April 25, 2025

ਕਸ਼ਮੀਰੀਆਂ ਦਾ ਕਸ਼ਟ

ਪਹਿਲਗਾਮ ਦਹਿਸ਼ਤੀ ਹਮਲੇ ਨਾਲ ਕਸ਼ਮੀਰੀਆਂ ਨੂੰ ਸਖ਼ਤ ਦੋਹਰੇ ਝਟਕੇ ਲੱਗੇ ਹਨ। ਸੈਲਾਨੀਆਂ ਦੀ ਆਮਦ ਘਟਣ ਦੀ ਸੰਭਾਵਨਾ ਹੈ, ਜਿਸ ਕਰ ਕੇ ਵਾਦੀ ਦੇ ਲੋਕਾਂ ਨੂੰ ਆਰਥਿਕ ਨੁਕਸਾਨ ਦਾ ਡਰ ਸਤਾ ਰਿਹਾ ਹੈ। ਦੂਜੇ ਪਾਸੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਬੈਠੇ ਵਿਦਿਆਰਥੀਆਂ ਤੇ ਵਪਾਰੀਆਂ ਨੂੰ ਜ਼ਲੀਲ ਕਰ ਕੇ ਧਮਕਾਇਆ ਜਾ ਰਿਹਾ ਹੈ। ਮੁੱਖ ਮੰਤਰੀ ਉਮਰ ਅਬਦੁੱਲ੍ਹਾ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਤੇ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਵਰਗੇ ਜੰਮੂ ਕਸ਼ਮੀਰ ਦੇ ਪ੍ਰਮੁੱਖ ਆਗੂਆਂ ਨੇ ਕਸ਼ਮੀਰੀਆਂ ਦੀ ਸੁਰੱਖਿਆ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਇਹ ਜ਼ਿੰਮੇਵਾਰੀ ਕੇਂਦਰ ਤੇ ਰਾਜ ਸਰਕਾਰਾਂ ਦੀ ਹੈ ਕਿ ਉਹ ਉਨ੍ਹਾਂ ਵੰਡਪਾਊ ਤੱਤਾਂ ਖ਼ਿਲਾਫ਼ ਕਾਰਵਾਈ ਕਰਨ ਜਿਹੜੇ ਕਤਲੇਆਮ ਦੇ ਬਹਾਨੇ ਕਸ਼ਮੀਰੀਆਂ ਨੂੰ ਨਿੰਦ ਕੇ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਪੁਖ਼ਤਾ ਇੰਤਜ਼ਾਮ ਕਰਨ ਤੇ ਕਿਸੇ ਕਿਸਮ ਦੀ ਗੁੰਜਾਇਸ਼ ਨਾ ਛੱਡੀ ਜਾਵੇ, ਜਿਸ ਨਾਲ ਫ਼ਿਰਕੂ ਜਾਂ ਸ਼ਰਾਰਤੀ ਤੱਤਾਂ ਨੂੰ ਸਿਰ ਚੁੱਕਣ ਦਾ ਮੌਕਾ ਮਿਲੇ। ਕਸ਼ਮੀਰ ਆਧਾਰਿਤ ਸਿਆਸੀ ਪਾਰਟੀਆਂ, ਕਾਰੋਬਾਰੀ ਸੰਗਠਨਾਂ ਤੇ ਸਮਾਜਿਕ-ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਮ ਲੋਕਾਂ ਨਾਲ ਮਿਲ ਕੇ ਇਕਸੁਰ ’ਚ ਹੱਤਿਆਵਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਨ੍ਹਾਂ ਸਾਫ਼-ਸਾਫ਼ ਕਿਹਾ ਹੈ ਕਿ “ਸਾਡੇ ਨਾਂ ’ਤੇ ਇਹ ਨਾ ਕਰੋ”, ਤੇ ਪੂਰੇ ਦੇਸ਼ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਸ਼ਮੀਰ ’ਤੇ ਕਲੰਕ ਲਾਉਣ ਵਾਲੇ ਅਤਿਵਾਦੀਆਂ ਨਾਲ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੈ, ਜਿਹੜੇ ਕਸ਼ਮੀਰ ਲਈ ਜ਼ਲਾਲਤ ਦਾ ਕਾਰਨ ਬਣ ਰਹੇ ਹਨ ਤੇ ਮਾਨਵਤਾ ਵਿਰੁੱਧ ਆਪਣੇ ਅਪਰਾਧਾਂ ਨਾਲ ਇਸਲਾਮ ਨੂੰ ਵੀ ਬਦਨਾਮ ਕਰ ਰਹੇ ਹਨ। ਪੂਰੇ ਦੇਸ਼ ’ਚ ਉੱਠੀ ਗੁੱਸੇ ਦੀ ਲਹਿਰ ਦੇ ਮੱਦੇਨਜ਼ਰ, ਰਾਜਨੀਤਕ ਤੇ ਧਾਰਮਿਕ ਆਗੂਆਂ ਲਈ ਇਹ ਜ਼ਰੂਰੀ ਹੈ ਕਿ ਉਹ ਹੋਰ ਭੜਕਾਹਟ ਪੈਦਾ ਕਰਨ ਦੀ ਥਾਂ ਸ਼ਾਂਤ ਵਾਤਾਵਰਨ ਸਿਰਜਣ ਦੀ ਕੋਸ਼ਿਸ਼ ਕਰਨ। ਭੜਕਾਹਟ ਪੈਦਾ ਕਰਨ ਵਾਲੇ ਇਹ ਸਚਾਈ ਸੌਖਿਆਂ ਹੀ ਭੁੱਲ ਰਹੇ ਹਨ ਕਿ ਉਹ ਕਸ਼ਮੀਰੀ ਪੋਨੀਵਾਲਾ ਸਈਦ ਆਦਿਲ ਹੁਸੈਨ ਸ਼ਾਹ ਹੀ ਸੀ, ਜਿਸ ਨੇ ਬੰਦੂਕਾਂ ਤਾਣ ਕੇ ਖੜ੍ਹੇ ਅਤਿਵਾਦੀਆਂ ਤੋਂ ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਦੇ ਦਿੱਤੀ। ਉਹ ਹਿੰਮਤੀ ਸ਼ਖ਼ਸ ਉਦੋਂ ਅਤਿਵਾਦੀਆਂ ਦੀ ਗੋਲੀ ਨਾਲ ਮਾਰਿਆ ਗਿਆ ਜਦੋਂ ਉਸ ਨੇ ਇੱਕ ਹਮਲਾਵਰ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਦੇ ਨਿਰਸਵਾਰਥ ਹੌਸਲੇ ਤੇ ਬਹਾਦਰੀ ਨੂੰ ਵਿਆਪਕ ਮਾਨਤਾ ਮਿਲਣੀ ਚਾਹੀਦੀ ਹੈ ਤੇ ਕਸ਼ਮੀਰੀਆਂ ਬਾਰੇ ਗ਼ਲਤਫ਼ਹਿਮੀਆਂ ਦੂਰ ਕਰਨ ਲਈ ਇਸ ਨੂੰ ਮਿਸਾਲ ਦੇ ਤੌਰ ’ਤੇ ਵਡਿਆਇਆ ਜਾਣਾ ਚਾਹੀਦਾ ਹੈ।

ਕਸ਼ਮੀਰੀਆਂ ਦਾ ਕਸ਼ਟ Read More »

ਸੁਖਜਿੰਦਰ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜਨ ਦਾ ਦੇਹਾਂਤ, ਰਸਮ ਉਠਾਲਾ 29 ਅਪ੍ਰੈਲ ਨੂੰ

ਚੰਡੀਗੜ੍ਹ, 25 ਅਪ੍ਰੈਲ – ਗੁਰਦਾਸਪੁਰ ਤੋਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਸੱਜੀ ਬਾਂਹ ਸਮਝੇ ਜਾਂਦੇ ਅਤੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜਨ ਦਾ 20 ਅਪ੍ਰੈਲ 2025 ਨੂੰ ਦੇਹਾਂਤ ਹੋ ਗਿਆ ਸੀ। ਕਿਸ਼ਨ ਚੰਦਰ ਮਹਾਜਨ ਦੇ ਪੁੱਤਰ ਨੇ ਦੱਸਿਆ ਕਿ 20 ਅਪ੍ਰੈਲ 2025 ਨੂੰ ਉਨ੍ਹਾਂ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਅਤੇ ਕੁੱਝ ਹੀ ਮਿੰਟਾਂ ਵਿੱਚ ਉਹ ਫ਼ਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ। ਕਿਸ਼ਨ ਚੰਦਰ ਮਹਾਜਨ ਦਾ ਸ਼ਰਧਾਂਜਲੀ ਸਮਾਗਮ 29 ਅਪ੍ਰੈਲ ਦਿਨ ਮੰਗਲਵਾਰ ਗੁਰੂ ਕਰਤਾਰ ਫਾਰਮ, ਸੈਲੀ ਰੋਡ ਪਠਾਨਕੋਟ ਵਿਖੇ ਸਵੇਰੇ 11 ਵਜੇ ਤੋਂ 12 ਵਜੇ ਤੱਕ ਅਤੇ ਉਠਾਲਾ ਦੁਪਹਿਰ 1 ਵਜੇ ਤੋਂ 2 ਵਜੇ ਵਿਚਾਰ ਹੋਵੇਗਾ।

ਸੁਖਜਿੰਦਰ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜਨ ਦਾ ਦੇਹਾਂਤ, ਰਸਮ ਉਠਾਲਾ 29 ਅਪ੍ਰੈਲ ਨੂੰ Read More »

ਭਾਰਤ ਨੇ ਸਿੰਧੂ ਜਲ ਸੰਧੀ ਤੁਰਤ ਪ੍ਰਭਾਵ ਨਾਲ ਕੀਤੀ ਮੁਅੱਤਲ

ਨਵੀਂ ਦਿੱਲੀ, 25 ਅਪ੍ਰੈਲ – ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ। ਇਸ ਸਬੰਧੀ ਅਧਿਕਾਰਤ ਜਾਣਕਾਰੀ ਭਾਰਤ ਨੇ ਵੀਰਵਾਰ ਦੇਰ ਰਾਤ ਪਾਕਿਸਤਾਨ ਨੂੰ ਪੱਤਰ ਭੇਜ ਕੇ ਦਿੱਤੀ। ਭਾਰਤ ਵਿੱਚ ਜਲ ਸ਼ਕਤੀ ਮੰਤਰੀ ਸਕੱਤਰ ਦੇਬਾਸ਼੍ਰੀ ਮੁਖਰਜੀ ਨੇ ਪਾਕਿਸਤਾਨੀ ਜਲ ਸਰੋਤ ਮੰਤਰਾਲੇ ਦੇ ਸਕੱਤਰ ਮੁਰਤਜ਼ਾ ਨੂੰ ਪੱਤਰ ਲਿਖਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੰਧੀ ਚੰਗੇ ਸੰਦਰਭ ਵਿਚ ਕੀਤੀ ਗਈ ਸੀ ਪਰ ਚੰਗੇ ਸਬੰਧਾਂ ਤੋਂ ਬਿਨਾਂ ਇਸ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। 22 ਅਪ੍ਰੈਲ ਨੂੰ ਪਹਿਲਗਾਮ ਨੇੜੇ ਬੈਸਰਨ ਘਾਟੀ ‘ਚ ਅੱਤਵਾਦੀਆਂ ਨੇ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਵਿੱਚ ਇੱਕ ਨੇਪਾਲੀ ਨਾਗਰਿਕ ਵੀ ਸ਼ਾਮਲ ਸੀ। 10 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਭਾਰਤ ਨੇ ਜਲ ਸੰਧੀ ਨੂੰ ਮੁਲਤਵੀ ਕਰਨ ਸਮੇਤ 5 ਵੱਡੇ ਫੈਸਲੇ ਲਏ ਸਨ।

ਭਾਰਤ ਨੇ ਸਿੰਧੂ ਜਲ ਸੰਧੀ ਤੁਰਤ ਪ੍ਰਭਾਵ ਨਾਲ ਕੀਤੀ ਮੁਅੱਤਲ Read More »

ਕਸ਼ਮੀਰੀ ਵਿਦਿਆਰਥੀਆਂ ਦੀ ਹਰਾਸਮੈਂਟ

ਸ੍ਰੀਨਗਰ, 25 ਅਪ੍ਰੈਲ – ਪਹਿਲਗਾਮ ਵਿੱਚ ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਗਏ ਹਨ। ਜੇ ਐਂਡ ਕੇ ਸਟੂਡੈਂਟਸ ਐਸੋਸੀਏਸ਼ਨ ਦੇ ਕੌਮੀ ਕਨਵੀਨਰ ਨਾਸਿਰ ਖੁਏਹਾਮੀ ਨੇ ਕਿਹਾ ਹੈ ਕਿ ਹਿੰਦੂ ਰਕਸ਼ਾ ਦਲ ਨੇ ਕਸ਼ਮੀਰੀ ਮੁਸਲਮ ਵਿਦਿਆਰਥੀਆਂ ਨੂੰ ਧਮਕੀ ਦਿੱਤੀ ਕਿ ਵੀਰਵਾਰ ਸਵੇਰੇ 10 ਵਜੇ ਤੱਕ ਦੇਹਰਾਦੂਨ ਛੱਡ ਦਿਓ। ਡੇਰਾ ਬੱਸੀ ਵਿੱਚ ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ’ਚ ਬੁੱਧਵਾਰ ਰਾਤ ਸਥਾਨਕ ਲੋਕ ਤੇ ਹੋਰ ਵਿਦਿਆਰਥੀ ਅੱਧੀ ਰਾਤ ਨੂੰ ਹੋਸਟਲ ਵਿੱਚ ਵੜੇ ਤੇ ਤੇਜ਼ਧਾਰ ਹਥਿਆਰਾਂ ਨਾਲ ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ। ਪ੍ਰਯਾਗਰਾਜ ਵਿੱਚ ਮਕਾਨ ਮਾਲਕਾਂ ਨੇ ਵਿਦਿਆਰਥੀਆਂ ਨੂੰ ਨਿਕਲ ਜਾਣ ਲਈ ਕਿਹਾ ਹੈ। ਕਈ ਵਿਦਿਆਰਥੀ ਨਿਕਲ ਵੀ ਆਏ ਹਨ। ਹਿਮਾਚਲ ਦੀ ਅਰਨੀ ਯੂਨੀਵਰਸਿਟੀ ’ਚ ਕਸ਼ਮੀਰੀ ਵਿਦਿਆਰਥੀਆਂ ਨੂੰ ਆਤੰਕਵਾਦੀ ਕਹਿ ਕੇ ਉਨ੍ਹਾਂ ਦੇ ਹੋਸਟਲਾਂ ਦੇ ਦਰਵਾਜ਼ੇ ਤੋੜ ਦਿੱਤੇ ਗਏ। ਪ੍ਰਸ਼ਾਸਨ ਦੀ ਖਾਮੋਸ਼ੀ ਸਥਿਤੀ ਹੋਰ ਵਿਗਾੜ ਰਹੀ ਹੈ। ਖੁਏਹਾਮੀ ਨੇ ਕਿਹਾ ਕਿ ਉਨ੍ਹਾ ਰਾਹੁਲ ਗਾਂਧੀ ਦੇ ਦਫਤਰ ਨਾਲ ਗੱਲ ਕੀਤੀ ਤੇ ਉਨ੍ਹਾ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੋਲ ਮਾਮਲਾ ਉਠਾਉਣਗੇ। ਪੀਪਲਜ਼ ਕਾਨਫਰੰਸ ਦੇ ਮੁਖੀ ਅਤੇ ਹੰਦਵਾੜਾ ਦੇ ਵਿਧਾਇਕ ਸੱਜਾਦ ਲੋਨ ਨੇ ‘ਐੱਕਸ’ ਉੱਤੇ ਪੋਸਟ ’ਚ ਕਿਹਾ, ‘ਦੇਸ਼ ਭਰ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ, ਜਿੱਥੇ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕੀਤਾ ਗਿਆ, ਕੁੱਟਿਆ ਗਿਆ, ਧੱਕੇਸ਼ਾਹੀ ਕੀਤੀ ਗਈ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੀਆਂ ਰਿਹਾਇਸ਼ੀ ਥਾਵਾਂ ਖਾਲੀ ਕਰਨ ਲਈ ਵੀ ਕਿਹਾ ਗਿਆ। ਉਨ੍ਹਾ ਕੇਂਦਰ ਸਰਕਾਰ ਨੂੰ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਉਨ੍ਹਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ। ਉਨ੍ਹਾ ਕਿਹਾ, ‘ਅਸੀਂ ਇਸ ਸੋਗ ਦੀ ਘੜੀ ਵਿੱਚ ਦੇਸ਼ ਦੇ ਨਾਲ ਖੜ੍ਹੇ ਹਾਂ।

ਕਸ਼ਮੀਰੀ ਵਿਦਿਆਰਥੀਆਂ ਦੀ ਹਰਾਸਮੈਂਟ Read More »

ਸੰਘਰਸ਼ ਹੀ ਇੱਕੋ-ਇੱਕ ਰਾਹ

ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਦੇਸ਼-ਭਰ ਦੇ ਕਿਸਾਨਾਂ ਦਾ ਰੋਮ-ਰੋਮ ਕਰਜ਼ਾਈ ਹੋ ਚੁੱਕਾ ਹੈ। ਕਰਜ਼ੇ ਦੇ ਮਾਰੇ ਕਿਸਾਨ ਕੋਈ ਹੱਲ ਨਾ ਨਿਕਲਦਾ ਦੇਖ ਕੇ ਮੌਤ ਨੂੰ ਗਲੇ ਲਗਾ ਲੈਂਦੇ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2014 ਵਿੱਚ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਦੇ ਸੱਤਾ ਸੰਭਾਲਣ ਦੇ ਬਾਅਦ ਦੇਸ਼-ਭਰ ਵਿੱਚ ਔਸਤਨ ਰੋਜ਼ਾਨਾ 30 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਂਜ ਤਾਂ ਇਸ ਆਫ਼ਤ ਦੀ ਮਾਰ ਹੇਠ ਹਰ ਸੂਬੇ ਦੇ ਕਿਸਾਨ ਹਨ, ਪਰ ਮਹਾਰਾਸ਼ਟਰ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਸੰਨ 2001 ਤੋਂ ਹੁਣ ਤੱਕ ਮਹਾਰਾਸ਼ਟਰ ਵਿੱਚ 39,825 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਮਹਾਰਾਸ਼ਟਰ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਕੇਸਾਂ ਦੀ ਜਾਂਚ ਜ਼ਿਲ੍ਹਾ ਪੱਧਰੀ ਕਮੇਟੀਆਂ ਕਰਦੀਆਂ ਹਨ, ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕਿਸਾਨ ਦੀ ਮੌਤ ਦਾ ਕਾਰਨ ਕੀ ਖੇਤੀ ਸੰਕਟ ਹੈ। ਜੇਕਰ ਅਜਿਹਾ ਪਤਾ ਲਗਦਾ ਹੈ ਤਾਂ ਕਿਸਾਨ ਦੇ ਪਰਵਾਰ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ। ਮਰਾਠਵਾੜਾ ਡਵੀਜ਼ਨ ਦੀ ਰਿਪੋਰਟ ਮੁਤਾਬਕ ਚਾਲੂ ਸਾਲ ਦੀ ਪਹਿਲੀ ਤਿਮਾਹੀ ਯਾਨਿ ਇੱਕ ਜਨਵਰੀ ਤੋਂ 31 ਮਾਰਚ ਤੱਕ 269 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਜੋ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਹੋਈਆਂ ਕੁੱਲ ਕਿਸਾਨ ਖੁਦਕੁਸ਼ੀਆਂ 204 ਤੋਂ 32 ਫ਼ੀਸਦੀ ਵੱਧ ਹੈ। ਇਸ ਅਰਸੇ ਦੌਰਾਨ ਛਤਰਪਤੀ ਸੰਭਾਜੀ ਨਗਰ ਵਿੱਚ 50, ਨੰਦੇੜ ਵਿੱਚ 37, ਪਰਭਣੀ ਵਿੱਚ 33, ਧਾਰਾਸ਼ਿਵ ਵਿੱਚ 31, ਲਾਤੂਰ ਵਿੱਚ 18, ਹਿੰਗੋਲੀ ਵਿੱਚ 16 ਤੇ ਜਾਲਨਾ ਵਿੱਚ 13 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਅੱਠ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਘੱਟ ਮੀਂਹ ਤੇ ਮੌਸਮ ਦੇ ਬਦਲਾਅ ਕਾਰਨ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰਾਠਵਾੜਾ ਖੇਤਰੀ ਕਮਿਸ਼ਨਰ ਦਫ਼ਤਰ ਦੀ ਰਿਪੋਰਟ ਮੁਤਾਬਕ 2023 ਵਿੱਚ ਮਹਾਰਾਸ਼ਟਰ ਦੇ ਅੱਠ ਜ਼ਿਲ੍ਹਿਆਂ ਵਿੱਚ 1088 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਇਹ ਅੰਕੜਾ 2022 ਦੀ ਤੁਲਨਾ ਵਿੱਚ 65 ਫ਼ੀਸਦੀ ਵੱਧ ਹੈ। ਰਿਪੋਰਟ ਮੁਤਾਬਕ ਇਨ੍ਹਾਂ 1088 ਖੁਦਕੁਸ਼ੀਆਂ ਵਿੱਚ ਬੀੜ ਜ਼ਿਲ੍ਹੇ ਵਿੱਚ ਸਭ ਤੋਂ ਵੱਧ 269 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਔਰੰਗਾਬਾਦ ਵਿੱਚ 182, ਨੰਦੇੜ 175, ਧਾਰਾਸ਼ਿਵ 171, ਪਰਭਣੀ 103, ਜਾਲਨਾ 74, ਲਾਤੂਰ 72 ਤੇ ਹਿੰਗੋਲੀ ਵਿੱਚ 42 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ। ਇਨ੍ਹਾਂ ਅੱਠ ਜ਼ਿਲ੍ਹਿਆਂ ਵਿੱਚੋਂ ਬੀੜ ਵਿੱਚ ਖੁਦਕੁਸ਼ੀਆਂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਾਲ 2025 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਇਸ ਜ਼ਿਲ੍ਹੇ ਅੰਦਰ 71 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ, ਜਦੋਂ ਕਿ 2024 ਵਿੱਚ ਇਹ ਗਿਣਤੀ 44 ਸੀ। ਮਹਾਰਾਸ਼ਟਰ ਵਿੱਚ ਇਨ੍ਹਾਂ ਖੁਦਕੁਸ਼ੀਆਂ ਦਾ ਕਾਰਣ ਸੋਕਾ ਤੇ ਸਿੰਜਾਈ ਦਾ ਯੋਗ ਪ੍ਰਬੰਧ ਨਾ ਹੋਣ ਕਾਰਣ ਫਸਲਾਂ ਦੀ ਘੱਟ ਪੈਦਾਵਾਰ ਹੈ। ਉਪਰੋਂ ਠੀਕ ਭਾਅ ਨਾ ਮਿਲਣ ਕਰਕੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦਾ ਬੋਝ ਉਨ੍ਹਾਂ ਨੂੰ ਮੌਤ ਨੂੰ ਗਲੇ ਲਗਾਉਣ ਵਲ ਧੱਕ ਦਿੰਦਾ ਹੈ। ਇਹ ਹਾਲਤ ਸਿਰਫ਼ ਮਹਾਰਾਸ਼ਟਰ ਦੀ ਹੀ ਨਹੀਂ, ਸਮੁੱਚੇ ਦੇਸ਼ ਅੰਦਰ ਕਿਸਾਨੀ ਡੂੰਘੇ ਖੇਤੀ ਸੰਕਟ ਨਾਲ ਜੂਝ ਰਹੀ ਹੈ। ਹਰ ਚੋਣ ਦੌਰਾਨ ਉਹ ਕੇਂਦਰੀ ਹੋਵੇ ਜਾਂ ਸੂਬਾਈ ਸਭ ਸਿਆਸੀ ਧਿਰਾਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਤੇ ਉਨ੍ਹਾਂ ਦੀਆਂ ਜਿਨਸਾਂ ਦੇ ਲਾਹੇਵੰਦੇ ਭਾਅ ਦੇਣ ਦੇ ਲਾਰੇ ਲਾਉਂਦੀਆਂ ਹਨ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕਾਰਪੋਰੇਟ ਲਾਬੀ ਦੇ ਦਬਾਅ ਹੇਠ ਘੇਸਲ ਮਾਰ ਲੈਂਦੀਆਂ ਹਨ।

ਸੰਘਰਸ਼ ਹੀ ਇੱਕੋ-ਇੱਕ ਰਾਹ Read More »

‘ਅੱਗੇ-ਪਿੱਛੇ ਸਕਿਉਰਟੀ ਲੈ ਕੇ ਚੱਲਣ ਵਾਲਿਆਂ ਨੇ ਸਾਨੂੰ ਬਘਿਆੜਾਂ ਦੇ ਮੂੰਹ ’ਚ ਸੁੱਟਿਆ’

ਸੂਰਤ, 25 ਅਪ੍ਰੈਲ – ਪਹਿਲਗਾਮ ਵਿੱਚ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਗੁਜਰਾਤ ਦੇ ਤਿੰਨ ਲੋਕਾਂ ਵਿੱਚ ਸ਼ੈਲੇਸ਼ ਹਿੰਮਤ ਕਲਥੀਆ ਵੀ ਸੀ। ਅਮਰੇਲੀ ਜ਼ਿਲ੍ਹੇ ਦਾ ਕਲਥੀਆ ਮੁੰਬਈ ਦੇ ਅੰਧੇਰੀ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚ ਮੈਨੇਜਰ ਸੀ। ਉਹ ਪਤਨੀ ਸ਼ੀਤਲਬੇਨ (41), ਬੇਟੇ ਤੇ ਬੇਟੀ ਨਾਲ ਕਸ਼ਮੀਰ ਘੁੰਮਣ ਗਿਆ ਸੀ। ਬੁੱਧਵਾਰ ਉਸ ਨੇ 46 ਸਾਲ ਦਾ ਹੋਣਾ ਸੀ ਤੇ ਉਸ ਦਾ ਵਿਚਾਰ ਜਨਮ ਦਿਨ ਮਨਾ ਕੇ ਪਰਤਣ ਦਾ ਸੀ, ਪਰ ਭਾਣਾ ਵਰਤ ਗਿਆ। ਸੂਰਤ ਵਿੱਚ ਵੀਰਵਾਰ ਉਸ ਦੇ ਅੰਤਮ ਸੰਸਕਾਰ ਦੌਰਾਨ ਕਾਫੀ ਲੋਕ ਇਕੱਠੇ ਹੋਏ। ਕੇਂਦਰੀ ਮੰਤਰੀ ਤੇ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ ਆਰ ਪਾਟਿਲ ਵੀ ਪਹੁੰਚੇ। ਇਸ ਦੌਰਾਨ ਸ਼ੀਤਲਬੇਨ ਆਪਣਾ ਗੁੱਸਾ ਨਾ ਰੋਕ ਸਕੀ। ਉਸ ਨੇ ਮੰਤਰੀ ਦੇ ਅੱਗੇ ਕਿਹਾਉੱਥੇ ਨਾ ਫੌਜ ਸੀ, ਨਾ ਪੁਲਸ ਤੇ ਨਾ ਹੋਰ ਕੋਈ ਸਹੂਲਤ। ਜਦੋਂ ਵੀ ਆਈ ਪੀ ਜਾਂ ਵੱਡੇ ਲੀਡਰ ਦੌਰਾ ਕਰਦੇ ਹਨ ਤਾਂ ਉਨ੍ਹਾਂ ਦੇ ਅੱਗੇ-ਪਿੱਛੇ ਦਰਜਨਾਂ ਕਾਰਾਂ ਤੇ ਉੱਪਰ ਹੈਲੀਕਾਪਟਰ ਚਲਦੇ ਹਨ। ਇਸ ਲਈ ਪੈਸੇ ਕੌਣ ਦਿੰਦਾ ਹੈ? ਅਸੀਂ ਆਮ ਲੋਕ, ਟੈਕਸਦਾਤਾ। ਸਾਰੀਆਂ ਸਹੂੂਲਤਾਂ ਵੀ ਆਈ ਪੀ ਨੂੰ ਕਿਉ ਮਿਲਦੀਆਂ ਹਨ, ਸਾਨੂੰ ਕਿਉ ਨਹੀਂ? ਉਸ ਨੇ ਕਿਹਾਜਦ ਉੱਥੇ ਹਾਲਾਤ ਅਜਿਹੇ ਸਨ ਤਾਂ ਸਾਨੂੰ ਉੱਥੇ ਜਾਣ ਲਈ ਕਿਉ ਪੇ੍ਰਰਿਆ? ਸਾਨੂੰ ਖਤਰੇ ਵਾਲੇ ਇਲਾਕੇ ਵਿੱਚ ਕਿਉ ਜਾਣ ਦਿੱਤਾ? ਜੇ ਸਾਡੀ ਸਰਕਾਰ ਖੁਦ ਨੂੰ ਹੀ ਬਚਾਉਣਾ ਚਾਹੁੰਦੀ ਹੈ, ਸਹੂਲਤਾਂ ਖੁਦ ਹੀ ਮਾਨਣਾ ਚਾਹੁੰਦੀ ਹੈ ਤਾਂ ਠੀਕ ਹੈ, ਪਰ ਸਾਡੇ ਤੋਂ ਹੁਣ ਵੋਟਾਂ ਦੀ ਆਸ ਨਾ ਰੱਖਿਓ। ਅਸੀਂ ਇਸ ਸਰਕਾਰ ਨੂੰ ਹੁਣ ਵੋਟ ਨਹੀਂ ਪਾਉਣੀ। ਆਪਣੇ ਪੁੱਤਰ ਵੱਲ ਹੱਥ ਵਧਾਉਦਿਆਂ ਸ਼ੀਤਲਬੇਨ ਨੇ ਕਿਹਾਦੱਸੋ ਮੈਨੂੰ, ਇਨ੍ਹਾਂ ਬੱਚਿਆਂ ਦਾ ਹੁਣ ਕੀ ਭਵਿੱਖ ਰਹਿ ਗਿਆ? ਮੈਂ ਪੁੱਤਰ ਨੂੰ ਇੰਜੀਨੀਅਰ ਤੇ ਧੀ ਨੂੰ ਡਾਕਟਰ ਬਣਾਉਣ ਦੇ ਸੁਪਨੇ ਸੰਜੋਏ ਸਨ। ਇਨ੍ਹਾਂ ਨੂੰ ਪੂਰੇ ਕਿਵੇਂ ਕਰਾਂਗੀ? ਏਨੇ ਸਾਲ ਅਸੀਂ ਟੈਕਸ ਭਰੇ। ਮੇਰੇ ਪਤੀ ਨੇ ਸਖਤ ਮਿਹਨਤ ਕੀਤੀ, ਇਸ ਦੇਸ਼ ਦੀ ਸੇਵਾ ਕੀਤੀ ਅਤੇ ਤੁਸੀਂ ਉਸ ਦੀ ਤਨਖਾਹ ਵਿੱਚੋਂ ਟੈਕਸ ਕੱਟੇ। ਜਦੋਂ ਅਸੀਂ ਸੈਲਾਨੀਆਂ ਵਜੋਂ ਉੱਥੇ ਗਏ ਤਾਂ ਉੱਥੇ ਵੀ ਟੈਕਸ ਦਿੱਤੇ। ਤੁਸੀਂ ਸਾਡੇ ਤੋਂ ਸਭ ਕੁਝ ਲੈ ਲਿਆ, ਪਰ ਜਦੋਂ ਮਦਦ ਦੀ ਲੋੜ ਪਈ ਤਾਂ ਉੱਥੇ ਨਾ ਕੋਈ ਸਹੂਲਤ ਸੀ ਤੇ ਮਦਦ। ਮੈਂ ਇਨਸਾਫ ਚਾਹੁੰਦੀ ਹਾਂ। ਸਿਰਫ ਆਪਣੇ ਲਈ ਨਹੀਂ, ਸਗੋਂ ਆਪਣੇ ਬੱਚਿਆਂ ਦੇ ਭਵਿੱਖ ਲਈ। ਜਦੋਂ ਮੰਤਰੀ ਪਾਟਿਲ ਨੇ ਮਦਦ ਦਾ ਭਰੋਸਾ ਦਿੱਤਾ ਤਾਂ ਸ਼ੀਤਲਬੇਨ ਨੇ ਫਿਰ ਕਿਹਾਸਰਕਾਰ ਵਾਲੇ ਬਹੁਤ ਕੁਝ ਕਹਿੰਦੇ ਹਨ।

‘ਅੱਗੇ-ਪਿੱਛੇ ਸਕਿਉਰਟੀ ਲੈ ਕੇ ਚੱਲਣ ਵਾਲਿਆਂ ਨੇ ਸਾਨੂੰ ਬਘਿਆੜਾਂ ਦੇ ਮੂੰਹ ’ਚ ਸੁੱਟਿਆ’ Read More »

ਵਿਰੋਧਤਾਵਾਂ ਲਈ ਹਥਿਆਰ ਨਹੀਂ ਵਿਚਾਰ ਚਾਹੀਦਾ ਹੈ – ਡਾ. ਸਵਰਾਜ ਸਿੰਘ

ਪਟਿਆਲਾ, 25 ਅਪ੍ਰੈਲ – ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਅਮਰ ਗਰਗ ਕਲਮਦਾਨ ਦੀ ਪੁਸਤਕ ਸਲੋਚਨਾ ਦਾ ਲੋਕ ਅਰਪਣ ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਗਰੀਨਵੁੱਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਏ ਭਾਵਪੂਰਤ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਨੇ ਕੀਤੀ। ਉਦਘਾਟਨ ਡਾ. ਲਖਵਿੰਦਰ ਸਿੰਘ ਜੌਹਲ, ਆਸ਼ੀਰਵਾਦ ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਦਿੱਤਾ, ਜਦਕਿ ਮੁੱਖ ਮਹਿਮਾਨ ਦੇ ਤੌਰ ਤੇ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਡਾ. ਦਰਸ਼ਨ ਸਿੰਘ ਆਸ਼ਟ ਵਿਸ਼ੇਸ਼ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ ਉਨ੍ਹਾਂ ਨਾਲ ਸ਼ਾਮਲ ਹੋਏ। ਡਾ. ਜਗਦੀਪ ਕੌਰ ਆਹੂਜਾ, ਜੋਗਿੰਦਰ ਕੌਰ ਅਗਨੀਹਤਰੀ ਨੇ ਪੁਸਤਕ ਉਪਰ ਪੇਪਰ ਪੜ੍ਹੇ ਗਏ।ਸੁਖਦੇਵ ਔਲਖ, ਡਾ. ਕੰਵਲਜੀਤ ਸਿੰਘ ਟਿੱਬਾ, ਡਾ. ਗੁਰਮੀਤ ਸਿੰਘ, ਗੁਲਜ਼ਾਰ ਸਿੰਘ ਸ਼ੌਂਕੀ, ਬੀਰਇੰਦਰ ਸਿੰਘ ਬਨਭੌਰੀ, ਮੇਘਰਾਜ ਸ਼ਰਮਾ, ਡਾ. ਭਗਵੰਤ ਸਿੰਘ, ਜਗਦੀਪ ਸਿੰਘ ਗੰਧਾਰਾ, ਬਲਵਿੰਦਰ ਸਿੰਘ ਭੱਟੀ, ਅਨੋਖ ਸਿੰਘ ਵਿਰਕਤ, ਦਵਿੰਦਰ ਪਟਿਆਲਵੀ, ਇੰਜ. ਸਤਨਾਮ ਸਿੰਘ ਮੱਟੂ, ਸੁਰਿੰਦਰ ਸ਼ਰਮਾ ਨਾਗਰਾ, ਗੋਪਾਲ ਸ਼ਰਮਾ, ਸੁਖਦੇਵ ਅਲਾਲ, ਡਾ. ਰਾਜੀਵ ਪੁਰੀ ਨੇ ਚਰਚਾ ਵਿੱਚ ਭਾਗ ਲਿਆ ਤੇ ਬਹੁਤ ਉੱਚ ਪੱਧਰੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਲੋਕ ਕਲਾਕਾਰਾਂ ਵੱਲੋਂ ਗਿੱਧੇ ਨਾਲ ਸਮਾਗਮ ਦਾ ਆਗਾਜ਼ ਹੋਇਆ, ਮੀਤ ਸਕਰੌਦੀ, ਨਾਹਰ ਸਿੰਘ ਮੁਬਾਰਕਪੁਰੀ, ਮਨਜੀਤ ਕੌਰ ਸੰਧੂ, ਗੁਰਨਾਮ ਸਿੰਘ, ਜੋਗਾ ਸਿੰਘ ਧਨੌਲਾ, ਸੁਖਦੇਵ ਸਿੰਘ ਅਲਾਨ, ਦੇਸ਼ ਭੂਸ਼ਨ, ਪ੍ਰੇਮ ਕੁਮਾਰ, ਨਿਰਮਲਾ ਗਰਗ, ਗੁਰਚਰਨ ਸਿੰਘ ਢੀਂਡਸਾ, ਅਮਰਜੀਤ ਸਿੰਘ ਅਮਨ, ਅਨੀਤਾ ਗਰਗ, ਪ੍ਰੇਮਲਤਾ, ਸ਼ੇਰ ਸਿੰਘ ਬੇਨੜਾ, ਮਲਕੀਤ ਸਕਰੌਚੀ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਅਵਸਰ ਤੇ ਅਨੋਖ ਸਿੰਘ ਵਿਰਕ, ਬਲਵਿੰਦਰ ਸਿੰਘ ਭੱਟੀ, ਜੋਗਾ ਸਿੰਘ ਧਨੌਲਾ, ਗੁਰਨਾਮ ਸਿੰਘ, ਜੋਰਾ ਸਿੰਘ ਮੰਡੇਰ, ਅਮਰ ਗਰਗ ਕਲਮਦਾਨ, ਨਿਰਮਲਾ ਗਰਗ, ਪ੍ਰਿੰ. ਪ੍ਰੇਮਲਤਾ, ਅਤੇ ਗੁਰਦਿਆਲ ਨਿਰਮਾਣ ਦਾ ਸਨਮਾਨ ਕੀਤਾ ਗਿਆ । ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਅੱਜ ਦਾ ਸਮਾਗਮ ਬਹੁ ਵਿਧਾਈ ਹੈ, ਕਲਮਦਾਨ ਨੇ ਆਪਣੀਆਂ ਕਹਾਣੀਆਂ ਵਿੱਚ ਚੰਗੀਆਂ ਚੀਜਾਂ ਨੂੰ ਉਭਾਰਿਆ ਹੈ। ਡਾ. ਤੇਜਵੰਤ ਮਾਨ ਦਾ ਮੰਨਣਾ ਸੀ ਕਿ ਕਲਮਦਾਨ ਨੇ ਲੋਕ ਭਾਵਨਾਵਾਂ ਨੂੰ ਗ੍ਰਹਿਣ ਕੀਤਾ ਹੈ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਅੱਜ ਲੋਕ ਕੁਦਰਤ, ਸਮਾਜ ਤੇ ਆਪਣੇ ਨਾਲੋਂ ਟੁੱਟ ਰਿਹਾ ਹੈ, ਪਰ ਕਲਮਦਾਨ ਸੱਭਿਆਚਾਰ ਨਾਲ ਜੋੜ ਰਿਹਾ ਹੈ। ਪਵਨ ਹਰਚੰਦਪੁਰੀ ਅਤੇ ਡਾ. ਦਰਸ਼ਨ ਸਿੰਘ ਆਸ਼ਟ ਨੇ ਸੱਭਿਆਚਾਰ ਦੇ ਸੰਦਰਭ ਵਿੱਚ ਗੱਲ ਕਰਦੇ ਹੋਏ ਮਾਲਵਾ ਰਿਸਰਚ ਸੈਂਟਰ ਦੀ ਪ੍ਰਸ਼ੰਸਾ ਕੀਤੀ। ਡਾ. ਭਗਵੰਤ ਸਿੰਘ ਨੇ ਸਮਾਗਮ ਦੀ ਰੂਪ ਰੇਖਾ ਬਾਰੇ ਦੱਸਦੇ ਹੋਏ ਸਭ ਦਾ ਸਵਾਗਤ ਕੀਤਾ। ਜਗਦੀਪ ਸਿੰਘ ਗੰਧਾਰਾ ਨੇ ਸਭ ਦਾ ਧੰਨਵਾਦ ਕੀਤਾ। ਗੁਰਨਾਮ ਸਿੰਘ ਨੇ ਭਾਵਪੂਰਤ ਮੰਚ ਸੰਚਾਲਨਾ ਕੀਤੀ।

ਵਿਰੋਧਤਾਵਾਂ ਲਈ ਹਥਿਆਰ ਨਹੀਂ ਵਿਚਾਰ ਚਾਹੀਦਾ ਹੈ – ਡਾ. ਸਵਰਾਜ ਸਿੰਘ Read More »