ਸੁੱਚੇ ਜਲ ਵਾਲੀ ਪੀੜ੍ਹੀ/ਕੁਲਮਿੰਦਰ ਕੌਰ

ਦੇਸ਼ ਦੀ ਅਜ਼ਾਦੀ ਤੋਂ ਬਾਅਦ ਦਸ-ਪੰਦਰਾਂ ਸਾਲ ਦੇ ਅੰਦਰ ਜਨਮੇ ਅਸੀਂ ਸਾਰੇ ਬਾਸ਼ਿੰਦੇ ਇਸ ਵਿਲੱਖਣ ਪੀੜ੍ਹੀ ’ਚ ਸ਼ਾਮਿਲ ਹਾਂ। ਬਰਤਾਨਵੀ ਹਕੂਮਤ ਤੋਂ ਆਜ਼ਾਦ ਹੋਣ ਦੀ ਖ਼ੁਸ਼ੀ ਦੇ ਨਾਲ ਹੀ ਦੇਸ਼ ਦੀ ਵੰਡ ਦਾ ਸੰਤਾਪ ਖੜ੍ਹਾ ਸੀ। ਲੱਖਾਂ ਬੇਦੋਸ਼ੇ ਲੋਕ ਨਿਹੱਥੇ ਮਾਰੇ ਗਏ ਤੇ ਕਰੋੜਾਂ ਦੇ ਕਰੀਬ ਪੰਜਾਬੀਆਂ ਨੇ ਉਜਾੜਾ ਹੱਡੀਂ ਹੰਢਾਇਆ। ਅੰਮ੍ਰਿਤਾ ਪ੍ਰੀਤਮ ਨੇ ਵੀ ਕੰਬਦੀ ਕਲਮ ਨਾਲ ਨਜ਼ਮ ਦੇ ਰੂਪ ’ਚ ਪੰਜਾਬੀਆਂ ਦੇ ਕਤਲੇਆਮ ਤੇ ਧੀਆਂ ਨਾਲ ਜਬਰ ਜਨਾਹ ਦੀ ਕਹਾਣੀ ਨੂੰ ਉਭਾਰਿਆ, ਜਿਸ ਦੇ ਬੋਲ ‘ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ’ ਹਰ ਪੰਜਾਬੀ ਦੇ ਮਨ ਨੂੰ ਧੂਹ ਪਾਉਂਦੇ ਹਨ।

ਅਸੀਂ ਉੱਚੀ ਸੁਰ ’ਚ ਅਜਿਹੀਆਂ ਨਜ਼ਮਾਂ, ਦੇਸ਼ਭਗਤੀ ਦੇ ਗੀਤ ਤੇ ਕਵਿਤਾਵਾਂ ਅਕਸਰ ਹੀ ਗਾਉਂਦੇ ਅਤੇ ਇਨਾਮ ਹਾਸਲ ਕਰਕੇ ਉਤਸ਼ਾਹਿਤ ਹੁੰਦੇ। ਵੱਡੇ ਹੋਏ ਤਾਂ ਸਮਾਜ ਨੂੰ ਬਦਲਣ ਦਾ ਜਜ਼ਬਾ ਬਹੁਤ ਨੌਜਵਾਨਾਂ ਵਿੱਚ ਵਿਖਾਈ ਦਿੰਦਾ। ਪੰਜਾਬ ਵਿੱਚ ਆਈ ਖੜੋਤ ਦੌਰਾਨ ਅਸੀਂ ਫਿਰ ਪੈਰਾਂ ਸਿਰ ਖੜ੍ਹੇ ਹੋਣਾ ਸ਼ੁਰੂ ਕੀਤਾ। ਅੱਜ ਦੇ ਵਿਗਿਆਨਕ ਤੇ ਤਕਨੀਕੀ ਯੁੱਗ ਤੱਕ ਅੱਪੜਦਿਆਂ ਲੰਮਾ ਪੈਂਡਾ ਤੈਅ ਕਰਨਾ ਪਿਆ ਹੈ।

ਅਸੀਂ ਵੀ ਕਦਮ-ਦਰ-ਕਦਮ ਅੱਗੇ ਵਧਦੇ ਰਹੇ ਹਾਂ। ਉਹ ਤਾਂ ਜਦੋਂ ਯਾਦਾਂ ਦੇ ਚਿਤਰਪਟ ਨੂੰ ਉਧੇੜਦੇ ਹਾਂ ਤਾਂ ਲੰਘਿਆ ਸਮਾਂ ਸਾਹਮਣੇ ਆਣ ਖਲੋਂਦਾ ਹੈ। ਸਾਡੀ ਜੀਵਨ ਸ਼ੈਲੀ ਬੜੀ ਸਾਦਗੀ ਭਰਪੂਰ ਸੀ। ਅਸੀਂ ਬਿਨਾਂ ਕਿਸੇ ਤੌਖ਼ਲੇ ਦੇ ਪ੍ਰਦੂਸ਼ਣ ਰਹਿਤ ਪਾਣੀ ਖੂਹਾਂ, ਖਾਲਾਂ, ਨਲਕਿਆਂ ਤੇ ਟੂਟੀਆਂ ਤੋਂ ਬੁੱਕਾਂ ਭਰ-ਭਰ ਪੀਂਦੇ ਤੇ ਉਚਾਰਣ ਕਰਦੇ, ‘‘ਰੱਬ ਨਾਲੋਂ ਕੋਈ ਉੱਚਾ ਨਹੀਂ ਤੇ ਜਲ ਨਾਲੋਂ ਕੁਝ ਸੁੱਚਾ ਨਹੀਂ।” ਮਿਲਾਵਟੀ ਭੋਜਨ, ਫਲ, ਸਬਜ਼ੀਆਂ ਦੀ ਬਜਾਏ ਅਸੀਂ ਸ਼ੁੱਧ ਦੁੱਧ, ਦਹੀਂ, ਲੱਸੀ ਤੇ ਖੁਰਾਕੀ ਤੱਤਾਂ ਨਾਲ ਭਰਪੂਰ ਭੋਜਨ ਹੀ ਖਾਂਦੇ ਰਹੇ ਹਾਂ।

ਅਸੀਂ ਆਖ਼ਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਧੇਲਾ, ਟਕਾ, ਆਨਾ, ਦੁਆਨੀ, ਛਟਾਂਕ, ਸੇਰ, ਮਣ ਆਦਿ ਦੀ ਵਰਤੋਂ ਕੀਤੀ। ਸੁੱਖ-ਸੁਨੇਹੇ ਜਾਂ ਸੁੱਖ-ਸਾਂਦ ਪੁੱਛਣ ਲਈ ਸਾਡਾ ਵਾਹ ਪੋਸਟਕਾਰਡ, ਟੈਲੀਗਰਾਮ, ਇਨਲੈਂਡ ਤੇ ਐਨਵੈਲਪ ਪੱਤਰਾਂ ਨਾਲ ਪਿਆ। ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ, ਜੇਕਰ ਪੋਸਟ ਕਾਰਡ ਨਾਲ ਕੰਮ ਸਰਦਾ ਹੈ ਤਾਂ ਮਹਿੰਗੇ ਪੱਤਰ ਕਿਉਂ। ਸੰਜਮੀ ਤੇ ਕਿਰਸੀ ਸੁਭਾਅ ਹਰ ਕਿਸੇ ਕੋਲ ਸੀ। ਸ਼ਾਇਦ ਇਹ ਇੱਕ ਵਜ੍ਹਾ ਰਹੀ ਜਿਸ ਨੇ ਸੀਮਤ ਸਾਧਨ ਹੁੰਦੇ ਹੋਏ ਵੀ ਸਾਨੂੰ ਆਧੁਨਿਕ ਯੁੱਗ ਵਿੱਚ ਵਿਚਰਨ ਦੇ ਯੋਗ ਬਣਾ ਹੀ ਦਿੱਤਾ। ਅੱਜ ਅਸੀਂ ਵੀ ਇੰਟਰਨੈੱਟ ਤੇ ਸ਼ੋਸਲ ਮੀਡੀਆ ’ਤੇ ਕਾਬਜ਼ ਹੋ ਗਏ ਹਾਂ।

ਪਿੰਡ ਤੋਂ ਤਿੰਨ ਮੀਲ ਦੂਰ ਸ਼ਹਿਰ ’ਚ ਮੈਂ ਅੱਠਵੀਂ ਕੀਤੀ। ਰੇਤ ਤੇ ਧੱਦਲ ਭਰੇ ਰਾਹ ’ਤੇ ਤੁਰਨਾ ਪੈਂਦਾ। ਰਸਤੇ ’ਚ ਇੱਕ ਰੋਹੀ ਪਾਰ ਕਰਨੀ ਪੈਂਦੀ। ਬਰਸਾਤੀ ਦਿਨਾਂ ’ਚ ਹੜ੍ਹ ਵਰਗੀ ਸਥਿਤੀ ਹੁੰਦੀ ਤਾਂ ਅਸੀਂ ਸਿਰ ’ਤੇ ਬਸਤਾ ਰੱਖ ਕੇ ‘ਪੇਮੀ ਦੇ ਨਿਆਣੇ’ ਕਹਾਣੀ ਦੇ ਪਾਤਰਾਂ ਵਾਂਗ ਰੱਬ ਨੂੰ ਯਾਦ ਕਰਦੇ ਹੋਏ ਪਾਰ ਲੰਘਦੇ। ਹੁਣ ਅਸੀਂ ਖ਼ੁਸ਼ ਹਾਂ ਕਿ ਸਾਡੇ ਪੋਤੇ-ਪੋਤੀਆਂ ਏ.ਸੀ. ਬੱਸਾਂ ਰਾਹੀਂ ਸਕੂਲ ਜਾਂਦੇ ਤੇ ਉੱਥੇ ਏ.ਸੀ. ਕਮਰਿਆਂ ’ਚ ਮੇਜ਼-ਕੁਰਸੀਆਂ ’ਤੇ ਬੈਠ ਕੇ ਪੜ੍ਹਦੇ ਹਨ।

ਅਸੀਂ ਉਹ ਆਖ਼ਰੀ ਪੀੜ੍ਹੀ ਹਾਂ ਜਿਨ੍ਹਾਂ ਫੱਟੀਆਂ ਤੇ ਸਲੇਟ ਦੀ ਵਰਤੋਂ ਕੀਤੀ। ਬਜ਼ੁਰਗਾਂ ਤੋਂ ਬਾਤਾਂ, ਚੁਟਕਲੇ ਸੁਣਨਾ ਤੇ ਖੇਡਣਾ ਹੀ ਸਾਡੇ ਮਨੋਰੰਜਨ ਦੇ ਸਾਧਨ ਸਨ। ਹੁਣ ਤਾਂ ਬੱਸ ਮੋਬਾਈਲ ਜਾਂ ਟੀਵੀ ਹੀ ਰਹਿ ਗਏ ਹਨ। ਕਈ ਸ਼ਹਿਰਾਂ ’ਚ ਚੋਰ ਬਾਜ਼ਾਰ ਦੇ ਨਾਂ ’ਤੇ ਵਿਦੇਸ਼ੀ ਵਸਤਾਂ ਦੀ ਮਾਰਕੀਟ ਲੱਗਦੀ ਤੇ ਅਸੀਂ ਉਚੇਚੇ ਤੌਰ ’ਤੇ ਪਹੁੰਚਦੇ। ਅੱਜਕੱਲ੍ਹ ਹਰ ਸਟੋਰ ’ਤੇ ਬਰੈਂਡਡ ਵਸਤਾਂ ਮਿਲਦੀਆਂ ਹਨ, ਪਰ ਹੁਣ ਕੋਈ ਖ਼ਾਹਿਸ਼ ਹੀ ਨਹੀਂ ਰਹੀ।

ਇਹ ਸਭ ਪੁਰਾਣੀਆਂ ਯਾਦਾਂ ਦਾ ਖ਼ਜ਼ਾਨਾ ਸਾਡੇ ਨਾਲ ਹੀ ਸਿਮਟ ਜਾਵੇਗਾ, ਜੋ ਆਖ਼ਰੀ ਵੇਲੇ ਵੀ ਸਾਨੂੰ ਸਕੂਨ ਦੇ ਪਲ ਦੇਵੇਗਾ। ਅਸੀਂ ਵੱਡੇ ਤੇ ਸਾਂਝੇ ਪਰਿਵਾਰਾਂ ’ਚ ਭੈਣ-ਭਰਾਵਾਂ ਨਾਲ ਰਹਿੰਦੇ ਅਤੇ ਹੁਣ ਇੱਕ ਜਾਂ ਦੋ ਬੱਚਿਆਂ ਦੇ ਪਰਿਵਾਰ ਨਾਲ ਵੀ ਸਹਿਜ ਹਾਂ। ਅਸੀਂ ਆਖ਼ਰੀ ਪੀੜ੍ਹੀ ਹੋਵਾਂਗੇ ਜੋ ਆਪਣੇ ਬਜ਼ੁਰਗਾਂ, ਮਾਂ-ਬਾਪ ਤੇ ਖ਼ਾਸਕਰ ਪਿਤਾ ਤੋਂ ਬਹੁਤ ਡਰਦੇ ਸਾਂ। ਪਰ ਅੱਜ ਬੱਚਿਆਂ ਦਾ ਵਰਤਾਰਾ ਵੇਖ ਕੇ ਬੇਚੈਨ ਤੇ ਫ਼ਿਕਰਮੰਦ ਜ਼ਰੂਰ ਹੋ ਜਾਈਦਾ ਹੈ।

ਹੁਣ ਬੱਚੇ ਪਦਾਰਥਵਾਦੀ ਹਨ ਤੇ ਸਾਨੂੰ ਬਦਲਦੇ ਹਾਲਾਤ ਅਨੁਸਾਰ ਬਦਲਣ ਲਈ ਨਸੀਹਤਾਂ ਦਿੰਦੇ ਹਨ। ਟੀ.ਵੀ. ’ਤੇ ਚੱਲ ਰਹੇ ਸੰਗੀਤ ਮੁਕਾਬਲੇ ਪ੍ਰੋਗਰਾਮ ’ਚ ਇੱਕ ਫਿਲਮੀ ਕਲਾਕਾਰ ਦੀ ਜ਼ੁਬਾਨੀ ਸੁਣੇ ਬੋਲ ਹਨ ਜੋ ਮੈਂ ਸਾਂਝੇ ਕਰਨਾ ਚਾਹੁੰਦੀ ਹਾਂ: ਬਚਪਨ ’ਚ ਗ਼ਰੀਬ ਸਾਂ ਤਾਂ ਇੱਕ ਕਮਰੇ ’ਚ ਸਾਰਾ ਪਰਿਵਾਰ ਰਹਿੰਦੇ। ਰਾਤ ਨੂੰ ਮੈਨੂੰ ਖੰਘ ਆਉਂਦੀ ਤਾਂ ਮਾਂ ਉੱਠ ਕੇ ਮੇਰੇ ਮੂੰਹ ਵਿੱਚ ਸ਼ਹਿਦ ਪਾ ਦਿੰਦੀ। ਹੁਣ ਸਭ ਦੇ ਵੱਖਰੇ ਕਮਰੇ ਹੋ ਗਏ ਹਨ। ਇੱਕ ਰਾਤ ਨਾਲ ਦੇ ਕਮਰੇ ’ਚ ਪਈ ਮਾਂ ਨੂੰ ਦਿਲ ਦਾ ਦੌਰਾ ਪੈ ਗਿਆ। ਮੈਨੂੰ ਦੁੱਖ ਹੈ ਕਿ ਉਸ ਨੇ ਆਵਾਜ਼ ਤਾਂ ਦਿੱਤੀ ਹੋਵੇਗੀ, ਪਰ ਮੈਨੂੰ ਸੁਣੀ ਨਹੀਂ।

ਇਹ ਵਾਰਤਾ ਅੱਜ ਦੇ ਪਦਾਰਥਵਾਦੀ ਤੇ ਆਧੁਨਿਕ ਯੁੱਗ ਵਿੱਚ ਸਾਡੀ ਪੀੜ੍ਹੀ ਦੇ ਹਾਲਾਤ ਦੀ ਹਕੀਕਤ ਬਿਆਨ ਕਰਦੀ ਹੈ। ਅਸੀਂ ਵੀ ਖ਼ਾਹਿਸ਼ਾਂ ਤੇ ਸੁਫਨੇ ਲੈਣੇ ਤਿਆਗ ਕੇ ਹਕੀਕਤ ਨੂੰ ਅਪਨਾਉਣ ਦੀ ਕੋਸ਼ਿਸ਼ ’ਚ ਹਾਂ। ਇਹ ਵੀ ਸੱਚ ਹੈ ਕਿ ਸਾਡੀ ਪੀੜ੍ਹੀ ਹੁਣ ਬਹੁਤ ਵੱਡੇ ਸੁਫਨੇ ਲੈਣ ਦੇ ਸਮਰੱਥ ਨਹੀਂ ਰਹੀ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...