
ਨਵੀਂ ਦਿੱਲੀ, 16 ਮਈ – ਤੁਰਕੀ ਵਲੋਂ ਪਾਕਿਸਤਾਨ ਦੀ ਮਦਦ ਕਰਨ ਤੋਂ ਬਾਅਦ ਭਾਰਤ ਨਾਲ ਇਸ ਦੇ ਰਿਸ਼ਤੇ ਵਿਗੜਦੇ ਨਜ਼ਰ ਆ ਰਹੇ ਹਨ। ਹੁਣ ਪਾਕਿਸਤਾਨ ਤੋਂ ਬਾਅਦ ਭਾਰਤ ਤੁਰਕੀ ਵਿਰੁੱਧ ਕਾਰਵਾਈ ਕਰ ਰਿਹਾ ਹੈ। ਦੱਸ ਦਈਏ ਕਿ ਭਾਰਤ ਨੇ ਤੁਰਕੀ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਤੁਰਕੀ ਏਅਰਪੋਰਟ ਦੀ ਗ੍ਰਾਉਂਡ ਹੈਂਡਲਿੰਗ ਕੰਪਨੀ ਸੈਲੇਬੀ ਦੀ ਸੁਰੱਖਿਆ ਮੰਜ਼ੂਰੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਭਾਰਤ ਨੇ ਤੁਰੰਤ ਪ੍ਰਭਾਵ ਨਾਲ ਲਾਇਸੈਂਸ ਕੀਤਾ ਰੱਦ
ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਗ੍ਰਾਉਂਡ ਹੈਂਡਲਿੰਗ ਏਜੰਸੀ ਕੈਟੇਗਰੀ ਦੇ ਤਹਿਤ ਸੈਲੇਬੀ ਏਅਰਪੋਰਟ ਸਰਵਿਸਿਸ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਮਾਮਲੇ ਵਿੱਚ ਸੁਰੱਖਿਆ ਮੰਜ਼ੂਰੀ ਨੂੰ BCAS ਦੇ ਡਾਇਰੈਕਟਰ ਜਨਰਲ ਵਲੋਂ ਪੱਤਰ ਨੰਬਰ 15/99/2022-Delhi-BCAS/E-219110 ਮਿਤੀ 21.11.2022 ਦੇ ਤਹਿਤ ਮੰਜ਼ੂਰੀ ਦਿੱਤੀ ਗਈ।” ਬਿਆਨ ਵਿੱਚ ਅੱਗੇ ਕਿਹਾ ਗਿਆ, “BCAS ਦੇ ਡਾਇਰੈਕਟਰ ਜਨਰਲ ਨੂੰ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ, ਸੇਲੇਬੀ ਏਅਰਪੋਰਟ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਬੰਧ ਵਿੱਚ ਸੁਰੱਖਿਆ ਪ੍ਰਵਾਨਗੀ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਂਦੀ ਹੈ।
ਤੁਰਕੀ ਨੇ ਦਿੱਤਾ ਸੀ ਪਾਕਿਸਤਾਨ ਦਾ ਸਾਥ
ਜ਼ਿਕਰ ਕਰ ਦਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਾਲੇ ਖੜਕ ਗਈ, ਜਿਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਪਾਕਿਸਤਾਨ ਵਿਰੁੱਧ ਆਪਰੇਸ਼ਨ ਸਿੰਦੂਰ ਚਲਾਇਆ, ਜਿਸ ਵਿੱਚ ਪਾਕਿਸਤਾਨ ਦੇ ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ। ਜਦੋਂ ਪਾਕਿਸਤਾਨ ਨੇ ਭਾਰਤ ‘ਤੇ ਡਰੋਨ ਅਟੈਕ ਕੀਤਾ ਤਾਂ ਉਸ ਵਿੱਚ ਤੁਰਕੀ ਨੇ ਪਾਕਿਸਤਾਨ ਦਾ ਸਾਥ ਦਿੱਤਾ, ਜਿਸ ਤੋਂ ਬਾਅਦ ਭਾਰਤ ਵਿੱਚ ਤੁਰਕੀ ਦਾ ਵਿਰੋਧ ਹੋਣ ਲੱਗ ਪਿਆ ਅਤੇ ਨਾਲ ਹੀ “Boycott Turkey” ਵੀ ਟ੍ਰੈਂਡ ਕਰ ਰਿਹਾ ਹੈ।