
ਕੈਨੇਡਾ ਦੀਆਂ ਆਮ ਚੋਣਾਂ ਵਿੱਚ ਭਰਵਾਂ ਫ਼ਤਵਾ ਹਾਸਿਲ ਕਰਨ ਤੋਂ ਬਾਅਦ ਬੀਤੇ ਦਿਨੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਗਏ ਸਨ ਜਿਸ ਮੌਕੇ ਦੁਵੱਲੇ ਸਬੰਧਾਂ ਨੂੰ ਲੈ ਕੇ ਦੋਵਾਂ ਆਗੂਆਂ ਵੱਲੋਂ ਕੁਝ ਖ਼ਰੀਆਂ ਖ਼ਰੀਆਂ ਗੱਲਾਂ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਦੀ ‘ਮਹਿਮਾਨ ਨਿਵਾਜ਼ੀ’ ਲਈ ਟਰੰਪ ਪਹਿਲਾਂ ਹੀ ਮਸ਼ਹੂਰ ਹੋ ਚੁੱਕੇ ਹਨ ਪਰ ਨਵੇਂ ਕੈਨੇਡੀਅਨ ਆਗੂ ਨੇ ਜਿਸ ਢੰਗ ਨਾਲ ਟਰੰਪ ਨੂੰ ਮੋੜਵਾਂ ਜਵਾਬ ਦਿੱਤਾ, ਉਸ ਤੋਂ ਇਹ ਪ੍ਰਭਾਵ ਗਿਆ ਹੈ ਕਿ ਟਰੰਪ ਲਈ ਸਭ ਨੂੰ ਦਰਕਿਨਾਰ ਕਰ ਕੇ ਅੱਗੇ ਵਧਣ ਦਾ ਰਾਹ ਹੁਣ ਸੌਖਾ ਨਹੀਂ ਹੋਵੇਗਾ। ਇਸੇ ਕਰ ਕੇ ਸ਼ਾਇਦ ਟਰੰਪ ਨੂੰ ਇਹ ਕਹਿਣਾ ਪਿਆ ਹੈ ਕਿ ਇਸ ਮੀਟਿੰਗ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਅਸੀਂ ਦੋਵੇਂ ਮਿੱਤਰ ਬਣੇ ਰਹਾਂਗੇ। ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੈਨੇਡਾ ਨੂੰ ਟੈਰਿਫਾਂ ਦੀ ਮਾਰ ਤੋਂ ਬਚਣ ਲਈ ਅਮਰੀਕਾ ਦਾ 51ਵਾਂ ਸੂਬਾ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਦਾ ਅਸਰ ਪੁੱਠਾ ਪੈ ਗਿਆ। ਮਾਰਕ ਕਾਰਨੀ ਨੇ ਮੀਟਿੰਗ ਵਿੱਚ ਦੁਹਰਾਇਆ ਕਿ ‘ਕੈਨੇਡਾ ਵਿਕਾਊ ਨਹੀਂ ਹੈ ਤੇ ਅਜਿਹਾ ਕਦੇ ਵੀ ਨਹੀਂ ਹੋ ਸਕਦਾ।’
ਲੰਘੀ 28 ਅਪਰੈਲ ਨੂੰ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਜਿੱਤ ਤੋਂ ਬਾਅਦ ਮਾਰਕ ਕਾਰਨੀ ਪੂਰੇ ਹੌਸਲੇ ਵਿੱਚ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਦੇ ਅਰਥਚਾਰੇ ਨੂੰ ਮੁੜ ਲੀਹ ’ਤੇ ਚਾੜ੍ਹਨ ਦਾ ਭਰੋਸਾ ਵੀ ਹੈ। ਕਾਰਨੀ ਨੇ ਕੈਨੇਡਾ ਦੀ ਪ੍ਰਭੂਸੱਤਾ ਅਤੇ ਕੌਮੀ ਹਿੱਤਾਂ ਦੀ ਰਾਖੀ ਕਰਨ ’ਤੇ ਦ੍ਰਿੜ ਸਟੈਂਡ ਲਿਆ ਹੈ। ਉਨ੍ਹਾਂ ਇਹ ਪੁਜ਼ੀਸ਼ਨ ਵੀ ਅਪਣਾਈ ਹੈ ਕਿ ਵਪਾਰਕ ਸਬੰਧਾਂ ਨੂੰ ਲੈ ਕੇ ਟਰੰਪ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਤਣਾਤਣੀ ਦਾ ਮੁੱਖ ਮੁੱਦਾ ਟਰੰਪ ਵੱਲੋਂ ਸਟੀਲ ਅਤੇ ਐਲੂਮੀਨੀਅਮ ਸਣੇ ਕੈਨੇਡੀਅਨ ਮਾਲ ਅਤੇ ਵਸਤਾਂ ਉੱਪਰ ਟੈਰਿਫ ਲਾਗੂ ਕਰਨ ਤੋਂ ਵਧੀ ਸੀ ਜਿਸ ਤੋਂ ਇਤਿਹਾਸਕ ਤੌਰ ’ਤੇ ਇੱਕ ਦੂਜੇ ਦੇ ਬਹੁਤ ਕਰੀਬ ਰਹੇ ਦੋਵਾਂ ਮੁਲਕਾਂ ਵਿਚਕਾਰ ਤਣਾਅ ਆ ਗਿਆ ਸੀ। ਟਰੰਪ ਵੱਲੋਂ ਉੱਤਰ ਅਟਲਾਂਟਿਕ ਮੁਕਤ ਵਪਾਰ ਸੰਧੀ (ਨਾਫਟਾ) ਉੱਪਰ ਮੁੜ ਵਿਚਾਰ ਕਰਨ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਜਿਸ ਕਰ ਕੇ ਅਮਰੀਕਾ-ਮੈਕਸਿਕੋ-ਕੈਨੇਡਾ ਸੰਧੀ ਨੂੰ ਵਿਵਾਦ ਦਾ ਕੇਂਦਰ ਬਣ ਗਈ ਹੈ।
ਟਰੰਪ ਅਤੇ ਕਾਰਨੀ ਦੀ ਮੁਲਾਕਾਤ ਨਾਲ ਇਹ ਗੱਲ ਜੱਗ ਜ਼ਾਹਿਰ ਹੋ ਗਈ ਹੈ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਏ ਨਿਘਾਰ ਨੂੰ ਠੱਲ੍ਹ ਪਾਉਣੀ ਸੌਖਾ ਕੰਮ ਨਹੀਂ ਹੋਵੇਗਾ ਅਤੇ ਜਿਸ ਤਰ੍ਹਾਂ ਵਪਾਰ, ਪ੍ਰਭੂਸੱਤਾ ਅਤੇ ਦੁਵੱਲੇ ਸਬੰਧਾਂ ਪ੍ਰਤੀ ਦੋਵਾਂ ਦੇਸ਼ਾਂ ਦੀਆਂ ਧਾਰਨਾਵਾਂ ਵਿੱਚ ਫ਼ਰਕ ਸਾਹਮਣੇ ਆ ਰਿਹਾ ਹੈ, ਉਸ ਦੇ ਮੱਦੇਨਜ਼ਰ ਉਨ੍ਹਾਂ ਵਿਚਕਾਰ ਪਈ ਦੁਫੇੜ ਨੂੰ ਭਰਨ ਲਈ ਦੋਵੇਂ ਪਾਸਿਓਂ ਬਹੁਤ ਜ਼ਿਆਦਾ ਅਤੇ ਸੁਹਿਰਦ ਕੋਸ਼ਿਸ਼ਾਂ ਦੀ ਲੋੜ ਪਵੇਗੀ।