ਦੇਸ਼ ਭਰ ‘ਚ ਧੂਮ-ਧਾਮ ਨਾਲ ਮਨਾਈ ਜਾ ਰਹੀ ਈਦ
ਨਵੀਂ ਦਿੱਲੀ, 31 ਮਾਰਚ – ਦੇਸ਼ ਭਰ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਖ਼ਾਸ ਮੌਕੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਸਮੇਤ ਕਈ ਹੋਰ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਈਦ ਦੀ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, “ਈਦ-ਉਲ-ਫ਼ਿਤਰ ਦੀਆਂ ਵਧਾਈਆਂ। ਇਹ ਤਿਉਹਾਰ ਸਾਡੇ ਸਮਾਜ ਵਿੱਚ ਉਮੀਦ, ਸਦਭਾਵਨਾ ਅਤੇ ਦਿਆਲਤਾ ਦੀ ਭਾਵਨਾ ਨੂੰ ਵਧਾਵੇ। ਤੁਹਾਡੇ ਸਾਰੇ ਯਤਨਾਂ ਵਿੱਚ ਖੁਸ਼ੀ ਅਤੇ ਸਫ਼ਲਤਾ ਹੋਵੇ। ਈਦ ਮੁਬਾਰਕ!” ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਈਦ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਤਿਉਹਾਰ ਭਾਈਚਾਰੇ ਅਤੇ ਦਾਨ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਲਿਖਿਆ, “ਈਦ-ਉਲ-ਫ਼ਿਤਰ ਦੇ ਇਸ ਸ਼ੁਭ ਮੌਕੇ ‘ਤੇ ਸਾਰੇ ਦੇਸ਼ਵਾਸੀਆਂ, ਖਾਸ ਤੌਰ ‘ਤੇ ਮੁਸਲਿਮ ਭੈਣਾਂ-ਭਰਾਵਾਂ ਨੂੰ ਦਿਲੋਂ ਸ਼ੁਭਕਾਮਨਾਵਾਂ। ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸ਼ਾਂਤੀ, ਖੁਸ਼ਹਾਲੀ ਲੈ ਕੇ ਆਵੇ।” ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਈਦ ਦੀ ਵਧਾਈ ਦਿੱਤੀ ਅਤੇ ਸੋਸ਼ਲ ਮੀਡੀਆ ‘ਤੇ ਲਿਖਿਆ, “ਈਦ ਮੁਬਾਰਕ! ਇਹ ਖੁਸ਼ੀ ਦਾ ਮੌਕਾ ਤੁਹਾਡੇ ਅਤੇ ਤੁਹਾਡੇ ਚਹੇਤਿਆਂ ਲਈ ਸ਼ਾਂਤੀ, ਖ਼ੁਸ਼ਹਾਲੀ ਅਤੇ ਚੰਗੀ ਸਿਹਤ ਦਾ ਸੰਦੇਸ਼ ਲੈ ਕੇ ਆਵੇ।”ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਲਿਖਿਆ, “ਈਦ ਭਾਈਚਾਰਕ ਸਾਂਝ, ਹਮਦਰਦੀ ਅਤੇ ਸਾਂਝ ਦੀ ਭਾਵਨਾ ਨੂੰ ਵਧਾਵਾ ਦਿੰਦੀ ਹੈ। ਇਹ ਤਿਉਹਾਰ ਸਾਨੂੰ ਪਿਆਰ ਅਤੇ ਏਕਤਾ ਦੇ ਧਾਗੇ ਵਿੱਚ ਬੰਨ੍ਹਦਾ ਹੈ।”
ਦੇਸ਼ ਭਰ ‘ਚ ਧੂਮ-ਧਾਮ ਨਾਲ ਮਨਾਈ ਜਾ ਰਹੀ ਈਦ Read More »