ਹਮਲੇ ਤੇ ਰਣਨੀਤੀ

ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤਗਰਦੀ ਦੇ ਟਿਕਾਣਿਆਂ ਉੱਪਰ ਗਿਣ-ਮਿੱਥ ਕੇ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਤੋਂ ਫੌਰੀ ਬਾਅਦ ਵੀਰਵਾਰ ਨੂੰ ਸਰਕਾਰ ਨੇ ਏਕਤਾ ਅਤੇ ਠਰੰਮੇ ਦਾ ਮੁਜ਼ਾਹਰਾ ਕੀਤਾ ਹਾਲਾਂਕਿ ਅਜੇ ਵੀ ਬਹੁਤ ਜ਼ਿਆਦਾ ਤਣਾਅ ਅਤੇ ਬਦਲੇ ਦੇ ਤੌਰ ’ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਮਾਹੌਲ ਬਣਿਆ ਹੋਇਆ ਹੈ। ਇਸਲਾਮਾਬਾਦ ਵੱਲੋਂ ਹਮਲੇ ਦੀ ਕੋਸ਼ਿਸ਼ ਦੇ ਜਵਾਬ ਵਿੱਚ ਭਾਰਤ ਨੇ 15 ਸ਼ਹਿਰਾਂ ਵੱਲ ਆਈਆਂ ਪਾਕਿਸਤਾਨੀ ਮਿਜ਼ਾਈਲਾਂ ਨੂੰ ਹਵਾ ’ਚ ਹੀ ਤਬਾਹ ਕਰ ਦਿੱਤਾ ਅਤੇ ਲਾਹੌਰ ’ਚ ਇੱਕ ਅਹਿਮ ਹਵਾਈ ਰੱਖਿਆ ਪ੍ਰਣਾਲੀ ਨੂੰ ਨਸ਼ਟ ਕਰਨ ’ਚ ਕਾਮਯਾਬੀ ਹਾਸਿਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਉੱਚ ਪੱਧਰੀ ਜਾਇਜ਼ਾ ਮੀਟਿੰਗ ਵਿੱਚ ਇਹ ਗੱਲ ਦ੍ਰਿੜਾਈ ਗਈ ਕਿ ਹਾਲਾਤ ਬਹੁਤ ਹੀ ਸੰਗੀਨ ਬਣੇ ਹੋਏ ਹਨ।

ਮੌਜੂਦਾ ਹਾਲਾਤ ਨੂੰ ਸੰਵੇਦਨਸ਼ੀਲ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੰਸਥਾਵਾਂ ਦਰਮਿਆਨ ਕਰੀਬੀ ਤਾਲਮੇਲ ਦਾ ਸੱਦਾ ਦਿੰਦਿਆਂ ਨਾਗਰਿਕਾਂ ਦੀ ਸੁਰੱਖਿਆ ਨੂੰ ਉੱਚ ਤਰਜੀਹ ਦੇਣ ਲਈ ਕਿਹਾ ਹੈ। ਸਰਕਾਰ ਦੀ ਸਮੁੱਚੀ ਪਹੁੰਚ ਨਾਗਰਿਕ ਰੱਖਿਆ, ਕੂੜ ਪ੍ਰਚਾਰ ਦੇ ਟਾਕਰੇ ਅਤੇ ਅਤਿ ਅਹਿਮ ਬੁਨਿਆਦੀ ਢਾਂਚੇ ਦੀ ਸੁਰੱਖਿਆ ਉੱਪਰ ਕੇਂਦਰਿਤ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਲੜਾਈ ਦੇ ਮੈਦਾਨ ਤੋਂ ਪਰ੍ਹੇ ਵੀ ਤਿਆਰੀਆਂ ਦੀ ਜ਼ਰੂਰਤ ਹੈ। ਮੰਤਰਾਲਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਐਮਰਜੈਂਸੀ ਰਿਸਪਾਂਸ ਪ੍ਰੋਟੋਕੋਲ ਯਕੀਨੀ ਬਣਾਏ ਜਾਣ ਅਤੇ ਅਪਰੇਸ਼ਨਾਂ ਦੀ ਨਿਰੰਤਰਤਾ ਤੋਂ ਇਹ ਸਮਝ ਦਾ ਝਲਕਾਰਾ ਪੈਂਦਾ ਹੈ ਕਿ ਮਿਲੇ-ਜੁਲੇ ਖ਼ਤਰੇ ਪੈਦਾ ਹੋ ਸਕਦੇ ਹਨ ਜਿਨ੍ਹਾਂ ਵਿੱਚ ਸਾਇਬਰ ਹਮਲੇ ਅਤੇ ਗ਼ਲਤ ਸੂਚਨਾ ਮੁਹਿੰਮਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਬ ਪਾਰਟੀ ਮੀਟਿੰਗ ਵਿੱਚ ਤਫ਼ਸੀਲ ਵਿੱਚ ਜਾਣਕਾਰੀ ਦਿੱਤੀ ਹੈ ਜਿੱਥੇ ਉਨ੍ਹਾਂ ਘੱਟੋ-ਘੱਟ 100 ਦਹਿਸ਼ਤਗਰਦਾਂ ਦੇ ਖਾਤਮੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇ ਪਾਕਿਸਤਾਨ ਨੇ ਹਮਲਾ ਕੀਤਾ ਤਾਂ ਭਾਰਤ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਵੇਗੀ। ਵਿਰੋਧੀ ਧਿਰ ਖ਼ਾਸਕਰ ਕਾਂਗਰਸ ਅਤੇ ਏਆਈਐੱਮਆਈਐੱਮ ਨੇ ਸੂਝ-ਬੂਝ ਦਾ ਮੁਜ਼ਾਹਰਾ ਕਰਦੇ ਹੋਏ ਸਿਆਸੀ ਮਤਭੇਦਾਂ ਨੂੰ ਲਾਂਭੇ ਰੱਖ ਕੇ ਰਾਸ਼ਟਰੀ ਹਿੱਤਾਂ ਨਾਲ ਇਕਜੁੱਟਤਾ ਦਰਸਾਈ ਹੈ।

ਸਿਆਸੀ ਪਾਰਟੀਆਂ ਦੀ ਇੱਕਸੁਰਤਾ ਤੇ ਇੱਕਮੁੱਠਤਾ ਦਾ ਘਰੋਗੀ ਅਤੇ ਕੌਮਾਂਤਰੀ ਖੇਤਰ ਵਿੱਚ ਮਜ਼ਬੂਤ ਸੰਦੇਸ਼ ਗਿਆ ਹੈ ਕਿ ਜਦੋਂ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਇਸ ਦਾ ਸਿਆਸੀ ਤਾਣਾ-ਬਾਣਾ ਮਜ਼ਬੂਤੀ ਨਾਲ ਇਸ ਦੀ ਪਹਿਰੇਦਾਰੀ ਕਰਦਾ ਹੈ। ਪੂਰੀ ਤਸਵੀਰ ਨਾਜ਼ੁਕ ਹੈ। ਭਾਰਤ ਵੱਲੋਂ ਇਹ ਕਹਿਣਾ ਕਿ ਇਹ ਤਣਾਅ ਵਧਾਉਣ ਦਾ ਇਰਾਦਾ ਨਹੀਂ ਰੱਖਦਾ ਪਰ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ, ਅਜਿਹੀ ਸਥਿਤੀ ’ਚ ਭਰੋਸੇਯੋਗ ਰੋਕਥਾਮ ਦਾ ਰਣਨੀਤਕ ਸੰਜਮ ਨਾਲ ਸੰਤੁਲਨ ਬਣੇ ਰਹਿਣਾ ਜ਼ਰੂਰੀ ਹੈ। ਹੁਣ ਜ਼ੋਰ ਨੀਤੀਗਤ ਜਿੱਤਾਂ ਤੋਂ ਹਟ ਕੇ ਰਣਨੀਤਕ ਸਥਿਰਤਾ ’ਤੇ ਲੱਗਣਾ ਚਾਹੀਦਾ ਹੈ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀ ਰਾਖੀ, ਕੂਟਨੀਤਕ ਦਾਅ-ਪੇਚ ਤੇ ਅੰਦਰੂਨੀ ਸੁਰੱਖਿਆ ਵਿਸ਼ੇਸ਼ ਧਿਆਨ ਮੰਗਣਗੇ।

ਸਾਂਝਾ ਕਰੋ

ਪੜ੍ਹੋ