ਸਿੰਧ ਜਲ ਸੰਧੀ ਦਾ ਰੇੜਕਾ

ਭਾਰਤ ਵੱਲੋਂ ਸਿੰਧ ਜਲ ਸੰਧੀ-1960 ਮੁਲਤਵੀ ਕਰਨ ਦੇ ਫ਼ੈਸਲੇ ਉੱਪਰ ਮੁੜ ਵਿਚਾਰ ਕਰਨ ਲਈ ਪਾਕਿਸਤਾਨ ਦੀ ਅਪੀਲ ਨਾ ਕੇਵਲ ਦੋਵਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਹਫ਼ਤਿਆਂ ਤੋਂ ਬਣੇ ਤਣਾਅ ਦੇ ਮੱਦੇਨਜ਼ਰ ਸਗੋਂ ਦਰਿਆਈ ਪਾਣੀਆਂ ਦੀ ਬਿਹਤਰ ਤੇ ਸੰਜਮੀ ਵਰਤੋਂ ਦੇ ਲਿਹਾਜ਼ ਤੋਂ ਵੀ ਅਹਿਮੀਅਤ ਰੱਖਦੀ ਹੈ। ਪਹਿਲਗਾਮ ਵਿੱਚ ਦਹਿਸ਼ਤਗਰਦ ਹਮਲੇ ਤੋਂ ਦੋ ਦਿਨ ਬਾਅਦ ਭਾਰਤ ਵੱਲੋਂ ਸਿੰਧ ਜਲ ਸੰਧੀ ਨੂੰ ਰੋਕਣ ਦਾ ਫ਼ੈਸਲਾ ਕਰ ਕੇ ਇਸ ਬਾਬਤ ਪਾਕਿਸਤਾਨ ਨੂੰ ਸੂਚਿਤ ਕੀਤਾ ਗਿਆ ਸੀ। ਇਸ ਦੇ ਜਵਾਬ ਵਜੋਂ ਪਾਕਿਸਤਾਨ ਦੇ ਜਲ ਵਸੀਲਿਆਂ ਦੇ ਸਕੱਤਰ ਅਲੀ ਮੁਰਤਜ਼ਾ ਵੱਲੋਂ ਹਾਲ ਹੀ ਵਿੱਚ ਪੱਤਰ ਭੇਜ ਕੇ ਆਖਿਆ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਖ਼ਾਸ ਨੁਕਤਿਆਂ ਬਾਰੇ ਗ਼ੌਰ ਕਰਨ ਲਈ ਤਿਆਰ ਹੈ ਜਿਨ੍ਹਾਂ ਨੂੰ ਲੈ ਕੇ ਭਾਰਤ ਨੂੰ ਉਜ਼ਰ ਹੋ ਰਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਭਾਰਤ ਨੂੰ ਸਿੰਧ ਜਲ ਸੰਧੀ ਮੁਲਤਵੀ ਕਰਨ ਦੇ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਅਸਲ ਵਿੱਚ ਭਾਰਤ ਵੱਲੋਂ ਜਨਵਰੀ 2023 ਅਤੇ ਸਤੰਬਰ 2024 ਵਿੱਚ ਦੋ ਵਾਰ ਪਾਕਿਸਤਾਨ ਨੂੰ ਸਿੰਧ ਜਲ ਸੰਧੀ ਬਾਰੇ ਨੂੰ ਨਵਿਆਉਣ ਲਈ ਵਿਚਾਰ ਚਰਚਾ ਕਰਨ ਲਈ ਕਿਹਾ ਗਿਆ ਸੀ ਪਰ ਉਦੋਂ ਉਸ ਨੇ ਭਾਰਤ ਦੀ ਮੰਗ ਅਸਵੀਕਾਰ ਕਰ ਦਿੱਤੀ ਸੀ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੀ ਪੇਸ਼ਕਸ਼ ਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਸੰਭਵ ਹੈ ਕਿ ਕੁਝ ਦਿਨਾਂ ’ਚ ਭਾਰਤ ਇਸ ਮੁਤੱਲਕ ਆਪਣਾ ਰੁਖ਼ ਜ਼ਾਹਿਰ ਕਰ ਦੇਵੇ।

ਸਿੰਧ ਜਲ ਸੰਧੀ ਮੁਲਤਵੀ ਕਰਨ ਤੋਂ ਬਾਅਦ ਭਾਰਤ ਵੱਲੋਂ ਕੁਝ ਦਿਨਾਂ ਲਈ ਚਨਾਬ ਦਰਿਆ ’ਤੇ ਜੰਮੂ ਕਸ਼ਮੀਰ ਵਿੱਚ ਸਥਿਤ ਬਗਲੀਹਾਰ ਅਤੇ ਸਲਾਲ ਪਣ-ਬਿਜਲੀ ਡੈਮਾਂ ਦੇ ਗੇਟ ਬੰਦ ਕਰ ਦਿੱਤੇ ਗਏ ਸਨ। ਪਾਕਿਸਤਾਨ ਦੀ ਸਿੰਧ ਦਰਿਆ ਪ੍ਰਣਾਲੀ ਅਥਾਰਿਟੀ ਦੀ ਰਿਪੋਰਟ ਮੁਤਾਬਿਕ ਚਨਾਬ ਦਰਿਆ ਵਿੱਚ ਪਾਣੀ ਦੀ ਆਮਦ ਆਮ ਦਿਨਾਂ ਨਾਲੋਂ 90 ਫ਼ੀਸਦੀ ਘਟ ਗਈ ਹੈ। ਪਾਕਿਸਤਾਨ ਵਿੱਚ ਦਰਿਆ ਦੇ ਦਾਖ਼ਲੇ ਦੇ ਮੁੱਖ ਸਥਾਨ ਮਰਾਲਾ ਹੈੱਡਵਰਕਸ ’ਤੇ ਪਾਣੀ ਦੀ ਕਾਫ਼ੀ ਕਮੀ ਦੇਖੀ ਗਈ ਹੈ। ਚਨਾਬ ਵਿੱਚ ਪਾਣੀ ਦਾ ਵਹਾਓ ਘਟਣ ਨਾਲ ਪਾਕਿਸਤਾਨ ਖ਼ਾਸਕਰ ਲਹਿੰਦੇ ਪੰਜਾਬ ਦੀਆਂ ਫ਼ਸਲਾਂ ਪ੍ਰਭਾਵਿਤ ਹੋਣ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ।

ਇਸੇ ਤਰ੍ਹਾਂ ਮੁਢਲੀਆਂ ਰਿਪੋਰਟਾਂ ਆਈਆਂ ਸਨ ਕਿ ਭਾਰਤ ਦੀ ਤਰਫ਼ੋਂ ਬਿਨਾਂ ਕੋਈ ਨੋਟਿਸ ਦਿੱਤਿਆਂ ਜਿਹਲਮ ਵਿੱਚ ਵੱਧ ਪਾਣੀ ਛੱਡੇ ਜਾਣ ਨਾਲ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਮੁਜ਼ੱਫਰਾਬਾਦ ਜਿਹੇ ਕੁਝ ਖੇਤਰਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ ਪਰ ਹਾਲੀਆ ਰਿਪੋਰਟਾਂ ਮੁਤਾਬਿਕ ਜਿਹਲਮ ਵਿੱਚ ਪਾਣੀ ਦਾ ਵਹਾਓ ਨਾਰਮਲ ਹੋ ਗਿਆ ਹੈ। ਭਾਰਤ ਵੱਲੋਂ ਸਿੰਧ ਜਲ ਸੰਧੀ ਮੁਲਤਵੀ ਕਰਨ ਨਾਲ ਪਾਣੀ ਦੇ ਛੱਡਣ ਅਤੇ ਰੋਕਣ ਬਾਰੇ ਅੰਕਡਿ਼ਆਂ ਦਾ ਤਬਾਦਲਾ ਰੁਕ ਗਿਆ ਹੈ। ਪਾਕਿਸਤਾਨ ਨੇ ਪਹਿਲਾਂ ਇਸ ’ਤੇ ਫ਼ੌਰੀ ਪ੍ਰਤੀਕਰਮ ਦਿੰਦਿਆਂ ਕਿਹਾ ਸੀ ਕਿ ਦਰਿਆਵਾਂ ਦਾ ਪਾਣੀ ਰੋਕਣ ਦੇ ਭਾਰਤ ਦੇ ਕਦਮ ਨੂੰ ‘ਜੰਗੀ ਕਾਰਵਾਈ’ ਸਮਝਿਆ ਜਾਵੇਗਾ।

ਸਾਂਝਾ ਕਰੋ

ਪੜ੍ਹੋ