ਭਾਰਤ-ਪਾਕਿ ਲੜਾਈ ਬਾਰੇ ਅਮਰੀਕਾ ਦਾ ਵੱਡਾ ਐਲਾਨ
ਨਵੀਂ ਦਿੱਲੀ, 9 ਮਈ – ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਵਾਦ ਚ ਦਖਲ ਦੇਣ ਤੋਂ ਕਿਨਾਰਾ ਕਰ ਲਈ ਹੈ। ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਘੱਟ ਜਾਵੇ, ਪਰ ਇਹ ਮਾਮਲਾ ਮੂਲ ਰੂਪ ਵਿੱਚ ਸਾਡਾ ਨਹੀਂ। ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਵੈਂਸ ਨੇ ਕਿਹਾ, ‘ਅਸੀਂ ਸਿਰਫ਼ ਇਨ੍ਹਾਂ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਹਿ ਸਕਦੇ ਹਾਂ, ਪਰ ਅਸੀਂ ਅਜਿਹੀ ਜੰਗ ਵਿੱਚ ਨਹੀਂ ਕੁੱਦਾਂਗੇ ਜਿਸ ਦਾ ਅਮਰੀਕਾ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਜਿਸ ‘ਤੇ ਸਾਡਾ ਕੋਈ ਕੰਟਰੋਲ ਨਹੀਂ। ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਸਾਡਾ ਭਾਰਤ-ਪਾਕਿਸਤਾਨ ਟਕਰਾਅ ਨਾਲ ਕੋਈ ਲੈਣਾ-ਦੇਣਾ ਨਹੀਂ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋਵਾਂ ਦੇਸ਼ਾਂ ਨੂੰ ਤਣਾਅ ਘਟਾਉਣ ਲਈ ਕਹਿ ਰਹੇ ਹਨ। ਵੈਂਸ ਨੇ ਕਿਹਾ ਕਿ ਅਸੀਂ ਭਾਰਤ ਤੇ ਪਾਕਿਸਤਾਨ ਨੂੰ ਹਥਿਆਰ ਰੱਖਣ ਲਈ ਨਹੀਂ ਕਹਿ ਸਕਦੇ। ਅਮਰੀਕਾ ਦੇ ਇਸ ਰਵੱਈਏ ਤੋਂ ਸਪਸ਼ਟ ਹੈ ਕਿ ਉਹ ਜੰਗ ਖਤਮ ਕਰਨ ਲਈ ਦੋਵਾਂ ਮੁਲਕਾਂ ਉਪਰ ਕੋਈ ਦਬਾਅ ਨਹੀਂ ਪਾਏਗਾ। ਉਧਰ, ਪਾਕਿਤਸਾਨ ਦੀ ਪਿੱਠ ਥਾਪੜ ਰਹੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਇੱਕ ਵਾਰ ਫਿਰ ਪਾਕਿਸਤਾਨ ਦੇ ਸਮਰਥਨ ਵਿੱਚ ਐਕਸ ‘ਤੇ ਪੋਸਟ ਕੀਤੀ ਹੈ। ਪਾਕਿਸਤਾਨ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਏਰਦੋਗਨ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਹੈ। ਏਰਦੋਗਨ ਨੇ ਕਿਹਾ ਕਿ ਅੱਗ ਨੂੰ ਹਵਾ ਦੇਣ ਵਾਲਿਆਂ ਦੇ ਬਾਵਜੂਦ, ਤੁਰਕੀ ਤਣਾਅ ਘਟਾਉਣ ਤੇ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਇਸ ਤੋਂ ਪਹਿਲਾਂ ਕਿ ਘਟਨਾਵਾਂ ਵਾਪਸ ਨਾ ਆਉਣ ਵਾਲੇ ਬਿੰਦੂ ‘ਤੇ ਪਹੁੰਚ ਜਾਣ। ਭਾਰਤ ਦੇ ਤਿੱਖੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਫੌਜ ਦੇ ਬੁਲਾਰੇ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਜਦੋਂ ਪਾਕਿਸਤਾਨ ਆਪਣੇ ਚੁਣੇ ਹੋਏ ਸਮੇਂ ਤੇ ਸਥਾਨ ‘ਤੇ ਭਾਰਤ ‘ਤੇ ਹਮਲਾ ਕਰੇਗਾ, ਤਾਂ ਪੂਰੀ ਦੁਨੀਆ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਇਸ ਦੀ ਗੂੰਜ ਹਰ ਜਗ੍ਹਾ ਸੁਣਾਈ ਦੇਵੇਗੀ। ਪਾਕਿਸਤਾਨ ਵਿੱਚ 15 ਥਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਭਾਰਤੀ ਦਾਅਵੇ ਨੂੰ ਰੱਦ ਕਰਦੇ ਹੋਏ, ਚੌਧਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਨਾਟਕ ਤੇ ਸਿਨੇਮਾ ਤੋਂ ਦੂਰ ਹਕੀਕਤ ਦੀ ਦੁਨੀਆ ਵੱਲ ਮੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਹਰ ਮਿਜ਼ਾਈਲ ਆਪਣਾ ਡਿਜੀਟਲ ਸਬੂਤ ਤੇ ਦਸਤਖਤ ਛੱਡਦੀ ਹੈ। ਤੁਸੀਂ ਆਪਣੀ ਇੱਛਾ ਅਨੁਸਾਰ ਕੋਈ ਵੀ ਕਹਾਣੀ ਨਹੀਂ ਘੜ ਸਕਦੇ।
ਭਾਰਤ-ਪਾਕਿ ਲੜਾਈ ਬਾਰੇ ਅਮਰੀਕਾ ਦਾ ਵੱਡਾ ਐਲਾਨ Read More »