
ਦਰਅਸਲ, ਅਪਰੇਸ਼ਨ ਸਿੰਧੂਰ ਨੂੰ ਅਚਾਨਕ ਖ਼ਤਮ ਕਰਨ ਦਾ ਫ਼ੈਸਲਾ ਬਿੱਜ ਡਿੱਗਣ ਵਰਗੀ ਜਾਂ ਫਿਰ ਸਿਲੇਬਸ ਤੋਂ ਬਾਹਰੋਂ ਆਏ ਸਵਾਲ ਵਰਗੀ ਘਟਨਾ ਸੀ! ਇਹ ਚੰਗੀ ਗੱਲ ਹੈ ਕਿ ਪੂਰੀ-ਸੂਰੀ ਜੰਗ ਟਲ ਗਈ ਹੈ ਅਤੇ ਕਿਸੇ ਨੂੰ ਵੀ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਗੋਲੀਬੰਦੀ ਦੀਆਂ ਖ਼ਿਲਾਫ਼ਵਰਜ਼ੀਆਂ ਨਹੀਂ ਹੋਣਗੀਆਂ। ਹਾਲਾਂਕਿ ਸਾਡੀਆਂ ਸਰਹੱਦਾਂ ’ਤੇ ਹਥਿਆਰਬੰਦ ਦਸਤਿਆਂ ਵੱਲੋਂ ਮੁਸਤੈਦ ਨਜ਼ਰ ਰੱਖੀ ਜਾ ਰਹੀ ਹੈ ਪਰ ਇਸ ਮੁਤੱਲਕ ਫੌਰੀ ਚਰਚਾ ਤੋਂ ਕੁਝ ਸਬਕ ਲਏ ਜਾ ਸਕਦੇ ਹਨ।
ਪਾਕਿਸਤਾਨ ਦੀ ਲੀਡਰਸ਼ਿਪ ਦੀਆਂ ਸੱਜਰੀਆਂ ਭੜਕਾਹਟ ਭਰੀਆਂ ਕਾਰਵਾਈਆਂ ਰਣਨੀਤਕ ਨਹੀਂ ਸਗੋਂ ਸੰਕੇਤਕ ਹਨ: ਭਾਵ, ਪਛਾਣੀ ਸੁਰ ਵਿੱਚ ਦਿੱਤਾ ਭਾਸ਼ਣ ਨੀਤੀਗਤ ਘੱਟ ਅਤੇ ਕਾਰਗੁਜ਼ਾਰੀ ਵਾਲਾ ਜ਼ਿਆਦਾ ਸੀ ਜਿਸ ਵਿੱਚ ਸ਼ਿਕਵਿਆਂ, ਇਤਿਹਾਸਕ ਨਾ-ਇਨਸਾਫ਼ੀਆਂ ਦਾ ਦੁਹਰਾਓ ਅਤੇ ਵਿਚਾਰਧਾਰਕ ਖ਼ਤਰੇ ਦਾ ਪੁੱਠ ਸ਼ਾਮਿਲ ਸੀ ਪਰ ਬੁਨਿਆਦੀ ਰੂਪ ਵਿੱਚ ਕੁਝ ਬਦਲ ਗਿਆ ਹੈ: ਦੁਨੀਆ ਨੇ ਸੁਣਨਾ ਬੰਦ ਕਰ ਦਿੱਤਾ ਹੈ। ਭਾਰਤ ਨੇ ਵੀ ਇਸ ਦਾ ਹੁੰਗਾਰਾ ਨਹੀਂ ਭਰਿਆ। ਕੋਈ ਗੁੱਸਾ ਜਾਂ ਜਨੂੰਨ ਨਹੀਂ ਪਰ ਚੁੱਪ ਦੀ ਆਵਾਜ਼ ਖੰਡਨ ਨਾਲੋਂ ਭਾਰੀ ਹੋ ਗਈ। ਜਿੱਥੋਂ ਤੱਕ ਨਵੀਂ ਦਿੱਲੀ ਦਾ ਤਾਅਲੁਕ ਹੈ, ਇਹ ਪ੍ਰਤੀਕਿਰਿਆ ਦੇਣ ਦਾ ਸਮਾਂ ਨਹੀਂ ਸੀ ਸਗੋਂ ਖ਼ੁਲਾਸਾ ਕਰਨ ਦਾ ਸੀ; ਇਹ ਕਿ ਪਾਕਿਸਤਾਨ ਕਿਸੇ ਸਮੇਂ ਸਟੇਟ/ਰਿਆਸਤ ਸੀ ਜੋ ਹੁਣ ਲੀਗ ਬਣ ਗਈ ਹੈ; ਭਟਕਾਅ ਦੀ ਲੀਗ ਜਿੱਥੇ ਕੁਝ ਲੋਕ ਅਰਾਜਕਤਾ ਅਤੇ ਟਕਰਾਅ ਦੀ ਬੋਲੀ ਬੋਲਦੇ ਹਨ ਜਦੋਂਕਿ ਬਹੁਤੇ ਲੋਕ ਸਥਿਰਤਾ ਅਤੇ ਗ਼ੈਰਤ ਦੀ ਤਮੰਨਾ ਰੱਖਦੇ ਹਨ।
ਚੰਗਿਆੜੀ ਜੋ ਬੁਝ ਗਈ: ਕਸ਼ਮੀਰ ਦਾ ਮੋੜਵਾਂ ਜਵਾਬ
ਜੇ ਕਸ਼ਮੀਰ ਵਿੱਚ ਬਦਅਮਨੀ ਫੈਲਾਉਣ ਦਾ ਇਰਾਦਾ ਸੀ ਤਾਂ ਇਸ ਦਾ ਜਵਾਬ ਬਹੁਤ ਹੀ ਧਰਵਾਸ ਦੇਣ ਵਾਲਾ ਰਿਹਾ। ਪਹਿਲਗਾਮ ਅਤੇ ਸਮੁੱਚੀ ਕਸ਼ਮੀਰ ਵਾਦੀ ਅੰਦਰ ਕੋਈ ਬਦਅਮਨੀ ਨਹੀਂ ਦਿਸੀ, ਕੋਈ ਗੁੱਸੇ ਭਰੀ ਭੀੜ ਨਹੀਂ ਸੀ, ਕੋਈ ਵੀ ਰੋਸ ਪ੍ਰਦਰਸ਼ਨ ਨਹੀਂ ਸੀ। ਇਸ ਦੀ ਬਜਾਏ ਭੜਕਾਹਟ ਦੀ ਥਾਂ ਰੋਜ਼ਮੱਰਾ ਜੀਵਨ ਜਾਰੀ ਰਿਹਾ। ਲੋਕਾਂ ਨੇ ਭੜਕਾਹਟ ਦਿਖਾਉਣ ਦੀ ਬਜਾਇ ਚੁੱਪ ਰਹਿ ਕੇ ਠਰੰਮਾ ਦਿਖਾਇਆ।
ਇਹ ਭਾਰਤ ਲਈ ਸੱਟ ਸੀ
ਉਹ ਭਾਰਤ ਦਾ ਪਹਿਲਾ ਅਤੇ ਸਭ ਤੋਂ ਗਹਿਰਾ ਜਵਾਬ ਸੀ; ਪੰਡਾਲਾਂ ਤੋਂ ਨਹੀਂ ਸਗੋਂ ਸੜਕਾਂ ਦੀਆਂ ਪਗਡੰਡੀਆਂ ਤੋਂ। ਭਾਸ਼ਣਾਂ ਨਾਲ ਨਹੀਂ ਸਗੋਂ ਸ਼ਾਂਤਚਿੱਤ। ਭਾਰਤ ਦੀ ਮਜ਼ਬੂਤੀ ਇਸ ਦੀ ਵੰਨ-ਸਵੰਨਤਾ ਦੀ ਇਕਜੁੱਟਤਾ ਵਿੱਚ ਪਈ ਹੈ ਜਿਵੇਂ ਕੰਨਿਆਕੁਮਾਰੀ ਹੋਵੇ ਜਾਂ ਕੋਹਿਮਾ, ਸੰਵਿਧਾਨ ਇਕਮੁੱਠਤਾ ਦੀ ਜ਼ਾਮਨੀ ਦਿੰਦਾ ਹੈ। ਹਥਿਆਰਬੰਦ ਦਸਤਿਆਂ ਨੇ ਇਸ ਦੀ ਤਰਜਮਾਨੀ ਕੀਤੀ। ਲੋਕਾਂ ਨੇ ਇਸ ਨੂੰ ਬੁਲੰਦ ਕੀਤਾ। ਭਾਰਤ ਦੀ ਅਨੇਕਤਾ ਵਿੱਚ ਏਕਤਾ ਕਮਜ਼ੋਰੀ ਨਹੀਂ ਸਗੋਂ ਰਣਨੀਤਕ ਸਿਧਾਂਤ ਹੈ। ਵੰਡ ਦੇ ਸੱਦੇ ਦਾ ਜਵਾਬ ਨਾਅਰੇਬਾਜ਼ੀ ਨਾਲ ਨਹੀਂ ਸਗੋਂ ਸਦੀਵੀ ਸੱਚ ਨਾਲ ਦਿੱਤਾ ਗਿਆ: ਭਾਰਤ ਵਿੱਚ ਅਨੇਕਤਾ ਹੈ, ਫਿਰ ਵੀ ਇਹ ਇੱਕ ਹੈ।
ਤਮਾਸ਼ੇ ਤੋਂ ਬਿਨਾਂ ਸਟੀਕਤਾ
ਮਾਈਕ੍ਰੋਫੋਨਾਂ ’ਤੇ ਹਾਲਾਂਕਿ ਸ਼ਬਦਾਂ ਦੀ ਗੂੰਜ ਸੁਣਾਈ ਦਿੱਤੀ ਸੀ ਪਰ ਭਾਰਤ ਨੇ ਚੁੱਪ-ਚਾਪ, ਸਟੀਕ ਢੰਗ ਨਾਲ ਅਤੇ ਹੰਗਾਮਾ ਕੀਤੇ ਬਿਨਾਂ ਕਾਰਵਾਈ ਕੀਤੀ। ਅਸਲ ਕੰਟਰੋਲ ਰੇਖਾ ਤੋਂ ਪਾਰ ਦਹਿਸ਼ਤਗਰਦੀ ਦੇ ਬੁਨਿਆਦੀ ਢਾਂਚੇ ਉੱਪਰ ਹਮਲਿਆਂ ਦਾ ਕੋਈ ਜ਼ੋਰ-ਸ਼ੋਰ ਨਾਲ ਐਲਾਨ ਨਹੀਂ ਕੀਤਾ ਗਿਆ। ਬਹੁਤ ਸੋਚ ਵਿਚਾਰ, ਕਾਰਗਰ ਅਤੇ ਮਨੋਰਥ ਸਿੱਧੀ ਨਾਲ ਹਮਲੇ ਕੀਤੇ।
ਫਿਰ ਵੀ, ਕੌਮਾਂਤਰੀ ਪ੍ਰਤੀਕਰਮ ਖ਼ਾਮੋਸ਼ੀ ਵਾਲਾ ਸੀ
ਪਾਕਿਸਤਾਨ ਉੱਪਰ ਸੰਯੁਕਤ ਰਾਸ਼ਟਰ ਵੱਲੋਂ ਸੂਚੀਦਰਜ ਦਹਿਸ਼ਤਗਰਦਾਂ ਨੂੰ ਪਨਾਹ ਦੇਣ, ਉਨ੍ਹਾਂ ਦੀਆਂ ਲਾਸ਼ਾਂ ਨੂੰ ਫ਼ੌਜੀ ਰੰਗਾਂ ਵਿੱਚ ਲਪੇਟਣ ਅਤੇ ਰਾਜਕੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ ਕਰਨ ਤੋਂ ਕੋਈ ਖਫ਼ਗੀ ਨਹੀਂ ਦਿਖਾਈ ਗਈ। ਕਿਸੇ ਪ੍ਰੈੱਸ ਕਾਨਫਰੰਸ ਵਿੱਚ ਇਹ ਸਵਾਲ ਨਹੀਂ ਪੁੱਛਿਆ ਗਿਆ ਕਿ ਆਲਮੀ ਤੌਰ ’ਤੇ ਹਤਿਆਰਿਆਂ ਵਜੋਂ ਨਾਮਜ਼ਦ ਵਿਅਕਤੀਆਂ ਨੂੰ ਸਰਕਾਰੀ ਸਨਮਾਨ ਕਿਉਂ ਦਿੱਤਾ ਗਿਆ? ਇੱਕ ਵਾਰ ਫਿਰ ਆਲਮੀ ਨਿਜ਼ਾਮ ਆਪਣੀ ਪਰਖ ’ਤੇ ਅਸਫਲ ਸਿੱਧ ਹੋਇਆ। ਬਹਰਹਾਲ, ਭਾਰਤ ਨੂੰ ਵਾਹ-ਵਾਹ ਦੀ ਤਵੱਕੋ ਨਹੀਂ ਸੀ। ਇਸ ਦਾ ਨਿਸ਼ਾਨਾ ਆਪਣਾ ਇਖ਼ਲਾਕੀ ਮੁਕਾਮ ਉੱਚਾ ਰੱਖਣਾ ਨਹੀਂ ਸੀ ਸਗੋਂ ਡਰ ਪੈਦਾ ਕਰਨਾ ਸੀ ਤੇ ਸੰਦੇਸ਼ ਬਹੁਤ ਸਾਫ਼ ਸੀ: ਭਾਰਤੀ ਪੈਮਾਨਾ ਤਬਦੀਲ ਹੋ ਗਿਆ ਹੈ। ਹੁਣ ਬਿਨਾਂ ਕਿਸੇ ਸ਼ੋਰ ਦੇ ਪ੍ਰਤੀਕਰਮ ਆਵੇਗਾ ਤੇ ਇਹ ਵਜ਼ਨਦਾਰ ਹੋਵੇਗਾ।
ਭਾਰਤ ਦੀਆਂ ਸ਼ਰਤਾਂ ’ਤੇ ਤਣਾਅ ਤੇ ਤਣਾਅ ਘਟਾਈ
ਪਾਕਿਸਤਾਨ ਦੀ ਪ੍ਰਤੀਕਿਰਿਆ ਇਸ ਦੇ ਰਵਾਇਤੀ ਢੰਗ ਨਾਲ ਹੋਈ: ਮਿਜ਼ਾਇਲਾਂ, ਡਰੋਨ, ਚਿਤਾਵਨੀਆਂ। ਜ਼ਿਆਦਾਤਰ ਨਿਸ਼ਾਨੇ ਤੋਂ ਖੁੰਝ ਗਈਆਂ ਅਤੇ ਬਾਕੀਆਂ ਨੂੰ ਖ਼ਤਮ ਕਰ ਦਿੱਤਾ ਗਿਆ। ਇਸ ਨਾਲ ਦੂਜੀ ਪ੍ਰਤੀਕਿਰਿਆ ਹੋਈ ਜੋ ਬੱਝਵੀਂ ਪਰ ਨੁਕਸ ਰਹਿਤ ਸੀ। ਨਾ ਕੇਵਲ ਦਹਿਸ਼ਤਗਰਦ ਕੈਂਪ ਸਗੋਂ ਹਵਾਈ ਅੱਡਿਆਂ ਨੂੰ ਅੰਨ੍ਹੇਵਾਹ ਹੀ ਨਹੀਂ ਸਗੋਂ ਗਿਣ-ਮਿੱਥ ਕੇ ਨਿਸ਼ਾਨਾ ਬਣਾਇਆ। ਇਹ ਮਹਿਜ਼ ਤਣਾਅ ਵਧਾਉਣ ਲਈ ਤਣਾਅ ਨਹੀਂ ਸੀ, ਇਹ ਸਿਧਾਂਤਕ ਕਾਰਵਾਈ ਸੀ। ਸਟੀਕਤਾ ਨੇ ਕਾਬਲੀਅਤ, ਮਨਸ਼ਾ ਤੇ ਧੀਰਜ ਦਾ ਸੰਚਾਰ ਕੀਤਾ। ਇਸ ਨੇ ਦੁੱਖ ਦਿੱਤਾ।… ਤੇ ਇਹ ਕਾਰਆਮਦ ਹੋਈ। ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (ਡੀਜੀਐੱਮਓਜ਼) ਨੇ ਪਹੁੰਚ ਕੀਤੀ, ਸ਼ਰਮਿੰਦਾ ਹੋ ਕੇ ਨਹੀਂ, ਤਣਾਅ ਘਟਾਉਣ ਲਈ। ਭਾਰਤ ਨੇ ਇਹ ਪ੍ਰਵਾਨ ਕਰ ਲਈ, ਕੋਈ ਰਿਆਇਤ ਨਹੀਂ ਦਿੱਤੀ ਗਈ ਸਗੋਂ ਕੰਟਰੋਲ ਦੇ ਤੌਰ ’ਤੇ। ਇਸ ਮੌਕੇ ਦੀ ਕੋਰੀਓਗ੍ਰਾਫੀ ਬਹੁਤ ਜ਼ਬਰਦਸਤ ਸੀ: ਕੋਈ ਜੰਗੀ ਜਨੂੰਨ ਨਹੀਂ ਸਗੋਂ ਸੋਚੇ ਵਿਚਾਰੇ ਸਿੱਟੇ ਦੇ ਰੂਪ ਵਜੋਂ।
ਇਹ ਹਮੇਸ਼ਾ ਸੋਚ ਵਿਚਾਰ ਅਤੇ ਬਹਿਸ ਦਾ ਖੇਤਰ ਰਿਹਾ ਹੈ, ਕੀ ਇਹ ਹੋਣਾ ਚਾਹੀਦਾ ਸੀ ਜਾਂ ਕੀ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਟਕਰਾਅ ਦਾ ਖਾਤਮਾ ਕਦੇ ਵੀ ਸੌਖਾ ਫ਼ੈਸਲਾ ਨਹੀਂ ਹੁੰਦਾ। ਅਮੂਮਨ, ਦਰਸ਼ਕਾਂ ਨੂੰ ਸਿਆਸੀ ਉਦੇਸ਼ਾਂ ਬਾਰੇ ਗਿਆਨ ਨਹੀਂ ਹੁੰਦਾ ਜਿਸ ਕਰ ਕੇ ਇਸ ਤੋਂ ਬਾਅਦ ਬਹਿਸ ਹੋ ਜਾਂਦੀ ਹੈ। ਇਸ ਦੇ ਪ੍ਰਤੀਕਰਮ ਦੇ ਤੌਰ ’ਤੇ ਭਾਰਤ ਨੇ ਨਵੀਂਆਂ ਲਾਲ ਰੇਖਾਵਾਂ ਵਾਹੀਆਂ ਹਨ। ਉਨ੍ਹਾਂ ਦਾ ਐਲਾਨ ਕਰਨ ਦੀ ਲੋੜ ਨਹੀਂ ਹੈ- ਉਹ ਵਿਹਾਰਕ ਰੂਪ ਵਿੱਚ ਦ੍ਰਿਸ਼ਮਾਨ ਹੁੰਦੀਆਂ ਹਨ। ਸੰਦੇਸ਼ ਇਹ ਸੀ ਕਿ ਭਾਰਤ ਜੰਗ ਸ਼ੁਰੂ ਨਹੀਂ ਕਰੇਗਾ ਪਰ ਇਹ ਪਰਿਭਾਸ਼ਤ ਕਰੇਗਾ ਕਿ ਇਹ ਕਦੋਂ ਸ਼ੁਰੂ ਹੋਵੇਗੀ ਅਤੇ ਕਦੋਂ ਖ਼ਤਮ ਹੋਵੇਗੀ।
ਰਣਨੀਤਕ ਸਿਆਣਪ ਹੀ ਅਸਲੀ ਰੋਕਥਾਮ
ਇਹ ਅਚਾਨਕ ਭੜਕਣ ਜਿਹਾ ਨਹੀਂ ਸੀ। ਇਹ ਪਰਖ ਸੀ, ਭਾਰਤ ਨੇ ਆਪਣਾ ਜਵਾਬ ਜ਼ਿਕਰਯੋਗ ਢੰਗ ਨਾਲ ਪਰਖਿਆ। ਪ੍ਰਤੀਕਿਰਿਆਤਮਕ ਕ੍ਰੋਧ ਦੇ ਦਿਨ ਗਏ। ਇਸ ਦੀ ਜਗ੍ਹਾ ਨਪੀ-ਤੁਲੀ ਤਾਕਤ ਨੇ ਲੈ ਲਈ ਹੈ। ਹੱਲਾ ਜਦੋਂ ਲੋੜ ਪਵੇ। ਜਦੋਂ ਲੱਗੀ ਸੱਟ ਸਵੀਕਾਰੀ ਜਾਵੇ, ਰੁਕ ਜਾਓ। ਨਾਟਕਬਾਜ਼ੀ ਨਹੀਂ; ਸਿੱਧ ਕਰਨ ਦੀ ਲੋੜ ਨਹੀਂ।
ਕਿਸ ਚੀਜ਼ ਨੇ ਇਹ ਤਬਦੀਲੀ ਲਿਆਂਦੀ?
ਸਮਰੱਥਾ ਨੇ, ਬਿਲਕੁਲ- ਭਾਰਤ ਕੋਲ ਅੱਜ ਫੌਰੀ ਬਦਲ ਮੌਜੂਦ ਹਨ ਪਰ ਉਸ ਤੋਂ ਵੀ ਜ਼ਿਆਦਾ, ਸਪੱਸ਼ਟਤਾ। ਝੂਠੇ ਦਵੰਦਾਂ ਲਈ ਕੋਈ ਜਗ੍ਹਾ ਨਹੀਂ। ਸੰਵਾਦ ਤੇ ਦਹਿਸ਼ਤ ਨਾਲੋ-ਨਾਲ ਨਹੀਂ ਚੱਲ ਸਕਦੇ। ਸਪੱਸ਼ਟ ਜਮਹੂਰੀਅਤ ਤੇ ਸਰਕਾਰੀ ਸ਼ਹਿ ਪ੍ਰਾਪਤ ਦਹਿਸ਼ਤੀ ਗੱਠਜੋੜ ਵਿਚਾਲੇ ਕੋਈ ‘ਨੈਤਿਕ ਸਮਾਨਤਾ’ ਨਹੀਂ ਹੋ ਸਕਦੀ। ਇਹ ਪਰਪੱਕਤਾ ਅਚਾਨਕ ਨਹੀਂ ਆਈ। ਇਹ ਸੰਸਥਾਈ ਸੁਧਾਰ, ਸਿਵਲ-ਫ਼ੌਜੀ ਸੰਜੋਗ ਤੇ ਰਾਸ਼ਟਰੀ ਸਪੱਸ਼ਟਤਾ ਦਾ ਨਤੀਜਾ ਹੈ। ਭਾਰਤ ਜੰਗ ਨਹੀਂ ਚਾਹੁੰਦਾ ਪਰ ਇਹ ਵਧਣ ਤੋਂ ਵੀ ਨਹੀਂ ਡਰਦਾ। ਇਸ ਨੂੰ ਸੋਚੀ-ਸਮਝੀ ਰੋਕਥਾਮ ਕਹਿੰਦੇ ਹਨ। ਇਸ ਤੋਂ ਉਲਟ ਪਾਕਿਸਤਾਨ ਦਾ ਅੰਦਰੂਨੀ ਪਤਨ ਜ਼ਾਹਿਰ ਹੋ ਚੁੱਕਾ ਹੈ। ਇਸ ਦਾ ਪਰਮਾਣੂ ਬਲੈਕਮੇਲ ਹੁਣ ਸਿਰਫ਼ ਬਲੈਕਮੇਲ ਹੈ, ਰੋਕਥਾਮ ਨਹੀਂ। ਸੰਸਾਰ ਇਸ ਨੂੰ ਦੇਖਦਾ ਹੈ। ਜੇ ਇਹ ਅਜਿਹਾ ਨਹੀਂ ਵੀ ਕਹਿੰਦਾ ਤਾਂ ਭਾਰਤੀ ਪ੍ਰਧਾਨ ਮੰਤਰੀ ਨੇ ਤਾਂ ਬਲੈਕਮੇਲ ਦਾ ਸਿੱਧਾ ਨਾਂ ਲਿਆ ਹੈ ਤੇ ਦਹਿਸ਼ਤੀ ਹਮਲੇ ਨੂੰ ਜੰਗ ਲਾਉਣ ਦਾ ਕਾਰਾ ਗਰਦਾਨਿਆ ਹੈ।