ਬੁਤਾਲਾ ਮੰਡੀ ਵਿਚ ਝੋਨੇ ਦੀ ਫ਼ਸਲ ਤੇ ਲਾਏ ਭਾਰੀ ਕੱਟ ਸਬੰਧੀ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ
ਬਾਬਾ ਬਕਾਲਾ, 3 ਦਸੰਬਰ – ਅੱਜ ਮਾਰਕੀਟ ਕਮੇਟੀ ਰਈਆ ਦੇ ਦਫ਼ਤਰ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੁਤਾਲਾ ਮੰਡੀ ਦੇ ਕਿਸਾਨਾਂ ਵਲੋ ਆੜ੍ਹਤੀਆ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਝੋਨੇ ਦੀ ਫ਼ਸਲ ਦੀ ਅਦਾਇਗੀ ਐਮ ਐੱਸ ਪੀ (2320) ਦੀ ਜਗਾ 1860 ਤੋ 2100 ਰੁਪਏ ਪ੍ਰਤੀ ਕੁਵਿੰਟਲ ਕੀਤੇ ਜਾਣ ਕਾਰਨ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਾਰਕੀਟ ਕਮੇਟੀ ਸੈਕਟਰੀ ਅਤੇ ਡੀ ਸੀ ਅੰਮ੍ਰਿਤਸਰ ਨੂੰ ਲਿਖਤੀ ਪੱਤਰ ਭੇਜ ਕੇ ਉੱਚ ਪੱਧਰੀ ਜਾਚ ਦੀ ਮੰਗ ਕੀਤੀ ਹੈ। ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ, ਅਮਰੀਕ ਸਿੰਘ ਜਮਾਲਪੁਰ, ਤਰਸੇਮ ਸਿੰਘ ਬੁਤਾਲਾ, ਨਿਰਮਲ ਸਿੰਘ ਵੇਦਾਦਪੁਰ,ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਵੇਦਾਦਪੁਰ,ਬਲਵਿੰਦਰ ਸਿੰਘ ਸੇਰੋ, ਸੰਤੋਖ ਸਿੰਘ ਟਪਿਆਲਾ, ਕੁਲਵੰਤ ਸਿੰਘ ਸੇਰੋ, ਸਮੇਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸਥਾਨਕ ਅਨਾਜ ਮੰਡੀ ਵਿਚ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਅਤੇ ਆੜ੍ਹਤੀਆਂ ਵਲੋ ਕਿਸਾਨਾਂ ਦੀ ਝੋਨੇ ਦੀ ਫ਼ਸਲ ਤੇ ਸਰਕਾਰੀ ਕੀਮਤ 2320 ਰੁਪਏ ਪ੍ਰਤੀ ਕੁਵਿੰਟਲ ਦੀ ਜਗਾ 1860 ਤੋ ਲੈ ਕਿ 2100 ਰੁਪਏ ਪ੍ਰਤੀ ਕੁਵਿੰਟਲ ਤੱਕ ਦੇਣ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਦੱਸਿਆ ਕਿ ਬੁਤਾਲਾ ਦਾਨਾ ਮੰਡੀ ਵਿਚ ਆੜ੍ਹਤੀਆ ਵਲੋ ਕਿਸਾਨਾ ਦੀ ਝੋਨੇ ਦੀ ਫ਼ਸਲ ਤੇ ਖ਼ਰੀਦ ਏਜੰਸੀ ਅਤੇ ਸ਼ੈਲਰ ਮਾਲਕਾ ਦੇ ਨਾਮ ਤੇ ਭਾਰੀ ਕੱਟ ਲਾਇਆ ਗਿਆ ਹੈ ਅਤੇ ਝੋਨੇ ਦੀ ਨਮੀ ਦੀ ਮਾਤਰਾ ਵੱਧ ਦੱਸ ਕੇ ਭਾਰੀ ਕੱਟ ਲਾਇਆ ਗਿਆ ਹੈ। ਇਸ ਮੌਕੇ ਪਰਮਜੀਤ ਸਿੰਘ ਪੁੱਤਰ ਦਸੁੰਧਾ ਸਿੰਘ ਵਾਸੀ ਸੇਰੋਂ ਬਾਘਾ ਨੇ ਹਲਫ਼ੀਆ ਬਿਆਨ ਰਾਹੀ ਦੱਸਿਆ ਕਿ ਖ਼ਾਲਸਾ ਟਰੇਡਿੰਗ ਕੰਪਨੀ ਬੁਤਾਲਾ ਦੀ ਦੁਕਾਨ ਤੇ 219-65 ਕਿੱਲੋ ਝੋਨੇ ਦੀ ਸੁੱਕੀ ਫ਼ਸਲ ਵੇਚੀ ਸੀ ਜਿਸ ਨੂੰ 2050 ਰੁਪਏ ਦੇ ਹਿਸਾਬ ਨਾਲ 4,50282 ਰੁਪਏ ਦੀ ਅਦਾਇਗੀ ਕੀਤੀ ਗਈ ਹੈ ਜਦਕਿ 2320 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ 5,09688 ਰੁਪਏ ਬਣਦੇ ਸਨ। ਇਸੇ ਤਰਾ 175-50 ਕਿੱਲੋ 2100 ਰੁਪਏ ਦੇ ਹਿਸਾਬ ਨਾਲ ਅਦਾਇਗੀ ਕੀਤੀ ਹੈ। ਗੁਰਪਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸੇਰੋਂ ਬਾਘਾ ਨੇ ਹਲਫ਼ੀਆ ਬਿਆਨ ਰਾਹੀ ਦੱਸਿਆ ਕਿ ਉਸ ਨੇ ਸੁਰਿੰਦਰ ਕੁਮਾਰ ਦੀ ਆੜ੍ਹਤ ਦੀ ਦੁਕਾਨ ਬੁਤਾਲਾ ਮੰਡੀ ਤੇ 176-35 ਕਿੱਲੋ ਝੋਨੇ ਦੀ ਫ਼ਸਲ ਵੇਚੀ ਸੀ ਜੋ ਕਿ 2070 ਰੁਪਏ ਪ੍ਰਤੀ ਕੁਵਿੰਟਲ ਰੇਟ ਲਾਇਆ ਗਿਆ ਹੈ ਅਤੇ 4-75 ਕਿੱਲੋ ਨਮੀ ਦੀ ਮਾਤਰਾ ਵੀ ਕੱਟੀ ਗਈ ਹੈ।ਕਿਸਾਨ ਜਸਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸੇਰੋਂ ਬਾਘਾ ਨੇ ਵੀ ਹਲਫ਼ੀਆ ਬਿਆਨ ਰਾਹੀ ਖ਼ਾਲਸਾ ਟਰੇਨਿੰਗ ਕੰਪਨੀ ਦੇ ਮਾਲਕ ਤੇ ਝੋਨੇ ਦਾ ਘੱਟ ਰੇਟ ਦੇਣ ਸਬੰਧੀ ਦੋਸ਼ ਲਾਏ ਹਨ। ਗੁਰਪ੍ਰੀਤ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਕੰਮੋਕੇ ਨੇ ਦੱਸਿਆ ਕਿ ਉਸ ਨੇ ਸੁਰਿੰਦਰ ਕੁਮਾਰ ਦੀ ਆੜ੍ਹਤ ਬੁਤਾਲਾ ਮੰਡੀ ਵਿਚ ਝੋਨੇ ਦੀ ਫ਼ਸਲ ਵੇਚੀ ਸੀ ਉਸ ਨੇ 250 ਰੁਪਏ ਪ੍ਰਤੀ ਕੁਵਿੰਟਲ ਘੱਟ ਕੀਮਤ ਦਿੱਤੀ ਹੈ। ਮਲੂਕ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸੇਰੋਂ ਬਾਘਾ ਨੇ ਹਲਫ਼ੀਆ ਬਿਆਨ ਰਾਹੀ ਦੱਸਿਆ ਕਿ ਉਸ ਨੇ ਸੁੱਖ ਟਰੇਡਿੰਗ ਕੰਪਨੀ ਬੁਤਾਲਾ 59-80 ਕਿੱਲੋ ਝੋਨੇ ਦੀ ਫ਼ਸਲ ਵੇਚੀ ਸੀ ਜਿਸ ਦੀ ਕੀਮਤ 2100 ਰੁਪਏ ਪ੍ਰਤੀ ਕੁਵਿੰਟਲ ਨਾਲ ਅਦਾਇਗੀ ਕੀਤੀ ਗਈ ਹੈ। ਇਸੇ ਤਰ੍ਹਾਂ ਦਰਜਨ ਦੇ ਕਰੀਬ ਕਿਸਾਨਾਂ ਨੇ ਆੜ੍ਹਤੀਆਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਪਾਸੋਂ ਬਕਾਇਆ ਅਦਾਇਗੀ ਮੰਗਣ ਤੇ ਉਹ ਬਾਕੀ ਬੱਚ ਦੇ ਪੈਸੇ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ , ਅਧਿਕਾਰੀਆਂ ਅਤੇ ਸ਼ੈਲਰ ਮਾਲਕਾ ਦੇ ਨਾਮ ਤੇ ਕੱਟਣ ਸਬੰਧੀ ਆਖ ਰਹੇ ਹਨ। ਕਿਸਾਨਾਂ ਨੇ ਸੈਕਟਰੀ ਮਾਰਕੀਟ ਕਮੇਟੀ ਡੀ ਸੀ ਅੰਮ੍ਰਿਤਸਰ ਨੂੰ ਲਿਖਤੀ ਪੱਤਰ ਅਤੇ ਹਲਫ਼ੀਆ ਬਿਆਨ ਭੇਜ ਕਿ ਆਪਣੀ ਬਕਾਇਆ ਅਦਾਇਗੀ ਦਿਵਾਉਣ ਅਤੇ ਇਸ ਘਪਲੇ ਦੀ ਉੱਚ ਪੱਧਰੀ ਜਾਚ ਕਰਵਾ ਕੇ ਹੇਰਾਫੇਰੀ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਈ ਕਿਸਾਨਾਂ ਪਾਸ ਜੋ ਜੇ ਫਾਰਮ ਦਿੱਤੇ ਗਏ ਹਨ ਉਨ੍ਹਾਂ ਤੇ ਕਿਸੇ ਵੀ ਮਾਰਕੀਟ ਕਮੇਟੀ ਦੀ ਮੋਹਰ ਨਹੀਂ ਹੈ।ਇਸ ਸਬੰਧੀ ਪਨਸਪ ਦੇ ਡੀ ਐਮ ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਇਸ ਵਿਚ ਉਨ੍ਹਾਂ ਦੇ ਕਿਸੇ ਕਰਮਚਾਰੀ ਦੀ ਸ਼ਮੂਲੀਅਤ ਹੋਈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਡੀ ਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨਾਲ ਵੱਟਸਐਪ ਤੇ ਗੱਲਬਾਤ ਵਿਚ ਉਨ੍ਹਾਂ ਲਿਖਤੀ ਤੌਰ ਤੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਸ਼ਿਕਾਇਤ ਮਿਲਣ ਤੇ ਕਾਰਵਾਈ ਕੀਤੀ ਜਾਵੇਗੀ।
ਬੁਤਾਲਾ ਮੰਡੀ ਵਿਚ ਝੋਨੇ ਦੀ ਫ਼ਸਲ ਤੇ ਲਾਏ ਭਾਰੀ ਕੱਟ ਸਬੰਧੀ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ Read More »