ਲੰਮੇ ਸੰਘਰਸ਼ ਤੋਂ ਬਾਅਦ ਸਰੀ ਪੁਲੀਸ ਨੇ ਸ਼ਹਿਰ ਦੇ ਅਮਨ ਕਾਨੂੰਨ ਦੀ ਵਾਗਡੋਰ ਆਪਣੇ ਹੱਥ ਲਈ

ਵੈਨਕੂਵਰ, 3 ਦਸੰਬਰ – ਲੰਮਾ ਸੰਘਰਸ਼ ਅਤੇ ਕਨੂੰਨੀ ਲੜਾਈਆਂ ਜਿੱਤਣ ਤੋਂ ਬਾਦ ਅਖੀਰ ਸਰੀ ਪੁਲੀਸ ਨੇ ਸ਼ਹਿਰ ਦੇ ਅਮਨ ਕਨੂੰਨ ਦੀ ਵਾਗਡੋਰ ਕੇਂਦਰੀ ਪੁਲੀਸ ਤੋਂ ਆਪਣੇ ਹੱਥ ਲੈ ਲਈ ਹੈ। ਰਾਇਲ ਕੈਨੇਡੀਅਨ ਮਾਉਂਟਡ ਪੁਲੀਸ (ਕੇਂਦਰੀ ਪੁਲੀਸ) 74 ਸਾਲਾਂ ਤੋਂ ਸਰੀ ’ਚ ਤੈਨਾਤ ਸੀ। ਇਸ ਬਦਲਾਅ ਨਾਲ ਸਰੀ ਕੈਨੇਡਾ ਦੇ ਉਨ੍ਹਾਂ ਚੋਣਵੇਂ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿੰਨ੍ਹਾਂ ਦੇ ਆਪਣੇ ਪੁਲੀਸ ਬੋਰਡ ਹਨ। ਪੁਲੀਸ ਬੋਰਡ ਦੇ ਮੁੱਖੀ ਨੌਰਮ ਲਪਿੰਸਕੀ ਨੇ ਸ਼ਹਿਰ ਦੇ ਅਮਨ ਕਨੂੰਨ ਦੀ ਜਿੰਮੇਵਾਰੀ ਆਪਣੀ ਪੁਲੀਸ ਦੇ ਹੱਥ ਆਉਣ ਤੇ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਗੈਰਸਮਾਜੀ ਅਨਸਰਾਂ ਦੇ ਮਨਾਂ ਵਿੱਚ ਪੁਲੀਸ ਸਖਤੀ ਦਾ ਡਰ ਤੇ ਸ਼ਹਿਰੀਆਂ ਦੇ ਮਨਾਂ ਚ ਸੁਰੱਖਿਆ ਦਾ ਅਹਿਸਾਸ ਉਜਾਗਰ ਹੋਵੇਗਾ। ਉਂਝ ਕਾਨੂੰਨੀ ਅੜ੍ਹਚਨਾਂ ਕਰਕੇ ਕੇਂਦਰੀ ਪੁਲੀਸ ਦੇ ਆਖਰੀ ਮੁਲਾਜ਼ਮ ਨੂੰ ਵਿਦਾ ਕਰਨ ਵਿੱਚ ਦੋ ਸਾਲ ਲੱਗ ਸਕਦੇ ਹਨ।

ਸਰੀ ’ਚ ਤਾਇਨਾਤ ਕੁੱਲ ਪੁਲੀਸ ਨਫਰੀ 880 ਚੋਂ 446 ਪਹਿਲਾਂ ਹੀ ਸਰੀ ਪੁਲੀਸ ਦੀ ਭਰਤੀ ਹਨ, ਪਰ ਸਮੁੱਚੀ ਕਮਾਂਡ ਕੇਂਦਰੀ ਪੁਲੀਸ ਕੋਲ ਸੀ, ਜਿਸਦਾ ਹੁਣ ਉਲਟ ਫੇਰ ਹੋ ਗਿਆ ਹੈ। ਸਰੀ ਮਿਉਂਸਪੈਲਿਟੀ ਦੇ ਆਪਣੇ ਪੁਲੀਸ ਬੋਰਡ ਦੀ ਸਥਾਪਨਾ ਦਾ ਮਤਾ ਕੌਂਸਲ ਵਲੋਂ ਨਵੰਬਰ 2018 ‘ਚ ਪਾਸ ਕਰਨ ਤੋਂ ਬਾਦ ਪੁਲੀਸ ਬੋਰਡ ਸਥਾਪਤ ਹੋਇਆ ਸੀ, ਪਰ 2022 ’ਚ ਨਵੀਂ ਮੇਅਰ ਬਰੈਂਡਾ ਲੌਕ ਵਲੋਂ ਕੇਂਦਰੀ ਪੁਲੀਸ ਦੇ ਹੱਕ ਵਿੱਚ ਡਟਣ ਕਾਰਨ, ਲੋਕਾਂ ਦੀ ਇਸ ਮੰਗ ਨੂੰ ਕਈ ਕਨੂੰਨੀ ਲ਼ੜਾਈਆਂ ਤੇ ਝੰਜਟਾਂ ਨਾਲ ਸਿੱਝਣਾ ਪਿਆ। ਸੂਬਾਈ ਸਰਕਾਰ ਦਾ ਸਰੀ ਪੁਲੀਸ ਦੇ ਹੱਕ ਵਿੱਚ ਖੜਨਾ ਕਾਰਗਰ ਸਾਬਤ ਹੋਇਆ ਤੇ ਸੁਪਰੀਮ ਕੋਰਟ ਵਲੋਂ ਫੈਸਲਾ ਸਰੀ ਪੁਲੀਸ ਦੀ ਸਥਾਪਨਾ ਦੇ ਹੱਕ ਵਿੱਚ ਦੇਣ ਨਾਲ ਇਸ ਉੱਤੇ ਪੱਕੀ ਮੋਹਰ ਲੱਗ ਗਈ। ਦੱਸਣਯੋਗ ਹੈ ਕਿ ਕੈਨੇਡਾ ਵਿੱਚ ਪੁਲੀਸ ਤਾਇਨਾਤੀ ਤੇ ਖਰਚ ਮਿਉਂਸਪੈਲਿਟੀਆ ਦੇ ਜਿੰਮੇ ਹੈ।

ਸਾਂਝਾ ਕਰੋ

ਪੜ੍ਹੋ