
ਸ੍ਰੀਨਗਰ, 25 ਅਪ੍ਰੈਲ – ਪਹਿਲਗਾਮ ਵਿੱਚ ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਗਏ ਹਨ। ਜੇ ਐਂਡ ਕੇ ਸਟੂਡੈਂਟਸ ਐਸੋਸੀਏਸ਼ਨ ਦੇ ਕੌਮੀ ਕਨਵੀਨਰ ਨਾਸਿਰ ਖੁਏਹਾਮੀ ਨੇ ਕਿਹਾ ਹੈ ਕਿ ਹਿੰਦੂ ਰਕਸ਼ਾ ਦਲ ਨੇ ਕਸ਼ਮੀਰੀ ਮੁਸਲਮ ਵਿਦਿਆਰਥੀਆਂ ਨੂੰ ਧਮਕੀ ਦਿੱਤੀ ਕਿ ਵੀਰਵਾਰ ਸਵੇਰੇ 10 ਵਜੇ ਤੱਕ ਦੇਹਰਾਦੂਨ ਛੱਡ ਦਿਓ। ਡੇਰਾ ਬੱਸੀ ਵਿੱਚ ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ’ਚ ਬੁੱਧਵਾਰ ਰਾਤ ਸਥਾਨਕ ਲੋਕ ਤੇ ਹੋਰ ਵਿਦਿਆਰਥੀ ਅੱਧੀ ਰਾਤ ਨੂੰ ਹੋਸਟਲ ਵਿੱਚ ਵੜੇ ਤੇ ਤੇਜ਼ਧਾਰ ਹਥਿਆਰਾਂ ਨਾਲ ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ।
ਪ੍ਰਯਾਗਰਾਜ ਵਿੱਚ ਮਕਾਨ ਮਾਲਕਾਂ ਨੇ ਵਿਦਿਆਰਥੀਆਂ ਨੂੰ ਨਿਕਲ ਜਾਣ ਲਈ ਕਿਹਾ ਹੈ। ਕਈ ਵਿਦਿਆਰਥੀ ਨਿਕਲ ਵੀ ਆਏ ਹਨ। ਹਿਮਾਚਲ ਦੀ ਅਰਨੀ ਯੂਨੀਵਰਸਿਟੀ ’ਚ ਕਸ਼ਮੀਰੀ ਵਿਦਿਆਰਥੀਆਂ ਨੂੰ ਆਤੰਕਵਾਦੀ ਕਹਿ ਕੇ ਉਨ੍ਹਾਂ ਦੇ ਹੋਸਟਲਾਂ ਦੇ ਦਰਵਾਜ਼ੇ ਤੋੜ ਦਿੱਤੇ ਗਏ। ਪ੍ਰਸ਼ਾਸਨ ਦੀ ਖਾਮੋਸ਼ੀ ਸਥਿਤੀ ਹੋਰ ਵਿਗਾੜ ਰਹੀ ਹੈ। ਖੁਏਹਾਮੀ ਨੇ ਕਿਹਾ ਕਿ ਉਨ੍ਹਾ ਰਾਹੁਲ ਗਾਂਧੀ ਦੇ ਦਫਤਰ ਨਾਲ ਗੱਲ ਕੀਤੀ ਤੇ ਉਨ੍ਹਾ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੋਲ ਮਾਮਲਾ ਉਠਾਉਣਗੇ।
ਪੀਪਲਜ਼ ਕਾਨਫਰੰਸ ਦੇ ਮੁਖੀ ਅਤੇ ਹੰਦਵਾੜਾ ਦੇ ਵਿਧਾਇਕ ਸੱਜਾਦ ਲੋਨ ਨੇ ‘ਐੱਕਸ’ ਉੱਤੇ ਪੋਸਟ ’ਚ ਕਿਹਾ, ‘ਦੇਸ਼ ਭਰ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ, ਜਿੱਥੇ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕੀਤਾ ਗਿਆ, ਕੁੱਟਿਆ ਗਿਆ, ਧੱਕੇਸ਼ਾਹੀ ਕੀਤੀ ਗਈ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੀਆਂ ਰਿਹਾਇਸ਼ੀ ਥਾਵਾਂ ਖਾਲੀ ਕਰਨ ਲਈ ਵੀ ਕਿਹਾ ਗਿਆ। ਉਨ੍ਹਾ ਕੇਂਦਰ ਸਰਕਾਰ ਨੂੰ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਉਨ੍ਹਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ। ਉਨ੍ਹਾ ਕਿਹਾ, ‘ਅਸੀਂ ਇਸ ਸੋਗ ਦੀ ਘੜੀ ਵਿੱਚ ਦੇਸ਼ ਦੇ ਨਾਲ ਖੜ੍ਹੇ ਹਾਂ।