May 11, 2025

ਜੰਗ ਬਨਾਮ ਟਰੰਪ ਕਾਰਡ – ਗੁਰਮੀਤ ਸਿੰਘ ਪਲਾਹੀ

ਜੰਗ ਬਨਾਮ ਟਰੰਪ ਕਾਰਡ – ਗੁਰਮੀਤ ਸਿੰਘ ਪਲਾਹੀ ਦੁਨੀਆ ਭਰ ਵਿੱਚ ਇਸ ਤੋਂ ਪਹਿਲਾਂ ਲਗਾਤਾਰ ਇੰਨੇ ਸਾਰੇ ਹਥਿਆਰਬੰਦ ਸੰਘਰਸ਼ ਨਹੀਂ ਹੋਏ, ਜਿੰਨੇ ਇਸ ਵੇਲੇ ਹੋ ਰਹੇ ਹਨ। ਗਲੋਬਲ ਪੀਸ ਇੰਡੈਕਸ 2024 ਦੇ ਅਨੁਸਾਰ ਸੰਘਰਸ਼ ਕਰਨ ਵਾਲੇ ਦੇਸ਼ਾਂ ਦੀ ਸੰਖਿਆ,ਦੂਜੇ ਵਿਸ਼ਵ ਯੁੱਧ ਦੇ ਬਾਅਦ ਇਸ ਸਮੇਂ ਸਭ ਤੋਂ ਵੱਧ ਹੈ। ਸਾਲ 2020 ‘ਚ ਹਥਿਆਰਬੰਦ ਸੰਘਰਸ਼ਾਂ ਦੀ ਗਿਣਤੀ 56 ਅਤੇ 2024 ‘ਚ 59 ਹੋ ਗਈ।ਸਾਲ 2023 ‘ਚ ਇਜ਼ਰਾਇਲ-ਹਮਾਸ ਅਤੇ ਯੂਕਰੇਨ-ਰੂਸ, ਮਿਆਮੀ ਗ੍ਰਹਿ ਯੁੱਧ, ਸੁਡਾਨ ਗ੍ਰਹਿ ਯੁੱਧ ਲੜੇ ਗਏ। ਜਿਹਨਾਂ ‘ਚ 10 ਹਜ਼ਾਰ ਤੋਂ ਵੱਧ ਗਿਣਤੀ ‘ਚ ਲੋਕ ਮਰੇ। ਜਾਣਕਾਰਾਂ ਦੀ ਅਸ਼ੰਕਾ ਹੈ ਕਿ 2025 ਵਿੱਚ ਇਜ਼ਰਾਇਲ,ਗਾਜ਼ਾ,ਲੈਬਨਾਨ,ਇਰਾਨ,ਇਰਾਕ,ਸੀਰੀਆ,ਯਮਨ, ਪਾਕਿਸਤਾਨ, ਯੁਗਾਂਡਾ ਆਦਿ ਵਿੱਚ ਹਾਲਾਤ ਖਰਾਬ ਹੋ ਜਾਣਗੇ। ਅਮਰੀਕਾ ਨੇ ਇਹਨਾਂ ਵਿੱਚੋਂ ਕਈ ਦੇਸ਼ਾਂ ਨੂੰ ਪਹਿਲਾਂ ਹੀ ਉਕਸਾਇਆ ਹੈ। 2022 ਵਿੱਚ ਅਮਰੀਕਾ ਨੇ ਇਕੱਲੇ ਯੂਕਰੇਨ ਨੂੰ 18.1 ਅਰਬ ਡਾਲਰ ਦੇ ਹਥਿਆਰ ਦਿੱਤੇ। 2023 ਵਿੱਚ ਇਹ ਵੱਧ ਕੇ 80.9 ਅਰਬ ਡਾਲਰ ਹੋ ਗਏ।ਦੁਨੀਆ ਭਰ ਵਿੱਚ ਹਥਿਆਰਾਂ ਦੀ ਵਿਕਰੀ 238 ਅਰਬ ਡਾਲਰ ਦੀ ਸੀ, ਜਿਸ ਵਿੱਚ 81 ਅਰਬ ਡਾਲਰ ਦੀ ਸਿੱਧੀ ਵਿਕਰੀ ਸਿਰਫ਼ ਅਮਰੀਕਾ ਸਰਕਾਰ ਨੇ ਕੀਤੀ,ਜੋ 2022 ਨਾਲੋਂ 56 ਫੀਸਦੀ ਵੱਧ ਹੈ।2023 ਵਿੱਚ ਅਮਰੀਕਾ ਨੇ ਇਜ਼ਰਾਇਲ ਨੂੰ 21.2 ਅਰਬ ਡਾਲਰ ਦਿੱਤੇ 2024 ਵਿੱਚ ਇਹ ਵਧ ਕੇ 42.76 ਅਰਬ ਡਾਲਰ ਹੋ ਗਏ। ਲਗਭਗ ਸਾਰੇ ਮਹਾਦੀਪ ਸੰਘਰਸ਼ ਅਤੇ ਯੁੱਧ ਦੇ ਦੌਰ ਵਿੱਚ ਹਨ ਅਤੇ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਹਨ।ਹੋਰ ਸਭ ਅਮੀਰ ਮੁਲਕਾਂ ਨਾਲੋਂ ਅਮਰੀਕਾ ਸਭ ਤੋਂ ਅੱਗੇ ਹੈ। ਉਹ ਆਪਣੇ ਹਥਿਆਰਾਂ ਦੇ ਵਪਾਰ ਅਤੇ ਵਪਾਰਕ ਹਿੱਤਾਂ ਲਈ ਹਰ ਹਰਬਾ ਵਰਤ ਰਿਹਾ ਹੈ। ਅਮਰੀਕਾ ਦੀ ਟਰੰਪ ਸਰਕਾਰ ਨੇ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਵਪਾਰਕ ਜੰਗ ਛੇੜੀ ਹੋਈ ਹੈ। ਗਾਜ਼ਾ ਅਤੇ ਯੂਕਰੇਨ ‘ਚ ਅਮਰੀਕਾ ਦੀ ਸਿੱਧੇ ਅਸਿੱਧੇ ਦਖਲ ਨਾਲ ਗਹਿਰੀ ਸ਼ਮੂਲੀਅਤ ਹੈ। 2025 ‘ਚ ਅੱਤ ਘਿਨਾਉਣੀ “ਪਹਿਲਗਾਮ” ਘਟਨਾ ਤੋਂ ਬਾਅਦ ਪਾਕਿ-ਭਾਰਤ ਯੁੱਧ ਨੇ ਦੱਖਣੀ ਏਸ਼ੀਆ ਖਿੱਤੇ ‘ਚ ਅਸਥਿਰਤਾ ਪੈਦਾ ਕਰ ਦਿੱਤੀ। ਅਚਾਨਕ ਜੰਗਬੰਦੀ ਦਾ ਐਲਾਨ ਹੋ ਗਿਆ। ਦੋਹਾਂ ਪਾਸਿਆਂ ਦੀ ਜਨਤਾ ਦੇ ਮਨਾਂ ‘ਚ ਖ਼ੁਸ਼ੀ ਹੈ, ਕਿਉਂਕਿ ਉਹ ਤਾਂ ਜੰਗ ਚਾਹੁੰਦੀ ਹੀ ਨਹੀਂ ਸੀ ਸਗੋਂ ਇਹ ਜੰਗ ਤਾਂ ਉਹਨਾਂ ਉੱਤੇ ਥੋਪੀ ਜਾ ਰਹੀ ਸੀ।ਲੋਕਾਂ ‘ਚ ਪਰੇਸ਼ਾਨੀ ਸੀ।ਕਈ ਰਾਤਾਂ ਤੋਂ ਉਹਨਾਂ ਸੌਂ ਕੇ ਨਹੀਂ ਵੇਖਿਆ।ਆਖਰ ਇਹ ਮਾਜਰਾ ਹੈ ਕੀ ਸੀ? ਆਖਰ ਇਹ ਗੱਲ ਨਿੱਬੜ ਕਿਵੇਂ ਗਈ? ਆਖਰ ਦੋਹਾਂ ਦੇਸ਼ਾਂ ਦੇ “ਸੇਵਕ” ਚੁੱਪ ਚੁਪੀਤੇ “ਥਾਣੇਦਾਰ ਟਰੰਪ” ਦੀ ਗੱਲ ਕਿਵੇਂ ਮੰਨ ਗਏ? ਆਖਰ ਇਹਨਾਂ ਮੁਲਕਾਂ ਦੇ ਇਹਨਾਂ “ਰਾਖਿਆਂ” ਨੂੰ ਲੋਕਾਂ ਨੂੰ ਜੰਗ ‘ਚ ਝੋਕਣ ਦਾ ਫ਼ਾਇਦਾ ਕੀ ਮਿਲਿਆ? ਪਾਕਿਸਤਾਨ ਇਸ ਜੰਗ ਦੀ ਆੜ ਵਿੱਚ 2.3 ਅਰਬ ਡਾਲਰ ਦਾ ਆਈ.ਐੱਮ.ਐੱਫ. ਅੰਤਰਰਾਸ਼ਟਰੀ ਕਰਜ਼ਾ ਪ੍ਰਾਪਤ ਕਰ ਗਿਆ ਅਤੇ ਸਾਡਾ ਹਾਕਮ ਨੇ “ਬਿਹਾਰ” ਦੀ ਚੋਣ ਜਿੱਤਣ ਦਾ ਮਾਹੌਲ ਸਿਰਜਣ ਲਈ ਜੋ ਬਿਸਾਤ ਵਿਛਾਈ ਸੀ, ਉਸ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ‘ਚ ਕਾਮਯਾਬ ਹੋ ਗਿਆ। ਪਰ ਇੱਕ ਗੱਲ ਜਿਹੜੀ ਉਹ ਨਹੀਂ ਕਰ ਸਕਿਆ, ਉਹ “ਹਿੰਦੂ”, “ਮੁਸਲਮਾਨਾਂ” ਦਾ ਫਸਾਦ ਨਾ ਕਰਵਾ ਸਕਿਆ ਜਾਂ ਕਹਿ ਲਈਏ ਆਪਣੇ ਉਸ ਮਨਸੂਬੇ ‘ਚ ਸਫ਼ਲ ਨਹੀਂ ਹੋ ਸਕਿਆ,ਜਿਸ ਨੂੰ ਬਣਾਉਣਾ ਉਸਨੇ ਚਿਤਵਿਆ ਸੀ। ਕੀ ਸੱਚ-ਮੁੱਚ ਸਾਡੇ “ਹਾਕਮ” ਦੇ ਮਨ ਵਿੱਚ “ਅੱਤਵਾਦੀਆਂ” ਨੂੰ ਸਬਕ ਸਿਖਾਉਣ ਤੇ ਉਹਨਾਂ ਦੇ ਪਾਲਣਹਾਰੇ ਪਾਕਿਸਤਾਨੀ ਹੁਕਮਰਾਨਾਂ ਨੂੰ ਸਬਕ ਸਿਖਾਉਣ ਦੀ ਮਨਸ਼ਾ ਸੀ ਜਾਂ ਮਨਸੂਬਾ ਸਿਰਫ਼ ਆਪਣੀ ਗੱਦੀ ਨੂੰ ਪੱਕਿਆ ਕਰਨਾ ਸੀ? ਕਹਿੰਦੇ ਹਨ ਸਰਵਿਆਂ ਅਨੁਸਾਰ ਬਿਹਾਰ ‘ਚ ਚੋਣ “ਸੱਤਾਧਾਰੀ” ਹਾਰ ਰਹੇ ਸਨ, ਜਿਸ ਦਾ ਅਸਰ ਸਿਰਫ਼ ਬਿਹਾਰ ਚੋਣਾਂ ‘ਚ ਹੀ ਨਹੀਂ ਸੀ ਪੈਣਾ ਸਗੋਂ ਕੇਂਦਰ ਸਰਕਾਰ ਵੀ “ਤੜੱਕ ਕਰਕੇ” ਨਿਤੀਸ਼ ਕਾਰਨ ਡਿੱਗ ਪੈਣੀ ਸੀ। ਰਹੀ ਗੱਲ ਟਰੰਪ ਦੀ ਉਸਨੂੰ ਤਾਂ ਆਪਣੇ ਹਿੱਤ ਪਿਆਰੇ ਹਨ।ਉਸਨੇ ਤਾਂ ਆਪਣਾ ਫ਼ੌਜੀ ਸਮਾਨ ਵੇਚਣਾ ਹੈ। ਦੁਨੀਆ ਦਾ ਸਭ ਤੋਂ ਵੱਡਾ ਸੌਦਾਗਰ ਇਸ ਗੱਲ ਲਈ ਮਸ਼ਹੂਰ ਹੈ ਕਿ ਉਹ ਦੇਸ਼ਾਂ ਨੂੰ ਆਪਸ ਵਿੱਚ ਲੜਾਉਂਦਾ ਹੈ ਅਤੇ ਆਪਣੇ ਹਥਿਆਰ ਵੇਚਦਾ ਹੈ, ਚੋਖਾ ਮੁਨਾਫ਼ਾ ਕਮਾਉਂਦਾ ਹੈ।ਟਰੰਪ ਪ੍ਰਸ਼ਾਸਨ ਤਾਂ ਇਸ ਵੇਲੇ ਦੁਨੀਆ ਭਰ ਵਿੱਚ ਧੌਂਸ-ਧੱਕੇ ਲਈ ਮਸ਼ਹੂਰ ਹੈ। ਜਿਸ ਵੱਲੋਂ ਦੁਨੀਆਂ ਦੇ ਹਿੱਤ ਲਾਂਭੇ ਰੱਖ ਕੇ,ਅਮਰੀਕੀ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਲਈ ਸਿਰਫ਼ ਗੱਲਾਂ ਹੀ ਨਹੀਂ ਕੀਤੀਆਂ ਜਾ ਰਹੀਆਂ,ਸਗੋਂ ਅਮਲੀ ਕਦਮ ਵੀ ਪੁੱਟੇ ਜਾ ਰਹੇ ਹਨ।ਅਸਲ ਅਰਥਾਂ ਵਿੱਚ ਟਰੰਪ ਜੰਗ ਲਗਵਾਉਂਦਾ ਵੀ ਹੈ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਅਤੇ ਭਲ ਖੱਟਣ ਲਈ ਜੰਗ ਰੁਕਵਾਉਂਦਾ ਵੀ ਹੈ। ਹਿੰਦੁਸਤਾਨ-ਪਾਕਿਸਤਾਨ ਦੀ ਜੰਗ ‘ਚ ਇੱਕ ਵਿਚੋਲੇ ਦਾ ਰੋਲ ਅਦਾ ਕਰਕੇ, ਅਮਨ ਦਾ ਮਸੀਹਾ ਬਣਨ ਦੇ ਯਤਨ ‘ਚ ਹੈ। ਪਰ ਕੀ ਇਹ ਸੱਚ-ਮੁੱਚ ਇਵੇਂ ਹੀ ਹੈ? ਜੇ ਹੈ ਤਾਂ ਰੂਸ- ਯੂਕਰੇਨ ਜੰਗ ‘ਚ ਉਸਦੀ ਭੂਮਿਕਾ ਇੱਕ ਪੱਖੀ ਕਿਉਂ ਹੈ? ਜੇ ਹੈ ਤਾਂ ਇਜ਼ਰਾਇਲ-ਹਮਾਸ ‘ਚ ਉਸ ਦਾ ਰੋਲ ਇੱਕ ਪਾਸੜ ਕਿਉਂ ਹੈ ? ਇਸ ਸਮੇਂ ਭਾਰਤ-ਪਾਕਿ ਜੰਗ ਅਤੇ ਜੰਗਬੰਦੀ ‘ਚ ਟਰੰਪ ਦੀ ਭੂਮਿਕਾ ਦੀ ਵੱਡੀ ਚਰਚਾ ਹੈ। ਉਸਦਾ ਮਕਸਦ ਆਪਣਾ ਵਪਾਰ ਵਧਾਉਣਾ ਹੈ ਅਤੇ ਟਰੰਪ ਦੇ ਸ਼ਬਦਾਂ ‘ਚ, “ਦੋਹੇ ਧਿਰਾਂ ਉਸਦੀਆਂ ‘ਪਿਆਰੀਆਂ’ ਹਨ।” ਉਸ ਨੇ ਦੋਹਾਂ ਪਹਿਲਵਾਨਾਂ ਨੂੰ ਉਦੋਂ ਤੱਕ ਲੜਨ ਦਿੱਤਾ, ਜਦੋਂ ਤੱਕ ਉਸ ਨੇ ਚਾਹਿਆ ਜਾਂ ਜਿੱਥੋਂ ਤੱਕ ਉਸਦਾ ਹਿੱਤ ਸਾਧਿਆ ਮੰਨਿਆ ਗਿਆ।ਉੰਝ ਪਾਕਿਸਤਾਨ ਧਿਰ, ਉੱਥੋਂ ਦੇ ਹਾਕਮ ਪਰੇਸ਼ਾਨ ਹਨ, ਉਥੋਂ ਦੀ ਫ਼ੌਜ ਅਤੇ ਉਥੋਂ ਦੇ ਅੱਤਵਾਦੀ ਸੰਗਠਨਾਂ ਤੋਂ, ਜਿਹੜੇ ਚੈਨ ਨਾਲ਼ ਉਹਨਾਂ ਨੂੰ ਰਾਜ ਨਹੀਂ ਕਰਨ ਦਿੰਦੇ।ਇਹੋ ਵਜ੍ਹਾ ਹੈ ਕਿ ਉਸ ਦੀ “ਸੈਨਾ” ਅਤੇ “ਅੱਤਵਾਦੀਆਂ” ਨੂੰ ਭਾਰਤ ਦੇ ਗਲ ਪਾਈ ਰੱਖਦੇ ਹਨ। ਪਰ ਇਸ ਸਭ ਕੁਝ ਦਾ,ਸਭ ਤੋਂ ਭੈੜਾ ਅਸਰ ਪੰਜਾਬ ਤੇ ਪੈਂਦਾ ਹੈ। ਹੁਣ ਜਦੋਂ ਦੋਵੇਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਨੇੜੇ ਆ ਰਹੇ ਸਨ ਅਤੇ ਹੁਣ ਵੀ ਨੇੜੇ ਹਨ,ਦੂਰ ਨਹੀਂ,ਸਰਹੱਦ ਪਾਰ ਆਪਸੀ ਵਪਾਰ ਦੀਆਂ ਗੱਲਾਂ ਕਰਨ ਲੱਗ ਪਏ ਸਨ।ਇਹ ਗੱਲਾਂ ਹਾਕਮ ਨੂੰ ਸਖਾਂਦੀਆਂ ਨਹੀਂ। ਇਹੋ ਜਿਹਾ “ਸੀਨ” ਕੁਝ ਦਿਨਾਂ ਵਿੱਚ ਸਿਰਜ ਦਿੱਤਾ, ਦੋਹਾਂ ਧਿਰਾਂ ਦੀਆਂ ਸਵਾਰਥੀ ਹਾਕਮ ਧਿਰਾਂ ਨੇ ,ਕਿ ਜੰਗ ਭਖ਼ ,ਪਈ ਨੁਕਸਾਨ ਹੋਣ ਲੱਗ ਪਿਆ। ਠਾਹ-ਠੂਹ ਹੋਣ ਲੱਗ ਪਈ।ਲੋਕਾਂ ਦਾ ਚੈਨ ਵਿਗੜ ਗਿਆ ਅਤੇ ਵੱਡੇ ਨੁਕਸਾਨ ਦਾ ਖਦਸ਼ਾ ਅਤੇ ਮੌਤ ਦਾ ਡਰ ਮੰਡਰਾਉਣ ਲੱਗ ਪਿਆ। ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਇਸ ਜੰਗ ਨਾਲ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ, ਕਿੰਨੇ ਵਿਸ਼ਵਾਸ ਤਿੜਕੇ, ਕਿੰਨੇ ਰਿਸ਼ਤੇ ਟੁੱਟੇ, ਕਿੰਨੇ ਹਿੰਦੁਸਤਾਨੀ ਪਾਕਿਸਤਾਨੀ ਪਰੇਸ਼ਾਨ ਹੋਏ। ਉਹਨਾਂ ਕਿੰਨਾ ਮਾਨਸਿਕ ਸੰਤਾਪ ਹੰਢਾਇਆ ,ਜਿਹੜੇ ਇਧਰ-ਉਧਰ ਵਿਆਹਾਂ ਬੰਧਨ ਵਿੱਚ ਬੱਧੇ ਹੋਏ ਹਨ। ਆਖਰ ਇਹ ਸਿਆਸਤ, ਹਾਕਮਾਂ ਦਾ ਇਹ ਚਿਹਰਾ, ਜਿਹੜਾ ਅਮਰੀਕੀ ਟਰੰਪ, ਰੂਸੀ ਪੁਤਿਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਡੇ ਹਾਕਮ ਤੱਕ ਪੁੱਜਦਾ ਹੈ, ਜਦੋਂ ਬੇਨਕਾਬ ਹੁੰਦਾ ਹੈ ਤਾਂ ਲੋਕਾਂ ਦੇ ਮਨਾਂ ‘ਚ “ਲੋਕਤੰਤਰ”, “ਅਮਨ ਦੀ ਬਾਤ”,”ਲੋਕ ਹਿਤੈਸ਼ੀ” ਯੋਜਨਾਵਾਂ ਅਤੇ ਪਖੰਡ ਦਾ ਪਰਦਾਫਾਸ਼ ਹੁੰਦਾ ਹੈ। ਸੱਚ-ਮੁੱਚ ਜੇਕਰ ਭਾਰਤ-ਪਾਕਿ ਦੇ ਹਾਕਮ ਆਪ ਹੀ ਵਿਚਾਰ ਲੈਂਦੇ ਕਿ ਜੋ ਘਟਨਾ “ਪਹਿਲਗਾਮ” ਚ ਵਾਪਰੀ, ਉਸ ਦਾ ਨਿਰਣਾ ਕਰਕੇ, ਦੋਸ਼ੀਆਂ ਨੂੰ ਸਜ਼ਾ ਮਿਲਦੀ ਅਤੇ ਉਹ ਵੀ ਆਪਸੀ ਗੱਲਬਾਤ ਅਤੇ ਆਪਸੀ ਭਰੋਸੇ ਨਾਲ ਤਾਂ ਦੋਹਾਂ ਦੇਸ਼ਾਂ ‘ਚ ਜਿਹੜੀ ਫ਼ਿੱਕ ਸਿੰਧ ਨਦੀ ਦਾ ਪਾਣੀ ਰੋਕ ਕੇ, ਇੱਕ ਦੂਜੇ ਦੇਸ਼ ਦੇ ਡਿਪਲੋਮੈਟ ਆਪੋ ਆਪਣੇ ਦੇਸ਼ਾਂ ਤੋਂ ਭਜਾ ਕੇ ਅਤੇ ਆਪਸੀ ਕੁੜੱਤਣ ਭਰ ਕੇ ਪਾਈ ਗਈ ਹੈ, ਉਹ ਇੰਞ ਨਾ ਹੁੰਦੀ ਤੇ ਦੁਨੀਆ ਦੇ ਵੱਡੇ ਵਪਾਰੀ “ਟਰੰਪ” ਦੀ ਨੂੰ ਦੋ ਮੁਲਕਾਂ ਦੀ “ਪ੍ਰਭੂਸੱਤਾ” ਨੂੰ ਆਪਣੇ ਪੈਰਾਂ ਹੇਠ ਮਿੱਧਣ ਦਾ ਮੌਕਾ ਹੀ ਨਾ ਮਿਲ਼ਦਾ। ਜੇਕਰ ਸੱਚਮੁੱਚ

ਜੰਗ ਬਨਾਮ ਟਰੰਪ ਕਾਰਡ – ਗੁਰਮੀਤ ਸਿੰਘ ਪਲਾਹੀ Read More »

ਅੱਜ ਮਾਂ ਦਿਵਸ ‘ਤੇ ਵਿਸ਼ੇਸ਼

ਤਿੰਨ ਕਵਿਤਾਵਾਂ 🔸ਗੁਰਭਜਨ ਗਿੱਲ 1. ਮੇਰੀ ਮਾਂ ਮੇਰੀ ਮਾਂ ਨੂੰ, ਸਵੈਟਰ ਬੁਣਨਾ ਨਹੀਂ ਸੀ ਆਉਂਦਾ, ਪਰ ਉਹ ਰਿਸ਼ਤੇ ਬੁਣਨੇ ਜਾਣਦੀ ਸੀ । ਮਾਂ ਨੂੰ ਤਰਨਾ ਨਹੀਂ ਸੀ ਆਉਂਦਾ, ਪਰ ਉਹ ਤਾਰਨਾ ਜਾਣਦੀ ਸੀ । ਸਰੋਵਰ ਚ ਵਾੜ ਕੇ ਆਖਦੀ, ਡਰ ਨਾ, ਮੈਂ ਤੇਰੇ ਨਾਲ ਹਾਂ । ਹੁਣ ਵੀ ਜਦ ਕਦੇ ਗ਼ਮ ਦੇ ਸਾਗਰ ਜਾਂ, ਮਨ ਦੇ ਵਹਿਣ ਚ ਵਹਿਣ ਲੱਗਦਾ ਹਾਂ, ਤਾਂ ਮਾਂ ਡੁੱਬਣ ਨਹੀਂ ਦਿੰਦੀ । ਮਰਨ ਮਗਰੋਂ ਅਜੇ ਵੀ ਮੇਰੇ ਕੋਲ ਆ ਖਲੋਂਦੀ, ਮੇਰੀਆਂ ਅੱਖਾਂ ਪੂੰਝਦੀ ਹੈ ਆਖਦੀ ਹੈ, ਤੂੰ ਮੇਰਾ ਪੁੱਤ ਹੈ ਤੇਰੀ ਅੱਖ ਵਿੱਚ ਅੱਥਰੂ? ਜੇ ਮੇਰਾ ਪੁੱਤਰ ਹੈ ਤਾਂ ਇਹ ਗਲੇਡੂ ਨਾ ਵਹਾਈਂ । ਕੋਈ ਬੇਗਾਨਾ ਨਹੀਂ, ਪੂੰਝਦਾ ਬਾਹਰੋਂ ਆ ਕੇ । ਆਪ ਹੀ ਉੱਠਣਾ ਪੈਂਦਾ ਹੈ, ਡਿੱਗ ਕੇ । ਮੇਰੀ ਮਾਂ ਨੂੰ ਉੱਡਣਾ ਨਹੀਂ ਸੀ ਆਉਂਦਾ ਪਰ ਸਾਨੂੰ ਸਵੇਰ ਸ਼ਾਮ ਸੁਪਨਿਆਂ ਦੇ ਖੰਭ ਲਾਉਂਦੀ ਤੇ ਅਨੰਤ ਅੰਬਰੀਂ ਉਡਾਉਂਦੀ । ਮੇਰੀ ਮਾਂ ਨੂੰ ਮੰਗਣਾ ਨਹੀਂ ਸੀ ਆਉਂਦਾ, ਵੰਡਣਾ ਹੀ ਜਾਣਦੀ ਸੀ । ਘਰ ਦੀਆਂ ਵਿੱਥਾਂ ਵਿਰਲਾਂ ‘ਚ ਪੋਟਲੀਆਂ ਅੰਦਰ, ਰਹਿਮਤਾਂ ਬੰਨ੍ਹ ਕੇ ਲੁਕਾਈ ਰੱਖਦੀ । ਮਾਂ ਕੋਲ ਕਿੰਨਾ ਕੁਝ ਸੀ । ਨਾਂਹ ਤੋਂ ਬਗੈਰ, ਹੋਰ ਸਾਰਾ ਕੁਝ । ਮਾਂ ਊੜੇ ਨੂੰ ਜੂੜੇ ਤੋਂ ਪਛਾਣ ਕੇ ਅਕਸਰ ਆਖਦੀ, ਪੁੱਤ ਇਹਦਾ ਪੱਲਾ ਨਾ ਛੱਡੀਂ । ਇਹੀ ਤਾਰਨਹਾਰ ਹੈ । ਸ਼ਾਮੀਂ ਕੁਵੇਲੇ ਘਰ ਪਰਤਣ ਕਰਕੇ, ਬਿਰਧ ਉਮਰੇ ਵੀ ਉਹ, ਮੰਜੀ ਤੇ ਪਈ ਲਾਡ ਨਾਲ, ਆਪਣੇ ਕੋਲ ਬੁਲਾਉਂਦੀ । ਮੈਨੂੰ ਪੋਲੇ ਜਿਹੇ ਹੱਥ ਨਾਲ, ਮੇਰੇ ਪੁੱਤਰ ਪੁਨੀਤ ਸਾਹਮਣੇ, ਰੰਗੀ ਹੋਈ ਦਾੜ੍ਹੀ ਤੇ, ਪੋਲਾ ਜਿਹਾ ਹੱਥ ਮਾਰਦੀ ਤੇ ਆਖਦੀ, ਹੁਣ ਤੇ ਸੁਧਰ ਜਾਹ ਪੁੱਤ ਬਰਾਬਰ ਦਾ ਹੋ ਗਿਆ । ਜੇ ਕੱਲ੍ਹ ਨੂੰ ਇਹ ਵੀ ਤੇਰੇ ਵਾਂਗ ਕਰੇਗਾ, ਤਾਂ ਕੀ ਕਰੇਂਗਾ ? ਅੱਜ ਦੇ ਦਿਨ ਤੁਰ ਗਈ ਦੂਰ ਬਹੁਤ ਦੂਰ ਵਿਸਾਖੀ ਉਦਾਸ ਕਰ ਗਈ ਮਾਂ ਵਿਸਾਖੀ ਵਾਲੇ ਦਿਨ ਗੁਲਗੁਲੇ, ਗੁਣੇ, ਨਮਕੀਨ ਮੱਠੀਆਂ ਬਣਾਉਂਦੀ ਸੀ ਬੜੇ ਸਵਾਦ । ਹੁਣ ਜਦ ਕਦੇ ਕੜਾਹੀ ਚੜ੍ਹਦੀ ਹੈ, ਸਰ੍ਹੋਂ ਦਾ ਤੇਲ ਉੱਬਲਦਾ ਹੈ, ਤਾਂ ਬਹੁਤ ਯਾਦ ਆਉਂਦੀ ਹੈ ਮਾਂ । 2. ਭੱਠੇ ’ਚ ਤਪਦੀ ਮਾਂ ਇੱਟਾਂ ਨਹੀਂ, ਭੱਠੇ ’ਚ, ਮਾਂ ਤਪਦੀ ਹੈ ਦਿਨ ਰਾਤ । ਸਿਰ ’ਤੇ ਟੱਬਰ ਦਾ ਭਾਰ ਢੋਂਦੀ, ਬਾਲ ਨਹੀਂ, ਪਿੱਠ ’ਤੇ ਪੂਰੇ ਵਤਨ ਦਾ ਭਾਰ । ਵਰਤਮਾਨ ਤੇ ਭਵਿੱਖ ਬੰਨ੍ਹ ਕੇ ਪੈਰੀਂ ਬੰਨ੍ਹ, ਸਵੇਰੇ ਤੋਂ ਸ਼ਾਮ ਤੀਕ ਲਗਾਤਾਰ ਤੁਰਦੀ । ਉਸ ਲਈ ਕੋਈ ਸੜਕ ਕਿਤੇ ਨਹੀਂ ਜਾਂਦੀ । ਸਿਰਫ਼ ਝੁੱਗੀ ਤੋਂ ਪਥੇਰ ਤੀਕ ਆਉਂਦੀ ਹੈ । ਤੇ ਪਥੇਰ ਤੋਂ ਆਵੇ ਤੀਕ । ਵਿਚਕਾਰ ਕੋਈ ਮੀਲ ਪੱਥਰ ਨਹੀਂ, ਸਿਰਫ਼ ਟੋਏ ਹਨ, ਅੜਿੱਕੇ ਹਨ ਜਾਂ ਖਿੰਘਰ ਵੱਟੇ । ਕਿਰਕ ਹੈ ਮਣਾਂ ਮੂੰਹੀਂ, ਬੇਓੜਕ, ਉੱਡ ਕੇ ਗੁੰਨੇ ਹੋਏ ਆਟੇ ’ਚ ਲਗਾਤਾਰ ਪੈਂਦੀ ਹੈ । ਭੱਠੇ ਦੀਆਂ ਚਿਮਨੀਆਂ ’ਚੋਂ ਧੂੰਆਂ ਨਹੀਂ ਨਿਕਲਦਾ ਦਰਦਮੰਦਾਂ ਦੀਆਂ ਆਹਾਂ ਹਨ । ਹੌਕੇ, ਸੁਪਨੇ, ਉਮੰਗਾਂ ਤੇ ਤਰੰਗਾਂ ਹਨ । ਨਿੱਤ ਭੱਜਦੀਆਂ ਬਾਲਣ ਬਣ ਕੇ । ਬੜਾ ਔਖਾ ਹੈ, ਜ਼ਿੰਦਗੀ ਦਾ ਵਰਕਾ ਵਰਕਾ ਏਦਾਂ ਪਲਟਣਾ । ਕਿਤੇ ਨੇੜੇ ਤੇੜੇ ਨਹੀਂ ਹਨ ਕਿਤਾਬਾਂ ਪੁਸ਼ਤ ਦਰ ਪੁਸ਼ਤ ਦਰਦਨਾਮਾ ਹੈ । ਇੱਕੋ ਜਹੇ ਭੁਲਾਵੇਂ ਅੱਖਰ, ਪੜ੍ਹਨਾ ਪੜ੍ਹਾਉਣਾ ਘਰ ਜੰਮੇ ਬਾਲਾਂ ਨੂੰ । ਕਿਸੇ ਸ਼ਬਦਕੋਸ਼ ਨੇ ਕਦੇ ਨਹੀਂ ਦੱਸਣਾ । ਸਿਰ ਤੇ ਇੱਟਾਂ ਢੋਂਦੀ ਔਰਤ ਵੀ ਮਾਂ ਹੈ । ਝਲੂੰਘੀ ’ਚ ਲਮਕਦਾ ਬਾਲ, ਚੰਦਰਯਾਨ ਨਹੀਂ, ਧਰਤੀ ਹੈ । ਇਸ ਦੀਆਂ ਦਰਦਾਂ ਦਾ, ਪਾਰਾਵਾਰ ਕਿਉਂ ਨਹੀਂ । ਸੁਪਨਸਾਜ਼ੋ । ਭਰਮ ਸੀ ਕਿ ਤੁਸੀਂ ਮੁਕਤੀਦਾਤਾ ਹੋ । ਟੋਏ ’ਚੋਂ ਕੱਢੋਗੇ ਖੁਭਿਆ ਪਹੀਆ । ਪਰ ਤੁਸੀਂ ਵੀ ਜ਼ਿੰਦਾਬਾਦ ਮੁਰਦਾਬਾਦ, ਦੀ ਜਿੱਲ੍ਹਣ ’ਚ ਫਸੇ ਹੋਏ ਹੋਏ । ਬਾਈ ਮੰਜੀਆਂ ਵਾਲੇ, ਵੰਨ ਸੁਵੰਨੇ ਧੜੇਬਾਜ਼ੋ । ਇਕ ਬੱਸ ’ਚ ਕਦੇ ਨਹੀਂ ਬੈਠਦੇ । ਸਾਰੇ ਦਿੱਲੀ ਦੇ ਸਵਾਰੋ । ਆਪੋ ਆਪਣਾ ਘੋੜਾ ਭਜਾਉਂਦੇ ਮਰ ਚੱਲੇ । ਕਿੱਲੇ ਨਾਲ ਬੱਧੇ ਸ਼ਾਹ ਅਸਵਾਰੋ । ਪਰ ਸਾਡੇ ਸਿਰ ਤੇ ਓਹੀ ਭਾਰ, ਲਗਾਤਾਰ ਬੇਸ਼ੁਮਾਰ । 3. ਮੇਰੀ ਮਾਂ ਤਾਂ ਰੱਬ ਦੀ ਕਵਿਤਾ ਮੇਰੀ ਮਾਂ ਤਾਂ ਰੱਬ ਦੀ ਕਵਿਤਾ, ਸਤਰ ਸਤਰ ਸਰਸਬਜ਼ ਬਗ਼ੀਚਾ । ਨੂਰੀ ਚਸ਼ਮਾ ਮੋਹ ਮਮਤਾ ਦਾ । ਬਾਜ਼ ਨਜ਼ਰ ਸੂਰਜ ਤੋਂ ਅੱਗੇ । ਮੇਰੇ ਦਿਲ ਦੀ ਧੜਕਣ ਵਿੱਚੋਂ, ਮੇਰੇ ਹੌਕੇ ਪੁਣ ਲੈਂਦੀ ਹੈ । ਮੱਥੇ ਅੰਦਰ ਖੁਭ ਗਏ ਕੰਡੇ, ਬਿਨ ਦੱਸਿਆ ਹੀ ਚੁਣ ਲੈਂਦੀ ਹੈ । ਮਾਂ ਦੇ ਪਿਆਰ-ਤਰੌਂਕੇ ਸਦਕਾ ਹਰ ਪਰਬਤ ਤੇ ਚੜ੍ਹ ਲੈਂਦਾ ਹਾਂ । ਸੂਰਜ ਤੀਕ ਪਹੁੰਚਦੀ ਪੌੜੀ, ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ । ਵਕਤ-ਦੀਵਾਰ ਤੇ ਜੋ ਵੀ ਲਿਖਦੈ, ਅੱਖਰ ਅੱਖਰ ਪੜ੍ਹ ਲੈਂਦਾ ਹਾਂ । ਹਿੱਕੜੀ ਅੰਦਰ ਜੜ ਲੈਂਦਾ ਹਾਂ । ਮੇਰੀ ਮਾਂ ਦੇ ਨੈਣਾਂ ਵਿਚ ਸੀ ਅਜਬ ਕੈਮਰਾ । ਆਰ ਪਾਰ ਦੀ ਜਾਨਣਹਾਰਾ । ਘਰ ਵੜਦੇ ਹੀ ਬੁੱਝ ਲੈਂਦੀ ਸੀ, ਅੱਜ ਤੇਰਾ ਮਨ ਠੀਕ ਨਹੀਂ ਲੱਗਦਾ । ਬੁਝਿਐ ਬੁਝਿਐਂ ਕੀ ਹੋਇਆ ਹੈ? ਲੜ ਕੇ ਆਇਐਂ, ਜਾਂ ਫਿਰ ਤੈਨੂੰ ਕਿਸੇ ਝਿੜਕਿਆ? ਮੈਨੂੰ ਦੱਸ ਤੂੰ, ਮੈਂ ਵੇਹਦੀਂ ਆਂ । ਕਿਹੜਾ ਮੇਰੇ ਲਾਲ ਬਰਾਬਰ । ਇਹ ਹੀ ਭਰਮ ਅਜੇ ਤੱਕ ਜੀਂਦਾ । ਨਾਲ ਬਰਾਬਰ ਤੁਰਦਾ ਮੇਰੇ । ਮੇਰੀ ਪਿੱਠ ਤੇ ਮੇਰੀ ਮਾਂ ਦਾ ਅਜਬ ਥਾਪੜਾ । ਹੌਂਸਲਿਆਂ ਦੀ ਭਰੀ ਪੋਟਲੀ । ਇਉਂ ਲੱਗਦਾ ਹੈ ਮੇਰੀ ਬੀਬੀ, ਮੇਰੀ ਮਾਤਾ ਅੰਗ ਸੰਗ ਮੇਰੇ । ਕਿਧਰੇ ਗੀਤ ਗ਼ਜ਼ਲ ਵਿੱਚ ਢਲਦੀ । ਬਣ ਜਾਂਦੀ ਹੈ ਕਵਿਤਾ ਆਪੇ । ਸ਼ਬਦਾਂ ਅੰਦਰ ਰਸਦੀ ਵੱਸਦੀ, ਮੇਰੀ ਸੁਣਦੀ, ਆਪਣੀ ਦੱਸਦੀ । ਜੀਆਂ ਦੀ ਸੁਖਸਾਂਦ ਜਾਣਦੀ । ਧਰਤੀ ਜਿੱਡੇ ਦਰਦ-ਹਾਣ ਦੀ । ਦੁੱਖ ਤਕਲੀਫ਼ ਦੀ ਸਿਖ਼ਰ ਦੁਪਹਿਰੇ, ਮੇਰੇ ਸਿਰ ਤੇ ਹੱਥ ਰੱਖਦੀ ਤੇ ਛਤਰ ਤਾਣਦੀ । ਮੱਥਾ ਚੁੰਮਦੀ, ਲਾਡ ਲਡਾਉਂਦੀ । ਖ਼ੁਦ ਨਾ ਉਹ ਸੁਪਨੇ ਵਿਚ ਆਉਂਦੀ । ਹਰ ਸਾਹ ਹਰ ਪਲ ਨਾਲ ਤੁਰਦਿਆਂ, ਨਿੱਕੀਆਂ ਨਿੱਕੀਆਂ ਝਿੜਕਾਂ ਦੇਂਦੀ । ਕਿੱਦਾਂ ਕਿੱਥੇ ਕੀ ਕਰਨਾ ਹੈ, ਅੱਜ ਤੀਕਰ ਸਭ ਕੁਝ ਸਮਝਾਉਂਦੀ । ਬਿੜਕਾਂ ਰੱਖਦੀ, ਕਿੱਥੋਂ ਆਇਆਂ, ਕਿੱਥੇ ਚੱਲਿਆ, ਦੱਸ ਵੇ ਬੱਲਿਆ? ਬਹੁਤ ਵਾਰ ਮੈਂ ਤੱਕਿਆ ਅੱਖੀਂ, ਫੁੱਲ ਪੱਤੀਆਂ ਖ਼ੁਸ਼ਬੋਈਆਂ ਅੰਦਰ । ਰੂਪ ਅਨੂਪ ਸਰੂਪ ਵਿਹੂਣੀ, ਕਾਲ-ਮੁਕਤ ਹਸਤੀ ਦੇ ਵਾਂਗੂੰ, ਗੁਰਘਰ, ਮਸਜਿਦ ਬਣਦੀ ਮੰਦਰ । ਅੱਜ ਤਾਂ ਉਸਦੀ, ਮਨ-ਪਰਿਕਰਮਾ ਕਰਦੇ ਕਰਦੇ, ਰੂਹ ਵਿੱਚ ਜੀਕਣ ਚੰਬਾ ਖਿੜਿਆ । ਰੋਮ ਰੋਮ ਝਰਨਾਟ ਛਿੜੀ ਹੈ । ਤਰਬ-ਤਰੰਗਾਂ ਕਣ ਕਣ ਅੰਦਰ, ਸੂਰਜ ਪਹਿਲਾਂ ਨਾਲੋਂ ਰੌਸ਼ਨ । ਪੌਣ ਵਜਦ ਵਿੱਚ ਗੀਤ ਸੁਣਾਵੇ । ਜਿਉਂ ਸ਼ਬਦਾਂ ਤੋਂ ਬਿਨ੍ਹਾਂ ਬਿਨ੍ਹਾਂ ਹੀ, ਮੇਰੀ ਬਹੁਤ ਮਾਸੂਮ ਪੋਤਰੀ, ਸਰਗਮ ਜਹੀ ਅਸੀਸ ਪਿਆਰੀ, ਤਰਜ਼ਾਂ ਘੜਦੀ, ਆਪੇ ਗਾਉਂਦੀ । ਸੁਣਦੇ ਸੁਣਦੇ ਅਨਹਦ ਤੇ ਨਿਰਸ਼ਬਦ ਗੀਤ ਨੂੰ, ਤਨ ਮਨ ਵਿੱਚ ਵਿਸਮਾਦ ਭਰ ਗਿਆ । ਮੇਰੀ ਮਾਂ ਦੀ ਸੱਜਰੀ ਟਾਹਣੀ, ਉਸ ਦੀ ਇਸ ਪੜਪੋਤੀ ਦਾ ਨੂਰੀ ਝਲਕਾਰਾ, ਮਾਰੂਥਲ ਆਬਾਦ ਕਰ ਗਿਆ । 🟤

ਅੱਜ ਮਾਂ ਦਿਵਸ ‘ਤੇ ਵਿਸ਼ੇਸ਼ Read More »