ਜਗਮੋਹਨ ਸਿੰਘ ਰਾਜੂ ਵੱਲੋਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ

ਅੰਮ੍ਰਿਤਸਰ, 25 ਅਪ੍ਰੈਲ – ਪੰਜਾਬ ਦੀ ਭਾਜਪਾ ਇਕਾਈ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਗੰਭੀਰ ਜਥੇਬੰਦਕ ਬੇਨਿਯਮੀਆਂ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨਾਲ ਨਾਰਾਜ਼ਗੀ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਾਬਕਾ ਨੌਕਰਸ਼ਾਹ ਅਤੇ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੇ 2022 ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਰਹੇ ਰਾਜੂ ਨੇ ਪਾਰਟੀ ਦੇ ਸੂਬਾ ਪੱਧਰੀ ਅਹੁਦੇਦਾਰਾਂ ’ਤੇ ਗੰਭੀਰ ਦੋਸ਼ ਲਗਾਉਂਦਿਆਂ ਚਾਰ ਸਫ਼ਿਆਂ ਦਾ ਵਿਸਥਾਰਤ ਅਸਤੀਫ਼ਾ ਪਾਰਟੀ ਨੂੰ ਸੌਂਪਿਆ ਹੈ।

ਉਨ੍ਹਾਂ ਆਪਣੇ ਅਸਤੀਫ਼ੇ ਵਿਚ ਸਿੱਧੇ ਤੌਰ ‘ਤੇ ਭਾਜਪਾ ਦੇ ਜਥੇਬੰਦਕ ਜਨਰਲ ਸਕੱਤਰ ਸ੍ਰੀਵਾਸਤਵ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦਾ ਨਾਮ ਲਿਆ ਅਤੇ ਉਨ੍ਹਾਂ ’ਤੇ ਪਾਰਟੀ ਦੇ ਨਿਯਮਾਂ ਦੀ ਉਲੰਘਣਾ ਕਰਨ, ਆਪਣੇ ਅਧਿਕਾਰਾਂ ਤੋਂ ਅਗਾਂਹ ਜਾਣ ਦਾ ਦੋਸ਼ ਲਗਾਇਆ। ਰਾਜੂ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ ਜਦੋਂ ਪਾਰਟੀ ਅੰਦਰੂਨੀ ਜਥੇਬੰਦਕ ਚੋਣਾਂ ਕਰਾਉਣ ਦੀ ਤਿਆਰੀ ਕਰ ਰਹੀ ਹੈ। ਸਤੰਬਰ 2023 ਵਿਚ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਰਾਜੂ ਪੰਜਾਬ ਭਾਜਪਾ ਦੇ ਅੰਦਰ ਇਸ ਅਹੁਦੇ ’ਤੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਅੱਧ ਵਿਚਕਾਰ ਅਸਤੀਫ਼ਾ ਦੇ ਦਿੱਤਾ ਹੈ, ਇਹ ਅਹੁਦਾ ਆਮ ਤੌਰ ’ਤੇ ਇਕ ਨਿਸ਼ਚਿਤ ਕਾਰਜਕਾਲ ਲਈ ਰੱਖਿਆ ਜਾਂਦਾ ਹੈ।

ਸਾਂਝਾ ਕਰੋ

ਪੜ੍ਹੋ