May 16, 2025

ਲੁਧਿਆਣਾ ਦੇ ਲਕਸ਼ਿਆ ਸ਼ਰਮਾ ਨੇ ਆਲ ਇੰਡੀਆ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ‘ਚ ਜਿੱਤਿਆ ਚਾਂਦੀ ਦਾ ਤਗ਼ਮਾ

ਲੁਧਿਆਣਾ, 16 ਮਈ – ਲਕਸ਼ਿਆ ਸ਼ਰਮਾ ਨੇ ਪੰਜਾਬ ਦਾ ਨਾਂ ਕੌਮੀ ਬੈਡਮਿੰਟਨ ਖੇਡਾਂ ਦੇ ਵਿੱਚ ਰੌਸ਼ਨ ਕੀਤਾ ਹੈ। ਉਸ ਨੇ ਆਲ ਇੰਡੀਆ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਹੈਦਰਾਬਾਦ ਦੇ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ ਹੈ। ਪਿਛਲੇ 40 ਸਾਲਾਂ ਦੇ ਵਿੱਚ ਅਜਿਹਾ ਕਰਨ ਵਾਲਾ ਉਹ ਲੁਧਿਆਣਾ ਦਾ ਪਹਿਲਾ ਖਿਡਾਰੀ ਬਣਿਆ ਹੈ। ਲਕਸ਼ਿਆ ਸ਼ਰਮਾ ਨੇ ਜਿੱਤਿਆ ਸਿਲਵਰ ਮੈਡਲ ਉਸ ਦੇ ਪਿਤਾ ਵੱਲੋਂ ਈਟੀਵੀ ਭਾਰਤ ਦੀ ਟੀਮ ਨਾਲ ਹੈਦਰਾਬਾਦ ਤੋਂ ਇਹ ਗੱਲ ਸਾਂਝੀ ਕੀਤੀ ਗਈ ਹੈ। ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਸਿੰਗਲਸ ਦੇ ਵਿੱਚ ਫਾਈਨਲ ‘ਚ ਪਹੁੰਚਣ ਵਾਲਾ ਲਕਸ਼ਿਆ ਸ਼ਰਮਾ ਲੁਧਿਆਣੇ ਦਾ ਪਹਿਲਾ ਖਿਡਾਰੀ ਬਣਿਆ ਹੈ। ਉਸ ਨੇ ਕੁਆਰਟਰ ਫਾਈਨਲ ਤੱਕ ਸਾਰੇ ਮੁਕਾਬਲੇ ਸਿੰਗਲਸ ‘ਚ ਜਿੱਤੇ ਪਰ ਫਾਈਨਲ ‘ਚ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਦੇ ਬਾਵਜੂਦ ਉਸ ਨੇ ਪੰਜਾਬ ਦੀ ਝੋਲੀ ਸਿਲਵਰ ਮੈਡਲ ਪਾਇਆ ਹੈ। ਪਹਿਲਾਂ ਮੈਚਾਂ ‘ਚ ਵਿਰੋਧੀਆਂ ਨੂੰ ਦਿੱਤੀ ਟੱਕਰ ਫਾਈਨਲ ਤੋਂ ਇਲਾਵਾ ਲਕਸ਼ਿਆ ਸ਼ਰਮਾ ਨੇ ਲਗਾਤਾਰ ਜਿੱਤ ਹਾਸਿਲ ਕੀਤੀ। ਹਾਲਾਂਕਿ ਫਾਈਨਲ ਦੇ ਵਿੱਚ ਉਹ ਜਿੱਤ ਨਹੀਂ ਸਕਿਆ ਪਰ ਇਸ ਤੋਂ ਪਹਿਲਾਂ ਵੱਖ-ਵੱਖ ਰਾਊਂਡ ਦੇ ਵਿੱਚ ਉਸ ਨੇ ਜਿੱਤ ਹਾਸਿਲ ਕੀਤੀ ਹੈ। ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵੱਲੋਂ ਇਹ ਟੂਰਨਾਮੈਂਟ ਕਰਵਾਏ ਜਾ ਰਹੇ ਸਨ। ਜਿਸ ਵਿੱਚ ਦੇਸ਼ ਭਰ ਤੋਂ ਖਿਡਾਰੀ ਹਿੱਸਾ ਲੈਣ ਪਹੁੰਚੇ ਹੋਏ ਸਨ। ਲਕਸ਼ੇ ਸ਼ਰਮਾ ਨੇ 32 ਰਾਊਂਡ ਦੇ ਵਿੱਚ ਕੁਆਰਟਰ ਫਾਈਨਲ ‘ਚ ਪਹੁੰਚਣ ਤੋਂ ਪਹਿਲਾਂ ਅਜੇ ਜੋਸ਼ੀ ਨੂੰ ਮਾਤ ਦਿੱਤੀ। ਲਕਸ਼ਿਆ ਨੇ ਉਸ ਨੂੰ 21-12, 19-21, 21-17 ਨਾਲ ਹਰਾਇਆ।

ਲੁਧਿਆਣਾ ਦੇ ਲਕਸ਼ਿਆ ਸ਼ਰਮਾ ਨੇ ਆਲ ਇੰਡੀਆ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ‘ਚ ਜਿੱਤਿਆ ਚਾਂਦੀ ਦਾ ਤਗ਼ਮਾ Read More »

ਫਿਰ ਅਸਮਾਨ ‘ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ

ਨਵੀਂ ਦਿੱਲੀ, 16 ਮਈ – ਮਜ਼ਬੂਤ ਸਪਾਟ ਮੰਗ ਦੇ ਵਿਚਕਾਰ ਸੱਟੇਬਾਜ਼ਾਂ ਦੁਆਰਾ ਨਵੇਂ ਸੌਦਿਆਂ ਦੇ ਕਾਰਨ, ਵਾਅਦਾ ਕਾਰੋਬਾਰ ਵਿੱਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਮੁੜ ਵਾਧਾ ਹੋਇਆ ਹੈ। 22 ਕੈਰਟ ਸੋਨੇ ਦੀ ਕੀਮਤ 110 ਰੁਪਏ ਵੱਧ ਕੇ ਪ੍ਰਤੀ ਦਸ ਗ੍ਰਾਮ 87200 ਰੁਪਏ ਹੋ ਗਈ ਹੈ। 24 ਕੈਰਟ ਸੋਨੇ ਦੀ ਕੀਮਤ 120 ਰੁਪਏ ਵੱਧ ਕੇ 95130 ਰੁਪਏ ਤਕ ਪਹੁੰਚ ਗਈ ਹੈ ਤੇ 18 ਕੈਰਟ ਸੋਨੇ ਦੀ ਕੀਮਤ 90 ਰੁਪਏ ਵੱਧ ਕੇ 71350 ਤਕ ਪਹੁੰਚ ਗਈ ਹੈ। ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਗੀਦਾਰਾਂ ਵੱਲੋਂ ਕੀਤੇ ਗਏ ਨਵੇਂ ਕਾਰੋਬਾਰ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਰੱਖੋ ਇਨ੍ਹਾਂ ਗੱਲਾਂ ਦਾ ਧਿਆਨ – ਹਾਲਮਾਰਕ ਵਾਲੇ ਗਹਿਣੇ ਹੀ ਖਰੀਦੋ  ਹਮੇਸ਼ਾ ਹਾਲਮਾਰਕ ਵਾਲੇ ਗਹਿਣੇ ਹੀ ਖਰੀਦੋ। ਹਾਲਮਾਰਕ ਵਾਲੇ ਗਹਿਣੇ ਇਸ ਗੱਲ ਦੀ ਗਾਰੰਟੀ ਹੈ ਕਿ ਗਹਿਣੇ ਸ਼ੁੱਧ ਹਨ ਕਿਉਂਕਿ ਇਹ ਨਿਸ਼ਾਨ ਭਾਰਤੀ ਸਟੈਂਡਰਡ ਬਿਊਰੋ ਵਲੋਂ ਦਿੱਤਾ ਜਾਂਦਾ ਹੈ। ਜੇਕਰ ਹਾਲਮਾਰਕ ਵਾਲੇ ਗਹਿਣੇ ’ਤੇ 999 ਲਿਖਿਆ ਹੈ ਤਾਂ ਸੋਨਾ 99.9 ਫ਼ੀਸਦੀ ਸ਼ੁੱਧ ਹੈ। ਜੇਕਰ ਹਾਲਮਾਰਕ ਨਾਲ 916 ਦਾ ਅੰਕ ਲਿਖਿਆ ਹੋਇਆ ਹੈ ਤਾਂ ਉਹ ਗਹਿਣਾ 22 ਕੈਰਟ ਦਾ ਹੈ ਅਤੇ 91.6 ਫ਼ੀਸਦੀ ਸ਼ੁੱਧ ਹੈ। – ਬਿੱਲ ਦੀ ਪੱਕੀ ਰਸੀਦ ਜ਼ਰੂਰ ਲਵੋ ਸਿੱਕਾ ਜਾਂ ਗਹਿਣੇ ਖਰੀਦਦੇ ਸਮੇਂ ਕੱਚੀ ਪਰਚੀ ਲੈ ਕੇ ਕੁਝ ਪੈਸਾ ਬਚਾਉਣ ਦਾ ਰਿਵਾਜ਼ ਹੈ। ਦੁਕਾਨਦਾਰ ਇਸ ਦਾ ਲਾਭ ਗਾਹਕ ਨੂੰ ਨਾ ਦੇ ਕੇ ਖੁਦ ਲੈ ਲੈਂਦਾ ਹੈ। ਇਸ ਤਰ੍ਹਾਂ ਨਾਲ ਨਕਲੀ ਗਹਿਣਾ ਵੇਚ ਕੇ ਵਾਧੂ ਲਾਭ ਕਮਾਉਂਦਾ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਦੁਕਾਨਦਾਰ ਆਪਣੀ ਹੀ ਪਰਚੀ ਦੀ ਪਛਾਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਇਸ ਲਈ ਪੱਕਾ ਬਿੱਲ ਜ਼ਰੂਰ ਲਵੋ। – ਸ਼ੁੱਧਤਾ ਦਾ ਸਰਟੀਫਿਕੇਟ ਲੈਣਾ ਨਾ ਭੁੱਲੋ ਸੋਨੇ ਦੇ ਗਹਿਣੇ ਖੀਰਦਦੇ ਸਮੇਂ ਸਰਟੀਫਿਕੇਟ ਲੈਣਾ ਨਾ ਭੁੱਲੋ। ਸਰਟੀਫਿਕੇਟ ‘ਚ ਸੋਨੇ ਦੇ ਕੈਰਟ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਤੁਹਾਡੇ ਗਹਿਣੇ ‘ਚ ਕਿੰਨਾ ਸੋਨਾ ਹੈ ਅਤੇ ਇਸ ਨੂੰ ਬਣਾਉਣ ਲਈ ਕਿੰਨੇ ਫੀਸਦੀ ਹੋਰ ਧਾਤੂ ਨੂੰ ਮਿਲਾਇਆ ਗਿਆ ਹੈ। ਸੋਨੇ ਦੀ ਜਿਊਲਰੀ ਕਦੇ ਵੀ 24 ਕੈਰਟ ਗੋਲਡ ਨਾਲ ਨਹੀਂ ਬਣਦੀ ਹੈ। ਇਹ 22 ਕੈਰਟ ’ਚ ਬਣਦੀ ਹੈ ਅਤੇ ਹਮੇਸ਼ਾ 24 ਕੈਰਟ ਗੋਲਡ ਨਾਲੋਂ ਸਸਤੀ ਹੁੰਦੀ ਹੈ, ਇਸ ਲਈ ਜਦੋਂ ਵੀ ਸੋਨੇ ਦੀ ਜਿਊਲਰੀ ਖਰੀਦੋ ਤਾਂ ਇਹ ਧਿਆਨ ਰੱਖੋ ਕਿ ਜੌਹਰੀ ਤੁਹਾਥੋਂ 22 ਕੈਰਟ ਦੇ ਹਿਸਾਬ ਨਾਲ ਪੈਸਾ ਲੈ ਰਿਹਾ ਹੈ।

ਫਿਰ ਅਸਮਾਨ ‘ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ Read More »

ਕੈਨੇਡਾ ‘ਚ ਨਵੀਂ ਸਰਕਾਰ ਬਣਦੇ ਹੀ ਟੈਕਸ ‘ਚ 14% ਦੀ ਕਟੋਤੀ

ਕੈਨੇਡਾ, 16 ਮਈ – ਕੈਨੇਡਾ ਵਿੱਚ ਨਵੀਂ ਸਰਕਾਰ ਦੇ ਗਠਨ ਦੇ ਨਾਲ, ਉੱਥੋਂ ਦੇ ਮੱਧ ਵਰਗ ਨੂੰ ਆਮਦਨ ਟੈਕਸ ਵਿੱਚ ਰਾਹਤ ਮਿਲੀ ਹੈ। ਨਵੀਂ ਸਰਕਾਰ ਨੇ ਆਪਣੇ ਨਵੇਂ ਸੰਸਦੀ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਇਹ ਵੱਡਾ ਐਲਾਨ ਕੀਤਾ ਹੈ। 1 ਜੁਲਾਈ, 2025 ਤੋਂ ਨਿੱਜੀ ਆਮਦਨ ਟੈਕਸ ਦੀ ਘੱਟੋ-ਘੱਟ ਦਰ 15 ਪ੍ਰਤੀਸ਼ਤ ਤੋਂ ਘਟਾ ਕੇ 14 ਪ੍ਰਤੀਸ਼ਤ ਕਰ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਲਗਭਗ 22 ਮਿਲੀਅਨ ਕੈਨੇਡੀਅਨ ਨਾਗਰਿਕਾਂ ਨੂੰ ਲਾਭ ਹੋਵੇਗਾ। ਕੈਨੇਡੀਅਨ ਸਰਕਾਰ ਦੇ ਅਨੁਸਾਰ, ਦੋ-ਆਮਦਨ ਵਾਲੇ ਪਰਿਵਾਰ ਸਾਲ 2026 ਤੱਕ ਸਾਲਾਨਾ 840 ਅਮਰੀਕੀ ਡਾਲਰ (ਲਗਭਗ 70,000 ਰੁਪਏ) ਤੱਕ ਦੀ ਬਚਤ ਕਰ ਸਕਦੇ ਹਨ। ਇਸ ਫੈਸਲੇ ਨੂੰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਵਿਚਕਾਰ ਆਮ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, “ਕੈਨੇਡਾ ਦੀ ਨਵੀਂ ਕੈਬਨਿਟ ਨੇ ਅੱਜ ਆਪਣੀ ਪਹਿਲੀ ਮੀਟਿੰਗ ਕੀਤੀ। ਅਸੀਂ ਕਈ ਫੈਸਲੇ ਲਏ। ਉਨ੍ਹਾਂ ਵਿੱਚੋਂ ਮੱਧ ਵਰਗ ਲਈ ਟੈਕਸ ਵਿੱਚ ਕਟੌਤੀ ਵੀ ਸ਼ਾਮਲ ਹੈ। 1 ਜੁਲਾਈ ਤੋਂ, ਮਿਹਨਤੀ ਕੈਨੇਡੀਅਨ ਹੁਣ ਆਪਣੀ ਤਨਖਾਹ ਵਿੱਚੋਂ ਹੋਰ ਪੈਸੇ ਰੱਖ ਸਕਣਗੇ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਜੇਬਾਂ ਵਿੱਚ ਸਿੱਧਾ ਪੈਸਾ ਪਾਉਣ ਦੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਕੈਨੇਡਾ ਦੇ ਨਵੇਂ ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ, ਫ੍ਰਾਂਸੋਆ-ਫਿਲਿਪ ਸ਼ੈਂਪੇਨ ਨੇ ਕਿਹਾ “ਅੱਜ ਦੀ ਟੈਕਸ ਕਟੌਤੀ ਸਾਨੂੰ ਆਰਥਿਕ ਵਿਕਾਸ ਦੇ ਰਾਹ ‘ਤੇ ਪਾਉਂਦੀ ਹੈ। ਇਹ ਫੈਸਲਾ ਮਿਹਨਤੀ ਕੈਨੇਡੀਅਨਾਂ ਨੂੰ ਮਹੱਤਵਪੂਰਨ ਚੀਜ਼ਾਂ ‘ਤੇ ਖਰਚ ਕਰਨ ਵਿੱਚ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਵਧਣ ਦਾ ਮੌਕਾ ਦੇਵੇਗਾ।” ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਵਿਸ਼ਵ ਵਪਾਰ ਅਤੇ ਟੈਰਿਫ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਹ ਰਾਹਤ ਮਹੱਤਵਪੂਰਨ ਹੈ।

ਕੈਨੇਡਾ ‘ਚ ਨਵੀਂ ਸਰਕਾਰ ਬਣਦੇ ਹੀ ਟੈਕਸ ‘ਚ 14% ਦੀ ਕਟੋਤੀ Read More »

ਪੰਜਾਬ ਦੇ 9 ਜ਼ਿਲ੍ਹਿਆਂ ‘ਚ ਹੀਟਵੇਵ ਦਾ ਅਲਰਟ

ਚੰਡੀਗੜ੍ਹ, 16 ਮਈ – ਪੰਜਾਬ ਵਿੱਚ ਅੱਜ ਮੌਸਮ ਨੂੰ ਲੈ ਕੇ ਯੈਲੋ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ ਦੇ 9 ਜ਼ਿਲ੍ਹਿਆਂ ਲਈ ਜਾਰੀ ਹੋਇਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਵਲੋਂ ਜਾਰੀ ਅੰਕੜਿਆਂ ਅਨੁਸਾਰ, ਪੰਜਾਬ ਰਾਜ ਵਿੱਚ ਔਸਤਨ ਤਾਪਮਾਨ ‘ਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਸੂਬੇ ਭਰ ਵਿੱਚ ਤਾਪਮਾਨ ਆਮ ਤੌਰ ‘ਤੇ 2.9 ਡਿਗਰੀ ਸੈਲਸੀਅਸ ਵੱਧ ਹੈ, ਜਿਸ ਕਰਕੇ ਲੂ ਵਾਲੀ ਸਥਿਤੀ ਬਣੀ ਹੋਈ ਹੈ। ਸਭ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਬਠਿੰਡਾ ‘ਚ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ‘ਚ 41.7°C, ਅੰਮ੍ਰਿਤਸਰ ‘ਚ 41.2°C, ਲੁਧਿਆਣਾ ‘ਚ 41.8°C ਅਤੇ ਪਟਿਆਲਾ ‘ਚ 41.4°C ਤਾਪਮਾਨ ਰਿਕਾਰਡ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਤੋਂ 1.5 ਡਿਗਰੀ ਸੈਲਸੀਅਸ ਤੱਕ ਵਾਧਾ ਦੇਖਣ ਨੂੰ ਮਿਲਿਆ ਹੈ। ਹੀਟਵੇਵ ਕਰੇਗੀ ਪਰੇਸ਼ਾਨੀ IMD ਅਨੁਸਾਰ ਅੱਜ ਦੱਖਣੀ ਪੰਜਾਬ ਦੇ ਫ਼ਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਲੂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 17 ਮਈ ਨੂੰ ਵੀ ਕੁਝ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਵਾਲੇ ਹਨ। ਕੱਲ੍ਹ ਵੀ ਉੱਤਰੀ ਪੰਜਾਬ ਸੁਰੱਖਿਅਤ ਰਹੇਗਾ, ਪਰ ਦੱਖਣੀ ਪੰਜਾਬ ਵਿੱਚ ਲੂ ਦੀ ਚੇਤਾਵਨੀ ਸੰਗਰੂਰ ਅਤੇ ਪਟਿਆਲਾ ਤੱਕ ਵਧਾ ਦਿੱਤੀ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ 18 ਮਈ ਨੂੰ ਸੂਬੇ ਭਰ ਵਿੱਚ ਮੌਸਮ ਸਧਾਰਨ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, 19 ਮਈ ਨੂੰ ਉੱਤਰੀ-ਪੱਛਮੀ ਪੰਜਾਬ ਵਿੱਚ ਦਰਮਿਆਨੇ ਤੂਫ਼ਾਨ ਅਤੇ ਬਿਜਲੀ ਕੜਕੰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਦਕਿ ਦੱਖਣ-ਪੂਰਬੀ ਹਿੱਸਿਆਂ ਵਿੱਚ ਹਾਲਾਤ ਸਧਾਰਨ ਰਹਿਣਗੇ। ਅੰਮ੍ਰਿਤਸਰ: ਅੱਜ ਅਸਮਾਨ ਸਾਫ਼ ਰਹੇਗਾ। ਤਾਪਮਾਨ ‘ਚ ਲਗਭਗ 1 ਡਿਗਰੀ ਦਾ ਵਾਧਾ ਹੋ ਸਕਦਾ ਹੈ। ਤਾਪਮਾਨ 25 ਤੋਂ 42 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਜਲੰਧਰ: ਅੱਜ ਅਸਮਾਨ ਸਾਫ਼ ਰਹੇਗਾ। ਤਾਪਮਾਨ ‘ਚ ਲਗਭਗ 1 ਡਿਗਰੀ ਦਾ ਵਾਧਾ ਹੋ ਸਕਦਾ ਹੈ। ਤਾਪਮਾਨ 23 ਤੋਂ 40 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਲੁਧਿਆਣਾ: ਅੱਜ ਅਸਮਾਨ ਸਾਫ਼ ਰਹੇਗਾ। ਤਾਪਮਾਨ ‘ਚ ਲਗਭਗ 1 ਡਿਗਰੀ ਦਾ ਵਾਧਾ ਹੋ ਸਕਦਾ ਹੈ। ਤਾਪਮਾਨ 24 ਤੋਂ 42 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਪਟਿਆਲਾ – ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਲਗਭਗ 1 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਤਾਪਮਾਨ 25 ਤੋਂ 43 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਮੋਹਾਲੀ – ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਲਗਭਗ 1 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਤਾਪਮਾਨ 25 ਤੋਂ 41 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।

ਪੰਜਾਬ ਦੇ 9 ਜ਼ਿਲ੍ਹਿਆਂ ‘ਚ ਹੀਟਵੇਵ ਦਾ ਅਲਰਟ Read More »

ਅੰਮ੍ਰਿਤਸਰ ‘ਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੀਆਂ ਦੀ ਗਣਤੀ 27 ਤੱਕ ਪੁੱਜੀ, ਫਿਰ ਵੀ ਸ਼ਰੇਆਮ ਵੇਚੀ ਜਾਦੀਂ ਹੈ ਗ਼ੈਰ ਕਾਨੂੰਨੀ ਸ਼ਰਾਬ

ਅੰਮ੍ਰਿਤਸਰ, 16 ਮਈ – ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 27 ਮੌਤਾਂ ਹੋਣ ਦੇ ਬਾਵਜੂਦ ਨਾਜਾਇਜ਼ ਸ਼ਰਾਬ ਧੜੱਲੇ ਨਾਲ ਵਿਕ ਰਹੀ ਹੈ। ਮੌਤਾਂ ਤੋਂ ਡਰੇ ਹੋਏ ਲੋਕਾਂ ਨੇ ਖ਼ੁਦ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਸ਼ਰਾਬ ਦੀ ਗ਼ੈਰ-ਕਾਨੂੰਨੀ ਵਿਕਰੀ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਲਿਫ਼ਾਫ਼ਿਆਂ ਅਤੇ ਬੋਤਲਾਂ ਵਿੱਚ ਨਾਜਾਇਜ਼ ਸ਼ਰਾਬ ਲਿਆਉਂਦੇ ਫੜਿਆ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇੱਥੇ ਵੀ ਮਜੀਠਾ ਵਾਂਗ ਸ਼ਰਾਬ ਗ਼ੈਰ-ਕਾਨੂੰਨੀ ਤੌਰ ‘ਤੇ ਪ੍ਰਚੂਨ ਪੱਧਰ ‘ਤੇ ਵੇਚੀ ਜਾ ਰਹੀ ਹੈ। ਪੁੱਛਣ ‘ਤੇ ਉਸਨੇ ਕਿਹਾ ਕਿ ਇੱਕ ਅਪਾਹਜ ਵਿਅਕਤੀ ਇਹ ਸ਼ਰਾਬ ਵੇਚ ਰਿਹਾ ਸੀ। 50 ਰੁਪਏ ਵਿੱਚ ਉਹ ਇੱਕ ਥੈਲੇ ਵਿੱਚ ਸ਼ਰਾਬ ਦਿੰਦਾ ਹੈ। ਲੋਕਾਂ ਨੇ ਇਸ ਦੇ 3 ਵੀਡੀਓ ਬਣਾਏ ਤੇ ਵਾਇਰਲ ਕਰ ਦਿੱਤੇ। ਜਦੋਂ ਇਹ ਵੀਡੀਓ ਵਾਇਰਲ ਹੋ ਕੇ ਅੰਮ੍ਰਿਤਸਰ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਜਾਗ ਪਈ ਜਿਸ ਤੋਂ ਬਾਅਦ ਗੈਰ-ਕਾਨੂੰਨੀ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ।ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਇਹ ਵਾਇਰਲ ਵੀਡੀਓ ਸਾਂਝੀ ਕਰਦਿਆਂ ਲਿਖਿਆ, ਮਜੀਠੇ ਹਲਕੇ ‘ਚ ਹੋਈਆਂ 26 ਮੌਤਾਂ ਦੇ ਬਾਅਦ ਵੀ ਸ਼ਰਾਬ ਮਾਫੀਆ ਸ਼ਰੇਆਮ ਨਜਾਇਜ਼ ਸ਼ਰਾਬ ਵੇਚ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਜ਼ਿਕਰਯੋਗ ਹੈ ਕੀ ਬਾਬਾ ਬਕਾਲਾ ਸਾਹਿਬ ਦੇ MLA ਦਲਬੀਰ ਸਿੰਘ ਟੌਂਗ ਦਾ ਇਹ ਪਿੰਡ ਹੈ।  ਨਜਾਇਜ਼ ਸ਼ਰਾਬ ਖਰੀਦਣ ਵਾਲਾ ਵਿਅਕਤੀ ਵੀ ਦੱਸ ਰਿਹਾ ਹੈ ਕਿ ਨਜਾਇਜ਼ ਸ਼ਰਾਬ ਦੀ ਵਿਕਰੀ ਵਿਧਾਇਕ ਦੇ ਦਫ਼ਤਰ ਨੇੜੇ ਹੀ ਹੋ ਰਹੀ ਹੈ। ਭਗਵੰਤ ਮਾਨ ਜੀ ਹੋਰ ਕਿੰਨੇ ਸਬੂਤ ਚਾਹੀਦੇ ਹਨ ਸ਼ਰਾਬ ਮਾਫੀਆ ਦੇ ਖਿਲਾਫ਼ ਕਾਰਵਾਈ ਕਰਨ ਲਈ ? ਜਾਂ ਤੁਸੀਂ ਕੋਈ ਕਾਰਵਾਈ ਨਹੀਂ ਕਰੋਗੇ ਕਿਉਂਕਿ ਤੁਹਾਡੇ ਆਪਣੇ ਬੰਦੇ ਸ਼ਰਾਬ ਮਾਫੀਆ ਦਾ ਹਿੱਸਾ ਹਨ.

ਅੰਮ੍ਰਿਤਸਰ ‘ਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੀਆਂ ਦੀ ਗਣਤੀ 27 ਤੱਕ ਪੁੱਜੀ, ਫਿਰ ਵੀ ਸ਼ਰੇਆਮ ਵੇਚੀ ਜਾਦੀਂ ਹੈ ਗ਼ੈਰ ਕਾਨੂੰਨੀ ਸ਼ਰਾਬ Read More »

ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫਾਇਰਿੰਗ

ਮੁਹਾਲੀ, 16 ਮਈ – ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ। ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਚਰਚਿਤ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਸੈਕਟਰ-71 ਵਾਲੇ ਘਰ ਦੇ ਬਾਹਰ ਦੋ ਨੌਜਵਾਨ ਬਾਈਕ ‘ਤੇ ਆਏ ਅਤੇ 6-7 ਗੋਲੀਆਂ ਚਲਾਈਆਂ। ਪਹਿਲਾਂ ਨੌਜਵਾਨਾਂ ਨੇ ਹਵਾਈ ਫਾਇਰ ਕੀਤੇ, ਫਿਰ ਵਾਪਸ ਬਾਈਕ ‘ਤੇ ਬੈਠ ਕੇ ਧਾਲੀਵਾਲ ਦੇ ਘਰ ਉੱਤੇ ਫਾਇਰਿੰਗ ਕੀਤੀ। ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਗੋਲੀਆਂ ਘਰ ਦੇ ਦਰਵਾਜ਼ੇ ਉੱਤੇ ਲੱਗੀਆਂ। ਖੁਸ਼ਕਿਸਮਤੀ ਨਾਲ ਕੋਈ ਜਖਮੀ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪਿੰਕੀ ਧਾਲੀਵਾਲ ਉਸ ਸਮੇਂ ਘਰ ਦੇ ਅੰਦਰ ਹੀ ਮੌਜੂਦ ਸਨ। ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰਨ ਤੋਂ ਬਾਅਦ SSP ਹਰਮਨਦੀਪ ਸਿੰਘ ਹੰਸ ਅਤੇ SHO ਮਟੌਰ ਟੀਮ ਨਾਲ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਕਾਰਤੂਸ ਵੀ ਬਰਾਮਦ ਕੀਤੇ ਹਨ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਫੁਟੇਜ ਪੁਲਿਸ ਨੇ ਜ਼ਬਤ ਕਰ ਲਈ ਹੈ। ਜਿਸ ਸਮੇਂ ਫਾਇਰਿੰਗ ਹੋਈ, ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਤੇਜ਼ ਹਨੇਰੀ ਕਾਰਨ ਬਿਜਲੀ ਚੱਲੀ ਗਈ ਸੀ। ਹਮਲਾਵਰਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ। ਪੁਲਿਸ ਨੇ ਘਰ ਦੇ ਬਾਹਰ ਘੇਰਾਬੰਦੀ ਕਰਕੇ ਸੜਕ ਬੰਦ ਕਰਵਾ ਦਿੱਤੀ ਹੈ ਅਤੇ ਪੀਸੀਆਰ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਪੂਰੇ ਸ਼ਹਿਰ ‘ਚ ਨਾਕਾਬੰਦੀ ਕਰ ਦਿੱਤੀ ਗਈ। ਪ੍ਰੋਡਿਊਸਰ ਪਿੰਕੀ ਧਾਲੀਵਾਲ ਹਾਲ ਹੀ ਵਿੱਚ ਉਸ ਸਮੇਂ ਚਰਚਾ ‘ਚ ਆਏ ਸਨ ਜਦੋਂ 33 ਸਾਲਾ ਗਾਇਕਾ ਸੁਨੰਦਾ ਸ਼ਰਮਾ ਨੇ ਉਨ੍ਹਾਂ ‘ਤੇ ਕੁੱਝ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਧਾਲੀਵਾਲ ਨੂੰ ਮਟੌਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਪਰ ਬਾਅਦ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ।

ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫਾਇਰਿੰਗ Read More »

ਫ਼ੌਜੀ ਟਕਰਾਅ ਦੇ ਨਵੇਂ ਨੇਮ/ਲੈਫਟੀਨੈਂਟ ਜਨਰਲ (ਸੇਵਾਮੁਕਤ) ਐੱਸਐੱਸ ਮਹਿਤਾ

ਦਰਅਸਲ, ਅਪਰੇਸ਼ਨ ਸਿੰਧੂਰ ਨੂੰ ਅਚਾਨਕ ਖ਼ਤਮ ਕਰਨ ਦਾ ਫ਼ੈਸਲਾ ਬਿੱਜ ਡਿੱਗਣ ਵਰਗੀ ਜਾਂ ਫਿਰ ਸਿਲੇਬਸ ਤੋਂ ਬਾਹਰੋਂ ਆਏ ਸਵਾਲ ਵਰਗੀ ਘਟਨਾ ਸੀ! ਇਹ ਚੰਗੀ ਗੱਲ ਹੈ ਕਿ ਪੂਰੀ-ਸੂਰੀ ਜੰਗ ਟਲ ਗਈ ਹੈ ਅਤੇ ਕਿਸੇ ਨੂੰ ਵੀ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਗੋਲੀਬੰਦੀ ਦੀਆਂ ਖ਼ਿਲਾਫ਼ਵਰਜ਼ੀਆਂ ਨਹੀਂ ਹੋਣਗੀਆਂ। ਹਾਲਾਂਕਿ ਸਾਡੀਆਂ ਸਰਹੱਦਾਂ ’ਤੇ ਹਥਿਆਰਬੰਦ ਦਸਤਿਆਂ ਵੱਲੋਂ ਮੁਸਤੈਦ ਨਜ਼ਰ ਰੱਖੀ ਜਾ ਰਹੀ ਹੈ ਪਰ ਇਸ ਮੁਤੱਲਕ ਫੌਰੀ ਚਰਚਾ ਤੋਂ ਕੁਝ ਸਬਕ ਲਏ ਜਾ ਸਕਦੇ ਹਨ। ਪਾਕਿਸਤਾਨ ਦੀ ਲੀਡਰਸ਼ਿਪ ਦੀਆਂ ਸੱਜਰੀਆਂ ਭੜਕਾਹਟ ਭਰੀਆਂ ਕਾਰਵਾਈਆਂ ਰਣਨੀਤਕ ਨਹੀਂ ਸਗੋਂ ਸੰਕੇਤਕ ਹਨ: ਭਾਵ, ਪਛਾਣੀ ਸੁਰ ਵਿੱਚ ਦਿੱਤਾ ਭਾਸ਼ਣ ਨੀਤੀਗਤ ਘੱਟ ਅਤੇ ਕਾਰਗੁਜ਼ਾਰੀ ਵਾਲਾ ਜ਼ਿਆਦਾ ਸੀ ਜਿਸ ਵਿੱਚ ਸ਼ਿਕਵਿਆਂ, ਇਤਿਹਾਸਕ ਨਾ-ਇਨਸਾਫ਼ੀਆਂ ਦਾ ਦੁਹਰਾਓ ਅਤੇ ਵਿਚਾਰਧਾਰਕ ਖ਼ਤਰੇ ਦਾ ਪੁੱਠ ਸ਼ਾਮਿਲ ਸੀ ਪਰ ਬੁਨਿਆਦੀ ਰੂਪ ਵਿੱਚ ਕੁਝ ਬਦਲ ਗਿਆ ਹੈ: ਦੁਨੀਆ ਨੇ ਸੁਣਨਾ ਬੰਦ ਕਰ ਦਿੱਤਾ ਹੈ। ਭਾਰਤ ਨੇ ਵੀ ਇਸ ਦਾ ਹੁੰਗਾਰਾ ਨਹੀਂ ਭਰਿਆ। ਕੋਈ ਗੁੱਸਾ ਜਾਂ ਜਨੂੰਨ ਨਹੀਂ ਪਰ ਚੁੱਪ ਦੀ ਆਵਾਜ਼ ਖੰਡਨ ਨਾਲੋਂ ਭਾਰੀ ਹੋ ਗਈ। ਜਿੱਥੋਂ ਤੱਕ ਨਵੀਂ ਦਿੱਲੀ ਦਾ ਤਾਅਲੁਕ ਹੈ, ਇਹ ਪ੍ਰਤੀਕਿਰਿਆ ਦੇਣ ਦਾ ਸਮਾਂ ਨਹੀਂ ਸੀ ਸਗੋਂ ਖ਼ੁਲਾਸਾ ਕਰਨ ਦਾ ਸੀ; ਇਹ ਕਿ ਪਾਕਿਸਤਾਨ ਕਿਸੇ ਸਮੇਂ ਸਟੇਟ/ਰਿਆਸਤ ਸੀ ਜੋ ਹੁਣ ਲੀਗ ਬਣ ਗਈ ਹੈ; ਭਟਕਾਅ ਦੀ ਲੀਗ ਜਿੱਥੇ ਕੁਝ ਲੋਕ ਅਰਾਜਕਤਾ ਅਤੇ ਟਕਰਾਅ ਦੀ ਬੋਲੀ ਬੋਲਦੇ ਹਨ ਜਦੋਂਕਿ ਬਹੁਤੇ ਲੋਕ ਸਥਿਰਤਾ ਅਤੇ ਗ਼ੈਰਤ ਦੀ ਤਮੰਨਾ ਰੱਖਦੇ ਹਨ। ਚੰਗਿਆੜੀ ਜੋ ਬੁਝ ਗਈ: ਕਸ਼ਮੀਰ ਦਾ ਮੋੜਵਾਂ ਜਵਾਬ ਜੇ ਕਸ਼ਮੀਰ ਵਿੱਚ ਬਦਅਮਨੀ ਫੈਲਾਉਣ ਦਾ ਇਰਾਦਾ ਸੀ ਤਾਂ ਇਸ ਦਾ ਜਵਾਬ ਬਹੁਤ ਹੀ ਧਰਵਾਸ ਦੇਣ ਵਾਲਾ ਰਿਹਾ। ਪਹਿਲਗਾਮ ਅਤੇ ਸਮੁੱਚੀ ਕਸ਼ਮੀਰ ਵਾਦੀ ਅੰਦਰ ਕੋਈ ਬਦਅਮਨੀ ਨਹੀਂ ਦਿਸੀ, ਕੋਈ ਗੁੱਸੇ ਭਰੀ ਭੀੜ ਨਹੀਂ ਸੀ, ਕੋਈ ਵੀ ਰੋਸ ਪ੍ਰਦਰਸ਼ਨ ਨਹੀਂ ਸੀ। ਇਸ ਦੀ ਬਜਾਏ ਭੜਕਾਹਟ ਦੀ ਥਾਂ ਰੋਜ਼ਮੱਰਾ ਜੀਵਨ ਜਾਰੀ ਰਿਹਾ। ਲੋਕਾਂ ਨੇ ਭੜਕਾਹਟ ਦਿਖਾਉਣ ਦੀ ਬਜਾਇ ਚੁੱਪ ਰਹਿ ਕੇ ਠਰੰਮਾ ਦਿਖਾਇਆ। ਇਹ ਭਾਰਤ ਲਈ ਸੱਟ ਸੀ ਉਹ ਭਾਰਤ ਦਾ ਪਹਿਲਾ ਅਤੇ ਸਭ ਤੋਂ ਗਹਿਰਾ ਜਵਾਬ ਸੀ; ਪੰਡਾਲਾਂ ਤੋਂ ਨਹੀਂ ਸਗੋਂ ਸੜਕਾਂ ਦੀਆਂ ਪਗਡੰਡੀਆਂ ਤੋਂ। ਭਾਸ਼ਣਾਂ ਨਾਲ ਨਹੀਂ ਸਗੋਂ ਸ਼ਾਂਤਚਿੱਤ। ਭਾਰਤ ਦੀ ਮਜ਼ਬੂਤੀ ਇਸ ਦੀ ਵੰਨ-ਸਵੰਨਤਾ ਦੀ ਇਕਜੁੱਟਤਾ ਵਿੱਚ ਪਈ ਹੈ ਜਿਵੇਂ ਕੰਨਿਆਕੁਮਾਰੀ ਹੋਵੇ ਜਾਂ ਕੋਹਿਮਾ, ਸੰਵਿਧਾਨ ਇਕਮੁੱਠਤਾ ਦੀ ਜ਼ਾਮਨੀ ਦਿੰਦਾ ਹੈ। ਹਥਿਆਰਬੰਦ ਦਸਤਿਆਂ ਨੇ ਇਸ ਦੀ ਤਰਜਮਾਨੀ ਕੀਤੀ। ਲੋਕਾਂ ਨੇ ਇਸ ਨੂੰ ਬੁਲੰਦ ਕੀਤਾ। ਭਾਰਤ ਦੀ ਅਨੇਕਤਾ ਵਿੱਚ ਏਕਤਾ ਕਮਜ਼ੋਰੀ ਨਹੀਂ ਸਗੋਂ ਰਣਨੀਤਕ ਸਿਧਾਂਤ ਹੈ। ਵੰਡ ਦੇ ਸੱਦੇ ਦਾ ਜਵਾਬ ਨਾਅਰੇਬਾਜ਼ੀ ਨਾਲ ਨਹੀਂ ਸਗੋਂ ਸਦੀਵੀ ਸੱਚ ਨਾਲ ਦਿੱਤਾ ਗਿਆ: ਭਾਰਤ ਵਿੱਚ ਅਨੇਕਤਾ ਹੈ, ਫਿਰ ਵੀ ਇਹ ਇੱਕ ਹੈ। ਤਮਾਸ਼ੇ ਤੋਂ ਬਿਨਾਂ ਸਟੀਕਤਾ ਮਾਈਕ੍ਰੋਫੋਨਾਂ ’ਤੇ ਹਾਲਾਂਕਿ ਸ਼ਬਦਾਂ ਦੀ ਗੂੰਜ ਸੁਣਾਈ ਦਿੱਤੀ ਸੀ ਪਰ ਭਾਰਤ ਨੇ ਚੁੱਪ-ਚਾਪ, ਸਟੀਕ ਢੰਗ ਨਾਲ ਅਤੇ ਹੰਗਾਮਾ ਕੀਤੇ ਬਿਨਾਂ ਕਾਰਵਾਈ ਕੀਤੀ। ਅਸਲ ਕੰਟਰੋਲ ਰੇਖਾ ਤੋਂ ਪਾਰ ਦਹਿਸ਼ਤਗਰਦੀ ਦੇ ਬੁਨਿਆਦੀ ਢਾਂਚੇ ਉੱਪਰ ਹਮਲਿਆਂ ਦਾ ਕੋਈ ਜ਼ੋਰ-ਸ਼ੋਰ ਨਾਲ ਐਲਾਨ ਨਹੀਂ ਕੀਤਾ ਗਿਆ। ਬਹੁਤ ਸੋਚ ਵਿਚਾਰ, ਕਾਰਗਰ ਅਤੇ ਮਨੋਰਥ ਸਿੱਧੀ ਨਾਲ ਹਮਲੇ ਕੀਤੇ। ਫਿਰ ਵੀ, ਕੌਮਾਂਤਰੀ ਪ੍ਰਤੀਕਰਮ ਖ਼ਾਮੋਸ਼ੀ ਵਾਲਾ ਸੀ ਪਾਕਿਸਤਾਨ ਉੱਪਰ ਸੰਯੁਕਤ ਰਾਸ਼ਟਰ ਵੱਲੋਂ ਸੂਚੀਦਰਜ ਦਹਿਸ਼ਤਗਰਦਾਂ ਨੂੰ ਪਨਾਹ ਦੇਣ, ਉਨ੍ਹਾਂ ਦੀਆਂ ਲਾਸ਼ਾਂ ਨੂੰ ਫ਼ੌਜੀ ਰੰਗਾਂ ਵਿੱਚ ਲਪੇਟਣ ਅਤੇ ਰਾਜਕੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ ਕਰਨ ਤੋਂ ਕੋਈ ਖਫ਼ਗੀ ਨਹੀਂ ਦਿਖਾਈ ਗਈ। ਕਿਸੇ ਪ੍ਰੈੱਸ ਕਾਨਫਰੰਸ ਵਿੱਚ ਇਹ ਸਵਾਲ ਨਹੀਂ ਪੁੱਛਿਆ ਗਿਆ ਕਿ ਆਲਮੀ ਤੌਰ ’ਤੇ ਹਤਿਆਰਿਆਂ ਵਜੋਂ ਨਾਮਜ਼ਦ ਵਿਅਕਤੀਆਂ ਨੂੰ ਸਰਕਾਰੀ ਸਨਮਾਨ ਕਿਉਂ ਦਿੱਤਾ ਗਿਆ? ਇੱਕ ਵਾਰ ਫਿਰ ਆਲਮੀ ਨਿਜ਼ਾਮ ਆਪਣੀ ਪਰਖ ’ਤੇ ਅਸਫਲ ਸਿੱਧ ਹੋਇਆ। ਬਹਰਹਾਲ, ਭਾਰਤ ਨੂੰ ਵਾਹ-ਵਾਹ ਦੀ ਤਵੱਕੋ ਨਹੀਂ ਸੀ। ਇਸ ਦਾ ਨਿਸ਼ਾਨਾ ਆਪਣਾ ਇਖ਼ਲਾਕੀ ਮੁਕਾਮ ਉੱਚਾ ਰੱਖਣਾ ਨਹੀਂ ਸੀ ਸਗੋਂ ਡਰ ਪੈਦਾ ਕਰਨਾ ਸੀ ਤੇ ਸੰਦੇਸ਼ ਬਹੁਤ ਸਾਫ਼ ਸੀ: ਭਾਰਤੀ ਪੈਮਾਨਾ ਤਬਦੀਲ ਹੋ ਗਿਆ ਹੈ। ਹੁਣ ਬਿਨਾਂ ਕਿਸੇ ਸ਼ੋਰ ਦੇ ਪ੍ਰਤੀਕਰਮ ਆਵੇਗਾ ਤੇ ਇਹ ਵਜ਼ਨਦਾਰ ਹੋਵੇਗਾ। ਭਾਰਤ ਦੀਆਂ ਸ਼ਰਤਾਂ ’ਤੇ ਤਣਾਅ ਤੇ ਤਣਾਅ ਘਟਾਈ ਪਾਕਿਸਤਾਨ ਦੀ ਪ੍ਰਤੀਕਿਰਿਆ ਇਸ ਦੇ ਰਵਾਇਤੀ ਢੰਗ ਨਾਲ ਹੋਈ: ਮਿਜ਼ਾਇਲਾਂ, ਡਰੋਨ, ਚਿਤਾਵਨੀਆਂ। ਜ਼ਿਆਦਾਤਰ ਨਿਸ਼ਾਨੇ ਤੋਂ ਖੁੰਝ ਗਈਆਂ ਅਤੇ ਬਾਕੀਆਂ ਨੂੰ ਖ਼ਤਮ ਕਰ ਦਿੱਤਾ ਗਿਆ। ਇਸ ਨਾਲ ਦੂਜੀ ਪ੍ਰਤੀਕਿਰਿਆ ਹੋਈ ਜੋ ਬੱਝਵੀਂ ਪਰ ਨੁਕਸ ਰਹਿਤ ਸੀ। ਨਾ ਕੇਵਲ ਦਹਿਸ਼ਤਗਰਦ ਕੈਂਪ ਸਗੋਂ ਹਵਾਈ ਅੱਡਿਆਂ ਨੂੰ ਅੰਨ੍ਹੇਵਾਹ ਹੀ ਨਹੀਂ ਸਗੋਂ ਗਿਣ-ਮਿੱਥ ਕੇ ਨਿਸ਼ਾਨਾ ਬਣਾਇਆ। ਇਹ ਮਹਿਜ਼ ਤਣਾਅ ਵਧਾਉਣ ਲਈ ਤਣਾਅ ਨਹੀਂ ਸੀ, ਇਹ ਸਿਧਾਂਤਕ ਕਾਰਵਾਈ ਸੀ। ਸਟੀਕਤਾ ਨੇ ਕਾਬਲੀਅਤ, ਮਨਸ਼ਾ ਤੇ ਧੀਰਜ ਦਾ ਸੰਚਾਰ ਕੀਤਾ। ਇਸ ਨੇ ਦੁੱਖ ਦਿੱਤਾ।… ਤੇ ਇਹ ਕਾਰਆਮਦ ਹੋਈ। ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (ਡੀਜੀਐੱਮਓਜ਼) ਨੇ ਪਹੁੰਚ ਕੀਤੀ, ਸ਼ਰਮਿੰਦਾ ਹੋ ਕੇ ਨਹੀਂ, ਤਣਾਅ ਘਟਾਉਣ ਲਈ। ਭਾਰਤ ਨੇ ਇਹ ਪ੍ਰਵਾਨ ਕਰ ਲਈ, ਕੋਈ ਰਿਆਇਤ ਨਹੀਂ ਦਿੱਤੀ ਗਈ ਸਗੋਂ ਕੰਟਰੋਲ ਦੇ ਤੌਰ ’ਤੇ। ਇਸ ਮੌਕੇ ਦੀ ਕੋਰੀਓਗ੍ਰਾਫੀ ਬਹੁਤ ਜ਼ਬਰਦਸਤ ਸੀ: ਕੋਈ ਜੰਗੀ ਜਨੂੰਨ ਨਹੀਂ ਸਗੋਂ ਸੋਚੇ ਵਿਚਾਰੇ ਸਿੱਟੇ ਦੇ ਰੂਪ ਵਜੋਂ। ਇਹ ਹਮੇਸ਼ਾ ਸੋਚ ਵਿਚਾਰ ਅਤੇ ਬਹਿਸ ਦਾ ਖੇਤਰ ਰਿਹਾ ਹੈ, ਕੀ ਇਹ ਹੋਣਾ ਚਾਹੀਦਾ ਸੀ ਜਾਂ ਕੀ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਟਕਰਾਅ ਦਾ ਖਾਤਮਾ ਕਦੇ ਵੀ ਸੌਖਾ ਫ਼ੈਸਲਾ ਨਹੀਂ ਹੁੰਦਾ। ਅਮੂਮਨ, ਦਰਸ਼ਕਾਂ ਨੂੰ ਸਿਆਸੀ ਉਦੇਸ਼ਾਂ ਬਾਰੇ ਗਿਆਨ ਨਹੀਂ ਹੁੰਦਾ ਜਿਸ ਕਰ ਕੇ ਇਸ ਤੋਂ ਬਾਅਦ ਬਹਿਸ ਹੋ ਜਾਂਦੀ ਹੈ। ਇਸ ਦੇ ਪ੍ਰਤੀਕਰਮ ਦੇ ਤੌਰ ’ਤੇ ਭਾਰਤ ਨੇ ਨਵੀਂਆਂ ਲਾਲ ਰੇਖਾਵਾਂ ਵਾਹੀਆਂ ਹਨ। ਉਨ੍ਹਾਂ ਦਾ ਐਲਾਨ ਕਰਨ ਦੀ ਲੋੜ ਨਹੀਂ ਹੈ- ਉਹ ਵਿਹਾਰਕ ਰੂਪ ਵਿੱਚ ਦ੍ਰਿਸ਼ਮਾਨ ਹੁੰਦੀਆਂ ਹਨ। ਸੰਦੇਸ਼ ਇਹ ਸੀ ਕਿ ਭਾਰਤ ਜੰਗ ਸ਼ੁਰੂ ਨਹੀਂ ਕਰੇਗਾ ਪਰ ਇਹ ਪਰਿਭਾਸ਼ਤ ਕਰੇਗਾ ਕਿ ਇਹ ਕਦੋਂ ਸ਼ੁਰੂ ਹੋਵੇਗੀ ਅਤੇ ਕਦੋਂ ਖ਼ਤਮ ਹੋਵੇਗੀ। ਰਣਨੀਤਕ ਸਿਆਣਪ ਹੀ ਅਸਲੀ ਰੋਕਥਾਮ ਇਹ ਅਚਾਨਕ ਭੜਕਣ ਜਿਹਾ ਨਹੀਂ ਸੀ। ਇਹ ਪਰਖ ਸੀ, ਭਾਰਤ ਨੇ ਆਪਣਾ ਜਵਾਬ ਜ਼ਿਕਰਯੋਗ ਢੰਗ ਨਾਲ ਪਰਖਿਆ। ਪ੍ਰਤੀਕਿਰਿਆਤਮਕ ਕ੍ਰੋਧ ਦੇ ਦਿਨ ਗਏ। ਇਸ ਦੀ ਜਗ੍ਹਾ ਨਪੀ-ਤੁਲੀ ਤਾਕਤ ਨੇ ਲੈ ਲਈ ਹੈ। ਹੱਲਾ ਜਦੋਂ ਲੋੜ ਪਵੇ। ਜਦੋਂ ਲੱਗੀ ਸੱਟ ਸਵੀਕਾਰੀ ਜਾਵੇ, ਰੁਕ ਜਾਓ। ਨਾਟਕਬਾਜ਼ੀ ਨਹੀਂ; ਸਿੱਧ ਕਰਨ ਦੀ ਲੋੜ ਨਹੀਂ। ਕਿਸ ਚੀਜ਼ ਨੇ ਇਹ ਤਬਦੀਲੀ ਲਿਆਂਦੀ? ਸਮਰੱਥਾ ਨੇ, ਬਿਲਕੁਲ- ਭਾਰਤ ਕੋਲ ਅੱਜ ਫੌਰੀ ਬਦਲ ਮੌਜੂਦ ਹਨ ਪਰ ਉਸ ਤੋਂ ਵੀ ਜ਼ਿਆਦਾ, ਸਪੱਸ਼ਟਤਾ। ਝੂਠੇ ਦਵੰਦਾਂ ਲਈ ਕੋਈ ਜਗ੍ਹਾ ਨਹੀਂ। ਸੰਵਾਦ ਤੇ ਦਹਿਸ਼ਤ ਨਾਲੋ-ਨਾਲ ਨਹੀਂ ਚੱਲ ਸਕਦੇ। ਸਪੱਸ਼ਟ ਜਮਹੂਰੀਅਤ ਤੇ ਸਰਕਾਰੀ ਸ਼ਹਿ ਪ੍ਰਾਪਤ ਦਹਿਸ਼ਤੀ ਗੱਠਜੋੜ ਵਿਚਾਲੇ ਕੋਈ ‘ਨੈਤਿਕ ਸਮਾਨਤਾ’ ਨਹੀਂ ਹੋ ਸਕਦੀ। ਇਹ ਪਰਪੱਕਤਾ ਅਚਾਨਕ ਨਹੀਂ ਆਈ। ਇਹ ਸੰਸਥਾਈ ਸੁਧਾਰ, ਸਿਵਲ-ਫ਼ੌਜੀ ਸੰਜੋਗ ਤੇ ਰਾਸ਼ਟਰੀ ਸਪੱਸ਼ਟਤਾ ਦਾ ਨਤੀਜਾ ਹੈ। ਭਾਰਤ ਜੰਗ ਨਹੀਂ ਚਾਹੁੰਦਾ ਪਰ ਇਹ ਵਧਣ ਤੋਂ ਵੀ ਨਹੀਂ ਡਰਦਾ। ਇਸ ਨੂੰ ਸੋਚੀ-ਸਮਝੀ ਰੋਕਥਾਮ ਕਹਿੰਦੇ ਹਨ। ਇਸ ਤੋਂ ਉਲਟ ਪਾਕਿਸਤਾਨ ਦਾ ਅੰਦਰੂਨੀ ਪਤਨ ਜ਼ਾਹਿਰ ਹੋ ਚੁੱਕਾ ਹੈ। ਇਸ ਦਾ ਪਰਮਾਣੂ ਬਲੈਕਮੇਲ ਹੁਣ ਸਿਰਫ਼ ਬਲੈਕਮੇਲ ਹੈ, ਰੋਕਥਾਮ ਨਹੀਂ। ਸੰਸਾਰ ਇਸ ਨੂੰ ਦੇਖਦਾ ਹੈ। ਜੇ ਇਹ ਅਜਿਹਾ ਨਹੀਂ ਵੀ ਕਹਿੰਦਾ ਤਾਂ ਭਾਰਤੀ ਪ੍ਰਧਾਨ ਮੰਤਰੀ ਨੇ ਤਾਂ ਬਲੈਕਮੇਲ ਦਾ ਸਿੱਧਾ ਨਾਂ ਲਿਆ ਹੈ ਤੇ ਦਹਿਸ਼ਤੀ ਹਮਲੇ ਨੂੰ ਜੰਗ ਲਾਉਣ ਦਾ ਕਾਰਾ ਗਰਦਾਨਿਆ ਹੈ।

ਫ਼ੌਜੀ ਟਕਰਾਅ ਦੇ ਨਵੇਂ ਨੇਮ/ਲੈਫਟੀਨੈਂਟ ਜਨਰਲ (ਸੇਵਾਮੁਕਤ) ਐੱਸਐੱਸ ਮਹਿਤਾ Read More »

ਦੇਸ਼ ‘ਚ ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ

ਯੂਪੀ, 16 ਮਈ – ਯੂਪੀ ‘ਚ ਬਰਡ ਫਲੂ ਦੀ ਐਂਟਰੀ, ਗੋਰਖਪੁਰ ਚਿੜੀਆਘਰ ‘ਚ ਸ਼ੇਰਣੀ ਦੀ ਮੌਤ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ। ਗੋਰਖਪੁਰ ਦੇ ਚਿੜੀਆਘਰ ਵਿੱਚ ਇੱਕ ਸ਼ੇਰਣੀ ਦੀ ਅਚਾਨਕ ਮੌਤ ਹੋਣ ‘ਤੇ ਜਾਂਚ ਕਰਵਾਈ ਗਈ। ਜਾਂਚ ‘ਚ ਪਤਾ ਲੱਗਿਆ ਕਿ ਸ਼ੇਰਣੀ ਬਰਡ ਫਲੂ (H5N1 ਵਾਇਰਸ) ਨਾਲ ਸੰਕ੍ਰਮਿਤ ਸੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਲਖਨਊ, ਕਾਨਪੁਰ, ਗੋਰਖਪੁਰ ਸਮੇਤ ਕਈ ਇਲਾਕਿਆਂ ਦੇ ਪੋਲਟਰੀ ਫਾਰਮਾਂ ਨੂੰ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਤਹਿਤ ਚਿੜੀਆਘਰਾਂ ਨੂੰ 20 ਮਈ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਮੇਰਠ ‘ਚ ਜਾਰੀ ਹੋਈ ਜ਼ਰੂਰੀ ਐਡਵਾਇਜ਼ਰੀ ਹਾਲ ਹੀ ਵਿੱਚ ਮੇਰਠ ਦੇ ਪੋਲਟਰੀ ਫਾਰਮਾਂ ਨੂੰ ਜ਼ਰੂਰੀ ਸਾਵਧਾਨੀਆਂ ਅਤੇ ਨਿਗਰਾਨੀ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਮੇਰਠ ਦੇ ਡੀਐਫਓ ਰਾਜੇਸ਼ ਕੁਮਾਰ ਨੇ ਬਰਡ ਫਲੂ ਬਾਰੇ ਕਿਹਾ ਕਿ “ਸਰਕਾਰ ਵੱਲੋਂ ਹੁਕਮ ਹਨ ਕਿ ਵੈਟਨਰੀ ਵਿਭਾਗ ਵੱਲੋਂ ਸਾਰੇ ਪੋਲਟਰੀ ਫਾਰਮਾਂ ਨੂੰ ਸੈਨੀਟਾਈਜ਼ ਕੀਤਾ ਜਾਵੇ।” ਉਨ੍ਹਾਂ ਦੱਸਿਆ ਕਿ ਭਾਵੇਂ ਮੇਰਠ ਜ਼ਿਲ੍ਹੇ ਵਿੱਚ ਹੁਣ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਪਰ ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਸਾਵਧਾਨੀ ਅਪਣਾਈ ਜਾ ਰਹੀ ਹੈ। ਲੋਕਾਂ ਨੂੰ ਚੇਤਾਵਨੀ ਜ਼ਰੂਰ ਹੈ ਪਰ ਘਬਰਾਉਣ ਦੀ ਕੋਈ ਲੋੜ ਨਹੀਂ। ਬਰਡ ਫਲੂ ਕੀ ਹੈ? ਬਰਡ ਫਲੂ, ਜਿਸ ਨੂੰ ਐਵੀਅਨ ਇੰਫਲੂਐਜਾ ਵੀ ਆਖਿਆ ਜਾਂਦਾ ਹੈ, ਇੱਕ ਵਾਇਰਲ ਇੰਫੈਕਸ਼ਨ ਹੈ ਜੋ ਮੁੱਖਤੌਰ ‘ਤੇ ਪੰਛੀਆਂ ਵਿੱਚ ਪਾਇਆ ਜਾਂਦਾ ਹੈ। ਇਹ ਵਾਇਰਸ H5N1, H7N9 ਵਰਗੇ ਕਿਸਮਾਂ ਵਿੱਚ ਹੁੰਦਾ ਹੈ। ਕਈ ਵਾਰ ਇਹ ਵਾਇਰਸ ਸੰਕ੍ਰਮਿਤ ਪੰਛੀਆਂ ਤੋਂ ਇਨਸਾਨਾਂ ਵਿੱਚ ਵੀ ਫੈਲ ਜਾਂਦਾ ਹੈ, ਜੋ ਕਿ ਖਤਰਨਾਕ ਸਾਬਤ ਹੋ ਸਕਦਾ ਹੈ। ਬਰਡ ਫਲੂ ਦੇ ਲੱਛਣ ਤੇਜ਼ ਬੁਖਾਰ, ਜੁਕਾਮ ਅਤੇ ਖੰਘ, ਗਲੇ ਵਿੱਚ ਖਾਰਸ਼ ਜਾਂ ਦਰਦ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਸਾਂਹ ਲੈਣ ਵਿੱਚ ਦਿੱਕਤ, ਉਲਟੀ ਜਾਂ ਦਸਤ, ਬਹੁਤ ਜ਼ਿਆਦਾ ਥਕਾਵਟ, ਗੰਭੀਰ ਮਾਮਲਿਆਂ ਵਿੱਚ ਇਹ ਫੇਫੜਿਆਂ ਦੇ ਇੰਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਖਾਣ-ਪੀਣ ਵਿੱਚ ਬਦਲਾਅ ਕਿਉਂ ਜ਼ਰੂਰੀ ਹੈ? ਅਸਲ ਵਿੱਚ, ਇਹ ਬਦਲਾਅ ਖ਼ਾਸ ਕਰਕੇ ਉਹਨਾਂ ਲੋਕਾਂ ਲਈ ਬਹੁਤ ਜ਼ਰੂਰੀ ਹਨ ਜੋ ਨੋਏਡਾ, ਦਿੱਲੀ, ਯੂਪੀ ਅਤੇ ਐਨਸੀਆਰ ਵਿਚ ਰਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਯੂਪੀ ਦੇ ਪੋਲਟਰੀ ਫਾਰਮਾਂ ਦੇ ਅੰਡੇ ਇਨ੍ਹਾਂ ਸਾਰਿਆਂ ਇਲਾਕਿਆਂ ਵਿੱਚ ਆਉਂਦੇ ਹਨ, ਜਿਨ੍ਹਾਂ ਨੂੰ ਇੱਥੇ ਦੇ ਲੋਕ ਖਾਂਦੇ ਹਨ।

ਦੇਸ਼ ‘ਚ ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ Read More »

ਅਫਗਾਨੀਆਂ ਦੇ ਪਿੱਛੇ ਪਿਆ ਪਾਕਿਸਤਾਨ, ਹੁਣ ਤੱਕ 13 ਲੱਖ ਸ਼ਰਨਾਰਥੀਆਂ ਨੂੰ ਦਿੱਤਾ ਦੇਸ਼ ਨਿਕਾਲਾ

ਇਸਲਾਮਾਬਾਦ, 16 ਮਈ – ਪਾਕਿਸਤਾਨ ਨੇ ਨਵੰਬਰ 2023 ਤੋਂ ਹੁਣ ਤੱਕ 1.3 ਮਿਲੀਅਨ ਅਫ਼ਗਾਨ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਵਾਪਸ ਭੇਜਿਆ ਹੈ। ਸੰਸਦੀ ਸਕੱਤਰ ਮੁਖਤਾਰ ਅਹਿਮਦ ਮਲਿਕ ਨੇ ਕਿਹਾ ਕਿ ਪਾਕਿਸਤਾਨ ਵਿੱਚ ਲਗਪਗ 30 ਲੱਖ ਅਫ਼ਗਾਨ ਸ਼ਰਨਾਰਥੀ ਰਹਿ ਰਹੇ ਹਨ। ਇਨ੍ਹਾਂ ਵਿੱਚੋਂ 813000 ਕੋਲ ਅਫ਼ਗਾਨ ਨਾਗਰਿਕ ਕਾਰਡ ਹਨ ਜਦੋਂ ਕਿ 13 ਲੱਖ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਕਾਰਡ ਹਨ। ਲੱਖਾਂ ਅਫਗਾਨ ਨਾਗਰਿਕ ਇੱਥੇ ਬਿਨਾਂ ਕਿਸੇ ਦਸਤਾਵੇਜ਼ ਦੇ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਸਨ। ਹੁਣ ਤੱਕ 1.3 ਮਿਲੀਅਨ ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਨਿਕਾਲਾ ਲੱਖਾਂ ਅਫ਼ਗਾਨ ਨਾਗਰਿਕ ਬਿਨਾਂ ਕਿਸੇ ਦਸਤਾਵੇਜ਼ ਦੇ ਪਾਕਿਸਤਾਨ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਸਨ ਪਾਕਿਸਤਾਨ ਨੇ 2023 ਤੋਂ ਲੈ ਕੇ ਹੁਣ ਤੱਕ 1.3 ਮਿਲੀਅਨ ਅਫ਼ਗਾਨ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਹੈ। ਪਾਕਿਸਤਾਨ ਨੇ ਨਵੰਬਰ 2023 ਤੋਂ ਹੁਣ ਤੱਕ 1.3 ਮਿਲੀਅਨ ਅਫ਼ਗਾਨ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਵਾਪਸ ਭੇਜਿਆ ਹੈ। ਸੰਸਦੀ ਸਕੱਤਰ ਮੁਖਤਾਰ ਅਹਿਮਦ ਮਲਿਕ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਸ਼ੁਰੂ ਵਿਚ ਕਿਹਾ ਸੀ ਕਿ ਉਹ ਪਹਿਲਾਂ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਬਾਅਦ ਵਿੱਚ, ਇਸ ਮੁਹਿੰਮ ਵਿੱਚ ਅਫ਼ਗਾਨ ਨਾਗਰਿਕ ਕਾਰਡ ਧਾਰਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਦਸਤਾਵੇਜ਼ 2017 ਵਿੱਚ ਅਫਗਾਨ ਸ਼ਰਨਾਰਥੀਆਂ ਨੂੰ ਅਸਥਾਈ ਕਾਨੂੰਨੀ ਦਰਜਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਪਾਕਿਸਤਾਨ ਵਿੱਚ ਲਗਭਗ 30 ਲੱਖ ਅਫਗਾਨ ਸ਼ਰਨਾਰਥੀ ਹਨ। 30 ਲੱਖ ਅਫ਼ਗਾਨ ਸ਼ਰਨਾਰਥੀ ਰਹਿ ਰਹੇ ਮਲਿਕ ਨੇ ਕਿਹਾ ਕਿ ਪਾਕਿਸਤਾਨ ਵਿੱਚ ਲਗਪਗ 30 ਲੱਖ ਅਫਗਾਨ ਸ਼ਰਨਾਰਥੀ ਰਹਿ ਰਹੇ ਹਨ। ਇਨ੍ਹਾਂ ਵਿੱਚੋਂ 813,000 ਕੋਲ ਅਫਗਾਨ ਨਾਗਰਿਕ ਕਾਰਡ ਹਨ, ਜਦੋਂ ਕਿ 1.3 ਮਿਲੀਅਨ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਕਾਰਡ ਹਨ। ਲੱਖਾਂ ਅਫਗਾਨ ਨਾਗਰਿਕ ਇੱਥੇ ਬਿਨਾਂ ਕਿਸੇ ਦਸਤਾਵੇਜ਼ ਦੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਸਨ।

ਅਫਗਾਨੀਆਂ ਦੇ ਪਿੱਛੇ ਪਿਆ ਪਾਕਿਸਤਾਨ, ਹੁਣ ਤੱਕ 13 ਲੱਖ ਸ਼ਰਨਾਰਥੀਆਂ ਨੂੰ ਦਿੱਤਾ ਦੇਸ਼ ਨਿਕਾਲਾ Read More »