
ਪਿਛਲੇ ਦਿਨੀਂ ਭਾਰਤ ਸਰਕਾਰ ਦੇ ਗੁਪਤਚਰ ਵਿਭਾਗ ਦੀ ਇੰਟੈਲੀਜੈਂਸੀ ਏਜੰਸੀ ਭਾਵ ਵਿਜੀਲੈਂਸ ਵਿਭਾਗ ਦੇ ਸਾਬਕਾ ਕੇਂਦਰੀ ਕਮਿਸ਼ਨਰ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਭਾਰਤ ਦਾ ਹਰ ਤੀਜਾ ਨਾਗਰਿਕ ਭ੍ਰਿਸ਼ਟ ਹੈ। ਸਰਕਾਰ ਦੇ ਬਹੁਤ ਹੀ ਖ਼ਾਸ ਜ਼ਿੰਮੇਵਾਰੀ ਵਾਲੇ ਵਿਭਾਗ ਦੇ ਮੁਖੀ ਵੱਲੋਂ ਆਪਣੇ ਅਹੁਦੇ ਤੋਂ ਸੇਵਾ ਮੁਕਤੀ ਤੋਂ ਬਾਅਦ ਸ਼ਰੇਆਮ ਜਨਤਕ ਤੌਰ ’ਤੇ ਅਜਿਹਾ ਬਿਆਨ ਦੇਣਾ ਸਾਰੇ ਭਾਰਤੀਆਂ ਨੂੰ ਸ਼ਰਮਸਾਰ ਕਰਨ ਵਾਲਾ ਹੈ। ਇਹ ਬਿਆਨ ਵਿਦੇਸ਼ਾਂ ’ਚ ਵਸਦੇ ਸਾਰੇ ਭਾਰਤੀਆਂ ਦਾ ਦੁਨੀਆ ਦੀਆਂ ਬਾਕੀ ਕੌਮਾਂ ’ਚ ਮਖੌਲ ਉਡਾਉਂਣ ਲਈ ਬਥੇਰਾ ਹੈ। ਬੀਤ ਚੁੱਕੇ ਸਮੇਂ ’ਚ ਵੀ ਇਸ ਬਿਆਨ ਤੋਂ ਪਹਿਲਾਂ ਵੀ ਇਹੋ ਜਿਹੇ ਬਿਆਨ ਕਈ ਵਾਰ ਜ਼ਿੰਮੇਵਾਰ ਉੱਚ ਅਧਿਕਾਰੀਆਂ ਦੇ ਆਉਂਦੇ ਰਹੇ ਹਨ ਜਿਨ੍ਹਾਂ ਬਿਆਨਾਂ ਦੀ ਵਜ੍ਹਾ ਕਰ ਕੇ ਪੜਤਾਲੀਆ ਕਮੇਟੀਆਂ ਵੀ ਬਣਦੀਆਂ ਰਹੀਆਂ ਹਨ ਅਤੇ ਸਰਵੇਖਣ ਵੀ ਹੁੰਦੇ ਰਹੇ ਹਨ। ਉਨ੍ਹਾਂ ਸਾਰੇ ਸਰਵੇਖਣਾਂ ਨੂੰ ਕੁਝ ਸਮੇਂ ਬਾਅਦ ਹੀ ਬਿਨਾਂ ਕਿਸੇ ਨਤੀਜੇ ’ਤੇ ਪਹੁੰਚਿਆਂ ਅੱਧ ਵਿਚਕਾਰ ਖ਼ਤਮ ਵੀ ਕੀਤਾ ਜਾਂਦਾ ਰਿਹਾ ਹੈ। ਬਹੁਤ ਸਾਰੇ ਹੋਰ ਸਰੋਤਾਂ ਰਾਹੀਂ ਸਾਰੀ ਦੁਨੀਆ ਨੂੰ ਇਸ ਹਕੀਕਤ ਦਾ ਪਤਾ ਲੱਗ ਚੁੱਕਾ ਹੈ ਕਿ ਭ੍ਰਿਸ਼ਟਾਚਾਰ ਦੀ ਬਿਮਾਰੀ ਭਾਰਤ ਦੇ ਰਗ-ਰਗ ’ਚ ਜਾ ਵੜੀ ਹੈ।
ਸਾਲ 1971-72 ਦੀ ਗੱਲ ਹੈ ਕਿ ਸਾਡੇ ਪਿੰਡ ਤੋਂ 5-6 ਕਿੱਲੋਮੀਟਰ ਦੂਰੀ ’ਤੇ ਇਕ ਸਰਕਾਰੀ ਹਾਈ ਸਕੂਲ ’ਚ ਮੇਰੇ ਪਿਤਾ ਜੀ ਅਤੇ ਮੈਂ, ਦੋਵੇਂ ਹੀ ਬਤੌਰ ਅਧਿਆਪਕ ਵਜੋਂ ਨੌਕਰੀ ਕਰਦੇ ਸਾਂ। ਉਸ ਸਕੂਲ ਦਾ ਮੁਖੀ ਪਹਿਲਾਂ ਕਦੇ ਕਿਸੇ ਸਮੇਂ ਤਹਿਸੀਲ ਤੇ ਬਲਾਕ ਪੱਧਰ ਦਾ ਅਫ਼ਸਰ ਸੀ ਜਿਸ ਨੂੰ ਉਸ ਵੇਲੇ ਏਡੀਆਈ ਕਹਿੰਦੇ ਸਨ। ਬਾਅਦ ’ਚ ਜ਼ਿਲ੍ਹਾ ਸਿੱਖਿਆ ਵਿਭਾਗ ’ਚ ਐਕਟਿੰਗ ਜ਼ਿਲ੍ਹਾ ਸਿੱਖਿਆ ਵਿਭਾਗ ਮੁਖੀ ਵੀ ਰਿਹਾ। ਉਸ ਸਮੇਂ ਉਸ ਨੂੰ ਜ਼ਿਲ੍ਹਾ ਸਿੱਖਿਆ ਇੰਸਪੈਕਟਰ (ਡੀਆਈ) ਕਹਿੰਦੇ ਸਨ। ਹੁਣ ਉਸ ਨੂੰ ਡੀਈਓ ਜ਼ਿਲ੍ਹਾ ਸਿੱਖਿਆ ਵਿਭਾਗ ਅਫ਼ਸਰ ਕਿਹਾ ਜਾਂਦਾ ਹੈ। ਉਹ ਹੈੱਡਮਾਸਟਰ ਆਪਣੇ-ਆਪ ਨੂੰ ਬਹੁਤ ਅਨੁਸ਼ਾਸਨ ’ਚ ਰਹਿਣ ਵਾਲਾ ਤੇ ਬਹੁਤ ਸਖ਼ਤ ਸੁਭਾਅ ਵਾਲਾ ਅਖਵਾਉਂਦਾ ਸੀ। ਮੇਰੇ ਪਿਤਾ ਜੀ ਵੱਲੋਂ ਪਹਿਲਾਂ ਫ਼ੌਜ ਦੀ ਨੌਕਰੀ ਕੀਤੀ ਹੋਣ ਕਰਕੇ ਅਨੁਸ਼ਾਸਨ ’ਚ ਰਹਿ ਕੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਆਦਤ ਪਈ ਹੋਈ ਸੀ।
ਇਸੇ ਕਰਕੇ ਸਾਨੂੰ ਵੀ ਉਹ ਹਮੇਸ਼ਾ ਕਹਿੰਦੇ ਸਨ ਕਿ ਆਪਣੀ ਡਿਊਟੀ ਅਤੇ ਕੰਮ ਨੂੰ ਰੱਬ ਦੀ ਪੂਜਾ ਦੇ ਸਮਾਨ ਸਮਝੋ। ਕਦੇ ਵੀ ਡਿਊਟੀ ਅਤੇ ਕੰਮ ’ਚ ਅਣਗਹਿਲੀ ਨਾ ਵਰਤੋ। ਆਪਣੇ ਜ਼ਿੰਮੇ ਲਾਏ ਕੰਮ ਨੂੰ ਹਮੇਸ਼ਾ ਇਮਾਨਦਾਰੀ ਨਾਲ ਕਰੋ। ਸਮੇਂ ਤੋਂ ਪਹਿਲਾਂ ਡਿਊਟੀ ’ਤੇ ਜਾਓ, ਛੁੱਟੀ ਹੋਣ ਤੋਂ ਬਾਅਦ ਦੇ ਸਮੇਂ ਸਾਰੇ ਕੰਮ ਖ਼ਤਮ ਕਰ ਕੇ ਘਰ ਪਹੁੰਚੋ। ਉਹ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਸਨ ਕਿ ਆਪਣੇ ਵਿਦਿਆਰਥੀਆਂ ਨੂੰ ਆਪਣੇ ਅਸਲੀ ਪੁੱਤਰ-ਧੀਆਂ ਨਾਲੋਂ ਵੀ ਇਕ ਦਰਜਾ ਵੱਧ ਸਮਝੋ। ਪਿਤਾ ਜੀ ਵੱਲੋਂ ਦੱਸੇ ਇਨ੍ਹਾਂ ਅਸੂਲਾਂ ’ਤੇ ਚੱਲਦਿਆਂ 33 ਸਾਲ ਦੀ ਨੌਕਰੀ ਅਸਾਂ ਦੋਵਾਂ ਭਰਾਵਾਂ ਨੇ ਬਹੁਤ ਸਾਰੇ ਸਮਾਜੁਕ ਅਤੇ ਸਰਕਾਰੀ ਮਾਣ-ਸਨਮਾਨਾਂ ਸਮੇਤ ਪੂਰੀ ਇੱਜ਼ਤ ਤੇ ਠਾਠ ਨਾਲ ਬੇਦਾਗ ਰਹਿ ਕੇ ਕੀਤੀ। ਛੋਟੇ ਭਰਾ ਨੇ ਤਾਂ ਪੰਜਾਬ ਸਰਕਾਰ ਤੋਂ 1994 ’ਚ ਸਟੇਟ ਐਵਾਰਡ ਲੈਣ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਤੋਂ ਸਨਮਾਨ ਪ੍ਰਾਪਤ ਕਰਨ ਬਾਅਦ 1996 ’ਚ ਭਾਰਤ ਦੇ ਰਾਸ਼ਟਰਪਤੀ ਤੋਂ ਨੈਸ਼ਨਲ ਐਵਾਰਡ ਵੀ ਪ੍ਰਾਪਤ ਕੀਤਾ।
ਇਮਾਨਦਾਰੀ ਅਤੇ ਅਨੁਸ਼ਾਸ਼ਨ ਦਾ ਢਿੰਡੋਰਾ ਪਿੱਟਣ ਵਾਲੇ ਉਸ ਹੈੱਡਮਾਸਟਰ ਨੇ ਪਿਤਾ ਜੀ ਦੇ ਅਸੂਲ ਵੇਖ ਕੇ ਉਨ੍ਹਾਂ ਨਾਲ ਬਹੁਤ ਨੇੜਤਾ ਕਰ ਲਈ ਸੀ। ਉਸ ਸਕੂਲ ਦੇ ਕੁਝ ਕੁ ਡਿਊਟੀ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਸਟਾਫ ਮੈਂਬਰ ਪਿਤਾ ਜੀ ਨਾਲ ਇਸ ਕਰਕੇ ਈਰਖਾ ਭਾਵਨਾ ਰੱਖਦੇ ਸਨ ਕਿਉਂਕਿ ਪਿਤਾ ਜੀ ਤੋਂ ਪਹਿਲਾਂ ਸਾਰੇ ਸਕੂਲ ਦੀ ਵਾਗਡੋਰ ਉਨ੍ਹਾਂ ਦੇ ਹੱਥ ਹੁੰਦੀ ਸੀ। ਉਹ ਆਪਣੀ ਮਰਜ਼ੀ ਨਾਲ ਸਕੂਲ ਦੇ ਫੰਡਾਂ ਨੂੰ ਖਾ ਜਾਂਦੇ ਸਨ। ਸਕੂਲ ਦਾ ਸਰਕਾਰੀ ਸਾਮਾਨ ਵੀ ਘਰਾਂ ਨੂੰ ਚੁੱਕ ਲੈ ਕੇ ਜਾਂਦੇ ਸਨ। ਬੱਚਿਆਂ ਤੋਂ ਇਮਤਿਹਾਨਾਂ ਵੇਲੇ ਕਿਸੇ ਨਾ ਕਿਸੇ ਰੂਪ ’ਚ ਪੈਸੇ ਲੈਣੇ ਅਤੇ ਬੱਚਿਆਂ ਤੋਂ ਹੀ ਸ਼ਰਾਬਾਂ ਮੰਗਵਾ ਕੇ ਸਕੂਲ ’ਚ ਹੀ ਪੀ ਜਾਣੀਆਂ ਉਨ੍ਹਾਂ ਦੇ ਸ਼ੌਕ ਸਨ। ਉਨ੍ਹਾਂ ਨੇ ਸਕੂਲ ਨੂੰ ਸਕੂਲ ਨਾ ਸਮਝ ਕੇ ਆਪਣੀ ਨਿੱਜੀ ਜਾਗੀਰ ਬਣਾਇਆ ਹੋਇਆ ਸੀ। ਪਿਤਾ ਜੀ ਦੇ ਉਸ ਸਕੂਲ ’ਚ ਆਉਣ ਨਾਲ ਉਨ੍ਹਾਂ ਦਾ ਇਹ ਕੰਮ ਬੰਦ ਹੋ ਗਿਆ।
ਇਕ ਵਾਰ ਉਕਤ ਹੈੱਡਮਾਸਟਰ ਨੂੰ ਮਿਡਲ ਵਿਭਾਗ ਦੀਆਂ ਸਾਲਾਨਾ ਪ੍ਰੀਖਿਆਵਾਂ ਲੈਣ ਬਾਰੇ ਸਿੱਖਿਆ ਬੋਰਡ ਪੰਜਾਬ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੜੋਆ ਬਲਾਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਸ ਨੇ ਮੇਰੀ ਵੀ ਨਿਯੁਕਤੀ ਆਪਣਾ ਸਹਾਇਕ ਬਣਾ ਕੇ ਕਰ ਲਈ। ਜਦੋਂ ਇਸੇ ਸਬੰਧ ’ਚ ਇਕ ਵਾਰ ਉਸ ਦੇ ਘਰ ਜਾਣ ਦਾ ਮੌਕਾ ਮਿਲਿਆ ਤਾਂ ਉਸ ਦੇ ਘਰ ਦੇ ਕਮਰੇ ’ਚ ਸਕੂਲ ਤੋਂ ਲਿਜਾਏ ਗਏ ਬੱਚਿਆਂ ਹੇਠਾਂ ਵਿਛਾਉਣ ਵਾਲੇ ਤੱਪੜਾਂ (ਟਾਟਾਂ) ਤੋਂ ਬਣਾ ਕੇ ਵਿਛਾਈ ਗਈ ਦਰੀ ਵੇਖ ਕੇ ਮਨ ਨੂੰ ਬਹੁਤ ਦੁੱਖ ਲੱਗਾ ਅਤੇ ਦਿਲ ’ਚ ਉਸ ਪ੍ਰਤੀ ਵਧੀਆ ਆਦਰਸ਼ਤਾ ਅਤੇ ਵਧੀਆ ਅਨੁਸ਼ਾਸਨ ਸਬੰਧੀ ਬਣੇ ਪ੍ਰਤੀਬਿੰਬ ਦੀਆਂ ਲੀਰਾਂ-ਲੀਰਾਂ ਹੋ ਗਈਆਂ। ਇਸੇ ਤਰ੍ਹਾਂ ਹੀ ਜ਼ਿਲ੍ਹੇ ਦੇ ਪ੍ਰਧਾਨ ਰਹਿ ਚੁੱਕੇ ਮੇਰੇ ਉਸਤਾਦ ਉਸਾਰੂ ਵਿਚਾਰਧਾਰਾ ਵਾਲੇ ਆਦਰਸ਼ਵਾਦੀ ਅਧਿਆਪਕ ਜਿਨ੍ਹਾਂ ਨੂੰ ਮੈਂ ਆਪਣੇ ਪਿਉ ਦੇ ਸਮਾਨ ਸਮਝਦਾ ਸਾਂ। ਜਦੋਂ ਆਪਣੀ ਮੱਝ ਦੀ ਖੁਰਲੀ ਬਣਾਉਣ ਲਈ ਸਕੂਲ ਤੋਂ ਲੱਕੜ ਦੀਆਂ ਫੱਟੀਆਂ ’ਤੇ ਲੋਹੇ ਦੀ ਚਾਦਰ (ਟੀਨ) ਨੂੰ ਸੇਵਾਦਾਰ ਰਾਹੀਂ ਘਰ ਲਿਜਾਂਦੇ ਵੇਖਿਆ ਤਾਂ ਮੇਰਾ ਦਿਲ ਟੁੱਟ ਗਿਆ।
ਜਦੋਂ ਮੈਂ ਵੀ ਡੂੰਘਾਈ ਨਾਲ ਆਪਣੇ-ਆਪ ਨੂੰ ਚੰਗੀ ਤਰ੍ਹਾਂ ਪੜਚੋਲਿਆ ਤਾਂ ਮੇਰੀ ਆਤਮਾ ’ਚੋਂ ਨਿਕਲੀ ਆਵਾਜ਼ ਤੋਂ ਪਤਾ ਲੱਗਾ ਕਿ ਮੈਂ ਖ਼ੁਦ ਵੀ ਭ੍ਰਿਸ਼ਟਾਚਾਰ ਤੋਂ ਬਚ ਨਹੀਂ ਸਕਿਆ ਕਿਉਂਕਿ ਕਈ ਵਾਰ ਸਕੂਲੋਂ ਆਪਣੇ ਘਰ ਦੇ ਕੰਮਾਂ ਖ਼ਾਤਰ ਕਿਧਰੇ ਜਾਣ ਵੇਲੇ ਮੇਰੇ ਵੱਲੋਂ ਮੂਵਮੈਂਟ ਸਮੇਤ ਆਰਡਰ ਬੁੱਕ ਰਜਿਸਟਰ ’ਤੇ ਕਿਸੇ ਹੋਰ ਸਕੂਲ ਜਾਂ ਸਿੱਖਿਆ ਦਫ਼ਤਰ ਜ਼ਰੂਰੀ ਡਾਕ ਦੇਣ ਜਾਣ ਦਾ ਬਹਾਨਾ ਲਿਖਿਆ ਗਿਆ ਸੀ। ਜਦਕਿ ਅਸਲ ਵਿਚ ਇਸ ਬਹਾਨੇ ਮੈਂ ਆਪਣੇ ਨਿੱਜੀ ਕੰਮਾਂ ਲਈ ਸਰਕਾਰੀ ਡਿਊਟੀ ਸਮੇਂ ’ਚ ਜਾ ਕੇ ਡਿਊਟੀ ਪ੍ਰਤੀ ਲਾਪਰਵਾਹੀ ਕਰਕੇ ਭ੍ਰਿਸ਼ਟ ਬਣਿਆ ਸਾਂ। ਬਾਕੀ ਦੇ ਮਹਿਕਮਿਆਂ ਦੀ ਰੀਸੇ ਅੱਜ ਫ਼ੌਜ ਅਤੇ ਸਿੱਖਿਆ ਮਹਿਕਮਿਆਂ ਨੂੰ ਵੀ ਬਾਕੀਆਂ ਦੀ ਲਾਗ ਲੱਗ ਗਈ ਹੈ। ਇਨ੍ਹਾਂ ’ਚ ਵੀ ਕਾਫ਼ੀ ਨਿਘਾਰ ਆਇਆ ਹੈ ਜਿਸ ਕਰ ਕੇ ਮੇਰੇ ਸਮੇਤ ਬਹੁਤ ਸਾਰੇ ਵੇਖੋ-ਵੇਖੀ ਦੂਜਿਆਂ ਦੀ ਰੀਸੇ ਕਿਸੇ ਨਾ ਕਿਸੇ ਬਹਾਨੇ ਇਸ ਕੋਹੜ ਰੂਪੀ ਬਿਮਾਰੀ ਦੀ ਗ੍ਰਿਫਤ ’ਚ ਨਾ ਚਾਹੁੰਦਿਆਂ ਹੋਇਆਂ ਵੀ ਆ ਹੀ ਜਾਂਦੇ ਹਨ। ਸਾਡੇ ਦੇਸ਼ ਦਾ ਹਾਲ ਹੁਣ ਇਹ ਹੋ ਚੁੱਕਾ ਹੈ ਕਿ ਛੋਟੇ ਤੋਂ ਛੋਟੇ ਸਰਕਾਰੀ ਦਫ਼ਤਰ ’ਚ ਬਿਨਾਂ ਰਿਸ਼ਵਤ ਦਿੱਤਿਆਂ ਕੋਈ ਕੰਮ ਨਹੀਂ ਹੁੰਦਾ। ਜੇ ਕੋਈ ਕਿਸੇ ਤਰ੍ਹਾਂ ਕਰਵਾ ਲਵੇ ਤਾਂ ਉਸ ਨੂੰ ਬਹੁਤ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ। ਗੱਲ ਕੀ, ਭਾਰਤ ਦੇ ਭ੍ਰਿਸ਼ਟਾਚਾਰ ਸਬੰਧੀ ਲਿਖਦਿਆਂ ਬਹੁਤ ਵੱਡੀ ਸੂਚੀ ਤਿਆਰ ਹੋ ਕੇ ਇਕ ਪੂਰੀ ਕਿਤਾਬ ਭਰ ਸਕਦੀ ਹੈ।