ਨਵੀਂ ਦਿੱਲੀ, 9 ਮਈ – ਪਠਾਨਕੋਟ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਆਈਪੀਐਲ ਮੈਚ ਰੱਦ ਕਰ ਦਿੱਤਾ ਗਿਆ ਹੈ। ਮੈਚ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਅਤੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸਟੇਡੀਅਮ ਦੇ ਐਮਰਜੈਂਸੀ ਗੇਟ ਖੋਲ੍ਹ ਦਿੱਤੇ ਗਏ। ਸਟੇਡੀਅਮ ਦੇ ਅੰਦਰ ਜਗਦੀਆਂ ਸਾਰੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ। ਦੱਸ ਦੇਈਏ ਕਿ ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਜ਼ (DC) ਵਿਚਕਾਰ IPL ਮੈਚ ਖੇਡਿਆ ਜਾ ਰਿਹਾ ਸੀ, ਇਸ ਮੈਚ ਲਈ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ, ਸਟੈਂਡ ਤੋਂ ਲੈ ਕੇ ਮੀਡੀਆ ਬਾਕਸ ਤੱਕ ਕਮਾਂਡੋ ਤਾਇਨਾਤ ਕੀਤੇ ਗਏ ਸਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਗਾਮ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਦੌਰਾਨ ਪਠਾਨਕੋਟ ਏਅਰਬੇਸ ਸਣੇ ਹੋਰ ਥਾਵਾਂ ‘ਤੇ ਪਾਕਿਸਤਾਨ ਵੱਲੋਂ ਹਮਲੇ ਦੀਆਂ ਖਬਰਾਂ ਤੋਂ ਬਾਅਦ ਮੈਚ ਨੂੰ ਵਿਚੇ ਰੋਕ ਦਿੱਤਾ ਗਿਆ। ਧਰਮਸ਼ਾਲਾ ਤੋਂ ਖਿਡਾਰੀਆਂ ਨੂੰ ਕੱਢਣ ਲਈ ਬੀਸੀਸੀਆਈ ਇੱਕ ਵਿਸ਼ੇਸ਼ ਰੇਲਗੱਡੀ ਦਾ ਪ੍ਰਬੰਧ ਕਰ ਰਿਹਾ ਹੈ। ਇਸ ਰੇਲਗੱਡੀ ਰਾਹੀਂ ਸਹਾਇਤਾ ਸਟਾਫ਼ ਅਤੇ ਪ੍ਰਸਾਰਣ ਟੀਮ ਨੂੰ ਵੀ ਬਾਹਰ ਕੱਢਿਆ ਜਾਵੇਗਾ।
ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਅਸੀਂ ਧਰਮਸ਼ਾਲਾ ਦੇ ਨੇੜੇ ਤੋਂ ਇੱਕ ਵਿਸ਼ੇਸ਼ ਰੇਲਗੱਡੀ ਦਾ ਪ੍ਰਬੰਧ ਕਰ ਰਹੇ ਹਾਂ। ਇਸ ਰੇਲਗੱਡੀ ਰਾਹੀਂ ਖਿਡਾਰੀਆਂ ਸਮੇਤ ਸਾਰੇ ਲੋਕਾਂ ਨੂੰ ਸੁਰੱਖਿਅਤ ਘਰ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਅਤੇ ਦਿੱਲੀ ਵਿਚਾਲੇ ਮੈਚ ਰੱਦ ਕਰ ਦਿੱਤਾ ਗਿਆ ਹੈ। ਸਟੇਡੀਅਮ ਨੂੰ ਵੀ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਰਾਜੀਵ ਸ਼ੁਕਲਾ ਨੇ ਅੱਗੇ ਕਿਹਾ ਕਿ ਇਸ ਸਮੇਂ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ, ਮੈਚ ਖੇਡਣਾ ਹੁਣ ਸੁਰੱਖਿਅਤ ਨਹੀਂ ਹੈ। ਜ਼ਿਕਰਯੋਗ ਹੈ ਕਿ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੈਚ 11ਵੇਂ ਓਵਰ ਵਿੱਚ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬੀਸੀਸੀਆਈ ਹਰਕਤ ਵਿੱਚ ਆ ਗਿਆ ਹੈ।