ਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲੇ ਪਿੱਛੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਗਹਿਰੀ ਸਾਜ਼ਿਸ਼ – ਪ੍ਰੋ. ਸਰਚਾਂਦ ਸਿੰਘ

*ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਭੁਗਤ ਰਹੇ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਦੀ ਸਖ਼ਤ ਨਿਖੇਧੀ।

ਅੰਮ੍ਰਿਤਸਰ, 4 ਦਸੰਬਰ (ਏ.ਡੀ.ਪੀ ਨਿਊਜ਼) – ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਪੂਰੀ ਕਰਨ ਖ਼ਾਤਰ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਡਿਊਟੀ ਦੇ ਬਾਹਰ ਬੈਠ ਕੇ ਸੇਵਾ ਨਿਭਾਅ ਰਹੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾ ਕੇ ਜਾਨ ਲੇਵਾ ਹਮਲਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਗੋਲੀ ਚਲਾਉਣ ਵਾਲਾ ਅਕਾਲ ਫੈਡਰੇਸ਼ਨ ਦੇ ਸਾਬਕਾ ਮੁਖੀ ਤੇ ਹੁਣ ਦਲ ਖ਼ਾਲਸਾ ਦਾ ਆਗੂ ਦੱਸਿਆ ਜਾ ਰਿਹਾ ਨਰਾਇਣ ਸਿੰਘ ਚੌੜਾ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ, ਫਿਰ ਵੀ ਇਸ ਹਮਲੇ ਪਿੱਛੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਗਹਿਰੀ ਸਾਜ਼ਿਸ਼ ਕਰਨ ਵਾਲਿਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਹਮਲਾ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਹੈ, ਮੁੱਖ ਮੰਤਰੀ ਨੂੰ ਇਸ ਬਾਰੇ ਆਪਣੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ਅਨੁਸਾਰ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਗੁਨਾਹਾਂ ਲਈ ਤਨਖ਼ਾਹ ਲਗਾ ਦਿੱਤੀ ਸੀ ਤਾਂ ਕਿਸੇ ਵੀ ਸਿੱਖ ਮਾਈ ਭਾਈ ਨੂੰ ਸੁਖਬੀਰ ਸਿੰਘ ਬਾਦਲ ਨੂੰ ਨੁਕਸਾਨ ਪਹੁੰਚਾਉਣ ਕੋਈ ਹੱਕ ਨਹੀਂ ਹੈ। ਅਜਿਹਾ ਕਰਨ ਵਾਲਾ ਗੁਰੂ ਦਾ ਸੱਚਾ ਸਿੱਖ ਹੋ ਹੀ ਨਹੀਂ ਸਕਦਾ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਿਰਮੌਰ ਅਦਾਲਤ ਹੈ। ਇੱਥੋਂ ਦਿੱਤੇ ਗਏ ਹੁਕਮਾਂ ਨੂੰ ਮੰਨਣਾ ਹਰ ਗੁਰਸਿੱਖ ਲਈ ਲਾਜ਼ਮੀ ਹੈ। ਕੋਈ ਉਕਤ ਆਦੇਸ਼ ਨਾਲ ਅਸਹਿਮਤੀ ਹੈ ਤਾਂ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹੁੰਚ ਤੇ ਅਪੀਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਵੱਡੀ ਸਾਜ਼ਿਸ਼ ਰਚੀ ਗਈ ਹੈ। ਜਿਸ ਤੋਂ ਸਿੱਖ ਸੰਗਤ ਅਤੇ ਸਮੂਹ ਪੰਜਾਬੀਆਂ ਸੁਚੇਤ ਰਹਿਣ ਦੀ ਲੋੜ ਹੈ।

ਸਾਂਝਾ ਕਰੋ

ਪੜ੍ਹੋ