December 4, 2024

ਉਡਾਣ ਵਿਚ ਤਕਨੀਕੀ ਖਰਾਬੀ ਕਾਰਨ ਕੁਵੈਤ ਦੇ ਹਵਾਈ ਅੱਡੇ ’ਤੇ 20 ਘੰਟੇ ਤੱਕ ਫਸੇ ਰਹੇ ਭਾਰਤੀ ਯਾਤਰੀ

ਕੁਵੈਤ ਸਿਟੀ, 4 ਦਸੰਬਰ – ਮੈਨਚੈਸਟਰ ਜਾਣ ਵਾਲੀ ‘ਗਲਫ ਏਅਰ’ ਦੀ ਉਡਾਣ ਦੇ ਕਈ ਭਾਰਤੀ ਯਾਤਰੀ ਕੁਵੈਤ ਹਵਾਈ ਅੱਡੇ ’ਤੇ ਤਕਰੀਬਨ 20 ਘੰਟੇ ਤੱਕ ਫਸੇ ਰਹਿਣ ਮਗਰੋਂ ਅੱਜ ਸਵੇਰੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਏ। ਬਹਿਰੀਨ ਤੋਂ ਮੈਨਚੈਸਟਰ ਜਾਣ ਵਾਲੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਕੁਵੈਤ ਵੱਲ ਮੋੜ ਦਿੱਤਾ ਗਿਆ ਸੀ। ਖ਼ਬਰ ਅਨੁਸਾਰ ‘ਗਲਫ ਏਅਰ ਜੀਐੱਫ5’ ਨੇ 1 ਦਸੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੇਰ ਰਾਤ 2:05 ਵਜੇ ਬਹਿਰੀਨ ਤੋਂ ਉਡਾਣ ਭਰੀ ਪਰ ਜਹਾਜ਼ ’ਚ ਕੁਝ ਤਕਨੀਕੀ ਖਰਾਬੀ ਆਉਣ ਕਾਰਨ ਉਸ ਨੂੰ ਸਵੇਰੇ 4:01 ਵਜੇ ਕੁਵੈਤ ’ਚ ਉਤਾਰਨਾ ਪਿਆ। ਸੋਸ਼ਲ ਮੀਡੀਆ ’ਤੇ ਪਾਈ ਗਈ ਇੱਕ ਪੋਸਟ ਅਨੁਸਾਰ ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਹ ਘੰਟਿਆਂ ਤੱਕ ਹਵਾਈ ਅੱਡੇ ’ਤੇ ਫਸੇ ਰਹੇ ਜਿਸ ਮਗਰੋਂ ਕੁਵੈਤ ’ਚ ਭਾਰਤੀ ਦੂਤਾਵਾਸ ਨੇ ਗਲਫ ਏਅਰ ਦੇ ਅਧਿਕਾਰੀਆਂ ਸਾਹਮਣੇ ਮਸਲਾ ਉਠਾਇਆ। ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਦੂਤਾਵਾਸ ਨੇ ਕਿਹਾ ਕਿ ਯਾਤਰੀਆਂ ਦੀ ਮਦਦ ਕਰਨ ਅਤੇ ਹਵਾਈ ਸੇਵਾ ਕੰਪਨੀ ਨਾਲ ਤਾਲਮੇਲ ਲਈ ਉਸ ਦੀ ਟੀਮ ਹਵਾਈ ਅੱਡੇ ’ਤੇ ਪੁੱਜੀ। ਯਾਤਰੀਆਂ ਨੂੰ ਹਵਾਈ ਅੱਡੇ ’ਤੇ ਦੋ ਆਰਾਮ ਘਰਾਂ ’ਚ ਠਹਿਰਾਇਆ ਗਿਆ ਅਤੇ ਉਨ੍ਹਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਦੂਤਾਵਾਸ ਨੇ ਇੱਕ ਪੋਸਟ ’ਚ ਕਿਹਾ, ‘ਅੱਜ ਸਵੇਰੇ 4:34 ਵਜੇ ਗਲਫ ਏਅਰ ਦੇ ਜਹਾਜ਼ ਨੇ ਮੈਨਚੈਸਟਰ ਲਈ ਉਡਾਣ ਭਰੀ। ਉਡਾਣ ਰਵਾਨਾ ਹੋਣ ਤੱਕ ਦੂਤਾਵਾਸ ਦੀ ਟੀਮ ਉੱਥੇ ਹੀ ਮੌਜੂਦ ਸੀ।’ ਇੱਕ ਯਾਤਰੀ ਨੇ ਅੱਜ ਐਕਸ ’ਤੇ ਦੋਸ਼ ਲਾਇਆ ਕਿ ਭਾਰਤੀ ਯਾਤਰੀਆਂ ਨੂੰ ਬਿਨਾਂ ਮਦਦ ਦੇ ਛੱਡ ਦਿੱਤਾ ਗਿਆ।

ਉਡਾਣ ਵਿਚ ਤਕਨੀਕੀ ਖਰਾਬੀ ਕਾਰਨ ਕੁਵੈਤ ਦੇ ਹਵਾਈ ਅੱਡੇ ’ਤੇ 20 ਘੰਟੇ ਤੱਕ ਫਸੇ ਰਹੇ ਭਾਰਤੀ ਯਾਤਰੀ Read More »

ਰਣਨੀਤੀ ਬਣਾ ਕੇ ਕਰੋ ਐੱਨਡੀਏ ਦੀ ਤਿਆਰੀ

ਨਵੀਂ ਦਿੱਲੀ, 4 ਦਸੰਬਰ – ਨੈਸ਼ਨਲ ਡਿਫੈਂਸ ਅਕੈਡਮੀ ਭਾਰਤ ਦੀ ਸੰਯੁਕਤ ਫ਼ੌਜ ਅਕੈਡਮੀ ਹੈ, ਜੋ ਭਾਰਤ ਦੀਆਂ ਫ਼ੌਜਾਂ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੀ ਭਰਤੀ ਕਰਦੀ ਹੈ। ਐੱਨਡੀਏ ਦੀ ਪ੍ਰੀਖਿਆ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ। ਇਸ ਪ੍ਰੀਖਿਆ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਕਰਵਾਇਆ ਜਾਂਦਾ ਹੈ। ਇਹ ਪ੍ਰੀਖਿਆ ਸਾਲ ’ਚ ਦੋ ਵਾਰ ਹੁੰਦੀ ਹੈ ਤੇ ਇਸ ’ਚ ਦੋ ਪੇਪਰ ਹੁੰਦੇ ਹਨ। ਜੇ ਤੁਸੀਂ ਵੀ ਫ਼ੌਜ ’ਚ ਜਾਣ ਦੇ ਚਾਹਵਾਨ ਹੋ ਤਾਂ ਐੱਨਡੀਏ ਦੀ ਪ੍ਰੀਖਿਆ ਦੇ ਸਕਦੇ ਹੋ। ਜਾਣਦੇ ਹਾਂ ਕਿ ਪ੍ਰੀਖਿਆ ਲਈ ਤਿਆਰੀ ਕਿਵੇਂ ਕਰਨੀ ਹੈ। ਐੱਨਡੀਏ (NDA) ਦੀ ਲਿਖਤੀ ਪ੍ਰੀਖਿਆ ਲਈ ਵਿਸ਼ਿਆਂ ਅਨੁਸਾਰ ਰਣਨੀਤੀ ਬਣਾਉਣੀ ਚਾਹੀਦੀ ਹੈ। ਦੇਖਣਾ ਚਾਹੀਦਾ ਹੈ ਕਿ ਕਿਸ ਵਿਸ਼ੇ ’ਚ ਕਿਸ ਤਰ੍ਹਾਂ ਦੇ ਤੇ ਕਿੰਨੇ ਸਵਾਲ ਪੁੱਛੇ ਜਾ ਸਕਦੇ ਹਨ। ਫਿਰ ਇਸ ਅਨੁਸਾਰ ਆਪਣੀ ਤਿਆਰੀ ਕਰਨੀ ਚਾਹੀਦੀ ਹੈ। ਪੇਪਰ-1 ਦਾ ਪੈਟਰਨ ਐੱਨਡੀਏ ਪ੍ਰੀਖਿਆ ’ਚ ਪਹਿਲਾ ਪੇਪਰ ਗਣਿਤ ਦਾ ਹੁੰਦਾ ਹੈ। ਇਸ ਲਈ ਪਹਿਲੇ ਪੇਪਰ ਦੀ ਤਿਆਰੀ ਕਰਨ ਲੱਗਿਆਂ ਪਿਛਲੇ ਸਾਲਾਂ ਦੇ ਪੁਰਾਣੇ ਪ੍ਰਸ਼ਨ-ਪੱਤਰਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਪੇਪਰਾਂ ’ਚ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਵਿਚ ਕਿਸ ਤਰ੍ਹਾਂ ਦੇ ਔਖੇ ਤੇ ਫਾਰਮੂਲੇ ਆਧਾਰਿਤ ਸਵਾਲ ਪੁੱਛੇ ਗਏ ਹਨ। ਗਣਿਤ ਦੇ ਪੇਪਰ ਦੇ ਸਾਰੇ ਪ੍ਰਸ਼ਨਾਂ ਨੂੰ ਨਿਰਧਾਰਤ ਸਮੇਂ ’ਚ ਹੱਲ ਕਰਨ ਲਈ ਟ੍ਰਿਕਸ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਪੇਪਰ ਦੀ ਤਿਆਰੀ ਲਈ ਫਾਮੂਲਿਆਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਤੇ ਸਖ਼ਤ ਅਭਿਆਸ ਕਰਨਾ ਚਾਹੀਦਾ ਹੈ। ਪੇਪਰ-2 ਦੀ ਤਿਆਰੀ (ਸੈਕਸ਼ਨ-ਏ) ਦੂਜੇ ਪੇਪਰ ’ਚ ਸੈਕਸ਼ਨ-ਏ ਅੰਗਰੇਜ਼ੀ ਦਾ ਹੈ। ਇਸ ਦੇ ਜ਼ਿਆਦਾਤਰ ਪ੍ਰਸ਼ਨ ਵੋਕੈਬਲਰੀ ’ਤੇ ਆਧਾਰਿਤ ਹਨ। ਜੇ ਅਸੀਂ ਇਸ ਪੇਪਰ ਵਿਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਪ੍ਰਸ਼ਨ ਸਪੌਟਿੰਗ ਐਰਰ, ਵਾਕ ’ਚ ਸ਼ਬਦਾਂ ਦੀ ਤਰਤੀਬ, ਐਨਟੌਨੀਅਮ ਤੇ ਸਨੌਨੀਅਮਸ ਵਿੱਚੋਂ ਪੁੱਛੇ ਜਾਂਦੇ ਹਨ। ਅੰਗਰੇਜ਼ੀ ਦੀ ਤਿਆਰੀ ਲਈ ਰੋਜ਼ਾਨਾ ਇਨ੍ਹਾਂ ਸਾਰੇ ਵਿਸ਼ਿਆਂ ਦਾ ਅਭਿਆਸ ਕਰੋ। ਸੈਕਸ਼ਨ-ਬੀ ਦੂਜੇ ਪੇਪਰ ’ਚ ਸੈਕਸ਼ਨ-ਬੀ ਜੀਐੱਸ ਦਾ ਹੁੰਦਾ ਹੈ। ਇਸ ਵਿਚ 100 ਸਵਾਲ ਪੁੱਛੇ ਜਾਂਦੇ ਹਨ। ਇਹ ਸਵਾਲ ਸਾਇੰਸ, ਆਰਟ, ਕਾਮਰਸ ਤੇ ਕਰੰਟ ਅਫੇਅਰਜ਼ ਨਾਲ ਸਬੰਧਿਤ ਹੁੰਦੇ ਹਨ। ਇਸ ਸੈਕਸ਼ਨ ਦੀ ਤਿਆਰੀ ਵਾਸਤੇ 11ਵੀਂ ਅਤੇ 12ਵੀਂ ਜਮਾਤ ਦੇ ਐੱਨਸੀਈਆਰਟੀ ਤੋਂ ਇਨ੍ਹਾਂ ਸਾਰੇ ਵਿਸ਼ਿਆਂ ਦੀ ਤਿਆਰੀ ਕਰੋ। ਇਸ ਦੀ ਤਿਆਰੀ ਲਈ ਤੁਸੀਂ ਕਿਸੇ ਵੀ ਜਨਰਲ ਸੱਟਡੀ ਬੁੱਕ ਦੀ ਮਦਦ ਵੀ ਲੈ ਸਕਦੇ ਹੋ। ਇਨ੍ਹਾਂ ਵਿਸ਼ਿਆਂ ਨੂੰ ਤਿਆਰ ਕਰਨ ਲਈ ਰੋਜ਼ਾਨਾ ਵੱਖਰਾ ਸਮਾਂ ਦਿਉ। ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਦਾ ਕਰੋ ਅਭਿਆਸ ਐੱਨਡੀਏ ਦੀ ਪ੍ਰੀਖਿਆ ਦੀ ਤਿਆਰੀ ਲਈ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਬਹੁਤ ਮਦਦਗਾਰ ਸਾਬਿਤ ਹੋ ਸਕਦੇ ਹਨ। ਅਜਿਹਾ ਕਰਨ ਨਾਲ ਤੁਹਾਡੀ ਪ੍ਰੀਖਿਆ ਦੀ ਤਿਆਰੀ ਹੋ ਵਧੀਆ ਹੋ ਸਕਦੀ ਹੈ। ਪਿਛਲੇ ਸਾਲਾਂ ਦੇ ਪ੍ਰਸ਼ਨ-ਪੱਤਰਾਂ ਦਾ ਅਭਿਆਸ ਕਰਨ ਨਾਲ ਤੁਹਾਨੂੰ ਤੁਹਾਡੇ ਕਮਜ਼ੋਰ ਵਿਸ਼ਿਆਂ ਦਾ ਵੀ ਪਤਾ ਲੱਗਦਾ ਹੈ।

ਰਣਨੀਤੀ ਬਣਾ ਕੇ ਕਰੋ ਐੱਨਡੀਏ ਦੀ ਤਿਆਰੀ Read More »

ਬੰਗਲਾਦੇਸ਼ ’ਚ ਹਿੰਦੂਆਂ ’ਤੇ ਹਮਲਿਆਂ ਤੋਂ ਯੂਕੇ ਸੰਸਦ ਮੈਂਬਰ ਫ਼ਿਕਰਮੰਦ

ਲੰਡਨ, 4 ਦਸੰਬਰ – ਬਰਤਾਨਵੀ ਸਰਕਾਰ ਵੱਲੋਂ ਬੰਗਲਾਦੇਸ਼ ਵਿਚ ਹਾਲਾਤ ਉੱਤੇ ਲਗਾਤਾਰ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਕਈ ਬਰਤਾਨਵੀ ਸੰਸਦ ਮੈਂਬਰਾਂ ਨੇ ਬੰਗਲਾਦੇਸ਼ ਵਿਚ ਘੱਟਗਿਣਤੀ ਹਿੰਦੂ ਭਾਈਚਾਰੇ ਉੱਤੇ ਹਾਲ ਹੀ ਵਿਚ ਹੋਏ ਹਮਲਿਆਂ ਤੇ ਧਾਰਮਿਕ ਆਗੂਆਂ ਦੀ ਗ੍ਰਿਫ਼ਤਾਰੀ ਬਾਰੇ ਫ਼ਿਕਰ ਜਤਾਇਆ ਹੈ। ਲੇਬਰ ਐੱਮਪੀ ਬੈਰੀ ਗਾਰਡੀਨਰ ਵੱਲੋਂ ਹਾਊਸ ਆਫ ਕਾਮਨਜ਼ ਵਿਚ ਪੁੱਛੇ ਇਕ ਜ਼ਰੂਰੀ ਸਵਾਲ ਦੌਰਾਨ ਵਿਦੇਸ਼ ਮੰਤਰਾਲੇ ਦਫ਼ਤਰ ਵਿਚ ਹਿੰਦ-ਪ੍ਰਸ਼ਾਂਤ ਬਾਰੇ ਇੰਚਾਰਜ ਕੈਥਰੀਨ ਵੈਸਟ ਨੇ ਕਿਹਾ ਕਿ ਪਿਛਲੇ ਮਹੀਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਘੱਟਗਿਣਤੀ ਭਾਈਚਾਰਿਆਂ ਨੂੰ ਹਰ ਹਮਾਇਤ ਦਿੱਤੀ ਜਾ ਰਹੀ ਹੈ। ਵੈਸਟ ਨੇ ਆਖਿਆ ਕਿ ਯੂਕੇ ਉਨ੍ਹਾਂ ਕੁਝ ਪਹਿਲੇ ਮੁਲਕਾਂ ਵਿਚੋਂ ਇਕ ਹੈ ਜਿਸ ਦੇ ਮੰਤਰੀਆਂ ਨੇ ਢਾਕਾ ਪਹੁੰਚ ਕੇ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨਾਲ ਘੱਟਗਿਣਤੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।

ਬੰਗਲਾਦੇਸ਼ ’ਚ ਹਿੰਦੂਆਂ ’ਤੇ ਹਮਲਿਆਂ ਤੋਂ ਯੂਕੇ ਸੰਸਦ ਮੈਂਬਰ ਫ਼ਿਕਰਮੰਦ Read More »

ਟਰੰਪ 2.0 ਅਤੇ ਆਲਮੀ ਆਰਥਿਕਤਾ/ਰਾਜੀਵ ਖੋਸਲਾ

ਅਮਰੀਕਾ ਵਿੱਚ ਡੈਮੋਕਰੈਟਸ ਦੇ ਚੋਣਾਂ ਹਾਰਨ ਪਿੱਛੇ ਮਹਿੰਗਾਈ ਨੂੰ ਵੱਡਾ ਆਰਥਿਕ ਕਾਰਕ ਮੰਨਿਆ ਜਾ ਰਿਹਾ ਹੈ। ਮਹਿੰਗਾਈ ਵਿਚ ਵਾਧਾ ਮੁੱਖ ਤੌਰ ’ਤੇ ਕਰੋਨਾ ਮਹਾਮਾਰੀ, ਰੂਸ-ਯੂਕਰੇਨ ਯੁੱਧ ਅਤੇ ਇਜ਼ਰਾਈਲ-ਹਮਾਸ ਟਕਰਾਅ ਕਾਰਨ ਜਾਰੀ ਹੈ। ਦਰਅਸਲ ਕਰੋਨਾ ਮਹਾਮਾਰੀ ਦੌਰਾਨ ਵਿਆਪਕ ਤਾਲਾਬੰਦੀ ਅਤੇ ਸਪਲਾਈ ਵਿੱਚ ਰੁਕਾਵਟਾਂ ਕਾਰਨ ਜ਼ਰੂਰੀ ਵਸਤਾਂ ਦੀ ਘਾਟ ਨੇ ਕੀਮਤਾਂ ਵਿੱਚ ਵਾਧਾ ਕੀਤਾ। 2022 ਤੋਂ ਜਾਰੀ ਰੂਸ-ਯੂਕਰੇਨ ਯੁੱਧ ਅਤੇ 2023 ਤੋਂ ਸ਼ੁਰੂ ਇਜ਼ਰਾਈਲ-ਹਮਾਸ ਟਕਰਾਅ ਨਾਲ ਵਧੀਆਂ ਤੇਲ ਤੇ ਕੁਦਰਤੀ ਗੈਸ ਕੀਮਤਾਂ ਨੇ ਮਹਿੰਗਾਈ ਦਾ ਦਬਾਅ ਹੋਰ ਵਧਾਇਆ। ਉਂਝ, ਮਹਿੰਗਾਈ ਕਾਰਨ ਅਮਰੀਕਾ ਵਿੱਚ ਸੱਤਾਧਾਰੀ ਪਾਰਟੀ ਦਾ ਚੋਣਾਂ ਹਾਰ ਜਾਣਾ ਕੋਈ ਨਵਾਂ ਵਰਤਾਰਾ ਨਹੀਂ। 1970ਵਿਆਂ ਦੌਰਾਨ ਅਮਰੀਕਾ ਵਿਚ ਤਿੰਨ ਰਾਸ਼ਟਰਪਤੀ ਰਿਚਰਡ ਨਿਕਸਨ, ਗੇਰਾਲਡ ਫੋਰਡ ਅਤੇ ਜਿੰਮੀ ਕਾਰਟਰ ਜਾਂ ਉਨ੍ਹਾਂ ਦੀ ਪਾਰਟੀ ਬੇਤਹਾਸ਼ਾ ਮਹਿੰਗਾਈ ਕਾਰਨ ਚੋਣਾਂ ਹਾਰੇ ਸਨ। 1980 ਦੇ ਦਹਾਕੇ ਵਿੱਚ ਰਾਸ਼ਟਰਪਤੀ ਰੋਨਾਲਡ ਰੀਗਨ ਦੀਆਂ ਆਰਥਿਕ ਨੀਤੀਆਂ ਨੇ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਿਸ ਨੇ ਉਨ੍ਹਾਂ ਨੂੰ ਦੂਜੀ ਵਾਰ ਜਿੱਤਣ ਵਿੱਚ ਵੀ ਮਦਦ ਕੀਤੀ। ਡੋਨਾਲਡ ਟਰੰਪ ਦੀ 2024 ਦੀਆਂ ਚੋਣਾਂ ਵਿੱਚ ਜਿੱਤ ਵੀ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮੁਹੱਈਆ ਕਰਨ ਵਾਲੇ ਵਾਅਦਿਆਂ ’ਤੇ ਹੀ ਟਿਕੀ ਹੈ। ਇਹ ਵਾਅਦੇ ਆਮ ਜਨਤਾ ’ਤੇ ਘੱਟ ਟੈਕਸ ਲਾਗੂ ਕਰਨ ਤੋਂ ਲੈ ਕੇ ਦਰਾਮਦਾਂ ’ਤੇ ਵੱਧ ਟੈਕਸ, ਬਰਾਮਦਾਂ ਵਧਾਉਣ ਲਈ ਕਮਜ਼ੋਰ ਡਾਲਰ ਅਤੇ ਅਮਰੀਕਾ ਵਿਚ ਪਰਵਾਸ ਕੀਤੇ ਲੋਕਾਂ ’ਤੇ ਸਖ਼ਤਾਈ ਕਰ ਕੇ ਅਮਰੀਕੀ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਤਕ ਜਾਂਦੇ ਹਨ ਪਰ ਟਰੰਪ ਦੀਆਂ ਇਹ ਨੀਤੀਆਂ ਵਿਸ਼ਵ ਭਰ ਲਈ ਆਪਣੇ ਦੂਰਗਾਮੀ ਪ੍ਰਭਾਵਾਂ ਕਾਰਨ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਅਮਰੀਕਾ ’ਤੇ ਆਰਥਿਕ ਪ੍ਰਭਾਵ: ਟਰੰਪ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੇ ਅਮਰੀਕੀ ਕਾਰੋਬਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨ, ਵਪਾਰ ਘਾਟਾ ਘਟਾਉਣ ਅਤੇ ਅਮਰੀਕਾ ਵਿੱਚ ਨਿਵੇਸ਼ ਤੇ ਨੌਕਰੀਆਂ ਵਧਾਉਣ ਲਈ ਦਰਾਮਦਾਂ ’ਤੇ ਟੈਕਸ ਵਧਾਉਣ ਦੀ ਵਕਾਲਤ ਕੀਤੀ ਹੈ। ਟਰੰਪ ਨੇ ਚੀਨ ਤੋਂ ਦਰਾਮਦ ਹੋ ਰਹੇ ਇਲੈਕਟ੍ਰਿਕ ਵਾਹਨਾਂ ’ਤੇ 200% ਦਰਾਮਦ ਟੈਕਸ ਵਸੂਲਣ ਦੇ ਨਾਲ-ਨਾਲ ਹਰ ਚੀਨੀ ਸਮਾਨ ਦੀਆਂ ਦਰਾਮਦਾਂ ’ਤੇ 50 ਤੋਂ 60% ਟੈਕਸ ਵਸੂਲਣ ਦਾ ਸੰਕੇਤ ਦਿੱਤਾ ਹੈ। ਇਸ ਤੋਂ ਇਲਾਵਾ ਮੈਕਸਿਕੋ ਤੋਂ ਦਰਾਮਦ ਕੀਤੀਆਂ ਜਾ ਰਹੀਆਂ ਕਾਰਾਂ ’ਤੇ 500% ਟੈਕਸ ਅਤੇ ਅਮਰੀਕਾ ਦੁਆਰਾ ਦਰਾਮਦ ਕੀਤੇ ਜਾ ਰਹੇ ਹਰ ਪ੍ਰਕਾਰ ਦੇ ਸਾਮਾਨ ’ਤੇ ਵੀ 10 ਤੋਂ 20% ਦਰਾਮਦ ਟੈਕਸ ਲਗਾਉਣ ਦੇ ਸੰਕੇਤ ਦਿੱਤੇ ਹਨ। ਉਂਝ, ਟਰੰਪ ਦਾ ਇਹ ਕਦਮ ਉਲਟਾ ਵੀ ਪੈ ਸਕਦਾ ਹੈ। ਚੀਨ ਤੋਂ ਦਰਮਦਾਂ ਕੇਵਲ ਖਪਤਕਾਰਾਂ ਦੁਆਰਾ ਹੀ ਨਹੀਂ ਹੁੰਦੀਆਂ ਬਲਕਿ ਅਮਰੀਕੀ ਕਾਰੋਬਾਰੀ ਵੀ ਚੀਨੀ ਉਤਪਾਦਾਂ ਨੂੰ ਨਿਰਮਾਣ ਵਿੱਚ ਕੱਚੇ ਮਾਲ ਵਜੋਂ ਵਰਤਦੇ ਹਨ। ਚੀਨ ਤੋਂ ਦਰਾਮਦ ਕੱਚੇ ਮਾਲ ’ਤੇ ਵੱਧ ਟੈਕਸ ਅਮਰੀਕਾ ਦੇ ਕਾਰੋਬਾਰਾਂ ਲਈ ਉਤਪਾਦਨ ਲਾਗਤ ਵਧਾ ਸਕਦਾ ਹੈ ਜਿਸ ਦਾ ਅਸਲ ਭਾਰ ਵੱਧ ਮਹਿੰਗਾਈ ਦੇ ਰੂਪ ’ਚ ਮੁੜ ਅਮਰੀਕੀ ਖਪਤਕਾਰਾਂ ’ਤੇ ਪੈ ਸਕਦਾ ਹੈ। ਇਸ ਤੋਂ ਇਲਾਵਾ ਕੱਚੇ ਮਾਲ ਵਾਲੇ ਮੁਲਕ ਜਿਵੇਂ ਚੀਨ, ਯੂਰੋਪੀਅਨ ਦੇਸ਼ ਅਤੇ ਮੈਕਸਿਕੋ ਵੀ ਅਮਰੀਕੀ ਉਤਪਾਦਾਂ ’ਤੇ ਟੈਕਸ ਵਧਾ ਸਕਦੇ ਹਨ। ਇਸ ਕਾਰਵਾਈ ਦਾ ਨੁਕਸਾਨ ਨਾ ਕੇਵਲ ਅਮਰੀਕੀ ਬਰਾਮਦਕਾਰਾਂ ਨੂੰ ਬਲਕਿ ਨੌਕਰੀਆਂ ਖੁੱਸਣ ਕਾਰਨ ਆਮ ਜਨਤਾ ਨੂੰ ਵੀ ਹੋਵੇਗਾ। ਟਰੰਪ ਨੇ ਚੋਣ ਮੁਹਿੰਮ ਦੌਰਾਨ ਅਮਰੀਕੀ ਬਰਾਮਦਾਂ ਦੀ ਮੁਕਾਬਲੇਬਾਜ਼ੀ ਵਧਾਉਣ ਲਈ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੇ ਸੰਕੇਤ ਵੀ ਦਿੱਤੇ ਸਨ। ਇਸ ਰਣਨੀਤੀ ਦਾ ਉਦੇਸ਼ ਵਿਦੇਸ਼ੀ ਖਰੀਦਦਾਰਾਂ ਲਈ ਅਮਰੀਕੀ ਵਸਤੂਆਂ ਸਸਤਾ ਰੱਖ ਕੇ ਸੰਭਾਵੀ ਤੌਰ ’ਤੇ ਉਨ੍ਹਾਂ ਦੀ ਮੰਗ ਤੇ ਵਿਕਰੀ ਵਧਾਉਣਾ ਹੈ ਤਾਂ ਜੋ ਅਮਰੀਕਾ ਵਿੱਚ ਘਰੇਲੂ ਨਿਵੇਸ਼ ਅਤੇ ਰੁਜ਼ਗਾਰ ਵਧਾਇਆ ਜਾ ਸਕੇ ਪਰ ਵੱਧ ਦਰਾਮਦ ਲਾਗਤਾਂ, ਵਧਦੀ ਮਹਿੰਗਾਈ ਅਤੇ ਕਮਜ਼ੋਰ ਡਾਲਰ ਅਮਰੀਕੀ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ ਘਟਾਉਣ ਵਾਲੇ ਯਤਨਾਂ ਵਿੱਚ ਦਖਲਅੰਦਾਜ਼ੀ ਕਰ ਸਕਦੇ ਹਨ। ਕਮਜ਼ੋਰ ਡਾਲਰ ਕਾਰਨ ਪੂੰਜੀ ਦਾ ਪ੍ਰਵਾਹ ਡਾਲਰ ਦੇ ਰੂਪ ਵਿਚ ਹੋਰ ਮੁਲਕਾਂ ਵੱਲ ਹੋ ਸਕਦਾ ਹੈ ਜਿਸ ਨੂੰ ਰੋਕਣ ਲਈ ਅਮਰੀਕੀ ਫੈਡਰਲ ਰਿਜ਼ਰਵ ਨੂੰ ਮੁੜ ਵਿਆਜ ਦਰਾਂ ਵਿੱਚ ਵਾਧਾ ਕਰਨਾ ਪੈ ਸਕਦਾ ਹੈ। ਇਉਂ ਟਰੰਪ ਦੀ ਸਾਰੀ ਕੋਸ਼ਿਸ਼ ਨਾਕਾਮ ਹੋ ਸਕਦੀ ਹੈ। ਇਹ ਵੀ ਸੰਭਵ ਹੈ ਕਿ ਟਰੰਪ ਅਮਰੀਕੀ ਡਾਲਰ ਦੇ ਮੁਕਾਬਲੇ ਮਜ਼ਬੂਤ ਮੁਦਰਾਵਾਂ ਵਾਲੇ ਦੇਸ਼ਾਂ ਨਾਲ ਪਲਾਜ਼ਾ ਐਕਾਰਡ ਵਰਗਾ ਸਮਝੌਤਾ ਕਰ ਲੈਣ। ਪਲਾਜ਼ਾ ਐਕਾਰਡ ਸਤੰਬਰ 1985 ਵਿਚ ਨਿਊਯਾਰਕ ਦੇ ਪਲਾਜ਼ਾ ਹੋਟਲ ਵਿੱਚ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਖਾਤਰ ਫਰਾਂਸ, ਪੱਛਮੀ ਜਰਮਨੀ, ਜਾਪਾਨ, ਯੂਕੇ ਅਤੇ ਅਮਰੀਕਾ ਦੇ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਗਵਰਨਰਾਂ ਵਿਚਕਾਰ ਕੀਤਾ ਗਿਆ ਸੀ। ਅਮਰੀਕੀ ਡਾਲਰ ਦੀ ਕੀਮਤ ਘਟਣ ਨਾਲ ਭਾਵੇਂ ਅਮਰੀਕੀ ਵਪਾਰ ਘਾਟੇ ਅਤੇ ਮਹਿੰਗਾਈ ਵਿੱਚ ਕਮੀ ਆਈ ਸੀ ਪਰ ਮੌਜੂਦਾ ਆਰਥਿਕ ਦ੍ਰਿਸ਼ਟੀਕੋਣ 1980ਵਿਆਂ ਤੋਂ ਭਿੰਨ ਹੈ। ਅੱਜ ਅਜਿਹੇ ਬਹੁਪੱਖੀ ਇਕਰਾਰਨਾਮੇ ਲਈ ਦੇਸ਼ਾਂ ਵਿਚਕਾਰ ਸਹਿਯੋਗ ਅਤੇ ਸਹਿਮਤੀ ਪ੍ਰਾਪਤ ਕਰਨਾ ਮੁਸ਼ਕਿਲ ਹੈ, ਖਾਸ ਤੌਰ ’ਤੇ ਜਦੋਂ ਭੂ-ਰਾਜਨੀਤਕ ਪ੍ਰਸੰਗ ਗੁੰਝਲਦਾਰ ਹਨ ਅਤੇ ਕੁਝ ਦੇਸ਼ ਡਾਲਰ ਨੂੰ ਕੌਮਾਂਤਰੀ ਵਪਾਰ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਵਜੋਂ ਬਦਲਣਾ ਚਾਹੁੰਦੇ ਹੋਣ। ਟਰੰਪ ਦੇ 2017 ਵਾਲੇ ਟੈਕਸ ਕਟਜ਼ ਐਂਡ ਜੌਬਜ਼ ਐਕਟ (ਟੀਸੀਜੇਏ) ਨੇ ਟਰੰਪ ਨੂੰ ਕਾਫੀ ਪ੍ਰਸਿੱਧੀ ਦਿੱਤੀ। ਇਹ ਟੈਕਸ ਕਟੌਤੀਆਂ 2025 ਦੇ ਅੰਤ ਵਿੱਚ ਖਤਮ ਹੋਣੀਆਂ ਹਨ। ਟਰੰਪ ਨੇ ਚੋਣ ਪ੍ਰਚਾਰ ਕਰਦੇ ਸਮੇਂ 2017 ਦੀ ਟੀਸੀਜੇਏ ਦੀ ਮਿਆਦ ਅੱਗੇ ਵਧਾਉਣ, ਰਾਜਾਂ ਤੇ ਸਥਾਨਕ ਟੈਕਸਾਂ ਲਈ ਕਟੌਤੀ ਵਾਪਸ ਲਿਆਉਣ, ਕਾਰਪੋਰੇਟ ਟੈਕਸ ਦਰ ਘਟਾਉਣ ਅਤੇ ਗ੍ਰੀਨ ਐਨਰਜੀ ਟੈਕਸ ਕ੍ਰੈਡਿਟ ਰੱਦ ਕਰਨ ਦੇ ਸੰਕੇਤ ਦਿੱਤੇ ਹਨ। ਅਮਰੀਕਾ ਦੀ ਖੋਜੀ ਸੰਸਥਾ ਟੈਕਸ ਫਾਊਂਡੇਸ਼ਨ ਅਨੁਸਾਰ, ਜੇ ਟਰੰਪ ਦੀਆਂ ਟੈਕਸ ਕਟੌਤੀ ਨੀਤੀਆਂ 2025 ਤੋਂ 2034 ਤਕ ਜਾਰੀ ਰਹਿੰਦੀਆਂ ਹਨ ਤਾਂ ਇਸ ਨਾਲ ਅਮਰੀਕਾ ਦੇ ਟੈਕਸ ਮਾਲੀਏ ਨੂੰ 3 ਟ੍ਰਿਲੀਅਨ ਡਾਲਰ ਤੱਕ ਖੋਰਾ ਲੱਗ ਸਕਦਾ ਹੈ। ਪਹਿਲਾਂ ਹੀ ਅਕਤੂਬਰ 2024 ਤੱਕ ਅਮਰੀਕਾ ਦਾ ਕੁੱਲ ਕਰਜ਼ਾ (35.95 ਟ੍ਰਿਲੀਅਨ ਡਾਲਰ) ਉੱਥੇ ਦੀ ਜੀਡੀਪੀ (23.31 ਟ੍ਰਿਲੀਅਨ ਡਾਲਰ ) ਦੇ ਮੁਕਾਬਲੇ 154% ਹੈ; ਟੈਕਸਾਂ ਵਿੱਚ ਹੋਰ ਕਟੌਤੀ ਕਰਜ਼ਾ-ਜੀਡੀਪੀ ਅਨੁਪਾਤ ਹੋਰ ਵਿਗਾੜ ਸਕਦੀ ਹੈ। ਟਰੰਪ ਸਾਬਕਾ ਰਾਸ਼ਟਰਪਤੀ ਵਿਲੀਅਮ ਮੈਕਕਿਨਲੇ (1897 ਤੋਂ 1901) ਦੇ ਸੁਰੱਖਿਆਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਹਨ। ਮੈਕਕਿਨਲੇ ਨੇ 1897 ’ਚ ਪੇਸ਼ ਡਿੰਗਲੇ ਐਕਟ ਰਾਹੀਂ ਦਰਾਮਦ ਸਮਾਨ ’ਤੇ ਟੈਕਸ ਵਧਾਏ ਸਨ। ਡਿੰਗਲੇ ਐਕਟ 1894 ਦੇ ਵਿਲਸਨ-ਗੋਰਮੈਨ ਟੈਰਿਫ ਐਕਟ ਵਿਰੁੱਧ ਤਿਆਰ ਕੀਤਾ ਗਿਆ ਸੀ ਜਿਸ ਨੇ ਦਰਾਮਦ ਦਰਾਂ ਘਟਾ ਦਿੱਤੀਆਂ। ਟਰੰਪ ਵੀ ਮੈਕਕਿਨਲੇ ਦੇ ਸੁਰੱਖਿਆਵਾਦ ਵਾਂਗ ਟੈਕਸਾਂ ’ਚ ਕਟੌਤੀ ਕਰ ਕੇ ਬਜਟ ਘਾਟੇ ਅਤੇ ਮਹਿੰਗਾਈ ’ਚ ਵਾਧਾ ਕਰ ਸਕਦੇ ਹਨ ਜਿਸ ਨਾਲ ਸਰਕਾਰ ਨੂੰ ਹੋਰ ਕਰਜ਼ੇ ਲੈਣ ਦੀ ਲੋੜ ਪੈ ਸਕਦੀ ਹੈ। ਟਰੰਪ ਦਾ ਇਮੀਗ੍ਰੇਸ਼ਨ ਬਾਰੇ ਰੁਖ਼ ਉਨ੍ਹਾਂ ਦੀਆਂ ਚੋਣ ਰੈਲੀਆਂ ਦਾ ਕੇਂਦਰੀ ਵਿਸ਼ਾ ਸੀ। ਅਨੁਮਾਨਾਂ ਅਨੁਸਾਰ, ਅਮਰੀਕਾ ਵਿੱਚ ਲਗਭਗ 83 ਲੱਖ ਗੈਰ-ਦਸਤਾਵੇਜ਼ੀ ਕਰਮਚਾਰੀ ਹਨ। ਇੰਨੇ ਵੱਡੇ ਪੱਧਰ ’ਤੇ ਕਰਮਚਾਰੀਆਂ ਨੂੰ ਹਟਾਉਣ ਨਾਲ ਉਤਪਾਦਕਤਾ ਵਿੱਚ ਕਮੀ ਆਵੇਗੀ। ਕੰਪਨੀਆਂ ਨੂੰ ਨਵੇਂ ਕਾਮਿਆਂ ਦੀ ਭਰਤੀ ਅਤੇ ਸਿਖਲਾਈ ਕਾਰਨ ਵਧੇ ਹੋਏ ਖਰਚਿਆਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਨਾਲ ਖਪਤਕਾਰਾਂ ਲਈ ਉੱਚੀਆਂ ਕੀਮਤਾਂ ਹੋਣਗੀਆਂ। ਵਿਸ਼ਵ ’ਤੇ ਆਰਥਿਕ ਪ੍ਰਭਾਵ: ਟਰੰਪ ਦੀ ਵਾਪਸੀ ਦੁਨੀਆ ਵਿਚ ਵਪਾਰ ਯੁੱਧ ਅਤੇ ਸੁਰੱਖਿਆਵਾਦ ਨੂੰ ਸੁਰਜੀਤ ਕਰ ਸਕਦੀ ਹੈ। ਦਰਾਮਦਾਂ ’ਤੇ ਵੱਧ ਟੈਕਸ ਕਾਰਨ ਵਿਸ਼ਵ ਵਪਾਰ ਨੂੰ ਨੁਕਸਾਨ ਪਹੁੰਚੇਗਾ, ਖਾਸ ਤੌਰ ’ਤੇ ਉਹ ਉਦਯੋਗ ਜੋ ਕੱਚੇ ਮਾਲ ਲਈ ਕੌਮਾਂਤਰੀ ਸਪਲਾਈ ’ਤੇ ਨਿਰਭਰ ਹਨ। ਸੁਰੱਖਿਆਵਾਦੀ ਨੀਤੀ ਦੂਜੇ ਦੇਸ਼ਾਂ ਨੂੰ ਵੀ ਜਵਾਬੀ ਕਾਰਵਾਈ ਲਈ ਭੜਕਾ ਸਕਦੀ ਹੈ ਜਿਸ ਨਾਲ ਵਿਸ਼ਵ ਵਪਾਰ ਯੁੱਧ ਸ਼ੁਰੂ

ਟਰੰਪ 2.0 ਅਤੇ ਆਲਮੀ ਆਰਥਿਕਤਾ/ਰਾਜੀਵ ਖੋਸਲਾ Read More »

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸੇਵਾਵਾਂ ਵਾਪਸ ਲਈਆਂ

ਅੰਮ੍ਰਿਤਸਰ, 3 ਦਸੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ 2015 ਵਿੱਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ’ਤੇ ਅੱਜ ਫੌਰੀ ਅਮਲ ਕਰਦਿਆਂ ਤਿੰਨ ਤਤਕਾਲੀ ਜਥੇਦਾਰਾਂ ਖਿਲਾਫ਼ ਕਾਰਵਾਈ ਤਹਿਤ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ, ਜਦੋਂਕਿ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ, ਜੋ ਇਸ ਸਮੇਂ ਸ੍ਰੀ ਅਕਾਲ ਤਖਤ ਦੇ ਹੈੱਡ ਗ੍ਰੰਥੀ ਹਨ, ਦਾ ਤਬਾਦਲਾ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਕਰ ਦਿੱਤਾ ਹੈ। ਗਿਆਨੀ ਗੁਰਬਚਨ ਸਿੰਘ ਜੋ ਇਸ ਸਮੇਂ ਹਰਿਮੰਦਰ ਸਾਹਿਬ ਸਮੂਹ ਵਿਖੇ ਬਣੇ ਰਿਹਾਇਸ਼ੀ ਘਰਾਂ ਵਿੱਚ ਰਹਿ ਰਹੇ ਹਨ, ਨੂੰ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਵਹੀਰ ਦੇ ਕੋਆਰਡੀਨੇਟਰ ਵਜੋਂ ਦੋ ਵਾਹਨ ਅਤੇ ਪੰਜ ਸੇਵਾਦਾਰ ਦਿੱਤੇ ਹੋਏ ਸਨ। ਉਨ੍ਹਾਂ ਕੋਲੋਂ ਦੋ ਵਾਹਨ ਤੇ ਸੇਵਾਦਾਰ ਵਾਪਸ ਬੁਲਾ ਲਏ ਗਏ ਹਨ। ਧਰਮ ਪ੍ਰਚਾਰ ਵਹੀਰ ਦੇ ਕੋਆਰਡੀਨੇਟਰ ਦੀ ਸੇਵਾ ਵੀ ਵਾਪਸ ਲੈ ਲਈ ਹੈ। ਇਸੇ ਤਰ੍ਹਾਂ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਫੌਰੀ ਤਬਾਦਲਾ ਕਰਦਿਆਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਤੋਂ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਵੱਲੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਿੰਘ ਸਾਹਿਬਾਨ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਤਤਕਾਲੀ ਤਿੰਨ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਭੇਜੇ ਗਏ ਸਪਸ਼ਟੀਕਰਨ ਨੂੰ ਗੈਰ-ਤਸੱਲੀਬਖਸ਼ ਕਰਾਰ ਦਿੰਦਿਆਂ ਆਦੇਸ਼ ਕੀਤਾ ਸੀ ਕਿ ਜਦੋਂ ਤੱਕ ਇਹ ਤਿੰਨੋਂ ਇੱਥੇ ਪੇਸ਼ ਹੋ ਕੇ ਗੁਰੂ ਪੰਥ ਕੋਲੋਂ ਮੁਆਫ਼ੀ ਨਹੀਂ ਮੰਗਦੇ, ਇਨ੍ਹਾਂ ’ਤੇ ਜਨਤਕ ਸਮਾਗਮਾਂ ਵਿੱਚ ਬੋਲਣ ਉੱਤੇ ਰੋਕ ਲਾਈ ਜਾਂਦੀ ਹੈ। ਗਿਆਨੀ ਇਕਬਾਲ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੇ ਹਨ। ਇਸ ਮਾਮਲੇ ਵਿੱਚ ਸ਼ਾਮਲ ਸਾਬਕਾ ਜਥੇਦਾਰ ਮਰਹੂਮ ਗਿਆਨੀ ਮੱਲ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ। ਸੁਖਬੀਰ ਸਣੇ ਹੋਰ ਅਕਾਲੀ ਆਗੂਆਂ ਨੂੰ ਲਾਈ ਤਨਖਾਹ ਜਾਇਜ਼: ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖਤ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਲਾਏ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਅੱਜ ਸ਼ਾਮ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰੀ ਕਾਲਕਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਬੀਤੇ ਦਿਨ ਕੀਤਾ ਗਿਆ ਫੈਸਲਾ ਇਤਿਹਾਸਿਕ ਹੈ, ਜਿਸ ਦੀ ਸਿੱਖ ਪੰਥ ਵੱਲੋਂ ਲੰਮੇ ਸਮੇਂ ਤੋ ਉਡੀਕ ਕੀਤੀ ਜਾ ਰਹੀ ਸੀ।

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸੇਵਾਵਾਂ ਵਾਪਸ ਲਈਆਂ Read More »

100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ ਦੀ ਸ਼ੁਰੂਆਤ 7 ਦਸੰਬਰ ਤੋਂ ਸ਼ੁਰੂ ਹੋਵੇਗੀ

ਫਾਜ਼ਿਲਕਾ, 4 ਦਸੰਬਰ – ਸਿਹਤ ਵਿਭਾਗ ਵਲੋ ਸ਼ੁਰੂ ਹੋਣ ਜਾ ਰਹੀ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਲਈ ਅੱਜ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਟੀਬੀ ਫਰਮ ਦੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਸਬੰਧੀ ਡਾ. ਲਹਿੰਬਰ ਰਾਮ, ਸਿਵਲ ਸਰਜਨ, ਫਾਜਿਲਕਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ 100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ ਦੀ 07-12-2024 ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਕੰਪੇਨ ਦੌਰਾਨ ਟੀਬੀ ਦੀ ਮੁਫਤ ਜਾਂਚ ਅਤੇ ਇਲਾਜ ਮੁਹੱਇਆ ਕਰਵਾਇਆ ਜਾਵੇਗਾ । ਇਸ ਸਬੰਧੀ ਵਿਸ਼ੇਸ਼ ਘਰ ਘਰ ਜਾਣ ਵਾਲੀ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਘਰ ਘਰ ਜਾਂ ਕੇ ਟੀਬੀ ਦੇ ਲੱਛਣਾਂ ਬਾਰੇ ਜਾਂਚ ਕਰਨਗੀਆਂ ਅਤੇ ਮੁਫਤ ਟੈੱਸਟ ਦੀ ਸੁਵਿਧਾਂ ਮੁਹੱਇਆਂ ਕਰਵਾਉਣ ਗੀਆਂ ਅਤੇ ਜੇਕਰ ਕੋਈ ਮਰੀਜ ਟੈਸਟ ਰਿਪੋਰਟ ਦੋਰਾਨ ਟੀਬੀ ਪੋਜਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੁਫਤ ਇਲਾਜ ਦਿੱਤਾ ਜਾਵੇਗਾ। ਇਸ ਸਬੰਧੀ ਜਿਲ੍ਹਾਂ ਟੀਬੀ ਅਫਸਰ, ਡਾ. ਨੀਲੂ ਚੁੱਘ ਨੇ ਦੱਸਿਆ ਕਿ ਇਸ ਕੰਪੇਨ ਦੌਰਾਨ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਟੀਬੀ ਰੋਗ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਉਹਨਾਂ ਕਿਹਾ ਕਿ 02 ਹਫਤੇ ਤੋਂ ਜਿਆਦਾ ਖਾਂਸੀ, ਭੁੱਖ ਨਾ ਲੱਗਣਾ, ਭਾਰ ਘੱਟ ਜਾਣਾ, ਬਲਗਮ ਵਿੱਚ ਖੂਨ ਦਾ ਆਉਣਾ ਅਜਿਹੇ ਲੱਛਣ ਆਉਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਮੁਫਤ ਜਾਂਚ ਕਰਵਾਈ ਜਾਵੇ ਅਤੇ ਸਮੂਹ ਜਿਲ੍ਹਾ ਫਾਜਿਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੰਪੇਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ । ਇਸ ਸਮੇਂ ਡਾ.ਕਵਿਤਾ ਸਿੰਘ,ਜਿਲ੍ਹਾ ਪਰਿਵਾਰ ਭਲਾਈ ਅਫਸਰ, ਐੱਸ ਐਮ ਓ ਫਾਜ਼ਿਲਕਾ ਡਾਕਟਰ ਡਾ ਏਰੀਕ ਸਹਾਇਕ ਸਿਵਲ ਸਰਜਨ, ਡਾ. ਰਿੰਕੂ ਚਾਵਲਾ , ਜਿਲ੍ਹਾ ਟੀਕਾਕਰਨ ਅਫਸਰ, ਸ਼੍ਰੀ ਰਾਜੇਸ਼ ਕੁਮਾਰ, ਜਿਲ੍ਹਾ ਪ੍ਰੋਗਰਾਮ ਮੈਨੇਜਰ (ਐਨ.ਐਚ.ਐਮ), ਸ਼੍ਰੀ ਦਿਵੇਸ਼ , ਬੀ.ਈ.ਈ, ਸ਼੍ਰੀ ਵਿੱਕੀ (ਐਮ.ਪੀ.ਐਚ.ਡਬਲਯੂ) , ਸ਼੍ਰੀਮਤੀ ਸ਼ਵੇਤਾ ਕੰਪਿਉਟਰ ਅਸਿਸਟੈਂਟ ਆਦਿ ਹਾਜ਼ਰ ਸਨ

100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ ਦੀ ਸ਼ੁਰੂਆਤ 7 ਦਸੰਬਰ ਤੋਂ ਸ਼ੁਰੂ ਹੋਵੇਗੀ Read More »

ਕਿਸਾਨਾਂ ਵੱਲੋ ਝੋਨੇ ਦੀ ਵਿਕਰੀ ਨਾ ਹੋਣ ਦੇ ਰੋਸ ਵਜੋਂ ਮੰਡੀ ਦੇ ਮੁਲਾਜ਼ਮਾਂ ਦਾ ਘਿਰਾਓ

ਨਥਾਣਾ, 4 ਦਸੰਬਰ – ਇੱਥੇ ਮੰਡੀ ਵਿੱਚ ਵਿਕਰੀ ਖਾਤਰ ਪਏ ਝੋਨੇ ਦੀ ਫ਼ਸਲ ਦੀ ਆਖਰੀ ਪੜਾਅ ਤੇ ਵਿਕਰੀ ਨਾ ਹੋਣ ਕਾਰਨ ਅੱਜ ਸ਼ਾਮ ਕਿਸਾਨਾਂ ਵੱਲੋ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਸਕੱਤਰ ਅਤੇ ਮਾਰਕਫੈੱਡ ਦੇ ਇੰਸਪੈਕਟਰ ਸਣੇ ਮੁਲਾਜ਼ਮਾਂ ਦਾ ਘਿਰਾਓ ਕਰ ਲਿਆ। ਘਿਰਾਓ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ, ਵਰਕਰ ਅਤੇ ਮਹਿਲਾ ਕਿਸਾਨ ਵਰਕਰ ਸਾਮਲ ਹੋਏ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਰੀਦ ਏਜੰਸੀਆ ਦੇ ਅਧਿਕਾਰੀ ਕਿਸਾਨਾਂ ਨੂੰ ਬੇਲੋੜਾ ਖੱਜਲ ਖੁਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 25 ਨਵੰਬਰ ਮਗਰੋਂ ਝੋਨੇ ਦੀ ਬੋਲੀ ਨਹੀਂ ਲਾਈ ਗਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਦੇ ਮੰਡੀ ਬੰਦ ਕਰਨ, ਬਾਰਦਾਨਾ ਨਾ ਹੋਣ ਜਾਂ ਢੋਆ ਢੁਆਈ ਦਾ ਬਹਾਨਾ ਬਣਾ ਕੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂ ਲਖਵੀਰ ਸਿੰਘ, ਹੁਸ਼ਿਆਰ ਸਿੰਘ, ਕਮਲਜੀਤ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਜਦੋਂ ਤੱਕ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਖਰੀਦ ਨਹੀ ਕੀਤਾ ਜਾਂਦਾ ਉਹ ਘਿਰਾਓ ਖ਼ਤਮ ਨਹੀਂ ਕਰਨਗੇ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਘਿਰਾਓ ਜਾਰੀ ਸੀ। ਅਧਿਕਾਰੀਆਂ ਨਾਲ ਕਿਸਾਨਾਂ ਦੀ ਗੱਲਬਾਤ ਦੌਰਾਨ ਨਾ ਨਿਕਲਿਆ ਕੋਈ ਹੱਲ ਇਸ ਮੌਕੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਗੱਲਬਾਤ ਕੀਤੀ ਪਰ ਧਰਨਾਕਾਰੀ ਝੋਨੇ ਦੀ ਮੁਕੰਮਲ ਵਿਕਰੀ ਕਰਵਾਉਣ ’ਤੇ ਅੜੇ ਰਹੇ। ਘਿਰਾਓ ਕਰੀ ਬੈਠੇ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਪਹਿਲਾ ਲਾਰਿਆਂ ਅਤੇ ਝੂਠੇ ਵਾਅਦਿਆਂ ਵਿੱਚ ਆ ਕੇ ਗੁੰਮਰਾਹ ਹੋ ਚੁੱਕੇ ਹਨ, ਜਿਸ ਕਰਕੇ ਉਹ ਹੁਣ ਕਿਸੇ ’ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ। ਫਾਇਨਾਂਸ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਵੱਲੋਂ ਕਰਜ਼ਾ ਵਸੂਲੀ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਵੱਲੋਂ ਅੱਜ ਇੱਥੇ ਨਿੱਜੀ ਫਾਈਨਾਂਸ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਫਾਈਨਾਂਸ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾਵੇ । ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਜਥੇਬੰਦੀ 5 ਦਸੰਬਰ ਤੋਂ ਰਾਜ ਵਿੱਚ ਮਜ਼ਦੂਰ ਸਮਾਜ ਜੋੜੋ ਚੇਤਨਾ ਮੁਹਿੰਮ ਚਲਾਏਗੀ।

ਕਿਸਾਨਾਂ ਵੱਲੋ ਝੋਨੇ ਦੀ ਵਿਕਰੀ ਨਾ ਹੋਣ ਦੇ ਰੋਸ ਵਜੋਂ ਮੰਡੀ ਦੇ ਮੁਲਾਜ਼ਮਾਂ ਦਾ ਘਿਰਾਓ Read More »

ਮੁਹਾਲੀ ਏਅਰਪੋਰਟ ’ਤੇ ਸ਼ਹੀਦ-ਏ-ਆਜ਼ਮ ਦਾ ਬੁੱਤ ਸਥਾਪਿਤ

ਮੋਹਾਲੀ, 4 ਨਵੰਬਰ – ਅੱਜ ਮੁਹਾਲੀ ਏਅਰਪੋਰਟ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ। ਇਸ ਬੁੱਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਅਰਪਣ ਕੀਤਾ। 35 ਫੁੱਟ ਉੱਚੇ ਸ਼ਹੀਦ ਭਗਤ ਸਿੰਘ ਦੇ ਇਸ ਬੁੱਤ ਦੀ ਕੀਮਤ ਕਰੀਬ 6.42 ਕਰੋੜ ਹੈ। ਇਸ ਮੌਕੇ ਹਵਾਈ ਅੱਡੇ ‘ਤੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਦੇ ਕਈ ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਇਨਸਾਫ਼ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਨਿਸ਼ਾਨ-ਏ-ਇਨਕਲਾਬ ਪਲਾਜ਼ਾ ਦੀ ਕੀਤੀ ਸਥਾਪਨਾ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਿਸ਼ਾਨ-ਏ-ਇਨਕਲਾਬ ਪਲਾਜ਼ਾ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਬੁੱਤ ਲਗਾਇਆ ਗਿਆ ਹੈ। ਇਸ ਪ੍ਰਾਜੈਕਟ ‘ਤੇ ਹਾਰਟੀਕਲਚਰ ਤੇ ਸਿਵਲ ਕੰਮ ਹੋਇਆ ਹੈ। ਇਸ ਦੇ ਨਾਲ ਹੀ ਰਾਤ ਦੇ ਸਮੇਂ ਲਈ ਖ਼ੂਬਸੂਰਤ ਲਾਈਟਾਂ ਦਾ ਵੀ ਪ੍ਰਬੰਧ ਹੈ।

ਮੁਹਾਲੀ ਏਅਰਪੋਰਟ ’ਤੇ ਸ਼ਹੀਦ-ਏ-ਆਜ਼ਮ ਦਾ ਬੁੱਤ ਸਥਾਪਿਤ Read More »

ਅਕਾਲੀ ਦਲ ਲਈ ਸਵਾਲ

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਰਹੀਆਂ ਸਰਕਾਰਾਂ ਦੌਰਾਨ ਪੰਥ ਅਤੇ ਪੰਜਾਬ ਦੇ ਹਿੱਤਾਂ ਕੀਤੇ ਬੱਜਰ ਗੁਨਾਹਾਂ ਬਦਲੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਅਰਸੇ ਦੌਰਾਨ ਰਹੇ ਉਪ ਮੁੱਖ ਮੰਤਰੀ ਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਛੇ ਹੋਰਨਾਂ ਸੀਨੀਅਰ ਆਗੂਆਂ ਨੂੰ ਸੁਣਾਈ ਗਈ ਸਜ਼ਾ ਨੂੰ ਇਤਿਹਾਸਕ ਫ਼ੈਸਲੇ ਦੇ ਸੰਗਿਆ ਦਿੱਤੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੂੰ ਇਨ੍ਹਾਂ ਗੁਨਾਹਾਂ ਬਦਲੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਸੀ ਪਰ ਪੰਜ ਸਿੰਘ ਸਾਹਿਬਾਨ ਸਾਹਮਣੇ ਆਇਆ ਇਹ ਮਸਲਾ ਕੇਵਲ ਇੱਕ ਕਿਸੇ ਵਿਅਕਤੀ ਜਾਂ ਆਗੂ ਤੱਕ ਸੀਮਤ ਨਹੀਂ ਸੀ ਸਗੋਂ ਜਿਸ ਪੰਥਕ ਸੰਕਟ ਦਾ ਜ਼ਿਕਰ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਸੀ, ਉਸ ਦਾ ਅਸਰ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਸਗੋਂ ਕਈ ਸਿੱਖ ਸੰਸਥਾਵਾਂ ਤੱਕ ਫੈਲ ਗਿਆ ਸੀ। ਇਸ ਲਈ ਸਿੰਘ ਸਾਹਿਬਾਨ ਦਾ ਇਸ ਸੱਜਰੇ ਹੁਕਮਨਾਮੇ ਦੀ ਵਿਆਖਿਆ ਅਤੇ ਇਸ ਦੀ ਨਿਰਖ-ਪਰਖ ਇਸ ਜ਼ਾਵੀਏ ਤੋਂ ਕੀਤੀ ਜਾ ਰਹੀ ਹੈ ਕਿ ਇਹ ਪੰਥਕ ਸੰਕਟ ਨੂੰ ਮੁਖ਼ਾਤਿਬ ਹੋਣ ਲਈ ਕਿਵੇਂ ਅਤੇ ਕਿੰਨਾ ਸਾਜ਼ਗਾਰ ਹੋ ਸਕੇਗਾ। ਗੁਨਾਹਾਂ ਦੀ ਸੰਗੀਨਤਾ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਨੂੰ ਪੰਥ ’ਚੋਂ ਛੇਕਣ ਜਿਹੇ ਬੇਹੱਦ ਸਖ਼ਤ ਕਦਮ ਦੀ ਤਵੱਕੋ ਕੀਤੀ ਜਾ ਰਹੀ ਸੀ ਪਰ ਬਿਨਾਂ ਕੋਈ ਹੀਲ ਹੁੱਜਤ ਕੀਤਿਆਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਤਮਸਤਕ ਹੋ ਕੇ ਹਰ ਸਜ਼ਾ ਭੁਗਤਣ ਦਾ ਰਵੱਈਆ ਅਪਣਾ ਲਿਆ। ਸਿੰਘ ਸਾਹਿਬਾਨ ਦੇ ਹੁਕਮਨਾਮੇ ਨਾਲ ਨਾ ਕੇਵਲ ਸ੍ਰੀ ਅਕਾਲ ਤਖ਼ਤ ਦੀ ਸਰਬਉੱਚਤਾ ਮੁੜ ਸਥਾਪਿਤ ਹੋਈ ਹੈ ਜਿਸ ਬਾਰੇ ਪਿਛਲੇ ਕੁਝ ਸਾਲਾਂ ਵਿੱਚ ਸਵਾਲ ਉੱਠ ਖੜ੍ਹੇ ਹੋਏ ਸਨ ਸਗੋਂ ਇਸ ਨੇ ਅਕਾਲੀ ਦਲ ਦੇ ਖਿੰਡਾਓ ਨੂੰ ਬੰਨ੍ਹ ਮਾਰਨ ਦੀ ਭਰਵੀਂ ਚਾਰਾਜੋਈ ਕਰਨ ਦਾ ਆਧਾਰ ਮੁਹੱਈਆ ਕਰਵਾਇਆ ਹੈ। ਸਿੰਘ ਸਾਹਿਬਾਨ ਨੇ ਸ਼੍ਰ੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਸਾਲਾਂ ਦੌਰਾਨ ਆਏ ਨਿਘਾਰਾਂ ਦੀ ਵਾਜਿਬ ਅਤੇ ਵਡੇਰੀ ਨਿਸ਼ਾਨਦੇਹੀ ਕੀਤੀ ਹੈ ਅਤੇ ਇਹ ਵੀ ਆਖਿਆ ਹੈ ਕਿ ਦਲ ਦੀ ਸਮੁੱਚੀ ਲੀਡਰਸ਼ਿਪ ਇਸ ਬਾਬਤ ਦਰੁਸਤੀ ਕਦਮ ਚੁੱਕਣ ਵਿੱਚ ਅਸਫ਼ਲ ਰਹੀ ਸੀ ਜਿਸ ਕਰ ਕੇ ਹੁਣ ਸ੍ਰੀ ਅਕਾਲ ਤਖਤ ਤੋਂ ਇਹ ਸੇਧ ਦੇਣ ਦੀ ਲੋੜ ਪਈ ਹੈ। ਸ਼੍ਰੋਮਣੀ ਅਕਾਲੀ ਦਲ ਪੰਥ ਦਾ ਮੁਹਰੈਲ ਦਸਤਾ ਹੈ ਅਤੇ ਇਸ ਨੇ ਨਾ ਕੇਵਲ ਸਿੱਖ ਪੰਥ ਤੇ ਪੰਜਾਬ ਸਗੋਂ ਦੇਸ਼ ਲਈ ਵੱਡੀਆਂ ਲੜਾਈਆਂ ਲੜੀਆਂ ਹਨ ਜਿਸ ਕਰ ਕੇ ਇਹ ਆਮ ਮੰਨਿਆ ਜਾਂਦਾ ਹੈ ਕਿ ਆਪਣੀਆਂ ਪੰਥਕ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦਾ ਜ਼ਾਮਨ ਹੈ। ਸਵਾਲ ਇਹ ਹੈ ਕਿ ਕੀ ਦਲ ਦੀ ਮੌਜੂਦਾ ਲੀਡਰਸ਼ਿਪ ਇਸ ਤੋਂ ਸਹੀ ਸਬਕ ਸਿੱਖੇਗੀ ਅਤੇ ਪਾਰਟੀ ਨੂੰ ਮੁੜ ਖੜ੍ਹਾ ਕਰਨ ਲਈ ਜਿਨ੍ਹਾਂ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਇਸ ਕਾਰਜ ਨੂੰ ਇਸੇ ਆਸ਼ੇ ਨਾਲ ਅੰਜਾਮ ਦੇ ਸਕਣਗੇ।

ਅਕਾਲੀ ਦਲ ਲਈ ਸਵਾਲ Read More »

ਮੁੱਖ ਮੰਤਰੀ ਰਿਹਾਇਸ਼ ਨੇੜੇ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ

ਸੰਗਰੂਰ, 4 ਦਸੰਬਰ – ਇਥੇ ਈਟੀਟੀ ਕਾਡਰ ਦੀ 5994 ਯੂਨੀਅਨ ਅਤੇ 2364 ਯੂਨੀਅਨ ਦੀ ਅਗਵਾਈ ਹੇਠ ਅੱਜ ਸਾਂਝੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਉਸ ਸਮੇਂ ਝੜਪ ਹੋ ਗਈ ਜਦੋਂ ਪ੍ਰਦਰਸ਼ਨਕਾਰੀਆਂ ਨੇ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਲਾਠੀਚਾਰਜ ਵੀ ਕੀਤਾ ਗਿਆ। ਇਸ ਦੌਰਾਨ ਕਈ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਅਤੇ ਮਹਿਲਾਵਾਂ ਦੀਆਂ ਚੁੰਨੀਆਂ ਲੱਥ ਗਈਆਂ ਅਤੇ ਕਰੀਬ ਇੱਕ ਦਰਜਨ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਅਤੇ ਲੜਕੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਅੱਜ ਪੰਜਾਬ ਭਰ ਤੋਂ ਵੱਡੀ ਗਿਣਤੀ ਬੇਰੁਜ਼ਗਾਰ ਈਟੀਟੀ ਅਧਿਆਪਕ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ, ਜਿਥੋਂ ਉਹ ਰੋਸ ਮਾਰਚ ਕਰਦੇ ਹੋਏ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਪੁੱਜੇ ਅਤੇ ਆਵਾਜਾਈ ਠੱਪ ਕਰਦਿਆਂ ਰੋਸ ਧਰਨਾ ਲਗਾ ਦਿੱਤਾ। ਕਰੀਬ ਡੇਢ ਘੰਟੇ ਤੱਕ ਹਾਈਵੇਅ ’ਤੇ ਆਵਾਜਾਈ ਠੱਪ ਰੱਖੀ ਗਈ। ਬਾਅਦ ਦੁਪਹਿਰ ਰੋਸ ਮਾਰਚ ਕਰਦੇ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ। ਜਿਉਂ ਹੀ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਨਾਕੇਬੰਦੀ ਤੋੜਦਿਆਂ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਲਾਠੀਚਾਰਜ ਵੀ ਕੀਤਾ ਗਿਆ। ਜ਼ਖ਼ਮੀਆਂ ’ਚ ਪੂਜਾ, ਕਿਰਨ, ਆਕਾਸ਼, ਰਮੇਸ਼ ਅਬੋਹਰ, ਆਦਰਸ਼, ਸੁਖਦੇਵ ਅਬੋਹਰ, ਨੀਲਮ, ਪ੍ਰਿਯੰਕਾ, ਸੀਤਲ, ਸੂਰਜ ਪ੍ਰਕਾਸ਼, ਬੀਰ ਸਿੰਘ ਆਦਿ ਸ਼ਾਮਲ ਹਨ। ਇਸ ਮੌਕੇ ਈਟੀਟੀ ਕਾਡਰ ਦੀਆਂ ਦੋਵੇਂ ਯੂਨੀਅਨਾਂ ਦੇ ਆਗੂਆਂ ਹਰਜੀਤ ਸਿੰਘ ਬੁਢਲਾਡਾ, ਬੰਟੀ ਕੰਬੋਜ਼, ਗੁਰਸੰਗਤ ਬੁਢਲਾਡਾ, ਬੁੱਗਾ ਖੁਡਾਲ, ਬਲਿਹਾਰ ਸਿੰਘ, ਪਰਮਪਾਲ ਫਾਜ਼ਿਲਕਾ ਅਤੇ ਮਨਪ੍ਰੀਤ ਮਾਨਸਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਈਟੀਟੀ 2364 ਅਧਿਆਪਕਾਂ ਦੀ ਭਰਤੀ ਸਬੰਧੀ ਪ੍ਰੋਵਿਜ਼ਨਲ ਸਿਲੈਕਸ਼ਨ ਲਿਸਟਾਂ 25 ਜੁਲਾਈ 2024 ਨੂੰ ਅਤੇ 5994 ਦੀ ਭਰਤੀ ਸਬੰਧੀ ਪ੍ਰੋਵਿਜ਼ਨਲ ਸਿਲੈਕਸ਼ਨ ਲਿਸਟਾਂ 1 ਸਤੰਬਰ 2024 ਨੂੰ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਜੁਆਇਨ ਨਹੀਂ ਕਰਵਾਇਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੀ ਇਸ ਸੰਘਰਸ਼ ਦੀ ਹਮਾਇਤ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਨੇੜੇ ਰੋਸ ਧਰਨੇ ’ਤੇ ਡਟੇ ਹੋਏ ਸਨ।

ਮੁੱਖ ਮੰਤਰੀ ਰਿਹਾਇਸ਼ ਨੇੜੇ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ Read More »