February 20, 2025

ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਿਟੀ ਮਲੋਟ ਥਾਣਾ ਇੰਚਾਰਜ ਹਰਪ੍ਰੀਤ ਕੌਰ ਸਸਪੈਂਡ

ਮਲੋਟ, 20 ਫਰਵਰੀ – ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਵੱਡੀ ਕਾਰਵਾਈ ਕੀਤੀ ਹੈ। ਐਸ.ਐਸ.ਪੀ. ਨੇ ਥਾਣਾ ਸਿਟੀ ਮਲੋਟ ਦੀ ਐਸ.ਐਚ.ਓ. ਮਹਿਲਾ ਸਬ-ਇੰਸਪੈਕਟਰ ਹਰਪ੍ਰੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਹਿਲਾ ਸਬ-ਇੰਸਪੈਕਟਰ ਹਰਪ੍ਰੀਤ ਕੌਰ ਨੂੰ ਪੁਲਿਸ ਲਾਈਨ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ। ਗ਼ੈਰ-ਪ੍ਰਮਾਣਿਕ ਸੂਤਰਾਂ ਦੇ ਹਵਾਲਿਓ ਮਿਲੀ ਕਥਿੱਤ ਜਾਣਕਾਰੀ ਦੇ ਮੁਤਾਬਕ ਕੁਝ ਦਿਨ ਪਹਿਲਾਂ ਮਲੋਟ ਵਿੱਚ ਚੋਰੀ ਦੀਆਂ ਦੋ ਕਾਰਾਂ ਦਾ ਇੱਕ ਮਾਮਲਾ ਸੁਰਖ਼ੀਆਂ ਵਿੱਚ ਆਇਆ ਸੀ। ਇਸ ਮਾਮਲੇ ਵਿੱਚ ਕੁਝ ਵਿਅਕਤੀਆਂ ਨੂੰ ਪਰਚੇ ਵਿੱਚ ਰਿਆਇਤ ਦੇਣ ਦਾ ਮਾਮਲਾ ਉਭਰਦਾ ਦੇਖ ਕੇ ਐਸ.ਐਸ.ਪੀ. ਨੇ ਆਪਣੇ ਪੱਧਰ ‘ਤੇ ਇਸ ਮਾਮਲੇ ਦੀ ਕਰਵਾਈ ਮੁੱਢਲੀ ਜਾਂਚ ਉਪਰੰਤ ਐਸ.ਐਚ.ਓ. ਹਰਪ੍ਰੀਤ ਕੌਰ ਨੂੰ ਸਸਪੈਂਡ ਕਰਨ ਦਾ ਫ਼ੈਸਲਾ ਲਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਡੀਜੀਪੀ ਦੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਕਈ ਵੱਡੇ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਇਹ ਚੇਤਾਵਨੀ ਦਿੱਤੀ ਸੀ ਕਿ ਪੰਜਾਬ ਪੁਲਿਸ ਵਿਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਹੇਠਲੇ ਪੱਧਰ ਦਾ ਕੋਈ ਅਧਿਕਾਰੀ ਭ੍ਰਿਸ਼ਟਾਚਾਰ ਕਰੇਗਾ ਤਾਂ ਉਸ ਲਈ ਜ਼ਿਲ੍ਹਾ ਪੁਲਿਸ ਮੁਖੀ ਜ਼ਿੰਮੇਵਾਰੀ ਹੋਣਗੇ ਤੇ ਉਹ ਬੇਝਿਜਕ ਉਨ੍ਹਾਂ ਵਿਰੁਧ ਕਾਰਵਾਈ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਐਸਐਸਪੀ ਮੁਕਤਸਰ ਸਾਹਿਬ ਨੇ ਐਸਐਚਓ ਵਿਰੁਧ ਇਹ ਕਾਰਵਾਈ ਕੀਤੀ।

ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਿਟੀ ਮਲੋਟ ਥਾਣਾ ਇੰਚਾਰਜ ਹਰਪ੍ਰੀਤ ਕੌਰ ਸਸਪੈਂਡ Read More »

ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਮੁੱਢੋਂ ਰੱਦ

ਅੰਮ੍ਰਿਤਸਰ, 20 ਫਰਵਰੀ – ਪੰਥਕ ਸਿਆਸਤ ਨਿੱਤ ਨਵੀਂ ਕਰਵਟ ਲੈ ਰਹੀ ਹੈ। ਅਜਿਹੇ ਸਭ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹਾਲਤ ਕਸੂਤੀ ਬਣ ਗਈ ਹੈ। ਆਲ ਇੰਡੀਆ ਪੰਥਕ ਕਨਵੈਨਸ਼ਨ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਮੁੱਢੋਂ ਹੀ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਅਕਾਲੀ ਦਲ ਦੀ ਨਵੀਂ ਭਰਤੀ ਦਾ ਮਾਮਲਾ ਮੁੜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਿਆ ਹੈ। ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁੱਧਵਾਰ ਨੂੰ ਆਲ ਇੰਡੀਆ ਪੰਥਕ ਕਨਵੈਨਸ਼ਨ ਕਰਵਾਈ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਹੋਈ ਕਨਵੈਨਸ਼ਨ ਵਿੱਚ ਅੱਧੀ ਦਰਜਨ ਦੇ ਕਰੀਬ ਮਤੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ। ਪਹਿਲੇ ਮਤੇ ਰਾਹੀਂ ਅਕਾਲ ਤਖ਼ਤ ਵੱਲੋਂ ਦੋ ਦਸੰਬਰ ਨੂੰ ਸੁਣਾਏ ਗਏ ਹੁਕਮਨਾਮੇ ਨੂੰ ਇੰਨ-ਬਿੰਨ ਲਾਗੂ ਕਰਵਾਉਣ ਦੀ ਹਮਾਇਤ ਕੀਤੀ ਗਈ। ਦੂਜੇ ਮਤੇ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫੈਸਲੇ ਨੂੰ ਮੁੱਢੋਂ ਰੱਦ ਕੀਤਾ ਗਿਆ ਤੇ ਉਨ੍ਹਾਂ ਨੂੰ ਵਿਸ਼ਵ ਭਰ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਮੁਹਿੰਮ ਜਾਰੀ ਰੱਖਣ ਦੀ ਅਪੀਲ ਕੀਤੀ ਗਈ। ਤੀਜੇ ਮਤੇ ਰਾਹੀਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸਰਨਾ ਭਰਾਵਾਂ ਵੱਲੋਂ ਮਾਣ ਸਨਮਾਨ ਕਰਨ ਦੀ ਨਿਖੇਧੀ ਕੀਤੀ ਗਈ ਤੇ ਸਹੁੰ ਚੁੱਕੀ ਗਈ ਕਿ ਇਸ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਤੱਕ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਸੰਘਰਸ਼ ਜਾਰੀ ਰੱਖੇਗੀ। ਚੌਥੇ ਮਤੇ ਰਾਹੀਂ ਵਿਸ਼ਵ ਪੱਧਰ ’ਤੇ ਸਿੱਖਾਂ ਦੀ ਤਾਲਮੇਲ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਗਈ। ਇਹ ਵੀ ਕਿਹਾ ਗਿਆ ਕਿ ਜਥੇਦਾਰਾਂ ਦੀ ਨਿਯੁਕਤੀ ਲਈ ਨਿਯਮ ਬਣਾਏ ਜਾਣ। ਇਕ ਹੋਰ ਮਤੇ ਰਾਹੀਂ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਖ਼ਿਲਾਫ਼ ਕੇਸਾਂ ਵਿੱਚ ਚਾਰਜਸ਼ੀਟ ਦਾਇਰ ਕਰਨ ਦਾ ਸਵਾਗਤ ਕੀਤਾ ਗਿਆ ਤੇ ਸੰਗਤ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਇਆ ਜਾਵੇ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੱਲੋਂ ਜੈਕਾਰਿਆਂ ਨਾਲ ਪਾਸ ਕੀਤੇ ਮਤੇ ਰਾਹੀਂ ਸੰਗਤ ਨੇ ਅਦਾਲਤ ਨੂੰ ਅਪੀਲ ਕੀਤੀ ਕਿ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਕ ਪਰਿਵਾਰ ਨੂੰ ਬਚਾਉਣ ਲਈ ਸਿੱਖ ਸੰਸਥਾਵਾਂ ਦਾ ਘਾਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਭਾਈ ਜਸਬੀਰ ਸਿੰਘ ਰੋਡੇ, ਬਾਬਾ ਸੁੰਦਰ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਕਰਮਜੀਤ ਸਿੰਘ ਜਗਾਧਰੀ ਵਾਲੇ, ਮੋਹਕਮ ਸਿੰਘ ਦਮਦਮੀ ਟਕਸਾਲ, ਸਾਬਕਾ ਐੱਮਪੀ ਤਰਲੋਚਨ ਸਿੰਘ, ਗੁਰਦੀਪ ਸਿੰਘ ਉੱਤਰਾਖੰਡ, ਅਜੈਪਾਲ ਸਿੰਘ ਪ੍ਰਧਾਨ ਸਿੱਖ ਸਮਾਜ ਰਾਜਸਥਾਨ ਆਦਿ ਹਾਜ਼ਰ ਸਨ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਸਿਰਫ 10 ਜਣੇ ਹੀ ਅਕਾਲੀ ਦਲ ਨੂੰ ਡੋਬਣ ’ਤੇ ਲੱਗੇ ਹੋਏ ਹਨ ਜਿਸ ਵਿਚੋਂ 2 ਦਿੱਲੀ ਦੇ ਹਨ ਤੇ 8 ਪੰਜਾਬ ਦੇ। ਉਨ੍ਹਾਂ ਕਿਹਾ ਕਿ ਬਾਕੀ ਸਾਰੀ ਕੌਮ ਪੰਥ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਪਰ ਇਹ 10 ਜਣੇ ਪੰਥ ਦੇ ਖ਼ਿਲਾਫ਼ ਕੰਮ ਕਰ ਰਹੇ ਹਨ। ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਤਖਤ ਸਾਹਿਬਾਨ ਦੇ ਜੋ ਹਾਲ ਹਨ, ਉਸ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪੀ ਰਿਪੋਰਟ ਉਧਰ, ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਬਾਕੀ ਰਹਿ ਗਏ ਪੰਜ ਮੈਂਬਰਾਂ ਨੇ ਇਸ ਕਮੇਟੀ ਦੀ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਂ ’ਤੇ ਅਕਾਲ ਤਖ਼ਤ ਦੇ ਸਕੱਤਰੇਤ ਨੂੰ ਸੌਂਪ ਦਿੱਤੀ ਹੈ। ਇਹ ਰਿਪੋਰਟ ਕਮੇਟੀ ਦੀ ਮੈਂਬਰ ਬੀਬੀ ਸਤਵੰਤ ਕੌਰ ਵੱਲੋਂ ਸਕੱਤਰੇਤ ਵਿੱਚ ਅਧਿਕਾਰੀ ਨੂੰ ਸੌਂਪੀ ਗਈ। ਬੀਬੀ ਸਤਵੰਤ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੇ ਮੌਜੂਦਾ ਸਥਿਤੀ ਸਬੰਧੀ ਵਿਸਥਾਰਤ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਇੱਥੇ ਨਹੀਂ ਸਨ ਪਰ ਉਨ੍ਹਾਂ ਦਫ਼ਤਰ ਵਿੱਚ ਅਧਿਕਾਰੀ ਨੂੰ ਰਿਪੋਰਟ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਵੇਰਵੇ ਜਨਤਕ ਨਹੀਂ ਕੀਤੇ ਜਾ ਸਕਦੇ। ਦੱਸ ਦਈਏ ਕਿ ਅਕਾਲ ਤਖ਼ਤ ਵੱਲੋਂ ਇਹ ਸੱਤ ਮੈਂਬਰੀ ਕਮੇਟੀ ਦਾ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਥਾਪਿਆ ਗਿਆ ਸੀ, ਜਿਨ੍ਹਾਂ ਨੇ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਤੋਂ ਬਾਅਦ ਇਸ ਕਮੇਟੀ ਦੇ ਇੱਕ ਹੋਰ ਮੈਂਬਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਵੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕਮੇਟੀ ਵਿੱਚ ਹੁਣ ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾਂ, ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਰਹਿ ਗਏ ਹਨ, ਜੋ ਬੀਤੇ ਦਿਨ ਪਟਿਆਲਾ ਵਿੱਚ ਨਿਰਧਾਰਿਤ ਮੀਟਿੰਗ ਵਿੱਚ ਪੁੱਜੇ ਸਨ। ਮੀਟਿੰਗ ਵਿੱਚ ਕਮੇਟੀ ਦੇ ਮੁਖੀ ਐਡਵੋਕੇਟ ਧਾਮੀ ਦੇ ਨਾ ਪੁੱਜਣ ’ਤੇ ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣੇ ਅਸਤੀਫੇ ਦੀ ਗੱਲ ਆਖੀ। ਇਸੇ ਦੌਰਾਨ ਕਮੇਟੀ ਨੂੰ ਪ੍ਰੋਫੈਸਰ ਬਡੂੰਗਰ ਵੱਲੋਂ ਦਿੱਤੇ ਅਸਤੀਫੇ ਬਾਰੇ ਵੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਨੇ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਰਿਪੋਰਟ ਅਕਾਲ ਤਖ਼ਤ ਵਿਖੇ ਸੌਂਪਣ ਦਾ ਫ਼ੈਸਲਾ ਕੀਤਾ। ਹੁਣ ਜਥੇਦਾਰ ਦੇ ਅਗਲੇ ਹੁਕਮਾਂ ਦੀ ਉਡੀਕ ਜਾਣਕਾਰੀ ਮੁਤਾਬਕ ਕਮੇਟੀ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਜਾਣੂ ਕਰਵਾਇਆ ਗਿਆ ਕਿ ਅਕਾਲ ਤਖ਼ਤ ਵੱਲੋਂ ਦਿੱਤੇ ਗਏ ਹੁਕਮਾਂ ਮੁਤਾਬਕ ਸੱਤ ਮੈਂਬਰੀ ਕਮੇਟੀ ਕਾਰਜਸ਼ੀਲ ਹੋਈ ਸੀ ਪਰ ਉਸ ਨੂੰ ਦੂਜੇ ਪਾਸਿਓਂ ਕੋਈ ਸਹਿਯੋਗ ਅਤੇ ਸਮਰਥਨ ਨਹੀਂ ਮਿਲਿਆ। ਕਮੇਟੀ ਮੈਂਬਰਾਂ ਵੱਲੋਂ ਹੁਣ ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੇ ਅਗਲੇ ਆਦੇਸ਼ਾਂ ਦੀ ਉਡੀਕ ਕੀਤੀ ਜਾਵੇਗੀ। ਬੀਤੇ ਦਿਨ ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਮੀਡੀਆ ਨੂੰ ਸਪੱਸ਼ਟ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਦੇ ਭਰਤੀ ਸਬੰਧੀ ਵਿਚਾਰਾਂ ਵਿੱਚ ਅੰਤਰ ਹੈ। ਸ਼੍ਰੋਮਣੀ ਅਕਾਲੀ ਦਲ ਆਪਣੇ ਢੰਗ-ਤਰੀਕੇ ਮੁਤਾਬਕ ਭਰਤੀ ਮੁਹਿੰਮ ਜਾਰੀ ਰੱਖਣਾ ਚਾਹੁੰਦਾ ਹੈ। ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪਾਰਟੀ ਆਗੂ ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਜਨਮੇਜਾ ਸਿੰਘ ਸੇਖੋਂ, ਗੁਰਬਚਨ ਸਿੰਘ ਬੱਬੇਹਾਲੀ, ਜਰਨੈਲ ਸਿੰਘ ਵਾਹਿਦ, ਵਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਲਾਲੀ ਬਾਜਵਾ ਆਦਿ ਪਿੱਪਲਾਂਵਾਲਾ ਸਥਿਤ ਧਾਮੀ ਦੇ ਗ੍ਰਹਿ ਪੁੱਜੇ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਧਾਨਗੀ ਤੋਂ ਅਚਾਨਕ ਅਸਤੀਫ਼ਾ ਦੇਣ ਨਾਲ ਨਾ ਸਿਰਫ਼ ਸ਼੍ਰੋਮਣੀ ਕਮੇਟੀ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਧੱਕਾ ਲੱਗਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਮੁੱਢੋਂ ਰੱਦ Read More »

ਪੰਜਾਬ ਪੁਲੀਸ ਵਿਚ ਨਿਯੁਕਤੀਆਂ ਤੇ ਤਬਾਦਲੇ

ਚੰਡੀਗੜ੍ਹ, 20 ਫਰਵਰੀ – ਪੰਜਾਬ ਪੁਲਿਸ ਵਿਚ ਨਿਯੁਕਤੀਆਂ ਤੇ ਤਬਾਦਲੇ ਕੀਤੇ ਗਏ ਹਨ। ਹੁਕਮਾਂ ਦੌਰਾਨ ਪੰਜਾਬ ਸਰਕਾਰ ਨੇ ਡੀਆਈਜੀ ਪਰਸੋਨਲ ਅਲਕਾ ਮੀਣਾ ਨੂੰ ਡੀਆਈਜੀ (ਐਡਮਿਨਸਟ੍ਰੇਸ਼ਨ) ਦਾ ਵਾਧੂ ਚਾਰਜ ਦਿੱਤਾ ਹੈ। ਇਸੇ ਦੌਰਾਨ ਪੁਲਿਸ ਦੇ 4 ਡੀਐਸਪੀਜ਼ ਦੇ ਤਬਾਦਲੇ ਵੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਗੁਰਿੰਦਰਪਾਲ ਸਿੰਘ ਨਾਗਰਾ ਨੂੰ ਡੀਐਸਪੀ ਡਿਟੈਕਟਿਵ ਰੂਰਲ ਅੰਮ੍ਰਿਤਸਰ ਤੋਂ ਬਦਲ ਕੇ ਡੀਐਸਪੀ ਪੀਬੀਆਈ ਸਪੈਸ਼ਲ ਕ੍ਰਾਈਮ, ਤਰਨ ਤਾਰਨ ਲਾਇਆ ਗਿਆ ਹੈ। ਇਸੇ ਤਰ੍ਹਾਂ ਰਿਪੂਤਪਨ ਸਿੰਘ ਸੰਧੂ ਡੀਐਸਪੀ ਡਿਟੈਕਟਿਵ ਬਟਾਲਾ ਤੋਂ ਡੀ.ਐਸ.ਪੀ .ਐਸਪੀ ਤਰਨ ਤਾਰਨ, ਕਮਲਜੀਤ ਸਿੰਘ ਨੂੰ ਡੀਐਸਪੀ ਐਸਪੀ ਤਰਨ ਤਾਰਨ ਤੋਂ ਡੀਐਸਪੀ 7ਵੀਂ ਆਈਆਰਬੀ ਕਪੂਰਥਲਾ ਅਤੇ ਗੁਲਜ਼ਾਰ ਸਿੰਘ ਨੂੰ ਡੀਐਸਪੀ 7ਵੀਂ ਆਈਆਰਬੀ ਕਪੂਰਥਲਾ ਤੋਂ ਬਦਲ ਕੇ ਡੀਐਸਪੀ ਆਰਥਿਕ ਅਪਰਾਧ ਤੇ ਸਾਈਬਰ ਕ੍ਰਾਈਮ ਤਰਨ ਤਾਰਨ ਲਾਇਆ ਗਿਆ ਹੈ।

ਪੰਜਾਬ ਪੁਲੀਸ ਵਿਚ ਨਿਯੁਕਤੀਆਂ ਤੇ ਤਬਾਦਲੇ Read More »

ਔਰਤਾਂ ਨੂੰ ਕਿੱਤਾ ਮੁਖੀ ਬਣਾਉਣਾ, ਉਹਨਾ ਨੂੰ ਨਵਾਂ ਜੀਵਨ ਦੇਣਾ ਹੈ : ਡੀ.ਕੇ. ਵਰਮਾ

* ਸੋਸਵਾ ਪੰਜਾਬ ਦੀ ਟੀਮ ਨੇ ਕੀਤਾ ਸਰਬ ਨੌਜਵਾਨ ਸਭਾ ਦੇ ਵੋਕੇਸ਼ਨਲ ਸੈਂਟਰ ਦਾ ਨਰੀਖਣ ਫਗਵਾੜਾ, 20 ਫਰਵਰੀ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਅਤੇ ਆਤਮ-ਨਿਰਭਰ ਬਣਾਉਣ ਦੇ ਮੰਤਵ ਨਾਲ ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਸਕੀਮ ਨੰਬਰ ਤਿੰਨ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਅੱਜ ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਰਿਟਾ. ਚੀਫ ਕਮਿਸ਼ਨਰ ਆਬਕਾਰੀ ਵਿਭਾਗ ਨੇ ਦੌਰਾ ਕੀਤਾ। ਸੋਸਵਾ ਦੀ ਟੀਮ ਦਾ ਸਵਾਗਤ ਸਭਾ ਅਤੇ ਸੁਸਾਇਟੀ ਦੇ ਸਲਾਹਕਾਰ ਬੋਰਡ ਮੈਂਬਰਾਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੰਤੋਸ਼ ਕੁਮਾਰ ਗੋਗੀ ਵਲੋਂ ਕੀਤਾ ਗਿਆ। ਇਸ ਦੌਰਾਨ ਉਹਨਾਂ ਸਭਾ ਵਲੋਂ ਵੋਕੇਸ਼ਨਲ ਸੈਂਟਰ ‘ਚ ਲੜਕੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਦਿੱਤੀ ਜਾ ਰਹੀ ਸਿਖਲਾਈ ਦੇ ਕੰਮ ਦਾ ਨਰੀਖਣ ਕੀਤਾ। ਉਹਨਾਂ ਦੇ ਨਾਲ ਸੋਸਵਾ ਪੰਜਾਬ ਦੇ ਪ੍ਰੋਗਰਾਮਿੰਗ ਮੈਨੇਜਰ ਪ੍ਰਮੋਦ ਸੋਬਤੀ ਵੀ ਸਨ। ਜਿਨ੍ਹਾਂ ਦਾ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਭਾ ਦੇ ਮੈਂਬਰਾਂ ਅਤੇ ਸੈਂਟਰ ਦੀਆਂ ਲੜਕੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸੈਂਟਰ ਵਿਖੇ ਹੋਮ ਕੇਅਰ ਦਾ ਨਵਾਂ ਕੋਰਸ ਸ਼ੁਰੂ ਕੀਤਾ ਗਿਆ ਹੈ। ਜਿਸਦੇ ਤਹਿਤ ਬਜੁਰਗਾਂ ਅਤੇ ਬੱਚਿਆਂ ਦੀ ਸਾਂਭ ਸੰਭਾਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਨੇ ਸੈਂਟਰ ਦੀ ਕਾਰਗੁਜਾਰੀ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਔਰਤਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇਣ ਪ੍ਰਤੀ ਸਭਾ ਦੀ ਵਚਨਬੱਧਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ, ਇਕ ਤਰ੍ਹਾਂ ਨਾਲ ਉਹਨਾ ਨੂੰ ਨਵਾਂ ਜੀਵਨ ਦੇਣਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਘਰੇਲੂ ਔਰਤਾਂ ਦਾ ਸਵੈ-ਰੁਜ਼ਗਾਰਤ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ, ਤਾਂ ਜੋ ਪਰਿਵਾਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕੇ। ਉਨ੍ਹਾਂ ਦੱਸਿਆ ਕਿ ਸੋਸਵਾ ਪੰਜਾਬ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਔਰਤਾਂ ਨੂੰ ਦਸਤਕਾਰੀ ਦੀ ਸਿਖਲਾਈ ਦੇ ਕੇ ਸਵੈ-ਰੁਜ਼ਗਾਰ ਬਣਾਉਣ ਲਈ ਸੂਬਾ ਪੱਧਰੀ ਉਪਰਾਲੇ ਵੱਡੀ ਪੱਧਰ ‘ਤੇ ਕੀਤੇ ਜਾ ਰਹੇ ਹਨ। ਇਸ ਮੌਕੇ ਸੰਤੋਸ਼ ਕੁਮਾਰ ਗੋਗੀ ਨੇ ਪਤਵੰਤਿਆਂ ਨੂੰ ਸਭਾ ਵਲੋਂ ਕੀਤੇ ਜਾਣ ਵਾਲੇ ਹੋਰ ਸਮਾਜ ਸੇਵੀ ਕਾਰਜਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਵਾਤਾਵਰਨ ਦੀ ਸੰਭਾਲ, ਨਸ਼ਿਆਂ ਵਿਰੁੱਧ ਸੈਮੀਨਾਰ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਆਦਿ ਅਨੇਕਾਂ ਕਾਰਜ ਸਭਾ ਵੱਲੋਂ ਪਿਛਲੇ 36 ਸਾਲਾਂ ਤੋਂ ਲਗਾਤਾਰ ਜਾਰੀ ਹਨ। ਸਭਾ ਵਲੋਂ ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਮੈਨੇਜਰ ਜਗਜੀਤ ਸਿੰਘ ਸੇਠ, ਮੈਡਮ ਤਨੂ, ਮੈਡਮ ਆਸ਼ੂ ਬੱਗਾ, ਮੈਡਮ ਨਵਜੋਤ ਕੌਰ, ਮੈਡਮ ਗੁਰਜੀਤ ਕੌਰ, ਆਰ.ਪੀ. ਸ਼ਰਮਾ, ਸਾਹਿਬਜੀਤ ਸਾਬੀ, ਗੁਰਦੀਪ ਸਿੰਘ ਤੁਲੀ, ਜਸ਼ਨ ਮਹਿਰਾ, ਮਨਦੀਪ ਬਾਸੀ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਮਦਨ ਲਾਲ ਕੋਰੋਟਾਨੀਆ, ਜੈਸਮੀਨ, ਬਲਜੀਤ, ਮਨਪ੍ਰੀਤ, ਅਮਨਪ੍ਰੀਤ, ਸਿਮਰਨਜੀਤ, ਹਰਮਨ, ਤਮੰਨਾ, ਸਲੋਨੀ, ਸਿਮਰਨ, ਕੰਵਲਪ੍ਰੀਤ, ਰਮਨ, ਸਰੀਨਾ, ਜਸਪ੍ਰੀਤ, ਗੀਤ, ਅੰਜਲੀ, ਪ੍ਰਿੰਯਕਾ, ਮੇਘਾ, ਉਪਿੰਦਰ ਕੌਰ, ਪਰਵੀਨ, ਅਮਨਜੋਤ, ਸੰਜਨਾ, ਗਗਨਦੀਪ, ਮਮਤਾ, ਅੰਜਲੀ ਹੀਰ, ਪ੍ਰਭਜੋਤ, ਖੁਸ਼ੀ ਰਾਣਾ, ਲਵਪ੍ਰੀਤ ਕੌਰ, ਪ੍ਰਿਆ, ਤਾਨੀਆ, ਮਨੀਸ਼ਾ, ਕਾਮੀਨੀ, ਸੁੰਦਰਸ਼ੀਲਾ, ਨੇਹਾ, ਨਿਸ਼ਾ ਆਦਿ ਹਾਜ਼ਰ ਸਨ।

ਔਰਤਾਂ ਨੂੰ ਕਿੱਤਾ ਮੁਖੀ ਬਣਾਉਣਾ, ਉਹਨਾ ਨੂੰ ਨਵਾਂ ਜੀਵਨ ਦੇਣਾ ਹੈ : ਡੀ.ਕੇ. ਵਰਮਾ Read More »

‘ਪਾਰਟੀ ਫੰਡ’ ਘਪਲੇ ਦੀ ਨਿਆਂਇਕ ਜਾਂਚ ਹੋਵੇ : ਬਾਜਵਾ

ਚੰਡੀਗੜ੍ਹ, 20 ਫਰਵਰੀ – ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਹੋਏ ‘ਪਾਰਟੀ ਫੰਡ’ ਘਪਲੇ ਦੀ ਨਿਆਂਇਕ ਜਾਂਚ ਕਰਾਉਣ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਈਡੀ ਤੋਂ ਵੀ ਜਾਂਚ ਕਰਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਫੰਡ ਵਾਸਤੇ ਅਜਿਹੇ ਹੱਥਕੰਡੇ ਅਪਣਾਏ ਹਨ। ਚੋਣ ਕਮਿਸ਼ਨ ਵੱਲੋਂ ਨਿਰਧਾਰਤ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਪੂਰਥਲਾ ਹਾਊਸ ’ਤੇ ਛਾਪੇ ਵੀ ਮਾਰੇ ਗਏ ਸਨ।

‘ਪਾਰਟੀ ਫੰਡ’ ਘਪਲੇ ਦੀ ਨਿਆਂਇਕ ਜਾਂਚ ਹੋਵੇ : ਬਾਜਵਾ Read More »

ਭਾਰਤ ਨੇ ਜਰਮਨੀ ਨੂੰ 1-0 ਨਾਲ ਹਰਾਇਆ

ਭੁਬਨੇਸ਼ਵਰ, 20 ਫਰਵਰੀ – ਆਪਣੀ ਪਿਛਲੀ ਹਾਰ ਤੋਂ ਸਬਕ ਲੈਂਦਿਆਂ ਭਾਰਤੀ ਪੁਰਸ਼ ਹਾਕੀ ਟੀਮ ਨੇ ਗੁਰਜੰਟ ਸਿੰਘ ਦੇ ਸ਼ਾਨਦਾਰ ਫੀਲਡ ਗੋਲ ਦੀ ਮਦਦ ਨਾਲ ਅੱਜ ਐੱਫਆਈਐੱਚ ਪ੍ਰੋ ਲੀਗ ਦੇ ਮੈਚ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਨੂੰ 1-0 ਨਾਲ ਮਾਤ ਦਿੱਤੀ। ਬੀਤੇ ਦਿਨ ਜਰਮਨੀ ਨੇ ਭਾਰਤ ਨੂੰ 4-1 ਨਾਲ ਹਰਾਇਆ ਸੀ। ਗੁਰਜੰਟ ਨੇ ਖੇਡ ਦੇ ਚੌਥੇ ਮਿੰਟ ਵਿੱਚ ਗੋਲ ਕੀਤਾ। ਭਾਰਤੀ ਟੀਮ ਆਪਣੇ ਪਿਛਲੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉਭਰ ਕੇ ਸ਼ਾਨਦਾਰ ਖੇਡੀ। ਉਸ ਨੇ ਪਹਿਲੇ ਮਿੰਟ ਤੋਂ ਹੀ ਦਬਦਬਾ ਬਣਾ ਲਿਆ ਅਤੇ ਚੌਥੇ ਕੁਆਰਟਰ ਤੋਂ ਇਲਾਵਾ ਜਰਮਨ ਟੀਮ ਨੂੰ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਚੌਥੇ ਕੁਆਰਟਰ ਵਿੱਚ ਜਰਮਨੀ ਨੇ ਬਰਾਬਰੀ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਨਾਕਾਮ ਰਿਹਾ। ਉਸ ਨੂੰ ਆਖਰੀ ਕੁਆਰਟਰ ਵਿੱਚ ਮਿਲੇ ਪੰਜ ਪੈਨਲਟੀ ਕਾਰਨਰਾਂ ਸਮੇਤ ਕੁੱਲ ਸੱਤ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਡਿਫੈਂਸ ਬਹੁਤ ਚੌਕਸ ਦਿਖਾਈ ਦਿੱਤਾ। ਭਾਰਤ ਨੂੰ ਵੀ ਦੋ ਪੈਨਲਟੀ ਕਾਰਨਰ ਮਿਲੇ ਪਰ ਉਹ ਵੀ ਗੋਲ ਨਹੀਂ ਕਰ ਸਕਿਆ। ਇਸ ਜਿੱਤ ਤੋਂ ਬਾਅਦ ਭਾਰਤ ਚਾਰ ਮੈਚਾਂ ’ਚੋਂ ਛੇ ਅੰਕਾਂ ਨਾਲ ਪ੍ਰੋ ਲੀਗ ਟੇਬਲ ਵਿੱਚ ਸੱਤਵੇਂ ਸਥਾਨ ’ਤੇ ਹੈ, ਜਦਕਿ ਜਰਮਨੀ ਛੇ ਮੈਚਾਂ ’ਚੋਂ ਸੱਤ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਭਾਰਤ ਹੁਣ ਸ਼ੁੱਕਰਵਾਰ ਨੂੰ ਆਇਰਲੈਂਡ ਨਾਲ ਭਿੜੇਗਾ। ਹਾਕੀ: ਭਾਰਤੀ ਮਹਿਲਾ ਟੀਮ ਮੁੜ ਸਪੇਨ ਹੱਥੋਂ ਹਾਰੀ ਭੁਬਨੇਸ਼ਵਰ: ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਵਿੱਚ ਸਪੇਨ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤ ਦੀ ਸਪੇਨ ਹੱਥੋਂ ਲਗਾਤਾਰ ਦੂਜੀ ਹਾਰ ਹੈ। ਬੀਤੇ ਦਿਨ ਵੀ ਸਪੇਨ ਨੇ ਮੇਜ਼ਬਾਨ ਟੀਮ ਨੂੰ 4-3 ਨਾਲ ਹਰਾਇਆ ਸੀ।

ਭਾਰਤ ਨੇ ਜਰਮਨੀ ਨੂੰ 1-0 ਨਾਲ ਹਰਾਇਆ Read More »

ਅੱਜ ਹੋਵੇਗਾ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ

ਦੁਬਈ, 20 ਫਰਵਰੀ – ਕ੍ਰਿਕਟ ਵਿੱਚ ਹਾਲ ਹੀ ਦੇ ਉਤਰਾਅ-ਚੜ੍ਹਾਅ ਨੇ ਭਾਰਤ ਲਈ Champions Trophy ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਜ਼ਰੂਰੀ ਬਣਾ ਦਿੱਤਾ ਹੈ ਅਤੇ ਵੀਰਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਉਸ ਦਾ ਪਹਿਲਾ ਮੈਚ ਟੀਮ ਨਾਲ ਜੁੜੇ ਸਵਾਲਾਂ ਦੇ ਹੱਲ ਵੱਲ ਪਹਿਲਾ ਕਦਮ ਹੋਵੇਗਾ। ਭਾਰਤ ਇਸ ਇੱਕ ਰੋਜ਼ਾ ਟੂਰਨਾਮੈਂਟ ਤੋਂ ਪਹਿਲਾਂ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਜ਼ਖ਼ਮੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੈਰਹਾਜ਼ਰੀ ਵਿੱਚ ਗੇਂਦਬਾਜ਼ੀ ਯੂਨਿਟ ਦੀ ਪਰਖ਼ ਹੋਵੇਗੀ। ਇਸੇ ਤਰ੍ਹਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਲੈਅ ’ਤੇ ਵੀ ਹਾਲੇ ਸਵਾਲ ਹਨ। ਮੁਕਾਬਲਾ ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ। ਕਪਤਾਨ ਰੋਹਿਤ ਸ਼ਰਮਾ ਨੇ ਕੁਝ ਦਿਨ ਪਹਿਲਾਂ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਸੈਂਕੜਾ ਅਤੇ ਕੋਹਲੀ ਨੇ ਨੀਮ ਸੈਂਕੜਾ ਲਾਇਆ। ਇਸੇ ਤਰ੍ਹਾਂ ਸ਼ੁਭਮਨ ਗਿੱਲ ਵੀ ਇੱਕ ਸੈਂਕੜਾ ਅਤੇ ਦੋ ਨੀਮ ਸੈਂਕੜੇ ਲਗਾ ਕੇ ‘ਪਲੇਅਰ ਆਫ ਦਿ ਸੀਰੀਜ਼’ ਬਣਿਆ ਸੀ। ਪਰ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਸਾਹਮਣੇ ਚੁਣੌਤੀ ਘਰੇਲੂ ਲੜੀ ਤੋਂ ਕਾਫ਼ੀ ਵੱਖਰੀ ਹੈ। ਟੂਰਨਾਮੈਂਟ ਵਿੱਚ ਇੱਕ ਹਾਰ ਵੀ ਲੀਗ ਗੇੜ ’ਚ ਪੂਰੇ ਸਮੀਕਰਨ ਬਦਲ ਸਕਦੀ ਹੈ। ਭਾਵੇਂ ਭਾਰਤ ਨੇ ਹਾਲ ਹੀ ਵਿੱਚ 50 ਓਵਰਾਂ ਦੀ ਕ੍ਰਿਕਟ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਨਜਮੁਲ ਹੁਸੈਨ ਸ਼ਾਂਤੋ ਦੀ ਅਗਵਾਈ ਵਾਲੀ ਬੰਗਲਾਦੇਸ਼ੀ ਟੀਮ ਦਾ ਸਾਹਮਣਾ ਕਰਨ ਤੋਂ ਪਹਿਲਾਂ ਉਸ ਨੂੰ ਟੀਮ ਦੀ ਚੋਣ ਵੱਲ ਧਿਆਨ ਦੇਣਾ ਪਵੇਗਾ। ਗੇਂਦਬਾਜ਼ੀ ਵਿੱਚ ਸਹੀ ਸੰਤੁਲਨ ਬਣਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਨਵੀਂ ਗੇਂਦ ਨਾਲ ਸਾਥ ਦੇਣ ਲਈ ਅਰਸ਼ਦੀਪ ਸਿੰਘ ਜਾਂ ਹਰਸ਼ਿਤ ਰਾਣਾ ’ਚੋਂ ਇੱਕ ਨੂੰ ਚੁਣਿਆ ਜਾ ਸਕਦਾ ਹੈ। ਸ਼ਮੀ ਨੂੰ ਵੀ ਆਪਣਾ ਪ੍ਰਦਰਸ਼ਨ ਸੁਧਾਰਨਾ ਪਵੇਗਾ। ਰਾਣਾ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਅਰਸ਼ਦੀਪ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਨ ਲਈ ਉਸ ਤੋਂ ਅੱਗੇ ਜਾਪ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਵੱਲੋਂ ਤਿੰਨ ਸਪਿੰਨਰਾਂ ਨੂੰ ਉਤਾਰਨ ਦੀ ਸੰਭਾਵਨਾ ਹੈ, ਜਦਕਿ ਹਾਰਦਿਕ ਪੰਡਿਆ ਤੀਜਾ ਤੇਜ਼ ਗੇਂਦਬਾਜ਼ ਹੋਵੇਗਾ। ਭਾਰਤ ਨੂੰ ਇਹ ਵੀ ਵਿਚਾਰ ਕਰਨਾ ਪਵੇਗਾ ਕਿ ਰਵਿੰਦਰ ਜਡੇਜਾ ਅਤੇ ਅਕਸਰ ਪਟੇਲ ਤੋਂ ਬਾਅਦ ਟੀਮ ਵਿੱਚ ਤੀਜਾ ਸਪਿੰਨਰ ਕੌਣ ਹੋਵੇਗਾ।

ਅੱਜ ਹੋਵੇਗਾ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ Read More »

ਮਹਾਸ਼ਿਵਰਾਤਰੀ ਤੋਂ ਪਹਿਲਾਂ ਅਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ

ਨਵੀਂ ਦਿੱਲੀ, 20 ਫਰਵਰੀ – ਮਹਾਸ਼ਿਵਰਾਤਰੀ ਤੋਂ ਪਹਿਲਾਂ ਜੇਕਰ ਤੁਸੀਂ ਅੱਜ 20 ਫਰਵਰੀ ਨੂੰ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਨਵੀਆਂ ਕੀਮਤਾਂ ਦੀ ਜਾਂਚ ਕਰੋ। ਅੱਜ ਵੀਰਵਾਰ ਨੂੰ ਸੋਨੇ ਦੀ ਕੀਮਤ ਵਿੱਚ 400 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ, ਚਾਂਦੀ ਦੀ ਕੀਮਤ ਵਿੱਚ ਬਹੁਤਾ ਬਦਲਾਅ ਨਹੀਂ ਆਇਆ ਹੈ। ਨਵੀਆਂ ਦਰਾਂ ਤੋਂ ਬਾਅਦ, ਸੋਨੇ ਦੀਆਂ ਕੀਮਤਾਂ 88,000 ਰੁਪਏ ਤੋਂ ਉੱਪਰ ਅਤੇ ਚਾਂਦੀ ਦੀਆਂ ਕੀਮਤਾਂ 1 ਲੱਖ ਰੁਪਏ ਤੋਂ ਉੱਪਰ ਟ੍ਰੈਂਡ ਕਰ ਰਹੀਆਂ ਹਨ। ਅੱਜ ਵੀਰਵਾਰ, 20 ਫਰਵਰੀ 2025 ਨੂੰ ਸਰਾਫਾ ਬਾਜ਼ਾਰ ਵੱਲੋਂ ਜਾਰੀ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ (ਸੋਨੇ ਦੀ ਚਾਂਦੀ ਦੀ ਕੀਮਤ ਅੱਜ) ਦੇ ਅਨੁਸਾਰ, 22 ਕੈਰੇਟ ਸੋਨੇ (ਸੋਨੇ ਦੀ ਕੀਮਤ ਅੱਜ) ਦੀ ਕੀਮਤ 80, 850 ਰੁਪਏ, 24 ਕੈਰੇਟ ਦੀ ਕੀਮਤ 88, 190 ਰੁਪਏ ਅਤੇ 18 ਗ੍ਰਾਮ 66, 150 ਰੁਪਏ ‘ਤੇ ਟ੍ਰੈਂਡ ਕਰ ਰਹੀ ਹੈ। 1 ਕਿਲੋ ਚਾਂਦੀ ਦੀ ਕੀਮਤ (ਅੱਜ ਚਾਂਦੀ ਦਾ ਰੇਟ) 1,00,400 ਰੁਪਏ ਹੈ। ਆਓ ਜਾਣਦੇ ਹਾਂ ਵੱਖ-ਵੱਖ ਸ਼ਹਿਰਾਂ ਵਿੱਚ 18, 22 ਅਤੇ 24 ਕੈਰੇਟ ਸੋਨੇ ਦੀਆਂ ਤਾਜ਼ਾ ਕੀਮਤਾਂ… ਅੱਜ 18 ਕੈਰੇਟ ਸੋਨੇ ਦਾ ਰੇਟ ਦਿੱਲੀ ਸਰਾਫਾ ਬਾਜ਼ਾਰ ਵਿੱਚ ਅੱਜ 10 ਗ੍ਰਾਮ ਸੋਨੇ ਦੀ ਕੀਮਤ 66,150/- ਰੁਪਏ ਹੈ। ਕੋਲਕਾਤਾ ਅਤੇ ਮੁੰਬਈ ਸਰਾਫਾ ਬਾਜ਼ਾਰ ਵਿੱਚ 66,030/- ਰੁਪਏ। ਇੰਦੌਰ ਅਤੇ ਭੋਪਾਲ ਵਿੱਚ ਸੋਨੇ ਦੀ ਕੀਮਤ 66,070 ਰੁਪਏ ਹੈ। ਚੇਨਈ ਸਰਾਫਾ ਬਾਜ਼ਾਰ ਵਿੱਚ ਕੀਮਤ 66,400/- ਰੁਪਏ ‘ਤੇ ਵਪਾਰ ਕਰ ਰਹੀ ਹੈ। ਅੱਜ 22 ਕੈਰੇਟ ਸੋਨੇ ਦਾ ਰੇਟ ਅੱਜ ਭੋਪਾਲ ਅਤੇ ਇੰਦੌਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 80,750/- ਰੁਪਏ ਹੈ। ਅੱਜ ਜੈਪੁਰ, ਲਖਨਊ, ਦਿੱਲੀ ਸਰਾਫਾ ਬਾਜ਼ਾਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 80,850/- ਰੁਪਏ ਹੈ। ਹੈਦਰਾਬਾਦ, ਕੇਰਲ, ਕੋਲਕਾਤਾ, ਮੁੰਬਈ ਸਰਾਫਾ ਬਾਜ਼ਾਰ ਵਿੱਚ 80,700/- ਰੁਪਏ ‘ਤੇ ਟ੍ਰੈਂਡਿੰਗ। ਅੱਜ 24 ਕੈਰੇਟ ਸੋਨੇ ਦਾ ਰੇਟ ਅੱਜ ਭੋਪਾਲ ਅਤੇ ਇੰਦੌਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 88,090 ਰੁਪਏ ਹੈ। ਅੱਜ ਦਿੱਲੀ ਜੈਪੁਰ ਲਖਨਊ ਅਤੇ ਚੰਡੀਗੜ੍ਹ ਸਰਾਫਾ ਬਾਜ਼ਾਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 88, 190/- ਰੁਪਏ ਹੈ। ਹੈਦਰਾਬਾਦ, ਕੇਰਲ, ਬੰਗਲੁਰੂ ਅਤੇ ਮੁੰਬਈ ਸਰਾਫਾ ਬਾਜ਼ਾਰਾਂ ਵਿੱਚ ₹ 88,040/-। ਚੇਨਈ ਸਰਾਫਾ ਬਾਜ਼ਾਰ ਵਿੱਚ ਕੀਮਤ 88,040/- ਰੁਪਏ ‘ਤੇ ਟ੍ਰੈਂਡ ਕਰ ਰਹੀ ਹੈ। ਚਾਂਦੀ ਦੀਆਂ ਨਵੀਨਤਮ ਕੀਮਤਾਂ ਜੈਪੁਰ ਕੋਲਕਾਤਾ ਅਹਿਮਦਾਬਾਦ ਲਖਨਊ ਮੁੰਬਈ ਦਿੱਲੀ ਸਰਾਫਾ ਬਾਜ਼ਾਰ ਵਿੱਚ 01 ਕਿਲੋ ਚਾਂਦੀ ਦੀ ਕੀਮਤ 1,00,500/- ਰੁਪਏ ਹੈ।

ਮਹਾਸ਼ਿਵਰਾਤਰੀ ਤੋਂ ਪਹਿਲਾਂ ਅਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ Read More »

ਡੱਲੇਵਾਲ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਵੱਡਾ ਐਲਾਨ, ਕੱਲ੍ਹ ਸ਼ਾਮ ਕਿਸਾਨ ਮਨਾਉਣਗੇ ਸ਼ੁਭਕਰਨ ਦੀ ਪਹਿਲੀ ਬਰਸੀ

20, ਫਰਵਰੀ – ਕੇਂਦਰ ਸਰਕਾਰ ਅਤੇ ਕਿਸਾਨਾਂ ਆਗੂਆ ਵਿਚਾਲੇ ਛੇਵੇਂ ਦੌਰ ਦੀ ਗੱਲਬਾਤ 22 ਫਰਵਰੀ ਨੂੰ ਸ਼ਾਮ 6 ਵਜੇ ਚੰਡੀਗੜ੍ਹ ਵਿਖੇ ਹੋਵੇਗੀ। ਕੇਂਦਰ ਸਰਕਾਰ ਵੱਲੋਂ ਮੀਟਿੰਗ ਸਬੰਧੀ ਇੱਕ ਅਧਿਕਾਰਤ ਪੱਤਰ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 87ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਅੰਦੋਲਨ ਵਿੱਚ ਆਪਣੀ ਜਾਨ ਗੁਆਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੀ ਪਹਿਲੀ ਬਰਸੀ ਕਿਸਾਨਾਂ ਵੱਲੋਂ 21 ਤਰੀਕ ਨੂੰ ਮਨਾਈ ਜਾ ਰਹੀ ਹੈ। ਇਸ ਸਮੇਂ ਦੌਰਾਨ, ਸ਼ੁਭਕਰਨ ਦੇ ਪਿੰਡ ਬੱਲੋ (ਬਠਿੰਡਾ) ਅਤੇ ਤਿੰਨੋਂ ਸਰਹੱਦਾਂ ‘ਤੇ ਸ਼ਰਧਾਂਜਲੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਤੋਂ ਪਹਿਲਾਂ, ਅੱਜ (20 ਫਰਵਰੀ) ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੀਡੀਆ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਮਹੱਤਵਪੂਰਨ ਐਲਾਨ ਕਰਨਗੇ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ 12 ਫਰਵਰੀ ਨੂੰ ਮਹਾਪੰਚਾਇਤ ਤੋਂ ਠੀਕ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੋਂ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੇ ਦਿਲ ਦੀ ਸਰਜਰੀ ਸਫਲ ਰਹੀ। ਹਾਲਾਂਕਿ, ਉਹ ਅਜੇ ਵੀ ਆਈਸੀਯੂ ਵਿੱਚ ਦਾਖਲ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਦਿਲ ਦਾ ਆਪ੍ਰੇਸ਼ਨ ਹੋਇਆ ਸੀ। ਦੂਜੇ ਪਾਸੇ, ਕਿਸਾਨ ਆਗੂ ਕੁਰਬੁਰੂ ਸ਼ਾਂਤਾਕੁਮਾਰ ਦੀ ਕਾਰ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਵਿੱਚ ਜਾਂਦੇ ਸਮੇਂ ਪਟਿਆਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਹਨਾਂ ਨੂੰ ਏਅਰ ਐਂਬੂਲੈਂਸ ਰਾਹੀਂ ਬੰਗਲੁਰੂ ਭੇਜ ਦਿੱਤਾ ਗਿਆ। ਜਿੱਥੇ ਉਹਨਾਂ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਈ।

ਡੱਲੇਵਾਲ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਵੱਡਾ ਐਲਾਨ, ਕੱਲ੍ਹ ਸ਼ਾਮ ਕਿਸਾਨ ਮਨਾਉਣਗੇ ਸ਼ੁਭਕਰਨ ਦੀ ਪਹਿਲੀ ਬਰਸੀ Read More »

ਪੰਜਾਬ ਸਰਕਾਰ ਲਿਆਂਦੀ ਜਾਵੇਗੀ ਮਾਨਸਿਕ ਸਿਹਤ ਨੀਤੀ

ਚੰਡੀਗੜ੍ਹ, 20 ਫਰਵਰੀ – ਪੰਜਾਬ ਨੂੰ ਨਸ਼ਾ ਮੁਕਤ ਕਰਨ, ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੋਂ ਰੋਕਣ ਅਤੇ ਅਮਰੀਕਾ ਤੋਂ ਕੱਢੇ ਨੌਜਵਾਨਾਂ ਨੂੰ ਡਿਪ੍ਰੈਸ਼ਨ ਤੋਂ ਬਚਾਉਣ ਵਰਗੇ ਮੁੱਦਿਆਂ ‘ਤੇ ਪੰਜਾਬ ਸਰਕਾਰ ਹਰਕਤ ‘ਚ ਆਈ ਹੈ। ਸਰਕਾਰ ਛੇਤੀ ਹੀ ਮਾਨਸਿਕ ਸਿਹਤ ਨੀਤੀ ਲਿਆਵੇਗੀ। ਇਸ ਲਈ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਨੀਤੀ ਬਣਾਉਣ ਲਈ ਵੱਖ-ਵੱਖ ਹਿੱਸੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਛੇਤੀ ਹੀ ਇਸ ਨੀਤੀ ਨੂੰ ਤਿਆਰ ਕਰ ਕੇ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਲਿਆਂਦਾ ਜਾਵੇਗਾ। ਇਹ ਦਾਅਵਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ। ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨੀਤੀ ‘ਤੇ ਬਹੁਤ ਬਾਰੀਕੀ ਨਾਲ ਕੰਮ ਕੀਤਾ ਜਾਵੇਗਾ। ਇਸ ਵਿਚ ਮੰਤਰੀ, ਸਾਰੇ ਵਿਭਾਗਾਂ ਦੇ ਸਕੱਤਰ, ਨਸ਼ਾ ਛੁਡਾਊ ਲਈ ਕੰਮ ਕਰ ਰਹੇ ਸਿਹਤ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਣਗੇ। ਇਸ ਦੇ ਲਈ ਪੀ.ਜੀ.ਆਈ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਮਾਹਿਰਾਂ, ਪੰਜਾਬ ਦੇ ਪ੍ਰਾਈਵੇਟ ਡਾਕਟਰਾਂ, ਗ਼ੈਰ ਸਰਕਾਰੀ ਸੰਸਥਾਵਾਂ ਅਤੇ ਪੁਲਿਸ ਅਧਿਕਾਰੀਆਂ ਤੋਂ ਸਲਾਹ ਲਈ ਜਾਵੇਗੀ। ਇਸ ਦੇ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਥੇ ਸਾਰਿਆਂ ਦੀ ਰਾਏ ਲਈ ਜਾਵੇਗੀ। ਇਸ ਮਿਆਦ ਦੇ ਦੌਰਾਨ ਮਾਨਸਿਕ ਸਿਹਤ ਨਾਲ ਸਬੰਧਤ ਕਿਸਾਨਾਂ ਅਤੇ ਨੌਜਵਾਨਾਂ ਦੀ ਖ਼ੁਦਕੁਸ਼ੀ ਦੇ ਮੁੱਦੇ ਬਾਰੇ, ਕਿਉਂਕਿ ਹੁਣ ਨੌਜਵਾਨ ਬਾਹਰੋਂ ਦੇਸ਼ ਨਿਕਾਲਾ ਲੈ ਕੇ ਆ ਰਹੇ ਹਨ। ਇਸ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੂੰ ਇਸ ਮੁਸ਼ਕਲ ਸਥੀਤੀ ’ਚੋਂ ਕੱਢਣ ਤੇ ਉਨ੍ਹਾਂ ਨੂੰ ਡਿਪ੍ਰੈਸ਼ਨ ਵਿਚੋਂ ਬਾਹਰ ਕੱਢਣ ਲਈ ਮਾਨਸਿਕ ਸਿਹਤ ਨੀਤੀ ਬਣਾਈ ਜਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਸੱਭ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੀ ਜਾਂਚ ਕੀਤੀ ਜਾਵੇਗੀ ਕਿ, ਕੀ ਲੋਕਾਂ ਨੂੰ ਕਿਸ ਕਾਰਨ ਇਨ੍ਹਾਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਵੀ ਕਿ ਇਨ੍ਹਾਂ ਸਮੱਸਿਆਵਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ? ਇਸ ਬਾਰੇ ਚਰਚਾ ਕੀਤੀ ਜਾਵੇਗੀ।

ਪੰਜਾਬ ਸਰਕਾਰ ਲਿਆਂਦੀ ਜਾਵੇਗੀ ਮਾਨਸਿਕ ਸਿਹਤ ਨੀਤੀ Read More »