ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ-ਪ੍ਰੋ.ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ”/ ਗੁਰਮੀਤ ਸਿੰਘ ਪਲਾਹੀ

‘ਅੱਖ’ ਤਾਂ ਹਰ ਲੇਖਕ ਕੋਲ ਹੁੰਦੀ ਹੈ, ਪਰ ਸੱਚ-ਝੂਠ, ਸੋਨਾ-ਤਾਂਬਾ, ਕਣਕ-ਤੂੜੀ ਨੂੰ ਵੱਖ-ਵੱਖ ਕਰਨ ਦੇ ਯੋਗ ਹੋਣ ਲਈ ਉਸਨੂੰ ਬੁੱਧੀ ਅਤੇ ਗਿਆਨ  ਦੀ ਲੋੜ ਹੁੰਦੀ ਹੈ। ਤਦੇ ਤਾਂ ਰਸੂਲ ਹਮਜ਼ਾਤੋਵ ਕਹਿੰਦਾ ਹੈ:

-“ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦੇਓ।

ਸਗੋਂ ਇਹ ਕਹੋ ਕਿ ਮੈਨੂੰ ਅੱਖਾਂ ਦੇਓ।”

ਪ੍ਰੋ.ਜਸਵੰਤ ਸਿੰਘ ਗੰਡਮ, ਜਦੋਂ ਆਪਣੇ ਕਾਵਿ-ਸੰਗ੍ਰਹਿ ‘ਬੁੱਲ੍ਹ ਸੀਤਿਆਂ ਸਰਨਾ ਨਈਂ” ਵਿੱਚ ਇਹ ਕਹਿਕੇ ਅੱਗੇ ਤੁਰਦਾ ਹੈ ਕਿ ਭਾਵੇਂ ਕਵਿਤਾ ਪ੍ਰਚੰਡ ਭਾਵਨਾਵਾਂ ਦਾ ਆਪਮੁਹਾਰਾ ਵਹਿਣ/ਉਛਾਲਾ ਹੈ ਪਰ ਮੇਰੇ ਲਈ ਲਿਖਣਾ ਇੱਕ ਥਰੱਪਿਊਟਿਕ(ਵੈਦਿਕ, ਔਸ਼ਧੀ ਜਨਕ) ਅਤੇ ਕੈਥਾਰਟਿਕ (ਸ਼ੁੱਧੀ ਕਾਰਕ, ਵਿਰੇਚਕ) ਵਰਤਾਰਾ ਹੈ, ਤਾਂ ਉਹਦੀ ਕਵਿਤਾ ਸਿਰਜਨਾਤਮਕ ਸੋਚ, ਦ੍ਰਿਸ਼ਟੀਕੋਨ, ਪ੍ਰਸੰਗਕਤਾ, ਪ੍ਰਤੀਬੱਧਤਾ, ਬੁੱਧੀ ਅਤੇ ਗਿਆਨ ਨਾਲ ਓਤਪੋਤ ਦਿਸਦੀ ਹੈ। ਉਸਦੀ ਸਮੁੱਚੀ ਕਵਿਤਾ ਪ੍ਰਸੰਗਕ ਸੱਚ ਨੂੰ ਬਿਆਨ ਹੀ ਨਹੀਂ ਕਰਦੀ ਸਗੋਂ ਪ੍ਰਸੰਗਕਤਾ ਦੀ ਸਥਿਤੀ ‘ਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕਦੀ ਹੈ।

-“ਬੁੱਲ ਸੀਤਿਆਂ ਸਰਨਾ ਨਈਂ

ਕੁੱਛ ਤਾਂ ਕਹਿਣਾ ਪੈਣਾ ਏਂ”    (ਬੁੱਲ ਸੀਤਿਆਂ ਸਰਨਾ ਨਈਂ)

ਅਤੇ ਉਹ ਕਹਿੰਦਾ ਹੈ। ਬੋਲਦਾ ਹੈ। ਮਿਹਣਾ ਦੇਂਦਾ ਹੈ। ਰਾਜਨੀਤੀ ਵਿਚਲੇ ਭ੍ਰਿਸ਼ਟਾਚਾਰ ਦੇ ਪ੍ਰਖੱਚੇ ਉਡਾਉਂਦਾ ਹੈ। ਸਮਕਾਲ ਵਿੱਚ ਫਿਰਕਾਪ੍ਰਸਤੀ, ਧਾਰਮਿਕ ਕਾਨੂੰਨ, ਮਾਨਸਿਕ ਗੁਲਾਮੀ, ਆਰਥਿਕ ਲੁੱਟ ਦੇ ਪਿੜਾਂ ਹੇਠ ਪਿਸ ਰਹੇ ਲੋਕਾਂ ਨੂੰ ਟੁੰਬਦਾ ਹੈ, ਲਲਕਾਰਦਾ ਹੈ।

-“ਸੱਚ ਤਾਂ ਆਖ਼ਿਰ ਬੋਲਣਾ ਪਊ

ਅਣਖ ਨਾਲ ਜੇ ਰਹਿਣਾ ਏਂ”    (ਬੁੱਲ ਸੀਤਿਆਂ ਸਰਨਾ ਨਈਂ)

ਪ੍ਰਸਿੱਧ ਰੂਸੀ ਕਵੀ ਕੈਸਿਨ ਕੁਲਈ ਆਖਦਾ ਹੈ:-

“ਕਵਿਤਾ ਸੁੰਦਰ, ਸਦੀਵੀ, ਕੀਮਤੀ ਅਤੇ ਉਪਯੋਗੀ ਵੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਦਾਣਿਆਂ ਦੇ ਸਿੱਟੇ ਅਤੇ ਤਾਰੇ। ਇਹ ਜੀਊਂਦਿਆਂ ਲਈ ਹੈ ਮੋਇਆਂ ਲਈ ਨਹੀਂ। ਇਹ ਲੋਕਾਂ ਦੀ ਤਰਜਮਾਨੀ ਕਰਦੀ ਹੈ ਅਤੇ ਸੇਵਾ ਵੀ।”

ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਵਿਤਾ ਜਿੱਤ-ਹਾਰ, ਖੁਸ਼ੀ-ਉਦਾਸੀ ਦੇ ਵਰਤਾਰੇ ਨਾਲ ਸੰਵਾਦ ਰਚਾਉਂਦੀ ਹੈ। ਸਾਡੀ ਚੁੱਪ ਅਤੇ ਅੰਨ੍ਹੀ ਸੰਤੁਸ਼ਟਤਾ, ਜੋ ਮਨੁੱਖ ਜੀਵਨ ਲਈ ਘਾਤਕ ਹੈ, ਤੋਂ ਦੂਰ ਰਹਿਣ ਲਈ ਪ੍ਰੇਰਦੀ ਹੈ।

-“ਡਿੱਗਕੇ ਨਾ ਉਠਣਾ ਮਿਹਣਾ ਹੈ,

ਉਂਝ ਤਾਂ ਬੰਦਾ ਡਿੱਗਦਾ ਹੀ ਹੈ”  (ਠੋਕਰ-ਠੇਡਾ)

-“ਰਸਤਾ ਨਹੀਂ ਤਾਂ ਰਸਤਾ ਬਣਾ

ਸਾਬਤ ਕਦਮੀ ਚਲਦਾ ਜਾਹ”      (ਰਸਤਾ ਬਣਾ)

ਮਨੁੱਖੀ ਜ਼ਿੰਦਗੀ ਇੱਕ ਪ੍ਰਵੇਸ਼-ਗੁਣ ਭਰਪੂਰ ਗਤੀਸ਼ੀਲਤਾ ਹੈ, ਜੋ ਟਿਮਟਮਾਉਣ, ਉਗਣ, ਵਿਗਸਣ, ਬਿਨਸਨ ਦੇ ਨਾਲ-ਨਾਲ ਸ਼ਬਦ ਗ੍ਰੰਥ, ਸਮਾਜ, ਇਤਿਹਾਸ ਅਤੇ ਦਰਸ਼ਨ ਦੀ ਸਿਰਜਨਾ ਅਤੇ ਸੰਭਾਲ ਕਰਦੀ ਹੈ।  ਇਸ ਲਈ ਮਾਨਵ, ਪ੍ਰਕਿਰਤਿਕ ਆਵੇਸ਼ ਦਾ ਭਾਗ ਹੁੰਦਿਆਂ ਹੋਇਆਂ ਵੀ ਵਿਵੇਕ ਭਰਪੂਰ ਪ੍ਰਵੇਸ਼ ਕਰਦਿਆਂ ਉਲਟ ਸਥਿਤੀਆਂ ਨਾਲ ਨਿਰੰਤਰ ਤਣਾਓ, ਟਕਰਾਓ, ਸੰਘਰਸ਼ ਵਿੱਚ ਰਹਿੰਦਾ ਹੈ। ਲੇਖਕ ਇਸ  ਸਮੁੱਚੇ ਵਰਤਾਰੇ ਅਤੇ ਸਮੇਂ ਦੇ ਸੱਚ ਨੂੰ ਆਪਣਾ ਫਰਜ਼ ਨਿਭਾਉਂਦਿਆਂ ਵਧੇਰੇ  ਚੇਤੰਨ ਹੋਕੇ ਬਿਆਨਦਾ ਹੈ।

ਕਵੀ ਪ੍ਰੋ.ਜਸਵੰਤ ਗੰਡਮ ਦੇ ਕਾਵਿ-ਬੋਲ ਸਮੇਂ ਦੇ ਸੱਚ ਦੇ ਹਾਣ ਦੇ ਹਨ:

-“ਮਹਿਲਾਂ ਵਾਲਾ ਕੀ ਜਾਣੇ? ਕਿਸ ਭਾਅ ਵਿਕਦੀ ਕੱਕਰ ਵਿੱਚ?” (ਕੱਕਰ ਵਿੱਚ)

-“ਅਸੀਂ ਸਰਕਾਰੀ ਨੌਕਰ ਹਾਂ, ਰੱਜ ਕੇ ਸੌਂਈਏ ਦਫ਼ਤਰ ਵਿੱਚ)”  (ਕੱਕਰ ਵਿੱਚ)

-“ਜੰਗਲ ਵੀ ਸ਼ਰਮਾ ਜਾਵੇਗਾ, ਕਿੰਨਾ ਸੁੰਨ-ਮਸਾਨ ਨਗਰ ਹੈ” (ਗੁਆਚਾ ਘਰ)

ਪ੍ਰੋ.ਜਸਵੰਤ ਸਿੰਘ ਗੰਡਮ ਸਮਝਦਾ ਹੈ ਕਿ ਮਨੁੱਖੀ ਜੀਵਨ ਦੇ ਆਦਰਸ਼ ਦਾ ਮਹਾਂ-ਪ੍ਰਕਾਸ਼ ਹੁੰਦਾ ਹੈ। ਆਸ਼ਾਵਾਦ ਦੀ ਇਹੀ ਵਿਸ਼ੇਸ਼ਤਾ ਜੀਵਨ ਦੇ ਨੈਤਿਕ ਮੁੱਲਾਂ ਦੀ ਸਥਾਪਨਾ ਕਰਨ ਲਈ ਮਨੁੱਖ ਨੂੰ ਨਿਰੰਤਰ ਸੰਘਰਸ਼ਮਈ ਸਥਿਤੀ ਵਿੱਚ ਰੱਖਦੀ ਹੈ। ਇਹ ਸੰਘਰਸ਼ ਕਦੇ ਆਪਣੇ ਅੰਦਰ ਅਤੇ ਕਦੇ ਆਪਣੇ ਬਾਹਰ ਚਲਦਾ ਰਹਿੰਦਾ ਹੈ। ਕੁਦਰਤ ਦੀ ਵਿਰਾਟ ਗੋਦ  ਵਿੱਚ ਬੈਠੇ ਮਨੁੱਖ ਦਾ ਖਾਸਾ ਹੈ ਕਿ ਉਹ ਆਪਣੇ ਵਿਪਰੀਤ ਸਥਿਤੀਆਂ ਨਾਲ ਜੰਗ ਕੀਤੇ ਬਿਨ੍ਹਾਂ ਨਹੀਂ ਰਹਿ ਸਕਦਾ। ਉਸਾਰੀਆਂ, ਤਬਾਹੀਆਂ, ਮੁੜ ਉਸਾਰੀਆਂ ਦਾ ਸਿਲਸਿਲਾ

ਮਾਨਵ ਨੂੰ ਆਪਣੇ ਇਤਹਾਸਕ, ਸਮਾਜਿਕ ਕਾਰਜ ਦਾ  ਬੋਧ ਕਰਾਉਂਦਾ ਹੈ। ਪ੍ਰੋ.ਜਸਵੰਤ ਸਿੰਘ ਗੰਡਮ ਦੀ ਕਾਵਿ-ਸਿਰਜਨਾ ਵਿੱਚ ਅਜਿਹੀ ਨਿਆਰੀ ਸ਼ਕਤੀ ਦਾ ਮਹਾਤਮੀ ਸਰੂਪ ਲੋਕ-ਹਿਤੈਸ਼ੀ ਪ੍ਰਤੀਕ ਵਜੋਂ ਉਭਰਦਾ ਹੈ।

-“ਬਿਗਲ ਵਜੂ ਜੰਗ ਦਾ ਇੰਝ ਹੀ

ਜਦ ਤਕ ਜ਼ੁਲਮ, ਸਿਤਮ ਜਬਰ ਹੈ” (ਗੁਆਚਾ ਘਰ)

-“ਮਿੱਧ ਸੱਪਾਂ ਦੀਆਂ ਸਿਰੀਆਂ, ਛੇੜਨਗੇ ਸਾਂਝੇ ਰਾਗ ਨੂੰ

ਕਈ ਆਏ ਤੇ ਕਈ ਗਏ, ਨਾ ਮਾਰ ਸਕੇ ਪੰਜਾਬ ਨੂੰ”   ( ਕਮਲ ਅਤੇ ਗੁਲਾਬ ਦੀ ਨੋਕ-ਝੋਕ- ਕਿਸਾਨ ਸੰਘਰਸ਼)

ਪੰਜਾਬੀ ਦੇ ਨਿਵੇਕਲੇ ਵਾਰਤਿਕਕਾਰ ਦੇ ਤੌਰ ‘ਤੇ ਆਪਣੀ ਪੈਂਠ ਬਣਾ ਚੁੱਕੇ ਪ੍ਰੋ.ਜਸਵੰਤ ਸਿੰਘ ਗੰਡਮ ਦੇ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ” ਵਿੱਚ ਕੁਲ ਮਿਲਾਕੇ 88 ਕਵਿਤਾਵਾਂ ਹਨ, ਜਿਹਨਾ ਵਿੱਚ ਨੈੱਟ-ਨਾਮਾ, ਦੋਹੇ/ ਨਵੀਨ ਦੋਹੇ ਅਤੇ ਵਿਅੰਗ ਕਵਿਤਾਵਾਂ ਸ਼ਾਮਲ ਹਨ। ਆਪਣੀਆਂ ਇਹਨਾ ਕਾਵਿ-ਰਚਨਾਵਾਂ ਵਿੱਚ ਪ੍ਰੋ.ਗੰਡਮ ਆਪਣੀ ਜੀਵਨ-ਧਾਰਾ ਅਨੁਸਾਰ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਲੋਕ-ਮਾਨਸਿਕਤਾ ਨੂੰ ਹਲੂਣਾ ਦਿੰਦਾ ਹੈ। ਉਹ ਸਵਾਲ-ਦਰ-ਸਵਾਲ ਖੜੇ ਕਰਦਾ ਹੈ ਕਿ ਕੀ ਇਹ ਏਦਾਂ ਹੀ ਚਲਦਾ ਰਹੇ ਅਤੇ ਅਸੀਂ ਚੁੱਪ ਧਾਰਨ ਕਰਕੇ ਇਹ ਸਭ ਕੁਝ ਵੇਖੀ ਜਾਈਏ। ਉਹ ਇਸ ਵਿਚਾਰ ਦਾ ਧਾਰਨੀ ਹੈ ਕਿ ਚੇਤਨ ਮਨੁੱਖ ਕਦੇ ਅਜਿਹੀ ਪ੍ਰਾਪਤ ਸਥਿਤੀ ਦੇ ਘਿਨਾਉਣੇ ਨਾਕਾਰਾਤਮਕ ਕਰਮ ਨੂੰ ਵੇਖਕੇ, ਅਨੁਭਵ ਕਰਕੇ ਨਿਸਲਤਾ ਦੀ ਨਿਸ ਕਿਰਿਆਵੀ ਸੋਚ ਧਾਰਨ ਨਹੀਂ ਕਰ ਸਕਦਾ। ਇਸ ਸਥਿਤੀ ਵਿੱਚ ਬਦਲਾਵ ਕੇਵਲ ਭਾਵੁਕ-ਰੁਦਨ, ਹੌਕੇ ਹਾਵੇ ਭਰਨ, ਕਰੁਣਾ ਭਰਪੂਰ ਪਾਠ ਤਕ ਸੀਮਤ ਰਹਿਕੇ ਨਹੀਂ ਹੋ ਸਕਦਾ। ਸਗੋਂ ਇਸ ਸਥਿਤੀ ਦੇ ਕਾਰਨਾਂ ਦੀ ਵਿਗਿਆਨਕ ਦਿਮਾਗੀ ਸਮਝ ਲੈਣੀ ਹੋਵੇਗੀ।

ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਵਿਤਾ ਦੀ ਹਰ ਸਤਰ ਦਾ ਇੱਕ ਵੱਖਰਾ ਰੰਗ ਹੈ, ਭਾਵ ਹੈ। ਉਹ ਭਾਵੇਂ ਸੈੱਲ ਫੋਨ ਦੀ ਗੱਲ ਕਰੇ, ਜਾਂ ਕਿਸਾਨ ਅੰਦੋਲਨ ਦੀ, ਉਹ ਭਾਵੇਂ ਪਾਤਰ ਦੀ ਬਾਤ ਕਰੇ, ਜਾਂ ਪ੍ਰਵਾਸ ਹੰਢਾ ਰਹੇ ਪ੍ਰਵਾਸੀਆਂ ਦੀ ਜਾਂ ਫਿਰ ਪ੍ਰਦੇਸ ਗਈ ਔਲਾਦ ਕਾਰਨ ਇਕਲਾਪਾ ਹੰਢਾ ਰਹੇ ਬੁੱਢੇ ਮਾਪਿਆਂ ਦੀ। ਉਹ ਠੱਗੀ ਦੇ ਡੇਰਿਆਂ ਦੀ ਗੱਲ ਕਹੇ ਜਾਂ ਖੱਬੀ ਖਾਨ ਦੀ, ਉਹ ਕੋਰਾ ਸੱਚ ਕਹਿੰਦਾ ਹੈ।

ਉਸਦੀ ਕਾਵਿ-ਮਾਨਸਿਕਤਾ ਬਾਪੂ-ਬੇਬੇ, ਰੱਖੜੀ-ਭੈਣ, ਪਾਣੀ-ਪ੍ਰਾਣੀ, ਠੋਕਰ-ਠੇਡੇ, ਗੈਰਤ-ਔਕੜਾਂ, ਪ੍ਰਦੇਸ਼-ਨਾਮਾ, ਬਨਵਾਸ/ਇਕਲਾਪਾ, ਬਿਰਖਾਂ/ਪੰਖੇਰੂਆਂ, ਕੁਦਰਤ ਦੇ ਰਾਗਾਂ-ਰੰਗਾਂ ‘ਚ ਖੁਭੀ ਹੋਈ ਕਦੇ ਮੰਡੀ ਦੇ ਦੌਰ, ਕਾਰੋਬਾਰੀ ਰਿਸ਼ਤਿਆਂ ਅਤੇ ਵੇਲੇ ਦੇ ਸੁਪਨਿਆਂ ਦੀ ਸੱਚਾਈ ਬਿਆਨਦੀ ਹੈ। ਅੰਬਰੋਂ ਅਗਲੀ ਸੋਚ ‘ਚ ਵਹਿੰਦੀ ਨੱਚ-ਨੱਚ ਧੂੜਾਂ ਪੁੱਟਦੀ ਜ਼ਿੰਦਗੀ ਨਾਲ ਅੱਖਾਂ ਚਾਰ ਕਰਦੀ ਹੈ।

ਆਓ ਉਸਦੀ ਕਵਿਤਾ ਦੇ ਕੁਝ ਅੰਗਾਂ ਨਾਲ ਆਪਣੇ ਮਨ ਮਸਤਕ ਦੀ ਸਾਂਝ ਪਾਈਏ:-

-“ਭੁੱਖ, ਗਰੀਬੀ, ਅਤੇ ਦੁੱਖ-ਦਰਦ

ਧਰਤੀ ਉਪਰੋਂ ਸਭ ਮਿਟਾਦੇ।”  (ਦੁਆ)

-“ਤੇਰੇ ਮਿੱਠੜੇ ਬੋਲ ਨੇ ਏਂਦਾ

ਨੇਤਾ ਦੀ ਜਿਉਂ ਜੁਮਲੇਬਾਜੀ।”  (ਸੱਚ ਬੋਲਦੇ ਰਹਿ ਗਏ)

-“ਬੁੱਢੀ ਦੇਹ ਹੈ ਖਿੰਡਰੀ ਪੁੰਡਰੀ

ਕਮਰ ਕਿਧਰੇ ‘ਤੇ ਕੂਹਣੀ ਕਿਧਰੇ।”  (ਸਾਧੂ ਕਿਧਰੇ ਧੂਣੀ ਕਿਧਰੇ)

-“ਟੌਹਰਾਂ ਕੱਢ ਕੇ ਆਉਂਦੇ ਹਾਂ,

ਮੰਗਵੇਂ ਕੱਪੜੇ ਪਾਉਂਦੇ ਹਾਂ।”   (ਟੌਹਰਾਂ)

-“ਹਾਵੇ!

ਮਾਂ-ਬਾਪ ਤਰਸ ਗਏ,

ਕਦ ਪੁੱਤ ਪ੍ਰਦੇਸੋਂ ਆਵੇ।”  (ਟੱਪੇ)

-“ਰਾਤੀਂ ਨੀਂਦਾਂ ਉਡੀਆਂ, ਪੱਥਰ ਹੋ ਗਏ ਨੈਣ

ਕੋਇਲਾਂ ਦੇ ਗੀਤ ਹੁਣ, ਲਗਦੇ ਪਏ ਨੇ ਵੈਣ।”  (ਤਲਖ਼-ਹਕੀਕੀ ਦੋਹੇ)

-“ਲੁੱਟ ਰਹੇ ਨੇ ਹੱਥੋ-ਹੱਥੀਂ,

ਲੀਡਰ, ਬਾਬੇ ‘ਤੇ ਮਨਮੁੱਖ”  (ਰੁੱਖ ਡਟਿਆ ਰਿਹਾ)

ਪ੍ਰੋ.ਜਸਵੰਤ ਸਿੰਘ ਗੰਡਮ ਦੇ ਕਾਵਿ-ਸੰਗ੍ਰਹਿ ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਦੇ 104 ਸਫ਼ੇ ਹਨ। ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ(ਰਜਿ:) ਵਲੋਂ ਇਸ ਆਸ ਨਾਲ ਛਾਪੀ ਗਈ ਹੈ ਕਿ ਪੰਜਾਬੀ ਕਾਵਿ-ਜਗਤ ਵਿੱਚ ਇੱਕ ਮੀਲ ਪੱਥਰ ਸਾਬਤ ਹੋਏਗੀ।

-ਗੁਰਮੀਤ ਸਿੰਘ ਪਲਾਹੀ

-9815802070

 

ਸਾਂਝਾ ਕਰੋ

ਪੜ੍ਹੋ