December 4, 2024

ਇਥੋਂ ਦੇ ਰਾਸ਼ਟਰਪਤੀ ਯੂਨ ਸੂਕ ਯੋਓਲ ਨੇ ਦੱਖਣੀ ਕੋਰੀਆ ‘ਚ ਮਾਰਸ਼ਲ ਲਾਅ ਦਾ ਕੀਤਾ ਐਲਾਨ

ਦੱਖਣ ਕੋਰੀਆ, 4 ਦਸੰਬਰ – ਰਾਸ਼ਟਰਪਤੀ ਯੂਨ ਸੂਕ ਯੇਓਲ ਨੇ ਅੱਜ  ਦੱਖਣੀ ਕੋਰੀਆ ਵਿੱਚ ਐਮਰਜੈਂਸੀ ਮਾਰਸ਼ਲ ਲਾਅ ਦਾ ਐਲਾਨ ਕੀਤਾ ਹੈ, ਵਿਰੋਧੀ ਧਿਰ ਨੂੰ ਸੰਸਦ ਨੂੰ ਨਿਯੰਤਰਿਤ ਕਰਨ, ਉੱਤਰੀ ਕੋਰੀਆ ਨਾਲ ਹਮਦਰਦੀ ਰੱਖਣ ਅਤੇ ਸਰਕਾਰ ਨੂੰ ਅਪਾਹਜ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇੱਕ ਟੈਲੀਵਿਜ਼ਨ ਬ੍ਰੀਫਿੰਗ ਦੌਰਾਨ ਕੀਤੀ ਗਈ ਘੋਸ਼ਣਾ, ਦੱਖਣੀ ਕੋਰੀਆ ਦੇ ਚੱਲ ਰਹੇ ਰਾਜਨੀਤਿਕ ਸੰਕਟ ਨੂੰ ਦਰਸਾਉਂਦੀ ਹੈ ਅਤੇ ਦੱਖਣੀ ਕੋਰੀਆ ਲਈ ਇੱਕ ਮੋੜ ਦੀ ਨਿਸ਼ਾਨਦੇਹੀ ਕਰਦੀ ਹੈ।ਰਾਸ਼ਟਰਪਤੀ ਯੂਨ ਸੁਕ ਯੇਓਲ, ਜੋ ਮਈ 2022 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਵਿਰੋਧੀ-ਨਿਯੰਤਰਿਤ ਨੈਸ਼ਨਲ ਅਸੈਂਬਲੀ ਦੀਆਂ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਨੇ ਦੇਸ਼ ਦੀ ਸੰਵਿਧਾਨਕ ਪ੍ਰਣਾਲੀ ਦੀ ਰੱਖਿਆ ਲਈ ਇਸ ਕਦਮ ਨੂੰ ਜ਼ਰੂਰੀ ਦੱਸਿਆ। ਹਾਲਾਂਕਿ, ਇਹ ਸ਼ਾਸਨ ਅਤੇ ਲੋਕਤੰਤਰ ਲਈ ਅਸਪਸ਼ਟ ਹਨ। ਵਿਰੋਧੀ ਧਿਰ ਨੇ ਦੋਸ਼ ਲਾਏ ਸਨ ਇਹ ਘੋਸ਼ਣਾ ਕੋਰੀਆ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੀ ਡੈਮੋਕ੍ਰੇਟਿਕ ਪਾਰਟੀ ਨੇ ਸੱਤਾ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਰਾਸ਼ਟਰਪਤੀ ਯੂਨ ਦੇ ਮਹਾਦੋਸ਼ ਦੀ ਮੰਗ ਕਰਨ ਤੋਂ ਇਕ ਮਹੀਨੇ ਬਾਅਦ ਕੀਤੀ ਹੈ। ਵਿਰੋਧੀ ਧਿਰ ਨੇ ਕਿਹਾ ਕਿ ਰਾਸ਼ਟਰਪਤੀ ਮਾਰਸ਼ਲ ਲਾਅ ਲਗਾ ਕੇ ਮਹਾਦੋਸ਼ ਤੋਂ ਬਚਣਾ ਚਾਹੁੰਦੇ ਹਨ। ਵਿਰੋਧੀ ਧਿਰ ਦੇ ਨੇਤਾ ਲੀ ਜੇ-ਮਯੂੰਗ ਨੇ ਚੇਤਾਵਨੀ ਦਿੱਤੀ ਕਿ ਮਾਰਸ਼ਲ ਲਾਅ “ਪੂਰਨ ਤਾਨਾਸ਼ਾਹੀ” ਵੱਲ ਲੈ ਜਾ ਸਕਦਾ ਹੈ, ਇਸਦੇ ਦੁਰਵਿਵਹਾਰ ਦੀਆਂ ਇਤਿਹਾਸਕ ਉਦਾਹਰਣਾਂ ਵੱਲ ਇਸ਼ਾਰਾ ਕਰਦਾ ਹੈ। ਯੂਨ ‘ਤੇ ਝੂਠ ਫੈਲਾਉਣ ਦਾ ਇਲਜ਼ਾਮ ਹੈ ਜਵਾਬ ਵਿੱਚ, ਯੂਨ ਦੇ ਦਫ਼ਤਰ ਨੇ ਦੋਸ਼ਾਂ ਨੂੰ ਮਨਘੜਤ ਪ੍ਰਚਾਰ ਵਜੋਂ ਖਾਰਜ ਕਰ ਦਿੱਤਾ ਅਤੇ ਵਿਰੋਧੀ ਧਿਰ ‘ਤੇ ਜਨਤਕ ਰਾਏ ਨੂੰ ਪ੍ਰਭਾਵਿਤ ਕਰਨ ਲਈ ਝੂਠ ਫੈਲਾਉਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਹਾਨ ਡੁਕ-ਸੂ ਨੇ ਵੀ ਦਾਅਵਿਆਂ ਦਾ ਖੰਡਨ ਕੀਤਾ, ਜ਼ੋਰ ਦੇ ਕੇ ਕਿਹਾ ਕਿ ਦੱਖਣੀ ਕੋਰੀਆ ਅਜਿਹੇ ਕਦਮ ਨੂੰ ਸਵੀਕਾਰ ਨਹੀਂ ਕਰਨਗੇ। 1987 ਵਿਚ ਰਿਸ਼ਤੇ ਵਿਗੜ ਗਏ ਯੂਨ ਅਤੇ ਵਿਰੋਧੀ ਧਿਰ ਦੇ ਵਿਚਕਾਰ ਤਣਾਅਪੂਰਨ ਸਬੰਧ ਪਹਿਲਾਂ ਹੀ ਬੁਖਾਰ ਦੀ ਪੀਚ ‘ਤੇ ਪਹੁੰਚ ਗਏ ਸਨ ਜਦੋਂ ਯੂਨ 1987 ਤੋਂ ਬਾਅਦ ਨਵੇਂ ਸੰਸਦੀ ਕਾਰਜਕਾਲ ਦੇ ਉਦਘਾਟਨ ਨੂੰ ਛੱਡਣ ਵਾਲੇ ਪਹਿਲੇ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਦੇ ਦਫਤਰ ਨੇ ਚੱਲ ਰਹੀ ਸੰਸਦੀ ਜਾਂਚ ਅਤੇ ਮਹਾਦੋਸ਼ ਦੀਆਂ ਧਮਕੀਆਂ ਨੂੰ ਉਨ੍ਹਾਂ ਦੀ ਗੈਰਹਾਜ਼ਰੀ ਦਾ ਕਾਰਨ ਦੱਸਿਆ।

ਇਥੋਂ ਦੇ ਰਾਸ਼ਟਰਪਤੀ ਯੂਨ ਸੂਕ ਯੋਓਲ ਨੇ ਦੱਖਣੀ ਕੋਰੀਆ ‘ਚ ਮਾਰਸ਼ਲ ਲਾਅ ਦਾ ਕੀਤਾ ਐਲਾਨ Read More »

ਬਾਬਾ ਸਿੱਦੀਕੀ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਅਨਮੋਲ ਬਿਸ਼ਨੋਈ

ਮੁੰਬਈ, 4 ਦਸੰਬਰ – ਮੁੰਬਈ ਪੁਲੀਸ ਨੇ ਇੱਥੇ ਇੱਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ  ਦਾ ਨਾਮ ਐਨਸੀਪੀ ਆਗੂ ਬਾਬਾ ਸਿੱਦਕੀ ਦੀ ਹੱਤਿਆ ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਸਾਹਮਣੇ ਆਇਆ ਹੈ। ਪੁਲੀਸ ਨੇ ਇਹ ਦਾਅਵਾ ਮੰਗਲਵਾਰ ਨੂੰ ਮਹਾਰਾਸ਼ਟਰ ਸੰਗਠਿਤ ਅਪਰਾਧ ਨਿਯੰਤਰਣ ਕਾਨੂੰਨ (ਮਕੋਕਾ) ਦੇ ਸਖ਼ਤ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਮਾਮਲੇ ਦੇ ਅੱਠ ਮੁਲਜ਼ਮਾਂ ਦਾ ਰਿਮਾਂਡ ਮੰਗਦੇ ਹੋਏ ਕੀਤਾ। ਵਿਸ਼ੇਸ਼ ਮਕੋਕਾ ਅਦਾਲਤ ਦੇ ਜੱਜ ਏਐਮ ਪਾਟਿਲ ਨੇ ਕਥਿਤ ਮੁੱਖ ਸ਼ੂਟਰ ਸ਼ਿਵਕੁਮਾਰ ਗੌਤਮ ਸਮੇਤ ਅੱਠ ਮੁਲਜ਼ਮਾਂ ਨੂੰ 7 ਦਸੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦਕੀ  (66) ਦੀ 12 ਅਕਤੂਬਰ ਨੂੰ ਉਸ ਦੇ ਪੁੱਤਰ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੀ ਇਮਾਰਤ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਨਮੋਲ ਬਿਸ਼ਨੋਈ, ਜਿਸ ਨੂੰ ਹਾਲ ਹੀ ਵਿੱਚ ਅਮਰੀਕਾ ’ਚ ਨਜ਼ਰਬੰਦ ਕਰਦਿਆਂ ਉੱਥੇ ਇੱਕ ਜੇਲ੍ਹ ਭੇਜਿਆ ਗਿਆ ਸੀ, ਨੂੰ ਇਸ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਵਜੋਂ ਦਰਸਾਇਆ ਗਿਆ ਹੈ। ਰਿਮਾਂਡ ਦੀ ਸੁਣਵਾਈ ਦੌਰਾਨ ਮੁੰਬਈ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਜਾਂਚ ਦੌਰਾਨ ਅਨਮੋਲ ਬਿਸ਼ਨੋਈ ਦਾ ਨਾਂ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੋਰ ਦੋਸ਼ੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਸੀ ਅਤੇ ਫੰਡਾਂ ਦੇ ਸਰੋਤ ਅਤੇ ਵਰਤੋਂ ਦਾ ਪਤਾ ਲਗਾਉਣ ਲਈ ਜਾਂਚ ਦੀ ਲੋੜ ਹੈ। ਪੁਲੀਸ ਨੇ ਕਿਹਾ ਕਿ ਅਨਮੋਲ ਬਿਸ਼ਨੋਈ ਨੇ ਇੱਕ ਸੰਚਾਰ ਐਪ ਰਾਹੀਂ ਸਹਿ-ਮੁਲਜ਼ਮ ਨਾਲ ਸੰਪਰਕ ਕੀਤਾ ਸੀ, ਇਸ ਪਹਿਲੂ ’ਤੇ ਜਾਣਕਾਰੀ ਇਕੱਠੀ ਕਰਨ ਲਈ ਗ੍ਰਿਫਤਾਰ ਮੁਲਜ਼ਮਾਂ ਦੀ ਹਿਰਾਸਤ ਦੀ ਲੋੜ ਹੈ। ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ’ਚ ਹੁਣ ਤੱਕ ਕਥਿਤ ਮੁੱਖ ਸ਼ੂਟਰ ਸ਼ਿਵਕੁਮਾਰ ਗੌਤਮ ਸਮੇਤ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰੇ ਮੁਲਜ਼ਮਾਂ ਨੂੰ ਪਹਿਲਾਂ ਮੈਜਿਸਟ੍ਰੇਟ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। 30 ਨਵੰਬਰ ਨੂੰ ਪੁਲੀਸ ਨੇ ਸਾਰੇ 26 ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਮਕੋਕਾ ਦੀਆਂ ਧਾਰਾਵਾਂ ਲਾਗੂ ਕੀਤੀਆਂ। ਇਸ ਤੋਂ ਬਾਅਦ ਮੰਗਲਵਾਰ ਨੂੰ ਸਾਰੇ ਦੋਸ਼ੀਆਂ ਨੂੰ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਜੱਜ ਨੇ ਅਦਾਲਤ ਵਿੱਚ ਮੌਜੂਦ ਪੱਤਰਕਾਰਾਂ ਨੂੰ ਇਸਤਗਾਸਾ ਪੱਖ ਵੱਲੋਂ ਇਤਰਾਜ਼ ਉਠਾਉਣ ਤੋਂ ਬਾਅਦ ਇਹ ਕਹਿ ਕੇ ਛੱਡਣ ਲਈ ਕਿਹਾ ਕਿ ਰਿਮਾਂਡ ਦੀ ਅਰਜ਼ੀ ਵਿੱਚ ਸੰਵੇਦਨਸ਼ੀਲ ਜਾਣਕਾਰੀ ਹੈ। ਬਚਾਅ ਪੱਖ ਦੇ ਵਕੀਲ ਰੂਪੇਸ਼ ਜੈਸਵਾਲ, ਅਜਿੰਕਿਆ ਮਿਰਗਲ ਅਤੇ ਦਲੀਪ ਸ਼ੁਕਲਾ ਨੇ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਪਹਿਲਾਂ ਹੀ 40 ਦਿਨਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਹਨ। ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅੱਠ ਮੁਲਜ਼ਮਾਂ ਨੂੰ 7 ਦਸੰਬਰ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਜਦਕਿ ਬਾਕੀ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਅਨਮੋਲ ਬਿਸ਼ਨੋਈ ਤੋਂ ਇਲਾਵਾ ਸ਼ੁਭਮ ਲੋਨਕਰ ਵੀ ਇਸ ਕੇਸ ਵਿੱਚ ਲੋੜੀਂਦਾ ਮੁਲਜ਼ਮ ਹੈ।

ਬਾਬਾ ਸਿੱਦੀਕੀ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਅਨਮੋਲ ਬਿਸ਼ਨੋਈ Read More »

ਦੇਵੇਂਦਰ ਫੜਨਵੀਸ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਮਹਾਰਾਸ਼ਟਰ ਭਾਜਪਾ ਵਿਧਾਇਕ ਦਲ ਦਾ ਆਗੂ

ਮੁੰਬਈ, 4 ਦਸੰਬਰ – ਇਥੇ ਭਾਜਪਾ ਦੇ ਵਿਧਾਇਕ ਦਲ ਦੀ ਇਕ ਮੀਟਿੰਕ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਨੇਤਾ ਦੇਵੇਂਦਰ ਫੜਨਵੀਸ ਨੂੰ ਬੁੱਧਵਾਰ ਨੂੰ ਸਰਬਸੰਮਤੀ ਨਾਲ ਮਹਾਰਾਸ਼ਟਰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ। ਚੰਦਰਕਾਂਤ ਪਾਟਿਲ ਅਤੇ ਸੁਧੀਰ ਮੁਨਗੰਟੀਵਾਰ ਨੇ ਰਸਮੀ ਤੌਰ ’ਤੇ ਫੜਨਵੀਸ ਨੂੰ ਪਾਰਟੀ ਦਾ ਵਿਧਾਇਕ ਨੇਤਾ ਨਾਮਜ਼ਦ ਕੀਤਾ। ਭਾਜਪਾ ਦੇ ਸੁਬਾਈ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੇ ਦੇਵੇਂਦਰ ਫੜਨਵੀਸ ਦੀ ਅਗਵਾਈ ‘ਚ ਇਤਿਹਾਸਕ ਚੋਣ ਲੜੀ ਅਤੇ ਮਹਾਯੁਤੀ ਗਠਜੋੜ ਲਈ ਇਤਿਹਾਸਕ ਫਤਵਾ ਜਿੱਤਿਆ।‘‘ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਮਦਦ ਨਾਲ ਮਹਾਰਾਸ਼ਟਰ ਨੂੰ ਪਹਿਲੇ ਨੰਬਰ ’ਤੇ ਲੈ ਜਾਣ ਲਈ ਵਚਨਬੱਧ ਹਾਂ। ਸਾਨੂੰ ਮਹਾਰਾਸ਼ਟਰ ਦੇ ਕਰੋੜਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਅਸੀਂ 149 ਸੀਟਾਂ ‘ਤੇ ਚੋਣ ਲੜੀ ਅਤੇ 132 ‘ਤੇ ਜਿੱਤ ਦਰਜ ਕੀਤੀ, ਜੋ ਇਤਿਹਾਸ ‘ਚ ਸਭ ਤੋਂ ਵੱਧ ਹੈ।’’ ਅੱਜ ਦੀ ਮੀਟਿੰਗ ਵਿੱਚ ਸੂਬੇ ਲਈ ਭਾਜਪਾ ਦੇ ਕੇਂਦਰੀ ਅਬਜ਼ਰਵਰ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਜੇ ਰੂਪਾਨੀ ਮੌਜੂਦ ਸਨ।

ਦੇਵੇਂਦਰ ਫੜਨਵੀਸ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਮਹਾਰਾਸ਼ਟਰ ਭਾਜਪਾ ਵਿਧਾਇਕ ਦਲ ਦਾ ਆਗੂ Read More »

ਬੁੱਢੇ ਦਰਿਆ ਦਾ ਪ੍ਰਦੂਸ਼ਣ

ਬੁੱਢੇ ਦਰਿਆ ਦੇ ਪਾਣੀਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਪੈਦਾ ਹੋ ਰਹੀ ਸਥਿਤੀ ਜਿੱਥੇ ਗੰਭੀਰ ਚਿੰਤਨ ਦੀ ਲੋੜ ਨੂੰ ਉਜਾਗਰ ਕਰ ਰਹੀ ਹੈ ਉੱਥੇ ਸਮੱਸਿਆ ਦੇ ਹੱਲ ਲਈ ਸੰਜੀਦਾ ਅਤੇ ਠੋਸ ਕਦਮਾਂ ਦੀ ਵੀ ਮੰਗ ਕਰਦੀ ਹੈ। ਇਸ ਮਸਲੇ ਨੂੰ ਲੈ ਕੇ ਤਿੰਨ ਕੁ ਮਹੀਨੇ ਪਹਿਲਾਂ ਵੀ ਲੁਧਿਆਣਾ ਸ਼ਹਿਰ ਵਿੱਚ ‘ਕਾਲੇ ਪਾਣੀਆਂ ਦਾ ਮੋਰਚਾ’ ਦੇ ਬੈਨਰ ਹੇਠ ਲੋਕਾਂ ਦਾ ਵੱਡਾ ਇਕੱਠ ਹੋਇਆ ਸੀ ਜਿਸ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਬੁੱਢੇ ਦਰਿਆ ਦੇ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਠੋਸ ਕਦਮ ਪੁੱਟੇ ਜਾਣ। ਮੰਗਲਵਾਰ ਨੂੰ ਬੁੱਢੇ ਦਰਿਆ ਦੇ ਆਸ-ਪਾਸ ਖੇਤਰਾਂ ਵਿੱਚ ਲੱਗੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਦਾ ਪਾਣੀ ਬੁੱਢੇ ਦਰਿਆ ਵਿੱਚ ਪੈਣ ਤੋਂ ਰੋਕਣ ਲਈ ਕਾਫ਼ੀ ਵੱਡੀ ਗਿਣਤੀ ਵਿੱਚ ਲੋਕ ਲੁਧਿਆਣਾ ਪੁੱਜੇ ਸਨ ਪਰ ਪੁਲੀਸ ਨੇ ਵਿਆਪਕ ਬੰਦੋਬਸਤ ਕਰ ਕੇ ਉਨ੍ਹਾਂ ਨੂੰ ਪਲਾਂਟ ਵਾਲੀ ਥਾਂ ’ਤੇ ਜਾਣ ਤੋਂ ਰੋਕ ਦਿੱਤਾ ਅਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸੇ ਦੌਰਾਨ ਲੁਧਿਆਣਾ ਦੀ ਰੰਗਾਈ ਸਨਅਤ ਦੇ ਮਾਲਕਾਂ ਤੇ ਪ੍ਰਬੰਧਕਾਂ ਵੱਲੋਂ ਵੀ ਮਜ਼ਦੂਰਾਂ ਦਾ ਵੱਡਾ ਇਕੱਠ ਕਰ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਲਿਹਾਜ਼ ਤੋਂ ਇਹ ਪੰਜਾਬ ਦੇ ਸਮਾਜਿਕ ਤੇ ਭਾਈਚਾਰਕ ਸਬੰਧਾਂ ਅਤੇ ਇਸ ਦੇ ਆਰਥਿਕ ਤੇ ਕਾਰੋਬਾਰੀ ਮਾਹੌਲ ਲਈ ਕੋਈ ਸਾਜ਼ਗਾਰ ਸੰਕੇਤ ਨਹੀਂ ਹੈ। ਵਾਤਾਵਰਨ ਦਾ ਮਸਲਾ ਅੱਜ ਪੂਰੀ ਦੁਨੀਆ ਵਿੱਚ ਸਿਰ ਚੁੱਕ ਰਿਹਾ ਹੈ ਅਤੇ ਸਮੁੱਚੇ ਜੈਵ ਜੀਵਨ ਲਈ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਰਿਹਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਨਾ ਕੇਵਲ ਕੌਮੀ ਰਾਜਧਾਨੀ ਦਿੱਲੀ ਸਗੋਂ ਲਾਹੌਰ ਵਿੱਚ ਹਵਾ ਦਾ ਪ੍ਰਦੂਸ਼ਣ ਬੇਤਹਾਸ਼ਾ ਵਧਣ ਕਰ ਕੇ ਸਾਹ ਲੈਣਾ ਵੀ ਔਖਾ ਹੋ ਗਿਆ ਸੀ। ਦਿੱਲੀ ਵਿੱਚ ਤਾਂ ਹਾਲੇ ਵੀ ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਲਾਈਆਂ ਰੋਕਾਂ (ਗਰੈਪ-4) ਜਾਰੀ ਹਨ। ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਅਤੇ ਦਰਿਆਈ ਪਾਣੀਆਂ ਦੀ ਪਲੀਤੀ ਦਾ ਸੰਕਟ ਗਹਿਰਾ ਹੋ ਗਿਆ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਮੁਤੱਲਕ ਪਿਛਲੇ ਕਈ ਸਾਲਾਂ ਤੋਂ ਅੱਖਾਂ ਮੀਟੀਆਂ ਹੋਈਆਂ ਸਨ ਪਰ ਹੁਣ ਜਦੋਂ ਪਾਣੀ ਨੱਕ ਤੱਕ ਅੱਪੜ ਗਿਆ ਹੈ ਤਾਂ ਹੁਣ ਇਸ ਛੋਟੇ ਮੋਟੇ ਨੁਸਖ਼ਿਆਂ ਨਾਲ ਇਸ ਸਮੱਸਿਆ ਨੂੰ ਸਿੱਝਣਾ ਮੁਸ਼ਕਿਲ ਹੋ ਗਿਆ ਹੈ। ਪੰਜਾਬ ਦੀ ਹੋਂਦ ਹਸਤੀ ਪਾਣੀਆਂ ਖ਼ਾਸਕਰ ਦਰਿਆਈ ਪਾਣੀਆਂ ਨਾਲ ਜੁੜੀ ਹੋਈ ਹੈ। ਬੁੱਢਾ ਦਰਿਆ ਸਤਲੁਜ ਦਰਿਆ ਦੇ ਪ੍ਰਾਚੀਨ ਮੁਹਾਣ ਦਾ ਪ੍ਰਮਾਣ ਹੈ ਪਰ ਵਿਕਾਸ ਪ੍ਰਤੀ ਸਾਡੀ ਵਿਗੜੀ ਹੋਈ ਧਾਰਨਾ ਨੇ ਪਵਿੱਤਰ ਦਰਿਆਵਾਂ ਨੂੰ ਐਨਾ ਪਲੀਤ ਕਰ ਦਿੱਤਾ ਕਿ ਅਸੀਂ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਜਾਂ ਗੰਦਾ ਨਾਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਫ਼ ਸੁਥਰੇ ਪੌਣ ਪਾਣੀਆਂ ਪ੍ਰਤੀ ਸਾਡੀ ਜਨਤਕ ਸਮਝ ਕਿੰਨੀ ਨਿੱਘਰ ਚੁੱਕੀ ਹੈ। ਪਾਣੀ ਦਾ ਮਸਲਾ ਹੋਵੇ ਜਾਂ ਹਵਾ ਨੂੰ ਸ਼ੁੱਧ ਕਰਨ ਜਾਂ ਖੁਰਦੀ ਜਾ ਰਹੇ ਜੈਵ ਜੀਵਨ ਨੂੰ ਬਚਾਉਣ ਦਾ ਸਵਾਲ, ਵਾਤਾਵਰਨ ਦੇ ਸੰਕਟ ਨਾਲ ਸਿੱਝਣ ਅਤੇ ਇਸ ਨੂੰ ਸਵੱਛ ਰੂਪ ਵਿੱਚ ਬਹਾਲ ਕਰਨ ਲਈ ਸਾਨੂੰ ਇਸ ਪ੍ਰਤੀ ਸੰਵੇਦਨਸ਼ੀਲ ਅਤੇ ਪੁਖਤਾ ਸੋਚ ਅਤੇ ਜੀਵਨ ਜਾਂਚ ਪੈਦਾ ਕਰਨੀ ਪਵੇਗੀ ਜਿਸ ਵਿੱਚੋਂ ਅਜਿਹੇ ਸੰਕਟਾਂ ਨਾਲ ਸਿੱਝਣ ਲਈ ਜਾਗ੍ਰਿਤ, ਸੁਹਿਰਦ ਅਤੇ ਜ਼ਿੰਮੇਵਾਰ ਅਗਵਾਈ ਸਾਹਮਣੇ ਆਵੇਗੀ। ਲੁਧਿਆਣਾ ਵਿੱਚ ਬੁੱਢੇ ਦਰਿਆ ਦੇ ਮੁੱਦੇ ਨੂੰ ਜਿਵੇਂ ਕੁਝ ਲੋਕਾਂ ਵਲੋਂ ‘ਮੁਕਾਮੀ ਬਨਾਮ ਪਰਵਾਸੀ’ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਦੀ ਸਖ਼ਤ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਵਾਤਾਵਰਨ ਦਾ ਸਵਾਲ ਸਭ ਲੋਕਾਂ ਦਾ ਸਾਂਝਾ ਸਰੋਕਾਰ ਹੈ ਅਤੇ ਇਸ ਦਾ ਹੰਢਣਸਾਰ ਹੱਲ ਕੱਢਣ ਲਈ ਸਾਰੀਆਂ ਧਿਰਾਂ ਨੂੰ ਆਪਸੀ ਸੰਵਾਦ ਤੇ ਸਾਂਝੇ ਯਤਨਾਂ ਦਾ ਰਾਹ ਅਪਣਾਉਣ ਦੀ ਲੋੜ ਹੈ ਅਤੇ ਮਾਅਰਕੇਬਾਜ਼ੀ ਤੇ ਟਕਰਾਅ ਦੀ ਪਹੁੰਚ ਤੋਂ ਬਚਣਾ ਚਾਹੀਦਾ ਹੈ।

ਬੁੱਢੇ ਦਰਿਆ ਦਾ ਪ੍ਰਦੂਸ਼ਣ Read More »

ਜਥੇਦਾਰ ਅਕਾਲ ਤਖਤ ਨੇ ਸੁਖਬੀਰ ਬਾਦਲ ’ਤੇ ਹਮਲੇ ਦੀ ਕੀਤੀ ਨਿਖੇਧੀ

ਅੰਮ੍ਰਿਤਸਰ, 4 ਦਸੰਬਰ – ਸ੍ਰੀ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖਾਹ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਖਤ ਨਿਖੇਧੀ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਦੀ ਸਖਤ ਨਿਖੇਧੀ ਕਰਦੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸਾਬਕਾ ਅਕਾਲੀ ਮੰਤਰੀਆਂ ਨੂੰ ਤਨਖਾਹ ਲਗਾਈ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖਾਹ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ਉੱਤੇ ਅੱਜ ਹਮਲਾ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਸਵੇਰੇ ਹੀ ਅਕਾਲ ਤਖ਼ਤ ਸਾਹਿਬ ਵਿਖੇ ਸਜ਼ਾ ਭੁਗਤਣ ਪਹੁੰਚੇ ਸਨ। ਉਹ ਘੰਟਾ ਘਰ ਦੇ ਬਾਹਰ ਬਰਛਾ ਫੜੀ ਬੈਠੇ ਸੀ।ਉਦੋਂ ਹੀ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਸੁਰੱਖਿਆ ਕਰਮੀਆਂ ਨੇ ਮੁਲਾਜ਼ਮ ਨੂੰ ਫੜ ਲਿਆ ਹੈ।ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਾਸੀ ਡੇਰਾਬਾਬਾ ਨਾਨਕ, ਗੁਰਦਾਸਪੁਰ ਵਜੋਂ ਹੋਈ ਹੈ। ਉਹ ਦਲ ਖਾਲਸਾ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਸੁਰੱਖਿਆ ਮੁਲਾਜ਼ਮਾਂ ਨੇ ਸੁਖਬੀਰ ਬਾਦਲ ਨੂੰ ਘੇਰਿਆ ਹੋਇਆ ਹੈ।

ਜਥੇਦਾਰ ਅਕਾਲ ਤਖਤ ਨੇ ਸੁਖਬੀਰ ਬਾਦਲ ’ਤੇ ਹਮਲੇ ਦੀ ਕੀਤੀ ਨਿਖੇਧੀ Read More »

ਕੌਣ ਹੈ , ਸੁਖਬੀਰ ਬਾਦਲ ‘ਤੇ ਫਾਇਰਿੰਗ ਕਰਨ ਵਾਲਾ “ਨਾਰਾਇਣ ਸਿੰਘ ਚੌੜਾ”

ਅੰਮ੍ਰਿਤਸਰ, 4 ਨਵੰਬਰ – ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਉਸ ਦੇ ਅਕਾਲੀ ਸਰਕਾਰ ਵੇਲੇ ਕੀਤੇ ਗੁਨਾਹਾਂ ਦੀ ਸਜ਼ਾ ਸੁਣਾਈ ਗਈ ਸੀ। ਇਸ ਸਜ਼ਾ ਦੇ ਤਹਿਤ ਉਹ ਜਦੋਂ ਅੱਜ ਦਰਬਾਰ ਸਾਹਿਬ ਦੀ ਡਿਊੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸਨ ਤਾਂ ਉਨ੍ਹਾਂ ਨੂੰ ਨਾਰਾਇਣ ਸਿੰਘ ਚੌਰਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਤੁਰੰਤ ਬਾਅਦ ਉਸ ਨੂੰ ਸੇਵਾਦਾਰਾਂ ਨੇ ਮੌਕੇ ਉੱਤੇ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਕੌਣ ਹੈ ਨਾਰਾਇਣ ਸਿੰਘ ਚੌਰਾ ਨਾਰਾਇਣ ਸਿੰਘ ਦਾ ਜਨਮ 04 ਅਪ੍ਰੈਲ 1956 ਵਿੱਚ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਪਿੰਡ ਚੌਰਾ ਵਿੱਚ ਹੋਇਆ ਸੀ। ਇਹ ਗਰਮਖਿਆਲੀ ਕਥਿਤ ਤੌਰ ‘ਤੇ ਗਰਮਖਿਆਲੀ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ। ਚੌਰਾ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਸਾਥੀਆਂ ਸੁਖਦੇਵ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਉਸੇ ਦਿਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਕੁਰਾਲੀ ਵਿਖੇ ਇੱਕ ਛੁਪਣਗਾਹ ‘ਤੇ ਛਾਪਾ ਮਾਰਿਆ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇੱਕ ਕੈਸ਼ ਬਰਾਮਦ ਕਰਨ ਦਾ ਦਾਅਵਾ ਕੀਤਾ। ਉਸ ‘ਤੇ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿਚ 8 ਮਈ 2010 ਨੂੰ ਵਿਸਫੋਟਕ ਐਕਟ ਦੇ ਤਹਿਤ ਇਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਉਹ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਧੀਨ ਕੇਸਾਂ ਵਿੱਚ ਵੀ ਲੋੜੀਂਦਾ ਸੀ। ਮੁਲਜ਼ਮ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਫੋਟਕ ਐਕਟ ਦੇ ਤਹਿਤ ਕੇਸ ਵਿੱਚ ਬਰੀ ਕਰ ਦਿੱਤਾ ਸੀ। ਚੌਰਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਖਾੜਕੂਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਪਾਕਿਸਤਾਨ ਵਿੱਚ ਰਹਿੰਦਿਆਂ, ਉਸਨੇ ਕਥਿਤ ਤੌਰ ‘ਤੇ ਗੁਰੀਲਾ ਯੁੱਧ ਅਤੇ “ਦੇਸ਼ ਧ੍ਰੋਹੀ” ਸਾਹਿਤ ‘ਤੇ ਇੱਕ ਕਿਤਾਬ ਲਿਖੀ। ਉਹ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਮੁਲਜ਼ਮ ਸੀ।

ਕੌਣ ਹੈ , ਸੁਖਬੀਰ ਬਾਦਲ ‘ਤੇ ਫਾਇਰਿੰਗ ਕਰਨ ਵਾਲਾ “ਨਾਰਾਇਣ ਸਿੰਘ ਚੌੜਾ” Read More »

ਸੁਖਬੀਰ ਅਣਜਾਣ, ਕੈਪਟਨ ਧੋਖੇਬਾਜ਼ ਤੇ ਮੋਦੀ ‘ਜੁਮਲਿਆਂ ਦਾ ਉਸਤਾਦ’ : ਮਾਨ

ਪਟਿਆਲਾ, 4 ਨਵੰਬਰ – ਮਿਸ਼ਨ ਰੁਜ਼ਗਾਰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਐਲਾਨ ਕੀਤਾ ਕਿ ਭਾਵੇਂ ਹੁਣ ਤੱਕ ਸੂਬੇ ਦੇ ਕਰੀਬ 50,000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਨੌਜਵਾਨਾਂ ਨੂੰ ਹੋਰ ਸਰਕਾਰੀ ਨੌਕਰੀਆਂ ਦੇਣ ਲਈ ਜਲਦੀ ਸਿਹਤ, ਸਿੱਖਿਆ ਅਤੇ ਹੋਰ ਪ੍ਰਮੁੱਖ ਵਿਭਾਗਾਂ ਵਿੱਚ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।ਇੱਥੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਜੀਵਨ ਵਿੱਚ ਸਫ਼ਲ ਹੋਣ ਦੇ ਭਰਪੂਰ ਮੌਕੇ ਮੁਹੱਈਆ ਕਰਨ ਲਈ ਵਚਨਬੱਧ ਹੈ ਅਤੇ ਹੁਣ ਤੱਕ 50,000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾ ਕਿਹਾ ਕਿ ਨੌਜਵਾਨਾਂ ਲਈ ਹੋਰ ਨਵੇਂ ਰਾਹ ਖੋਲ੍ਹੇ ਜਾਣਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣ ਸਕਣ। ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਵੀਂਆਂ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ-ਨਾਲ ਨੌਕਰੀਆਂ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹੋਏ ਓਵਰਏਜ ਹੋ ਚੁੱਕੇ ਨੌਜਵਾਨਾਂ ਨੂੰ ਅਡਜਸਟ ਕਰਨ ਦੀ ਸੰਭਾਵਨਾ ਵੀ ਤਲਾਸ਼ੀ ਜਾ ਰਹੀ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਹਨਾ ਕਿਹਾ ਕਿ ਉਨ੍ਹਾ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ 50,000 ਦੇ ਕਰੀਬ ਨੌਜਵਾਨ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਲਈ ਚੁਣੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਭਾਗਾਂ ਵਿੱਚ ਖਾਲੀ ਹੁੰਦੀਆਂ ਸਾਰੀਆਂ ਅਸਾਮੀਆਂ ਨੂੰ ਨਾਲ ਦੀ ਨਾਲ ਭਰ ਦਿੰਦੀ ਹੈ। ਉਹਨਾ ਕਿਹਾ ਕਿ ਹੁਣ ਇਹ ਨੌਜਵਾਨ ਸਰਕਾਰ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ, ਇਸ ਲਈ ਇਨ੍ਹਾਂ ਨੂੰ ਸਮਰਪਿਤ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾ ਉਮੀਦ ਜਤਾਈ ਕਿ ਨਵੇਂ ਭਰਤੀ ਹੋਏ ਵਿਅਕਤੀ ਆਪਣੀ ਕਲਮ ਦੀ ਵਰਤੋਂ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਮਦਦ ਲਈ ਕਰਨਗੇ। ਮੁੱਖ ਮੰਤਰੀ ਨੇ ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਾਰਨ ਲਈ ਸੂਬਾ ਸਰਕਾਰ ਦੀ ਦਿ੍ਰੜ੍ਹ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਐੱਸ ਏ ਐੱਸ ਨਗਰ (ਮੋਹਾਲੀ), ਕਪੂਰਥਲਾ, ਸੰਗਰੂਰ, ਹੁਸ਼ਿਆਰਪੁਰ ਅਤੇ ਮਾਲੇਰਕੋਟਲਾ ਵਿਖੇ ਬਣਨ ਜਾ ਰਹੇ ਮੈਡੀਕਲ ਕਾਲਜਾਂ ਦੀ ਉਸਾਰੀ ਲਈ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਇਨ੍ਹਾਂ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦਾ ਉਦੇਸ਼ ਸੂਬੇ ਨੂੰ ਦੇਸ਼ ਵਿੱਚ ਮੈਡੀਕਲ ਸਿੱਖਿਆ ਦਾ ਧੁਰਾ ਬਣਾਉਣਾ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਮਾਨ ਨੇ ਤਨਜ਼ ਕੱਸਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਇੱਕ ਕਾਨਵੈਂਟ ਸਕੂਲਾਂ ਦਾ ਪੜ੍ਹਿਆ ਸਿਆਸੀ ਆਗੂ ਹੈ, ਜੋ ਸੂਬੇ ਦੀ ਮੂਲ ਭੂਗੋਲਿਕ ਸਥਿਤੀ ਤੋਂ ਜਾਣੂ ਨਹੀਂ, ਪਰ ਸੂਬੇ ਦੀ ਸੱਤਾ ਹਾਸਲ ਕਰਨਾ ਚਾਹੁੰਦੇ ਹਨ।ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਪਰਵਾਰ ਦਾ ਰਿਕਾਰਡ ਪੰਜਾਬ ਨੂੰ ਹਮੇਸ਼ਾ ਪਿੱਠ ਵਿਖਾਉਣ ਕਾਰਨ ਸ਼ੱਕੀ ਰਿਹਾ ਹੈ। ਕੈਪਟਨ ਦਾ ਪਰਵਾਰ ਹਮੇਸ਼ਾ ਸੂਬਾ ਵਿਰੋਧੀ ਤਾਕਤ ਭਾਵੇਂ ਉਹ ਮੁਗ਼ਲ ਹੋਣ, ਅੰਗਰੇਜ਼ ਜਾਂ ਹੁਣ ਭਾਜਪਾ ਹੋਵੇ, ਇਨ੍ਹਾਂ ਦੁਸ਼ਮਣ ਤਾਕਤਾਂ ਨਾਲ ਖੜ੍ਹ ਕੇ ਪੰਜਾਬ ਨੂੰ ਧੋਖਾ ਦਿੰਦਾ ਰਿਹਾ ਹੈ। ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਮਲਿਆਂ ਦੇ ਮਾਹਰ ਹਨ, ਜੋ ਕਿਸੇ ਵੀ ਥਾਂ ਜਾਂ ਘਟਨਾ ਨਾਲ ਖ਼ੁਦ ਨੂੰ ਜੋੜ ਸਕਦੇ ਹਨ।

ਸੁਖਬੀਰ ਅਣਜਾਣ, ਕੈਪਟਨ ਧੋਖੇਬਾਜ਼ ਤੇ ਮੋਦੀ ‘ਜੁਮਲਿਆਂ ਦਾ ਉਸਤਾਦ’ : ਮਾਨ Read More »

ਬੁੱਢੇ ਦਰਿਆ ’ਤੇ ਲੋਕ ਤੇ ਸਨਅਤਕਾਰ ਆਹਮੋ-ਸਾਹਮਣੇ

ਲੁਧਿਆਣਾ, 4 ਨਵੰਬਰ – ਬੁੱਢੇ ਦਰਿਆ ’ਚ ਡਿੱਗ ਰਿਹੇ ਡਾਈਂਗ ਯੂਨਿਟਾਂ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਰੋਕਣ ਦਾ ਮੰਗਲਵਾਰ ਮੁੱਦਾ ਸ਼ਹਿਰ ’ਚ ਪੂਰੀ ਤਰ੍ਹਾਂ ਭਖ ਗਿਆ। ‘ਕਾਲੇ ਪਾਣੀ ਦਾ ਮੋਰਚਾ’ ਦੇ ਮੈਂਬਰਾਂ ਨੇ 3 ਦਸੰਬਰ ਨੂੰ ਬੁੱਢੇ ਦਰਿਆ ’ਚ ਡਿੱਗ ਰਹੇ ਗੰਧਲੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਅਤੇ ਸਵੇਰੇ ਤੋਂ ਹੀ ਮੋਰਚੇ ਦੇ ਮੈਂਬਰਾਂ ਨੇ ਪੁੱਜਣਾ ਸ਼ੁਰੂ ਕਰ ਦਿੱਤਾ ਸੀ, ਪਰ ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਸਖਤ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ ਸਨ। ਗੰਧਲੇ ਤੇ ਜ਼ਹਿਰੀਲੇ ਪਾਣੀ ਨਾਲ ਭਰਿਆ ਬੁੱਢਾ ਨਾਲਾ ਅਗਾਂਹ ਜਾ ਕੇ ਦਰਿਆ ਸਤਲੁਜ ਵਿਚ ਡਿੱਗਦਾ ਹੈ। ਸੈਂਕੜਿਆਂ ਦੀ ਗਿਣਤੀ ’ਚ ਤਾਇਨਾਤ ਕੀਤੇ ਗਏ ਪੁਲਸ ਮੁਲਾਜ਼ਮਾਂ ਨੇ ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਸਾਹਮਣੇ ਆਉਣ ਵਾਲੇ ਮੋਰਚੇ ਦੇ ਜ਼ਿਆਦਾਤਰ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ। ਪੁਲਸ ਨੇ ਲੁਧਿਆਣਾ ਹੀ ਨਹੀਂ, ਸਗੋਂ ਪੰਜਾਬ ਵਿਚ ਹੋਰਨੀਂ ਥਾਈਂ ਵੀ ਫੜੋ-ਫੜੀ ਦੀ ਮੁਹਿੰਮ ਚਲਾਈ ਅਤੇ ਮੋਰਚੇ ਦੇ ਮੁੱਖ ਆਗੂ ਲੱਖਾ ਸਿਧਾਣਾ ਨੂੰ ਵੀ ਲੁਧਿਆਣਾ ਆਉਂਦੇ ਵਕਤ ਮੋਗਾ ਜ਼ਿਲ੍ਹੇ ਵਿੱਚੋਂ ਹਿਰਾਸਤ ਵਿਚ ਲੈ ਲਿਆ। ਪੁਲਸ ਕਮਿਸ਼ਨਰ ਸਣੇ ਸਾਰੇ ਹੀ ਵੱਡੇ ਪੁਲਸ ਅਫਸਰ ਸੜਕਾਂ ’ਤੇ ਮੌਜੂਦ ਰਹੇ। ਦੂਜੇ ਪਾਸੇ ਡਾਈਂਗ ਯੂਨਿਟਾਂ ਵਾਲਿਆਂ ਨੇ ਆਪਣੇ ਵੱਲੋਂ ਸਥਾਪਤ ਕਾਮਨ ਐਫੂਲੈਂਟ ਟਰੀਟਮੈਂਟ ਪਲਾਂਟਸ (ਸੀ ਈ ਟੀ ਪੀ) ਦੀ ਰਾਖੀ ਲਈ 24 ਘੰਟੇ ਲਈ ਫੈਕਟਰੀਆਂ ਬੰਦ ਕਰ ਕੇ ਤਾਜਪੁਰ ਰੋਡ ’ਤੇ ਹਜ਼ਾਰਾਂ ਦੀ ਗਿਣਤੀ ’ਚ ਪਰਵਾਸੀ ਮਜ਼ਦੂਰਾਂ ਨੂੰ ਨਾਲ ਲੈ ਕੇ ਧਰਨਾ ਲਾ ਦਿੱਤਾ। ਸਨਅਤਕਾਰਾਂ ਨੇ ਆਪਣੀਆਂ ਗੱਡੀਆਂ ਵਿੱਚ ਮਜ਼ਦੂਰਾਂ ਨੂੰ ਉੱਥੇ ਪਹੁੰਚਾਇਆ। ਸਥਿਤੀ ਤਣਾਅਪੂਰਨ ਬਣ ਗਈ ਸੀ, ਕਿਉਕਿ ਕਾਰਕੁਨਾਂ ਨੇ ਕਿਹਾ ਕਿ ਪੁਲਸ ਪੰਜਾਬੀਆਂ ਖਿਲਾਫ ਐੱਫ ਆਈ ਆਰ ਦਰਜ ਕਰਨ ’ਚ ਮਿੰਟ ਨਹੀਂ ਲਾਉਦੀ, ਪਰ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਕੇ ਪਲਾਂਟਾਂ ਨੂੰ ਬਚਾਉਣ ਪੁੱਜੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਮਾਲਕਾਂ ਨੂੰ ਕੁਝ ਨਹੀਂ ਕਹਿ ਰਹੀ। ਪੁਲਸ ਨੇ ਸੀ ਈ ਟੀ ਪੀ ਦੇ ਇੱਕ ਕਿੱਲੋਮੀਟਰ ਦੇ ਘੇਰੇ ਵਿੱਚ ਸਾਰੇ ਰਾਹਾਂ ’ਤੇ ਟਰੈਫਿਕ ਰੋਕ ਦਿੱਤੀ ਸੀ। ਬੈਰੀਕੇਡਾਂ ਦੇ ਬਾਵਜੂਦ ਕਾਰਕੁਨ ਤਾਜਪੁਰ ਨੇੜੇ ਇਕੱਠੇ ਹੋ ਗਏ ਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਾਈਪ ਬੰਦ ਕਰ ਦੇਣ, ਨਹੀਂ ਤਾਂ ਉਹ ਖੁਦ ਕਰ ਦੇਣਗੇ। ਦੁਪਹਿਰ ਤੱਕ ਫਿਰੋਜ਼ਪੁਰ ਰੋਡ ’ਤੇ ਪੁਲਸ ਵੱਲੋਂ ਮੋਰਚੇ ਦੇ ਮੈਂਬਰਾਂ ਨੂੰ ਫੜਨ ਦਾ ਸਿਲਸਿਲਾ ਜਾਰੀ ਰਿਹਾ। ਹਾਲਾਂਕਿ, ਦੁਪਹਿਰ ਤੱਕ ਲੱਖਾ ਸਿਧਾਣਾ, ਅਮਿਤੋਜ ਮਾਨ ਸਣੇ ਹੋਰ ਕਈ ਕਾਰਕੁਨ ਪੁਲਸ ਦੀ ਪਕੜ ’ਚ ਨਹੀਂ ਆਏ ਸਨ, ਪਰ ਬਾਅਦ ਵਿਚ ਪੁਲਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਵਿਚ ਲੈ ਲਿਆ। ਲੱਖਾ ਸਿਧਾਣਾ ਨੂੰ ਮੋਗਾ ਪੁਲਸ ਨੇ ਪਿੰਡ ਰਾਮਾ ’ਚ ਘੇਰਾ ਪਾ ਕੇ ਕਾਬੂ ਕਰ ਲਿਆ। ਉਸ ਨਾਲ ਦੋ ਹੋਰ ਸਾਥੀ ਵੀ ਸਨ।

ਬੁੱਢੇ ਦਰਿਆ ’ਤੇ ਲੋਕ ਤੇ ਸਨਅਤਕਾਰ ਆਹਮੋ-ਸਾਹਮਣੇ Read More »

ਨਾ ਘਰ ਦਾ, ਨਾ ਘਾਟ ਦਾ

ਮਹਾਰਾਸ਼ਟਰ ਤੇ ਝਾਰਖੰਡ ਅਸੰਬਲੀ ਚੋਣਾਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਅਸੰਬਲੀ ਦੀਆਂ ਦੋ ਸੀਟਾਂ ਦੀਆਂ ਜ਼ਿਮਨੀ ਚੋਣਾਂ ਵੀ ਹੋਈਆਂ। ਸਿਹੋਰ ਜ਼ਿਲ੍ਹੇ ਦੀ ਬੁਧਨੀ ਸੀਟ ਭਾਜਪਾ ਨੇ ਜਿੱਤ ਲਈ, (ਭਾਵੇਂ ਜਿੱਤ ਦਾ ਫਰਕ ਪਿਛਲੀਆਂ ਚੋਣਾਂ ਨਾਲੋਂ ਘੱਟ ਰਿਹਾ) ਪਰ ਗਵਾਲੀਅਰ ਖੇਤਰ ਵਿੱਚ ਪੈਂਦੀ ਵਿਜੇਪੁਰ ਦੀ ਸੀਟ ਭਾਜਪਾ ਉਮੀਦਵਾਰ ਰਾਮਨਿਵਾਸ ਰਾਵਤ ਕਾਂਗਰਸ ਦੇ ਮੁਕੇਸ਼ ਮਲਹੋਤਰਾ ਹੱਥੋਂ ਸੱਤ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਿਆ। ਰਾਮਨਿਵਾਸ ਪਹਿਲਾਂ ਇਹ ਸੀਟ ਕਾਂਗਰਸ ਦੀ ਟਿਕਟ ’ਤੇ ਲੜ ਕੇ ਜਿੱਤਦਾ ਰਿਹਾ ਸੀ, ਜਦਕਿ ਮਲਹੋਤਰਾ ਪਹਿਲਾਂ ਭਾਜਪਾ ’ਚ ਹੁੰਦਾ ਸੀ ਤੇ ਐਤਕੀਂ ਕਾਂਗਰਸੀ ਉਮੀਦਵਾਰ ਵਜੋਂ ਲੜਿਆ। ਹਾਲਾਂਕਿ ਰਾਵਤ ਦੀ ਹਾਰ ਨਾਲ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ਫਰਕ ਨਹੀਂ ਪੈਣਾ, ਪਰ ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਦੀ ਹਾਲਤ ਖਰਾਬ ਹੋ ਗਈ ਹੈ। ਵਿਜੇਪੁਰ ਸੀਟ ਗਵਾਲੀਅਰ-ਚੰਬਲ ਡਵੀਜ਼ਨ ਦੇ ਉਸ ਹਿੱਸੇ ਵਿੱਚ ਪੈਂਦੀ ਹੈ, ਜਿਸ ਨੂੰ ਸਿੰਧੀਆ ਦੇ ਦਬਦਬੇ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਰਾਵਤ ਦੇ ਹਮਾਇਤੀ ਦੋਸ਼ ਲਾ ਰਹੇ ਹਨ ਕਿ ਹਾਰ ਸਿੰਧੀਆ ਵੱਲੋਂ ਸਾਬੋਤਾਜ ਕਰਨ ਕਰਕੇ ਹੋਈ। ਸਿੰਧੀਆ ਨੇ ਜਵਾਬ ਦਿੱਤਾ ਹੈ ਕਿ ਚਿੰਤਾ ਦੀ ਗੱਲ ਤਾਂ ਹੈ, ਪਰ ਭਾਜਪਾ ਉਮੀਦਵਾਰ ਨੂੰ ਵੋਟਾਂ ਪਹਿਲਾਂ ਨਾਲੋਂ ਵੱਧ ਮਿਲੀਆਂ ਹਨ। ਜੇ ਉਸ ਨੂੰ ਪ੍ਰਚਾਰ ਕਰਨ ਲਈ ਕਿਹਾ ਜਾਂਦਾ ਤਾਂ ਉਹ ਜ਼ਰੂਰ ਜਾਂਦਾ। ਭਾਜਪਾ ਦੇ ਪ੍ਰਦੇਸ਼ ਦਫਤਰ ਦੇ ਸਕੱਤਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ, ਪ੍ਰਦੇਸ਼ ਪ੍ਰਧਾਨ ਤੇ ਹੋਰ ਸੀਨੀਅਰ ਆਗੂਆਂ ਨੇ ਸਿੰਧੀਆ ਨੂੰ ਵਿਜੇਪੁਰ ਹਲਕੇ ’ਚ ਪ੍ਰਚਾਰ ਕਰਨ ਲਈ ਕਿਹਾ ਸੀ, ਪਰ ਉਹ ਕਿਤੇ ਹੋਰ ਬਿਜ਼ੀ ਹੋਣ ਦੀ ਗੱਲ ਕਹਿ ਕੇ ਨਹੀਂ ਗਏ। ਭਾਜਪਾ ਦੀ ਸੂਬਾਈ ਲੀਡਰਸ਼ਿਪ ਸਿੰਧੀਆ ਬਾਰੇ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਸੌ ਵਾਰ ਸੋਚੇਗੀ, ਕਿਉਕਿ ਸਿੰਧੀਆ ਕੇਂਦਰ ਵਿੱਚ ਮੰਤਰੀ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਹਾਈਕਮਾਨ ਦੀ ਆਗਿਆ ਤੋਂ ਬਿਆਨ ਇਹ ਬਿਆਨ ਦਿੱਤਾ ਜਾਣਾ ਸੰਭਵ ਨਹੀਂ ਹੈ। ਦਰਅਸਲ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਆਉਣ ਵੇਲੇ ਸਿੰਧੀਆ ਇਹ ਗੱਲ ਭੁੱਲ ਗਏ ਸਨ ਕਿ ਭਾਜਪਾ ਵੱਖਰੀ ਤਾਸੀਰ ਵਾਲੀ ਪਾਰਟੀ ਹੈ। ਇਹ ਮੋਦੀ ਤੇ ਸ਼ਾਹ ਦੀ ਭਾਜਪਾ ਹੈ। ਇਸ ਭਾਜਪਾ ਵਿੱਚ ਵਕਤ ਪੈਣ ’ਤੇ ਗਧੇ ਨੂੰ ਬਾਪ ਬਣਾਇਆ ਜਾਂਦਾ ਹੈ ਤੇ ਵਕਤ ਨਿਕਲ ਜਾਣ ’ਤੇ ਬਾਪ ਨੂੰ ਗਧਾ ਬਣਾ ਦਿੱਤਾ ਜਾਂਦਾ ਹੈ। ਸਿੰਧੀਆ ਮੋਦੀ ਦੇ ਤੀਜੇ ਰਾਜਕਾਲ ਵਿੱਚ ਮੰਤਰੀ ਜ਼ਰੂਰ ਹਨ, ਪਰ ਦੂਜੇ ਰਾਜਕਾਲ ਨਾਲੋਂ ਘੱਟ ਅਹਿਮੀਅਤ ਵਾਲੇ। ਜਦੋਂ ਉਨ੍ਹਾ ਨੂੰ ਸੰਚਾਰ ਤੇ ਉੱਤਰ-ਪੂਰਬ ਦੇ ਵਿਕਾਸ ਦਾ ਮੰਤਰਾਲਾ ਦਿੱਤਾ ਗਿਆ ਤਾਂ ਸੰਕੇਤ ਮਿਲ ਗਏ ਸਨ ਕਿ ਸਿੰਧੀਆ ਦੀ ਢਹਿੰਦੀ ਕਲਾ ਸ਼ੁਰੂ ਹੋ ਗਈ ਹੈ। ਦੂਜੇ ਰਾਜਕਾਲ ਵਿੱਚ ਉਹ ਸ਼ਹਿਰੀ ਹਵਾਬਾਜ਼ੀ ਤੇ ਇਸਪਾਤ ਮੰਤਰੀ ਸਨ, ਜਦੋਂ ਕਾਂਗਰਸ ਛੱਡ ਕੇ ਆਏ ਸਨ। ਸਿੰਧੀਆ ਦੀ ਜਿਸਮਾਨੀ ਭਾਸ਼ਾ ਵੀ ਪਹਿਲਾਂ ਵਰਗੀ ਨਹੀਂ ਰਹੀ ਤੇ ਬੋਲੀ ਵੀ ਟਣਕਦਾਰ ਨਹੀਂ ਰਹੀ। ਸਿੰਧੀਆ ਦੀ ਢਲਾਣ ਦਾ ਪਤਾ ਉਦੋਂ ਹੀ ਲੱਗ ਗਿਆ ਸੀ, ਜਦੋਂ ਮੱਧ ਪ੍ਰਦੇਸ਼ ਅਸੰਬਲੀ ਚੋਣਾਂ ਤੋਂ ਬਾਅਦ ਉਨ੍ਹਾ ਦੇ ਹਮਾਇਤੀ ਉਸ ਕੋਟੇ ਨਾਲੋਂ ਘੱਟ ਮੰਤਰੀ ਬਣਾਏ ਗਏ, ਜਿੰਨੇ ਕਾਂਗਰਸ ਦੀ ਕਮਲਨਾਥ ਸਰਕਾਰ ਡੇਗਣ ਤੋਂ ਬਾਅਦ ਸ਼ਿਵਰਾਜ ਚੌਹਾਨ ਦੀ ਵਜ਼ਾਰਤ ਵਿੱਚ ਬਣਾਏ ਗਏ ਸਨ। ਸਿੰਧੀਆ ਤੋਂ ਜੰਮੂ-ਕਸ਼ਮੀਰ, ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ਚੋਣਾਂ ਵਿੱਚ ਵੀ ਪ੍ਰਚਾਰ ਨਹੀਂ ਕਰਵਾਇਆ ਗਿਆ। ਸਿੰਧੀਆ ਨੇ ਇਹ ਕਹਿ ਕੇ ਖੁਦ ਹੀ ਆਪਣੀ ਸਥਿਤੀ ਬਿਆਨ ਕਰ ਦਿੱਤੀ ਹੈ ਕਿ ਵਿਜੇਪੁਰ ਸੀਟ ’ਤੇ ਉਨ੍ਹਾ ਨੂੰ ਪ੍ਰਚਾਰ ਕਰਨ ਲਈ ਨਹੀਂ ਕਿਹਾ ਗਿਆ। ਮਤਲਬ ਸਾਫ ਹੈ ਕਿ ਭਾਜਪਾ ਨੇ ਉਨ੍ਹਾ ਨੂੰ ਕਾਂਗਰਸ ਤੋਂ ਲਿਆ ਕੇ ਸੂਬੇ ਦੀ ਕਾਂਗਰਸ ਸਰਕਾਰ ਡੇਗਣੀ ਸੀ, ਉਹ ਕੰਮ ਹੋ ਗਿਆ। ਹਾਲਾਂਕਿ ਸੰਵਿਧਾਨ ਦਿਵਸ ਸਮਾਰੋਹ ਦੌਰਾਨ ਸਿੰਧੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਦੇ ਨਜ਼ਰ ਆਏ, ਪਰ ਇਸ ਵੇਲੇ ਤਾਂ ਉਨ੍ਹਾ ਦੀ ਸਥਿਤੀ ‘ਨਾ ਘਰ ਦਾ, ਨਾ ਘਾਟ ਦਾ’ ਵਰਗੀ ਬਣ ਚੁੱਕੀ ਹੈ।

ਨਾ ਘਰ ਦਾ, ਨਾ ਘਾਟ ਦਾ Read More »

ਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲੇ ਪਿੱਛੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਗਹਿਰੀ ਸਾਜ਼ਿਸ਼ – ਪ੍ਰੋ. ਸਰਚਾਂਦ ਸਿੰਘ

*ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਭੁਗਤ ਰਹੇ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਦੀ ਸਖ਼ਤ ਨਿਖੇਧੀ। ਅੰਮ੍ਰਿਤਸਰ, 4 ਦਸੰਬਰ (ਏ.ਡੀ.ਪੀ ਨਿਊਜ਼) – ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਪੂਰੀ ਕਰਨ ਖ਼ਾਤਰ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਡਿਊਟੀ ਦੇ ਬਾਹਰ ਬੈਠ ਕੇ ਸੇਵਾ ਨਿਭਾਅ ਰਹੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾ ਕੇ ਜਾਨ ਲੇਵਾ ਹਮਲਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਗੋਲੀ ਚਲਾਉਣ ਵਾਲਾ ਅਕਾਲ ਫੈਡਰੇਸ਼ਨ ਦੇ ਸਾਬਕਾ ਮੁਖੀ ਤੇ ਹੁਣ ਦਲ ਖ਼ਾਲਸਾ ਦਾ ਆਗੂ ਦੱਸਿਆ ਜਾ ਰਿਹਾ ਨਰਾਇਣ ਸਿੰਘ ਚੌੜਾ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ, ਫਿਰ ਵੀ ਇਸ ਹਮਲੇ ਪਿੱਛੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਗਹਿਰੀ ਸਾਜ਼ਿਸ਼ ਕਰਨ ਵਾਲਿਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਹਮਲਾ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਹੈ, ਮੁੱਖ ਮੰਤਰੀ ਨੂੰ ਇਸ ਬਾਰੇ ਆਪਣੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ਅਨੁਸਾਰ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਗੁਨਾਹਾਂ ਲਈ ਤਨਖ਼ਾਹ ਲਗਾ ਦਿੱਤੀ ਸੀ ਤਾਂ ਕਿਸੇ ਵੀ ਸਿੱਖ ਮਾਈ ਭਾਈ ਨੂੰ ਸੁਖਬੀਰ ਸਿੰਘ ਬਾਦਲ ਨੂੰ ਨੁਕਸਾਨ ਪਹੁੰਚਾਉਣ ਕੋਈ ਹੱਕ ਨਹੀਂ ਹੈ। ਅਜਿਹਾ ਕਰਨ ਵਾਲਾ ਗੁਰੂ ਦਾ ਸੱਚਾ ਸਿੱਖ ਹੋ ਹੀ ਨਹੀਂ ਸਕਦਾ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਿਰਮੌਰ ਅਦਾਲਤ ਹੈ। ਇੱਥੋਂ ਦਿੱਤੇ ਗਏ ਹੁਕਮਾਂ ਨੂੰ ਮੰਨਣਾ ਹਰ ਗੁਰਸਿੱਖ ਲਈ ਲਾਜ਼ਮੀ ਹੈ। ਕੋਈ ਉਕਤ ਆਦੇਸ਼ ਨਾਲ ਅਸਹਿਮਤੀ ਹੈ ਤਾਂ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹੁੰਚ ਤੇ ਅਪੀਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਵੱਡੀ ਸਾਜ਼ਿਸ਼ ਰਚੀ ਗਈ ਹੈ। ਜਿਸ ਤੋਂ ਸਿੱਖ ਸੰਗਤ ਅਤੇ ਸਮੂਹ ਪੰਜਾਬੀਆਂ ਸੁਚੇਤ ਰਹਿਣ ਦੀ ਲੋੜ ਹੈ।

ਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲੇ ਪਿੱਛੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਗਹਿਰੀ ਸਾਜ਼ਿਸ਼ – ਪ੍ਰੋ. ਸਰਚਾਂਦ ਸਿੰਘ Read More »