May 16, 2025

ਸਿੰਧ ਜਲ ਸੰਧੀ ਦਾ ਰੇੜਕਾ

ਭਾਰਤ ਵੱਲੋਂ ਸਿੰਧ ਜਲ ਸੰਧੀ-1960 ਮੁਲਤਵੀ ਕਰਨ ਦੇ ਫ਼ੈਸਲੇ ਉੱਪਰ ਮੁੜ ਵਿਚਾਰ ਕਰਨ ਲਈ ਪਾਕਿਸਤਾਨ ਦੀ ਅਪੀਲ ਨਾ ਕੇਵਲ ਦੋਵਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਹਫ਼ਤਿਆਂ ਤੋਂ ਬਣੇ ਤਣਾਅ ਦੇ ਮੱਦੇਨਜ਼ਰ ਸਗੋਂ ਦਰਿਆਈ ਪਾਣੀਆਂ ਦੀ ਬਿਹਤਰ ਤੇ ਸੰਜਮੀ ਵਰਤੋਂ ਦੇ ਲਿਹਾਜ਼ ਤੋਂ ਵੀ ਅਹਿਮੀਅਤ ਰੱਖਦੀ ਹੈ। ਪਹਿਲਗਾਮ ਵਿੱਚ ਦਹਿਸ਼ਤਗਰਦ ਹਮਲੇ ਤੋਂ ਦੋ ਦਿਨ ਬਾਅਦ ਭਾਰਤ ਵੱਲੋਂ ਸਿੰਧ ਜਲ ਸੰਧੀ ਨੂੰ ਰੋਕਣ ਦਾ ਫ਼ੈਸਲਾ ਕਰ ਕੇ ਇਸ ਬਾਬਤ ਪਾਕਿਸਤਾਨ ਨੂੰ ਸੂਚਿਤ ਕੀਤਾ ਗਿਆ ਸੀ। ਇਸ ਦੇ ਜਵਾਬ ਵਜੋਂ ਪਾਕਿਸਤਾਨ ਦੇ ਜਲ ਵਸੀਲਿਆਂ ਦੇ ਸਕੱਤਰ ਅਲੀ ਮੁਰਤਜ਼ਾ ਵੱਲੋਂ ਹਾਲ ਹੀ ਵਿੱਚ ਪੱਤਰ ਭੇਜ ਕੇ ਆਖਿਆ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਖ਼ਾਸ ਨੁਕਤਿਆਂ ਬਾਰੇ ਗ਼ੌਰ ਕਰਨ ਲਈ ਤਿਆਰ ਹੈ ਜਿਨ੍ਹਾਂ ਨੂੰ ਲੈ ਕੇ ਭਾਰਤ ਨੂੰ ਉਜ਼ਰ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਨੂੰ ਸਿੰਧ ਜਲ ਸੰਧੀ ਮੁਲਤਵੀ ਕਰਨ ਦੇ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਅਸਲ ਵਿੱਚ ਭਾਰਤ ਵੱਲੋਂ ਜਨਵਰੀ 2023 ਅਤੇ ਸਤੰਬਰ 2024 ਵਿੱਚ ਦੋ ਵਾਰ ਪਾਕਿਸਤਾਨ ਨੂੰ ਸਿੰਧ ਜਲ ਸੰਧੀ ਬਾਰੇ ਨੂੰ ਨਵਿਆਉਣ ਲਈ ਵਿਚਾਰ ਚਰਚਾ ਕਰਨ ਲਈ ਕਿਹਾ ਗਿਆ ਸੀ ਪਰ ਉਦੋਂ ਉਸ ਨੇ ਭਾਰਤ ਦੀ ਮੰਗ ਅਸਵੀਕਾਰ ਕਰ ਦਿੱਤੀ ਸੀ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੀ ਪੇਸ਼ਕਸ਼ ਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਸੰਭਵ ਹੈ ਕਿ ਕੁਝ ਦਿਨਾਂ ’ਚ ਭਾਰਤ ਇਸ ਮੁਤੱਲਕ ਆਪਣਾ ਰੁਖ਼ ਜ਼ਾਹਿਰ ਕਰ ਦੇਵੇ। ਸਿੰਧ ਜਲ ਸੰਧੀ ਮੁਲਤਵੀ ਕਰਨ ਤੋਂ ਬਾਅਦ ਭਾਰਤ ਵੱਲੋਂ ਕੁਝ ਦਿਨਾਂ ਲਈ ਚਨਾਬ ਦਰਿਆ ’ਤੇ ਜੰਮੂ ਕਸ਼ਮੀਰ ਵਿੱਚ ਸਥਿਤ ਬਗਲੀਹਾਰ ਅਤੇ ਸਲਾਲ ਪਣ-ਬਿਜਲੀ ਡੈਮਾਂ ਦੇ ਗੇਟ ਬੰਦ ਕਰ ਦਿੱਤੇ ਗਏ ਸਨ। ਪਾਕਿਸਤਾਨ ਦੀ ਸਿੰਧ ਦਰਿਆ ਪ੍ਰਣਾਲੀ ਅਥਾਰਿਟੀ ਦੀ ਰਿਪੋਰਟ ਮੁਤਾਬਿਕ ਚਨਾਬ ਦਰਿਆ ਵਿੱਚ ਪਾਣੀ ਦੀ ਆਮਦ ਆਮ ਦਿਨਾਂ ਨਾਲੋਂ 90 ਫ਼ੀਸਦੀ ਘਟ ਗਈ ਹੈ। ਪਾਕਿਸਤਾਨ ਵਿੱਚ ਦਰਿਆ ਦੇ ਦਾਖ਼ਲੇ ਦੇ ਮੁੱਖ ਸਥਾਨ ਮਰਾਲਾ ਹੈੱਡਵਰਕਸ ’ਤੇ ਪਾਣੀ ਦੀ ਕਾਫ਼ੀ ਕਮੀ ਦੇਖੀ ਗਈ ਹੈ। ਚਨਾਬ ਵਿੱਚ ਪਾਣੀ ਦਾ ਵਹਾਓ ਘਟਣ ਨਾਲ ਪਾਕਿਸਤਾਨ ਖ਼ਾਸਕਰ ਲਹਿੰਦੇ ਪੰਜਾਬ ਦੀਆਂ ਫ਼ਸਲਾਂ ਪ੍ਰਭਾਵਿਤ ਹੋਣ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਮੁਢਲੀਆਂ ਰਿਪੋਰਟਾਂ ਆਈਆਂ ਸਨ ਕਿ ਭਾਰਤ ਦੀ ਤਰਫ਼ੋਂ ਬਿਨਾਂ ਕੋਈ ਨੋਟਿਸ ਦਿੱਤਿਆਂ ਜਿਹਲਮ ਵਿੱਚ ਵੱਧ ਪਾਣੀ ਛੱਡੇ ਜਾਣ ਨਾਲ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਮੁਜ਼ੱਫਰਾਬਾਦ ਜਿਹੇ ਕੁਝ ਖੇਤਰਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ ਪਰ ਹਾਲੀਆ ਰਿਪੋਰਟਾਂ ਮੁਤਾਬਿਕ ਜਿਹਲਮ ਵਿੱਚ ਪਾਣੀ ਦਾ ਵਹਾਓ ਨਾਰਮਲ ਹੋ ਗਿਆ ਹੈ। ਭਾਰਤ ਵੱਲੋਂ ਸਿੰਧ ਜਲ ਸੰਧੀ ਮੁਲਤਵੀ ਕਰਨ ਨਾਲ ਪਾਣੀ ਦੇ ਛੱਡਣ ਅਤੇ ਰੋਕਣ ਬਾਰੇ ਅੰਕਡਿ਼ਆਂ ਦਾ ਤਬਾਦਲਾ ਰੁਕ ਗਿਆ ਹੈ। ਪਾਕਿਸਤਾਨ ਨੇ ਪਹਿਲਾਂ ਇਸ ’ਤੇ ਫ਼ੌਰੀ ਪ੍ਰਤੀਕਰਮ ਦਿੰਦਿਆਂ ਕਿਹਾ ਸੀ ਕਿ ਦਰਿਆਵਾਂ ਦਾ ਪਾਣੀ ਰੋਕਣ ਦੇ ਭਾਰਤ ਦੇ ਕਦਮ ਨੂੰ ‘ਜੰਗੀ ਕਾਰਵਾਈ’ ਸਮਝਿਆ ਜਾਵੇਗਾ।

ਸਿੰਧ ਜਲ ਸੰਧੀ ਦਾ ਰੇੜਕਾ Read More »

ਭਾਰਤ ਨਾਲ ਤਣਾਅ ਤੋਂ ਬਾਅਦ ਹੁਣ ਸ਼ਾਂਤੀ ਵਾਰਤਾਲਾਪ ਲਈ ਤਿਆਰ ਹੈ ਸ਼ਹਿਬਾਜ਼ ਸ਼ਰੀਫ਼

ਨਵੀਂ ਦਿੱਲੀ, 16 ਮਈ – ਭਾਰਤ ਅਤੇ ਪਾਕਿਸਤਾਨ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਤਣਾਅ ਦੇ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਸ਼ਾਂਤੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਪਾਕਿਸਤਾਨੀ PM ਨੇ ਵੀਰਵਾਰ ਯਾਨੀਕਿ 15 ਮਈ ਨੂੰ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਵਾਰਤਾਲਾਪ ਕਰਨ ਲਈ ਤਿਆਰ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ, ਸ਼ਹਿਬਾਜ਼ ਸ਼ਰੀਫ ਦਾ ਇਹ ਬਿਆਨ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਕਾਰਵਾਈਆਂ ਨੂੰ ਰੋਕਣ ਲਈ 10 ਮਈ, 2025 ਨੂੰ ਹੋਏ ਸੀਜਫਾਇਰ ਸਮਝੌਤੇ ‘ਤੇ ਆਇਆ ਹੈ। ਪਹਿਲਗਾਮ ‘ਚ ਹੋਏ ਆਤੰਕਵਾਦੀ ਹਮਲੇ ਤੋਂ ਦੋਹਾਂ ਦੇਸ਼ਾਂ ਦੇ ਵਿਚਕਾਰ ਤਣਾਅ ਵੱਧ ਗਿਆ ਸੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਲ ਹੀ ਵਿੱਚ ਵੱਧੇ ਤਣਾਅ ਦਾ ਕਾਰਣ 22 ਅਪਰੈਲ, 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਬੈਸਰਨ ਘਾਟੀ ਵਿੱਚ ਸੈਲਾਨੀਆਂ ‘ਤੇ ਹੋਇਆ ਅੱਤਵਾਦੀ ਹਮਲਾ ਸੀ। ਇਸ ਹਮਲੇ ਵਿੱਚ 25 ਭਾਰਤੀ ਨਾਗਰਿਕਾਂ ਦੇ ਨਾਲ ਇੱਕ ਨੇਪਾਲੀ ਨਾਗਰਿਕ ਦੀ ਵੀ ਹੱਤਿਆ ਹੋਈ ਸੀ। ਇਸਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਦੇ ਇੱਕ ਛੋਟੇ ਗਰੁੱਪ ‘ਦ ਰੈਜ਼ਿਸਟੈਂਸ ਫਰੰਟ’ (TRF) ਨੇ ਲਈ ਸੀ। ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਚਾਲੂ ਕੀਤਾ ‘ਆਪਰੇਸ਼ਨ ਸਿੰਦੂਰ’ ਪਹਿਲਗਾਮ ਦੇ ਅੱਤਵਾਦੀ ਹਮਲੇ ਦੇ ਜਵਾਬ ਵਜੋਂ, ਭਾਰਤ ਨੇ 7 ਮਈ ਨੂੰ ‘ਆਪਰੇਸ਼ਨ ਸਿੰਦੂਰ’ ਦੇ ਨਾਮ ਨਾਲ ਪਾਕਿਸਤਾਨ ਖਿਲਾਫ ਇੱਕ ਜਵਾਬੀ ਕਾਰਵਾਈ ਸ਼ੁਰੂ ਕੀਤੀ। ਇਸ ਆਪਰੇਸ਼ਨ ਦੇ ਤਹਿਤ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਅਧੀਨ ਕਸ਼ਮੀਰ (POK) ਵਿੱਚ 9 ਅੱਤਵਾਦੀ ਠਿਕਾਣਿਆਂ ‘ਤੇ ਸਟਿਕ ਅਟੈਕ ਕੀਤੇ, ਜਿਨ੍ਹਾਂ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ। 4 ਦਿਨਾਂ ਤੱਕ ਚੱਲੀ ਘਾਤਕ ਫੌਜੀ ਕਾਰਵਾਈ ਤੋਂ ਬਾਅਦ ਲਾਗੂ ਹੋਇਆ ਸੀਜ਼ਫ਼ਾਇਰ ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਡਰੋਨ ਅਤੇ ਮਿਸਾਈਲ ਹਮਲੇ ਸ਼ੁਰੂ ਹੋ ਗਏ। ਭਾਰਤ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਸਾਰੇ ਡਰੋਨ ਅਤੇ ਮਿਸਾਈਲ ਹਮਲਿਆਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਇਸਦੇ ਨਾਲ ਨਾਲ, ਭਾਰਤ ਨੇ ਪਾਕਿਸਤਾਨ ਦੇ ਕਈ ਸੂਬਿਆਂ ਅਤੇ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ। ਲਗਾਤਾਰ 4 ਦਿਨਾਂ ਤੱਕ ਚੱਲੀਆਂ ਘਾਤਕ ਫੌਜੀ ਕਾਰਵਾਈਆਂ ਤੋਂ ਬਾਅਦ ਦੋਹਾਂ ਪੱਖਾਂ ਵਿੱਚ ਸੀਜ਼ਫ਼ਾਇਰ ਦੀ ਸਹਿਮਤੀ ਹੋਈ। ਹਾਲਾਂਕਿ, ਸੀਜ਼ਫ਼ਾਇਰ ਲਾਗੂ ਹੋਣ ਤੋਂ ਬਾਅਦ ਵੀ ਭਾਰਤ ਨੇ ਪਾਕਿਸਤਾਨ ਉੱਤੇ ਲਗਾਏ ਗਏ ਪਾਬੰਦੀਆਂ ਨੂੰ ਜਾਰੀ ਰੱਖਿਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀਰਵਾਰ (15 ਮਈ, 2025) ਨੂੰ ਇਹ ਗੱਲ ਸਾਫ ਕਰ ਦਿੱਤੀ ਕਿ ਭਾਰਤ ਪਾਕਿਸਤਾਨ ਨਾਲ ਉਸੇ ਵੇਲੇ ਗੱਲਬਾਤ ਲਈ ਤਿਆਰ ਹੋਵੇਗਾ, ਜਦੋਂ ਪਾਕਿਸਤਾਨ ਆਪਣੇ ਦੇਸ਼ ਵਿੱਚ ਮੌਜੂਦ ਸਾਰੇ ਅੱਤਵਾਦੀ ਢਾਂਚਿਆਂ ਅਤੇ ਉਹਨਾਂ ਨਾਲ ਆਪਣੇ ਸੰਬੰਧਾਂ ਨੂੰ ਖਤਮ ਕਰਨ ਲਈ ਤਿਆਰ ਹੋਵੇਗਾ।

ਭਾਰਤ ਨਾਲ ਤਣਾਅ ਤੋਂ ਬਾਅਦ ਹੁਣ ਸ਼ਾਂਤੀ ਵਾਰਤਾਲਾਪ ਲਈ ਤਿਆਰ ਹੈ ਸ਼ਹਿਬਾਜ਼ ਸ਼ਰੀਫ਼ Read More »

ਸਰਕਾਰ ਦੀ ਵੱਡੀ ਕਾਰਵਾਈ, Turkey ਦੀ ਕੰਪਨੀ Celebi Airport ਦਾ ਭਾਰਤ ‘ਚ ਲਾਇਸੈਂਸ ਕੀਤਾ ਰੱਦ

ਨਵੀਂ ਦਿੱਲੀ, 16 ਮਈ – ਤੁਰਕੀ ਵਲੋਂ ਪਾਕਿਸਤਾਨ ਦੀ ਮਦਦ ਕਰਨ ਤੋਂ ਬਾਅਦ ਭਾਰਤ ਨਾਲ ਇਸ ਦੇ ਰਿਸ਼ਤੇ ਵਿਗੜਦੇ ਨਜ਼ਰ ਆ ਰਹੇ ਹਨ। ਹੁਣ ਪਾਕਿਸਤਾਨ ਤੋਂ ਬਾਅਦ ਭਾਰਤ ਤੁਰਕੀ ਵਿਰੁੱਧ ਕਾਰਵਾਈ ਕਰ ਰਿਹਾ ਹੈ। ਦੱਸ ਦਈਏ ਕਿ ਭਾਰਤ ਨੇ ਤੁਰਕੀ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਤੁਰਕੀ ਏਅਰਪੋਰਟ ਦੀ ਗ੍ਰਾਉਂਡ ਹੈਂਡਲਿੰਗ ਕੰਪਨੀ ਸੈਲੇਬੀ ਦੀ ਸੁਰੱਖਿਆ ਮੰਜ਼ੂਰੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਭਾਰਤ ਨੇ ਤੁਰੰਤ ਪ੍ਰਭਾਵ ਨਾਲ ਲਾਇਸੈਂਸ ਕੀਤਾ ਰੱਦ ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਗ੍ਰਾਉਂਡ ਹੈਂਡਲਿੰਗ ਏਜੰਸੀ ਕੈਟੇਗਰੀ ਦੇ ਤਹਿਤ ਸੈਲੇਬੀ ਏਅਰਪੋਰਟ ਸਰਵਿਸਿਸ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਮਾਮਲੇ ਵਿੱਚ ਸੁਰੱਖਿਆ ਮੰਜ਼ੂਰੀ ਨੂੰ BCAS ਦੇ ਡਾਇਰੈਕਟਰ ਜਨਰਲ ਵਲੋਂ ਪੱਤਰ ਨੰਬਰ 15/99/2022-Delhi-BCAS/E-219110 ਮਿਤੀ 21.11.2022 ਦੇ ਤਹਿਤ ਮੰਜ਼ੂਰੀ ਦਿੱਤੀ ਗਈ।” ਬਿਆਨ ਵਿੱਚ ਅੱਗੇ ਕਿਹਾ ਗਿਆ, “BCAS ਦੇ ਡਾਇਰੈਕਟਰ ਜਨਰਲ ਨੂੰ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ, ਸੇਲੇਬੀ ਏਅਰਪੋਰਟ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਬੰਧ ਵਿੱਚ ਸੁਰੱਖਿਆ ਪ੍ਰਵਾਨਗੀ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਂਦੀ ਹੈ। ਤੁਰਕੀ ਨੇ ਦਿੱਤਾ ਸੀ ਪਾਕਿਸਤਾਨ ਦਾ ਸਾਥ ਜ਼ਿਕਰ ਕਰ ਦਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਾਲੇ ਖੜਕ ਗਈ, ਜਿਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਪਾਕਿਸਤਾਨ ਵਿਰੁੱਧ ਆਪਰੇਸ਼ਨ ਸਿੰਦੂਰ ਚਲਾਇਆ, ਜਿਸ ਵਿੱਚ ਪਾਕਿਸਤਾਨ ਦੇ ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ। ਜਦੋਂ ਪਾਕਿਸਤਾਨ ਨੇ ਭਾਰਤ ‘ਤੇ ਡਰੋਨ ਅਟੈਕ ਕੀਤਾ ਤਾਂ ਉਸ ਵਿੱਚ ਤੁਰਕੀ ਨੇ ਪਾਕਿਸਤਾਨ ਦਾ ਸਾਥ ਦਿੱਤਾ, ਜਿਸ ਤੋਂ ਬਾਅਦ ਭਾਰਤ ਵਿੱਚ ਤੁਰਕੀ ਦਾ ਵਿਰੋਧ ਹੋਣ ਲੱਗ ਪਿਆ ਅਤੇ ਨਾਲ ਹੀ “Boycott Turkey” ਵੀ ਟ੍ਰੈਂਡ ਕਰ ਰਿਹਾ ਹੈ।

ਸਰਕਾਰ ਦੀ ਵੱਡੀ ਕਾਰਵਾਈ, Turkey ਦੀ ਕੰਪਨੀ Celebi Airport ਦਾ ਭਾਰਤ ‘ਚ ਲਾਇਸੈਂਸ ਕੀਤਾ ਰੱਦ Read More »

ਲਾਲ ਲਕੀਰ ਦੇ ਅੰਦਰ ਆਉਣ ਵਾਲੇ ਘਰ/ਪਲਾਟ ਵਾਲਿਆਂ ਨੂੰ ਮਿਲੇ ਮਾਲਕਾਣਾ ਹੱਕ

16, ਮਈ – ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਨਿਵਾਸੀਆਂ ਨੂੰ ਸਸ਼ਕਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੋ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ “ਮੇਰਾ ਘਰ ਮੇਰੇ ਨਾਮ” ਸਕੀਮ ਤਹਿਤ 158 ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇ ਸਰਟੀਫਿਕੇਟ ਪ੍ਰਦਾਨ ਕੀਤੇ। ਗੁਰਦੁਆਰਾ ਸਾਧ ਸੰਗਤ ਸਾਹਿਬ ਹੈਬੋਵਾਲ ਕਲਾਂ ਦੇ ਲੰਗਰ ਹਾਲ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਇਹ ਸਰਟੀਫਿਕੇਟ ਵੰਡੇ ਗਏ।ਸੰਸਦ ਮੈਂਬਰ ਸੰਜੀਵ ਅਰੋੜਾ ਨੇ ਇਸ ਪਹਿਲਕਦਮੀ ਨੂੰ ਹੈਬੋਵਾਲ ਖੇਤਰ (ਵਾਰਡ ਨੰਬਰ 65) ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਜਾਇਦਾਦ ਮਾਲਕੀ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇੱਕ ਇਤਿਹਾਸਕ ਕਦਮ ਦੱਸਿਆ। ਨਿਵਾਸੀ ਪਿਛਲੇ 50 ਸਾਲਾਂ ਤੋਂ ਆਪਣੀਆਂ ਜਾਇਦਾਦਾਂ ਦੀ ਕਾਨੂੰਨੀ ਮਾਲਕੀ ਦੀ ਮੰਗ ਕਰ ਰਹੇ ਸਨ।ਅਰੋੜਾ ਨੇ ਇਸ ਯੋਜਨਾ ਦੇ ਦੂਰਗਾਮੀ ਪ੍ਰਭਾਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਨਾ ਸਿਰਫ਼ ਦਹਾਕਿਆਂ ਪੁਰਾਣੀਆਂ ਚੁਣੌਤੀਆਂ ਨੂੰ ਹੱਲ ਕਰਦੀ ਹੈ ਬਲਕਿ ਨਿਵਾਸੀਆਂ ਦੇ ਮਾਣ-ਸਨਮਾਨ ਨੂੰ ਵੀ ਬਹਾਲ ਕਰਦੀ ਹੈ ਅਤੇ ਨਵੇਂ ਆਰਥਿਕ ਰਸਤੇ ਖੋਲ੍ਹਦੀ ਹੈ। ਉਨ੍ਹਾਂ ਨੇ ਕਿਹਾ “ਇਹ ਯੋਜਨਾ ਵਸਨੀਕਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਵਿੱਤੀ ਵਿਕਾਸ ਲਈ ਆਪਣੀਆਂ ਜਾਇਦਾਦਾਂ ਦਾ ਲਾਭ ਉਠਾਉਣ ਦੇ ਯੋਗ ਬਣਾਉਂਦੀ ਹੈ।ਇਸ ਪਹਿਲਕਦਮੀ ਦੀ ਹੈਬੋਵਾਲ ਦੇ ਵਸਨੀਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਨੇ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਲਈ ਅਰੋੜਾ ਦਾ ਦਿਲੋਂ ਧੰਨਵਾਦ ਕੀਤਾ। ਇਸ ਮਹੀਨੇ ਦੇ ਸ਼ੁਰੂ ਵਿੱਚ, 6 ਮਈ ਨੂੰ, ਗੁਰੂ ਨਾਨਕ ਦੇਵ ਭਵਨ ਵਿਖੇ ਹੋਏ ਇੱਕ ਸਮਾਗਮ ਵਿੱਚ ਸੁਨੇਤ ਅਤੇ ਬਾੜੇਵਾਲ ਦੇ 990 ਲਾਭਪਾਤਰੀਆਂ ਨੂੰ ਇਸੇ ਤਰ੍ਹਾਂ ਮਾਲਕੀ ਅਧਿਕਾਰ ਦਿੱਤੇ ਗਏ ਸਨ।

ਲਾਲ ਲਕੀਰ ਦੇ ਅੰਦਰ ਆਉਣ ਵਾਲੇ ਘਰ/ਪਲਾਟ ਵਾਲਿਆਂ ਨੂੰ ਮਿਲੇ ਮਾਲਕਾਣਾ ਹੱਕ Read More »

ਅੱਧੀ ਕਹਾਣੀ

ਅਪ੍ਰੇਸ਼ਨ ਸਿੰਧੂਰ ਦੇ ਬਾਅਦ ਭਾਜਪਾ ਪੂਰੇ ਦੇਸ਼ ਵਿੱਚ ਮੰਗਲਵਾਰ ਤੋਂ ਤਿਰੰਗਾ ਯਾਤਰਾ ਕੱਢ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੇ ਮੰਗਲਵਾਰ ਆਦਮਪੁਰ ਏਅਰਬੇਸ ਵਿਖੇ ਜਵਾਨਾਂ ਨੂੰ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਸ਼ਾਬਾਸ਼ ਦੇਣ ਪੁੱਜੇ। ਮੋਦੀ ਤੇ ਭਾਜਪਾ ਦੇ ਆਗੂ ਆਪਣੇ ਭਾਸ਼ਣਾਂ ਵਿੱਚ ਪਹਿਲਗਾਮ ਨੂੰ ਲੈ ਕੇ ਅਪ੍ਰੇਸ਼ਨ ਸਿੰਧੂਰ ਦਾ ਜ਼ਿਕਰ ਜ਼ੋਰ-ਸ਼ੋਰ ਨਾਲ ਕਰ ਰਹੇ ਹਨ, ਪਰ ਪਾਕਿਸਤਾਨੀ ਗੋਲੀਬਾਰੀ ਨਾਲ ਮਾਰੇ ਗਏ ਕਸ਼ਮੀਰੀਆਂ ਲਈ ਕੋਈ ਦੋ ਸ਼ਬਦ ਨਹੀਂ ਬੋਲ ਰਿਹਾ। ਕਸ਼ਮੀਰੀਆਂ ਦਾ ਦੁੱਖ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਸਾਹਮਣੇ ਲਿਆਂਦਾ ਹੈ। ਉਨ੍ਹਾ ਕਿਹਾ ਹੈ ਕਿ ਜਿੱਥੇ ਦੇਸ਼ ਨੇ ਪਹਿਲਗਾਮ ਹਮਲੇ ਵਿੱਚ 26 ਸੈਲਾਨੀਆਂ ਦੇ ਮਾਰੇ ਜਾਣ ’ਤੇ ਵਾਜਬ ਸ਼ੋਕ ਜਤਾਇਆ, ਉਥੇ ਜੰੰਮੂ-ਕਸ਼ਮੀਰ ਸਰਹੱਦ ’ਤੇ ਪਾਕਿਸਤਾਨੀ ਗੋਲਾਬਾਰੀ ਨਾਲ ਦੋ ਜਵਾਨਾਂ ਸਣੇ 30 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਨੂੰ ਵਿਆਪਕ ਪੱਧਰ ’ਤੇ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਰਾਜੌਰੀ, ਪੁਣਛ, ਉੜੀ ਤੇ ਬਾਰਾਮੂਲਾ ਵਿੱਚ ਪਾਕਿਸਤਾਨੀ ਗੋਲਾਬਾਰੀ ਨਾਲ ਮਾਰੇ ਜਾਣ ਵਾਲਿਆਂ ਵਿੱਚ ਸਿਰਫ ਮੁਸਲਮਾਨ ਹੀ ਨਹੀਂ, ਹਿੰਦੂ ਤੇ ਸਿੱਖ ਵੀ ਹਨ। ਜੇ ਗੁਰਦੁਆਰੇ ਤੇ ਮੰਦਰ ਜ਼ਦ ਵਿੱਚ ਆਏ ਤਾਂ ਪੁਣਛ ਵਿੱਚ ਮਦਰੱਸੇ ਵੀ ਆਏ, ਪਰ ਕਸ਼ਮੀਰ ਵਿੱਚ ਬੇਗੁਨਾਹਾਂ ਦੀਆਂ ਮੌਤਾਂ ਨੂੰ ਮਹਿਜ਼ ‘ਰਸਮੀ’ ਬਣਾ ਦਿੱਤਾ ਗਿਆ ਹੈ। ਇੰਜ ਲਗਦਾ ਹੈ ਕਿ ਜਿਵੇਂ ਇਹ ਘਟਨਾਵਾਂ ਹੋਈਆਂ ਹੀ ਨਹੀਂ। ਉਮਰ ਅਬਦੁੱਲਾ ਨੇ ਬੜੇ ਦੁੱਖ ਨਾਲ ਕਿਹਾ ਹੈ ਕਿ ਪਹਿਲਗਾਮ ’ਤੇ ਭਾਰਤ ਦੀ ਜਵਾਬੀ ਕਾਰਵਾਈ ਦੇ ਬਾਅਦ ਦੀਆਂ ਘਟਨਾਵਾਂ ਦੀ ਸਿਰਫ ਅੱਧੀ ਕਹਾਣੀ ਹੀ ਦੱਸੀ ਜਾ ਰਹੀ ਹੈ। ਪਹਿਲਗਾਮ ਦੀ ਕਹਾਣੀ ਤਾਂ ਦੱਸੀ ਜਾ ਰਹੀ ਹੈ, ਪਰ ਪੁਣਛ ਵਿੱਚ ਜਿਹੜੇ ਜੁੜਵਾਂ ਬੱਚੇ ਮਾਰੇ ਗਏ, ਕਸ਼ਮੀਰ ਵਿੱਚ ਜਿਹੜੀ ਮਹਿਲਾ ਮਰੀ, ਏ ਡੀ ਸੀ ਦੀ ਰਾਮਬਨ ਵਿੱਚ ਆਪਣੇ ਘਰ ਡਿੱਗੇ ਗੋਲੇ ਨਾਲ ਮੌਤ ਹੋਈ, ਇਨ੍ਹਾਂ ਕਹਾਣੀਆਂ ਨੂੰ ਬਦਕਿਸਮਤੀ ਨਾਲ ਦੱਸਿਆ ਨਹੀਂ ਜਾ ਰਿਹਾ। ਗੋਦੀ ਮੀਡੀਆ ਮੋਦੀ ਨੂੰ ਤਾਂ ਨਾਇਕ ਵਜੋਂ ਪੇਸ਼ ਕਰ ਰਿਹਾ ਹੈ, ਪਰ ਕਸ਼ਮੀਰੀਆਂ ਦਾ ਦਰਦ ਨਹੀਂ ਦੱਸ ਰਿਹਾ। ਜੰਮੂ-ਕਸ਼ਮੀਰ ਦੇ ਬਾਰਡਰ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਹਨ, ਉਹ ਦੱਸਦੀਆਂ ਹਨ ਕਿ ਸਥਾਨਕ ਲੋਕ ਗੁੱਸੇ ਵਿੱਚ ਹਨ ਕਿ ਉਨ੍ਹਾਂ ਨੂੰ ਢੁਕਵੀਂ ਸੁਰੱਖਿਆ ਨਹੀਂ ਦਿੱਤੀ ਗਈ।

ਅੱਧੀ ਕਹਾਣੀ Read More »

ਸੁਪਰੀਮ ਕੋਰਟ ਦੇ ਹੁਕਮਾਂ ’ਤੇ ਰਾਸ਼ਟਰਪਤੀ ਦਾ ਕਿੰਤੂ

ਨਵੀਂ ਦਿੱਲੀ, 16 ਮਈ –  ਸੁਪਰੀਮ ਕੋਰਟ ਨੇ ਅੱਠ ਅਪਰੈਲ ਨੂੰ ਕਿਹਾ ਸੀ ਕਿ ਸੂਬਿਆਂ ਵੱਲੋਂ ਭੇਜੇ ਬਿੱਲਾਂ ’ਤੇ ਰਾਜਪਾਲ ਤੈਅ ਕੀਤੇ ਗਏ ਸਮੇਂ ਵਿੱਚ ਫੈਸਲਾ ਲੈਣ ਤੇ ਰਾਜਪਾਲ ਵਲੋਂ ਭੇਜੇ ਬਿੱਲਾਂ ’ਤੇ ਰਾਸ਼ਟਰਪਤੀ ਤਿੰਨ ਮਹੀਨਿਆਂ ਅੰਦਰ ਫੈਸਲਾ ਲੈਣ। ਇਨ੍ਹਾਂ ਹੁਕਮਾਂ ਦੀ ਵੈਧਤਾ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀਰਵਾਰ ਸਵਾਲ ਚੁੱਕਦਿਆਂ ਕਿਹਾ ਹੈ ਕਿ ਸੰਵਿਧਾਨ ਵਿੱਚ ਕਿਤੇ ਵੀ ਇਨ੍ਹਾਂ ਬਿੱਲਾਂ ਬਾਰੇ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੁਪਰੀਮ ਕੋਰਟ ਤੋਂ 14 ਸਵਾਲ ਪੁੱਛਦਿਆਂ ਉਸ ਦੀ ਰਾਏ ਮੰਗੀ ਹੈ। ਇਹ ਸਵਾਲ 200, 201, 361, 143, 142, 145 (3) , 131 ਆਰਟੀਕਲ ਤਹਿਤ ਪੁੱਛੇ ਗਏ ਹਨ। ਰਾਸ਼ਟਰਪਤੀ ਨੇ ਪੁੱਛਿਆ ਹੈ ਕਿ ਰਾਜਪਾਲ ਕੋਲ ਕੀ ਵਿਕਲਪ ਹੁੰਦਾ ਹੈ, ਜਦ ਕੋਈ ਬਿੱਲ ਉਸ ਕੋਲ ਆਉਂਦਾ ਹੈ। ਕੀ ਰਾਜਪਾਲ ਨੂੰ ਮੰਤਰੀ ਪ੍ਰੀਸ਼ਦ ਦੀ ਸਲਾਹ ਮੰਨਣੀ ਪੈਣੀ ਹੈ, ਕੀ ਰਾਜਪਾਲ ਦੇ ਕੰਮਾਂ ਦੀ ਨਿਆਂਇਕ ਸਮੀਖਿਆ ਕੀਤੀ ਜਾ ਸਕਦੀ ਹੈ। ਰਾਸ਼ਟਰਪਤੀ ਦਾ ਸਵਾਲ ਸਪੱਸ਼ਟ ਕਰਦਾ ਹੈ ਕਿ ਭਾਰਤ ਦੇ ਸੰਵਿਧਾਨ ਦਾ ਆਰਟੀਕਲ 200 ਰਾਜਪਾਲ ਦੀਆਂ ਸ਼ਕਤੀਆਂ ਅਤੇ ਬਿੱਲਾਂ ਨੂੰ ਮਨਜ਼ੂਰੀ ਦੇਣ ਜਾਂ ਰੋਕਣ ਦੀਆਂ ਪ੍ਰਕਿਰਿਆਵਾਂ ਨੂੰ ਦਰਸਾਉਂਦਾ ਹੈ, ਇਸ ਦੇ ਨਾਲ ਹੀ ਇਹ ਬਿੱਲ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖਣ ਦੀ ਸ਼ਕਤੀ ਵੀ ਦਿੰਦਾ ਹੈ। ਹਾਲਾਂਕਿ ਆਰਟੀਕਲ 200 ਰਾਜਪਾਲ ਲਈ ਇਨ੍ਹਾਂ ਸੰਵਿਧਾਨਕ ਵਿਕਲਪਾਂ ਦੀ ਵਰਤੋਂ ਕਰਨ ਲਈ ਕੋਈ ਸਮਾਂ-ਸੀਮਾ ਨਿਰਧਾਰਤ ਨਹੀਂ ਕਰਦਾ। ਇਸੇ ਤਰ੍ਹਾਂ ਆਰਟੀਕਲ 201 ਬਿੱਲਾਂ ਨੂੰ ਮਨਜ਼ੂਰੀ ਦੇਣ ਜਾਂ ਇਸ ਨੂੰ ਰੋਕਣ ਲਈ ਰਾਸ਼ਟਰਪਤੀ ਦੇ ਅਧਿਕਾਰ ਅਤੇ ਪ੍ਰਕਿਰਿਆ ਦੀ ਰੂਪਰੇਖਾ ਉਲੀਕਦਾ ਹੈ ਤੇ ਇਹ ਵੀ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਲਈ ਕੋਈ ਸਮਾਂ ਸੀਮਾ ਜਾਂ ਪ੍ਰਕਿਰਿਆਵਾਂ ਲਾਗੂ ਨਹੀਂ ਕਰਦਾ। ਇਸ ਤੋਂ ਪਹਿਲਾਂ ਆਪਣੀ ਤਰ੍ਹਾਂ ਦੇ ਪਹਿਲੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ 12 ਅਪਰੈਲ ਨੂੰ ਦੇਸ਼ ਦੇ ਰਾਸ਼ਟਰਪਤੀ ਲਈ ਵੀ ਸਮਾਂ ਸੀਮਾ ਨਿਰਧਾਰਤ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਜਪਾਲ ਵੱਲੋਂ ਭੇਜੇ ਗਏ ਬਿੱਲ ’ਤੇ ਰਾਸ਼ਟਰਪਤੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਫੈਸਲਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਅੱਠ ਅਪਰੈਲ ਨੂੰ ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਤੇ ਰਾਜਪਾਲ ਦੇ ਮਾਮਲੇ ਵਿਚ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਰਾਜਪਾਲ ਨੂੰ ਵਿਧਾਨ ਸਭਾ ਵੱਲੋਂ ਭੇਜੇ ਗਏ ਬਿੱਲ ’ਤੇ ਇਕ ਮਹੀਨੇ ਅੰਦਰ ਫੈਸਲਾ ਲੈਣਾ ਪਵੇਗਾ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਜਪਾਲਾਂ ਵੱਲੋਂ ਭੇਜੇ ਗਏ ਬਿੱਲਾਂ ਦੇ ਮਾਮਲੇ ਵਿੱਚ ਰਾਸ਼ਟਰਪਤੀ ਕੋਲ ਵੀਟੋ ਦਾ ਅਧਿਕਾਰ ਨਹੀਂ ਹੈ। ਉਨ੍ਹਾ ਦੇ ਫੈਸਲੇ ਦੀ ਨਿਆਂਇਕ ਸਮੀਖਿਆ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ ਨਿਵੇਕਲੀ ਪਹਿਲ ਕਰਦਿਆਂ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਗਏ ਬਿੱਲਾਂ ਸੰਬੰਧੀ ਰਾਜਪਾਲਾਂ ਦੇ ਫੈਸਲਾ ਲੈਣ ਲਈ ਇੱਕ ਮਹੀਨੇ ਤੋਂ ਤਿੰਨ ਮਹੀਨਿਆਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਸੀ। ਬੈਂਚ ਨੇ ਕਿਹਾ ਇਨ੍ਹਾਂ ਬਿੱਲਾਂ ਨੂੰ ਉਸੇ ਤਰੀਕ ਤੋਂ ਮਨਜ਼ੂਰ ਮੰਨਿਆ ਜਾਵੇਗਾ, ਜਿਸ ਦਿਨ ਇਨ੍ਹਾਂ ਨੂੰ ਮੁੜ ਮਨਜ਼ੂਰੀ ਲਈ ਰਾਜਪਾਲ ਅੱਗੇ ਰੱਖਿਆ ਗਿਆ ਹੋਵੇ। ਅਦਾਲਤ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 200 ਤਹਿਤ ਰਾਜਪਾਲ ਵੱਲੋਂ ਆਪਣੇ ਕੰਮ ਸੰਪੂਰਨ ਕਰਨ ਲਈ ਕੋਈ ਸਪੱਸ਼ਟ ਸੀਮਾ ਤੈਅ ਨਹੀਂ ਹੈ। ਸਮਾਂ-ਸੀਮਾ ਤੈਅ ਕਰਦਿਆਂ ਬੈਂਚ ਨੇ ਕਿਹਾ ਕਿ ਕਿਸੇ ਬਿੱਲ ’ਤੇ ਮਨਜ਼ੂਰੀ ਰੋਕ ਕੇ ਉਸ ਨੂੰ ਮੰਤਰੀ ਪ੍ਰੀਸ਼ਦ ਦੀ ਸਹਾਇਤਾ ਤੇ ਸਲਾਹ ਨਾਲ ਰਾਸ਼ਟਰਪਤੀ ਲਈ ਰਾਖਵਾਂ ਰੱਖਣ ਦੀ ਵੱਧ ਤੋਂ ਵੱਧ ਮਿਆਦ ਇੱਕ ਮਹੀਨਾ ਹੋਵੇਗੀ।

ਸੁਪਰੀਮ ਕੋਰਟ ਦੇ ਹੁਕਮਾਂ ’ਤੇ ਰਾਸ਼ਟਰਪਤੀ ਦਾ ਕਿੰਤੂ Read More »

ਅਰਪਨ ਲਿਖਾਰੀ ਸਭਾ ਦੀ ਮਾਸਿਕ ਦੀ ਮੀਟਿੰਗ ਦੁਨੀਆਂ ਭਰ ਦੀਆਂ ਮਾਵਾਂ ਅਤੇ ਮਜ਼ਦੂਰਾਂ ਨੂੰ ਸਮਰਪਿਤ ਰਹੀ

ਕੈਲਗਰੀ, (ਜਸਵਿੰਦਰ ਸਿੰਘ ਰੁਪਾਲ), 16 ਮਈ – ਅਰਪਨ ਲਿਖਾਰੀ ਸਭਾ ਦੀ ਮਈ ਮਹੀਨੇ ਦੀ ਮੀਟਿੰਗ ਡਾ. ਜੋਗਾ ਸਿੰਘ ਅਤੇ ਜਸਵੰਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਹੋਈ[ ਜਰਨਲ ਸਕੱਤਰ ਦੀ ਜ਼ਿੰਮੇਵਾਰੀ ਸ੍ਰ ਜਗਦੇਵ ਸਿੰਘ ਸਿੱਧੂ ਨੇ ਨਿਭਾਉਂਦਿਆਂ ਵਿਛੜੀਆਂ ਸ਼ਖ਼ਸੀਅਤਾਂ (ਨਾਮਵਰ ਸ਼ਾਇਰ ਕੇਸਰ ਸਿੰਘ ਨੀਰ, ਨਦੀਮ ਪਰਮਾਰ) ਅਤੇ ਸ਼ਿਵ ਬਟਾਲਵੀ ਨੂੰ ਯਾਦ ਕੀਤਾ। ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਮਈ ਮਹੀਨੇ ਨਾਲ ਬਹੁਤ ਸਾਰੀਆਂ ਇਤਿਹਾਸਕ ਯਾਦਾਂ ਜੁੜੀਆਂ ਹੋਈਆਂ ਹਨ, ਅੱਜ ਦੁਨੀਆਂ ਭਰ ਦੀਆਂ ਮਾਵਾਂ ਦਾ ਦਿਨ, ਮਜ਼ਦੂਰ ਦਿਵਸ, ਕਾਮਾਗਾਟਾ ਮਾਰੂ ਦੀ ਘਟਨਾ ਅਤੇ ਸੰਸਾਰ ਯੁੱਧ ਦਾ ਅੰਤ ਵੀ ਮਈ ਮਹੀਨੇ ਵਿਚ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਬੁਲੰਦ ਅਵਾਜ਼ ਦੇ ਮਾਲਕ ਸੁਖਮੰਦਰ ਸਿੰਘ ਗਿੱਲ ਨੇ ਆਪਣੀ ਲਿਖੀ ਕਵਿਤਾ ‘ਨੀ ਹਵਾਏ ਲੈ ਕੇ ਜਾਵੀਂ ਸਾਡੇ ਪਿਆਰ ਦਾ ਪੈਗ਼ਾਮ’ ਹਰਮੋਨੀਅਮ ਦੀਆਂ ਸੁਰਾਂ ਨਾਲ ਸੁਣਾ ਕੇ ਕੀਤੀ। ਬੀਬੀ ਰਾਵਿੰਦਰ ਕੌਰ ਨੇ ਬਹੁਤ ਹੀ ਮਹੱਤਵਪੂਰਨ ਵਿਚਾਰ ਬੜੇ ਨਿਵੇਕਲੇ ਢੰਗ ਨਾਲ ਸਾਂਝੇ ਕਰਦਿਆਂ ਜਨਮ ਦੇਣ ਵਾਲੀ ਮਾਂ, ਧਰਤੀ ਮਾਂ ਜੋ ਖਾਣ ਨੂੰ ਦਿੰਦੀ ਅਤੇ ਮਾਂ ਬੋਲੀ ਜੋ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੰਦੀ ਹੈ ਦੀ ਗੱਲ ਕੀਤੀ। ਡਾ. ਮਨਮੋਹਨ ਸਿੰਘ ਸ਼ਿਵ ਬਟਾਲਵੀ ਨੂੰ ਯਾਦ ਕਰਦਿਆਂ ਬਹੁਤ ਹੀ ਭਾਵੁਕ ਕਰਨ ਵਾਲ਼ੀ ਕਵਿਤਾ ‘ਮੈਂ ਥੋਰ ਵੇ ਸੱਜਣਾਂ ਉੱਗੀ ਕਿਸੇ ਕੁਰਾਹੇ’ ਸੁਣਾ ਕੇ ਹਾਜ਼ਰੀ ਲਗਵਾਈ। ਜੀਰ ਸਿੰਘ ਬਰਾੜ ਨੇ ਮਜ਼ਦੂਰ ਦਿਵਸ ਦਾ ਇਤਿਹਾਸ ਬਾਰੇ ਬਹੁਤ ਹੀ ਸੰਖੇਪ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜਸਵੰਤ ਸਿੰਘ ਸੇਖੋਂ ਨੇ ਸ੍ਰ. ਉੱਤਮ ਸਿੰਘ ਹਾਂਸ ਬਾਰੇ ਜਾਣਕਾਰੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰ ਦਾਸ ਜੀ ਦੇ ਗੁਰੂ ਬਣਨ ਦਾ ਇਤਿਹਾਸ ਕਵੀਸ਼ਰੀ ਰੰਗ ਵਿਚ ਪੇਸ਼ ਕੀਤਾ। ਅਵਤਾਰ ਸਿੰਘ (ਤਾਰ) ਬਰਾੜ ਨੇ ਆਪਣੀਆਂ ਲਿਖੀਆਂ ਕਵਿਤਾ ‘ਜੇਕਰ ਮੇਰੀ ਮਾਂ ਨਾ ਹੁੰਦੀ ਤੇ ਮੇਰੀ ਕੋਈ ਥਾਂ ਨਾ ਹੁੰਦੀ’। ਇਕ ਕਵਿਤਾ ਹਿੰਦ-ਪਾਕ ਦੀ ਤਾਜੀ ਜੰਗ ਬਾਰੇ ‘ ਲੜਾਈ ਹੱਲ ਨਾ ਦੇਸ਼ਾਂ ਦੇ ਮਸਲਿਆਂ ਦਾ,ਇਹ ਵਿਉਪਾਰ ਹੈ ਕੁਝ ਦੇਸਾਂ ਦੇ ਅਸਲਿਆਂ ਦਾ’ ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਬਲਜਿੰਦਰ ਕੌਰ (ਸੋਨੀ) ਮਾਂਗਟ ਨੇ ਆਪਣੇ ਕੀਮਤੀ ਵਿਚਾਰਾਂ ਨਾਲ ਹਾਜ਼ਰੀ ਲਗਵਾਈ। ਦੀਪ ਬਰਾੜ ਨੇ ਮਾਂ ਬਾਰੇ ਬਹੁਤ ਹੀ ਪਿਆਰੀ ਕਵਿਤਾ ‘ਜਦ ਜੱਗ ਤੋਂ ਤੁਰ ਗਈ ਮਾਂ, ਟੋਲਦਾ ਰਹਿ ਜਾਏਗਾ’ ਹਰਮੋਨੀਅਮ ਨਾਲ ਪੇਸ਼ ਕਰਕੇ ਸਰੋਤਿਆਂ ਨੂੰ ਕੀਲਿਆ। ਸੰਗੀਤਕ ਸੁਰਾਂ ਦੇ ਮਾਹਰ ਡਾ. ਜੋਗਾ ਸਿੰਘ ਨੇ ‘ਉੱਚੀ ਜੱਗ ਤੋਂ ਨਿਆਰੀ ਪਿਆਰੀ ਮਾਂ’ ਕਵਿਤਾ ਨਾਲ ਸੁਰ ਤੇ ਸੰਗੀਤ ਦਾ ਸੁਮੇਲ ਪੇਸ਼ ਕੀਤਾ। ਸਤਨਾਮ ਸਿੰਘ ਢਾਅ ਨੇ ਕਰਨੈਲ ਸਿੰਘ ਪਾਰਸ ਦੀ ਬਹੁਤ ਹੀ ਮਕਬੂਲ ਕਵਿਤਾ ‘ਮਾਵਾਂ ਠੰਡੀਆਂ ਛਾਵਾਂ’ ਕਵੀਸ਼ਰੀ ਰੰਗ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਡਾ. ਹਰਮਿੰਦਰਪਾਲ ਸਿੰਘ ਨੇ ਗੁਰਦਾਸ ਮਾਨ ਦਾ ਗਾਇਆ ਛੱਲਾ ਆਪਣੇ ਅੰਦਾਜ਼ ਵਿਚ ਪੇਸ਼ ਕੀਤਾ। ਹਾਸਿਆਂ ਦਾ ਬਾਦਸ਼ਾਹ ਤਰਲੋਕ ਚੁੱਘ ਨੇ ‘ਮਾਂ ਸਭ ਜਾਣਦੀ ਹੈ’ ਦੇ ਵਿਅੰਗ ਰਾਹੀਂ ਚੋਭਾਂ ਚੋਭਦਿਆਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਸਤਨਾਮ ਸ਼ੇਰਗਿੱਲ ਨੇ ਇੰਗਲੈਂਡ ਵਿਚ ਰਹਿੰਦਿਆਂ ਮਜ਼ਦੂਰ ਯੂਨੀਅਨ ਨਾਲ ਕੰਮ ਕਰਦਿਆਂ ਦੇ ਆਪਣੇ ਅਨੁਭਵ ਸਾਂਝੇ ਕੀਤੇ। ਦੀਪਕ ਜੈਤੋਈ ਸੰਸਥਾ ਦੇ ਪ੍ਰਧਾਨ ਦਰਸ਼ਣ ਸਿੰਘ ਬਰਾੜ ਨੇ ਮਜ਼ਦੂਰ ਦਿਵਸ ਤੇ ਲਾਲ ਝੰਡੇ ਦਾ ਇਤਿਹਾਸ ਦੀ ਦਾਸਤਾਨ ਸਾਂਝੀ ਕਰਦਿਆਂ ਵਿੱਦਿਆ ਦਾ ਮਹੱਤਵ ਬਿਆਨ ਕਰਦੀ ਕਵਿਤਾ ਪੇਸ਼ ਕੀਤੀ। ਸੁਰੀਲੀ ਅਵਾਜ਼ ਦੇ ਮਾਲਕ ਸੁਖਵਿੰਦਰ ਸਿੰਘ ਤੂਰ ਨੇ ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਨੂੰ ਯਾਦ ਕਰਦਿਆਂ ਉਹਨਾਂ ਦੀ ਗ਼ਜ਼ਲ ‘ਗੈਰਾਂ ਆਣ ਪਲੀਤਾ ਲਾਇਆ’ ਸੁਣਾ ਕੇ ਇਕ ਕਵਿਤਾ ਪ੍ਰੋ. ਕੁਲਵੰਤ ਸਿੰਘ ਔਜਲਾ ਦੀ ‘ਲੜਨਾ ਹੈ ਤਾਂ ਪੰਜਾਬ ਸਿਹਾਂ, ਪੰਘਰ ਤੇ ਪਿਘਲਾਉਣ ਲਈ ਲੜ, ਵੰਡਣ ਤੇ ਢਾਉਣ ਲਈ ਨਾ ਲੜ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਸਟੇਜ ਦੀਆਂ ਸੇਵਾਵਾਂ ਸ੍ਰ. ਜਗਦੇਵ ਸਿੰਘ ਨੇ ਬਾਖੂਬੀ ਨਿਭਾਉਂਦਿਆਂ ਮਾਂ ਦਿਵਸ, ਮਜ਼ਦੂਰ ਦਿਵਸ ਬਾਰੇ ਕਾਰਲ ਮਾਰਕਸ ਦੇ ਵਿਚਾਰਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ। ਦੁਨੀਆਂ ਤੇ ਹੋ ਰਹੀ ਬੇਇਨਸਾਫ਼ੀ ਬਾਰੇ ਵਿਚਾਰ ਸਾਂਝੇ ਕਰਕੇ ਕੈਨੇਡਾ ਵਿਚ ਨੇਟਿਵ ਲੋਕਾਂ ਦੀਆਂ ਮਾਵਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਗੁਮਦੂਰ ਸਿੰਘ ਵਿਰਕ, ਸੁਬਾ ਸ਼ੇਖ, ਚਰਨਜੀਤ ਕੌਰ ਸਿੱਧੂ ਅਤੇ ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ। ਅਖ਼ੀਰ ਤੇ ਡਾ. ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅੱਜ ਦੀ ਇਹ ਚਰਚਾ ਬਹੁਤ ਹੀ ਨਿਵੇਕਲ਼ੀ ਰਹੀ। ਉਨ੍ਹਾਂ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਅਗਲੇ ਮਹੀਨੇ ਮੀਟਿੰਗ ਵਿਚ ਇਸੇ ਤਰ੍ਹਾਂ ਹਾਜ਼ਰ ਹੋਣ ਦੀ ਬੇਨਤੀ ਕੀਤੀ।

ਅਰਪਨ ਲਿਖਾਰੀ ਸਭਾ ਦੀ ਮਾਸਿਕ ਦੀ ਮੀਟਿੰਗ ਦੁਨੀਆਂ ਭਰ ਦੀਆਂ ਮਾਵਾਂ ਅਤੇ ਮਜ਼ਦੂਰਾਂ ਨੂੰ ਸਮਰਪਿਤ ਰਹੀ Read More »

ਸਿੱਖ ਵਿਗਿਆਨਕਾਂ ਦੀ ਦੇਣ ਦਰਸਾਉਂਦੀ ਹੈ ਡਾ ਸੁਰਜੀਤ ਸਿੰਘ ਭੱਟੀ ਦੀ ਪੁਸਤਕ

“ਕੁਝ ਪ੍ਰਮੁੱਖ ਸਿੱਖ ਵਿਗਿਆਨਕ” (ਸਮ ਪ੍ਰੋਮੀਨੈਂਟ ਸਿੱਖ ਸਾਈਂਟਿਸਟਸ) ਸਮੀਖਿਅਕ – ਸ੍ਰ. ਜਸਵਿੰਦਰ ਸਿੰਘ ਰੁਪਾਲ, ਕੈਲਗਰੀ (ਕੈਨੇਡਾ) ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ (ਪੰਨੇ : 148, ਕੀਮਤ : 395 ਰੁਪਏ) ਸਿੱਖਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਸਮਾਜ ਸੇਵਾ, ਖੇਤੀ ਅਤੇ ਦੇਸ਼ ਭਗਤੀ ਵਿਚ ਤਾਂ ਅੱਗੇ ਹਨ, ਪਰ ਵਿਗਿਆਨਕ ਖੋਜ ਕਾਰਜਾਂ ਵਿਚ ਪਿੱਛੇ ਹਨ। ਇਹ ਪੁਸਤਕ ਉਪਰੋਕਤ ਭੁਲੇਖੇ ਦਾ ਇੱਕ ਤਰਕਪੂਰਨ ਜਵਾਬ ਹੈ। ਪੁਸਤਕ ਇਸ ਗੱਲ ਦੀ ਗਵਾਹ ਹੈ ਕਿ ਸਿੱਖਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ ਆਪਣੇ ਗਿਆਨ ਅਤੇ ਵਿਗਿਆਨਕ ਖੋਜ ਕਾਰਜਾਂ ਨਾਲ ਹੈਰਾਨ ਕਰਨ ਵਾਲੀਆਂ ਵੱਡੀਆਂ ਮੱਲਾਂ ਮਾਰੀਆਂ ਹਨ। ਕਿਹਾ ਜਾਂਦਾ ਰਿਹਾ ਏ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜ਼ਰੂਰ ਹੈ ਪਰ ਉਸ ਨੂੰ ਸਾਂਭਿਆ ਨਹੀਂ। ਡਾ. ਭੱਟੀ ਨੇ ਇਸ ਉਲਾਂਭੇ ਨੂੰ ਲਾਹੁਣ ਲਈ ਕੁਝ ਸਿਰਕੱਢ ਸਿੱਖ ਵਿਗਿਆਨਕਾਂ ਨੂੰ ਇਸ ਪੁਸਤਕ ਵਿਚ ਸ਼ਾਮਲ ਕੀਤਾ ਹੈ ਜਿਹਨਾਂ ਨੇ ਵਿਲੱਖਣ ਖੋਜਾਂ ਕੀਤੀਆਂ ਹਨ। ਪਰ ਬਹੁਤੇ ਸਿੱਖਾਂ ਨੂੰ ਵੀ ਇਸ ਦਾ ਗਿਆਨ ਨਹੀਂ ਅਤੇ ਉਹ ਸੰਸਾਰ ਨੂੰ ਸਿੱਖਾਂ ਦੀਆਂ ਪ੍ਰਾਪਤੀਆਂ ਬਾਰੇ ਕੁਝ ਵੀ ਦੱਸ ਨਹੀਂ ਸਕਦੇ। ਇਸ ਵਿਸ਼ੇ ਤੇ ਇਸ ਖੋਜਪੂਰਨ ਪੁਸਤਕ ਲਈ ਲੇਖਕ ਦੀ ਪ੍ਰਸੰਸਾ ਕਰਨੀ ਬਣਦੀ ਹੈ। ਵਿਗਿਆਨ ਦੀ ਗੱਲ ਉਹ ਹੀ ਕਰ ਸਕਦਾ ਹੈ, ਜੋ ਆਪ ਇਸ ਨਾਲ ਧੁਰ ਅੰਦਰੋਂ ਜੁੜਿਆ ਹੋਵੇ। ਡਾ. ਭੱਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਪ੍ਰੋਫੈਸਰ, ਮੁਖੀ ਫਿਜਿਕਸ ਵਿਭਾਗ ਅਤੇ ਡੀਨ, ਫੈਕਲਟੀ ਆਫ ਸਾਇੰਸਜ਼ ਰਹਿ ਚੁੱਕੇ ਹਨ। ਉਨ੍ਹਾਂ ਦੇ ਵਿਗਿਆਨਕ ਵਿਸ਼ਿਆਂ ਤੇ 100 ਤੋਂ ਵੱਧ ਲੇਖ ਦੇਸ਼ ਵਿਦੇਸ਼ ਵਿੱਚ ਛਪ ਚੁੱਕੇ ਹਨ। ਕਈ ਵਿਦਿਆਰਥੀ ਉਨ੍ਹਾਂ ਦੀ ਨਿਗਰਾਨੀ ਵਿਚ ਪੀ ਐਚ ਡੀ ਕਰ ਚੁੱਕੇ ਹਨ। ਵੱਡੀ ਖੂਬੀ ਇਹ ਕਿ ਉਹ ਗੁਰਮਤਿ ਨੂੰ ਪ੍ਰਣਾਏੇ ਇੱਕ ਸਿਦਕੀ ਅਤੇ ਨਿਮਰਤਾ ਦੇ ਮਾਲਕ ਸਿੱਖ ਹਨ। ਉਨ੍ਹਾਂ ਨੇ ਬੜੀ ਮਿਹਨਤ ਕਰ ਕੇ ਇਨ੍ਹਾਂ ਹੀਰੇ ਵਿਗਿਆਨਕ ਸਿੱਖਾਂ ਦੀ ਪਰਖ ਕੀਤੀ ਹੈ। ਪ੍ਰੋ. ਪੂਰਨ ਸਿੰਘ ਨੂੰ ਬਹੁਤੇ ਲੋਕ ਇੱਕ ਖੁਲ੍ਹਦਿਲੇ ਕਵੀ ਅਤੇ ਸ਼ਰਧਾਲੂ ਸਿੱਖ ਦੇ ਰੂਪ ਵਿਚ ਵਧੇਰੇ ਜਾਣਦੇ ਹਨ, ਪਰ ਉਨ੍ਹਾਂ ਦੀ ਵਿਗਿਆਨਕ ਦੇਣ ਪੜ੍ਹਦੇ ਹਾਂ, ਤਾਂ ਹੈਰਾਨ ਹੁੰਦੇ ਹਾਂ। ਕੁਦਰਤੀ ਸੋਮਿਆਂ ਤੋਂ ਉਨ੍ਹਾਂ ਨੇ ਖੁਸ਼ਬੂਦਾਰ ਅਤੇ ਉਦਯੋਗਿਕ ਤੇਲਾਂ ਤੇ ਡੂੰਗੀ ਖੋਜ ਕੀਤੀ। ਚੀਨੀ ਨੂੰ ਪਹਿਲਾਂ ਜਾਨਵਰਾਂ ਦੀ ਹੱਡੀਆਂ ਦੇ ਚਾਰਕੋਲ ਨਾਲ ਸਾਫ਼ ਕੀਤਾ ਜਾਂਦਾ ਸੀ, ਪਰ ਉਨ੍ਹਾਂ ਨੇ ਇਸ ਤੋਂ ਬਿਨਾਂ ਚੀਨੀ ਸਾਫ ਕਰਨ ਦਾ ਢੰਗ ਲੱਭਿਆ। ਉਨ੍ਹਾਂ ਦੀਆਂ ਨਵੀਆਂ ਖੋਜਾਂ ਦਾ ਉਦਯੋਗਾਂ ਅਤੇ ਲੋਕਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ। ਡਾ ਬਾਵਾ ਕਰਤਾਰ ਸਿੰਘ ਨੂੰ ‘ਸਟੀਰੀਓ ਕੈਮਿਸਟਰੀ’ ਦਾ ਪਿਤਾ ਆਖਿਆ ਜਾਂਦਾ ਹੈ। ਉਨਾਂ ਗੁਰੂ ਅਮਰਦਾਸ ਜੀ ਦੀ ਵੰਸ਼ ਵਿਚੋਂ ਹੋਣ ਦੇ ਬਾਵਜੂਦ ਕੋਈ ਡੇਰਾ ਬਣਾਉਣ ਦੀ ਥਾਂ ਮਿਹਨਤ ਅਤੇ ਖੋਜ ਵਿਚ ਜੀਵਨ ਗੁਜਾਰਿਆ ਅਤੇ ‘ਔਪਟੀਕਲੀ ਐਕਟਿਵ’ ਰਸਾਇਣਕ ਪਦਾਰਥਾਂ ਬਾਰੇ ਨਵੀਆਂ ਧਾਰਨਾਵਾਂ ਦਿੱਤੀਆਂ। ਕਈ ਖੋਜਾਂ ਕਾਰਣ ਉਨ੍ਹਾਂ ਦੀ ਪ੍ਰਸਿੱਧੀ ਏਨੀ ਹੋਈ ਕਿ ਉਨ੍ਹਾਂ ਨੂੰ ਨੋਬੈਲ ਕਮੇਟੀ ਦੇ ਉਸ ਪੈਨਲ ਦਾ ਮੈਂਬਰ ਲਿਆ ਗਿਆ, ਜਿਸ ਨੇ ਕੈਮਿਸਟਰੀ ਵਿਚ ਨੋਬੈਲ ਪਰਾਈਜ ਦਿੱਤੇ ਜਾਣ ਲਈ ਨਾਵਾਂ ਦੀ ਸਿਫਾਰਸ਼ ਕਰਨੀ ਸੀ। ਪਰ ਕਮੇਟੀ ਉਨ੍ਹਾਂ ਦਾ ਆਪਣਾ ਨਾਮ ਭੁੱਲ ਗਈ। ਸਿੱਖੀ ਵਿੱਚ ਪਰਪੱਕ ਹੋਣ ਕਰਕੇ ਉਨ੍ਹਾਂ ਨੂੰ ਪਟਨਾ ਸਾਹਿਬ ਦੇ ਗੁਰਦੁਆਰਾ ਦਾ ਪ੍ਰਧਾਨ ਵੀ ਚੁਣਿਆ ਗਿਆ ਸੀ। ਡਾ ਨਰਿੰਦਰ ਸਿੰਘ ਕਪਾਨੀ ਜਿਨ੍ਹਾਂ ਨੇ ਆਧੁਨਿਕ ‘ਔਪਟੀਕਲ ਫਾਈਬਰ ਕੇਬਲਜ’ ਦੀ ਖੋਜ ਕੀਤੀ ਸੀ, ਜਿਹੜੀ ਹਾਈ ਸਪੀਡ ਇੰਟਰਨੈੱਟ ਸੰਚਾਰ ਦੀ ਰੀੜ੍ਹ ਦੀ ਹੱਡੀ ਹੈ, ਦੇ ਨਾਮ 120 ਪੈਟਂੇਟ ਸਨ। ਉਨ੍ਹਾਂ ਨੇ ਫਾਈਬਰ ਨੂੰ ਅੰਦਰੋਂ ਪਾਲਿਸ਼ ਕਰਨ ਦੀ ਵਿਧੀ ਲੱਭੀ ਜਿਸ ਨਾਲ ਰੇਡੀਓ-ਤਰੰਗਾਂ ਦਾ ਅੰਦਰੂਨੀ ਪਰਾਵਰਤਨ ਦੌਰਾਨ ਨੁਕਸਾਨ ਬਚ ਗਿਆ। ਉਹ ਇੱਕ ਸਫਲ ਉੱਦਮੀ ਹੋਣ ਦੇ ਨਾਲ ਇਕ ਗੁਰਸਿਖ ਸਨ ਜਿਨਾਂ ਨੇ “ਦੀ ਸਿੱਖ ਫਾਊਂਡੇਸ਼ਨ” ਸੰਸਥਾ ਵੀ ਬਣਾਈ ਜੋ ਸਿੱਖ ਵਿਰਾਸਤ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕੈਲੀਫੋਰਨੀਆ ਵਿਚ ਸਿੱਖ ਸਟੱਡੀਜ਼, ਔਪਟੋ-ਇਲੈਕਟ੍ਰੋਨਿਕਸ ਅਤੇ ਐਂਟਰਪਰੀਨਿਊਰਸ਼ਿਪ ਲਈ ਚੇਅਰਾਂ ਵੀ ਸਥਾਪਤ ਕਰਵਾਈਆਂ। ਲੇਖਕ ਅਨੁਸਾਰ ਉਹ ਨੋਬੈਲ ਇਨਾਮ ਦੇ ਹੱਕਦਾਰ ਸਨ। ਡਾ ਹਰਕਿਸ਼ਨ ਸਿੰਘ ਨੇ ਚੰਡੀਗੜ੍ਹ ਵਿਚ ਮਾਣਮੱਤਾ ਅਦਾਰਾ ‘ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਅਤੇ ਰੀਸਰਚ (ਨਿਪਰ) ਸਥਾਪਿਤ ਕਰਵਾਇਆ। ਇੱਕ ਦਵਾਈ ਦੀ ਖੋਜ ਕੀਤੀ ਜਿਹੜੀ ਸਟੀਰਿਓਡ ਦਾ ਬਦਲ ਸੀ। ਇਸ ਨੂੰ ਭਾਰਤ ਸਰਕਾਰ ਨੇ ਅਤੇ ਵਰਲਡ ਹੈਲਥ ਔਰਗੇਨਾਈਜੇਸ਼ਨ ਨੇ ਵੀ ਪ੍ਰਵਾਨਗੀ ਦਿੱਤੀ। 18 ਪੁਸਤਕਾਂ, 350 ਖੋਜ ਪੱਤਰ ਅਤੇ 14 ਪੈਟੇਂਟ ਵਾਲੇ ਇਸ ਖੋਜ ਵਿਗਿਆਨੀ ਨੂੰ 2017 ਵਿਚ ਭਾਰਤ ਸਰਕਾਰ ਨੇ ‘ਪਦਮ ਸ਼੍ਰੀੀ’ ਦਾ ਸਨਮਾਨ ਵੀ ਦਿੱਤਾ। ‘ਪਦਮ ਭੂਸ਼ਨ’ ਨਾਲ ਸਨਮਾਨਿਤ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਰਹਿ ਚੁੱਕੇ, ਡਾ ਖੇਮ ਸਿੰਘ ਗਿੱਲਂ ਨੂੰ ‘ਹਰੀ ਕ੍ਰਾਂਤੀ ਦਾ ਪਿਤਾਮਾ’ ਆਖਿਆ ਜਾਂਦਾ ਹੈ। ਉਨ੍ਹਾਂ ਨੇ ਕਣਕ, ਚੌਲਾਂ ਅਤੇ ਹੋਰ ਅਨਾਜਾਂ ਦੀਆਂ ਨਵੀਆਂ ਕਿਸਮਾਂ ਤਿਆਰ ਕੀਤੀਆਂ ਜਿਹੜੀਆਂ ਖਰਾਬ ਵਾਤਾਵਰਣ ਵਿਚ ਵੀ ਕਾਇਮ ਰਹਿ ਸਕਦੀਆਂ ਸਨ। ਇਸ ਤੋਂ ਏਸ਼ੀਆ ਵਿਚੋਂ ਅਨਾਜ ਦੀ ਕਮੀ ਦੂਰ ਹੋਈ ਅਤੇ ਪੈਦਾਵਾਰ ਵਿਚ ਕ੍ਰਾਂਤੀਕਾਰੀ ਵਾਧਾ ਹੋਇਆ। ਡਾ ਗਿੱਲ ਈਟਰਨਲ ਯੁਨੀਵਰਸਿਟੀ ਬੜੂ ਸਾਹਿਬ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਅਕਾਲ ਅਕੈਡਮੀਆਂ ਦੇ ਮੁੱਖ ਸਲਾਹਕਾਰ ਰਹੇ, ਜਿਥੇ ਪੜ੍ਹਾਈ ਦੇ ਨਾਲ ਸਿੱਖੀ ਅਧਿਆਤਮਕਤਾ ਅਤੇ ਜੀਵਨ ਦੀਆਂ ਕਦਰਾਂ ਕੀਮਤਾਂ ਸਿਖਾਈਆਂ ਜਾਂਦੀਆਂ ਹਨ। ਡਾ ਕਰਤਾਰ ਸਿੰਘ ਲਾਲਵਾਨੀ ਨੇ ਕੁਦਰਤੀ ਦਵਾਈਆਂ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਕੰਪਨੀ (ਵੀਟਾਬਾਇਓਟਿਕਸ) ਦੇ ਬਣੇ ਵਿਟਾਮਿਨ-ਯੁਕਤ ਯੋਗਿਕ ਸੰਸਾਰ ਭਰ ਵਿਚ ਬਹੁਤ ਪ੍ਰਸਿੱਧ ਅਤੇ ਲਾਭਦਾਇਕ ਸਿੱਧ ਹੋਏ ਹਨ। ਉਨ੍ਹਾਂ ਨੂੰ ਆਪਣੀ ਖੋਜ ਕਾਰਣ ਮਿਲੇ ਬਹੁਤ ਸਾਰੇ ਸਨਮਾਨਾਂ ਵਿਚ ਇੰਗਲੈਂਡ ਦਾ ਉੱਚ ਸਨਮਾਨ “ਆਰਡਰ ਆਫ ਦੀ ਬ੍ਰਿਟਿਸ਼ ਐਂਪਾਇਰ” ਵੀ ਸੀ। ਉਨ੍ਹਾਂ ਔਰਤਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਲਈ ਫੰਡ ਦੇ ਕੇ ‘ਬੇਬੀ ਲਾਈਫ਼ ਸੁਪੋਰਟ’ ਨਾਂ ਦੀ ਸੰਸਥਾ ਬਣਾਈ। ਡਾ ਦਵਿੰਦਰ ਸਿੰਘ ਚਾਹਲ ਨੇ ਜੈਵਿਕ ਰਹਿੰਦ-ਖੂੰਹਦ ਤੋਂ ਮਨੁੱਖੀ ਖੁਰਾਕ, ਪਸ਼ੂਆਂ ਦੀ ਫੀਡ ਅਤੇ ਸਾਫ ਬਾਲਣ ਬਣਾਉਣ ਦੇ ਤਰੀਕੇ ਲੱਭੇ ਜਿਨ੍ਹਾਂ ਨਾਲ ਪ੍ਰਦੂਸ਼ਣ ਵੀ ਘਟਦਾ ਹੈ। ਉਹ ਜਰਨਲ ਆਫ ਦੀ ‘ਇੰਸਟੀਚਿਊਟ ਫ਼ਾਰ ਦੀ ਅੰਡਰਸਟੈਂਡਿੰਗ ਆਫ ਸਿਖਿਜ਼ਮ’ ਦੇ ਸੰਪਾਦਕ ਹਨ। ਡਾ. ਚਾਹਲ ਨੇ ਸਿੱਖ ਵਿਚਾਰਧਾਰਾ ਬਾਰੇ ਕਈ ਪੁਸਤਕਾਂ ਅਤੇ ਖੋਜ ਪੇਪਰ ਲਿਖੇ। ਉਨ੍ਹਾਂ ਨੂੰ ਕਈ ੳੱਚ-ਪੱਧਰੀ ਸਨਮਾਨ ਮਿਲੇ। ‘ਪਦਮ ਸ਼੍ਰੀ ਅਵਾਰਡ’ ਨਾਲ ਸਨਮਾਨਿਤ ਡਾ ਗੁਰਦੇਵ ਸਿੰਘ ਖੁਸ਼ ਚਾਵਲ ਦੀ ਉਪਜ ਵਧਾਉਣ ਲਈ ਖੋਜ ਕਰਨ ਵਾਲੇ ਵਿਗਿਆਨੀ ਹਨ।ਉਨ੍ਹਾਂ ਨੇ ਇੰਟਰਨੈਸ਼ਨਲ ਰਾਈਸ ਰੀਸਰਚ ਇੰਸਟੀਚਿਊਟ ਫਿਲੀਪਾਈਨਜ ਵਿਚ ਕੰਮ ਕਰਦਿਆਂ ਹੋਇਆਂ ਚੌਲਾਂ ਦੀਆਂ ਵੱਧ ਝਾੜ ਦੇਣ ਵਾਲੀਆਂ 300 ਦੇ ਕਰੀਬ ਨਵੀਆਂ ਕਿਸਮਾਂ ਪੈਦਾ ਕੀਤੀਆਂ। ਉਨ੍ਹਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ ਸੈਂਕੜੇ ਸਨਮਾਨ ਪ੍ਰਾਪਤ ਹੋਏ ਜਿਨ੍ਹਾਂ ਵਿਚ ਨੋਬੈਲ ਪਰਾਈਜ ਦੇ ਬਰਾਬਰ ਦਾ ‘ਵਰਲਡ ਫੂਡ ਪਰਾਈਜ’ ਵੀ ਸ਼ਾਮਲ ਹੈ। ਉਹ ਪਹਿਲੇ ਸਿੱਖ ‘ਫੈਲੋ ਆਫ ਰੌਇਲ ਸੋਸਾਇਟੀ’ ਹਨ। ਡਾ ਨਰੰਜਨ ਸਿੰਘ ਢੱਲਾ, ਦਿਲ ਨਾਲ ਸਬੰਧਿਤ ਬਿਮਾਰੀਆਂ ਦੇ ਵਿਸ਼ਵ-ਪ੍ਰਸਿੱਧ ਮਾਹਰ, ਨੇ ਨਵੀਆਂ ਖੋਜਾਂ ਕਰ ਕੇ ਕਈ ਮੱਲਾਂ ਮਾਰੀਆਂ ਹਨ। ਉਨ੍ਹਾਂ ਨੂੰ ਕੈਨੇਡਾ ਦਾ ਸਭ ਤੋਂ ਵੱਡਾ ਇਨਾਮ ‘ਆਰਡਰ ਆਫ ਕੈਨੇਡਾ’ ਅਤੇ ‘ਕੈਨੇਡੀਅਨ ਮੈਡੀਕਲ ਖੋਜ’ ਦਾ ਸਭ ਤੋਂ ਵੱਡਾ ਅਹੁਦਾ ਮਿਲਿਆ ਹੈ। ਇਸੇ ਤਰਾਂ ਆਪਣੇ ਨਾਮ ਤੇ 1400 ਦੇ ਕਰੀਬ ਪੈਟਂੇਟ ਕਰਵਾਉਣ ਵਾਲੇ ਡਾ. ਗੁਰਤੇਜ ਸਿੰਘ ਸੰਧੂ (ਅਮਰੀਕਨ ਖੋਜ ਵਿਗਿਆਨੀ ਥੌਮਸ ਐਡੀਸਨ ਦੇ ਰਿਕਾਰਡ 1100 ਤੋਂ ਵਧ) ਨੇ ਆਧੁਨਿਕ ਸਦੀ ਦੀ ਕੰਪਿਊਟਰ ਤਕਨਾਲੋਜੀ ਵਿਚ ਵੱਡਾ ਇਨਕਲਾਬ ਲਿਆਂਦਾ। ਲੇਖਕ ਨੂੰ ਇਸ ਵਿਗਿਆਨਕ ਦੇ ਅਧਿਆਪਕ ਰਹੇ ਹੋਣ ਦਾ ਮਾਣ ਹਾਸਲ ਹੈ। ਇਨ੍ਹਾਂ ਤੋਂ ਇਲਾਵਾ ਪੁਸਤਕ ਵਿਚ ਇੱਸੇ ਪੱਧਰ ਦੀਆਂ ਖੋਜਾਂ ਕਰਨ ਵਾਲੇ ਹੋਰ ਵਿਗਿਆਨੀ ਹਨ;

ਸਿੱਖ ਵਿਗਿਆਨਕਾਂ ਦੀ ਦੇਣ ਦਰਸਾਉਂਦੀ ਹੈ ਡਾ ਸੁਰਜੀਤ ਸਿੰਘ ਭੱਟੀ ਦੀ ਪੁਸਤਕ Read More »