
ਇਕ ਖੋਜ ਵਿਚ ਕਿਹਾ ਗਿਆ ਹੈ ਕਿ ਪੁਰਾਣੀ ਪਿੱਠ ਦਰਦ ਤੋਂ ਆਰਾਮ ਲਈ ਰੀੜ੍ਹ ਦੀ ਹੱਡੀ ਵਿਚ ਇੰਜੈਕਸ਼ਨ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਬਹੁਤ ਘੱਟ ਜਾਂ ਕੋਈ ਰਾਹਤ ਨਹੀਂ ਮਿਲਦੀ। ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੇ ਡਾਕਟਰਾਂ ਦੀ ਟੀਮ ਨੇ ਐਪੀਡਿਊਰਲ ਸਟੀਰਾਇਡ ਇੰਜੈਕਸ਼ਨ ਤੇ ਨਰਵ ਬਲਾਕ ਪ੍ਰਕਿਰਿਆ ਦੇ ਖ਼ਿਲਾਫ਼ ਆਪਣੀ ਸਿਫਾਰਸ਼ ਕੀਤੀ ਹੈ। ਅਨੁਮਾਨ ਹੈ ਕਿ 20-59 ਸਾਲ ਦੀ ਉਮਰ ਦੇ ਪੰਜ ਵਿੱਚੋਂ ਇਕ ਬਾਲਿਕ ਕ੍ਰੋਨਿਕ ਪਿੱਠ ਦਰਦ ਤੋਂ ਪ੍ਰਭਾਵਤ ਹੈ। ਬਜ਼ੁਰਗਾਂ ਦੀ ਹਾਲਤ ਹੋਰ ਵੀ ਖ਼ਰਾਬ ਹੈ। ਐਪੀਡਿਊਰਲ ਸਟੀਰਾਇਡ ਇੰਜੈਕਸ਼ਨ, ਨਰਵ ਬਲਾਕ ਤੇ ਰੇਡੀਓਫ੍ਰੀਕੁਵੈਂਸੀ ਐਬਲੇਸ਼ਨ (ਤੰਤਰਿਕਾਵਾਂ ਨੂੰ ਨਸ਼ਟ ਕਰਨ ਲਈ ਰੇਡੀਓ ਤਰੰਗਾਂ ਦੀ ਵਰਤੋਂ) ਦਾ ਜ਼ਿਆਦਾ ਇਸਤੇਮਾਲ ਦਰਦ ਸੰਕੇਤਾਂ ਨੂੰ ਦਿਮਾਗ ਤੱਕ ਪਹੁੰਚਣ ਤੋਂ ਰੋਕਣ ਲਈ ਕੀਤਾ ਜਾਂਦਾ ਹੈ।
ਹਾਲਾਂਕਿ ਮੌਜੂਦਾ ਦਿਸ਼ਾ-ਨਿਰਦੇਸ਼ ਉਨ੍ਹਾਂ ਦੀ ਵਰਤੋਂ ਲਈ ਆਪਾ-ਵਿਰੋਧੀ ਸਿਫਾਰਸ਼ਾਂ ਕਰਦੇ ਹਨ। ਟੀਮ ਨੇ ਦਰਦ ਨਾਲ ਨਿਵਪਟਣ ਲਈ 13 ਪ੍ਰਕਿਰਿਆਵਾਂ ਦੇ ਲਾਭ ਤੇ ਨੁਕਸਾਨ ਦੀ ਤੁਲਨਾ ਕੀਤੀ। ਇਨ੍ਹਾਂ ਵਿਚ ਲੋਕਲ ਐਨੇਸਥੈਟਿਕ, ਸਟੀਰਾਇਡ ਜਾਂ ਉਨ੍ਹਾਂ ਦੇ ਸੁਮੇਲ ਜਿਵੇਂ ਇੰਜੈਕਸ਼ਨ ਐਪੀਡਿਊਰਲ ਇੰਜੈਕਸ਼ਨ ਤੇ ਰੇਡੀਓਫ੍ਰੀਕੁਵੈਂਸੀ ਐਬਲੀਕੇਸ਼ਨ ਆਦਿ ਸ਼ਾਮਲ ਸਨ। ਇਨ੍ਹਾਂ ਪ੍ਰਕਿਰਿਆਵਾਂ ਦੇ ਪ੍ਰੀਖਣਾਂ ਸਬੰਧੀ ਅਧਿਐਨਾਂ ਦੀ ਸਮੀਖਿਆ ਦਾ ਵਿਸ਼ਲੇਸ਼ਣ ਕੀਤਾ ਗਿਆ। ਅਧਿਐਨ ਨੂੰ ਬੀਐੱਮਜੇ ਵਿਚ ਛਾਪਿਆ ਗਿਆ।
ਸਿਫਾਰਸ਼ ਤੋਂ ਪਤਾ ਲੱਗਾ ਹੈ ਕਿ ਕਿਸੇ ਵੀ ਪ੍ਰਕਿਰਿਆ ਜਾਂ ਪ੍ਰਕਿਰਿਆਵਾਂ ਦੇ ਸੁਮੇਲ ਲਈ ਕੋਈ ਉੱਚ ਨਿਸ਼ਚਿਤਤਾ ਵਾਲਾ ਸਬੂਤ ਨਹੀਂ ਮਿਲਿਆ। ਟੀਮ ਨੇ ਕਿਹਾ ਕਿ ਘੱਟ ਤੇ ਮੱਧਮ ਨਿਸ਼ਚਿਤਤਾ ਵਾਲੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇੰਜੈਕਸ਼ਨ ਲਗਾਉਣ ਨਾਲ ਰੀੜ੍ਹ ਦੀ ਹੱਡੀ ਤੋਂ ਹੱਥ ਜਾਂ ਪੈਰਾਂ ਤੱਕ ਫੈਲਣ ਵਾਲੇ ਦਰਦ ਵਿਚ ਕੋਈ ਬਿਹਤਰ ਰਾਹਤ ਨਹੀਂ ਮਿਲਦੀ। ਇਹ ਪ੍ਰਕਿਰਿਆਵਾਂ ਮਹਿੰਗੀਆਂ ਹਨ, ਮਰੀਜ਼ਾਂ ’ਤੇ ਬੋਝ ਹੈ ਤੇ ਇਨ੍ਹਾਂ ਨਾਲ ਨੁਕਸਾਨ ਹੋਣ ਦਾ ਵੀ ਖ਼ਤਰਾ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਇਸ ਤੋਂ ਬਚਣ ਦੀ ਅਪੀਲ ਕੀਤੀ।