
ਨਵੀਂ ਦਿੱਲੀ, 16 ਮਈ – ਭਾਰਤ ਅਤੇ ਪਾਕਿਸਤਾਨ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਤਣਾਅ ਦੇ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਸ਼ਾਂਤੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਪਾਕਿਸਤਾਨੀ PM ਨੇ ਵੀਰਵਾਰ ਯਾਨੀਕਿ 15 ਮਈ ਨੂੰ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਵਾਰਤਾਲਾਪ ਕਰਨ ਲਈ ਤਿਆਰ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ, ਸ਼ਹਿਬਾਜ਼ ਸ਼ਰੀਫ ਦਾ ਇਹ ਬਿਆਨ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਕਾਰਵਾਈਆਂ ਨੂੰ ਰੋਕਣ ਲਈ 10 ਮਈ, 2025 ਨੂੰ ਹੋਏ ਸੀਜਫਾਇਰ ਸਮਝੌਤੇ ‘ਤੇ ਆਇਆ ਹੈ।
ਪਹਿਲਗਾਮ ‘ਚ ਹੋਏ ਆਤੰਕਵਾਦੀ ਹਮਲੇ ਤੋਂ ਦੋਹਾਂ ਦੇਸ਼ਾਂ ਦੇ ਵਿਚਕਾਰ ਤਣਾਅ ਵੱਧ ਗਿਆ ਸੀ
ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਲ ਹੀ ਵਿੱਚ ਵੱਧੇ ਤਣਾਅ ਦਾ ਕਾਰਣ 22 ਅਪਰੈਲ, 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਬੈਸਰਨ ਘਾਟੀ ਵਿੱਚ ਸੈਲਾਨੀਆਂ ‘ਤੇ ਹੋਇਆ ਅੱਤਵਾਦੀ ਹਮਲਾ ਸੀ। ਇਸ ਹਮਲੇ ਵਿੱਚ 25 ਭਾਰਤੀ ਨਾਗਰਿਕਾਂ ਦੇ ਨਾਲ ਇੱਕ ਨੇਪਾਲੀ ਨਾਗਰਿਕ ਦੀ ਵੀ ਹੱਤਿਆ ਹੋਈ ਸੀ। ਇਸਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਦੇ ਇੱਕ ਛੋਟੇ ਗਰੁੱਪ ‘ਦ ਰੈਜ਼ਿਸਟੈਂਸ ਫਰੰਟ’ (TRF) ਨੇ ਲਈ ਸੀ।
ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਚਾਲੂ ਕੀਤਾ ‘ਆਪਰੇਸ਼ਨ ਸਿੰਦੂਰ’
ਪਹਿਲਗਾਮ ਦੇ ਅੱਤਵਾਦੀ ਹਮਲੇ ਦੇ ਜਵਾਬ ਵਜੋਂ, ਭਾਰਤ ਨੇ 7 ਮਈ ਨੂੰ ‘ਆਪਰੇਸ਼ਨ ਸਿੰਦੂਰ’ ਦੇ ਨਾਮ ਨਾਲ ਪਾਕਿਸਤਾਨ ਖਿਲਾਫ ਇੱਕ ਜਵਾਬੀ ਕਾਰਵਾਈ ਸ਼ੁਰੂ ਕੀਤੀ। ਇਸ ਆਪਰੇਸ਼ਨ ਦੇ ਤਹਿਤ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਅਧੀਨ ਕਸ਼ਮੀਰ (POK) ਵਿੱਚ 9 ਅੱਤਵਾਦੀ ਠਿਕਾਣਿਆਂ ‘ਤੇ ਸਟਿਕ ਅਟੈਕ ਕੀਤੇ, ਜਿਨ੍ਹਾਂ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ।
4 ਦਿਨਾਂ ਤੱਕ ਚੱਲੀ ਘਾਤਕ ਫੌਜੀ ਕਾਰਵਾਈ ਤੋਂ ਬਾਅਦ ਲਾਗੂ ਹੋਇਆ ਸੀਜ਼ਫ਼ਾਇਰ
ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਡਰੋਨ ਅਤੇ ਮਿਸਾਈਲ ਹਮਲੇ ਸ਼ੁਰੂ ਹੋ ਗਏ। ਭਾਰਤ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਸਾਰੇ ਡਰੋਨ ਅਤੇ ਮਿਸਾਈਲ ਹਮਲਿਆਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਇਸਦੇ ਨਾਲ ਨਾਲ, ਭਾਰਤ ਨੇ ਪਾਕਿਸਤਾਨ ਦੇ ਕਈ ਸੂਬਿਆਂ ਅਤੇ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ। ਲਗਾਤਾਰ 4 ਦਿਨਾਂ ਤੱਕ ਚੱਲੀਆਂ ਘਾਤਕ ਫੌਜੀ ਕਾਰਵਾਈਆਂ ਤੋਂ ਬਾਅਦ ਦੋਹਾਂ ਪੱਖਾਂ ਵਿੱਚ ਸੀਜ਼ਫ਼ਾਇਰ ਦੀ ਸਹਿਮਤੀ ਹੋਈ। ਹਾਲਾਂਕਿ, ਸੀਜ਼ਫ਼ਾਇਰ ਲਾਗੂ ਹੋਣ ਤੋਂ ਬਾਅਦ ਵੀ ਭਾਰਤ ਨੇ ਪਾਕਿਸਤਾਨ ਉੱਤੇ ਲਗਾਏ ਗਏ ਪਾਬੰਦੀਆਂ ਨੂੰ ਜਾਰੀ ਰੱਖਿਆ ਹੈ।
ਭਾਰਤ ਦੇ ਵਿਦੇਸ਼ ਮੰਤਰੀ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀਰਵਾਰ (15 ਮਈ, 2025) ਨੂੰ ਇਹ ਗੱਲ ਸਾਫ ਕਰ ਦਿੱਤੀ ਕਿ ਭਾਰਤ ਪਾਕਿਸਤਾਨ ਨਾਲ ਉਸੇ ਵੇਲੇ ਗੱਲਬਾਤ ਲਈ ਤਿਆਰ ਹੋਵੇਗਾ, ਜਦੋਂ ਪਾਕਿਸਤਾਨ ਆਪਣੇ ਦੇਸ਼ ਵਿੱਚ ਮੌਜੂਦ ਸਾਰੇ ਅੱਤਵਾਦੀ ਢਾਂਚਿਆਂ ਅਤੇ ਉਹਨਾਂ ਨਾਲ ਆਪਣੇ ਸੰਬੰਧਾਂ ਨੂੰ ਖਤਮ ਕਰਨ ਲਈ ਤਿਆਰ ਹੋਵੇਗਾ।