
9, ਮਈ – ਪਹਿਲਗਾਮ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਸਿੰਧੂਰ ਅਪ੍ਰੇਸ਼ਨ ਨੂੰ ਅੰਜ਼ਾਮ ਦਿਤਾ। ਉਸ ਸਮੇਂ ਭਾਰਤ ਨੇ ਕੇਵਲ ਅਤਿਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਪਰ ਪਾਕਿਸਤਾਨ ਨੇ ਇਸ ਨੂੰ ਅਪਣੀ ਫ਼ੌਜ ’ਤੇ ਹਮਲਾ ਸਮਝ ਲਿਆ ਜਿਸ ਤੋਂ ਬਾਅਦ ਉਹ ਅਪਣੀਆਂ ਨਾਪਾਕ ਹਕਕਤਾਂ ’ਤੇ ਉਤਰ ਆਇਆ। ਸੱਭ ਤੋਂ ਪਹਿਲਾਂ ਉਸ ਨੇ ਐਲਓਸੀ ਨੇੜੇ ਗੋਲੀਬਾਰੀ ਕੀਤੀ। ਜਦੋਂ ਭਾਰਤ ਵਲੋਂ ਇਸ ਦਾ ਕਰੜਾ ਜਵਾਬ ਦਿਤਾ ਗਿਆ ਤਾਂ ਉਸ ਨੇ ਬੀਤੀ ਰਾਤ ਭਾਰਤ ਦੇ ਏਅਰਬੇਸ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਉਸ ਦੇ ਸਾਰੇ ਡਰੋਨ ਨਸ਼ਟ ਕਰ ਦਿਤੇ।
ਜਿਵੇਂ ਹੀ ਭਾਰਤ ਫ਼ੌਜਾਂ ਸਰਗਰਮ ਹੋਇਆਂ ਤੇ ਫ਼ੌਜ ਨੇ ਪਾਕਿਸਤਾਨ ਦੇ ਕੁੱਝ ਸ਼ਹਿਰਾਂ ’ਤੇ ਮਜ਼ਾਈਲਾਂ ਨਾਲ ਸਟੀਕ ਨਿਸ਼ਾਨਾ ਲਾਇਆ ਤਾਂ ਪਾਕਿਸਤਾਨ ਬੁਖਲਾ ਗਿਆ। ਪਹਿਲੀ ਸੱਟ ਵੱਜਦਿਆਂ ਹੀ ਅਪਣੇ ਕੌਮਾਂਤਰੀ ਭਾਈਵਾਲਾਂ ਤੋਂ ਭੀਖ ਮੰਗਣ ਲੱਗ ਗਿਆ। ਜਾਣਕਾਰੀ ਅਨੁਸਾਰ ਭਾਰਤ ਨਾਲ ਜੰਗ ਦੀ ਸਥਿਤੀ ਦੇ ਵਿਚਕਾਰ ਪਾਕਿਸਤਾਨ ਨੇ ਸਹਿਯੋਗੀਆਂ ਤੋਂ ਕਰਜ਼ਾ ਮੰਗਿਆ ਹੈ। ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਦੁਸ਼ਮਣ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਵਧਦੇ ਤਣਾਅ ਅਤੇ ਡਿੱਗਦੇ ਸਟਾਕ ਦੇ ਵਿਚਕਾਰ ਇਸਲਾਮਾਬਾਦ ਨੇ ਅੰਤਰਰਾਸ਼ਟਰੀ ਸਹਿਯੋਗੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ।