May 9, 2025

ਫ਼ੌਜ ਨੇ ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਲੋਕਾਂ ਦੀ ਸਹੂਲਤ ਲਈ ਬਣਾਏ ਕੈਂਪ

ਤਰਨਤਾਰਨ, 9 ਮਈ – ਫ਼ੌਜ ਨੇ ਸਰਹੱਦੀ ਖੇਤਰ ਵਿਚ ਲੋਕਾਂ ਦੀ ਸਹੂਲਤ ਲਈ ਕੈਂਪ ਬਣਾਏ ਗਏ ਹਨ। ਇਹ ਕੈਂਪ ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ ਤੱਕ ਸਥਾਪਿਤ ਕੀਤੇ ਗਏ ਹਨ।  ਡਿਪਟੀ ਕਮਿਸ਼ਨਰ ਤਰਨਤਾਰਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਤ ਦੇ ਕੈਂਪਾਂ ਦੀਆਂ ਲਿਸਟਾਂ ਜਾਰੀ ਕੀਤੀ ਗਈ ਹੈ। ਜੇਕਰ ਸਰਹੱਦ ’ਤੇ ਵਸੇ 10 ਕਿਲੋਮੀਟਰ ਦੇ ਏਰੀਏ ਵਿੱਚ ਪਿੰਡਾਂ ਨੂੰ ਕੋਈ ਵੀ ਐਮਰਜੈਂਸੀ ਪੈਂਦੀ ਹੈ ਜਾਂ ਕੋਈ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹਨਾਂ ਰਾਹਤ ਕੈਂਪਾਂ ’ਚ ਪਹੁੰਚ ਕਰ ਸਕਦੇ ਹਨ।  ਕੈਂਪਾਂ ’ਤੇ ਲੱਗੇ ਨੋਡਲ ਅਫ਼ਸਰਾਂ ਨਾਲ ਸੰਪਰਕ ਕਰ ਸਕਦਾ ਹੈ।  

ਫ਼ੌਜ ਨੇ ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਲੋਕਾਂ ਦੀ ਸਹੂਲਤ ਲਈ ਬਣਾਏ ਕੈਂਪ Read More »

ਅਮਿਤ ਸੂਦ ਬਣੇ ਬੀਜੇਪੀ ਮੰਡਲ ਧਾਰੀਵਾਲ ਦੇ ਨਵੇਂ ਪ੍ਰਧਾਨ

ਗੁਰਦਾਸਪੁਰ, 9 ਮਈ – ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨ ਮਹਾਪਰਵ ਨਾਮ ਦੇ ਪ੍ਰੋਗਰਾਮ ਹੇਠ ਸਮੁੱਚੇ ਪੰਜਾਬ ਦੇ ਵਿੱਚ ਨਵੇਂ ਮੰਡਲ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਅੱਜ ਵਿਸ਼ੇਸ਼ ਤੌਰ ਤੇ ਜਿਲ੍ਹਾ ਪ੍ਰਭਾਰੀ ਅਨਿਲ ਵਾਸੂਦੇਵਾ ਜੋ ਕਿ ਪਠਾਣਕੋਟ ਦੇ ਸਾਬਕਾ ਮੇਅਰ ਤੇ ਬੀਜੇਪੀ ਦੇ ਸੀਨੀਅਰ ਨੇਤਾ ਹਨ, ਵਿਸ਼ੇਸ਼ ਤੌਰ ਤੇ ਧਾਰੀਵਾਲ ਪਹੁੰਚੇ। ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਪ੍ਰਭਾਰੀ ਅਨਿਲ ਵਾਸੂ ਦੇਵਾ ਦਾ ਸਵਾਗਤ ਕੀਤਾ। ਇਸ ਮੌਕੇ ਤੇ ਉਹਨਾਂ ਦੇ ਨਾਲ ਓਬੀਸੀ ਮੋਰਚਾ ਦੇ ਸਾਬਕਾ ਪੰਜਾਬ ਪ੍ਰਧਾਨ ਰਜਿੰਦਰ ਬਿੱਟਾ ਦੇ ਇਲਾਵਾ ਸਾਬਕਾ ਜ਼ਿਲ੍ਹਾ ਪ੍ਰਧਾਨ ਰਕੇਸ਼ ਜੋਤੀ ਤੇ ਮੌਜੂਦਾ ਜ਼ਿਲਾ ਪ੍ਰਧਾਨ ਸਿਵਬੀਰ ਰਾਜਨ ਵੀ ਹਾਜ਼ਰ ਸਨ। ਇਸ ਮੌਕੇ ਤੇ ਸੋਸ਼ਲ ਮੀਡੀਆ ਇੰਚਾਰਜ ਜ਼ਿਲ੍ਾ ਗੁਰਦਾਸਪੁਰ ਅੰਕੁਸ਼ ਮਹਾਜਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਨਾਂ ਦੇ ਨਾਲ ਯੁਵਾ ਕਾਰਜਕਰਤਾ ਤੇ ਕੋ ਕਨਵੀਨੀਅਰ ਸੋਸ਼ਲ ਮੀਡੀਆ ਪੰਜਾਬ ਉਮੇਸ਼ਵਰ ਮਹਾਜਨ ਗੁਰਦਾਸਪੁਰ ਵੀ ਹਾਜ਼ਰ ਸਨ । ਚੋਣ ਪ੍ਰਕਿਰਿਆ ਦੇ ਦੌਰਾਨ ਅਮਿਤ ਸੂਦ ਜੋ ਕਿ ਬੀਜੇਪੀ ਦੇ ਇੱਕ ਪੁਰਾਣੇ ਵਰਕਰ ਹਨ ਉਹਨਾਂ ਨੂੰ ਅੱਜ ਮੰਡਲ ਧਾਰੀਵਾਲ ਦਾ ਪ੍ਰਧਾਨ ਬਣਾਇਆ ਗਿਆ । ਗੱਲਬਾਤ ਦੌਰਾਨ ਪ੍ਰਭਾਰੀ ਅਨਿਲ ਵਾਸੂ ਦੇਵਾਂ ਨੇ ਕਿਹਾ ਕਿ ਬੀਜੇਪੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਇੱਕ ਆਮ ਵਰਕਰ ਤੋਂ ਲੈ ਕੇ ਦੇਸ਼ ਦੇ ਵੱਡੇ ਮੁੱਦਿਆਂ ਤੱਕ ਵੀ ਪਹੁੰਚਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਅਮਿਤ ਸੂਦ ਪਾਰਟੀ ਨੂੰ ਧਾਰੀਵਾਲ ਮੰਡਲ ਦੇ ਵਿੱਚ ਮਜਬੂਤ ਕਰਨਗੇ। 2027 ਦੇ ਚੋਣਾਂ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮੁੱਚੇ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਚੋਣ ਲੜੇਗੀ। ਜਿਸ ਲਈ ਉਹਨਾਂ ਨੇ ਵਰਕਰਾਂ ਨੂੰ ਤਿਆਰ ਰਹਿਣ ਲਈ ਕਿਹਾ ਇਸ ਮੌਕੇ ਤੇ ਨਵੇਂ ਬਣੇ ਮੰਡਲ ਪ੍ਰਧਾਨ ਅਮਿਤ ਸੂਦ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਤੇ ਮਾਨ ਹੈ ਕੀ ਇੱਕ ਆਮ ਵਰਕਰ ਨੂੰ ਅੱਜ ਬੀਜੇਪੀ ਨੇ ਵੱਡੀ ਜਿੰਮੇਵਾਰੀ ਦਿੱਤੀ ਹੈ।

ਅਮਿਤ ਸੂਦ ਬਣੇ ਬੀਜੇਪੀ ਮੰਡਲ ਧਾਰੀਵਾਲ ਦੇ ਨਵੇਂ ਪ੍ਰਧਾਨ Read More »

ਫ਼ਰੀਦਕੋਟ ‘ਚ ਇੰਟਰਨੈੱਟ ਸੇਵਾਵਾਂ ਬੰਦ

ਫ਼ਰੀਦਕੋਟ, 9 ਮਈ – ਭਾਰਤ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਬੀਤੀ ਰਾਤ ਪਾਕਿਸਤਾਨ ਵਲੋਂ ਹਮਲਾ ਕੀਤਾ ਗਿਆ ਪਰ ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ। ਭਾਰਤ ਨੇ ਪਾਕਿਸਤਾਨ ਦੇ ਸਾਰੇ ਹਮਲੇ ਨਾਕਾਮ ਕਰ ਦਿੱਤੇ ਹਨ। ਇਸ ਵਿਚਾਲੇ ਸਰਹੱਦੀ ਖੇਤਰ ਦੇ ਲੋਕ ਪਿੰਡ ਖਾਲੀ ਕਰਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਹੇ ਹਨ। ਇਸ ਵਿਚਾਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਫ਼ਰੀਦਕੋਟ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਫ਼ਰੀਦਕੋਟ ‘ਚ ਇੰਟਰਨੈੱਟ ਸੇਵਾਵਾਂ ਬੰਦ Read More »

ਦਹਿਸ਼ਤੀ ਮੋਰਚੇ ’ਤੇ ਪਾਕਿਸਤਾਨ ਲਈ ਚਿਤਾਵਨੀ/ਲੈਫ਼ਟੀਨੈਂਟ ਜਨਰਲ ਡੀਐੱਸ ਹੁੱਡਾ (ਸੇਵਾਮੁਕਤ)

ਛੇ ਤੇ ਸੱਤ ਮਈ ਦੀ ਰਾਤ ਨੂੰ ਭਾਰਤ ਨੇ ਅਪਰੇਸ਼ਨ ਸਿੰਧੂਰ ਲਾਂਚ ਕੀਤਾ, ਜਿਸ ਤਹਿਤ ਪਾਕਿਸਤਾਨ ’ਚ ਦਹਿਸ਼ਤੀ ਢਾਂਚੇ ’ਤੇ ਲੜੀਵਾਰ ਫੌਜੀ ਹੱਲੇ ਬੋਲੇ ਗਏ। ਨੌਂ ਅਤਿਵਾਦੀ ਕੈਂਪ ਤਬਾਹ ਹੋ ਗਏ, ਜਿਨ੍ਹਾਂ ਵਿਚ ਪੰਜ ਮਕਬੂਜ਼ਾ ਕਸ਼ਮੀਰ ਤੇ ਚਾਰ ਪੰਜਾਬ ਸੂਬੇ ’ਚ ਸਨ। ਸਭ ਤੋਂ ਅਹਿਮ ਨਿਸ਼ਾਨਾ ਮੁਰੀਦਕੇ ਅਤੇ ਬਹਾਵਲਪੁਰ ਸੀ। ਮੁਰੀਦਕੇ, ਜੋ ਲਾਹੌਰ ਤੋਂ 40 ਕਿਲੋਮੀਟਰ ਦੂਰ ਹੈ, ਲਸ਼ਕਰ-ਏ-ਤੋਇਬਾ ਤੇ ਇਸ ਦੀ ਫਰੰਟ ਇਕਾਈ ਜਮਾਤ-ਉਦ-ਦਾਵਾ ਦਾ ਹੈੱਡਕੁਆਰਟਰ ਹੈ। ‘ਦਿ ਰਿਜ਼ਿਸਟੈਂਸ ਫਰੰਟ’ (ਟੀਆਰਐਫ), ਜਿਸ ਨੇ ਪਹਿਲਾਂ ਪਹਿਲਗਾਮ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ, ਲਸ਼ਕਰ ਨਾਲ ਜੁੜੇ ਹੋਣ ਲਈ ਜਾਣੀ ਜਾਂਦੀ ਹੈ। ਬਹਾਵਲਪੁਰ ਜੈਸ਼-ਏ-ਮੁਹੰਮਦ ਦਾ ਟਿਕਾਣਾ ਹੈ, ਜੋ ਜਾਮੀਆ ਮਸਜਿਦ ਸੁਭਾਨ ਅੱਲ੍ਹਾ ਕੰਪਲੈਕਸ ਵਿਚੋਂ ਚੱਲਦੀ ਹੈ, ਇਹ ਉਸਮਾਨ-ਓ-ਅਲੀ ਕੈਂਪਸ ਵਜੋਂ ਵੀ ਮਸ਼ਹੂਰ ਹੈ। ਅਪਰੇਸ਼ਨ ਸਿੰਧੂਰ ਸਾਲ 2016 ਤੇ 2019 ਵਿਚ ਕੀਤੇ ਸਰਹੱਦ-ਪਾਰ ਵਾਰਾਂ ਨਾਲੋਂ ਪੱਧਰ ਤੇ ਘੇਰੇ ’ਚ ਕਿਤੇ ਵੱਡਾ ਹੈ। ਜਿਹੜਾ ਸੁਨੇਹਾ ਇਸ ਨੇ ਦਿੱਤਾ ਹੈ, ਉਹ ਵੀ ਜ਼ਿਆਦਾ ਸ਼ਕਤੀਸ਼ਾਲੀ ਤੇ ਇਕਸੁਰ ਹੈ; ਤੇ ਇਸ ਸੁਨੇਹੇ ਵਿਚ ਪਾਕਿਸਤਾਨ ਨਾਲ ਨਜਿੱਠਣ ਦੀ ਭਾਰਤ ਦੀ ਭਵਿੱਖੀ ਰਣਨੀਤੀ ’ਚ ਕੁਝ ਅਹਿਮ ਬਦਲਾਅ ਹਨ। ਪਹਿਲਾ ਇਹ ਕਿ ਵੱਡੇ ਅਤਿਵਾਦੀ ਹਮਲਿਆਂ ਲਈ ਸਖ਼ਤ ਸਜ਼ਾ ਮਿਲੇਗੀ। ਕਿਉਂਕਿ 2016 ਤੇ 2019 ਦੇ ਭਾਰਤੀ ਹੱਲੇ ਸੀਮਤ ਸਨ, ਇਸ ਲਈ ਇਹ ਪਾਕਿਸਤਾਨ ਨੂੰ, ਅਤਿਵਾਦ ਨੂੰ ਸਰਕਾਰੀ ਨੀਤੀ ਦਾ ਇਕ ਸਾਧਨ ਬਣਾ ਕੇ ਵਰਤਣ ਤੋਂ ਰੋਕ ਨਹੀਂ ਸਕੇੇੇ, ਪਰ ਹੁਣ ਸਭ ਤੋਂ ਜ਼ਿਆਦਾ ਦਰਦ ਉਨ੍ਹਾਂ ਨੂੰ ਹੋ ਰਿਹਾ ਹੋਵੇਗਾ ਜਿਹੜੇ ਅਤਿਵਾਦ ਦੀ ਇਸ ਮੁਹਿੰਮ ਨੂੰ ਸਿੱਧੇ ਤੌਰ ’ਤੇ ਸੰਭਾਲ ਰਹੇ ਸਨ। ਜੇ ਪਾਕਿਸਤਾਨੀ ਫੌਜ ਅਤਿਵਾਦੀਆਂ ਦੀ ਲੀਡਰਸ਼ਿਪ ਨੂੰ ਨਕੇਲ ਪਾਉਣ ਦੀ ਚਾਹਵਾਨ ਨਹੀਂ ਹੈ, ਤਾਂ ਭਾਰਤ ਸੈਨਿਕ ਸਾਜ਼ੋ-ਸਾਮਾਨ ਦੀ ਵਰਤੋਂ ਕਰ ਕੇ ਅਜਿਹਾ ਕਰੇਗਾ। ਭਾਰਤ ਨੇ ਲੰਮਾ ਸਮਾਂ ਰਣਨੀਤਕ ਸੰਜਮ ਦਾ ਰੁਖ਼ ਅਖ਼ਤਿਆਰ ਕਰ ਕੇ ਰੱਖਿਆ। ਹਾਲਾਂਕਿ ਬਦਲ ਰਹੀ ਸੁਰੱਖਿਆ ਸਥਿਤੀ ਕਰ ਕੇ, ਖਾਸ ਤੌਰ ’ਤੇ ਭਿਆਨਕ ਪਹਿਲਗਾਮ ਹਮਲੇ ਤੋਂ ਬਾਅਦ, ਨਵੇਂ ਸਿਰਿਓਂ ਰਣਨੀਤੀ ਘੜਨ ਦੀ ਲੋੜ ਪਈ ਹੈ। ਬਹਾਵਲਪੁਰ ਤੇ ਮੁਰੀਦਕੇ ਵਰਗੀਆਂ ਧੁਰ ਅੰਦਰਲੀਆਂ ਥਾਵਾਂ ’ਤੇ ਹਮਲਾ ਕਰ ਕੇ ਭਾਰਤ ਨੇ ਸੰਕੇਤ ਦਿੱਤਾ ਹੈ ਕਿ ਇਹ ਹੁਣ ਮਹਿਜ਼ ਜਵਾਬੀ ਕਾਰਵਾਈ ਨੂੰ ਕਾਫ਼ੀ ਨਹੀਂ ਮੰਨਦਾ। ਨਵੀਂ ਪਹੁੰਚ ਦਾ ਉਦੇਸ਼ ਉਨ੍ਹਾਂ ਦੀਆਂ ਸੁਵਿਧਾਜਨਕ ਗਿਣਤੀਆਂ-ਮਿਣਤੀਆਂ ਨੂੰ ਵਿਗਾੜਨਾ ਹੈ ਜਿਹੜੇ ਸਰਹੱਦ ਪਾਰੋਂ ਅਤਿਵਾਦ ਨੂੰ ਸ਼ਹਿ ਦਿੰਦੇ ਹਨ। ਅਪਰੇਸ਼ਨ ਸਿੰਧੂਰ ’ਤੇ ਜਾਣਕਾਰੀ ਦਿੰਦਿਆਂ ਸਰਕਾਰ ਨੇ, ਪਹਿਲਾਂ ਹੋਏ ਦਹਿਸ਼ਤੀ ਹਮਲਿਆਂ (2001 ਦੇ ਸੰਸਦੀ ਹਮਲੇ ਤੋਂ ਲੈ ਕੇ 2008 ਦੇ ਮੁੰਬਈ ਹਮਲੇ, ਉੜੀ 2016, ਪੁਲਵਾਮਾ 2019 ਤੇ ਪਹਿਲਗਾਮ ਹਮਲੇ) ਦਾ ਚਾਰਟ ਵੀ ਦਿਖਾਇਆ, ਜਿਸ ਰਾਹੀਂ ਸਰਹੱਦ-ਪਾਰੋਂ ਹੁੰਦੇ ਅਤਿਵਾਦ ਦੀ ਚੁਕਾਈ ਜਾਂਦੀ ਕੀਮਤ ਨੂੰ ਉਭਾਰ ਕੇ ਪੇਸ਼ ਕੀਤਾ ਗਿਆ; ਤੇ ਇਸ ਤੋਂ ਬਾਅਦ ਸੁਨੇਹਾ ਫਲੈਸ਼ ਕੀਤਾ ਗਿਆ ‘‘… ਬਸ ਹੋਰ ਨਹੀਂ’’। ਇਹ ਸਭ ਭਾਵੇਂ ਨਾਟਕੀ ਲੱਗ ਸਕਦਾ ਹੈ, ਪਰ ਇਹ ਭਾਰਤ ਦੇ ਅਹਿਦ ਨੂੰ ਉਭਾਰਦਾ ਹੈ ਕਿ ਇਹ ਹੁਣ ਪਾਕਿਸਤਾਨੀ ਧਰਤੀ ਤੋਂ ਉੱਠਦੇ ਅਤਿਵਾਦ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ। ਦੂਜਾ, ਪਾਕਿਸਤਾਨੀ ਸੈਨਾ ਕੋਲ ਦੋ ਬਦਲ ਹਨ। ਇਸ ਨੂੰ ਜਾਂ ਤਾਂ ਮਿਲਟਰੀ-ਜਹਾਦ ਕੰਪਲੈਕਸ ਦੀ ਮਜ਼ਬੂਤ ਨੀਂਹ ਪੁੱਟਣੀ ਪਏਗੀ, ਜਿਸ ਨੂੰ ਇਸ ਨੇ ਲੰਮਾ ਸਮਾਂ ਸਹਾਰਾ ਦਿੱਤਾ ਹੈ, ਜਾਂ ਫੇਰ ਭਾਰਤ ਨਾਲ ਤਬਾਹਕੁਨ ਟਕਰਾਅ ਮੁੱਲ ਲੈਣਾ ਪਏਗਾ, ਜਿਹੜਾ ਪਾਕਿਸਤਾਨ ਵਰਗੇ ਸੰਕਟਗ੍ਰਸਤ ਮੁਲਕ ਨੂੰ ਹੋਰ ਅਸਥਿਰਤਾ ਤੇ ਖ਼ਤਰੇ ’ਚ ਫਸਾ ਦੇਵੇਗਾ। ਦਹਾਕਿਆਂ ਤੱਕ ਪਾਕਿਸਤਾਨੀ ਫੌਜ ਨੇ ਜਹਾਦੀ ਗਰੁੱਪਾਂ ਨੂੰ ਰਣਨੀਤਕ ਅਸਾਸਿਆਂ ਵਜੋਂ ਸਾਂਭਿਆ ਹੈ ਤੇ ਭਾਰਤ ਖਿਲਾਫ਼ ਵਰਤਿਆ ਹੈ, ਪਰ ਨਾਲ ਹੀ ਇਸ ਸਭ ਤੋਂ ਇਨਕਾਰੀ ਵੀ ਰਹੀ ਹੈ। ਅਪਰੇਸ਼ਨ ਸਿੰਧੂਰ ਦੇ ਨਾਲ, ਭਾਰਤ ਇਹ ਸਾਫ਼ ਕਰ ਰਿਹਾ ਹੈ ਕਿ ਸਰਕਾਰ ਤੇ ਇਸ ਦੇ ਉਨ੍ਹਾਂ ਰੂਪਾਂ (ਪਰੌਕਸੀ) ਵਿਚ ਕੋਈ ਫ਼ਰਕ ਨਹੀਂ ਹੈ, ਜਿਨ੍ਹਾਂ ਨੂੰ ਇਹ ਸ਼ਹਿ ਦੇ ਰਹੀ ਹੈ। ਰੇਖਾਵਾਂ ਫਿੱਕੀਆਂ ਕਰਨ ਦਾ ਇਹ ਕਦਮ ਸੋਚ ਕੇ ਚੁੱਕਿਆ ਗਿਆ ਹੈ। ਪੰਜਾਬ ਵਿਚ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਭਾਰਤ ਨੇ ਸੰਕੇਤ ਦਿੱਤਾ ਹੈ ਕਿ ਸੁਰੱਖਿਅਤ ਲੁਕਣਗਾਹਾਂ ਹੁਣ ਬਚ ਨਹੀਂ ਸਕਣਗੀਆਂ, ਭਾਵੇਂ ਉਨ੍ਹਾਂ ਦਾ ਰਾਜਨੀਤਕ ਜੁੜਾਅ ਕਿਹੋ ਜਿਹਾ ਵੀ ਹੋਵੇ। ਮੀਡੀਆ ਨੂੰ ਜਾਣਕਾਰੀ ਦਿੰਦਿਆਂ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਦੀ ‘‘ਕਾਰਵਾਈ ਸੰਤੁਲਿਤ, ਕੇਂਦਰਿਤ, ਗੈਰ-ਉਤੇਜਿਤ ਤੇ ਜ਼ਿੰਮੇਵਾਰਾਨਾ ਸੀ। ਇਸ ਨੇ ਦਹਿਸ਼ਤੀ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਅਤਿਵਾਦੀਆਂ ਨੂੰ ਖ਼ਤਮ ਕੀਤਾ ਜਿਨ੍ਹਾਂ ਨੂੰ ਭਾਰਤ ਭੇਜਿਆ ਜਾ ਸਕਦਾ ਸੀ।’’ ਇਹ ਪਾਕਿਸਤਾਨ ਨੂੰ ਸੂਖਮ ਸੁਨੇਹਾ ਸੀ ਕਿ ਤਣਾਅ ਨੂੰ ਕਾਬੂ ’ਚ ਰੱਖਿਆ ਜਾ ਸਕਦਾ ਹੈ ਜੇਕਰ ਇਹ ਕਿਸੇ ਜਵਾਬੀ ਫੌਜੀ ਕਾਰਵਾਈ ਤੋਂ ਗੁਰੇਜ਼ ਕਰੇ, ਤੇ ਭਵਿੱਖ ’ਚ ਅਤਿਵਾਦੀ ਗਤੀਵਿਧੀਆਂ ਉਤੇ ਨਜ਼ਰ ਰੱਖੇ। ਪਾਕਿਸਤਾਨੀ ਸੈਨਾ ਨੇ ਇਸ ਸੁਨੇਹੇ ’ਤੇ ਗੌਰ ਕੀਤਾ ਹੈ ਜਾਂ ਨਹੀਂ, ਇਸ ਬਾਰੇ ਕੁਝ ਪੱਕਾ ਨਹੀਂ। ਤੀਜਾ, ਭਾਰਤ ਸਪੱਸ਼ਟ ਹੈ ਕਿ ਪਰਮਾਣੂ ਟਕਰਾਅ ਤੋਂ ਹੇਠਾਂ ਸੀਮਤ ਕਾਰਵਾਈ ਦੀ ਗੁੰਜਾਇਸ਼ ਹੈ। ਜਦ ਵੀ ਭਾਰਤ-ਪਾਕਿਸਤਾਨ ਸੰਕਟ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨ ਪਹਿਲੇ ਹੱਲੇ ਹੀ ਆਪਣਾ ਪਰਮਾਣੂ ਪੱਤਾ ਖੇਡ ਦਿੰਦਾ ਹੈ। ਮੰਤਰੀ ਹਨੀਫ਼ ਅੱਬਾਸੀ ਨੇ ਕਿਹਾ ਕਿ ਜੇ ਭਾਰਤ ਸਿੰਧੂ ਜਲ ਸੰਧੀ ਰੱਦ ਕਰ ਕੇ ਪਾਕਿਸਤਾਨ ਨੂੰ ਪਾਣੀ ਦੀ ਸਪਲਾਈ ਬੰਦ ਕਰਦਾ ਹੈ ਤਾਂ ਇਸਲਾਮਾਬਾਦ ਪਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਲਈ ਤਿਆਰ ਹੋਵੇਗਾ। ਰੂਸ ਵਿਚ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਖਾਲਿਦ ਜਮਾਲੀ ਨੇ ਵੀ ਇਹੀ ਧਮਕੀ ਦਿੱਤੀ। ਭਾਰਤ ਹੁਣ ਆਪਣੇ ਆਪ ਨੂੰ ਪਾਕਿਸਤਾਨ ਦੇ ਪਰਮਾਣੂ ਬਲੈਕਮੇਲ ਨਾਲ ਬੰਨ੍ਹਿਆ ਹੋਇਆ ਨਹੀਂ ਦੇਖਦਾ। ਅਪਰੇਸ਼ਨ ਸਿੰਧੂਰ ਰਾਹੀਂ ਪੰਜਾਬ ਦੇ ਧੁਰ ਅੰਦਰ ਹੱਲਾ ਬੋਲ ਕੇ ਇਸ ਨੇ ਹਵਾਈ ਤਾਕਤ ਦੀ ਵਰਤੋਂ ’ਚ ਨਵਾਂ ਮਿਆਰ ਸਥਾਪਿਤ ਕੀਤਾ ਹੈ, ਜਿਸ ਨੂੰ ਕਿਸੇ ਵੇਲੇ ਦਹਿਸ਼ਤੀ ਹਮਲਿਆਂ ਦੇ ਜਵਾਬ ’ਚ ਬੇਹੱਦ ਖ਼ਤਰਨਾਕ ਤੇ ਉਤੇਜਿਤ ਕਰਨ ਵਾਲਾ ਮੰਨਿਆ ਜਾਂਦਾ ਸੀ। ਚੌਥਾ, ਦਹਿਸ਼ਤਗਰਦੀ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਸਾਬਿਤ ਕਰਨ ਲਈ ਆਲਮੀ ਖੇਮਿਆਂ ’ਚ ਭਾਰਤ ਤੋਂ ਸਬੂਤਾਂ ਦੀ ਹੁੰਦੀ ਰਹੀ ਮੰਗ ਦਾ ਸਮਾਂ ਵੀ ਪੁੱਗ ਗਿਆ ਹੈ। ਭਾਰਤ ਦਹਾਕਿਆਂ ਤੋਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਦਾ ਸ਼ਿਕਾਰ ਰਿਹਾ ਹੈ। ਸਮੱਸਿਆ ਉਹ ਨਹੀਂ ਹਨ ਜਿਹੜੇ ਹਮਲਿਆਂ ਨੂੰ ਅੰਜਾਮ ਦਿੰਦੇ ਹਨ, ਬਲਕਿ ਪਾਕਿਸਤਾਨ ਦੀ ਅਤਿਵਾਦੀ ਤੇ ਫੌਜੀ ਲੀਡਰਸ਼ਿਪ ਹੈ ਜਿਹੜੀ ਉਨ੍ਹਾਂ ਨੂੰ ਪਾਲਦੀ ਹੈ। ਪੁਖ਼ਤਾ ਸਬੂਤਾਂ ਦੀ ਮੰਗ ‘ਪਰੌਕਸੀ’ ਜੰਗ ਦੇ ਸਰੂਪ ਨੂੰ ਨਜ਼ਰਅੰਦਾਜ਼ ਕਰਦੀ ਹੈ। ਭਾਰਤ ’ਚ ਹੋਏ ਹਮਲਿਆਂ ਦੀ ਨਿਰੰਤਰਤਾ, ਕਸੂਰਵਾਰਾਂ ਦੀ ਸ਼ਨਾਖ਼ਤ, ਉਨ੍ਹਾਂ ਦੀ ਸਿਖਲਾਈ, ਵਿਚਾਰਧਾਰਕ ਬਿਰਤਾਂਤ ਤੇ ਫੰਡਿੰਗ ਇਕ ਅਜਿਹੇ ਢਾਂਚੇ ਵੱਲ ਇਸ਼ਾਰਾ ਕਰਦੇ ਹਨ ਜਿਹੜਾ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਪੰਜਵਾਂ, ਕੌਮਾਂਤਰੀ ਭਾਈਚਾਰੇ ਨੂੰ ਵੀ ਸੁਨੇਹਾ ਗਿਆ ਹੈ। ਭਾਰਤ ਵਿਚ ਸੰਯੁਕਤ ਰਾਸ਼ਟਰ ਵਰਗੀਆਂ ਆਲਮੀ ਸੰਸਥਾਵਾਂ ਨੂੰ ਲੈ ਕੇ ਨਿਰਾਸ਼ਾ ਹੈ ਕਿਉਂਕਿ ਉਹ ਪਾਕਿਸਤਾਨ ਨੂੰ ਦਹਿਸ਼ਤਗਰਦੀ ਲਈ ਜਵਾਬਦੇਹ ਨਹੀਂ ਬਣਾ ਸਕੀਆਂ। ਕੌਮਾਂਤਰੀ ਰਾਇ ਤੇ ਕੂਟਨੀਤਕ ਹਮਾਇਤ ਭਾਵੇਂ ਮਹੱਤਵਪੂਰਨ ਹੈ, ਪਰ ਜਦ ਭਾਰਤ ਪਾਕਿਸਤਾਨ ਦੇ ਅਤਿਵਾਦ ਖਿਲਾਫ਼ ਕਾਰਵਾਈ ਦੇ ਬਦਲ ਚੁਣਦਾ ਹੈ ਤਾਂ ਇਹ ਪ੍ਰਮੁੱਖ ਨੁਕਤਿਆਂ ਵਿਚ ਸ਼ਾਮਲ ਨਹੀਂ ਹੈ। ਅਪਰੇਸ਼ਨ ਸਿੰਧੂਰ ਨੇ ਨਵੇਂ ਸਿਧਾਂਤਕ ਮਿਆਰ ਸਥਾਪਿਤ ਕੀਤੇ ਹਨ: ਦਹਿਸ਼ਤੀ ਢਾਂਚਾ ਤਬਾਹ ਕੀਤਾ ਜਾਵੇਗਾ, ਪਰਮਾਣੂ ਧਮਕੀਆਂ ‘ਪਰੌਕਸੀ’ ਲਾਉਣ ਵਾਲਿਆਂ ਨੂੰ ਬਚਾ ਨਹੀਂ ਸਕਣਗੀਆਂ, ਆਲਮੀ ਭਾਈਚਾਰੇ ਦੀ ਨੈਤਿਕ ਦੁਚਿੱਤੀ ਭਾਰਤ ਦੀਆਂ ਖ਼ੁਦਮੁਖਤਿਆਰ ਚੋਣਾਂ ਤੋਂ ਉਤੇ ਨਹੀਂ ਜਾਵੇਗੀ, ਤੇ ਪਾਕਿਸਤਾਨੀ ਫ਼ੌਜ ਨੂੰ ਜਹਾਦੀ ਗਰੁੱਪਾਂ ਨਾਲ ਆਪਣੀ ਲੰਮੀ ਨੇੜਤਾ ਦੇ ਸਿੱਟਿਆਂ ਦਾ ਅਹਿਸਾਸ ਜ਼ਰੂਰ ਕਰਾਇਆ ਜਾਵੇਗਾ।

ਦਹਿਸ਼ਤੀ ਮੋਰਚੇ ’ਤੇ ਪਾਕਿਸਤਾਨ ਲਈ ਚਿਤਾਵਨੀ/ਲੈਫ਼ਟੀਨੈਂਟ ਜਨਰਲ ਡੀਐੱਸ ਹੁੱਡਾ (ਸੇਵਾਮੁਕਤ) Read More »

ਭਾਰਤ-ਪਾਕਿ ਫੌਜੀ ਟਕਰਾਅ ਕਾਰਨ IPL ਅਣਮਿੱਥੇ ਸਮੇਂ ਲਈ ਮੁਲਤਵੀ

ਨਵੀਂ ਦਿੱਲੀ, 9 ਮਈ – ਪਠਾਨਕੋਟ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਆਈਪੀਐਲ ਮੈਚ ਰੱਦ ਕਰ ਦਿੱਤਾ ਗਿਆ ਹੈ। ਮੈਚ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਅਤੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸਟੇਡੀਅਮ ਦੇ ਐਮਰਜੈਂਸੀ ਗੇਟ ਖੋਲ੍ਹ ਦਿੱਤੇ ਗਏ। ਸਟੇਡੀਅਮ ਦੇ ਅੰਦਰ ਜਗਦੀਆਂ ਸਾਰੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ। ਦੱਸ ਦੇਈਏ ਕਿ ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਜ਼ (DC) ਵਿਚਕਾਰ IPL ਮੈਚ ਖੇਡਿਆ ਜਾ ਰਿਹਾ ਸੀ, ਇਸ ਮੈਚ ਲਈ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ, ਸਟੈਂਡ ਤੋਂ ਲੈ ਕੇ ਮੀਡੀਆ ਬਾਕਸ ਤੱਕ ਕਮਾਂਡੋ ਤਾਇਨਾਤ ਕੀਤੇ ਗਏ ਸਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਗਾਮ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਦੌਰਾਨ ਪਠਾਨਕੋਟ ਏਅਰਬੇਸ ਸਣੇ ਹੋਰ ਥਾਵਾਂ ‘ਤੇ ਪਾਕਿਸਤਾਨ ਵੱਲੋਂ ਹਮਲੇ ਦੀਆਂ ਖਬਰਾਂ ਤੋਂ ਬਾਅਦ ਮੈਚ ਨੂੰ ਵਿਚੇ ਰੋਕ ਦਿੱਤਾ ਗਿਆ। ਧਰਮਸ਼ਾਲਾ ਤੋਂ ਖਿਡਾਰੀਆਂ ਨੂੰ ਕੱਢਣ ਲਈ ਬੀਸੀਸੀਆਈ ਇੱਕ ਵਿਸ਼ੇਸ਼ ਰੇਲਗੱਡੀ ਦਾ ਪ੍ਰਬੰਧ ਕਰ ਰਿਹਾ ਹੈ। ਇਸ ਰੇਲਗੱਡੀ ਰਾਹੀਂ ਸਹਾਇਤਾ ਸਟਾਫ਼ ਅਤੇ ਪ੍ਰਸਾਰਣ ਟੀਮ ਨੂੰ ਵੀ ਬਾਹਰ ਕੱਢਿਆ ਜਾਵੇਗਾ। ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਅਸੀਂ ਧਰਮਸ਼ਾਲਾ ਦੇ ਨੇੜੇ ਤੋਂ ਇੱਕ ਵਿਸ਼ੇਸ਼ ਰੇਲਗੱਡੀ ਦਾ ਪ੍ਰਬੰਧ ਕਰ ਰਹੇ ਹਾਂ। ਇਸ ਰੇਲਗੱਡੀ ਰਾਹੀਂ ਖਿਡਾਰੀਆਂ ਸਮੇਤ ਸਾਰੇ ਲੋਕਾਂ ਨੂੰ ਸੁਰੱਖਿਅਤ ਘਰ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਅਤੇ ਦਿੱਲੀ ਵਿਚਾਲੇ ਮੈਚ ਰੱਦ ਕਰ ਦਿੱਤਾ ਗਿਆ ਹੈ। ਸਟੇਡੀਅਮ ਨੂੰ ਵੀ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਰਾਜੀਵ ਸ਼ੁਕਲਾ ਨੇ ਅੱਗੇ ਕਿਹਾ ਕਿ ਇਸ ਸਮੇਂ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ, ਮੈਚ ਖੇਡਣਾ ਹੁਣ ਸੁਰੱਖਿਅਤ ਨਹੀਂ ਹੈ। ਜ਼ਿਕਰਯੋਗ ਹੈ ਕਿ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੈਚ 11ਵੇਂ ਓਵਰ ਵਿੱਚ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬੀਸੀਸੀਆਈ ਹਰਕਤ ਵਿੱਚ ਆ ਗਿਆ ਹੈ।

ਭਾਰਤ-ਪਾਕਿ ਫੌਜੀ ਟਕਰਾਅ ਕਾਰਨ IPL ਅਣਮਿੱਥੇ ਸਮੇਂ ਲਈ ਮੁਲਤਵੀ Read More »

ਭਾਰਤ ਨੇ ਪਾਕਿਸਤਾਨ ਨੂੰ ਮੋੜੀ ਭਾਜੀ, ਲਾਹੌਰ, ਸਿਆਲਕੋਟ ਅਤੇ ਕਰਾਚੀ ਵਿੱਚ ਦਿੱਤਾ ਢੁਕਵਾਂ ਜਵਾਬ

ਨਵੀਂ ਦਿੱਲੀ, 9 ਮਈ – ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਅਤੇ ਪਾਕਿਸਤਾਨ ਅਤੇ ਪੀਓਕੇ ਵਿੱਚ ਹਵਾਈ ਹਮਲਿਆਂ ਤੋਂ ਗੁੱਸੇ ਵਿੱਚ ਆਏ ਪਾਕਿਸਤਾਨ ਨੇ ਵੀਰਵਾਰ, 8 ਮਈ ਨੂੰ ਭਾਰਤ ‘ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ। ਪੰਜਾਬ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਫੌਜ ਅਤੇ ਹਵਾਈ ਸੈਨਾ ਦੇ ਬੇਸ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਆਧੁਨਿਕ ਰੱਖਿਆ ਪ੍ਰਣਾਲੀ S400 ਨਾਲ ਪਾਕਿਸਤਾਨ ਦੇ ਡਰੋਨ-ਮਿਜ਼ਾਈਲ ਹਮਲੇ ਨੂੰ ਨਾਕਾਮ ਕਰ ਦਿੱਤਾ। ਬਦਲੇ ਵਿੱਚ, ਭਾਰਤੀ ਫੌਜ ਨੇ ਪਾਕਿਸਤਾਨ ਦੇ ਰੱਖਿਆ ਪ੍ਰਣਾਲੀ ਅਵਾਕਸ ਨੂੰ ਤਬਾਹ ਕਰ ਦਿੱਤਾ। ਭਾਰਤ ਸਰਕਾਰ ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

ਭਾਰਤ ਨੇ ਪਾਕਿਸਤਾਨ ਨੂੰ ਮੋੜੀ ਭਾਜੀ, ਲਾਹੌਰ, ਸਿਆਲਕੋਟ ਅਤੇ ਕਰਾਚੀ ਵਿੱਚ ਦਿੱਤਾ ਢੁਕਵਾਂ ਜਵਾਬ Read More »

ਜਦੋਂ ਟਰੰਪ ਨੂੰ ਮਿਲੇ ਕਾਰਨੀ

ਕੈਨੇਡਾ ਦੀਆਂ ਆਮ ਚੋਣਾਂ ਵਿੱਚ ਭਰਵਾਂ ਫ਼ਤਵਾ ਹਾਸਿਲ ਕਰਨ ਤੋਂ ਬਾਅਦ ਬੀਤੇ ਦਿਨੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਗਏ ਸਨ ਜਿਸ ਮੌਕੇ ਦੁਵੱਲੇ ਸਬੰਧਾਂ ਨੂੰ ਲੈ ਕੇ ਦੋਵਾਂ ਆਗੂਆਂ ਵੱਲੋਂ ਕੁਝ ਖ਼ਰੀਆਂ ਖ਼ਰੀਆਂ ਗੱਲਾਂ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਦੀ ‘ਮਹਿਮਾਨ ਨਿਵਾਜ਼ੀ’ ਲਈ ਟਰੰਪ ਪਹਿਲਾਂ ਹੀ ਮਸ਼ਹੂਰ ਹੋ ਚੁੱਕੇ ਹਨ ਪਰ ਨਵੇਂ ਕੈਨੇਡੀਅਨ ਆਗੂ ਨੇ ਜਿਸ ਢੰਗ ਨਾਲ ਟਰੰਪ ਨੂੰ ਮੋੜਵਾਂ ਜਵਾਬ ਦਿੱਤਾ, ਉਸ ਤੋਂ ਇਹ ਪ੍ਰਭਾਵ ਗਿਆ ਹੈ ਕਿ ਟਰੰਪ ਲਈ ਸਭ ਨੂੰ ਦਰਕਿਨਾਰ ਕਰ ਕੇ ਅੱਗੇ ਵਧਣ ਦਾ ਰਾਹ ਹੁਣ ਸੌਖਾ ਨਹੀਂ ਹੋਵੇਗਾ। ਇਸੇ ਕਰ ਕੇ ਸ਼ਾਇਦ ਟਰੰਪ ਨੂੰ ਇਹ ਕਹਿਣਾ ਪਿਆ ਹੈ ਕਿ ਇਸ ਮੀਟਿੰਗ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਅਸੀਂ ਦੋਵੇਂ ਮਿੱਤਰ ਬਣੇ ਰਹਾਂਗੇ। ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੈਨੇਡਾ ਨੂੰ ਟੈਰਿਫਾਂ ਦੀ ਮਾਰ ਤੋਂ ਬਚਣ ਲਈ ਅਮਰੀਕਾ ਦਾ 51ਵਾਂ ਸੂਬਾ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਦਾ ਅਸਰ ਪੁੱਠਾ ਪੈ ਗਿਆ। ਮਾਰਕ ਕਾਰਨੀ ਨੇ ਮੀਟਿੰਗ ਵਿੱਚ ਦੁਹਰਾਇਆ ਕਿ ‘ਕੈਨੇਡਾ ਵਿਕਾਊ ਨਹੀਂ ਹੈ ਤੇ ਅਜਿਹਾ ਕਦੇ ਵੀ ਨਹੀਂ ਹੋ ਸਕਦਾ।’ ਲੰਘੀ 28 ਅਪਰੈਲ ਨੂੰ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਜਿੱਤ ਤੋਂ ਬਾਅਦ ਮਾਰਕ ਕਾਰਨੀ ਪੂਰੇ ਹੌਸਲੇ ਵਿੱਚ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਦੇ ਅਰਥਚਾਰੇ ਨੂੰ ਮੁੜ ਲੀਹ ’ਤੇ ਚਾੜ੍ਹਨ ਦਾ ਭਰੋਸਾ ਵੀ ਹੈ। ਕਾਰਨੀ ਨੇ ਕੈਨੇਡਾ ਦੀ ਪ੍ਰਭੂਸੱਤਾ ਅਤੇ ਕੌਮੀ ਹਿੱਤਾਂ ਦੀ ਰਾਖੀ ਕਰਨ ’ਤੇ ਦ੍ਰਿੜ ਸਟੈਂਡ ਲਿਆ ਹੈ। ਉਨ੍ਹਾਂ ਇਹ ਪੁਜ਼ੀਸ਼ਨ ਵੀ ਅਪਣਾਈ ਹੈ ਕਿ ਵਪਾਰਕ ਸਬੰਧਾਂ ਨੂੰ ਲੈ ਕੇ ਟਰੰਪ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਤਣਾਤਣੀ ਦਾ ਮੁੱਖ ਮੁੱਦਾ ਟਰੰਪ ਵੱਲੋਂ ਸਟੀਲ ਅਤੇ ਐਲੂਮੀਨੀਅਮ ਸਣੇ ਕੈਨੇਡੀਅਨ ਮਾਲ ਅਤੇ ਵਸਤਾਂ ਉੱਪਰ ਟੈਰਿਫ ਲਾਗੂ ਕਰਨ ਤੋਂ ਵਧੀ ਸੀ ਜਿਸ ਤੋਂ ਇਤਿਹਾਸਕ ਤੌਰ ’ਤੇ ਇੱਕ ਦੂਜੇ ਦੇ ਬਹੁਤ ਕਰੀਬ ਰਹੇ ਦੋਵਾਂ ਮੁਲਕਾਂ ਵਿਚਕਾਰ ਤਣਾਅ ਆ ਗਿਆ ਸੀ। ਟਰੰਪ ਵੱਲੋਂ ਉੱਤਰ ਅਟਲਾਂਟਿਕ ਮੁਕਤ ਵਪਾਰ ਸੰਧੀ (ਨਾਫਟਾ) ਉੱਪਰ ਮੁੜ ਵਿਚਾਰ ਕਰਨ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਜਿਸ ਕਰ ਕੇ ਅਮਰੀਕਾ-ਮੈਕਸਿਕੋ-ਕੈਨੇਡਾ ਸੰਧੀ ਨੂੰ ਵਿਵਾਦ ਦਾ ਕੇਂਦਰ ਬਣ ਗਈ ਹੈ। ਟਰੰਪ ਅਤੇ ਕਾਰਨੀ ਦੀ ਮੁਲਾਕਾਤ ਨਾਲ ਇਹ ਗੱਲ ਜੱਗ ਜ਼ਾਹਿਰ ਹੋ ਗਈ ਹੈ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਏ ਨਿਘਾਰ ਨੂੰ ਠੱਲ੍ਹ ਪਾਉਣੀ ਸੌਖਾ ਕੰਮ ਨਹੀਂ ਹੋਵੇਗਾ ਅਤੇ ਜਿਸ ਤਰ੍ਹਾਂ ਵਪਾਰ, ਪ੍ਰਭੂਸੱਤਾ ਅਤੇ ਦੁਵੱਲੇ ਸਬੰਧਾਂ ਪ੍ਰਤੀ ਦੋਵਾਂ ਦੇਸ਼ਾਂ ਦੀਆਂ ਧਾਰਨਾਵਾਂ ਵਿੱਚ ਫ਼ਰਕ ਸਾਹਮਣੇ ਆ ਰਿਹਾ ਹੈ, ਉਸ ਦੇ ਮੱਦੇਨਜ਼ਰ ਉਨ੍ਹਾਂ ਵਿਚਕਾਰ ਪਈ ਦੁਫੇੜ ਨੂੰ ਭਰਨ ਲਈ ਦੋਵੇਂ ਪਾਸਿਓਂ ਬਹੁਤ ਜ਼ਿਆਦਾ ਅਤੇ ਸੁਹਿਰਦ ਕੋਸ਼ਿਸ਼ਾਂ ਦੀ ਲੋੜ ਪਵੇਗੀ।

ਜਦੋਂ ਟਰੰਪ ਨੂੰ ਮਿਲੇ ਕਾਰਨੀ Read More »

ਹਮਲੇ ਤੇ ਰਣਨੀਤੀ

ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤਗਰਦੀ ਦੇ ਟਿਕਾਣਿਆਂ ਉੱਪਰ ਗਿਣ-ਮਿੱਥ ਕੇ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਤੋਂ ਫੌਰੀ ਬਾਅਦ ਵੀਰਵਾਰ ਨੂੰ ਸਰਕਾਰ ਨੇ ਏਕਤਾ ਅਤੇ ਠਰੰਮੇ ਦਾ ਮੁਜ਼ਾਹਰਾ ਕੀਤਾ ਹਾਲਾਂਕਿ ਅਜੇ ਵੀ ਬਹੁਤ ਜ਼ਿਆਦਾ ਤਣਾਅ ਅਤੇ ਬਦਲੇ ਦੇ ਤੌਰ ’ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਮਾਹੌਲ ਬਣਿਆ ਹੋਇਆ ਹੈ। ਇਸਲਾਮਾਬਾਦ ਵੱਲੋਂ ਹਮਲੇ ਦੀ ਕੋਸ਼ਿਸ਼ ਦੇ ਜਵਾਬ ਵਿੱਚ ਭਾਰਤ ਨੇ 15 ਸ਼ਹਿਰਾਂ ਵੱਲ ਆਈਆਂ ਪਾਕਿਸਤਾਨੀ ਮਿਜ਼ਾਈਲਾਂ ਨੂੰ ਹਵਾ ’ਚ ਹੀ ਤਬਾਹ ਕਰ ਦਿੱਤਾ ਅਤੇ ਲਾਹੌਰ ’ਚ ਇੱਕ ਅਹਿਮ ਹਵਾਈ ਰੱਖਿਆ ਪ੍ਰਣਾਲੀ ਨੂੰ ਨਸ਼ਟ ਕਰਨ ’ਚ ਕਾਮਯਾਬੀ ਹਾਸਿਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਉੱਚ ਪੱਧਰੀ ਜਾਇਜ਼ਾ ਮੀਟਿੰਗ ਵਿੱਚ ਇਹ ਗੱਲ ਦ੍ਰਿੜਾਈ ਗਈ ਕਿ ਹਾਲਾਤ ਬਹੁਤ ਹੀ ਸੰਗੀਨ ਬਣੇ ਹੋਏ ਹਨ। ਮੌਜੂਦਾ ਹਾਲਾਤ ਨੂੰ ਸੰਵੇਦਨਸ਼ੀਲ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੰਸਥਾਵਾਂ ਦਰਮਿਆਨ ਕਰੀਬੀ ਤਾਲਮੇਲ ਦਾ ਸੱਦਾ ਦਿੰਦਿਆਂ ਨਾਗਰਿਕਾਂ ਦੀ ਸੁਰੱਖਿਆ ਨੂੰ ਉੱਚ ਤਰਜੀਹ ਦੇਣ ਲਈ ਕਿਹਾ ਹੈ। ਸਰਕਾਰ ਦੀ ਸਮੁੱਚੀ ਪਹੁੰਚ ਨਾਗਰਿਕ ਰੱਖਿਆ, ਕੂੜ ਪ੍ਰਚਾਰ ਦੇ ਟਾਕਰੇ ਅਤੇ ਅਤਿ ਅਹਿਮ ਬੁਨਿਆਦੀ ਢਾਂਚੇ ਦੀ ਸੁਰੱਖਿਆ ਉੱਪਰ ਕੇਂਦਰਿਤ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਲੜਾਈ ਦੇ ਮੈਦਾਨ ਤੋਂ ਪਰ੍ਹੇ ਵੀ ਤਿਆਰੀਆਂ ਦੀ ਜ਼ਰੂਰਤ ਹੈ। ਮੰਤਰਾਲਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਐਮਰਜੈਂਸੀ ਰਿਸਪਾਂਸ ਪ੍ਰੋਟੋਕੋਲ ਯਕੀਨੀ ਬਣਾਏ ਜਾਣ ਅਤੇ ਅਪਰੇਸ਼ਨਾਂ ਦੀ ਨਿਰੰਤਰਤਾ ਤੋਂ ਇਹ ਸਮਝ ਦਾ ਝਲਕਾਰਾ ਪੈਂਦਾ ਹੈ ਕਿ ਮਿਲੇ-ਜੁਲੇ ਖ਼ਤਰੇ ਪੈਦਾ ਹੋ ਸਕਦੇ ਹਨ ਜਿਨ੍ਹਾਂ ਵਿੱਚ ਸਾਇਬਰ ਹਮਲੇ ਅਤੇ ਗ਼ਲਤ ਸੂਚਨਾ ਮੁਹਿੰਮਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਬ ਪਾਰਟੀ ਮੀਟਿੰਗ ਵਿੱਚ ਤਫ਼ਸੀਲ ਵਿੱਚ ਜਾਣਕਾਰੀ ਦਿੱਤੀ ਹੈ ਜਿੱਥੇ ਉਨ੍ਹਾਂ ਘੱਟੋ-ਘੱਟ 100 ਦਹਿਸ਼ਤਗਰਦਾਂ ਦੇ ਖਾਤਮੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇ ਪਾਕਿਸਤਾਨ ਨੇ ਹਮਲਾ ਕੀਤਾ ਤਾਂ ਭਾਰਤ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਵੇਗੀ। ਵਿਰੋਧੀ ਧਿਰ ਖ਼ਾਸਕਰ ਕਾਂਗਰਸ ਅਤੇ ਏਆਈਐੱਮਆਈਐੱਮ ਨੇ ਸੂਝ-ਬੂਝ ਦਾ ਮੁਜ਼ਾਹਰਾ ਕਰਦੇ ਹੋਏ ਸਿਆਸੀ ਮਤਭੇਦਾਂ ਨੂੰ ਲਾਂਭੇ ਰੱਖ ਕੇ ਰਾਸ਼ਟਰੀ ਹਿੱਤਾਂ ਨਾਲ ਇਕਜੁੱਟਤਾ ਦਰਸਾਈ ਹੈ। ਸਿਆਸੀ ਪਾਰਟੀਆਂ ਦੀ ਇੱਕਸੁਰਤਾ ਤੇ ਇੱਕਮੁੱਠਤਾ ਦਾ ਘਰੋਗੀ ਅਤੇ ਕੌਮਾਂਤਰੀ ਖੇਤਰ ਵਿੱਚ ਮਜ਼ਬੂਤ ਸੰਦੇਸ਼ ਗਿਆ ਹੈ ਕਿ ਜਦੋਂ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਇਸ ਦਾ ਸਿਆਸੀ ਤਾਣਾ-ਬਾਣਾ ਮਜ਼ਬੂਤੀ ਨਾਲ ਇਸ ਦੀ ਪਹਿਰੇਦਾਰੀ ਕਰਦਾ ਹੈ। ਪੂਰੀ ਤਸਵੀਰ ਨਾਜ਼ੁਕ ਹੈ। ਭਾਰਤ ਵੱਲੋਂ ਇਹ ਕਹਿਣਾ ਕਿ ਇਹ ਤਣਾਅ ਵਧਾਉਣ ਦਾ ਇਰਾਦਾ ਨਹੀਂ ਰੱਖਦਾ ਪਰ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ, ਅਜਿਹੀ ਸਥਿਤੀ ’ਚ ਭਰੋਸੇਯੋਗ ਰੋਕਥਾਮ ਦਾ ਰਣਨੀਤਕ ਸੰਜਮ ਨਾਲ ਸੰਤੁਲਨ ਬਣੇ ਰਹਿਣਾ ਜ਼ਰੂਰੀ ਹੈ। ਹੁਣ ਜ਼ੋਰ ਨੀਤੀਗਤ ਜਿੱਤਾਂ ਤੋਂ ਹਟ ਕੇ ਰਣਨੀਤਕ ਸਥਿਰਤਾ ’ਤੇ ਲੱਗਣਾ ਚਾਹੀਦਾ ਹੈ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀ ਰਾਖੀ, ਕੂਟਨੀਤਕ ਦਾਅ-ਪੇਚ ਤੇ ਅੰਦਰੂਨੀ ਸੁਰੱਖਿਆ ਵਿਸ਼ੇਸ਼ ਧਿਆਨ ਮੰਗਣਗੇ।

ਹਮਲੇ ਤੇ ਰਣਨੀਤੀ Read More »

IAS/PCS ਅਫ਼ਸਰਾਂ ਦੀਆਂ ਸਾਰੀਆਂ ਛੁੱਟੀਆਂ ਰੱਦ

ਚੰਡੀਗੜ੍ਹ, 9 ਮਈ – ਭਾਰਤ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ, ਪੰਜਾਬ ਸਰਕਾਰ ਨੇ ਆਈਏਐਸ ਅਤੇ ਪੀਸੀਐਸ ਅਫ਼ਸਰਾਂ ਲਈ ਪਹਿਲਾਂ ਤੋਂ ਮਨਜ਼ੂਰ ਕੀਤੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਪ੍ਰਸੋਨਲ ਵਿਭਾਗ (ਆਈਏਐਸ ਸ਼ਾਖਾ) ਵੱਲੋਂ 9 ਮਈ, 2025 ਨੂੰ ਜਾਰੀ ਕੀਤੇ ਗਏ ਇੱਕ ਜ਼ਰੂਰੀ ਨਿਰਦੇਸ਼ ਵਿੱਚ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਅਧਿਕਾਰੀ ਨੂੰ ਮੁੱਖ ਸਕੱਤਰ ਪੰਜਾਬ ਦੀ ਸਪੱਸ਼ਟ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਕਿਸਮ ਦੀ ਛੁੱਟੀ ਲੈਣ ਜਾਂ ਸਟੇਸ਼ਨ ਸਥਾਨ ਛੱਡਣ ਦੀ ਆਗਿਆ ਨਹੀਂ ਹੋਵੇਗੀ।

IAS/PCS ਅਫ਼ਸਰਾਂ ਦੀਆਂ ਸਾਰੀਆਂ ਛੁੱਟੀਆਂ ਰੱਦ Read More »

ਭਾਰਤ ਨਾਲ ਜੰਗ ਛੇੜ ਕੇ ਪਾਕਿ ਹੋਇਆ ਕਰਜਾਈ, ਅੰਤਰਰਾਸ਼ਟਰੀ ਸਹਿਯੋਗੀਆਂ ਤੋਂ ਮੰਗੀ ਵਿੱਤੀ ਸਹਾਇਤਾ

9, ਮਈ – ਪਹਿਲਗਾਮ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਸਿੰਧੂਰ ਅਪ੍ਰੇਸ਼ਨ ਨੂੰ ਅੰਜ਼ਾਮ ਦਿਤਾ। ਉਸ ਸਮੇਂ ਭਾਰਤ ਨੇ ਕੇਵਲ ਅਤਿਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਪਰ ਪਾਕਿਸਤਾਨ ਨੇ ਇਸ ਨੂੰ ਅਪਣੀ ਫ਼ੌਜ ’ਤੇ ਹਮਲਾ ਸਮਝ ਲਿਆ ਜਿਸ ਤੋਂ ਬਾਅਦ ਉਹ ਅਪਣੀਆਂ ਨਾਪਾਕ ਹਕਕਤਾਂ ’ਤੇ ਉਤਰ ਆਇਆ। ਸੱਭ ਤੋਂ ਪਹਿਲਾਂ ਉਸ ਨੇ ਐਲਓਸੀ ਨੇੜੇ ਗੋਲੀਬਾਰੀ ਕੀਤੀ। ਜਦੋਂ ਭਾਰਤ ਵਲੋਂ ਇਸ ਦਾ ਕਰੜਾ ਜਵਾਬ ਦਿਤਾ ਗਿਆ ਤਾਂ ਉਸ ਨੇ ਬੀਤੀ ਰਾਤ ਭਾਰਤ ਦੇ ਏਅਰਬੇਸ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਉਸ ਦੇ ਸਾਰੇ ਡਰੋਨ ਨਸ਼ਟ ਕਰ ਦਿਤੇ। ਜਿਵੇਂ ਹੀ ਭਾਰਤ ਫ਼ੌਜਾਂ ਸਰਗਰਮ ਹੋਇਆਂ ਤੇ ਫ਼ੌਜ ਨੇ ਪਾਕਿਸਤਾਨ ਦੇ ਕੁੱਝ ਸ਼ਹਿਰਾਂ ’ਤੇ ਮਜ਼ਾਈਲਾਂ ਨਾਲ ਸਟੀਕ ਨਿਸ਼ਾਨਾ ਲਾਇਆ ਤਾਂ ਪਾਕਿਸਤਾਨ ਬੁਖਲਾ ਗਿਆ। ਪਹਿਲੀ ਸੱਟ ਵੱਜਦਿਆਂ ਹੀ ਅਪਣੇ ਕੌਮਾਂਤਰੀ ਭਾਈਵਾਲਾਂ ਤੋਂ ਭੀਖ ਮੰਗਣ ਲੱਗ ਗਿਆ। ਜਾਣਕਾਰੀ ਅਨੁਸਾਰ ਭਾਰਤ ਨਾਲ ਜੰਗ ਦੀ ਸਥਿਤੀ ਦੇ ਵਿਚਕਾਰ ਪਾਕਿਸਤਾਨ ਨੇ ਸਹਿਯੋਗੀਆਂ ਤੋਂ ਕਰਜ਼ਾ ਮੰਗਿਆ ਹੈ। ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਦੁਸ਼ਮਣ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਵਧਦੇ ਤਣਾਅ ਅਤੇ ਡਿੱਗਦੇ ਸਟਾਕ ਦੇ ਵਿਚਕਾਰ ਇਸਲਾਮਾਬਾਦ ਨੇ ਅੰਤਰਰਾਸ਼ਟਰੀ ਸਹਿਯੋਗੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ।

ਭਾਰਤ ਨਾਲ ਜੰਗ ਛੇੜ ਕੇ ਪਾਕਿ ਹੋਇਆ ਕਰਜਾਈ, ਅੰਤਰਰਾਸ਼ਟਰੀ ਸਹਿਯੋਗੀਆਂ ਤੋਂ ਮੰਗੀ ਵਿੱਤੀ ਸਹਾਇਤਾ Read More »