ਰਾਣੋ ਦਾ ਬਾਪੂ ਜਨਕਾ ਪਿੰਡ ਵਿੱਚ ਲੰਬੜਦਾਰਾਂ ਦਾ ਸੀਰੀ ਲੱਗਿਆ ਹੋਇਆ ਸੀ ਤੇ ਮਾਂ ਵਿੱਦਿਆ ਦੇਵੀ ਉਨ੍ਹਾਂ ਹੀ ਲੰਬੜਦਾਰਾਂ ਦੇ ਘਰ ਗੋਹਾ-ਕੂੜਾ ਕਰਿਆ ਕਰਦੀ ਸੀ। ਰੱਬ ਵੱਲੋਂ ਵਿੱਦਿਆ ਦੇਵੀ ਦੇ ਘਰ ਕੋਈ ਹੋਰ ਸੰਤਾਨ ਨਹੀਂ ਹੋਈ, ਬਸ ਰਾਣੋ ਹੀ ਉਨ੍ਹਾਂ ਦੇ ਘਰ ਦੀ ਰੌਣਕ ਸੀ। ਰਾਣੋ ਆਪਣੀ ਮਾਂ ਦੇ ਨਾਲ-ਨਾਲ ਹੀ ਰਹਿੰਦੀ ਚਾਹੇ ਉਸ ਦੀ ਮਾਂ ਗੋਹਾ-ਕੂੜਾ ਕਿਉਂ ਨਾ ਕਰਦੀ ਹੋਵੇ। ਵਿੱਦਿਆ ਦੇਵੀ ਨੂੰ ਵੀ ਰਾਣੋ ਦਾ ਇੰਝ ਨਾਲ-ਨਾਲ ਹੀ ਰਹਿਣਾ ਚੰਗਾ ਲੱਗਦਾ। ਰਾਣੋ ਲੰਬੜਦਾਰਾਂ ਦੇ ਬੱਚਿਆਂ ਨੂੰ ਸਕੂਲ ਜਾਂਦੇ ਵੇਖ ਕੇ ਪੜ੍ਹਨ ਦੀ ਇੱਛਾ ਜ਼ਾਹਰ ਕਰਦੀ ਤਾਂ ਮਾਂ ਕਹਿੰਦੀ, ‘‘ਧੀਏ, ਅਸੀਂ ਗ਼ਰੀਬ ਲੋਕ ਹਾਂ। ਪੜ੍ਹਨਾ ਸਾਡੇ ਹਿੱਸੇ ਨਹੀਂ ਆਇਆ। ਇਹ ਵੱਡੇ ਲੋਕ ਹੁੰਦੇ ਨੇ ਜਿਹੜੇ ਸਕੂਲ ਵਿੱਚ ਪੜ੍ਹਨ ਜਾਂਦੇ ਨੇ।’’ ਇਹ ਕਹਿ ਕੇ ਉਸ ਨੂੰ ਚੁੱਪ ਕਰਵਾ ਦਿੰਦੀ। ਰਾਣੋ ਦੀ ਮਾਂ ਦਾ ਨਾਂ ਬੇਸ਼ੱਕ ਵਿੱਦਿਆ ਦੇਵੀ ਸੀ, ਪਰ ਵਿੱਦਿਆ ਦੇ ਅਰਥ ਅਤੇ ਅਹਿਮੀਅਤ ਦਾ ਉਸ ਨੂੰ ਕੋਈ ਪਤਾ ਨਹੀਂ ਸੀ।ਰਾਣੋ ਪੜ੍ਹਨਾ ਚਾਹੁੰਦੀ ਸੀ, ਪਰ ਉਸ ਦੀ ਆਸ ਉਸ ਨੂੰ ਆਪਣੀ ਮਾਂ ਵਿਦਿਆ ਦੇਵੀ ਤੋਂ ਬਿਲਕੁਲ ਵੀ ਨਹੀਂ ਸੀ ਜਾਪਦੀ। ਲੰਬੜਦਾਰਾਂ ਦਾ ਵੱਡਾ ਮੁੰਡਾ ਹੁਸ਼ਿਆਰ ਸਿੰਘ ਸ਼ਹਿਰ ਰਹਿੰਦਾ ਸੀ। ਸਬੱਬੀਂ ਉਹ ਘਰ ਆਇਆ ਹੋਇਆ ਸੀ। ਉਸ ਨੂੰ ਰਾਣੋ ਦੀ ਪੜ੍ਹਨ ਦੀ ਖ਼ਾਹਿਸ਼ ਦਾ ਪਤਾ ਲੱਗਿਆ ਤਾਂ ਉਸ ਨੇ ਘਰ ਕੰਮ ਕਰਨ ਆਈ ਵਿੱਦਿਆ ਦੇਵੀ ਨੂੰ ਕਿਹਾ ਕਿ ਉਹ ਰਾਣੋ ਨੂੰ ਪੜ੍ਹਨ ਲਈ ਸਕੂਲ ਭੇਜਿਆ ਕਰੇ। ਉਹ ਰਾਣੋ ਦੇ ਲੀੜੇ-ਕੱਪੜੇ, ਕਿਤਾਬਾਂ, ਫੀਸ ਅਤੇ ਹੋਰ ਖਰਚਾ ਸਮੇਂ-ਸਮੇਂ ’ਤੇ ਦੇ ਦਿਆ ਕਰੇਗਾ।
ਹੁਸ਼ਿਆਰ ਸਿੰਘ ਨੇ ਕੀਤੇ ਵਾਅਦੇ ਨੂੰ ਅਖੀਰ ਤੱਕ ਬਾਖ਼ੂਬੀ ਨਿਭਾਇਆ।ਰਾਣੋ ਪੜ੍ਹਦੀ-ਪੜ੍ਹਦੀ ਪੰਜਵੀਂ, ਦਸਵੀਂ ਅਤੇ ਫਿਰ ਚੰਗੇ ਨੰਬਰਾਂ ਵਿੱਚ ਬੀ.ਏ. ਕਰ ਗਈ। ਇਸ ਸਮੇਂ ਦੌਰਾਨ ਉਸ ਕੋਲੋਂ ਉਸ ਦੇ ਮਾਂ-ਬਾਪ ਦੋਵੇਂ ਹੀ ਵਾਰੋ-ਵਾਰੀ ਖੁੱਸ ਗਏ ਭਾਵ ਰੱਬ ਨੂੰ ਪਿਆਰੇ ਹੋ ਗਏ। ਇਸ ਕਾਰਨ ਉਹ ਇੱਕ ਵਾਰ ਤਾਂ ਧੁਰ ਅੰਦਰ ਤੱਕ ਟੁੱਟ ਗਈ, ਪਰ ਟੀਚੇ ਮਿੱਥ ਲੈਣ ਵਾਲਿਆਂ ਦੇ ਰਾਹ ਕੋਈ ਔਕੜ-ਮੁਸ਼ਕਿਲ ਕਦੇ ਵੀ ਨਹੀਂ ਰੋਕ ਸਕਦੀ। ਰਾਣੋ ਨੇ ਹੁਸ਼ਿਆਰ ਸਿੰਘ ਦੀ ਪ੍ਰੇਰਨਾ ਅਤੇ ਸਹਿਯੋਗ ਨਾਲ ਬੀ.ਐੱਡ. ਤੇ ਇਸ ਤੋਂ ਬਾਅਦ ਐੱਮ.ਏ. ਪੰਜਾਬੀ ਕਰ ਲਈ। ਹੁਣ ਉਹ ਸਰਕਾਰੀ ਨੌਕਰੀ ਦੀ ਭਾਲ ਵਿੱਚ ਸੀ। ਜਦ ਤੱਕ ਸਰਕਾਰੀ ਨੌਕਰੀ ਨਾ ਮਿਲੀ, ਉਸ ਨੇ ਪ੍ਰਾਈਵੇਟ ਕਾਲਜ ਵਿੱਚ ਮਿਲੀ ਬਤੌਰ ਪੰਜਾਬੀ ਲੈਕਚਰਾਰ ਨੌਕਰੀ ਸਵੀਕਾਰ ਕਰ ਲਈ। ਬੇਸ਼ੱਕ ਉਸ ਨੂੰ ਪਿੰਡ ਤੋਂ ਨੌਕਰੀ ਲਈ ਸ਼ਹਿਰ ਜਾਣ ’ਚ ਮੁਸ਼ਕਿਲ ਆ ਰਹੀ ਸੀ, ਪਰ ਉਹ ਮੁਸ਼ਕਿਲਾਂ ਨਾਲ ਟਕਰਾਉਣ ਦਾ ਵੱਲ ਬਾਖ਼ੂਬੀ ਜਾਣਦੀ ਸੀ।
ਵਕਤ ਆਪਣੀ ਚਾਲ ਚੱਲਦਾ ਗਿਆ। ਭਾਵੇਂ ਰਾਣੋ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਸੀ, ਪਰ ਉਸ ਦੀ ਲਿਆਕਤ ਦੀ ਚਰਚਾ ਲਾਗੇ-ਲਾਗੇ ਦੇ ਸਾਰੇ ਪਿੰਡਾਂ ਵਿੱਚ ਹੋ ਰਹੀ ਸੀ ਕਿ ਉਹ ਕਿੰਝ ਗ਼ਰੀਬੀ ਹੰਢਾਉਂਦੀ ਹੋਈ ਅੱਵਲ ਦਰਜੇ ਦੀ ਪੜ੍ਹਾਈ ਕਰ ਗਈ। ਇਸ ਕਰਕੇ ਰਾਣੋ ਦਾ ਬਹੁਤ ਸਤਿਕਾਰ ਹੋ ਰਿਹਾ ਸੀ। ਉਸ ਨੂੰ ਵਧੀਆ-ਵਧੀਆ ਘਰਾਂ ਦੇ ਰਿਸ਼ਤੇ ਵੀ ਆ ਰਹੇ ਸਨ, ਪਰ ਉਸ ਨੇ ਇਸ ਫ਼ੈਸਲੇ ਦਾ ਅਖਤਿਆਰ ਹੁਸ਼ਿਆਰ ਸਿੰਘ ਨੂੰ ਦੇ ਦਿੱਤਾ ਸੀ ਕਿਉਂਕਿ ਉਹ ਆਪਣੇ ਇਸ ਜੀਵਨ ਨੂੰ ਉਸ ਦੇ ਗਿਰਵੀ ਮੰਨਦੀ ਸੀ।ਸਹੀ ਸਮਾਂ ਤੇ ਸਹੀ ਰਿਸ਼ਤਾ ਵੇਖ ਹੁਸ਼ਿਆਰ ਸਿੰਘ ਨੇ ਰਾਣੋ ਦਾ ਰਿਸ਼ਤਾ ਉਸ ਪ੍ਰਾਈਵੇਟ ਕਾਲਜ ਦੇ ਮਾਲਕ ਦੇ ਹੋਣਹਾਰ ਪੁੱਤਰ ਹਰੀਸ਼ ਨਾਲ ਉਸ ਦੇ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਪੱਕਾ ਕਰ ਦਿੱਤਾ ਜਿਸ ਕਾਲਜ ਵਿੱਚ ਰਾਣੋ ਲੈਕਚਰਾਰ ਸੀ। ਕੁਝ ਸਮੇਂ ਬਾਅਦ ਹੀ ਹਰੀਸ਼ ਤੇ ਰਾਣੋ ਦਾ ਵਿਆਹ ਬੜੇ ਸਾਦੇ ਢੰਗ ਨਾਲ ਹੋ ਗਿਆ। ਹੁਣ ਰਾਣੋ ਉਸ ਕਾਲਜ ਦੀ ਮਾਲਕ ਬਣ ਗਈ ਸੀ ਜਿੱਥੇ ਉਹ ਕਦੇ ਨੌਕਰੀ ਕਰਿਆ ਕਰਦੀ ਸੀ। ਉਹ ਪਹਿਲਾਂ ਤੋਂ ਵੀ ਵੱਧ ਮਿਹਨਤ ਨਾਲ ਕਾਲਜ ਦੀ ਬਿਹਤਰੀ ਲਈ ਕੰਮ ਕਰਨ ਲੱਗੀ। ਨਤੀਜੇ ਵਜੋਂ ਉਸ ਕਾਲਜ ਵਿੱਚ ਸਿਖਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ।
ਹੁਣ ਰਾਣੋ ਨੂੰ ਆਉਣ-ਜਾਣ ਲਈ ਗੱਡੀ ਅਤੇ ਇੱਕ ਡਰਾਈਵਰ ਮਿਲ ਗਿਆ ਸੀ। ਉਸ ਨੇ ਆਪਣੇ ਸੰਕਲਪ ਮੁਤਾਬਿਕ ਆਪਣੇ ਜੱਦੀ ਘਰ ਜਿੱਥੇ ਆਪਣੇ ਮਾਪਿਆਂ ਨਾਲ ਬਚਪਨ ਦੇ ਅਤਿ ਗ਼ਰੀਬੀ ਭਰੇ ਦਿਨ ਗੁਜ਼ਾਰੇ ਸਨ, ਵਿੱਚ ਉਸ ਨੇ ਮੁਫ਼ਤ ਟਿਊਸ਼ਨ ਸੈਂਟਰ ਖੋਲ੍ਹ ਦਿੱਤਾ ਸੀ। ਇਸ ਦਾ ਨਾਮ ‘ਵਿੱਦਿਆ ਮੁਫ਼ਤ ਟਿਊਸ਼ਨ ਸੈਂਟਰ’ ਆਪਣੀ ਮਾਂ ਦੇ ਨਾਮ ’ਤੇ ਰੱਖਿਆ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ। ਉਹ ਚਾਹੁੰਦੀ ਸੀ ਕਿ ਪੜ੍ਹਾਈ ਨੂੰ ਗ਼ਰੀਬਾਂ ਦੀ ਪਹੁੰਚ ਤੋਂ ਬਹੁਤ ਦੂਰ ਸਮਝਣ ਵਾਲੀ ਉਸ ਦੀ ਮਾਂ ਦੇ ਨਾਮ ’ਤੇ ਬਣੇ ਇਸ ਟਿਊਸ਼ਨ ਸੈਂਟਰ ਤੋਂ ਉਹ ਬੱਚੇ ਪੜ੍ਹਾਈ ਕਰ ਸਕਣ ਜੋ ਗ਼ਰੀਬੀ ਕਾਰਨ ਪੜ੍ਹਾਈ ਬਾਰੇ ਸੋਚ ਵੀ ਨਹੀਂ ਸਕਦੇ। ਇਸ ਟਿਊਸ਼ਨ ਸੈਂਟਰ ਵਿੱਚ ਉਹ ਕਾਲਜ ’ਚੋਂ ਛੁੱਟੀ ਹੋਣ ਤੋਂ ਬਾਅਦ ਜਾਂਦੀ ਸੀ। ਇਸ ਟਿਊਸ਼ਨ ਸੈਂਟਰ ਵਿੱਚ ਹਰ ਬੱਚਾ ਮੁਫ਼ਤ ਪੜ੍ਹਾਈ ਕਰ ਸਕਦਾ ਸੀ।ਉਸ ਨੇ ਇੱਕ ਹੋਰ ਵਿਲੱਖਣ ਕੰਮ ਕੀਤਾ ਸੀ ਜਿਸ ਵਿੱਚ ਵੱਡੀਆਂ ਕਲਾਸਾਂ ਨੂੰ ਉਹ ਖ਼ੁਦ ਪੜ੍ਹਾਉਂਦੀ ਸੀ ਅਤੇ ਛੋਟੀਆਂ ਕਲਾਸਾਂ ਨੂੰ ਵੱਡੀਆਂ ਕਲਾਸਾਂ ਦੇ ਬੱਚੇ ਪੜ੍ਹਾਉਂਦੇ ਸਨ, ਇਉਂ ਇਸ ਟਿਊਸ਼ਨ ਸੈਂਟਰ ਦਾ ਲੋਕ ਭਰਪੂਰ ਲਾਭ ਉਠਾ ਰਹੇ ਸਨ।
ਓਧਰ ਹੁਸ਼ਿਆਰ ਸਿੰਘ ਦੇ ਆਪਣੇ ਕੋਈ ਬੱਚਾ ਨਹੀਂ ਸੀ। ਉਹ ਆਪਣੇ ਹੱਥੀਂ ਲਾਏ ਇਸ ਵਿੱਦਿਆ ਦੇ ਬੂਟੇ ਨੂੰ ਵਧਦਾ-ਫੁੱਲਦਾ ਵੇਖ ਕੇ ਬਹੁਤ ਖ਼ੁਸ਼ ਹੋ ਰਿਹਾ ਸੀ। ਇੱਕ ਦਿਨ ਹੁਸ਼ਿਆਰ ਸਿੰਘ ਨੇ ਫੋਨ ਕਰਕੇ ਰਾਣੋ ਨੂੰ ਘਰ ਬੁਲਾਇਆ ਅਤੇ ਉਸ ਨੂੰ ਆਪਣੇ ਕੋਲ ਬਿਠਾ ਕਹਿਣ ਲੱਗਾ, ‘‘ਧੀਏ, ਕਈ ਵਾਰ ਬੱਚੇ ਸਾਡੇ ਖ਼ੂਨ ਤੋਂ ਪੈਦਾ ਨਾ ਹੋ ਕੇ ਵੀ ਆਪਣੇ ਬੱਚੇ ਬਣ ਜਾਂਦੇ ਨੇ। ਮੈਨੂੰ ਪਰਮਾਤਮਾ ਨੇ ਔਲਾਦ ਨਹੀਂ ਦਿੱਤੀ। ਕਦੇ ਮੈਨੂੰ ਇਸ ਦਾ ਪਰਮਾਤਮਾ ਨਾਲ ਬਹੁਤ ਰੰਜ ਸੀ, ਪਰ ਜਦੋਂ ਤੋਂ ਮੈਂ ਤੈਨੂੰ ਦਿਲ ਹੀ ਦਿਲ ਵਿੱਚ ਆਪਣੀ ਧੀ ਸਵੀਕਾਰਿਆ ਹੈ ਓਦੋਂ ਤੋਂ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਤੇਰੇ ਵਰਗੀ ਨੇਕ ਧੀ ਦਾ ਅਮੋਲਕ ਗਹਿਣਾ ਮੇਰੀ ਝੋਲੀ ਪਾਇਆ ਏ। ਧੀਏ, ਮੈਂ ਤੇਰੀਆਂ ਪ੍ਰਾਪਤੀਆਂ ਤੋਂ ਬਹੁਤ ਖ਼ੁਸ਼ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਵਿੱਦਿਆ ਦਾ ਮੰਦਿਰ ਵਿੱਦਿਆ ਦਾ ਦਾਨ ਸਦਾ-ਸਦਾ ਹੀ ਵੰਡਦਾ ਰਹੇ। ਇਸ ਤਰ੍ਹਾਂ ਦੀਆਂ ਭਾਵੁਕ ਗੱਲਾਂ ਕਰਦੇ-ਕਰਦੇ ਹੀ ਹੁਸ਼ਿਆਰ ਸਿੰਘ ਨੂੰ ਇਕਦਮ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਰਾਣੋ ਦੇ ਹੱਥਾਂ ਵਿੱਚ ਹੀ ਮੌਤ ਹੋ ਗਈ। ਭੋਗ ਉਪਰੰਤ ਹੁਸ਼ਿਆਰ ਸਿੰਘ ਦੀ ਪਤਨੀ ਨੇ ਉਸ ਦੀ ਕਰਵਾਈ ਵਸੀਅਤ ਰਾਣੋ ਦੇ ਹੱਥ ਫੜਾਈ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਪਰਲ-ਪਰਲ ਵਹਿ ਰਹੇ ਸਨ। ਹੁਸ਼ਿਆਰ ਸਿੰਘ ਨੇ ਆਪਣੀ ਸਾਰੀ ਚੱਲ ਅਤੇ ਅਚੱਲ ਜਾਇਦਾਦ ਦੀ ਵਾਰਿਸ ਰਾਣੋ ਨੂੰ ਬਣਾਇਆ ਹੋਇਆ ਸੀ। ਉਹ ਸੋਚਣ ਲੱਗੀ, ‘ਹੇ ਪਰਮਾਤਮਾ, ਤੇਰੇ ਰੰਗ ਨਿਆਰੇ ਹਨ। ਕਦੇ ਪੜ੍ਹਾਈ ਨੂੰ ਤਰਸਦੀ ਇੱਕ ਕੁੜੀ ਅੱਜ ਵਿਦਿਆ ਦਾ ਦਾਨ ਵੰਡ ਰਹੀ ਹੈ। ਇੱਕ ਬਾਪ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਦੋ ਬਾਪ ਦੇ ਦਿੱਤੇ ਜੋ ਮੇਰੇ ਜੀਵਨ ਵਿੱਚ ਚਾਨਣ ਹੀ ਚਾਨਣ ਭਰ ਗਏ’।
ਅੱਜ ਰਾਣੋ ਦੇ ਆਪਣੇ ਦੋਵੇਂ ਬੱਚੇ ਪੜ੍ਹ ਲਿਖ ਗਏ। ਪੁੱਤਰ ਐਲ.ਐਲ.ਬੀ. ਕਰਕੇ ਵਕਾਲਤ ਕਰ ਰਿਹਾ ਹੈ ਅਤੇ ਧੀ ਪੜ੍ਹ-ਲਿਖ ਕੇ ਉਸ ਦੇ ਆਪਣੇ ਕਾਲਜ ਵਿੱਚ ਬਤੌਰ ਚੇਅਰਮੈਨ ਸੇਵਾ ਨਿਭਾਅ ਰਹੀ ਹੈ। ਰਾਣੋ ਅਤੇ ਹਰੀਸ਼ ਦੋਵੇਂ ਕਦੇ ਸ਼ਹਿਰ, ਕਦੇ ਪਿੰਡ ਅਤੇ ਕਦੇ ਹੁਸ਼ਿਆਰ ਸਿੰਘ ਦੇ ਘਰ ਚਲੇ ਜਾਂਦੇ। ਹੁਸ਼ਿਆਰ ਸਿੰਘ ਦੀ ਪਤਨੀ ਨੂੰ ਵੀ ਜਿਵੇਂ ਉਨ੍ਹਾਂ ਨੂੰ ਮਿਲ ਕੇ ਜਿਊਣ ਦੀ ਹੋਰ ਆਸ ਮਿਲ ਜਾਂਦੀ। ਉਹ ਦੋਵੇਂ ਹੁਣ ਸੇਵਾਮੁਕਤੀ ਜੀਵਨ ਵਾਂਗ ਵਿਚਰ ਰਹੇ ਹਨ, ਪਰ ਰਾਣੋ ਅੱਜ ਵੀ ਪਿੰਡ ਵਾਲੇ ਮੁਫ਼ਤ ਟਿਊਸ਼ਨ ਸੈਂਟਰ ਦੀ ਦੇਖ-ਰੇਖ ਆਪ ਕਰਦਿਆਂ ਮਾਂ-ਬਾਪ ਨੂੰ ਆਪਣੇ ਅੰਗ-ਸੰਗ ਮਹਿਸੂਸ ਕਰਦੀ ਹੈ।