ਬੁੱਢੇ ਦਰਿਆ ’ਤੇ ਲੋਕ ਤੇ ਸਨਅਤਕਾਰ ਆਹਮੋ-ਸਾਹਮਣੇ

ਲੁਧਿਆਣਾ, 4 ਨਵੰਬਰ – ਬੁੱਢੇ ਦਰਿਆ ’ਚ ਡਿੱਗ ਰਿਹੇ ਡਾਈਂਗ ਯੂਨਿਟਾਂ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਰੋਕਣ ਦਾ ਮੰਗਲਵਾਰ ਮੁੱਦਾ ਸ਼ਹਿਰ ’ਚ ਪੂਰੀ ਤਰ੍ਹਾਂ ਭਖ ਗਿਆ। ‘ਕਾਲੇ ਪਾਣੀ ਦਾ ਮੋਰਚਾ’ ਦੇ ਮੈਂਬਰਾਂ ਨੇ 3 ਦਸੰਬਰ ਨੂੰ ਬੁੱਢੇ ਦਰਿਆ ’ਚ ਡਿੱਗ ਰਹੇ ਗੰਧਲੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਅਤੇ ਸਵੇਰੇ ਤੋਂ ਹੀ ਮੋਰਚੇ ਦੇ ਮੈਂਬਰਾਂ ਨੇ ਪੁੱਜਣਾ ਸ਼ੁਰੂ ਕਰ ਦਿੱਤਾ ਸੀ, ਪਰ ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਸਖਤ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ ਸਨ। ਗੰਧਲੇ ਤੇ ਜ਼ਹਿਰੀਲੇ ਪਾਣੀ ਨਾਲ ਭਰਿਆ ਬੁੱਢਾ ਨਾਲਾ ਅਗਾਂਹ ਜਾ ਕੇ ਦਰਿਆ ਸਤਲੁਜ ਵਿਚ ਡਿੱਗਦਾ ਹੈ। ਸੈਂਕੜਿਆਂ ਦੀ ਗਿਣਤੀ ’ਚ ਤਾਇਨਾਤ ਕੀਤੇ ਗਏ ਪੁਲਸ ਮੁਲਾਜ਼ਮਾਂ ਨੇ ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਸਾਹਮਣੇ ਆਉਣ ਵਾਲੇ ਮੋਰਚੇ ਦੇ ਜ਼ਿਆਦਾਤਰ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ। ਪੁਲਸ ਨੇ ਲੁਧਿਆਣਾ ਹੀ ਨਹੀਂ, ਸਗੋਂ ਪੰਜਾਬ ਵਿਚ ਹੋਰਨੀਂ ਥਾਈਂ ਵੀ ਫੜੋ-ਫੜੀ ਦੀ ਮੁਹਿੰਮ ਚਲਾਈ ਅਤੇ ਮੋਰਚੇ ਦੇ ਮੁੱਖ ਆਗੂ ਲੱਖਾ ਸਿਧਾਣਾ ਨੂੰ ਵੀ ਲੁਧਿਆਣਾ ਆਉਂਦੇ ਵਕਤ ਮੋਗਾ ਜ਼ਿਲ੍ਹੇ ਵਿੱਚੋਂ ਹਿਰਾਸਤ ਵਿਚ ਲੈ ਲਿਆ।

ਪੁਲਸ ਕਮਿਸ਼ਨਰ ਸਣੇ ਸਾਰੇ ਹੀ ਵੱਡੇ ਪੁਲਸ ਅਫਸਰ ਸੜਕਾਂ ’ਤੇ ਮੌਜੂਦ ਰਹੇ। ਦੂਜੇ ਪਾਸੇ ਡਾਈਂਗ ਯੂਨਿਟਾਂ ਵਾਲਿਆਂ ਨੇ ਆਪਣੇ ਵੱਲੋਂ ਸਥਾਪਤ ਕਾਮਨ ਐਫੂਲੈਂਟ ਟਰੀਟਮੈਂਟ ਪਲਾਂਟਸ (ਸੀ ਈ ਟੀ ਪੀ) ਦੀ ਰਾਖੀ ਲਈ 24 ਘੰਟੇ ਲਈ ਫੈਕਟਰੀਆਂ ਬੰਦ ਕਰ ਕੇ ਤਾਜਪੁਰ ਰੋਡ ’ਤੇ ਹਜ਼ਾਰਾਂ ਦੀ ਗਿਣਤੀ ’ਚ ਪਰਵਾਸੀ ਮਜ਼ਦੂਰਾਂ ਨੂੰ ਨਾਲ ਲੈ ਕੇ ਧਰਨਾ ਲਾ ਦਿੱਤਾ। ਸਨਅਤਕਾਰਾਂ ਨੇ ਆਪਣੀਆਂ ਗੱਡੀਆਂ ਵਿੱਚ ਮਜ਼ਦੂਰਾਂ ਨੂੰ ਉੱਥੇ ਪਹੁੰਚਾਇਆ। ਸਥਿਤੀ ਤਣਾਅਪੂਰਨ ਬਣ ਗਈ ਸੀ, ਕਿਉਕਿ ਕਾਰਕੁਨਾਂ ਨੇ ਕਿਹਾ ਕਿ ਪੁਲਸ ਪੰਜਾਬੀਆਂ ਖਿਲਾਫ ਐੱਫ ਆਈ ਆਰ ਦਰਜ ਕਰਨ ’ਚ ਮਿੰਟ ਨਹੀਂ ਲਾਉਦੀ, ਪਰ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਕੇ ਪਲਾਂਟਾਂ ਨੂੰ ਬਚਾਉਣ ਪੁੱਜੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਮਾਲਕਾਂ ਨੂੰ ਕੁਝ ਨਹੀਂ ਕਹਿ ਰਹੀ। ਪੁਲਸ ਨੇ ਸੀ ਈ ਟੀ ਪੀ ਦੇ ਇੱਕ ਕਿੱਲੋਮੀਟਰ ਦੇ ਘੇਰੇ ਵਿੱਚ ਸਾਰੇ ਰਾਹਾਂ ’ਤੇ ਟਰੈਫਿਕ ਰੋਕ ਦਿੱਤੀ ਸੀ। ਬੈਰੀਕੇਡਾਂ ਦੇ ਬਾਵਜੂਦ ਕਾਰਕੁਨ ਤਾਜਪੁਰ ਨੇੜੇ ਇਕੱਠੇ ਹੋ ਗਏ ਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਾਈਪ ਬੰਦ ਕਰ ਦੇਣ, ਨਹੀਂ ਤਾਂ ਉਹ ਖੁਦ ਕਰ ਦੇਣਗੇ। ਦੁਪਹਿਰ ਤੱਕ ਫਿਰੋਜ਼ਪੁਰ ਰੋਡ ’ਤੇ ਪੁਲਸ ਵੱਲੋਂ ਮੋਰਚੇ ਦੇ ਮੈਂਬਰਾਂ ਨੂੰ ਫੜਨ ਦਾ ਸਿਲਸਿਲਾ ਜਾਰੀ ਰਿਹਾ। ਹਾਲਾਂਕਿ, ਦੁਪਹਿਰ ਤੱਕ ਲੱਖਾ ਸਿਧਾਣਾ, ਅਮਿਤੋਜ ਮਾਨ ਸਣੇ ਹੋਰ ਕਈ ਕਾਰਕੁਨ ਪੁਲਸ ਦੀ ਪਕੜ ’ਚ ਨਹੀਂ ਆਏ ਸਨ, ਪਰ ਬਾਅਦ ਵਿਚ ਪੁਲਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਵਿਚ ਲੈ ਲਿਆ। ਲੱਖਾ ਸਿਧਾਣਾ ਨੂੰ ਮੋਗਾ ਪੁਲਸ ਨੇ ਪਿੰਡ ਰਾਮਾ ’ਚ ਘੇਰਾ ਪਾ ਕੇ ਕਾਬੂ ਕਰ ਲਿਆ। ਉਸ ਨਾਲ ਦੋ ਹੋਰ ਸਾਥੀ ਵੀ ਸਨ।

ਸਾਂਝਾ ਕਰੋ

ਪੜ੍ਹੋ