ਅੱਜ ਮਾਂ ਦਿਵਸ ‘ਤੇ ਵਿਸ਼ੇਸ਼

ਤਿੰਨ ਕਵਿਤਾਵਾਂ

🔸ਗੁਰਭਜਨ ਗਿੱਲ

1.
ਮੇਰੀ ਮਾਂ

ਮੇਰੀ ਮਾਂ ਨੂੰ,
ਸਵੈਟਰ ਬੁਣਨਾ ਨਹੀਂ ਸੀ ਆਉਂਦਾ,
ਪਰ ਉਹ ਰਿਸ਼ਤੇ ਬੁਣਨੇ ਜਾਣਦੀ ਸੀ ।
ਮਾਂ ਨੂੰ ਤਰਨਾ ਨਹੀਂ ਸੀ ਆਉਂਦਾ,
ਪਰ ਉਹ ਤਾਰਨਾ ਜਾਣਦੀ ਸੀ ।

ਸਰੋਵਰ ਚ ਵਾੜ ਕੇ ਆਖਦੀ,
ਡਰ ਨਾ, ਮੈਂ ਤੇਰੇ ਨਾਲ ਹਾਂ ।
ਹੁਣ ਵੀ ਜਦ ਕਦੇ ਗ਼ਮ ਦੇ ਸਾਗਰ ਜਾਂ,
ਮਨ ਦੇ ਵਹਿਣ ਚ ਵਹਿਣ ਲੱਗਦਾ ਹਾਂ,
ਤਾਂ ਮਾਂ ਡੁੱਬਣ ਨਹੀਂ ਦਿੰਦੀ ।

ਮਰਨ ਮਗਰੋਂ ਅਜੇ ਵੀ ਮੇਰੇ ਕੋਲ ਆ ਖਲੋਂਦੀ,
ਮੇਰੀਆਂ ਅੱਖਾਂ ਪੂੰਝਦੀ ਹੈ ਆਖਦੀ ਹੈ,
ਤੂੰ ਮੇਰਾ ਪੁੱਤ ਹੈ ਤੇਰੀ ਅੱਖ ਵਿੱਚ ਅੱਥਰੂ?

ਜੇ ਮੇਰਾ ਪੁੱਤਰ ਹੈ ਤਾਂ
ਇਹ ਗਲੇਡੂ ਨਾ ਵਹਾਈਂ ।
ਕੋਈ ਬੇਗਾਨਾ ਨਹੀਂ,
ਪੂੰਝਦਾ ਬਾਹਰੋਂ ਆ ਕੇ ।
ਆਪ ਹੀ ਉੱਠਣਾ ਪੈਂਦਾ ਹੈ, ਡਿੱਗ ਕੇ ।

ਮੇਰੀ ਮਾਂ ਨੂੰ ਉੱਡਣਾ ਨਹੀਂ ਸੀ ਆਉਂਦਾ
ਪਰ ਸਾਨੂੰ ਸਵੇਰ ਸ਼ਾਮ
ਸੁਪਨਿਆਂ ਦੇ ਖੰਭ ਲਾਉਂਦੀ
ਤੇ ਅਨੰਤ ਅੰਬਰੀਂ ਉਡਾਉਂਦੀ ।
ਮੇਰੀ ਮਾਂ ਨੂੰ ਮੰਗਣਾ ਨਹੀਂ ਸੀ ਆਉਂਦਾ,
ਵੰਡਣਾ ਹੀ ਜਾਣਦੀ ਸੀ ।
ਘਰ ਦੀਆਂ ਵਿੱਥਾਂ ਵਿਰਲਾਂ ‘ਚ ਪੋਟਲੀਆਂ ਅੰਦਰ,
ਰਹਿਮਤਾਂ ਬੰਨ੍ਹ ਕੇ ਲੁਕਾਈ ਰੱਖਦੀ ।

ਮਾਂ ਕੋਲ ਕਿੰਨਾ ਕੁਝ ਸੀ ।
ਨਾਂਹ ਤੋਂ ਬਗੈਰ, ਹੋਰ ਸਾਰਾ ਕੁਝ ।
ਮਾਂ ਊੜੇ ਨੂੰ ਜੂੜੇ ਤੋਂ ਪਛਾਣ ਕੇ ਅਕਸਰ ਆਖਦੀ,
ਪੁੱਤ ਇਹਦਾ ਪੱਲਾ ਨਾ ਛੱਡੀਂ ।
ਇਹੀ ਤਾਰਨਹਾਰ ਹੈ ।

ਸ਼ਾਮੀਂ ਕੁਵੇਲੇ ਘਰ ਪਰਤਣ ਕਰਕੇ,
ਬਿਰਧ ਉਮਰੇ ਵੀ ਉਹ,
ਮੰਜੀ ਤੇ ਪਈ ਲਾਡ ਨਾਲ,
ਆਪਣੇ ਕੋਲ ਬੁਲਾਉਂਦੀ ।
ਮੈਨੂੰ ਪੋਲੇ ਜਿਹੇ ਹੱਥ ਨਾਲ,
ਮੇਰੇ ਪੁੱਤਰ ਪੁਨੀਤ ਸਾਹਮਣੇ,
ਰੰਗੀ ਹੋਈ ਦਾੜ੍ਹੀ ਤੇ,
ਪੋਲਾ ਜਿਹਾ ਹੱਥ ਮਾਰਦੀ ਤੇ ਆਖਦੀ,
ਹੁਣ ਤੇ ਸੁਧਰ ਜਾਹ ਪੁੱਤ ਬਰਾਬਰ ਦਾ ਹੋ ਗਿਆ ।
ਜੇ ਕੱਲ੍ਹ ਨੂੰ ਇਹ ਵੀ ਤੇਰੇ ਵਾਂਗ ਕਰੇਗਾ,
ਤਾਂ ਕੀ ਕਰੇਂਗਾ ?
ਅੱਜ ਦੇ ਦਿਨ ਤੁਰ ਗਈ ਦੂਰ ਬਹੁਤ ਦੂਰ
ਵਿਸਾਖੀ ਉਦਾਸ ਕਰ ਗਈ ਮਾਂ
ਵਿਸਾਖੀ ਵਾਲੇ ਦਿਨ ਗੁਲਗੁਲੇ, ਗੁਣੇ, ਨਮਕੀਨ ਮੱਠੀਆਂ
ਬਣਾਉਂਦੀ ਸੀ ਬੜੇ ਸਵਾਦ ।

ਹੁਣ ਜਦ ਕਦੇ ਕੜਾਹੀ ਚੜ੍ਹਦੀ ਹੈ,
ਸਰ੍ਹੋਂ ਦਾ ਤੇਲ ਉੱਬਲਦਾ ਹੈ,
ਤਾਂ ਬਹੁਤ ਯਾਦ ਆਉਂਦੀ ਹੈ ਮਾਂ ।

2.
ਭੱਠੇ ’ਚ ਤਪਦੀ ਮਾਂ

ਇੱਟਾਂ ਨਹੀਂ, ਭੱਠੇ ’ਚ,
ਮਾਂ ਤਪਦੀ ਹੈ ਦਿਨ ਰਾਤ ।
ਸਿਰ ’ਤੇ ਟੱਬਰ ਦਾ ਭਾਰ ਢੋਂਦੀ,
ਬਾਲ ਨਹੀਂ, ਪਿੱਠ ’ਤੇ ਪੂਰੇ ਵਤਨ ਦਾ ਭਾਰ ।
ਵਰਤਮਾਨ ਤੇ ਭਵਿੱਖ ਬੰਨ੍ਹ ਕੇ ਪੈਰੀਂ ਬੰਨ੍ਹ,
ਸਵੇਰੇ ਤੋਂ ਸ਼ਾਮ ਤੀਕ ਲਗਾਤਾਰ ਤੁਰਦੀ ।

ਉਸ ਲਈ ਕੋਈ ਸੜਕ ਕਿਤੇ ਨਹੀਂ ਜਾਂਦੀ ।
ਸਿਰਫ਼ ਝੁੱਗੀ ਤੋਂ ਪਥੇਰ ਤੀਕ ਆਉਂਦੀ ਹੈ ।
ਤੇ ਪਥੇਰ ਤੋਂ ਆਵੇ ਤੀਕ ।
ਵਿਚਕਾਰ ਕੋਈ ਮੀਲ ਪੱਥਰ ਨਹੀਂ,
ਸਿਰਫ਼ ਟੋਏ ਹਨ,
ਅੜਿੱਕੇ ਹਨ ਜਾਂ ਖਿੰਘਰ ਵੱਟੇ ।
ਕਿਰਕ ਹੈ ਮਣਾਂ ਮੂੰਹੀਂ, ਬੇਓੜਕ,
ਉੱਡ ਕੇ ਗੁੰਨੇ ਹੋਏ ਆਟੇ ’ਚ ਲਗਾਤਾਰ ਪੈਂਦੀ ਹੈ ।

ਭੱਠੇ ਦੀਆਂ ਚਿਮਨੀਆਂ ’ਚੋਂ ਧੂੰਆਂ ਨਹੀਂ ਨਿਕਲਦਾ
ਦਰਦਮੰਦਾਂ ਦੀਆਂ ਆਹਾਂ ਹਨ ।
ਹੌਕੇ, ਸੁਪਨੇ, ਉਮੰਗਾਂ ਤੇ ਤਰੰਗਾਂ ਹਨ ।
ਨਿੱਤ ਭੱਜਦੀਆਂ ਬਾਲਣ ਬਣ ਕੇ ।

ਬੜਾ ਔਖਾ ਹੈ,
ਜ਼ਿੰਦਗੀ ਦਾ ਵਰਕਾ ਵਰਕਾ ਏਦਾਂ ਪਲਟਣਾ ।
ਕਿਤੇ ਨੇੜੇ ਤੇੜੇ ਨਹੀਂ ਹਨ ਕਿਤਾਬਾਂ
ਪੁਸ਼ਤ ਦਰ ਪੁਸ਼ਤ ਦਰਦਨਾਮਾ ਹੈ ।
ਇੱਕੋ ਜਹੇ ਭੁਲਾਵੇਂ ਅੱਖਰ,
ਪੜ੍ਹਨਾ ਪੜ੍ਹਾਉਣਾ ਘਰ ਜੰਮੇ ਬਾਲਾਂ ਨੂੰ ।

ਕਿਸੇ ਸ਼ਬਦਕੋਸ਼ ਨੇ ਕਦੇ ਨਹੀਂ ਦੱਸਣਾ ।
ਸਿਰ ਤੇ ਇੱਟਾਂ ਢੋਂਦੀ
ਔਰਤ ਵੀ ਮਾਂ ਹੈ ।
ਝਲੂੰਘੀ ’ਚ ਲਮਕਦਾ ਬਾਲ,
ਚੰਦਰਯਾਨ ਨਹੀਂ, ਧਰਤੀ ਹੈ ।
ਇਸ ਦੀਆਂ ਦਰਦਾਂ ਦਾ,
ਪਾਰਾਵਾਰ ਕਿਉਂ ਨਹੀਂ ।
ਸੁਪਨਸਾਜ਼ੋ ।

ਭਰਮ ਸੀ ਕਿ ਤੁਸੀਂ ਮੁਕਤੀਦਾਤਾ ਹੋ ।
ਟੋਏ ’ਚੋਂ ਕੱਢੋਗੇ ਖੁਭਿਆ ਪਹੀਆ ।
ਪਰ ਤੁਸੀਂ ਵੀ ਜ਼ਿੰਦਾਬਾਦ ਮੁਰਦਾਬਾਦ,
ਦੀ ਜਿੱਲ੍ਹਣ ’ਚ ਫਸੇ ਹੋਏ ਹੋਏ ।
ਬਾਈ ਮੰਜੀਆਂ ਵਾਲੇ,
ਵੰਨ ਸੁਵੰਨੇ ਧੜੇਬਾਜ਼ੋ ।

ਇਕ ਬੱਸ ’ਚ ਕਦੇ ਨਹੀਂ ਬੈਠਦੇ ।
ਸਾਰੇ ਦਿੱਲੀ ਦੇ ਸਵਾਰੋ ।
ਆਪੋ ਆਪਣਾ ਘੋੜਾ ਭਜਾਉਂਦੇ ਮਰ ਚੱਲੇ ।
ਕਿੱਲੇ ਨਾਲ ਬੱਧੇ ਸ਼ਾਹ ਅਸਵਾਰੋ ।
ਪਰ ਸਾਡੇ ਸਿਰ ਤੇ ਓਹੀ ਭਾਰ,
ਲਗਾਤਾਰ ਬੇਸ਼ੁਮਾਰ ।

3.
ਮੇਰੀ ਮਾਂ ਤਾਂ ਰੱਬ ਦੀ ਕਵਿਤਾ

ਮੇਰੀ ਮਾਂ ਤਾਂ ਰੱਬ ਦੀ ਕਵਿਤਾ,
ਸਤਰ ਸਤਰ ਸਰਸਬਜ਼ ਬਗ਼ੀਚਾ ।
ਨੂਰੀ ਚਸ਼ਮਾ ਮੋਹ ਮਮਤਾ ਦਾ ।
ਬਾਜ਼ ਨਜ਼ਰ ਸੂਰਜ ਤੋਂ ਅੱਗੇ ।

ਮੇਰੇ ਦਿਲ ਦੀ ਧੜਕਣ ਵਿੱਚੋਂ,
ਮੇਰੇ ਹੌਕੇ ਪੁਣ ਲੈਂਦੀ ਹੈ ।
ਮੱਥੇ ਅੰਦਰ ਖੁਭ ਗਏ ਕੰਡੇ,
ਬਿਨ ਦੱਸਿਆ ਹੀ ਚੁਣ ਲੈਂਦੀ ਹੈ ।

ਮਾਂ ਦੇ ਪਿਆਰ-ਤਰੌਂਕੇ ਸਦਕਾ
ਹਰ ਪਰਬਤ ਤੇ ਚੜ੍ਹ ਲੈਂਦਾ ਹਾਂ ।
ਸੂਰਜ ਤੀਕ ਪਹੁੰਚਦੀ ਪੌੜੀ,
ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ ।
ਵਕਤ-ਦੀਵਾਰ ਤੇ ਜੋ ਵੀ ਲਿਖਦੈ,
ਅੱਖਰ ਅੱਖਰ ਪੜ੍ਹ ਲੈਂਦਾ ਹਾਂ ।
ਹਿੱਕੜੀ ਅੰਦਰ ਜੜ ਲੈਂਦਾ ਹਾਂ ।

ਮੇਰੀ ਮਾਂ ਦੇ ਨੈਣਾਂ ਵਿਚ ਸੀ ਅਜਬ ਕੈਮਰਾ ।
ਆਰ ਪਾਰ ਦੀ ਜਾਨਣਹਾਰਾ ।
ਘਰ ਵੜਦੇ ਹੀ ਬੁੱਝ ਲੈਂਦੀ ਸੀ,
ਅੱਜ ਤੇਰਾ ਮਨ ਠੀਕ ਨਹੀਂ ਲੱਗਦਾ ।

ਬੁਝਿਐ ਬੁਝਿਐਂ ਕੀ ਹੋਇਆ ਹੈ?
ਲੜ ਕੇ ਆਇਐਂ,
ਜਾਂ ਫਿਰ ਤੈਨੂੰ ਕਿਸੇ ਝਿੜਕਿਆ?
ਮੈਨੂੰ ਦੱਸ ਤੂੰ, ਮੈਂ ਵੇਹਦੀਂ ਆਂ ।
ਕਿਹੜਾ ਮੇਰੇ ਲਾਲ ਬਰਾਬਰ ।
ਇਹ ਹੀ ਭਰਮ ਅਜੇ ਤੱਕ ਜੀਂਦਾ ।
ਨਾਲ ਬਰਾਬਰ ਤੁਰਦਾ ਮੇਰੇ ।
ਮੇਰੀ ਪਿੱਠ ਤੇ ਮੇਰੀ ਮਾਂ ਦਾ ਅਜਬ ਥਾਪੜਾ ।
ਹੌਂਸਲਿਆਂ ਦੀ ਭਰੀ ਪੋਟਲੀ ।

ਇਉਂ ਲੱਗਦਾ ਹੈ ਮੇਰੀ ਬੀਬੀ,
ਮੇਰੀ ਮਾਤਾ ਅੰਗ ਸੰਗ ਮੇਰੇ ।
ਕਿਧਰੇ ਗੀਤ ਗ਼ਜ਼ਲ ਵਿੱਚ ਢਲਦੀ ।
ਬਣ ਜਾਂਦੀ ਹੈ ਕਵਿਤਾ ਆਪੇ ।
ਸ਼ਬਦਾਂ ਅੰਦਰ ਰਸਦੀ ਵੱਸਦੀ,
ਮੇਰੀ ਸੁਣਦੀ, ਆਪਣੀ ਦੱਸਦੀ ।
ਜੀਆਂ ਦੀ ਸੁਖਸਾਂਦ ਜਾਣਦੀ ।
ਧਰਤੀ ਜਿੱਡੇ ਦਰਦ-ਹਾਣ ਦੀ ।
ਦੁੱਖ ਤਕਲੀਫ਼ ਦੀ ਸਿਖ਼ਰ ਦੁਪਹਿਰੇ,
ਮੇਰੇ ਸਿਰ ਤੇ ਹੱਥ ਰੱਖਦੀ ਤੇ ਛਤਰ ਤਾਣਦੀ ।

ਮੱਥਾ ਚੁੰਮਦੀ, ਲਾਡ ਲਡਾਉਂਦੀ ।
ਖ਼ੁਦ ਨਾ ਉਹ ਸੁਪਨੇ ਵਿਚ ਆਉਂਦੀ ।
ਹਰ ਸਾਹ ਹਰ ਪਲ ਨਾਲ ਤੁਰਦਿਆਂ,
ਨਿੱਕੀਆਂ ਨਿੱਕੀਆਂ ਝਿੜਕਾਂ ਦੇਂਦੀ ।
ਕਿੱਦਾਂ ਕਿੱਥੇ ਕੀ ਕਰਨਾ ਹੈ,
ਅੱਜ ਤੀਕਰ ਸਭ ਕੁਝ ਸਮਝਾਉਂਦੀ ।
ਬਿੜਕਾਂ ਰੱਖਦੀ, ਕਿੱਥੋਂ ਆਇਆਂ,
ਕਿੱਥੇ ਚੱਲਿਆ, ਦੱਸ ਵੇ ਬੱਲਿਆ?

ਬਹੁਤ ਵਾਰ ਮੈਂ ਤੱਕਿਆ ਅੱਖੀਂ,
ਫੁੱਲ ਪੱਤੀਆਂ ਖ਼ੁਸ਼ਬੋਈਆਂ ਅੰਦਰ ।
ਰੂਪ ਅਨੂਪ ਸਰੂਪ ਵਿਹੂਣੀ,
ਕਾਲ-ਮੁਕਤ ਹਸਤੀ ਦੇ ਵਾਂਗੂੰ,
ਗੁਰਘਰ, ਮਸਜਿਦ ਬਣਦੀ ਮੰਦਰ ।

ਅੱਜ ਤਾਂ ਉਸਦੀ,
ਮਨ-ਪਰਿਕਰਮਾ ਕਰਦੇ ਕਰਦੇ,
ਰੂਹ ਵਿੱਚ ਜੀਕਣ ਚੰਬਾ ਖਿੜਿਆ ।
ਰੋਮ ਰੋਮ ਝਰਨਾਟ ਛਿੜੀ ਹੈ ।
ਤਰਬ-ਤਰੰਗਾਂ ਕਣ ਕਣ ਅੰਦਰ,
ਸੂਰਜ ਪਹਿਲਾਂ ਨਾਲੋਂ ਰੌਸ਼ਨ ।
ਪੌਣ ਵਜਦ ਵਿੱਚ ਗੀਤ ਸੁਣਾਵੇ ।

ਜਿਉਂ ਸ਼ਬਦਾਂ ਤੋਂ ਬਿਨ੍ਹਾਂ ਬਿਨ੍ਹਾਂ ਹੀ,
ਮੇਰੀ ਬਹੁਤ ਮਾਸੂਮ ਪੋਤਰੀ,
ਸਰਗਮ ਜਹੀ ਅਸੀਸ ਪਿਆਰੀ,
ਤਰਜ਼ਾਂ ਘੜਦੀ, ਆਪੇ ਗਾਉਂਦੀ ।

ਸੁਣਦੇ ਸੁਣਦੇ ਅਨਹਦ ਤੇ ਨਿਰਸ਼ਬਦ ਗੀਤ ਨੂੰ,
ਤਨ ਮਨ ਵਿੱਚ ਵਿਸਮਾਦ ਭਰ ਗਿਆ ।
ਮੇਰੀ ਮਾਂ ਦੀ ਸੱਜਰੀ ਟਾਹਣੀ,
ਉਸ ਦੀ ਇਸ ਪੜਪੋਤੀ ਦਾ ਨੂਰੀ ਝਲਕਾਰਾ,
ਮਾਰੂਥਲ ਆਬਾਦ ਕਰ ਗਿਆ ।
🟤

ਸਾਂਝਾ ਕਰੋ

ਪੜ੍ਹੋ