
ਇੱਕ ਸ਼ਹੀਦ ਦੀ ਯਾਦ ਨੂੰ ਮਿਟਾਉਣ ਦੀ ਘਿਨਾਉਣੀ ਕੋਸ਼ਿਸ਼ ਕੀਤੀ ਗਈ ਹੈ- ਉਹ ਵੀ ਦੇਸ਼ ਦਾ ਅਜਿਹਾ ਸਪੂਤ ਜਿਸ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੋਵੇ। ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਕਤੀਸ਼ਾਲੀ ਅਮਰੀਕੀ ਪੈਟਨ ਟੈਂਕ ਦਾ ਸਾਹਮਣਾ ਕਰਦਿਆਂ ਸਰਬਉੱਚ ਬਲੀਦਾਨ ਦਿੱਤਾ ਸੀ। ਇਸ ਕੁਰਬਾਨੀ ਤੋਂ ਛੇ ਦਹਾਕਿਆਂ ਬਾਅਦ ਹੁਣ ਉਸ ਦੇ ਪਰਿਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ’ਚ ਉਸ ਦੇ ਸਕੂਲ ਦੇ ਮੁੱਖ ਦਰਵਾਜ਼ੇ ਉੱਤੇ ਉਸ ਦਾ ਨਾਂ ਮੁੜ ਲਿਖਵਾਉਣ ਲਈ ਆਪਣੇ ਪੱਧਰ ’ਤੇ ਇੱਕ ਜੰਗ ਹੋਰ ਲੜਨੀ ਪਈ ਹੈ।
ਪ੍ਰਸ਼ਾਸਨ ਨੂੰ ‘ਸ਼ਹੀਦ ਹਮੀਦ ਵਿਦਿਆਲਿਆ’ ਚੰਗਾ ਨਹੀਂ ਸੀ ਲੱਗ ਰਿਹਾ; ਉਨ੍ਹਾਂ ਨਵੇਂ ਸਿਰਿਓਂ ਨਾ ਸਿਰਫ਼ ਇਸ ਦਾ ਨਾਂ ‘ਪੀਐੱਮ ਸ੍ਰੀ ਕੰਪੋਜ਼ਿਟ ਸਕੂਲ’ ਰੱਖ ਦਿੱਤਾ ਬਲਕਿ ਫ਼ੁਰਤੀ ਦਿਖਾਉਂਦਿਆਂ ਇਸ ਤਬਦੀਲੀ ਨੂੰ ਸੰਸਥਾ ਦੇ ਮੁੱਖ ਦੁਆਰ ਉੱਤੇ ਵੀ ਦਰਜ ਕਰਵਾ ਦਿੱਤਾ। ਪ੍ਰਸ਼ਾਸਨ ਦੀ ਇਸ ਹਿਮਾਕਤ ਤੋਂ ਵੀਰ ਅਬਦੁਲ ਹਮੀਦ ਦੇ ਭੜਕੇ ਰਿਸ਼ਤੇਦਾਰਾਂ ਨੇ ਇਸ ਦੀ ਸ਼ਿਕਾਇਤ ਹੈੱਡਮਾਸਟਰ ਨੂੰ ਕੀਤੀ ਜਿਸ ਨੇ ਅੱਗੋਂ ਉਨ੍ਹਾਂ ਨੂੰ ਸਥਾਨਕ ਸਿੱਖਿਆ ਅਧਿਕਾਰੀ ਕੋਲ ਜਾਣ ਲਈ ਕਿਹਾ। ਗੰਭੀਰ ਭੁੱਲ ਨੂੰ ਹੁਣ ਆਖ਼ਰਕਾਰ ਸੁਧਾਰ ਲਿਆ ਗਿਆ ਹੈ ਪਰ ਇਸ ਸਾਰੇ ਵਿਵਾਦ ਵਿੱਚੋਂ ਧਾਰਮਿਕ ਅਸਹਿਣਸ਼ੀਲਤਾ ਤੇ ਸੰਵੇਦਨਸ਼ੀਲਤਾ ਦੀ ਅਣਹੋਂਦ ਦੀ ਬੂ ਆਉਂਦੀ ਹੈ। ਭਾਰਤ ਵਰਗੇ ਧਰਮ-ਨਿਰਪੱਖ ਅਕੀਦੇ ਵਾਲੇ ਮੁਲਕ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ੋਭਾ ਨਹੀਂ ਦਿੰਦੀਆਂ।
ਹਵਲਦਾਰ ਹਮੀਦ ਨੂੰ ਮਿਲੇ ਸਨਮਾਨ ਪੱਤਰ ਉੱਤੇ ਗੂੜ੍ਹੇ ਸ਼ਬਦਾਂ ’ਚ ਲਿਖਿਆ ਹੋਇਆ ਹੈ ਕਿ ‘‘ਦੁਸ਼ਮਣ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਸਾਹਮਣੇ ਉਸ ਵੱਲੋਂ ਦਿਖਾਈ ਬਹਾਦਰੀ ਫ਼ੌਜ ਦੀਆਂ ਮਾਣਮੱਤੀਆਂ ਰਵਾਇਤਾਂ ਨਾਲ ਮੇਲ ਖਾਂਦੀ ਹੈ।’’ ਨਾਮ, ਨਮਕ, ਨਿਸ਼ਾਨ- ਇਹ ਸ਼ਬਦ ਭਾਰਤੀ ਰੱਖਿਆ ਬਲਾਂ ਦੀ ਆਨ ਦੇ ਜ਼ਾਬਤੇ ਦਾ ਨਿਚੋੜ ਹਨ। ਭਾਰਤੀ ਥਲ ਸੈਨਾ, ਹਵਾਈ ਤੇ ਜਲ ਸੈਨਾ ਧਰਮ ਨਿਰਪੱਖ ਸੰਗਠਨ ਹਨ- ਇਨ੍ਹਾਂ ਦੇ ਅਧਿਕਾਰੀ ਤੇ ਸੈਨਿਕ ਧਰਮ, ਜਾਤ, ਫ਼ਿਰਕੇ ਜਾਂ ਲਿੰਗ ਦੇ ਵਖਰੇਵਿਆਂ ਤੋਂ ਉੱਤੇ ਉੱਠ ਪੂਰੇ ਮਾਣ ਨਾਲ ਦੇਸ਼ ਦੀ ਸੇਵਾ ਕਰਦੇ ਹਨ। ਸਮੁੱਚਾ ਦੇਸ਼ ਹਮੀਦ ਵਰਗੇ ਬਲੀਦਾਨੀਆਂ ਅੱਗੇ ਨਮਨ ਕਰਦਾ ਹੈ, ਨਾ ਕਿ ਸਿਰਫ਼ ਉਹ ਧਰਮ ਜਿਸ ਨਾਲ ਉਹ ਸਬੰਧਿਤ ਹਨ।
ਜੰਗ ਦੇ ਕਿਸੇ ਨਾਇਕ ਦਾ ਸਿਰਫ਼ ਇਸ ਲਈ ਅਪਮਾਨ ਕਰਨਾ ਕਿ ਉਹ ਕਿਸੇ ਵਿਸ਼ੇਸ਼ ਫ਼ਿਰਕੇ ਨਾਲ ਸਬੰਧਿਤ ਹੈ, ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਫ਼ਿਰਕੂ ਮਾਨਸਿਕਤਾ ਕਿਸ ਹੱਦ ਤੱਕ ਪਸਰ ਚੁੱਕੀ ਹੈ। ਇਸ ਹੱਦ ਤੱਕ ਡਿੱਗ ਚੁੱਕੇ ਮੁਤੱਸਬੀ ਅਧਿਕਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹਾ ਕਰ ਕੇ, ਜ਼ਾਹਿਰਾ ਤੌਰ ’ਤੇ ਉਹ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਸ ਲਈ ਉਨ੍ਹਾਂ ਇੱਕ ਸੌਖਾ ਨਿਸ਼ਾਨਾ ਚੁਣਿਆ।