰਸਯੋਗ ਹਾਲਤ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਵੱਧ ਕਸੂਰਵਾਰ ਠਹਿਰਾਇਆ ਜਾਂਦਾ ਹੈ। ਉਨ੍ਹਾਂ ’ਤੇ ਟਕਸਾਲੀ ਅਕਾਲੀਆਂ ਦੀਆਂ ਪੰਥ ਲਈ ਕੀਤੀਆਂ ਕੁਰਬਾਨੀਆਂ ਨੂੰ ਦਰਕਿਨਾਰ ਕਰ ਕੇ ਪਰਿਵਾਰਵਾਦ ਨੂੰ ਅੱਗੇ ਲਿਆਉਣ ਦੇ ਦੋਸ਼ ਲੱਗਦੇ ਹਨ। ਪਹਿਲਾਂ ਭਰਾ ਗੁਰਦਾਸ ਸਿੰਘ ਬਾਦਲ ਨੂੰ ਐੱਮਪੀ ਤੇ ਫਿਰ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ 1995 ਵਿਚ ਗਿੱਦੜਬਾਹਾ ਜ਼ਿਮਨੀ ਚੋਣ ਲੜਾ ਕੇ ਉਨ੍ਹਾਂ ਨੇ ‘ਭਰਾ-ਭਤੀਜਾਵਾਦ’ ਦੀ ਸ਼ੁਰੂਆਤ ਕੀਤੀ ਸੀ। ਟਕਸਾਲੀਆਂ ਦੀ ਆਲੋਚਨਾ ਤੋਂ ਬਚਣ ਲਈ ਉਨ੍ਹਾਂ ਨੇ ਸੀਨੀਅਰ ਸਾਥੀਆਂ ਦੇ ਜੁਆਕਾਂ ਤੇ ਭਾਈਆਂ-ਜਵਾਈਆਂ ਨੂੰ ਵੀ ਅਹੁਦੇ ਬਖ਼ਸ਼ੇ। ਅਜਿਹਾ ਕਰ ਕੇ ਉਹ ਆਪਣੇ ਫ਼ਰਜ਼ੰਦ ਵਾਸਤੇ ਰਾਹ ਪੱਧਰਾ ਕਰ ਰਹੇ ਸਨ। ਇਕ ਸਮਾਂ ਆਇਆ ਜਦੋਂ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦਾ ਸਰਬਰਾਹ ਬਣਾ ਦਿੱਤਾ ਜਿਨ੍ਹਾਂ ਨੇ ਉਸ ਨੂੰ ਕੁੱਛੜ ਖਿਡਾਇਆ ਸੀ। ਪਿਤਾ ਨੇ ਪੁੱਤਰ ਨੂੰ ਪੰਥ ਦਾ ਬੇਤਾਜ ਬਾਦਸ਼ਾਹ ਬਣਾਉਣ ਵਿਚ ਕੋਈ ਕਸਰ ਨਾ ਛੱਡੀ। ਪੰਥ ਦੀ ਕਮਾਨ ਜਦੋਂ ਪੁੱਤਰ ਦੇ ਹੱਥ ਆਈ ਤਾਂ ਉਸ ਨੇ ਪੰਜ ਵਾਰ ਰਹੇ ਮੁੱਖ ਮੰਤਰੀ ਆਪਣੇ ਪਿਤਾ ਨੂੰ ਉਮਰ ਦੀ ਸੰਧਿਆ ਵੇਲੇ ਚੋਣ ਲੜਵਾ ਦਿੱਤੀ। ਆਖ਼ਰੀ ਚੋਣ ਵਿਚ ਹੋਈ ਨਮੋਸ਼ੀਜਨਕ ਹਾਰ ਦਾ ਗ਼ਮ ਉਨ੍ਹਾਂ ਨੂੰ ਆਖ਼ਰੀ ਦਮ ਤੱਕ ਸਤਾਉਂਦਾ ਰਿਹਾ। ਮਰਨ ਉਪਰੰਤ ਫ਼ਖ਼ਰ-ਏ-ਕੌਮ ਦੀ ਉਪਾਧੀ ਮਨਸੂਖ਼ ਹੋਣਾ ਉਨ੍ਹਾਂ ਦੀ ਰੂਹ ਨੂੰ ਬੇਚੈਨ ਕਰਨ ਵਾਲਾ ਫ਼ੈਸਲਾ ਹੈ।
ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਵ੍ਹੀਲ ਚੇਅਰਾਂ ’ਤੇ ਸੇਵਾਦਾਰਾਂ ਦੇ ਬਾਣੇ ਪਾਈ ਬਾਣੀ ਪੜ੍ਹਦੇ ਤੇ ਹੱਥਾਂ ਵਿਚ ਬਰਛੇ ਲੈ ਕੇ ਪਹਿਰੇਦਾਰੀ ਕਰਦੇ ਸੁਖਬੀਰ ਸਿੰਘ ਬਾਦਲ ਅਤੇ ਉਮਰ ਦਰਾਜ਼ ਟਕਸਾਲੀ ਅਕਾਲੀ ਸੁਖਦੇਵ ਸਿੰਘ ਢੀਂਡਸਾ ਮਨ ਹੀ ਮਨ ਵਿਚ ਜ਼ਰੂਰ ਮੰਥਨ ਕਰ ਰਹੇ ਹੋਣਗੇ ਕਿ ਆਖ਼ਰ ਅਜਿਹੇ ਹਾਲਾਤ ਕਿਉਂ ਬਣੇ ਹਨ। ਉਨ੍ਹਾਂ ਦੀ ਸਰੀਰਕ ਭਾਸ਼ਾ ਦੱਸਦੀ ਸੀ ਕਿ ਉਹ ਧੁਰ ਅੰਦਰ ਤੱਕ ਪਰੇਸ਼ਾਨ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ 2007 ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਿਨਾਂ ਮੰਗ ਮਾਫ਼ੀ ਦੇਣ ਦੇ ਫ਼ੈਸਲੇ ਨਾਲ ਸੁਨਹਿਰੀ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਹਿਮਾਕਤ ਸੀ। ਅਕਾਲੀ ਸਰਕਾਰ ਵੇਲੇ ਹੋਏ ਬੇਅਦਬੀ ਕਾਂਡ ਨੇ ਸਿੱਖ ਸੰਗਤ ਦੇ ਹਿਰਦੇ ਛਲਣੀ ਕੀਤੇ ਸਨ। ਬਹਿਬਲ ਕਲਾਂ/ਕੋਟਕਪੂਰਾ ਕਾਂਡਾਂ ਨੇ ਸੱਤਾਧਾਰੀ ਅਕਾਲੀ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਸੀ। ਸੱਤਾ ਦਾ ਸੁੱਖ ਮਾਣਨ ਵਾਲਿਆਂ ਦੀ ਸੰਵੇਦਨਸ਼ੀਲ ਮੁੱਦਿਆਂ ਪ੍ਰਤੀ ਅਣਦੇਖੀ ਨੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਯੋਗਤਾ ’ਤੇ ਵੱਡੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ।
ਸਿੰਘ ਸਾਹਿਬਾਨ ਦੀ ਚੁੱਪ ਨੇ ਮੁਤਵਾਜ਼ੀ ਜਥੇਦਾਰ ਥਾਪਣ ਦੀ ਨਵੀਂ ਪਿਰਤ ਪਾ ਦਿੱਤੀ। ਪੰਥਿਕ ਸੰਸਥਾਵਾਂ ਵਿਚ ਪਿਆ ਪਾੜ ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਜਥੇਦਾਰਾਂ ’ਤੇ ਭਾਰੀ ਪੈਣ ਲੱਗਾ। ਜਥੇਦਾਰਾਂ ਵਿਰੁੱਧ ਨਾਅਰੇਬਾਜ਼ੀ ਜਾਂ ਉਨ੍ਹਾਂ ਦੇ ਪੁਤਲੇ ਸਾੜਨਾ ਨਵਾਂ ਇਤਿਹਾਸ ਸਿਰਜ ਰਹੀਆਂ ਸਨ। ਸਿੱਖ ਰਵਾਇਤਾਂ ਅਤੇ ਮਰਿਆਦਾ ਦਾ ਘਾਣ ਕਰਨ ਵਾਲੇ ਬੁਰੀ ਤਰ੍ਹਾਂ ਘਿਰ ਗਏ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਨਮੁੱਖ ਹੋ ਕੇ ਆਪਣੇ ਗੁਨਾਹ ਕਬੂਲਣੇ ਪਏ। ਸਿੰਘ ਸਾਹਿਬਾਨ ਇਕ-ਇਕ ਕਰ ਕੇ ਗੁਨਾਹਾਂ ਦਾ ਹਿਸਾਬ ਪੁੱਛ ਰਹੇ ਸਨ ਤੇ ‘ਦਾਗ਼ੀ ਤੇ ਬਾਗ਼ੀ’ ਉਨ੍ਹਾਂ ਨੂੰ ਹੱਥ ਜੋੜ ਕੇ ਕਬੂਲ ਕਰ ਰਹੇ ਸਨ। ਸਿੱਖ ਸੰਗਤ ਨੂੰ ਅਕਾਲ ਤਖ਼ਤ ਦੇ ਜਥੇਦਾਰ ਬਾਬਾ ਫੂਲਾ ਸਿੰਘ ਦਾ ਸਮਾਂ ਯਾਦ ਆ ਰਿਹਾ ਸੀ ਜਦੋਂ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਮਣੇ ਇਮਲੀ ਦੇ ਰੁੱਖ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਸੀ। ਦੋ ਦਸੰਬਰ ਨੂੰ ਸੁਣਾਈ ਗਈ ਤਨਖ਼ਾਹ ‘ਪੰਥ ਦੇ ਗੁਨਾਹਗਾਰਾਂ’ ਦੀ ਰੂਹ ਨੂੰ ਝੰਜੋੜਨ ਵਾਲੀ ਹੈ।
ਇਸ ਵਿਚ ਉਨ੍ਹਾਂ ਨੂੰ ਪਖਾਨਿਆਂ ਤੇ ਗੁਸਲਖਾਨਿਆਂ ਨੂੰ ਸਾਫ਼ ਕਰਨ ਲਈ ਹਦਾਇਤ ਹੋਈ ਹੈ। ਅਜਿਹੀ ਅਨੋਖੀ ਸਜ਼ਾ ਪਹਿਲਾਂ ਕਦੇ ਨਹੀਂ ਦਿੱਤੀ ਗਈ। ਕਈਆਂ ਦਾ ਵਿਚਾਰ ਹੈ ਕਿ ਜੇ ਸੀਨੀਅਰ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਅਤੇ ਹਰਵਿੰਦਰ ਸਿੰਘ ਸਰਨਾ ਵਰਗੇ ਸਿੰਘ ਸਾਹਿਬਾਨ ਖ਼ਿਲਾਫ਼ ਮੋਰਚਾ ਨਾ ਖੋਲ੍ਹਦੇ ਤਾਂ ਸ਼ਾਇਦ ਅਜਿਹੀ ਸਖ਼ਤ ਸਜ਼ਾ ਨਾ ਸੁਣਾਈ ਜਾਂਦੀ। ਅਫ਼ਸੋਸ! ਅੱਠ ਦਸੰਬਰ ਨੂੰ ਆਪਣੇ ਪਿਤਾ ਦੇ 97ਵੇਂ ਜਨਮ ਦਿਨ ਵੇਲੇ ਵੀ ਸੁਖਬੀਰ ਸਿੰਘ ਬਾਦਲ ਜਸ਼ਨ ਮਨਾਉਣ ਦੀ ਥਾਂ ਧਾਰਮਿਕ ਦੰਡ ਭੁਗਤ ਰਹੇ ਹੋਣਗੇ। ਸਜ਼ਾ ਪੂਰੀ ਹੋਣ ਤੋਂ ਪਹਿਲਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਬਤੌਰ ਪ੍ਰਧਾਨ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਚੁੱਕੀ ਹੋਵੇਗੀ। ਨਿਸਚੇ ਹੀ 14 ਦਸੰਬਰ ਨੂੰ ਅਕਾਲੀ ਦਲ ਦੀ ਵਰ੍ਹੇਗੰਢ ਦੇ ਅਵਸਰ ’ਤੇ ਇਸ ਦੀ ਪੁਨਰ-ਸੁਰਜੀਤੀ ਦਾ ਆਗਾਜ਼ ਹੋ ਜਾਵੇਗਾ। ਨਵੇਂ ਸਾਲ ਦਾ ਨਵਾਂ ਸੂਰਜ ਪੰਥ ਲਈ ਨਵੀਆਂ ਉਮੀਦਾਂ ਲੈ ਕੇ ਆਵੇਗਾ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਕਾਲ ਤਖ਼ਤ ਵੱਲੋਂ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਦੀ ਹਦਾਇਤ ਨਾਲ ਨਵੀਂ ਲੀਡਰਸ਼ਿਪ ਉਭਾਰਨ ਦੇ ਸੰਕੇਤ ਹਨ। ਖੇਰੂੰ-ਖੇਰੂੰ ਪੰਥਿਕ ਸ਼ਕਤੀ ਇਕੱਠੀ ਹੋ ਗਈ ਤਾਂ ਜ਼ਿਮਨੀ ਚੋਣਾਂ ਤੋਂ ਭੱਜਿਆ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਨਵੇਂ ਜੋਸ਼ ਨਾਲ ਲੜਨ ਦੇ ਕਾਬਲ ਹੋ ਸਕਦਾ ਹੈ।