February 20, 2025

ਬੁੱਧ ਬਾਣ/ਕੁਰਸੀ ਦੀ ਭੁੱਖ/ਬੁੱਧ ਸਿੰਘ ਨੀਲੋਂ

ਕੁਰਸੀ ਕੋਈ ਵੀ ਹੋਵੇ, ਉਸ ਉਪਰ ਬੈਠਾ ਬੰਦਾ ਉਸਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ। ਪਿਛਲੇ ਸਮਿਆਂ ਵਿੱਚ ਤੁਸੀਂ ਦੇਖਿਆ ਹੈ ਕਿ ਸੁਖਬੀਰ ਬਾਦਲ ਨੂੰ, ਕੈਪਟਨ ਅਮਰਿੰਦਰ ਨੂੰ ਕੁਰਸੀ ਤੋਂ ਲਾਉਣ ਲਈ ਕੀ ਕੁੱਝ ਹੋਇਆ ਹੈ। ਆਮ ਆਦਮੀ ਪਾਰਟੀ ਵਿੱਚ ਕੁਰਸੀ ਯੁੱਧ ਚੱਲ ਰਿਹਾ ਹੈ। ਇਵੇਂ ਹੀ ਪੰਜਾਬ ਕਾਂਗਰਸ ਪਾਰਟੀ ਦੇ ਵਿੱਚ ਪ੍ਰਧਾਨ ਬਦਲਣ ਦੀਆਂ ਕਨਸੋਆਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਸਦੀ ਜੁੰਡਲੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਹੋਈ ਹੈ। ਉਹਨਾਂ ਦੇ ਦਿੱਲੀ ਮਾਡਲ ਨੂੰ ਦਿੱਲੀ ਦੇ ਲੋਕਾਂ ਨੇ ਨਿਕਾਰ ਦਿੱਤਾ ਹੈ। ਉਹਨਾਂ ਨੇ ਪੰਜਾਬ ਦੇ ਪਹਿਲਾਂ ਹੀ ਦਬਦਬਾ ਬਣਾਇਆ ਹੋਇਆ ਹੈ। ਕੇਜਰੀਵਾਲ ਨੇ ਆਪਣੇ ਪੁਰਜ਼ੇ ਪਹਿਲਾਂ ਹੀ ਪੰਜਾਬ ਸਰਕਾਰ ਵਿੱਚ ਫਿੱਟ ਕੀਤੇ ਹੋਏ ਹਨ। ਪੰਜਾਬ ਦਾ ਖਜ਼ਾਨਾ ਧਾੜਵੀਆਂ ਵਾਂਗ ਲੁੱਟਿਆ ਜਾ ਰਿਹਾ ਹੈ। ਭਗਵੰਤ ਮਾਨ ਸਭ ਕੁੱਝ ਦੇਖਦਾ ਤੇ ਸਮਝਦਾ ਹੋਇਆ ਵੀ ਚੁੱਪ ਹੈ। ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੇ ਨਾਮ ਨੂੰ ਵੋਟਾਂ ਪਾਈਆਂ ਸਨ। ਕੇਜਰੀਵਾਲ ਨੂੰ ਕੋਈ ਨਹੀਂ ਜਾਣਦਾ ਸੀ, ਨਾ ਹੀ ਪੰਜਾਬ ਦੇ ਲੋਕ ਦੂਜਿਆਂ ਦੇ ਕਬਜ਼ੇ ਵਿੱਚ ਰਹਿੰਦੇ ਹਨ। ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਕੋਲ ਕਿਹੜੀਆਂ ਕਮਜ਼ੋਰੀਆਂ ਹਨ, ਜਿਹਨਾਂ ਨੇ ਉਸਨੂੰ ਗੂੰਗਾ ਬਣਾਇਆ ਹੋਇਆ ਹੈ? ਲੋਕ ਇਸਨੂੰ ਲੈ ਕੇ ਮਗ਼ਜ਼ ਖਪਾਈ ਕਰਨ ਲੱਗੇ ਹੋਏ ਹਨ। ਕੁੰਭ ਮੇਲੇ ਵਿੱਚ ਗੁਰਸਿੱਖ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਅਮਨ ਅਰੋੜਾ, ਕੈਬਨਿਟ ਮੰਤਰੀ ਪੰਜਾਬ ਤੇ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਤੇ ਆਨੰਦਪੁਰ ਸਾਹਿਬ ਵਾਲਾ ਕੈਬਨਿਟ ਮੰਤਰੀ ਹੁਣ ਇਸ਼ਨਾਨ ਕਰਕੇ ਆਏ ਹਨ। ਜਿਵੇਂ ਕਿਸੇ ਪੰਡਿਤ ਦੇ ਕਹਿਣ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕੱਟਾ ਦਾਨ ਕੀਤਾ ਸੀ, ਉਵੇਂ ਇਹਨਾਂ ਨੂੰ ਕਿਸੇ ਨੇ ਆਖਿਆ ਹੈ ਕਿ ਤੁਸੀਂ ਗੰਗਾ ਇਸ਼ਨਾਨ ਕਰਕੇ ਆਓ, ਤੁਹਾਡੇ ਭਾਗ ਕੋਟਕਪੂਰਾ ਦੇ ਫਾਟਕ ਵਾਂਗ ਖੁੱਲ੍ਹ ਸਕਦੇ ਹਨ। ਜਿਵੇਂ ਉਥੇ ਹੁਣ ਪੁਲ ਬਣਿਆ ਹੋਇਆ ਹੈ ਪਹਿਲਾਂ ਇਹ ਫਾਟਕ ਗਰੀਬ ਲੋਕਾਂ ਦੀ ਕਿਸਮਤ ਵਾਂਗ ਬੰਦ ਰਹਿੰਦਾ ਸੀ। ਸਿਆਸਤ ਵਿੱਚ ਕਦੋਂ ਫਾਟਕ ਖੁੱਲ੍ਹ ਜਾਵੇ, ਇਸ ਦਾ ਪਤਾ ਨਹੀਂ ਲੱਗਦਾ। ਸਿਆਸਤ ਬਾਥਰੂਮ ਵਿੱਚ ਹਾਲਤ ਸਾਬਣ ਦੀ ਕਿੱਟੀ ਵਰਗੀ ਹੁੰਦੀ ਹੈ। ਕੋਈ ਪਤਾ ਨਹੀਂ ਕਦੋਂ ਬੰਦਾ ਟਿੱਕੀ ਤੋਂ ਤਿਲਕ ਜਾਵੇ। ਜਿਵੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਿਲਕਿਆ ਹੈ। ਉਹ ਸੁਖਬੀਰ ਬਾਦਲ ਨੂੰ ਬਚਾਉਣ ਦੇ ਚੱਕਰ ਵਿੱਚ ਫਸ ਗਿਆ। ਉਸਦੀ ਮਾਨਸਿਕ ਹਾਲਤ ਕੀ ਹੋਵੇਗੀ ਇਹ ਤਾਂ ਪਤਾ ਨਹੀਂ, ਪਰ ਉਸਦੀ ਜ਼ਮੀਰ ਉਸਨੂੰ ਬਹੁਤ ਲਾਹਨਤਾਂ ਪਾਉਣ ਲੱਗੀ ਹੋਈ ਹੈ। ਉਸਨੂੰ ਨੀਂਦ ਨਹੀਂ ਆਉਂਦੀ ਤੇ ਚੈਨ ਨਹੀਂ ਆਉਂਦਾ। ਕੁਰਸੀ ਦੇ ਯੁੱਧ ਵਿਚ ਬਹੁਤ ਕੁੱਝ ਦਾਅ ਤੇ ਲੱਗ ਜਾਂਦਾ ਹੈ। ਕੁਰਸੀ ਖਾਤਿਰ ਸਿਆਸੀ ਆਗੂ ਕੀ ਕੀ ਕਰਦਾ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ। ਆਮ ਆਦਮੀ ਪਾਰਟੀ ਦੀ ਹਾਲਤ ਇੱਕ ਅਨਾਰ ਸੌ ਬੀਮਾਰ ਵਾਲੀ ਬਣੀ ਹੋਈ ਹੈ। ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਸ਼ੁਰੂ ਵਿੱਚ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਰਗੜਿਆ ਗਿਆ। ਵਿਜੀਲੈਂਸ ਬਿਊਰੋ ਦਾ ਡਾਇਰੈਕਟਰ ਬਦਲਿਆ ਗਿਆ। ਪੰਜਾਬ ਪੁਲਿਸ ਵੱਲੋਂ 52 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਘਰ ਤੋਰ ਦਿੱਤਾ ਹੈ। ਅਜੇ ਵੱਡੇ ਮਗਰਮੱਛ ਦਨਦਨਾਉਂਦੇ ਫਿਰਦੇ ਹਨ। ਕਿਹੜੇ ਕਿਹੜੇ ਮਹਿਕਮੇ ਵਿਚ ਭ੍ਰਿਸ਼ਟਾਚਾਰ ਨਹੀਂ, ਇਹ ਕਹਿਣਾ ਮੁਸ਼ਕਲ ਹੈ। ਹਰ ਸਰਕਾਰੀ ਮਹਿਕਮਾ ਇੱਕ ਦੂਜੇ ਤੋਂ ਅੱਗੇ ਜਾ ਰਿਹਾ ਹੈ। ਮਾਲ ਵਿਭਾਗ ਰਜਿਸਟਰੀਆਂ ਕਰਾਉਣ ਲਈ ਮੋਟੀਆਂ ਰਕਮਾਂ ਵਸੂਲ ਕਰ ਰਿਹਾ। ਫਿਲੋਰ ਦੀ ਤਹਿਸੀਲ ਦੀ ਇਸ ਸਮੇਂ ਝੰਡੀ ਹੈ। ਹੁਣ ਝੰਡਾ ਸਿੰਘ ਇਸ ਦਲਦਲ ਵਿਚੋਂ ਲੋਕਾਂ ਨੂੰ ਕਿਵੇਂ ਕੱਢਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇਸ ਸਮੇਂ ਕੁੰਭ ਦੇ ਮੇਲੇ ਵਿੱਚ ਇਸ਼ਨਾਨ ਕਰਕੇ ਮੁੜੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚਰਚਾ ਚੱਲ ਰਹੀ ਹੈ। ਕੁਰਸੀ ਯੁੱਧ ਚੱਲ ਰਿਹਾ ਹੈ। ਬੁੱਧ ਸਿੰਘ ਨੀਲੋਂ 9464370823

ਬੁੱਧ ਬਾਣ/ਕੁਰਸੀ ਦੀ ਭੁੱਖ/ਬੁੱਧ ਸਿੰਘ ਨੀਲੋਂ Read More »

ਸੁੱਚੇ ਜਲ ਵਾਲੀ ਪੀੜ੍ਹੀ/ਕੁਲਮਿੰਦਰ ਕੌਰ

ਦੇਸ਼ ਦੀ ਅਜ਼ਾਦੀ ਤੋਂ ਬਾਅਦ ਦਸ-ਪੰਦਰਾਂ ਸਾਲ ਦੇ ਅੰਦਰ ਜਨਮੇ ਅਸੀਂ ਸਾਰੇ ਬਾਸ਼ਿੰਦੇ ਇਸ ਵਿਲੱਖਣ ਪੀੜ੍ਹੀ ’ਚ ਸ਼ਾਮਿਲ ਹਾਂ। ਬਰਤਾਨਵੀ ਹਕੂਮਤ ਤੋਂ ਆਜ਼ਾਦ ਹੋਣ ਦੀ ਖ਼ੁਸ਼ੀ ਦੇ ਨਾਲ ਹੀ ਦੇਸ਼ ਦੀ ਵੰਡ ਦਾ ਸੰਤਾਪ ਖੜ੍ਹਾ ਸੀ। ਲੱਖਾਂ ਬੇਦੋਸ਼ੇ ਲੋਕ ਨਿਹੱਥੇ ਮਾਰੇ ਗਏ ਤੇ ਕਰੋੜਾਂ ਦੇ ਕਰੀਬ ਪੰਜਾਬੀਆਂ ਨੇ ਉਜਾੜਾ ਹੱਡੀਂ ਹੰਢਾਇਆ। ਅੰਮ੍ਰਿਤਾ ਪ੍ਰੀਤਮ ਨੇ ਵੀ ਕੰਬਦੀ ਕਲਮ ਨਾਲ ਨਜ਼ਮ ਦੇ ਰੂਪ ’ਚ ਪੰਜਾਬੀਆਂ ਦੇ ਕਤਲੇਆਮ ਤੇ ਧੀਆਂ ਨਾਲ ਜਬਰ ਜਨਾਹ ਦੀ ਕਹਾਣੀ ਨੂੰ ਉਭਾਰਿਆ, ਜਿਸ ਦੇ ਬੋਲ ‘ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ’ ਹਰ ਪੰਜਾਬੀ ਦੇ ਮਨ ਨੂੰ ਧੂਹ ਪਾਉਂਦੇ ਹਨ। ਅਸੀਂ ਉੱਚੀ ਸੁਰ ’ਚ ਅਜਿਹੀਆਂ ਨਜ਼ਮਾਂ, ਦੇਸ਼ਭਗਤੀ ਦੇ ਗੀਤ ਤੇ ਕਵਿਤਾਵਾਂ ਅਕਸਰ ਹੀ ਗਾਉਂਦੇ ਅਤੇ ਇਨਾਮ ਹਾਸਲ ਕਰਕੇ ਉਤਸ਼ਾਹਿਤ ਹੁੰਦੇ। ਵੱਡੇ ਹੋਏ ਤਾਂ ਸਮਾਜ ਨੂੰ ਬਦਲਣ ਦਾ ਜਜ਼ਬਾ ਬਹੁਤ ਨੌਜਵਾਨਾਂ ਵਿੱਚ ਵਿਖਾਈ ਦਿੰਦਾ। ਪੰਜਾਬ ਵਿੱਚ ਆਈ ਖੜੋਤ ਦੌਰਾਨ ਅਸੀਂ ਫਿਰ ਪੈਰਾਂ ਸਿਰ ਖੜ੍ਹੇ ਹੋਣਾ ਸ਼ੁਰੂ ਕੀਤਾ। ਅੱਜ ਦੇ ਵਿਗਿਆਨਕ ਤੇ ਤਕਨੀਕੀ ਯੁੱਗ ਤੱਕ ਅੱਪੜਦਿਆਂ ਲੰਮਾ ਪੈਂਡਾ ਤੈਅ ਕਰਨਾ ਪਿਆ ਹੈ। ਅਸੀਂ ਵੀ ਕਦਮ-ਦਰ-ਕਦਮ ਅੱਗੇ ਵਧਦੇ ਰਹੇ ਹਾਂ। ਉਹ ਤਾਂ ਜਦੋਂ ਯਾਦਾਂ ਦੇ ਚਿਤਰਪਟ ਨੂੰ ਉਧੇੜਦੇ ਹਾਂ ਤਾਂ ਲੰਘਿਆ ਸਮਾਂ ਸਾਹਮਣੇ ਆਣ ਖਲੋਂਦਾ ਹੈ। ਸਾਡੀ ਜੀਵਨ ਸ਼ੈਲੀ ਬੜੀ ਸਾਦਗੀ ਭਰਪੂਰ ਸੀ। ਅਸੀਂ ਬਿਨਾਂ ਕਿਸੇ ਤੌਖ਼ਲੇ ਦੇ ਪ੍ਰਦੂਸ਼ਣ ਰਹਿਤ ਪਾਣੀ ਖੂਹਾਂ, ਖਾਲਾਂ, ਨਲਕਿਆਂ ਤੇ ਟੂਟੀਆਂ ਤੋਂ ਬੁੱਕਾਂ ਭਰ-ਭਰ ਪੀਂਦੇ ਤੇ ਉਚਾਰਣ ਕਰਦੇ, ‘‘ਰੱਬ ਨਾਲੋਂ ਕੋਈ ਉੱਚਾ ਨਹੀਂ ਤੇ ਜਲ ਨਾਲੋਂ ਕੁਝ ਸੁੱਚਾ ਨਹੀਂ।” ਮਿਲਾਵਟੀ ਭੋਜਨ, ਫਲ, ਸਬਜ਼ੀਆਂ ਦੀ ਬਜਾਏ ਅਸੀਂ ਸ਼ੁੱਧ ਦੁੱਧ, ਦਹੀਂ, ਲੱਸੀ ਤੇ ਖੁਰਾਕੀ ਤੱਤਾਂ ਨਾਲ ਭਰਪੂਰ ਭੋਜਨ ਹੀ ਖਾਂਦੇ ਰਹੇ ਹਾਂ। ਅਸੀਂ ਆਖ਼ਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਧੇਲਾ, ਟਕਾ, ਆਨਾ, ਦੁਆਨੀ, ਛਟਾਂਕ, ਸੇਰ, ਮਣ ਆਦਿ ਦੀ ਵਰਤੋਂ ਕੀਤੀ। ਸੁੱਖ-ਸੁਨੇਹੇ ਜਾਂ ਸੁੱਖ-ਸਾਂਦ ਪੁੱਛਣ ਲਈ ਸਾਡਾ ਵਾਹ ਪੋਸਟਕਾਰਡ, ਟੈਲੀਗਰਾਮ, ਇਨਲੈਂਡ ਤੇ ਐਨਵੈਲਪ ਪੱਤਰਾਂ ਨਾਲ ਪਿਆ। ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ, ਜੇਕਰ ਪੋਸਟ ਕਾਰਡ ਨਾਲ ਕੰਮ ਸਰਦਾ ਹੈ ਤਾਂ ਮਹਿੰਗੇ ਪੱਤਰ ਕਿਉਂ। ਸੰਜਮੀ ਤੇ ਕਿਰਸੀ ਸੁਭਾਅ ਹਰ ਕਿਸੇ ਕੋਲ ਸੀ। ਸ਼ਾਇਦ ਇਹ ਇੱਕ ਵਜ੍ਹਾ ਰਹੀ ਜਿਸ ਨੇ ਸੀਮਤ ਸਾਧਨ ਹੁੰਦੇ ਹੋਏ ਵੀ ਸਾਨੂੰ ਆਧੁਨਿਕ ਯੁੱਗ ਵਿੱਚ ਵਿਚਰਨ ਦੇ ਯੋਗ ਬਣਾ ਹੀ ਦਿੱਤਾ। ਅੱਜ ਅਸੀਂ ਵੀ ਇੰਟਰਨੈੱਟ ਤੇ ਸ਼ੋਸਲ ਮੀਡੀਆ ’ਤੇ ਕਾਬਜ਼ ਹੋ ਗਏ ਹਾਂ। ਪਿੰਡ ਤੋਂ ਤਿੰਨ ਮੀਲ ਦੂਰ ਸ਼ਹਿਰ ’ਚ ਮੈਂ ਅੱਠਵੀਂ ਕੀਤੀ। ਰੇਤ ਤੇ ਧੱਦਲ ਭਰੇ ਰਾਹ ’ਤੇ ਤੁਰਨਾ ਪੈਂਦਾ। ਰਸਤੇ ’ਚ ਇੱਕ ਰੋਹੀ ਪਾਰ ਕਰਨੀ ਪੈਂਦੀ। ਬਰਸਾਤੀ ਦਿਨਾਂ ’ਚ ਹੜ੍ਹ ਵਰਗੀ ਸਥਿਤੀ ਹੁੰਦੀ ਤਾਂ ਅਸੀਂ ਸਿਰ ’ਤੇ ਬਸਤਾ ਰੱਖ ਕੇ ‘ਪੇਮੀ ਦੇ ਨਿਆਣੇ’ ਕਹਾਣੀ ਦੇ ਪਾਤਰਾਂ ਵਾਂਗ ਰੱਬ ਨੂੰ ਯਾਦ ਕਰਦੇ ਹੋਏ ਪਾਰ ਲੰਘਦੇ। ਹੁਣ ਅਸੀਂ ਖ਼ੁਸ਼ ਹਾਂ ਕਿ ਸਾਡੇ ਪੋਤੇ-ਪੋਤੀਆਂ ਏ.ਸੀ. ਬੱਸਾਂ ਰਾਹੀਂ ਸਕੂਲ ਜਾਂਦੇ ਤੇ ਉੱਥੇ ਏ.ਸੀ. ਕਮਰਿਆਂ ’ਚ ਮੇਜ਼-ਕੁਰਸੀਆਂ ’ਤੇ ਬੈਠ ਕੇ ਪੜ੍ਹਦੇ ਹਨ। ਅਸੀਂ ਉਹ ਆਖ਼ਰੀ ਪੀੜ੍ਹੀ ਹਾਂ ਜਿਨ੍ਹਾਂ ਫੱਟੀਆਂ ਤੇ ਸਲੇਟ ਦੀ ਵਰਤੋਂ ਕੀਤੀ। ਬਜ਼ੁਰਗਾਂ ਤੋਂ ਬਾਤਾਂ, ਚੁਟਕਲੇ ਸੁਣਨਾ ਤੇ ਖੇਡਣਾ ਹੀ ਸਾਡੇ ਮਨੋਰੰਜਨ ਦੇ ਸਾਧਨ ਸਨ। ਹੁਣ ਤਾਂ ਬੱਸ ਮੋਬਾਈਲ ਜਾਂ ਟੀਵੀ ਹੀ ਰਹਿ ਗਏ ਹਨ। ਕਈ ਸ਼ਹਿਰਾਂ ’ਚ ਚੋਰ ਬਾਜ਼ਾਰ ਦੇ ਨਾਂ ’ਤੇ ਵਿਦੇਸ਼ੀ ਵਸਤਾਂ ਦੀ ਮਾਰਕੀਟ ਲੱਗਦੀ ਤੇ ਅਸੀਂ ਉਚੇਚੇ ਤੌਰ ’ਤੇ ਪਹੁੰਚਦੇ। ਅੱਜਕੱਲ੍ਹ ਹਰ ਸਟੋਰ ’ਤੇ ਬਰੈਂਡਡ ਵਸਤਾਂ ਮਿਲਦੀਆਂ ਹਨ, ਪਰ ਹੁਣ ਕੋਈ ਖ਼ਾਹਿਸ਼ ਹੀ ਨਹੀਂ ਰਹੀ। ਇਹ ਸਭ ਪੁਰਾਣੀਆਂ ਯਾਦਾਂ ਦਾ ਖ਼ਜ਼ਾਨਾ ਸਾਡੇ ਨਾਲ ਹੀ ਸਿਮਟ ਜਾਵੇਗਾ, ਜੋ ਆਖ਼ਰੀ ਵੇਲੇ ਵੀ ਸਾਨੂੰ ਸਕੂਨ ਦੇ ਪਲ ਦੇਵੇਗਾ। ਅਸੀਂ ਵੱਡੇ ਤੇ ਸਾਂਝੇ ਪਰਿਵਾਰਾਂ ’ਚ ਭੈਣ-ਭਰਾਵਾਂ ਨਾਲ ਰਹਿੰਦੇ ਅਤੇ ਹੁਣ ਇੱਕ ਜਾਂ ਦੋ ਬੱਚਿਆਂ ਦੇ ਪਰਿਵਾਰ ਨਾਲ ਵੀ ਸਹਿਜ ਹਾਂ। ਅਸੀਂ ਆਖ਼ਰੀ ਪੀੜ੍ਹੀ ਹੋਵਾਂਗੇ ਜੋ ਆਪਣੇ ਬਜ਼ੁਰਗਾਂ, ਮਾਂ-ਬਾਪ ਤੇ ਖ਼ਾਸਕਰ ਪਿਤਾ ਤੋਂ ਬਹੁਤ ਡਰਦੇ ਸਾਂ। ਪਰ ਅੱਜ ਬੱਚਿਆਂ ਦਾ ਵਰਤਾਰਾ ਵੇਖ ਕੇ ਬੇਚੈਨ ਤੇ ਫ਼ਿਕਰਮੰਦ ਜ਼ਰੂਰ ਹੋ ਜਾਈਦਾ ਹੈ। ਹੁਣ ਬੱਚੇ ਪਦਾਰਥਵਾਦੀ ਹਨ ਤੇ ਸਾਨੂੰ ਬਦਲਦੇ ਹਾਲਾਤ ਅਨੁਸਾਰ ਬਦਲਣ ਲਈ ਨਸੀਹਤਾਂ ਦਿੰਦੇ ਹਨ। ਟੀ.ਵੀ. ’ਤੇ ਚੱਲ ਰਹੇ ਸੰਗੀਤ ਮੁਕਾਬਲੇ ਪ੍ਰੋਗਰਾਮ ’ਚ ਇੱਕ ਫਿਲਮੀ ਕਲਾਕਾਰ ਦੀ ਜ਼ੁਬਾਨੀ ਸੁਣੇ ਬੋਲ ਹਨ ਜੋ ਮੈਂ ਸਾਂਝੇ ਕਰਨਾ ਚਾਹੁੰਦੀ ਹਾਂ: ਬਚਪਨ ’ਚ ਗ਼ਰੀਬ ਸਾਂ ਤਾਂ ਇੱਕ ਕਮਰੇ ’ਚ ਸਾਰਾ ਪਰਿਵਾਰ ਰਹਿੰਦੇ। ਰਾਤ ਨੂੰ ਮੈਨੂੰ ਖੰਘ ਆਉਂਦੀ ਤਾਂ ਮਾਂ ਉੱਠ ਕੇ ਮੇਰੇ ਮੂੰਹ ਵਿੱਚ ਸ਼ਹਿਦ ਪਾ ਦਿੰਦੀ। ਹੁਣ ਸਭ ਦੇ ਵੱਖਰੇ ਕਮਰੇ ਹੋ ਗਏ ਹਨ। ਇੱਕ ਰਾਤ ਨਾਲ ਦੇ ਕਮਰੇ ’ਚ ਪਈ ਮਾਂ ਨੂੰ ਦਿਲ ਦਾ ਦੌਰਾ ਪੈ ਗਿਆ। ਮੈਨੂੰ ਦੁੱਖ ਹੈ ਕਿ ਉਸ ਨੇ ਆਵਾਜ਼ ਤਾਂ ਦਿੱਤੀ ਹੋਵੇਗੀ, ਪਰ ਮੈਨੂੰ ਸੁਣੀ ਨਹੀਂ। ਇਹ ਵਾਰਤਾ ਅੱਜ ਦੇ ਪਦਾਰਥਵਾਦੀ ਤੇ ਆਧੁਨਿਕ ਯੁੱਗ ਵਿੱਚ ਸਾਡੀ ਪੀੜ੍ਹੀ ਦੇ ਹਾਲਾਤ ਦੀ ਹਕੀਕਤ ਬਿਆਨ ਕਰਦੀ ਹੈ। ਅਸੀਂ ਵੀ ਖ਼ਾਹਿਸ਼ਾਂ ਤੇ ਸੁਫਨੇ ਲੈਣੇ ਤਿਆਗ ਕੇ ਹਕੀਕਤ ਨੂੰ ਅਪਨਾਉਣ ਦੀ ਕੋਸ਼ਿਸ਼ ’ਚ ਹਾਂ। ਇਹ ਵੀ ਸੱਚ ਹੈ ਕਿ ਸਾਡੀ ਪੀੜ੍ਹੀ ਹੁਣ ਬਹੁਤ ਵੱਡੇ ਸੁਫਨੇ ਲੈਣ ਦੇ ਸਮਰੱਥ ਨਹੀਂ ਰਹੀ।

ਸੁੱਚੇ ਜਲ ਵਾਲੀ ਪੀੜ੍ਹੀ/ਕੁਲਮਿੰਦਰ ਕੌਰ Read More »

ਅਕਾਲ ਤਖ਼ਤ ਦੀ ਰਾਖੀ ਦਾ ਸਮਾਂ/ਕਿਰਨਜੀਤ ਕੌਰ

ਮੀਰੀ-ਪੀਰੀ ਸਿੱਖ ਫਿਲਾਸਫ਼ੀ ਦਾ ਇੱਕ ਕੇਂਦਰੀ ਸਿਧਾਂਤ ਬਣਿਆ ਹੋਇਆ ਹੈ। ਇਸ ਦਾ ਅਰਥ ਹੈ ਕਿ ਨਿੱਤਕਰਮ ਕਰਦੇ ਹੋਇਆਂ ਰੱਬੀ ਚੇਤਨਾ ਨਾਲ ਵਿਚਰਨਾ। ਇਸ ਸਦਕਾ ਕਿਸੇ ਇਨਸਾਨ ਨੂੰ ਹਰੇਕ ਸ਼ੈਅ ਵਿੱਚ ਰੱਬੀ ਜੋਤ ਨਜ਼ਰ ਆਉਂਦੀ ਹੈ ਅਤੇ ਆਪਣਾ ਰੱਬੀ ਫ਼ਰਜ਼ ਸਮਝਦੇ ਹੋਏ ਹੀ ਉਹ ਕਿਸੇ ਲੋੜਵੰਦ ਦੀ ਮਦਦ ਕਰਨ ਬਹੁੜਦਾ ਹੈ। ਇਸ ਦਾ ਮੰਨਣਾ ਹੈ ਕਿ ਕੋਈ ਸ਼ਾਸਕ ਆਪਣੇ ਦੁਨਿਆਵੀ ਫ਼ਰਜ਼ਾਂ ਨੂੰ ਰੂਹਾਨੀ ਅਤੇ ਇਖ਼ਲਾਕੀ ਕਦਰਾਂ ਕੀਮਤਾਂ ਮੁਤਾਬਿਕ ਨਿਭਾਉਣ ਦਾ ਪਾਬੰਦ ਹੁੰਦਾ ਹੈ। ਇਹ ਨਿੱਜੀ ਸਿਆਸੀ ਗਰਜ਼ਾਂ ਲਈ ਧਾਰਮਿਕ ਸੰਸਥਾਵਾਂ ਦੀ ਵਰਤੋਂ ਕਰਨ ਦੀ ਖੁੱਲ੍ਹ ਹਰਗਿਜ਼ ਨਹੀਂ ਦਿੰਦਾ। ਸਿੱਖਾਂ ਦੇ ਇਤਿਹਾਸ ’ਤੇ ਪਿੱਛਲਝਾਤ ਮਾਰਦਿਆਂ ਪਤਾ ਲਗਦਾ ਹੈ ਕਿ ਜਦੋਂ ਆਪੋ ਵਿੱਚ ਵੈਰ-ਵਿਰੋਧ ਪਾਲਣ ਵਾਲੇ ਸਿੱਖਾਂ ਨੂੰ ਕਿਸੇ ਬਾਹਰੀ ਦੁਸ਼ਮਣ ਦਾ ਖ਼ਤਰਾ ਦਰਪੇਸ਼ ਹੁੰਦਾ ਸੀ ਤਾਂ ਉਸ ਵਕਤ ਅਕਾਲ ਤਖ਼ਤ ਉਨ੍ਹਾਂ ਲਈ ਇਕਜੁੱਟਤਾ ਦਾ ਕੇਂਦਰ ਬਣ ਜਾਂਦਾ ਸੀ ਜਿੱਥੇ ਆ ਕੇ ਉਹ ‘ਗੁਰੂ ਖ਼ਾਲਸਾ ਪੰਥ’ ਦੇ ਝੰਡੇ ਹੇਠ ਇੱਕ ਹੋ ਜਾਂਦੇ ਸਨ। ਅਠ੍ਹਾਰਵੀਂ ਸਦੀ ਵਿੱਚ ਸਿੱਖ ਛੋਟੇ-ਛੋਟੇ ਜਥਿਆਂ ਵਿੱਚ ਵੰਡੇ ਹੋਏ ਸਨ, ਜੋ ਆਪੋ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪਣੇ ਰਾਜ ਦੀ ਮਜ਼ਬੂਤੀ ਲਈ ਕਈ ਛੋਟੇ ਸਰਦਾਰਾਂ ਨਾਲ ਲੜਾਈਆਂ ਲੜਨੀਆਂ ਪਈਆਂ ਸਨ। ਪਰ ਕੋਈ ਵੀ ਸਿੱਖ ਸਰਦਾਰ ਆਪਣੇ ਮਤਭੇਦ ਸੁਲਝਾਉਣ ਲਈ ਅਕਾਲ ਤਖ਼ਤ ਦੇ ਦਖ਼ਲ ਦੀ ਅਪੀਲ ਕਰਨ ਲਈ ਨਹੀਂ ਜਾਂਦਾ ਸੀ। ਸਗੋਂ ਉਹ ਸਮੁੱਚੇ ਸਿੱਖ ਭਾਈਚਾਰੇ ਨੂੰ ਅਸਰਅੰਦਾਜ਼ ਕਰਨ ਵਾਲੇ ਮੁੱਦਿਆਂ ’ਤੇ ਸਰਬੱਤ ਖਾਲਸਾ ਸੱਦਦੇ ਸਨ ਅਤੇ ਅਕਾਲ ਤਖ਼ਤ ’ਤੇ ਹੋਣ ਵਾਲੀ ਇਕੱਤਰਤਾ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਨਿੱਜੀ ਝਗੜੇ ਨਿਬੇੜ ਲੈਂਦੇ ਸਨ। ਵੱਖ-ਵੱਖ ਵਿਰੋਧੀ ਵਿਚਾਰਾਂ ਵਾਲੀਆਂ ਪਾਰਟੀਆਂ ਵਿਚਕਾਰ ਮਤਭੇਦ ਸੁਲਝਾਉਣ ਅਤੇ ਸੁਲ੍ਹਾ ਕਰਾਉਣ ਲਈ ਅਕਾਲ ਤਖ਼ਤ ਦੇ ਦਖ਼ਲ ਦੀ ਮੰਗ ਦਾ ਵਰਤਾਰਾ 1970ਵਿਆਂ ਦੇ ਅਖ਼ੀਰ ਤੋਂ ਸ਼ੁਰੂ ਹੋਇਆ ਸੀ। ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਲਈ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ 10 ਅਕਤੂਬਰ, 1979 ਨੂੰ ਵੱਖੋ-ਵੱਖਰੀਆਂ ਮੀਟਿੰਗਾਂ ਬੁਲਾਈਆਂ ਗਈਆਂ ਸਨ। ਉਨ੍ਹਾਂ ਦੋਵਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਏਕਤਾ ਕਰਾਉਣ ਲਈ ਦਖ਼ਲ ਦੇਣ ਵਾਸਤੇ ਆਪਣੇ ਅਸਤੀਫ਼ੇ ਸੌਂਪ ਦਿੱਤੇ ਸਨ। ਉਸ ਵੇਲੇ ਉਨ੍ਹਾਂ ਦੇ ਅਸਤੀਫ਼ੇ ਵਾਪਸ ਭੇਜ ਦਿੱਤੇ ਗਏ ਸਨ। ‘ਪੰਥਕ ਟਿਕਟ’ ’ਤੇ ਚੋਣ ਲੜਨ ਵਾਲੇ ਵਿਧਾਇਕਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਮਾਇਤ ਕਰਨ ਲਈ ਆਖਿਆ ਗਿਆ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠਲੀ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੂੰ ਦੂਜੀਆਂ ਸਿਆਸੀ ਪਾਰਟੀਆਂ ਨਾਲ ਲੈ-ਦੇ ਕਰਨ ਅਤੇ ਪਾਰਟੀ ਉਮੀਦਵਾਰਾਂ ਦੀ ਚੋਣ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ। ਪਰ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਜੀਵਨ ਸਿੰਘ ਉਮਰਾਨੰਗਲ ਨੇ ਅਜਨਾਲਾ ਵਿੱਚ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਦਾ ਐਲਾਨ ਕਰ ਦਿੱਤਾ। ਅਕਾਲ ਤਖ਼ਤ ਵੱਲੋਂ ਉਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਅਤੇ ਉਸ ਨੇ ਨਵੰਬਰ 1979 ਵਿੱਚ ਤਖ਼ਤ ਅੱਗੇ ਪੇਸ਼ ਹੋ ਕੇ ਮੁਆਫ਼ੀ ਮੰਗੀ ਸੀ। ਇਸ ਤੋਂ ਬਾਅਦ ਅਕਾਲ ਤਖ਼ਤ ’ਤੇ ਸਿਆਸੀ ਤੌਰ ’ਤੇ ਰਸੂਖ਼ਵਾਨ ਲੋਕਾਂ ਮੁਤੱਲਕ ਸ਼ਿਕਾਇਤਾਂ ਆਉਣ ਲੱਗ ਪਈਆਂ। ਉਂਝ, 1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਇੱਕ ਨਿਰਣਾਇਕ ਮੋੜ ਆਇਆ। ਉਸ ਵੇਲੇ ਬਹੁਤ ਸਾਰੇ ਅਕਾਲੀ ਆਗੂ ਜੇਲ੍ਹ ਵਿੱਚ ਬੰਦ ਸਨ। ਸਿੱਖਾਂ ਦੇ ਮਨਾਂ ਅੰਦਰ ਆਮ ਤੌਰ ’ਤੇ ਭਾਰਤ ਸਰਕਾਰ ਅਤੇ ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖ਼ਿਲਾਫ਼ ਰੋਹ ਉਬਾਲੇ ਖਾ ਰਿਹਾ ਸੀ। ਉਸ ਸਮੇਂ ਸਿੱਖਾਂ ਨੂੰ ਅਗਵਾਈ ਦੇਣ ਲਈ ਅਕਾਲ ਤਖ਼ਤ ’ਤੇ ਪੰਜ ਪਿਆਰੇ ਅੱਗੇ ਆਏ। ਹੌਲੀ-ਹੌਲੀ ਅਕਾਲ ਤਖ਼ਤ ਨੂੰ ਸੱਤਾ ਦੀ ਲੜਾਈ ਦੇ ਇੱਕ ਔਜ਼ਾਰ ਵਿੱਚ ਬਦਲ ਦਿੱਤਾ ਗਿਆ। ਨਿੱਜੀ ਵੈਰ ਵਿਰੋਧ ਅਤੇ ਠਿੱਬੀ ਲਾ ਕੇ ਅੱਗੇ ਵਧਣ ਦੀ ਹੋੜ ਅਕਾਲ ਤਖ਼ਤ ’ਤੇ ਪੁੱਜਣ ਵਾਲੀਆਂ ਸ਼ਿਕਾਇਤਾਂ ਦਾ ਅਣਲਿਖਤ ਕੋਡ ਬਣ ਗਿਆ। ਅਦਾਲਤੀ ਤਰਜ਼ ਦੀਆਂ ਸੁਣਵਾਈਆਂ ਨਾਲ ਤਖ਼ਤ ਨੂੰ ਸਿੱਖਾਂ ਦੀ ‘ਸਰਬਉਚ ਕਚਹਿਰੀ’ ਦਾ ਨਵਾਂ ਨਾਂ ਦਿੱਤਾ ਜਾਣ ਲੱਗ ਪਿਆ। ਅੱਗੇ ਚੱਲ ਕੇ ਇਹ ਪਿਰਤ ਹੋਰ ਗਹਿਰੀ ਹੁੰਦੀ ਹੋਈ ਮੁਕਾਮੀ ਮੁੱਦਿਆਂ ਤੇ ਪੰਜਾਬ ਆਧਾਰਿਤ ਸਿਆਸੀ ਬਿਆਨਬਾਜ਼ੀਆਂ ਵਿੱਚ ਦਖ਼ਲ ਦੇਣ ਤੱਕ ਪਹੁੰਚ ਗਈ। ਜਥੇਦਾਰ ਅਤੇ ਅਕਾਲ ਤਖ਼ਤ ਦੀ ਸੰਸਥਾ ਨੂੰ ਸਮ-ਅਰਥੀ ਬਣਾ ਦਿੱਤਾ ਗਿਆ। ਜਿਵੇਂ-ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰਾਂ ਹੇਠੋਂ ਸਿਆਸੀ ਅਤੇ ਧਾਰਮਿਕ ਜ਼ਮੀਨ ਖਿਸਕਦੀ ਗਈ ਤਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਦੀ ਵਰਤੋਂ ਹੋਣ ਲੱਗ ਪਈ। ਇੱਕ ਸਮੇਂ ਤੱਕ ਧਾਰਮਿਕ ਮੁੱਦਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਝਿਆ ਜਾਂਦਾ ਸੀ ਪਰ ਫਿਰ ਇਹ ਅਕਾਲ ਤਖ਼ਤ ਦੇ ਜਥੇਦਾਰ ਦੇ ਹਵਾਲੇ ਕੀਤੇ ਜਾਣ ਲੱਗ ਪਏ। ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਕੀਤੀ ਗਈ ਬੇਅਦਬੀ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖਾਂ ਦੀ ਤਰਜਮਾਨ ਪਾਰਟੀ ਹੋਣ ਦਾ ਦਿਖਾਵਾ ਵੀ ਨਾ ਕੀਤਾ ਗਿਆ ਸੀ ਅਤੇ ਇਸ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਵਿੱਚ ਵੋਟਾਂ ਖਾਤਿਰ ਅਕਾਲ ਤਖ਼ਤ ਦੀ ਰੱਜ ਕੇ ਵਰਤੋਂ ਕੀਤੀ। ਪੰਥਕ ਰਵਾਇਤਾਂ ਨੂੰ ਤਿਲਾਂਜਲੀ ਦੇ ਦਿੱਤੀ ਗਈ ਅਤੇ ਇੱਕ ਐਸੇ ਵਿਅਕਤੀ ਨੂੰ ਮੁਆਫ਼ੀ ਦਿਵਾਈ ਗਈ ਜਿਸ ਨੇ ਆਪਣੇ ਗੁਨਾਹ ਦੀ ਮੁਆਫ਼ੀ ਵੀ ਨਹੀਂ ਮੰਗੀ ਸੀ। ਜਦੋਂ ਸਿੱਖ ਇਸ ਦੇ ਵਿਰੋਧ ’ਚ ਡਟ ਗਏ ਤਾਂ ਜਥੇਦਾਰਾਂ ਨੂੰ ‘ਹੁਕਮਨਾਮਾ’ ਵਾਪਸ ਲੈਣਾ ਪਿਆ ਸੀ ਤੇ ਇਸ ਤਰ੍ਹਾਂ ਇਸ ਸੰਸਥਾ ਦੀ ਪਵਿੱਤਰਤਾ ਨੂੰ ਖ਼ੋਰਾ ਲੱਗਿਆ। ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਚੋਣਾਂ ਵਿੱਚ ਸਿੱਖਾਂ ਅੰਦਰ ਆਪਣਾ ਆਧਾਰ ਗੁਆਉਂਦਾ ਰਿਹਾ ਅਤੇ ਅੰਤ ਨੂੰ ਇੱਕ ‘ਜ਼ਮਾਨਤ-ਜ਼ਬਤ’ ਪਾਰਟੀ ਬਣ ਕੇ ਰਹਿ ਗਿਆ। ਅਕਾਲੀਆਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਆਪਣੀ ਗਲ਼ਤੀ ਦੇ ਨਤੀਜੇ ਭੁਗਤਣੇ ਪੈ ਰਹੇ ਹਨ। ਇਸ ਲਈ ਹੋਰ ਨੁਕਸਾਨ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਵਜੋਂ ਉਹ ਅਕਾਲ ਤਖ਼ਤ ਦੇ ਪਿੱਛੇ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਗਏ ਅਤੇ ‘ਜਾਣੇ-ਅਣਜਾਣੇ’ ਵਿੱਚ ਹੋਏ ਪਾਪਾਂ ਲਈ ਮੁਆਫ਼ੀ ਮੰਗੀ ਪਰ ਇਸ ਨਾਲ ਵੀ ਕੁਝ ਨਹੀਂ ਸੰਵਰਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਦੋਂ ਅਕਾਲ ਤਖ਼ਤ ਅੱਗੇ ਪੇਸ਼ ਹੋਣਾ ਪਿਆ ਜਦੋਂ ਪਾਰਟੀ ਤੋਂ ਵੱਖ ਹੋਏ ਧੜੇ ਨੇ ਅਕਾਲ ਤਖ਼ਤ ’ਤੇ ਜਾ ਕੇ ਇਹ ਮੰਨ ਲਿਆ ਕਿ ਉਹ ਅਕਾਲੀ ਦਲ ਦੇ ਗ਼ੈਰ-ਪੰਥਕ ਫ਼ੈਸਲਿਆਂ ਦੇ ਮੌਨ ਹਮਾਇਤੀ ਰਹੇ ਸਨ ਤੇ ਉਨ੍ਹਾਂ ਨੂੰ ਮੁਆਫ ਕੀਤਾ ਜਾਵੇ। ਦੋ ਦਸੰਬਰ, 2024 ਇਤਿਹਾਸਕ ਦਿਨ ਸੀ ਜਦੋਂ ਉਹ ਵਾਪਰਿਆ ਜਿਸ ਦੀ ਉਮੀਦ ਨਹੀਂ ਕੀਤੀ ਜਾਂਦੀ ਸੀ। ਸੁਖਬੀਰ ਨੇ ਆਪਣੀਆਂ ਗ਼ਲਤੀਆਂ ਮੰਨ ਲਈਆਂ। ਆਮ ਤੌਰ ’ਤੇ ਇਹ ਮੰਨਿਆ ਗਿਆ ਕਿ ਇਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਭਾਰ ਦਾ ਮੁੱਢ ਬੰਨ੍ਹ ਦਿੱਤਾ ਹੈ। ਸੁਖਬੀਰ ਦੇ ਜ਼ਿਆਦਾਤਰ ਆਲੋਚਕ ਉਸ ਨੂੰ ਮੌਕਾ ਦੇਣ ਦੇ ਹਾਮੀ ਸਨ। ਹਾਲਾਂਕਿ ਉਸ ਨੇ ਇਹ ਮੌਕਾ ਖੁੰਝਾ ਲਿਆ, ਪਹਿਲਾਂ ‘ਤਨਖ਼ਾਹ’ ਦਾ ਤਰੀਕਾ ਚੁਣ ਕੇ ਅਤੇ ਮਗਰੋਂ ਹੁਕਮਨਾਮੇ ਨਾਲ ਸਮਝੌਤੇ ਦੀ ਕੋਸ਼ਿਸ਼ ਕਰ ਕੇ। ਜਦੋਂ ਇਹ ਸਭ ਨਾਕਾਮ ਹੋ ਗਿਆ ਤਦ ਜਥੇਦਾਰਾਂ ਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਬਣਾਉਣ ਦਾ ਸਮਾਂ ਆ ਗਿਆ। ਗਿਆਨੀ ਹਰਪ੍ਰੀਤ ਸਿੰਘ ਪਹਿਲਾ ਨਿਸ਼ਾਨਾ ਬਣੇ ਕਿਉਂਕਿ ਉਨ੍ਹਾਂ ਨੂੰ ਇਸ ਘਟਨਾਕ੍ਰਮ ਦਾ ‘ਸੂਤਰਧਾਰ’ ਸਮਝਿਆ ਗਿਆ, ਹਾਲਾਂਕਿ ਸਾਰੇ ਪੰਜ ਜਥੇਦਾਰਾਂ ਨੇ ਇਕਮੱਤ ਹੋ ਕੇ ਫ਼ੈਸਲਾ ਕੀਤਾ ਸੀ। ਫਿਰ ਤੋਂ ਸਿੱਖ ਰਵਾਇਤਾਂ ਦਾ ਅਪਮਾਨ ਹੋਇਆ। ਨਾ ਸਿਰਫ਼ ਉਨ੍ਹਾਂ ’ਤੇ ਸ਼ਰਮਨਾਕ ਇਲਜ਼ਾਮ ਲਾਏ ਗਏ, ਬਲਕਿ ਉਸ ਸਿੱਖ ਔਰਤ

ਅਕਾਲ ਤਖ਼ਤ ਦੀ ਰਾਖੀ ਦਾ ਸਮਾਂ/ਕਿਰਨਜੀਤ ਕੌਰ Read More »

ਉਜਾੜਾ ਅਤੇ ਪ੍ਰਵਾਸ ਅਤਿਅੰਤ ਪੀੜਾ ਦਾਇਕ/ਗੁਰਮੀਤ ਸਿੰਘ ਪਲਾਹੀ

ਨਿੱਤ ਦਿਹਾੜੇ ਸੈਂਕੜਿਆਂ ਦੀ ਗਿਣਤੀ ‘ਚ ਜ਼ਬਰੀ ਹੱਥਾਂ ‘ਚ ਹੱਥਕੜੀਆਂ ਪੈਰਾਂ ‘ਚ ਬੇੜੀਆਂ ਨਾਲ ਜਕੜ ਕੇ ਪ੍ਰਵਾਸੀ ਅਮਰੀਕਾ ‘ਚੋਂ ਕੱਢੇ ਜਾ ਰਹੇ ਹਨ। ਅਮਰੀਕਾ ਵਸਦੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲੱਖਾਂ ਵਿੱਚ ਹੈ। ਮੈਕਸੀਕੋ, ਭਾਰਤ ਅਤੇ ਹੋਰ ਦੇਸ਼ਾਂ ਦੇ ਵਸ਼ਿੰਦੇ ਰੁਜ਼ਗਾਰ ਅਤੇ ਚੰਗੇ ਭਵਿੱਖ ਖ਼ਾਤਰ ਏਜੰਟਾਂ ਦੇ ਢਹੇ ਚੜ੍ਹਕੇ ਅਮਰੀਕਾ ਪੁੱਜੇ, ਸਰਕਾਰੀ ਸ਼ਿਕੰਜੇ ‘ਚ ਗ਼ੈਰ-ਕਾਨੂੰਨੀ ਹੋਣ ਕਾਰਨ ਜਕੜੇ ਗਏ। ਅਮਰੀਕਾ ਦੀ ਨਵੀਂ ਹਕੂਮਤ ਆਉਣ ‘ਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਪ੍ਰਵਾਸੀਆਂ ਨੂੰ ਡਿਟੈਂਸ਼ਨ ਸੈਂਟਰ ‘ਚ ਧੱਕ ਦਿੱਤਾ ਗਿਆ, ਜਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਮੁੜ ਉਹਨਾਂ ਨੂੰ ਉੱਥੋਂ ਦੇ ਸਖ਼ਤ ਕਾਨੂੰਨ ਅਨੁਸਾਰ ਫੌਜੀ ਹਵਾਈ ਜਹਾਜ਼ਾਂ ਰਾਹੀਂ ਉਹਨਾ ਦੇ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਇਹ ਉਹ ਪ੍ਰਵਾਸੀ ਹਨ ਜਿਹੜੇ ਲੱਖਾਂ ਰੁਪਏ ਖ਼ਰਚਕੇ ਡੌਂਕੀ ਰੂਟਾਂ ਰਾਹੀਂ ਵੱਡੇ ਕਸ਼ਟ ਝੱਲਕੇ ਅਮਰੀਕਾ ਪੁੱਜੇ ਸਨ। ਇੱਕ ਰਿਪੋਰਟ ਮੁਤਾਬਕ ਕੁਝ ਸਮੇਂ ‘ਚ ਹੀ ਲਗਭਗ 18000 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਦੇਸ਼ ਪਰਤਾ ਦਿੱਤੇ ਜਾਣਗੇ। ਗ਼ੈਰ-ਕਾਨੂੰਨੀ ਪ੍ਰਵਾਸੀਆਂ ਦਾ ਇਹ ਪ੍ਰਤੱਖ ਸਿੱਟਾ ਦੁਖਦਾਇਕ ਹੈ। ਇਸ ਤੋਂ ਵੱਧ ਪੀੜਾ ਦਾਇਕ ਕੈਨੇਡਾ, ਅਮਰੀਕਾ ਵਸਦੇ ਉਹਨਾ ਲੋਕਾਂ ਦੇ ਡਗਮਗਾਉਂਦੇ ਭਵਿੱਖ ਦੀ ਵਾਰਤਾ ਹੈ, ਜੋ ਉਹਨਾ ਦੇਸ਼ਾਂ ਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ, ਜਿਹੜੇ ਇਸ ਆਸ ਨਾਲ ਉਹਨਾ ਦੇਸ਼ਾਂ ‘ਚ ਚੰਗੇਰੇ ਭਵਿੱਖ ਲਈ ਵਿਦਿਆਰਥੀ ਬਣ ਕੇ ਜਾਂ ਨੌਕਰੀਆਂ ਕਰਨ ਲਈ ਗਏ ਸਨ ਅਤੇ ਹੁਣ ਬਦਲਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ। ਇਹਨਾ ਦੀ ਚਿੰਤਾ ਉੱਥੋਂ ਦੇਸ-ਨਿਕਾਲੇ ਦੀ ਹੈ। ਅਸਲ ਵਿੱਚ ਪ੍ਰਵਾਸ ਦਾ ਦਰਦ ਇੰਨਾ ਡੂੰਘਾ ਹੈ ਮਨੁੱਖ ਲਈ ਕਿ ਉਸਨੂੰ ਝੱਲਣਾ ਔਖਾ ਹੈ। ਪਿੰਡ ਤੋਂ ਸ਼ਹਿਰ ਦਾ ਪ੍ਰਵਾਸ, ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਸੂਬੇ ਦਾ ਪ੍ਰਵਾਸ, ਜਿਥੋਂ ਦੀ ਬੋਲੀ, ਸਭਿਆਚਾਰ ਦਾ ਆਪਸੀ ਵਖਰੇਵਾਂ ਹੈ ਅਤੇ ਫਿਰ ਦੇਸ਼ ਤੋਂ ਪ੍ਰਦੇਸ਼ ਦੇ ਪ੍ਰਵਾਸ ਦਾ ਦਰਦ ਮਨੁੱਖ ਨੂੰ ਭਰੇ ਮਨ ਨਾਲ ਮਜ਼ਬੂਰੀ ਬੱਸ ਹੰਡਾਉਣਾ ਪੈਂਦਾ ਹੈ। ਇਹੋ ਜਿਹੇ ਪ੍ਰਵਾਸ ਦੇ ਦਰਦ ਦੀ ਇੱਕ ਵੰਨਗੀ ਪਿਛਲੇ ਸਾਲਾਂ ‘ਚ ਉਸ ਵੇਲੇ ਦੇਸ਼ ‘ਚ ਵੇਖਣ ਨੂੰ ਮਿਲੀ ਜਦੋਂ ਕਰੋਨਾ ਆਫ਼ਤ ਨੇ ਦੇਸਾਂ-ਵਿਦੇਸ਼ਾਂ ‘ਚ ਕਰੋੜਾਂ ਲੋਕ ਘਰੋਂ ਬੇਘਰ ਕਰ ਦਿੱਤੇ। ਸ਼ਹਿਰਾਂ ‘ਚ ਰੋਜ਼ੀ ਰੋਟੀ ਕਮਾਉਣ ਗਏ ਲੋਕ ਪਿੰਡਾਂ ਵੱਲ ਪਰਤਾ ਦਿੱਤੇ। ਇਹਨਾ ਪ੍ਰਵਾਸੀਆਂ ਦੇ ਹਾਲਾਤ ਬਦ ਤੋਂ ਬਦਤਰ ਹੋਏ, ਜਿਹੜੇ ਵਰ੍ਹਿਆਂ ਬਾਅਦ ਵੀ ਸੌਖੇ ਨਹੀਂ ਹੋ ਸਕੇ। ਵੱਡੀਆਂ ਉਜਾੜੇ ਦੀਆਂ ਇਹ ਹਾਲਤਾਂ ਭੁੱਖਮਰੀ ਦੀਆਂ ਪ੍ਰਸਥਿਤੀਆਂ ਪੈਦਾ ਕਰਦੀਆਂ ਹਨ, ਉਦੋਂ ਜਦੋਂ ਮਨੁੱਖ ਆਪਣੀਆਂ ਜੜ੍ਹਾਂ ਤੋਂ ਉਖੜਨ ਲਈ ਬੇਬਸ ਹੋ ਜਾਂਦਾ ਹੈ। ਵਸਿਆ-ਰਸਿਆ ਘਰ, ਪਰਿਵਾਰ, ਆਲਾ-ਦੁਆਲਾ ਛੱਡਣ ਲਈ ਉਹ ਮਜ਼ਬੂਰ ਹੋ ਜਾਂਦਾ ਹੈ। ਅੱਜ ਵਿਸ਼ਵ ਭਰ ‘ਚ ਜ਼ਬਰਨ ਘਰ ਛੱਡਣ-ਛੁਡਾਉਣ ਦੇ ਹਾਲਾਤਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਅੱਠ ਕਰੋੜ ਚਾਲੀ ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਇਹਨਾ ਵਿੱਚ ਚਾਰ ਕਰੋੜ ਅੱਸੀ ਲੱਖ ਲੋਕ ਤਾਂ ਆਪਣੇ ਦੇਸ਼ਾਂ ਵਿੱਚ ਹੀ ਉਜਾੜੇ ਦਾ ਸ਼ਿਕਾਰ ਹਨ। ਪਰ ਅਸਲ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਵਾਸੀਆਂ ਦੀ ਗਿਣਤੀ ਸਤਾਈ ਕਰੋੜ ਵੀਹ ਲੱਖ ਪੁੱਜ ਚੁੱਕੀ ਹੈ। ਇਹਨਾ ਵਿੱਚੋਂ 9 ਕਰੋੜ 50 ਲੱਖ ਲੋਕ ਹੇਠਲੇ ਅਤੇ ਵਿਚਕਾਰਲੀ ਆਮਦਨ ਵਾਲੇ ਦੇਸ਼ਾਂ ਵਿੱਚ ਰਹਿ ਰਹੇ ਹਨ। ਉਹ ਉਜਾੜੇ ਅਤੇ ਭੁੱਖਮਰੀ ਨਾਲ ਜੂਝ ਰਹੇ ਹਨ। ਜਲਵਾਯੂ ਆਫ਼ਤ, ਭੁਚਾਲ, ਹਿੰਸਕ ਝੜਪਾਂ, ਯੁੱਧ, ਮਹਿੰਗਾਈ-ਬੇਰੁਜ਼ਗਾਰੀ, ਸਿਆਸੀ ਹਾਲਾਤ, ਸੋਕਾ ਅਤੇ ਹੜ੍ਹ ਦੇ ਚਲਦਿਆਂ ਦੁਨੀਆਂ ਦੇ ਉਜਾੜੇ ਦਾ ਸ਼ਿਕਾਰ ਲੋਕਾਂ ਦੀ ਗਿਣਤੀ ਗਿਆਰਾਂ ਕਰੋੜ ਤੋਂ ਵੀ ਵੱਧ ਹੈ, ਜਿਹਨਾ ‘ਚ 40 ਫ਼ੀਸਦੀ ਬੱਚੇ ਹਨ। ਉਹ ਰਾਸ਼ਟਰੀਅਤਾ, ਸਿਖਿਆ, ਸਿਹਤ, ਰੁਜ਼ਗਾਰ, ਆਵਾਗਮਨ, ਆਜ਼ਾਦੀ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਹੋ ਚੁੱਕੇ ਹਨ। 2024 ‘ਚ ਇੱਕ ਰਿਪੋਰਟ ਇਹੋ ਜਿਹੇ ਹਾਲਾਤਾਂ ਬਾਰੇ ਛਪੀ ਹੈ, ਜੋ ਦਰਸਾਉਂਦੀ ਹੈ ਕਿ 2024 ਉਜਾੜੇ ‘ਤੇ ਪ੍ਰਵਾਸ ਦੀ ਦ੍ਰਿਸ਼ਟੀ ਤੋਂ ਅਤਿਅੰਤ ਚੁਣੌਤੀ ਭਰਪੂਰ ਰਿਹਾ ਹੈ। ਸੀਰੀਆ ‘ਚ ਉਜਾੜੇ ਦੀ ਸਥਿਤੀ ਗੰਭੀਰ ਹੈ। ਯੁਕਰੇਨ ਜੰਗ ਕਾਰਨ ਇੱਕ ਕਰੋੜ ਤੇਰਾਂ .ਲੱਖ ਲੋਕ ਬੇਘਰ ਹੋ ਗਏ ਹਨ। ਪੋਲੈਂਡ, ਰੁਮਾਨੀਆ, ਹੰਗਰੀ ਅਤੇ ਬੇਲਾਰੂਸ ਦੇ ਲੋਕ ਗੁਆਂਢੀ ਦੇਸ਼ਾਂ ‘ਚ ਸ਼ਰਨਾਰਥੀ ਬਣੇ ਹੋਏ ਹਨ। ਅਫਗਾਨਿਸਤਾਨ ਦੇ ਇੱਕ ਕਰੋੜ ਨੱਬੇ ਲੱਖ ਲੋਕ ਭੁੱਖਮਰੀ ਵਰਗੇ ਹਾਲਾਤਾਂ ਵਿੱਚ ਹਨ। ਵੈਨੇਜੋਏਲਾ ‘ਚ ਤੇਈ ਲੱਖ ਲੋਕ ਭੁੱਖਮਰੀ ਦੀ ਗੰਭੀਰ ਸਥਿਤੀ ਸੰਕਟ ‘ਚ ਹਨ। ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ। ਦੱਖਣੀ ਸੁਡਾਨ ਦੇ ਹਾਲਾਤ ਅਤਿਅੰਤ ਗੰਭੀਰ ਹਨ। ਮੀਆਂਮਾਰ ਵਿੱਚੋਂ ਉਜੜੇ ਸਤਾਰਾਂ ਲੱਖ ਲੋਕ ਆਪਣੀ ਨਾਗਰਿਕਤਾ ਗੁਆ ਕੇ ਦੁਨੀਆ ਦੇ ਸਭ ਤੋਂ ਜ਼ਿਆਦਾ ਸਤਾਏ ਜਾਣ ਵਾਲੀ ਸਥਿਤੀ ‘ਚ ਘੱਟ ਗਿਣਤੀਆਂ ਦੇ ਰੂਪ ‘ਚ ਜਾਣੇ ਜਾਂਦੇ ਹਨ। ਇਹਨਾ ਦੇਸ਼ਾਂ ਦੇ ਬੱਚਿਆਂ ਦੇ ਹਾਲਾਤ ਅਤਿਅੰਤ ਤਰਸਯੋਗ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਨ ਕਾਰਨ ਬੋਨੇਪਨ ਦਾ ਸ਼ਿਕਾਰ ਹਨ। ਦੁਨੀਆਂ ‘ਚ ਇਸ ਸਮੇਂ ਸਭ ਤੋਂ ਵੱਧ ਆਬਾਦੀ ਸ਼ਰਨਾਰਥੀਆਂ ਦੀ ਹੈ, ਜਿਹਨਾ ਵਿੱਚ ਦੋ ਕਰੋੜ ਪੰਜਾਹ ਲੱਖ ਤੋਂ ਜ਼ਿਆਦਾ ਆਪਣੇ ਘਰਾਂ ‘ਚੋਂ ਉਜੜਕੇ ਵਿਦੇਸ਼ਾਂ ‘ਚ ਦਿਨ ਕੱਟੀ ਕਰ ਰਹੇ ਹਨ। ਇਹਨਾ ਵਿੱਚੋਂ ਇੱਕ ਕਰੋੜ ਦਸ ਲੱਖ ਬੱਚੇ ਹਨ। ਪਿਛਲੇ ਦਸ ਸਾਲਾਂ ‘ਚ ਇਹ ਸੰਖਿਆ ਦੁਗਣੀ ਹੋ ਗਈ ਹੈ। ਵਿਸ਼ਵ ਭਰ ‘ਚ ਟੈਕਨੌਲੋਜੀ ਦੇ ਵਿਕਾਸ ਦੇ ਫੋਕੇ ਨਾਹਰਿਆਂ ਵਿਚਕਾਰ ਬੀਤੇ ਸਾਲ 2024 ਵਿੱਚ ਲਗਭਗ ਪੰਦਰਾਂ ਕਰੋੜ ਲੋਕ ਭੁੱਖਮਰੀ ਤੋਂ ਬੇਹਾਲ ਰਹੇ। ਕੋਵਿਡ ਦੇ ਬਾਅਦ ਹੁਣ ਤੱਕ ਇਸ ਗਿਣਤੀ ‘ਚ ਪੰਦਰਾਂ ਕਰੋੜ ਦਾ ਹੋਰ ਵਾਧਾ ਹੋਇਆ। ਇੱਕ ਅਧਿਐਨ ਅਨੁਸਾਰ ਸਤਾਹਟ ਕਰੋੜ ਲੋਕਾਂ ਨੂੰ 2030 ਤੱਕ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ ਵਿੱਚ ਉਜਾੜੇ ਅਤੇ ਪ੍ਰਵਾਸ ਦੇ ਕਾਰਨ ਵੱਖ-ਵੱਖ ਖਿੱਤਿਆਂ ‘ਚ ਵੱਖੋ-ਵੱਖਰੇ ਹਨ। ਇਹਨਾ ਦਾ ਕਾਰਨ ਸੋਕਾ, ਹੜ੍ਹ ਵੀ ਹੈ, ਭੋਜਨ ਦੀ ਘਾਟ ਵੀ ਅਤੇ ਹਿੰਸਾ ਅਤੇ ਸੰਘਰਸ਼ ਵੀ। ਡਾਊਨ ਟੂ ਅਰਥ ਸਟੇਟ ਆਫ਼ ਇੰਡੀਅਨਜ਼ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਇਹ ਦਾਅਵਾ ਕਰਦੀ ਹੈ ਕਿ ਸੰਘਰਸ਼ ਅਤੇ ਹਿੰਸਾ ਕਾਰਨ ਲਗਭਗ ਪਚਾਸੀ ਲੱਖ ਲੋਕ ਉਜਾੜੇ ਦਾ ਸ਼ਿਕਾਰ ਹੋਏ। ਅਸਾਮ, ਮਿਜ਼ੋਰਮ, ਕਸ਼ਮੀਰ, ਮੇਘਾਲਿਆ, ਮਨੀਪੁਰ, ਤ੍ਰਿਪੁਰਾ ‘ਚ ਸਾਲ 2022 ਦੇ ਅੰਤ ਤੱਕ ਸੱਤ ਲੱਖ ਲੋਕਾਂ ਨੂੰ ਆਪਣੇ ਘਰ ਛਡਣੇ ਪਏ। ਵਿਕਾਸ ਦੀਆਂ ਕਈ ਯੋਜਨਾਵਾਂ ਵੀ ਉਜਾੜੇ ਦਾ ਕਾਰਨ ਬਣ ਰਹੀਆਂ ਹਨ। ਸੈਂਟਰ ਫਾਰ ਸਾਇੰਜ ਐਂਡ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਹੜ੍ਹ, ਸੋਕੇ ਅਤੇ ਚੱਕਰਵਾਤ ਤੂਫਾਨਾਂ ਕਾਰਨ ਭਾਰਤ ਵਿੱਚ ਵੱਡੇ ਪੈਮਾਨੇ ਉੱਤੇ ਉਜਾੜਾ ਹੋ ਰਿਹਾ ਹੈ। ਦੇਸ਼ ਦੇ ਪਹਾੜੀ ਅਤੇ ਸਮੁੰਦਰੀ ਤੱਟ ਵਰਤੀ ਖੇਤਰਾਂ ਤੋਂ ਬਿਨ੍ਹਾਂ ਬਿਹਾਰ, ਛੱਤੀਸਗੜ੍ਹ, ਝਾਰਖੰਡ ‘ਚ ਵੀ ਲਗਾਤਾਰ ਇਹੋ ਜਿਹੀਆਂ ਸਥਿਤੀਆਂ ਵੇਖਣ ਨੂੰ ਮਿਲਦੀਆਂ ਹਨ। ਬਿਨ੍ਹਾਂ ਸ਼ੱਕ ਮਨੁੱਖ ਨੂੰ ਵੱਡੀਆਂ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਕੁਦਰਤੀ ਆਫ਼ਤਾਂ ਹਨ, ਜਿਹਨਾ ਦਾ ਕਾਰਨ ਵਾਤਾਵਰਨ ਨਾਲ ਵੱਡੀ ਛੇੜ-ਛਾੜ ਹੈ, ਜਿਸਦਾ ਖਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈਂਦਾ ਹੈ। ਆਮ ਲੋਕਾਂ ਵਿੱਚੋਂ ਵੀ ਘੱਟ ਤਾਕਤਵਰ, ਕੰਮਜ਼ੋਰ ਲੋਕ, ਖ਼ਾਸ ਕਰਕੇ ਔਰਤਾਂ ਤੇ ਬੱਚੇ ਆਫ਼ਤਾਂ, ਯੁੱਧਾਂ ਦੇ ਸਿੱਟਿਆਂ ਦਾ ਵੱਧ ਸ਼ਿਕਾਰ ਹੁੰਦੇ ਹਨ। ਸਮਾਜ ‘ਚ ਆਰਥਿਕ ਤੇ ਸਮਾਜਿਕ ਨਾ-ਬਰਾਬਰੀ, ਸਾਧਨਾਂ ਦੀ ਲੁੱਟ, ਇਹੋ ਜਿਹੇ ਕਾਰਨ ਹਨ, ਜੋ ਸਾਧਨਹੀਣ ਮਨੁੱਖ ਲਈ ਵਧੇਰੇ ਮੁਸੀਬਤਾਂ ਖੜੀਆਂ ਕਰਦੇ ਹਨ। ਹੇਠਲੇ ਵਰਗ ਵਾਲੇ, ਘੱਟ ਆਮਦਨੀ ਵਾਲੇ ਲੋਕਾਂ ਨੂੰ ਪ੍ਰਵਾਸ ਦਾ ਵੱਧ ਦਰਦ ਸਹਿਣਾ ਪੈਂਦਾ ਹੈ। ਘਰੋਂ ਬੇਘਰ ਹੋਣਾ, ਭੁੱਖਮਰੀ ਦਾ ਸ਼ਿਕਾਰ ਹੋਣਾ, ਬੇਰੁਜ਼ਗਾਰੀ ਦੀ ਮਾਰ ਹੇਠ ਆਉਣਾ, ਇਹ ਵਰਤਮਾਨ ਸਮੇਂ ‘ਚ ਕਾਰਪੋਰੇਟ ਦੇ ਘਰਾਣਿਆਂ ਦੀ ਤਾਕਤ ਤੇ ਧਨ ਹਥਿਆਉਣ ਦਾ ਸਿੱਟਾ ਹੈ। ਜੋ ਕੁਦਰਤ ਦੇ ਨਾਲ ਖਿਲਵਾੜ ਕਰਕੇ ਨਵੇਂ ਪ੍ਰਾਜੈਕਟ ਲਗਾਕੇ ਸਾਧਨਾਂ ਦੀ ਲੁੱਟ ਕਰਕੇ ਆਪਣੇ ਭੜੌਲੇ ਭਰਦੇ ਹਨ, ਹਾਕਮਾਂ ਨਾਲ

ਉਜਾੜਾ ਅਤੇ ਪ੍ਰਵਾਸ ਅਤਿਅੰਤ ਪੀੜਾ ਦਾਇਕ/ਗੁਰਮੀਤ ਸਿੰਘ ਪਲਾਹੀ Read More »

ਰੇਖਾ ਗੁਪਤਾ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ਼ ਲਿਆ

ਚੰਡੀਗੜ੍ਹ, 20 ਫਰਵਰੀ – ਭਾਜਪਾ ਆਗੂ ਰੇਖਾ ਗੁਪਤਾ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ ਲਿਆ।ਰਾਮਲੀਲਾ ਮੈਦਾਨ ਵਿੱਚ ਹੋਏ ਸ਼ਾਨਦਾਰ ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਉਨ੍ਹਾਂ ਨੂੰ ਅਹੁਦੇ ਤੇ ਗੁਪਨਿਯਤਾ ਦੀ ਸਹੁੰ ਚੁਕਾਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਪ੍ਰਦੇਸ਼ ਭਾਜਪਾ ਦਫ਼ਤਰ ਵਿਖੇ ਕੇਂਦਰੀ ਆਬਜ਼ਰਵਰਾਂ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਪਾਰਟੀ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਪ੍ਰਵੇਸ਼ ਵਰਮਾ, ਆਸ਼ੀਸ਼ ਸੂਦ, ਪੰਕਜ ਸਿੰਘ, ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ ਅਤੇ ਰਵਿੰਦਰ ਇੰਦਰਾਜ਼ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਢਾ, ਅਮਿਤ ਸ਼ਾਹ, ਦੇਵੇਂਦਰ ਫੜਨਵੀਸ, ਰਾਜਨਾਥ ਸਿੰਘ,ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂ ਮੌਜੂਦ ਸਨ। ਇਹ ਪਾਰਟੀ ਲਈ ਇਤਿਹਾਸਕ ਦਿਨ ਹੈ ਕਿਉਂਕਿ ਭਾਜਪਾ 27 ਸਾਲਾਂ ਬਾਅਦ ਰਾਜਧਾਨੀ ਵਿੱਚ ਸੱਤਾ ਵਿੱਚ ਵਾਪਸ ਆਈ ਹੈ। ਰੇਖਾ ਗੁਪਤਾ ਸੁਸ਼ਮਾ ਸਵਰਾਜ, ਸ਼ੀਲਾ ਦੀਕਸ਼ਿਤ ਅਤੇ ਆਤਿਸ਼ੀ ਤੋਂ ਬਾਅਦ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੈ। ਰੇਖਾ ਗੁਪਤਾ ਨੇ ਦਿੱਲੀ ਦੀ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਬੰਦਨਾ ਕੁਮਾਰੀ ਨੂੰ ਹਰਾਇਆ ਸੀ। ਰੇਖਾ ਗੁਪਤਾ ਇਸ ਸੀਟ ਤੋਂ 29000 ਤੋਂ ਵੱਧ ਵੋਟਾਂ ਨਾਲ ਜੇਤੂ ਰਹੀ। ਰੇਖਾ ਗੁਪਤਾ ਦਿੱਲੀ ਦੀ ਨੌਵੀਂ ਮੁੱਖ ਮੰਤਰੀ ਬਣੀ। ਰੇਖਾ ਗੁਪਤਾ ਹਾਲ ਹੀ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਲੀਮਾਰ ਬਾਗ ਤੋਂ ਵਿਧਾਇਕ ਚੁਣੀ ਗਈ ਹੈ। ਉਹ ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਅਤੇ ਸੁਸ਼ਮਾ ਸਵਰਾਜ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਦੀ ਚੌਥੀ ਮੁੱਖ ਮੰਤਰੀ ਬਣ ਗਈ ਹੈ। ਇਸ ਦੇ ਨਾਲ ਹੀ ਉਹ ਭਾਜਪਾ ਦੇ ਸ਼ਾਸਨ ਵਾਲੇ ਕਿਸੇ ਵੀ ਸੂਬੇ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਵੀ ਬਣ ਗਈ ਹੈ। ਬੁੱਧਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ 50 ਸਾਲਾ ਰੇਖਾ ਗੁਪਤਾ ਨੂੰ ਅੱਠਵੀਂ ਦਿੱਲੀ ਵਿਧਾਨ ਸਭਾ ‘ਚ ਸਦਨ ਦੀ ਨੇਤਾ ਚੁਣਿਆ ਗਿਆ।

ਰੇਖਾ ਗੁਪਤਾ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ਼ ਲਿਆ Read More »

ਸੁਪਰੀਮ ਕੋਰਟ ਨੇ ਲੋਕਪਾਲ ਦੇ ਹੁਕਮ ‘ਤੇ ਲਗਾਈ ਰੋਕ

ਨਵੀਂ ਦਿੱਲੀ, 20 ਫਰਵਰੀ – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਲੋਕਪਾਲ ਦੇ ਉਸ ਹੁਕਮ ‘ਤੇ ਰੋਕ ਲਗਾ ਦਿੱਤੀ ਜਿਸ ’ਚ ਕਿਹਾ ਗਿਆ ਸੀ ਕਿ ਉਸ ਕੋਲ ਹਾਈ ਕੋਰਟ ਦੇ ਜੱਜਾਂ ਵਿਰੁੱਧ ਸ਼ਿਕਾਇਤਾਂ ਦੀ ਜਾਂਚ ਕਰਨ ਦਾ ਅਧਿਕਾਰ ਖੇਤਰ ਹੈ। ਜਸਟਿਸ ਬੀਆਰ ਗਵਈ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਅਭੈ ਐਸ ਓਕਾ ਦੇ ਬੈਂਚ ਨੇ ਖ਼ੁਦ ਨੋਟਿਸ ਲੈਂਦੇ ਹੋਏ ਲੋਕਪਾਲ ਦੇ ਰਜਿਸਟਰਾਰ ਜਨਰਲ ਅਤੇ ਸ਼ਿਕਾਇਤਕਰਤਾ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਸ਼ਿਕਾਇਤਕਰਤਾ ਨੂੰ ਹਾਈ ਕੋਰਟ ਦੇ ਜੱਜ ਦਾ ਨਾਮ ਅਤੇ ਸ਼ਿਕਾਇਤ ਦੇ ਕਾਰਨ ਦਾ ਖ਼ੁਲਾਸਾ ਕਰਨ ਤੋਂ ਰੋਕ ਦਿੱਤਾ ਹੈ। 27 ਫ਼ਰਵਰੀ ਦੇ ਆਪਣੇ ਹੁਕਮ ਵਿੱਚ, ਲੋਕਪਾਲ ਨੇ ਹਾਈ ਕੋਰਟ ਦੇ ਜੱਜ ਨੂੰ ਦੋਸ਼ੀ ਬਣਾਇਆ ਸੀ ਲੋਕਪਾਲ ਨੇ 27 ਫਰਵਰੀ ਨੂੰ ਇੱਕ ਮਾਮਲੇ ’ਚ ਆਪਣੇ ਹੁਕਮ ਵਿੱਚ, ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ, ਇੱਕ ਵਧੀਕ ਜ਼ਿਲ੍ਹਾ ਜੱਜ ਅਤੇ ਇੱਕ ਹੋਰ ਹਾਈ ਕੋਰਟ ਦੇ ਜੱਜ ‘ਤੇ ਇੱਕ ਨਿੱਜੀ ਕੰਪਨੀ ਨੂੰ ਬਾਅਦ ਵਾਲੇ ਦੇ ਹੱਕ ’ਚ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ’ਚ ਲੋਕਪਾਲ ਨੇ ਆਪਣਾ ਫ਼ੈਸਲਾ ਸੁਣਾਇਆ ਸੀ ਕਿ ਹਾਈ ਕੋਰਟ ਦਾ ਇੱਕ ਜੱਜ ਲੋਕਪਾਲ ਐਕਟ ਦੀ ਧਾਰਾ 14(1)(f) ਦੇ ਦਾਇਰੇ ’ਚ ਇੱਕ ਵਿਅਕਤੀ ਵਜੋਂ ਯੋਗ ਹੋਵੇਗਾ। ਜਸਟਿਸ ਗਵਈ ਨੇ ਕਿਹਾ – ਇਹ ਇੱਕ ਪਰੇਸ਼ਾਨ ਕਰਨ ਵਾਲੀ ਗੱਲ ਹੈ ਲੋਕਪਾਲ ਦੀ ਦਲੀਲ ‘ਤੇ ਟਿੱਪਣੀ ਕਰਦੇ ਹੋਏ, ਜਸਟਿਸ ਗਵਈ ਨੇ ਕਿਹਾ ਕਿ ਇਹ ਪਰੇਸ਼ਾਨ ਕਰਨ ਵਾਲਾ ਹੈ। ਭਾਰਤ ਦੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਵਿਆਖਿਆ ਗ਼ਲਤ ਸੀ ਅਤੇ ਹਾਈ ਕੋਰਟਾਂ ਨੂੰ ਲੋਕਪਾਲ ਅਧੀਨ ਲਿਆਉਣ ਦਾ ਕੋਈ ਇਰਾਦਾ ਨਹੀਂ ਸੀ।

ਸੁਪਰੀਮ ਕੋਰਟ ਨੇ ਲੋਕਪਾਲ ਦੇ ਹੁਕਮ ‘ਤੇ ਲਗਾਈ ਰੋਕ Read More »

ਜੰਗੀ ਨਾਇਕ ਦਾ ਅਪਮਾਨ

ਇੱਕ ਸ਼ਹੀਦ ਦੀ ਯਾਦ ਨੂੰ ਮਿਟਾਉਣ ਦੀ ਘਿਨਾਉਣੀ ਕੋਸ਼ਿਸ਼ ਕੀਤੀ ਗਈ ਹੈ- ਉਹ ਵੀ ਦੇਸ਼ ਦਾ ਅਜਿਹਾ ਸਪੂਤ ਜਿਸ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੋਵੇ। ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਕਤੀਸ਼ਾਲੀ ਅਮਰੀਕੀ ਪੈਟਨ ਟੈਂਕ ਦਾ ਸਾਹਮਣਾ ਕਰਦਿਆਂ ਸਰਬਉੱਚ ਬਲੀਦਾਨ ਦਿੱਤਾ ਸੀ। ਇਸ ਕੁਰਬਾਨੀ ਤੋਂ ਛੇ ਦਹਾਕਿਆਂ ਬਾਅਦ ਹੁਣ ਉਸ ਦੇ ਪਰਿਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ’ਚ ਉਸ ਦੇ ਸਕੂਲ ਦੇ ਮੁੱਖ ਦਰਵਾਜ਼ੇ ਉੱਤੇ ਉਸ ਦਾ ਨਾਂ ਮੁੜ ਲਿਖਵਾਉਣ ਲਈ ਆਪਣੇ ਪੱਧਰ ’ਤੇ ਇੱਕ ਜੰਗ ਹੋਰ ਲੜਨੀ ਪਈ ਹੈ। ਪ੍ਰਸ਼ਾਸਨ ਨੂੰ ‘ਸ਼ਹੀਦ ਹਮੀਦ ਵਿਦਿਆਲਿਆ’ ਚੰਗਾ ਨਹੀਂ ਸੀ ਲੱਗ ਰਿਹਾ; ਉਨ੍ਹਾਂ ਨਵੇਂ ਸਿਰਿਓਂ ਨਾ ਸਿਰਫ਼ ਇਸ ਦਾ ਨਾਂ ‘ਪੀਐੱਮ ਸ੍ਰੀ ਕੰਪੋਜ਼ਿਟ ਸਕੂਲ’ ਰੱਖ ਦਿੱਤਾ ਬਲਕਿ ਫ਼ੁਰਤੀ ਦਿਖਾਉਂਦਿਆਂ ਇਸ ਤਬਦੀਲੀ ਨੂੰ ਸੰਸਥਾ ਦੇ ਮੁੱਖ ਦੁਆਰ ਉੱਤੇ ਵੀ ਦਰਜ ਕਰਵਾ ਦਿੱਤਾ। ਪ੍ਰਸ਼ਾਸਨ ਦੀ ਇਸ ਹਿਮਾਕਤ ਤੋਂ ਵੀਰ ਅਬਦੁਲ ਹਮੀਦ ਦੇ ਭੜਕੇ ਰਿਸ਼ਤੇਦਾਰਾਂ ਨੇ ਇਸ ਦੀ ਸ਼ਿਕਾਇਤ ਹੈੱਡਮਾਸਟਰ ਨੂੰ ਕੀਤੀ ਜਿਸ ਨੇ ਅੱਗੋਂ ਉਨ੍ਹਾਂ ਨੂੰ ਸਥਾਨਕ ਸਿੱਖਿਆ ਅਧਿਕਾਰੀ ਕੋਲ ਜਾਣ ਲਈ ਕਿਹਾ। ਗੰਭੀਰ ਭੁੱਲ ਨੂੰ ਹੁਣ ਆਖ਼ਰਕਾਰ ਸੁਧਾਰ ਲਿਆ ਗਿਆ ਹੈ ਪਰ ਇਸ ਸਾਰੇ ਵਿਵਾਦ ਵਿੱਚੋਂ ਧਾਰਮਿਕ ਅਸਹਿਣਸ਼ੀਲਤਾ ਤੇ ਸੰਵੇਦਨਸ਼ੀਲਤਾ ਦੀ ਅਣਹੋਂਦ ਦੀ ਬੂ ਆਉਂਦੀ ਹੈ। ਭਾਰਤ ਵਰਗੇ ਧਰਮ-ਨਿਰਪੱਖ ਅਕੀਦੇ ਵਾਲੇ ਮੁਲਕ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ੋਭਾ ਨਹੀਂ ਦਿੰਦੀਆਂ। ਹਵਲਦਾਰ ਹਮੀਦ ਨੂੰ ਮਿਲੇ ਸਨਮਾਨ ਪੱਤਰ ਉੱਤੇ ਗੂੜ੍ਹੇ ਸ਼ਬਦਾਂ ’ਚ ਲਿਖਿਆ ਹੋਇਆ ਹੈ ਕਿ ‘‘ਦੁਸ਼ਮਣ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਸਾਹਮਣੇ ਉਸ ਵੱਲੋਂ ਦਿਖਾਈ ਬਹਾਦਰੀ ਫ਼ੌਜ ਦੀਆਂ ਮਾਣਮੱਤੀਆਂ ਰਵਾਇਤਾਂ ਨਾਲ ਮੇਲ ਖਾਂਦੀ ਹੈ।’’ ਨਾਮ, ਨਮਕ, ਨਿਸ਼ਾਨ- ਇਹ ਸ਼ਬਦ ਭਾਰਤੀ ਰੱਖਿਆ ਬਲਾਂ ਦੀ ਆਨ ਦੇ ਜ਼ਾਬਤੇ ਦਾ ਨਿਚੋੜ ਹਨ। ਭਾਰਤੀ ਥਲ ਸੈਨਾ, ਹਵਾਈ ਤੇ ਜਲ ਸੈਨਾ ਧਰਮ ਨਿਰਪੱਖ ਸੰਗਠਨ ਹਨ- ਇਨ੍ਹਾਂ ਦੇ ਅਧਿਕਾਰੀ ਤੇ ਸੈਨਿਕ ਧਰਮ, ਜਾਤ, ਫ਼ਿਰਕੇ ਜਾਂ ਲਿੰਗ ਦੇ ਵਖਰੇਵਿਆਂ ਤੋਂ ਉੱਤੇ ਉੱਠ ਪੂਰੇ ਮਾਣ ਨਾਲ ਦੇਸ਼ ਦੀ ਸੇਵਾ ਕਰਦੇ ਹਨ। ਸਮੁੱਚਾ ਦੇਸ਼ ਹਮੀਦ ਵਰਗੇ ਬਲੀਦਾਨੀਆਂ ਅੱਗੇ ਨਮਨ ਕਰਦਾ ਹੈ, ਨਾ ਕਿ ਸਿਰਫ਼ ਉਹ ਧਰਮ ਜਿਸ ਨਾਲ ਉਹ ਸਬੰਧਿਤ ਹਨ। ਜੰਗ ਦੇ ਕਿਸੇ ਨਾਇਕ ਦਾ ਸਿਰਫ਼ ਇਸ ਲਈ ਅਪਮਾਨ ਕਰਨਾ ਕਿ ਉਹ ਕਿਸੇ ਵਿਸ਼ੇਸ਼ ਫ਼ਿਰਕੇ ਨਾਲ ਸਬੰਧਿਤ ਹੈ, ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਫ਼ਿਰਕੂ ਮਾਨਸਿਕਤਾ ਕਿਸ ਹੱਦ ਤੱਕ ਪਸਰ ਚੁੱਕੀ ਹੈ। ਇਸ ਹੱਦ ਤੱਕ ਡਿੱਗ ਚੁੱਕੇ ਮੁਤੱਸਬੀ ਅਧਿਕਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹਾ ਕਰ ਕੇ, ਜ਼ਾਹਿਰਾ ਤੌਰ ’ਤੇ ਉਹ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਸ ਲਈ ਉਨ੍ਹਾਂ ਇੱਕ ਸੌਖਾ ਨਿਸ਼ਾਨਾ ਚੁਣਿਆ।

ਜੰਗੀ ਨਾਇਕ ਦਾ ਅਪਮਾਨ Read More »

ਬੁੱਧ ਬਾਣ/ਨੀਂ ਆ ਗਈ ਰੋਡਵੇਜ਼ ਦੀ ਲਾਰੀ/ਬੁੱਧ ਸਿੰਘ ਨੀਲੋਂ

ਰੋਡਵੇਜ਼ ਦੀ ਲਾਰੀ ਦਾ ਲੰਮਾ ਇਤਿਹਾਸ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਦੀ ਸਥਾਪਨਾ ਹੋਈ ਸੀ। ਸਮੇਂ ਸਮੇਂ ਇਸ ਵਿੱਚ ਬੱਸਾਂ ਦਾ ਬੇੜਾ ਵਧਦਾ ਗਿਆ। ਬਾਅਦ ਵਿੱਚ ਇਸਦੇ ਉਪਰ ਭਾਰ ਵਧਦਾ ਗਿਆ। ਇਸ ਦਾ ਭਾਰ ਘਟਾਉਣ ਲਈ ਪੈਪਸੂ ਟਰਾਂਸਪੋਰਟ ਬਣਾਈਂ। ਜਿਸਨੂੰ ਘੋੜੇ ਵਾਲੀ ਬੱਸ ਆਖਿਆ ਜਾਂਦਾ ਹੈ। ਜਦੋਂ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣੀ ਤਾਂ ਵੱਡੇ ਬਾਦਲ ਨੇ ਟਰਾਂਸਪੋਰਟ ਨੀਤੀ ਬਦਲ ਦਿੱਤੀ ਤੇ ਜਿਸ ਨਾਲ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਲਾਭ ਹੋਇਆ। ਉਹਨਾਂ ਦੀ ਸੱਤਰ ਦੇ ਵਿੱਚ ਸਿਰਫ਼ ਦੋ ਬੱਸਾਂ ਹੁੰਦੀਆਂ ਸਨ। ਜਿਹਨਾਂ ਨੂੰ ਬੱਸ ਸਟੈਂਡ ਤੋਂ ਧੱਕਾ ਲਾ ਕੇ ਸਟਾਟ ਕੀਤਾ ਜਾਂਦਾ ਸੀ। ਹੁਣ ਉਹਨਾਂ ਕੋਲ ਬੱਸਾਂ ਦੀ ਗਿਣਤੀ ਅੱਠ ਸੌ ਤੋਂ ਉਪਰ। ਉਹਨਾਂ ਦੀਆਂ ਬੱਸਾਂ ਦਿੱਲੀ ਏਅਰਪੋਰਟ ਉਤੇ ਜਾਂਦੀਆਂ ਹਨ। ਜਦਕਿ ਸਰਕਾਰੀ ਬੱਸਾਂ ਉਥੇ ਨਹੀਂ ਜਾਂਦੀਆਂ। ਇਹਨਾਂ ਦੀਆਂ ਬੱਸਾਂ ਦਾ ਕਿਰਾਇਆ ਵੀ ਵਧੇਰੇ ਹੈ। ਬਾਦਲ ਨੇ ਵੋਟਰਾਂ ਨੂੰ ਖੁਸ਼ ਕਰਨ ਲਈ ਬੀਬੀਆਂ ਨੂੰ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ। ਜਿਹੜੀ ਹੁਣ ਵੀ ਜਾਰੀ ਹੈ। ਬਾਦਲ ਸਰਕਾਰ ਨੇ ਨਾਅਰਾ ਦਿੱਤਾ ਸੀ, ਰਾਜ ਨਹੀਂ, ਸੇਵਾ। ਉਹਨਾਂ ਨੇ ਪੰਜਾਬ ਦੀ ਐਨੀਂ ਸੇਵਾ ਕੀਤੀ ਕਿ ਪੰਜਾਬ ਰੰਗਲੇ ਤੋਂ ਕੰਗਲਾ ਬਣ ਗਿਆ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸ੍ਰੀ ਆਕਾਲ ਤਖ਼ਤ ਸਾਹਿਬ, ਤੇ ਸਿੱਖ ਸਟੂਡੈਂਟ ਫੈਡਰੇਸ਼ਨ, ਅਕਾਲੀ ਦਲ ਉਪਰ ਕਬਜ਼ਾ ਕਰ ਲਿਆ। ਸਿੱਖ ਧਰਮ, ਸ੍ਰੀ ਆਕਾਲ ਤਖ਼ਤ ਸਾਹਿਬ ਜੀ ਤੇ ਉਹਨਾਂ ਦੇ ਜਥੇਦਾਰਾਂ ਦੀ ਜੋਂ ਹਾਲਤ ਹੈ, ਉਹ ਤੁਹਾਡੇ ਸਾਹਮਣੇ ਹੈ। ਇਹਨਾਂ ਦੇ ਪਾਏ ਵੱਟਿਆ ਕਰਕੇ ਪੰਜਾਬ ਰੋਡਵੇਜ਼, ਪੈਪਸੂ ਟਰਾਂਸਪੋਰਟ ਹੁਣ ਵੈਟੀਲੇਟਰ ਉਤੇ ਪੁਜ ਗਈ। ਭਗਵੰਤ ਮਾਨ ਦੀ ਸਰਕਾਰ ਨੇ ਸਰਦਾਰੀ ਬੱਸਾਂ ਵਿੱਚ ਬੀਬੀਆਂ ਨੂੰ ਮੁਫ਼ਤ ਬੱਸ ਸੇਵਾ ਦਿੱਤੀ। ਜਿਸ ਕਰਕੇ ਇਸ ਵਿੱਚ ਬਹੁਗਿਣਤੀ ਸਰਕਾਰੀ ਨੌਕਰੀਆਂ ਕਰਨ ਵਾਲੀਆਂ ਤੇ ਰੱਜੀਆਂ ਪੁਜੀਆਂ ਬੀਬੀਆਂ ਸਫ਼ਰ ਕਰਨ ਲੱਗੀਆਂ। ਇਸ ਸਮੇਂ ਸਰਕਾਰੀ ਬੱਸਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ। ਅੱਠ ਸੌ ਕਰੋੜ ਰੁਪਏ ਉਹਨਾਂ ਦਾ ਪੰਜਾਬ ਸਰਕਾਰ ਵੱਲ ਬਕਾਇਆ ਹੈ। ਹੁਣ ਇਹਨਾਂ ਬੱਸਾਂ ਦੇ ਸਟਾਫ ਨੂੰ ਤਨਖਾਹ ਨਹੀਂ ਮਿਲਦੀ। ਇਹ ਪਿਛਲੇ ਸਮਿਆਂ ਤੋਂ ਬਗ਼ੈਰ ਤਨਖਾਹ ਗੱਡੀਆਂ ਚਲਾਉਂਦੇ ਰਹੇ। ਹੁਣ ਉਹਨਾਂ ਦੇ ਹੱਥ ਖੜ੍ਹੇ ਹੋ ਗਏ। ਸਰਕਾਰੀ ਬੱਸਾਂ ਨੇ ਹੜਤਾਲ ਕਰ ਦਿੱਤੀ। ਲੋਕ ਪ੍ਰੇਸ਼ਾਨ ਹਨ, ਕਿਉਂਕਿ ਬਹੁਤ ਗਿਣਤੀ ਲੋਕ ਬੱਸਾਂ ਵਿੱਚ ਸਫ਼ਰ ਕਰਦੇ ਹਨ। ਇਹਨਾਂ ਬੱਸਾਂ ਦੇ ਬੰਦ ਹੋਣ ਨਾਲ ਉਹ ਦੁਖੀ ਹਨ। ਨਿੱਜੀ ਕੰਪਨੀਆਂ ਵਾਲੇ ਮਨਮਾਨੀਆਂ ਕਰਦੇ ਹਨ। ਸਰਕਾਰ ਵਲੋਂ ਉਹਨਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਸਰਕਾਰ ਚੱਲਦੀ ਰਹੇ। ਵੱਡੇ ਤੇ ਲੰਮੇ ਰੂਟਾਂ ਉਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਦਾ ਕਬਜ਼ਾ ਹੈ। ਰੋਡਵੇਜ਼ ਤੇ ਪੈਪਸੂ ਟਰਾਂਸਪੋਰਟ ਕੋਲ ਫੰਡ ਨਾ ਹੋਣ ਕਰਕੇ ਬੱਸਾਂ ਵਰਕਸ਼ਾਪਾਂ ਵਿੱਚ ਖੜੀਆਂ ਹਨ। ਉਹਨਾਂ ਦੀ ਮੁਰੰਮਤ ਲਈ ਸਮਾਨ ਨਹੀਂ। ਅਗਲੇ ਦਿਨਾਂ ਵਿੱਚ ਹਾਲਾਤ ਕਿਹੋ ਜਿਹੇ ਬੰਦੇ ਹਨ। ਕਹਿਣਾ ਮੁਸ਼ਕਲ ਨਹੀਂ, ਕਿਉਂਕਿ ਭਗਵੰਤ ਮਾਨ ਸਰਕਾਰ ਖ਼ੁਦ ਕਰਜ਼ੇ ਹੇਠ ਦਬਦੀ ਜਾ ਰਹੀ ਹੈ। ਇਹਨਾਂ ਤਿੰਨ ਸਾਲ ਵਿੱਚ ਕਰਜ਼ਾ ਐਨਾ ਲੈਣ ਲਿਆ ਹੈ ਹੁਣ ਕੋਈ ਕਰਜ਼ਾ ਨਹੀਂ ਦੇਂਦਾ। ਉਧਰ ਦਿੱਲੀ ਵਿਚ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਵਿਧਾਇਕ ਪੰਜਾਬ ਵਿੱਚ ਗੇੜੇ ਲਾਉਣ ਲੱਗੇ ਹਨ। ਪਿਛਲੇ ਦਿਨੀਂ ਮੁਨੀਸ਼ ਸਿਸੋਦੀਆ ਨੇ ਹਲਕਾ ਬਸੀ ਪਠਾਣਾਂ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ। ਪੰਜਾਬ ਦਾ ਸਿੱਖਿਆ ਮੰਤਰੀ ਉਹਦੇ ਨਾਲ ਨਾਲ ਤੁਰਦਾ ਫਿਰਦਾ ਸੀ। ਮੁਨੀਸ਼ ਸਿਸੋਦੀਆ ਕੋਲ ਕੋਈ ਸਰਕਾਰੀ ਰੁਤਬਾ ਨਹੀਂ, ਫੇਰ ਉਹ ਕਿਸ ਕਾਨੂੰਨ ਅਧੀਨ ਇਹ ਸਰਵੇਖਣ ਕਰ ਰਿਹਾ ਹੈ? ਪੰਜਾਬ ਸਰਕਾਰ ਗੱਪਾਂ ਮਾਰਨ ਵਾਲੇ ਰਿਕਾਰਡ ਬਣਾਉਣ ਲੱਗੀ ਹੋਈ ਹੈ। ਹਰ ਰੋਜ਼ ਇਹਨਾਂ ਦੀ ਕਿਰਕਿਰੀ ਹੁੰਦੀ ਹੈ। ਤਿੰਨ ਸਾਲ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਪੰਜਾਬ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਗਿਆ ਹੈ। ਉਪਰ ਤੋਂ ਥੱਲੇ ਤੱਕ ਰਿਸ਼ਵਤ ਲੈਣ ਵਾਲਿਆਂ ਦਾ ਬੋਲਬਾਲਾ ਹੈ। ਮਾਲ ਵਿਭਾਗ ਵਿਚੋਂ ਰੋਜ਼ਾਨਾ ਛੱਤੀ ਕਰੋੜ ਰੁਪਏ ਰਿਸ਼ਵਤ ਦਾ ਉਪਰ ਜਾਂਦਾ ਹੈ। ਜਿਹੜਾ ਮਹੀਨੇ ਦਾ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਬਾਕੀ ਵਿਭਾਗਾਂ ਦੀ ਕਾਰਗੁਜ਼ਾਰੀ ਤੁਸੀਂ ਜਾਣਦੇ ਹੀ ਹੋ। ਚਾਰ ਕੁ ਦਹਾਕੇ ਪਹਿਲਾਂ ਗੁਰਦਾਸ ਮਾਨ ਦਾ ਗੀਤ ਚੇਤੇ ਆ ਗਿਆ ਹੈ। ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ, ਇਹਦੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀ ਐ। ਹੁਣ ਇਹ ਰੋਡਵੇਜ਼ ਦੀ ਲਾਰੀ ਔਖੇ ਸਾਹ ਲੈਣ ਲੱਗੀ ਹੈ। ਪੰਜਾਬ ਨੂੰ ਉਜਾੜਨ ਲਈ ਜਿਥੇ ਪਹਿਲੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ, ਉਥੇ ਭਗਵੰਤ ਮਾਨ ਸਰਕਾਰ ਇਸਨੂੰ ਖ਼ਤਮ ਕਰਨ ਦੇ ਲਈ ਸਰਗਰਮ ਹੈ। ਬੀ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ। ਕਿਉਂਕਿ ਕੋਈ ਵੀ ਪੰਜਾਬ ਦੇ ਲਈ ਸੁਹਿਰਦ ਨਹੀਂ। ਸਾਰੇ ਆਪੋ ਆਪਣੀ ਡਫਲੀ ਵਜਾ ਰਹੇ ਹਨ। ਤੁਸੀਂ ਵੀ ਨਵੀਂ ਪਾਰਟੀ ਬਣਾਓ ਤੇ ਡਫ਼ਲੀ ਵਜਾਓ ਤੇ ਗਾਓ। ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ। ਉਜੜ ਗਈ, ਉਜੜ ਗਈ। ਬੁੱਧ ਸਿੰਘ ਨੀਲੋਂ 9464370823

ਬੁੱਧ ਬਾਣ/ਨੀਂ ਆ ਗਈ ਰੋਡਵੇਜ਼ ਦੀ ਲਾਰੀ/ਬੁੱਧ ਸਿੰਘ ਨੀਲੋਂ Read More »

ਸਿਰਫ਼ ਧੀਆਂ ਤੇ ਮਾਵਾਂ

ਹਰਿਆਣਾ ਵਿੱਚ ਲਿੰਗਕ ਵਿਤਕਰੇ ਨੂੰ ਖ਼ਤਮ ਕਰਨ ਅਤੇ ਬੱਚੀਆਂ ਦੇ ਅਨੁਪਾਤ ਨੂੰ ਸਾਵਾਂ ਬਣਾਉਣ ਲਈ ਸੰਨ 2015 ਵਿੱਚ ਬਹੁਤ ਧੂਮ-ਧਾਮ ਨਾਲ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਇੱਕ ਦਹਾਕਾ ਬਾਅਦ ਇਸ ਦੀ ਜੋ ਤਲਖ਼ ਹਕੀਕਤ ਸਾਹਮਣੇ ਆਈ ਹੈ, ਉਹ ਸਭ ਦੀਆਂ ਅੱਖਾਂ ਖੋਲ੍ਹਣ ਵਾਲੀ ਹੈ। ਖ਼ੁਲਾਸਾ ਹੋਇਆ ਹੈ ਕਿ ਮਾਂ ਬਣਨ ਵਾਲੀਆਂ ਔਰਤਾਂ ਉੱਪਰ ਪੁੱਤਰ ਨੂੰ ਜਨਮ ਦੇਣ ਦਾ ਸਮਾਜਿਕ ਦਬਾਓ ਜਿਉਂ ਦਾ ਤਿਉਂ ਬਰਕਰਾਰ ਹੈ ਅਤੇ ਸਿਰਫ਼ ਬੇਟੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਇਸ ਦਾ ਭਾਰ ਸਹਿਣ ਨਹੀਂ ਕਰ ਪਾ ਰਹੀਆਂ ਅਤੇ ਉਹ ਖ਼ੁਦਕੁਸ਼ੀ ਜਿਹਾ ਕਦਮ ਉਠਾਉਣ ਲਈ ਮਜਬੂਰ ਹੋ ਰਹੀਆਂ ਹਨ। ਪਿਛਲੇ ਹਫ਼ਤੇ ਹਿਸਾਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਵਿੱਚ ਪੰਜ ਧੀਆਂ ਦੀ ਮਾਂ ਕਿਰਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਇਸ ਦੀ ਤਸਦੀਕ ਕਰਦੀ ਹੈ। ਹਾਲਾਂਕਿ ਉਸ ਦੇ ਪਰਿਵਾਰ ਵੱਲੋਂ ਸਿੱਧੇ ਤੌਰ ’ਤੇ ਅਜਿਹੇ ਦਬਾਓ ਤੋਂ ਇਨਕਾਰ ਕੀਤਾ ਗਿਆ ਹੈ ਪਰ ਕਿਰਨ ਵੱਲੋਂ ਇੱਕ ਪੁੱਤਰ ਨੂੰ ਜਨਮ ਨਾ ਦੇ ਸਕਣ ਦਾ ਦੁੱਖ ਸਾਫ਼ ਝਲਕਦਾ ਸੀ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਚਾਰ ਧੀਆਂ ਦੀ ਮਾਂ ਨੀਲਮ ਨੇ ਵੀ ਆਪਣੀਆਂ ਦੋ ਬੇਟੀਆਂ ਸਮੇਤ ਖ਼ੁਦਕੁਸ਼ੀ ਕਰ ਲਈ ਸੀ। ਇਹ ਵਿਰਲੀਆਂ-ਟਾਵੀਆਂ ਘਟਨਾਵਾਂ ਨਹੀਂ ਹਨ ਸਗੋਂ ਹਰਿਆਣਾ ਅਤੇ ਉੱਤਰੀ ਭਾਰਤ ਦੇ ਕਈ ਹੋਰ ਰਾਜਾਂ ਵਿੱਚ ਗਹਿਰੇ ਫੈਲੇ ਲਿੰਗਕ ਭੇਦ-ਭਾਵ ਦੇ ਲੱਛਣਾਂ ਦਾ ਪ੍ਰਮਾਣ ਹਨ ਅਤੇ ਇਸ ਤੱਥ ਨੂੰ ਵੀ ਬਿਆਨ ਕਰਦੀਆਂ ਹਨ ਕਿ ਕੋਈ ਵੀ ਸਰਕਾਰੀ ਸਕੀਮ ਇਸ ਅਲਾਮਤ ਨੂੰ ਮਿਟਾਉਣ ਵਿੱਚ ਕਾਰਗਰ ਸਿੱਧ ਨਹੀਂ ਹੋ ਸਕੀ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪ੍ਰੋਗਰਾਮ ਦੇ ਬਾਵਜੂਦ ਹਰਿਆਣਾ ਵਿੱਚ ਬੇਟੀਆਂ ਦਾ ਅਨੁਪਾਤ ਹਾਲੇ ਵੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਜੋ ਕਿ 2024 ਦੇ ਅੰਤ ਵਿੱਚ ਹਜ਼ਾਰ ਲੜਕਿਆਂ ਪਿੱਛੇ 910 ਸੀ ਜੋ ਕਿ 2017 ਤੋਂ ਲੈ ਕੇ ਰਾਜ ਦਾ ਹੁਣ ਤੱਕ ਦਾ ਸਭ ਤੋਂ ਘੱਟ ਅਨੁਪਾਤ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਜਾਗ੍ਰਿਤੀ ਮੁਹਿੰਮਾਂ ਦੇ ਰੌਲੇ ਦੇ ਬਾਵਜੂਦ ਸਮਾਜਿਕ ਮਾਨਤਾਵਾਂ ਅਤੇ ਮਾਨਸਿਕਤਾ ਵਿੱਚ ਕੋਈ ਬਦਲਾਓ ਨਹੀਂ ਆ ਰਿਹਾ। ਇਹ ਤਰਾਸਦੀ ਸਿਰਫ਼ ਮਾਵਾਂ ਤੱਕ ਮਹਿਦੂਦ ਨਹੀਂ ਹੈ ਸਗੋਂ ਨਵ-ਜਨਮੀਆਂ ਬੱਚੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਪਿਤਰਕੀ ਦੇ ਵੇਲਾ ਵਿਹਾਅ ਚੁੱਕੇ ਨੇਮਾਂ ਮੁਤਾਬਿਕ ਹੀ ਉਨ੍ਹਾਂ ਦੀ ਵੁੱਕਤ ਆਂਕੀ ਜਾ ਰਹੀ ਹੈ। ਲਿੰਗਕ ਭੇਦ-ਭਾਵ ਮਹਿਜ਼ ਕੋਈ ਆਰਥਿਕ ਜਾਂ ਨੀਤੀਗਤ ਮੁੱਦਾ ਨਹੀਂ ਹੈ ਸਗੋਂ ਇਹ ਸਮਾਜ ਦੀ ਨਾਕਾਮੀ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਜਾਂ ਕੰਨਿਆਦਾਨ ਨੀਤੀ ਜਿਹੀ ਵਿੱਤੀ ਮਦਦ ਸਦੀਆਂ ਤੋਂ ਚਲੇ ਆ ਰਹੇ ਇਸ ਪੱਖਪਾਤ ਨੂੰ ਇਕੱਲਿਆਂ ਖ਼ਤਮ ਨਹੀਂ ਕਰ ਸਕਦੀ। ਹਾਲਾਤ ਨੂੰ ਇੱਛਤ ਮੋੜਾ ਦੇਣ ਲਈ ਸਕੂਲਾਂ ਵਿੱਚ ਲਿੰਗਕ ਸੰਵੇਦਨਸ਼ੀਲਤਾ, ਸਮਤਾਵਾਦੀ ਲਹਿਰਾਂ ਵਿੱਚ ਸਰਗਰਮ ਪੁਰਸ਼ਾਂ ਦੀ ਭਾਗੀਦਾਰੀ ਅਤੇ ਸਰਕਾਰੀ ਸਕੀਮਾਂ ਦੇ ਲਾਭ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਤੱਕ ਪੁੱਜਦੇ ਕਰਨ ਲਈ ਇਸ ’ਤੇ ਸਖ਼ਤ ਨਿਗਰਾਨੀ ਯਕੀਨੀ ਬਣਾਉਣ ਦੀ ਲੋੜ ਹੈ।

ਸਿਰਫ਼ ਧੀਆਂ ਤੇ ਮਾਵਾਂ Read More »

21 ਫਰਵਰੀ ਨੂੰ ਮਨਾਇਆ ਜਾਵੇਗਾ ਮਾਤ ਭਾਸ਼ਾ ਦਿਵਸ : ਡੀ.ਸੀ ਜਲੰਧਰ

ਜਲੰਧਰ, 20 ਫਰਵਰੀ – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਦੱਸਿਆ ਕਿ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਦੇ ਮੰਤਵ ਨਾਲ 21 ਫਰਵਰੀ ਨੂੰ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮਾਤ ਭਾਸ਼ਾ ਦਿਵਸ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਪੰਜਾਬ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਦੀਪਕ ਬਾਲੀ, ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਮਾਤ ਭਾਸ਼ਾ ਦਿਵਸ ਮੌਕੇ ਮਾਰਚ ਕੱਢਿਆ ਜਾਵੇਗਾ, ਜਿਸ ਵਿੱਚ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਹ ਮਾਰਚ ਲਾਇਲਪੁਰ ਖਾਲਸਾ ਸਕੂਲ ਤੋਂ ਸ਼ੁਰੂ ਹੋ ਕੇ ਨਕੋਦਰ ਚੌਕ, ਭਗਵਾਨ ਵਾਲਮੀਕਿ ਚੌਕ, ਕੰਪਨੀ ਬਾਗ ਚੌਕ, ਭਗਤ ਨਾਮਦੇਵ ਚੌਕ ਤੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਨੇੜੇ ਸਮਾਪਤ ਹੋਵੇਗਾ, ਜਿਥੇ ਸੱਭਿਆਚਾਰਕ ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਆਪਣੀਆਂ ਪੇਸ਼ਕਾਰੀਆਂ ਦੇਣਗੇ। ਡਾ. ਅਗਰਵਾਲ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਪੰਜਾਬੀ ਭਾਸ਼ਾ ’ਤੇ ਆਧਾਰਿਤ ਝਾਕੀਆਂ ਵੀ ਕੱਢੀਆਂ ਜਾਣਗੀਆਂ। ਉਨ੍ਹਾਂ ਇਸ ਮੌਕੇ ਸਰਬਓਤਮ ਝਾਕੀ ਨੂੰ 11000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦਿਨ ਮਨਾਉਣ ਦਾ ਮਕਸਦ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਸਨੇਹ, ਚੇਤਨਾ ਅਤੇ ਹਾਂ-ਪੱਖੀ ਸੋਚ ਪੈਦਾ ਕਰਨਾ ਹੈ। ਉਨ੍ਹਾਂ ਨੇ ਇਸ ਮੌਕੇ ਅਧਿਕਾਰੀਆਂ ਨੂੰ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਦਿਆਰਥੀਆਂ ਲਈ ਰਿਫ਼ਰੈਸ਼ਮੈਂਟ, ਪੀਣ ਵਾਲੇ ਪਾਣੀ, ਵਿਦਿਆਰਥੀਆਂ ਨੂੰ ਲਿਆਉਣ-ਲਿਜਾਣ ਲਈ ਵਾਹਨ, ਐਂਬੂਲੈਂਸ ਸਮੇਤ ਮੈਡੀਕਲ ਟੀਮਾਂ, ਮਾਰਚ ਦੇ ਰੂਟ ਦੀ ਸਾਫ਼-ਸਫਾਈ, ਆਰਜ਼ੀ ਪਖਾਨਿਆਂ ਸਮੇਤ ਹੋਰ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।

21 ਫਰਵਰੀ ਨੂੰ ਮਨਾਇਆ ਜਾਵੇਗਾ ਮਾਤ ਭਾਸ਼ਾ ਦਿਵਸ : ਡੀ.ਸੀ ਜਲੰਧਰ Read More »