ਨਾ ਘਰ ਦਾ, ਨਾ ਘਾਟ ਦਾ

ਮਹਾਰਾਸ਼ਟਰ ਤੇ ਝਾਰਖੰਡ ਅਸੰਬਲੀ ਚੋਣਾਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਅਸੰਬਲੀ ਦੀਆਂ ਦੋ ਸੀਟਾਂ ਦੀਆਂ ਜ਼ਿਮਨੀ ਚੋਣਾਂ ਵੀ ਹੋਈਆਂ। ਸਿਹੋਰ ਜ਼ਿਲ੍ਹੇ ਦੀ ਬੁਧਨੀ ਸੀਟ ਭਾਜਪਾ ਨੇ ਜਿੱਤ ਲਈ, (ਭਾਵੇਂ ਜਿੱਤ ਦਾ ਫਰਕ ਪਿਛਲੀਆਂ ਚੋਣਾਂ ਨਾਲੋਂ ਘੱਟ ਰਿਹਾ) ਪਰ ਗਵਾਲੀਅਰ ਖੇਤਰ ਵਿੱਚ ਪੈਂਦੀ ਵਿਜੇਪੁਰ ਦੀ ਸੀਟ ਭਾਜਪਾ ਉਮੀਦਵਾਰ ਰਾਮਨਿਵਾਸ ਰਾਵਤ ਕਾਂਗਰਸ ਦੇ ਮੁਕੇਸ਼ ਮਲਹੋਤਰਾ ਹੱਥੋਂ ਸੱਤ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਿਆ। ਰਾਮਨਿਵਾਸ ਪਹਿਲਾਂ ਇਹ ਸੀਟ ਕਾਂਗਰਸ ਦੀ ਟਿਕਟ ’ਤੇ ਲੜ ਕੇ ਜਿੱਤਦਾ ਰਿਹਾ ਸੀ, ਜਦਕਿ ਮਲਹੋਤਰਾ ਪਹਿਲਾਂ ਭਾਜਪਾ ’ਚ ਹੁੰਦਾ ਸੀ ਤੇ ਐਤਕੀਂ ਕਾਂਗਰਸੀ ਉਮੀਦਵਾਰ ਵਜੋਂ ਲੜਿਆ। ਹਾਲਾਂਕਿ ਰਾਵਤ ਦੀ ਹਾਰ ਨਾਲ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ਫਰਕ ਨਹੀਂ ਪੈਣਾ, ਪਰ ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਦੀ ਹਾਲਤ ਖਰਾਬ ਹੋ ਗਈ ਹੈ। ਵਿਜੇਪੁਰ ਸੀਟ ਗਵਾਲੀਅਰ-ਚੰਬਲ ਡਵੀਜ਼ਨ ਦੇ ਉਸ ਹਿੱਸੇ ਵਿੱਚ ਪੈਂਦੀ ਹੈ, ਜਿਸ ਨੂੰ ਸਿੰਧੀਆ ਦੇ ਦਬਦਬੇ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਰਾਵਤ ਦੇ ਹਮਾਇਤੀ ਦੋਸ਼ ਲਾ ਰਹੇ ਹਨ ਕਿ ਹਾਰ ਸਿੰਧੀਆ ਵੱਲੋਂ ਸਾਬੋਤਾਜ ਕਰਨ ਕਰਕੇ ਹੋਈ। ਸਿੰਧੀਆ ਨੇ ਜਵਾਬ ਦਿੱਤਾ ਹੈ ਕਿ ਚਿੰਤਾ ਦੀ ਗੱਲ ਤਾਂ ਹੈ, ਪਰ ਭਾਜਪਾ ਉਮੀਦਵਾਰ ਨੂੰ ਵੋਟਾਂ ਪਹਿਲਾਂ ਨਾਲੋਂ ਵੱਧ ਮਿਲੀਆਂ ਹਨ। ਜੇ ਉਸ ਨੂੰ ਪ੍ਰਚਾਰ ਕਰਨ ਲਈ ਕਿਹਾ ਜਾਂਦਾ ਤਾਂ ਉਹ ਜ਼ਰੂਰ ਜਾਂਦਾ। ਭਾਜਪਾ ਦੇ ਪ੍ਰਦੇਸ਼ ਦਫਤਰ ਦੇ ਸਕੱਤਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ, ਪ੍ਰਦੇਸ਼ ਪ੍ਰਧਾਨ ਤੇ ਹੋਰ ਸੀਨੀਅਰ ਆਗੂਆਂ ਨੇ ਸਿੰਧੀਆ ਨੂੰ ਵਿਜੇਪੁਰ ਹਲਕੇ ’ਚ ਪ੍ਰਚਾਰ ਕਰਨ ਲਈ ਕਿਹਾ ਸੀ, ਪਰ ਉਹ ਕਿਤੇ ਹੋਰ ਬਿਜ਼ੀ ਹੋਣ ਦੀ ਗੱਲ ਕਹਿ ਕੇ ਨਹੀਂ ਗਏ। ਭਾਜਪਾ ਦੀ ਸੂਬਾਈ ਲੀਡਰਸ਼ਿਪ ਸਿੰਧੀਆ ਬਾਰੇ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਸੌ ਵਾਰ ਸੋਚੇਗੀ, ਕਿਉਕਿ ਸਿੰਧੀਆ ਕੇਂਦਰ ਵਿੱਚ ਮੰਤਰੀ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਹਾਈਕਮਾਨ ਦੀ ਆਗਿਆ ਤੋਂ ਬਿਆਨ ਇਹ ਬਿਆਨ ਦਿੱਤਾ ਜਾਣਾ ਸੰਭਵ ਨਹੀਂ ਹੈ।

ਦਰਅਸਲ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਆਉਣ ਵੇਲੇ ਸਿੰਧੀਆ ਇਹ ਗੱਲ ਭੁੱਲ ਗਏ ਸਨ ਕਿ ਭਾਜਪਾ ਵੱਖਰੀ ਤਾਸੀਰ ਵਾਲੀ ਪਾਰਟੀ ਹੈ। ਇਹ ਮੋਦੀ ਤੇ ਸ਼ਾਹ ਦੀ ਭਾਜਪਾ ਹੈ। ਇਸ ਭਾਜਪਾ ਵਿੱਚ ਵਕਤ ਪੈਣ ’ਤੇ ਗਧੇ ਨੂੰ ਬਾਪ ਬਣਾਇਆ ਜਾਂਦਾ ਹੈ ਤੇ ਵਕਤ ਨਿਕਲ ਜਾਣ ’ਤੇ ਬਾਪ ਨੂੰ ਗਧਾ ਬਣਾ ਦਿੱਤਾ ਜਾਂਦਾ ਹੈ। ਸਿੰਧੀਆ ਮੋਦੀ ਦੇ ਤੀਜੇ ਰਾਜਕਾਲ ਵਿੱਚ ਮੰਤਰੀ ਜ਼ਰੂਰ ਹਨ, ਪਰ ਦੂਜੇ ਰਾਜਕਾਲ ਨਾਲੋਂ ਘੱਟ ਅਹਿਮੀਅਤ ਵਾਲੇ। ਜਦੋਂ ਉਨ੍ਹਾ ਨੂੰ ਸੰਚਾਰ ਤੇ ਉੱਤਰ-ਪੂਰਬ ਦੇ ਵਿਕਾਸ ਦਾ ਮੰਤਰਾਲਾ ਦਿੱਤਾ ਗਿਆ ਤਾਂ ਸੰਕੇਤ ਮਿਲ ਗਏ ਸਨ ਕਿ ਸਿੰਧੀਆ ਦੀ ਢਹਿੰਦੀ ਕਲਾ ਸ਼ੁਰੂ ਹੋ ਗਈ ਹੈ। ਦੂਜੇ ਰਾਜਕਾਲ ਵਿੱਚ ਉਹ ਸ਼ਹਿਰੀ ਹਵਾਬਾਜ਼ੀ ਤੇ ਇਸਪਾਤ ਮੰਤਰੀ ਸਨ, ਜਦੋਂ ਕਾਂਗਰਸ ਛੱਡ ਕੇ ਆਏ ਸਨ। ਸਿੰਧੀਆ ਦੀ ਜਿਸਮਾਨੀ ਭਾਸ਼ਾ ਵੀ ਪਹਿਲਾਂ ਵਰਗੀ ਨਹੀਂ ਰਹੀ ਤੇ ਬੋਲੀ ਵੀ ਟਣਕਦਾਰ ਨਹੀਂ ਰਹੀ। ਸਿੰਧੀਆ ਦੀ ਢਲਾਣ ਦਾ ਪਤਾ ਉਦੋਂ ਹੀ ਲੱਗ ਗਿਆ ਸੀ, ਜਦੋਂ ਮੱਧ ਪ੍ਰਦੇਸ਼ ਅਸੰਬਲੀ ਚੋਣਾਂ ਤੋਂ ਬਾਅਦ ਉਨ੍ਹਾ ਦੇ ਹਮਾਇਤੀ ਉਸ ਕੋਟੇ ਨਾਲੋਂ ਘੱਟ ਮੰਤਰੀ ਬਣਾਏ ਗਏ, ਜਿੰਨੇ ਕਾਂਗਰਸ ਦੀ ਕਮਲਨਾਥ ਸਰਕਾਰ ਡੇਗਣ ਤੋਂ ਬਾਅਦ ਸ਼ਿਵਰਾਜ ਚੌਹਾਨ ਦੀ ਵਜ਼ਾਰਤ ਵਿੱਚ ਬਣਾਏ ਗਏ ਸਨ। ਸਿੰਧੀਆ ਤੋਂ ਜੰਮੂ-ਕਸ਼ਮੀਰ, ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ਚੋਣਾਂ ਵਿੱਚ ਵੀ ਪ੍ਰਚਾਰ ਨਹੀਂ ਕਰਵਾਇਆ ਗਿਆ। ਸਿੰਧੀਆ ਨੇ ਇਹ ਕਹਿ ਕੇ ਖੁਦ ਹੀ ਆਪਣੀ ਸਥਿਤੀ ਬਿਆਨ ਕਰ ਦਿੱਤੀ ਹੈ ਕਿ ਵਿਜੇਪੁਰ ਸੀਟ ’ਤੇ ਉਨ੍ਹਾ ਨੂੰ ਪ੍ਰਚਾਰ ਕਰਨ ਲਈ ਨਹੀਂ ਕਿਹਾ ਗਿਆ। ਮਤਲਬ ਸਾਫ ਹੈ ਕਿ ਭਾਜਪਾ ਨੇ ਉਨ੍ਹਾ ਨੂੰ ਕਾਂਗਰਸ ਤੋਂ ਲਿਆ ਕੇ ਸੂਬੇ ਦੀ ਕਾਂਗਰਸ ਸਰਕਾਰ ਡੇਗਣੀ ਸੀ, ਉਹ ਕੰਮ ਹੋ ਗਿਆ। ਹਾਲਾਂਕਿ ਸੰਵਿਧਾਨ ਦਿਵਸ ਸਮਾਰੋਹ ਦੌਰਾਨ ਸਿੰਧੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਦੇ ਨਜ਼ਰ ਆਏ, ਪਰ ਇਸ ਵੇਲੇ ਤਾਂ ਉਨ੍ਹਾ ਦੀ ਸਥਿਤੀ ‘ਨਾ ਘਰ ਦਾ, ਨਾ ਘਾਟ ਦਾ’ ਵਰਗੀ ਬਣ ਚੁੱਕੀ ਹੈ।

ਸਾਂਝਾ ਕਰੋ

ਪੜ੍ਹੋ