admin

ਉਲੰਪਿਕ ਖੇਡਾਂ: ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ

ਟੋਕੀਉ: ਭਾਰਤੀ ਮਹਿਲਾ ਹਾਕੀ ਟੀਮ ਨੇ ਉਲੰਪਿਕ ਖੇਡਾਂ ਦੇ ਨੌਵੇਂ ਦਿਨ ਗਰੁੱਪ ਸਟੇਜ ਦੇ ਅਪਣੇ ਆਖਰੀ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ ਹੈ। ਇਹ ਟੀਮ ਇੰਡੀਆ ਦੀ ਟੋਕੀਉ ਉਲੰਪਿਕ ਵਿਚ ਦੂਜੀ ਜਿੱਤ ਹੈ। ਭਾਰਤੀ ਮਹਿਲਾ ਹਾਕੀ ਟੀਮ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਕਾਇਮ ਹਨ।ਇਸ ਜਿੱਤ ਦੇ ਨਾਲ ਹੀ ਭਾਰਤ ਦੀ ਵੰਦਨਾ ਕਟਾਰੀਆ ਨੇ ਮੈਚ ਵਿਚ ਅਪਣੀ ਹੈਟ੍ਰਿਕ ਪੂਰੀ ਕਰ ਲਈ ਹੈ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੰਦਨਾ ਕਟਾਰੀਆ ਨੇ ਹੈਟ੍ਰਿਕ ਲਗਾਈ। ਇਸ ਤੋਂ ਬਾਅਦ ਵੰਦਨਾ ਮਹਿਲਾ ਹਾਕੀ ਉਲੰਪਿਕ ਵਿਚ ਹੈਟ੍ਰਿਕ ਲਗਾਉਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਜਿਸ ਨੇ ਉਲੰਪਿਕ ਦੇ ਕਿਸੇ ਵੀ ਹਾਕੀ ਮੈਚ ਵਿਚ ਲਗਾਤਾਰ 3 ਗੋਲ ਕੀਤੇ।ਭਾਰਤ ਦੀ ਮਹਿਲਾ ਹਾਕੀ ਟੀਮ ਕੁਆਰਟਰ ਫਾਈਨਲ ਵਿਚ ਥਾਂ ਬਣਾ ਸਕੇਗੀ ਜਾਂ ਨਹੀਂ ਇਸ ਦਾ ਫੈਸਲਾ ਸ਼ਾਮ ਨੂੰ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਤੋਂ ਬਾਅਦ ਹੀ ਹੋਵੇਗਾ। ਜੇਕਰ ਆਇਰਲੈਂਡ ਇਹ ਮੁਕਾਬਲਾ ਜਿੱਤ ਲੈਂਦਾ ਹੈ ਤਾਂ ਟੀਮ ਇੰਡੀਆ ਕੁਆਰਟਰ ਫਾਈਨਲ ਤੋਂ ਬਾਹਰ ਹੋ ਜਾਵੇਗੀ। ਸ਼ੁੱਕਰਵਾਰ ਪੁਰਸ਼ ਹਾਕੀ ਮੈਚ ‘ਚ ਸਟਰਾਈਕਰ ਗੁਰਜੰਟ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਪੁਰਸ਼ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਆਖਰੀ ਮੈਚ ਵਿੱਚ ਮੇਜ਼ਬਾਨ ਜਾਪਾਨ ਨੂੰ 5-3 ਨਾਲ ਹਰਾ ਕੇ ਕੁਆਰਟਰ ਫਾਈਨਲ ਤੋਂ ਪਹਿਲਾਂ ਆਤਮਵਿਸ਼ਵਾਸ ਵਧਾਉਣ ਵਾਲੀ ਜਿੱਤ ਦਰਜ ਕੀਤੀ ਹੈ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ (13ਵੇਂ), ਗੁਰਜੰਟ ਸਿੰਘ (17ਵੇਂ ਤੇ 56ਵੇਂ), ਸ਼ਮਸ਼ੇਰ ਸਿੰਘ (34ਵੇਂ) ਤੇ ਨੀਲਕੰਠ ਸ਼ਰਮਾ (51ਵੇਂ ਮਿੰਟ) ਨੇ ਗੋਲ ਕੀਤੇ। ਜਾਪਾਨ ਵੱਲੋਂ ਕੇਂਤਾ ਟਨਾਕਾ (19ਵੇਂ), ਕੋਤਾ ਬਤਾਨਬੇ (33ਵੇਂ) ਤੇ ਕਾਜੁਮਾ ਮੁਰਾਤਾ (59ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਾ ਹੈ, ਪਰ ਮੇਜ਼ਬਾਨਾਂ ਖ਼ਿਲਾਫ਼ ਜਿੱਤ ਨਾਲ ਉਹ ਵੱਡੇ ਮਨੋਬਲ ਨਾਲ ਆਖਰੀ ਅੱਠ ਦੇ ਮੁਕਾਬਲੇ ਵਿੱਚ ਉਤਰੇਗਾ। ਭਾਰਤ ਨੇ ਪੂਲ ਗੇੜ ਵਿੱਚ ਜਾਪਾਨ ਤੋਂ ਇਲਾਵਾ ਨਿਊਜ਼ੀਲੈਂਡ, ਸਪੇਨ ਤੇ ਅਰਜਨਟੀਨਾ ਖ਼ਿਲਾਫ਼ ਜਿੱਤ ਦਰਜ ਕੀਤੀ ਹੈ।

ਉਲੰਪਿਕ ਖੇਡਾਂ: ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ Read More »

ਸੁਪਰੀਮ ਕੋਰਟ ਨੇ ਪੇਗਾਸਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਸਵੀਕਾਰ

ਨਵੀਂ ਦਿੱਲੀ, 31 ਜੁਲਾਈ : ਸੁਪਰੀਮ ਕੋਰਟ ਨੇ ਪੇਗਾਸਸ ਜਾਸੂਸੀ ਮਾਮਲੇ ਦੀ ਕਿਸੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਵਲੋਂ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਵਾਲੀ ਸੀਨੀਅਰ ਪੱਤਰਕਾਰ ਐਨ. ਰਾਮ ਦੀ ਪਟੀਸ਼ਨ ‘ਤੇ ਅਗਲੇ ਹਫ਼ਤੇ ਸੁਣਵਾਈ ਕਰਨ ਦੀ ਸ਼ੁਕਰਵਾਰ ਲਈ ਸਹਿਮਤੀ ਦੇ ਦਿੱਤੀ ਹੈ | ਚੀਫ਼ ਜਸਟਿਸ ਐਨ ਵੀ ਰਮਣ ਦੀ ਅਗਵਾਈ ਵਾਲੇ ਬੈਂਚ ਨੇ ਐਨ.ਰਾਮ ਅਤੇ ਸੀਨੀਅਰ ਪੱਤਰਕਾਰ ਸ਼ਸ਼ੀ ਕੁਮਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਪੇਸ਼ਗੀ ਦਾ ਨੋਟਿਸ ਲਿਆ ਕਿ ਪਟੀਸ਼ਨ ਦਾਇਰ ਕੀਤੀ ਗਈ, ਸੂਚੀਬੱਧ ਕੀਤੀ ਗਈ ਅਤੇ ਕਥਿਤ ਜਾਸੂਸੀ ਦੇ ਵਿਆਪਕ ਪ੍ਰਭਾਵਾਂ ਦੇ ਮੱਦੇਨਜ਼ਰ ਇਸ ਉੱਤੇ ਸੁਣਵਾਈ ਦੀ ਲੋੜ ਹੈ | ਅਦਾਲਤ ਦੀ ਰਜਿਸਟਰੀ ਇਸ ਪਟੀਸ਼ਨ ਦਾ ਰਜਿਸਟ੍ਰੇਸ਼ਨ ਕਰ ਚੁੱਕੀ ਹੈ | ਸਿਬੱਲ ਨੇ ਕਿਹਾ ਕਿ ਇਹ ਮੁੱਦਾ ਨਾਗਰਿਕਾਂ ਦੀ ਆਜ਼ਾਦੀ ਨੂੰ  ਪ੍ਰਭਾਵਤ ਕਰਨ ਵਾਲਾ ਹੈ ਅਤੇ ਵਿਰੋਧੀ ਆਗੂਆਂ, ਪੱਤਰਕਾਰਾਂ ਇਥੇ ਤਕ ਕਿ ਆਦਲਤ ਦੇ ਕਰਮੀਆਂ ਨੂੰ  ਵੀ ਨਿਗਰਾਨੀ ਵਿਚ ਰਖਿਆ ਗਿਆ ਹੈ | ਮਾਮਲੇ ‘ਤੇ ਤੁਰਤ ਸੁਣਵਾਈ ਦੀ ਬੇਨਤੀ ਕਰਦੇ ਹੋਏ ਸਿੱਬਲ ਨੇ ਕਿਹਾ, ”ਇਸ ਨੇ ਭਾਰਤ ਸਮੇਤ ਪੂਰੀ ਦੁਨੀਆਂ ‘ਚ ਹਲਚਲ ਮਚਾਈ ਹੋਈ ਹੈ |” ਇਸ ‘ਤੇ ਸੀਜੇਆਈ ਨੇ ਕਿਹਾ, “ਅਸੀਂ ਇਸ ਨੂੰ  ਅਗਲੇ ਹਫ਼ਤੇ ਲਈ ਸੂਚੀਬੱਧ ਕਰਾਂਗੇ |” ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕਥਿਤ ਜਾਸੂਸੀ ਭਾਰਤ ਵਿਚ ਵਿਰੋਧ ਦੀ ਆਜ਼ਾਦੀ ਦੇ ਪ੍ਰਗਟਾਵੇ ਨੂੰ  ਦਬਾਉਣ ਦੀਆਂ ਏਜੰਸੀਆਂ ਅਤੇ ਸੰਗਠਨਾਂ ਦੀਆਂ ਕੋਸ਼ਿਸ਼ਾਂ ਦੀ ਪਛਾਣ ਹੈ | ਪਟੀਸ਼ਨ ‘ਚ ਪੇਗਾਸਸ ਸਪਾਈਵੇਅਰ ਜ਼ਰੀਏ ਫ਼ੋਨਾਂ ਦੀ ਕਥਿਤ ਹੈਕਿੰਗ ਦੀ ਜਾਂਚ ਕਰਾਉਣ ਦੀ ਅਪੀਲ ਕੀਤੀ ਗਈ ਹੈ | ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਜਾਂ ਉਸ ਦੀ ਕਿਸੇ ਵੀ ਏਜੰਸੀ ਨੇ ਪੇਗਾਸਸ ਸਪਾਈਵੇਅਰ ਦਾ ਲਾਈਸੈਂਸ ਲਿਆ, ਸਿੱਧੇ ਜਾਂ ਅਸਿੱਧੇ ਢੰਗ ਨਾਲ, ਇਸ ਦੀ ਵਰਤੋਂ ਕੀਤੀ ਅਤੇ ਜੇ ਕਿਸੇ ਵੀ ਤਰ੍ਹਾਂ ਦੀ ਨਿਗਰਾਨੀ ਰੱਖੀ ਗਈ ਹੈ ਤਾਂ ਕੇਂਦਰ ਨੂੰ  ਇਸ ਬਾਰੇ ‘ਚ ਖੁਲਾਸਾ ਕਰਨ ਦਾ ਨਿਰਦੇਸ਼ ਦਿਤਾ ਜਾਵੇ | ਇਸ ਵਿਚ ਕਿਹਾ ਗਿਆ ਹੈ ਕਿ ਸਿਕਿਉਰਿਟੀ ਲੈਬ ਆਫ਼ ਐਮਨੇਸਟੀ ਇੰਟਰਨੇਸ਼ਨਲ ਵਿਸ਼ਲੇਸ਼ਣ ‘ਚ ਪੇਗਾਸਸ ਵਲੋਂ ਸੁਰੱਖਿਆ ‘ਚ ਸੇਂਧਮਾਰੀ ਦੀ ਪੁਸ਼ਟੀ ਹੋਈ ਹੈ | ਜ਼ਿਕਰਯੋਗ ਹੈ ਕਿ ਇਕ ਅੰਤਰਰਾਸਟਰੀ ਮੀਡੀਆ ਐਸੋਸੀਏਸਨ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਜ਼ਰਾਈਲ ਦੇ ਪੇਗਾਸਸ ਸਪਾਈਵੇਅਰ ਜ਼ਰੀਏ ਨਿਗਰਾਨੀ ਲਈ ਸੰਭਾਵਤ ਟੀਚਿਆਂ ਦੀ ਸੂਚੀ ਵਿਚ 300 ਤੋਂ ਵੱਧ ਪ੍ਰਮਾਣਿਤ ਭਾਰਤੀ ਮੋਬਾਈਲ ਫ਼ੋਨ ਨੰਬਰ ਸ਼ਾਮਲ ਕੀਤੇ ਗਏ ਹਨ |

ਸੁਪਰੀਮ ਕੋਰਟ ਨੇ ਪੇਗਾਸਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਸਵੀਕਾਰ Read More »

ਕਿਸਾਨ ਸੰਸਦ ‘ਚ ਭਾਰਤ ਸਰਕਾਰ ਨੂੰ ਹਿਦਾਇਤ: ਬਿਜਲੀ ਸੋਧ ਬਿੱਲ ਜਾਂ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਵਾਲਾ ਕੋਈ ਹੋਰ ਬਿੱਲ ਪੇਸ਼ ਨਾ ਕਰੇ

ਕਿਸਾਨ ਸੰਸਦ ਦੇ 7 ਵੇਂ ਦਿਨ ਸ਼ੁਕਰਵਾਰ ਨੂੰ ਸੰਸਦ ਦੇ ਸਮਾਨਤਰ ਬਹਿਸ ਅਤੇ ਕਾਰਵਾਈ ਬਿਜਲੀ ਸੋਧ ਬਿੱਲ ‘ਤੇ ਸੀ | ਸੰਸਦ ਦੇ ਮਾਨਸੂਨ ਸੈਸਨ ਲਈ ਕਾਰਵਾਈ ਸੂਚੀ ਵਿੱਚ ਇਸ ਨੂੰ ਅਚਾਨਕ ਸੂਚੀਬੱਧ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ, ਪਹਿਲਾਂ 11ਦੌਰ ਦੀ ਗੱਲਬਾਤ ਦੌਰਾਨ ਭਾਰਤ ਸਰਕਾਰ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਬਿਜਲੀ ਸੋਧ ਬਿੱਲ ਵਾਪਸ ਲੈ ਲਵੇਗੀ | ਕਿਸਾਨ ਸੰਸਦ ਦੇ ਪਹਿਲੇ ਦਿਨਾਂ ਦੀ ਤਰ੍ਹਾਂ 200 ਕਿਸਾਨਾਂ ਦਾ ਇੱਕ ਜੱਥਾ ਸਮੇਂ ਸਿਰ ਸਿੰਘੂ ਬਾਰਡਰ ਤੋਂ ਰਵਾਨਾ ਹੋਇਆ ਅਤੇ ਬਹੁਤ ਹੀ ਅਨੁਸਾਸਿਤ ਅਤੇ ਵਿਵਸਥਿਤ ਢੰਗ ਨਾਲ ਅਨੁਸੂਚੀ ਅਨੁਸਾਰ ਕਿਸਾਨ ਸੰਸਦ ਵਿਚਾਰ -ਵਟਾਂਦਰੇ ਦੀ ਸੁਰੂਆਤ ਕੀਤੀ | ਵਿਚਾਰ ਵਟਾਂਦਰੇ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੇ ਉਨ੍ਹਾਂ ਦੇ ਡੂੰਘੇ ਗਿਆਨ ਅਤੇ ਵਿਸੇ ਦੇ ਵਿਸਲੇਸਣ ਨੂੰ ਵੀ ਦਰਸਾਇਆ | ਕਿਸਾਨ ਸੰਸਦ ਨੇ 30 ਦਸੰਬਰ 2020 ਨੂੰ ਕਿਸਾਨ ਨੇਤਾਵਾਂ ਨਾਲ ਆਪਣੀ ਵਚਨਬੱਧਤਾ ਤੋਂ ਮੁੱਕਰਦਿਆਂ ਸਰਕਾਰ ਵੱਲੋਂ ਗੁੱਸੇ ਦਾ ਪ੍ਰਗਟਾਵਾ ਕੀਤਾ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਲੈ ਲਿਆ ਜਾਵੇਗਾ | ਕਿਸਾਨ ਸੰਸਦ ਨੇ ਸਿੱਟਾ ਕੱਢਿਆ ਕਿ ਬਿਜਲੀ ਸੰਸੋਧਨ ਬਿੱਲ ਮੋਦੀ ਸਰਕਾਰ ਦੁਆਰਾ ਕਿਸਾਨਾਂ ਅਤੇ ਹੋਰ ਆਮ ਨਾਗਰਿਕਾਂ ‘ਤੇ ਗੈਰ -ਸੰਵਿਧਾਨਕ ਅਤੇ ਗੈਰ-ਜਮਹੂਰੀ ਢੰਗ ਨਾਲ ਕੀਤੇ ਜਾ ਰਹੇ ਹੋਰ ਕਾਨੂੰਨਾਂ ਦੀ ਤਰ੍ਹਾਂ ਅਸਲ ਵਿੱਚ ਕਾਰਪੋਰੇਸਨਾਂ ਦੇ ਬਿਜਲੀ ਦੀ ਵੰਡ ਵਿੱਚ ਪ੍ਰਵੇਸ ਅਤੇ ਲਾਭਦਾਇਕ ਕਾਰਜਾਂ ਦੀ ਸਹੂਲਤ ਲਈ ਹੈ | ਬਿੱਲ ਰਾਜ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਨਿਰਧਾਰਤ ਕਰਨ ਦੇ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਰਾਸ਼ਟਰੀ ਟੈਰਿਫ ਨੀਤੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹੈ | ਇਸ ਨੇ ਭਾਰਤ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਇਸ ਬਿੱਲ ਜਾਂ ਸੰਸਦ ਦੇ ਇਸ ਤੋਂ ਬਾਅਦ ਦੇ ਸੈਸ਼ਨਾਂ ਵਿਚ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਵਾਲਾ ਕੋਈ ਹੋਰ ਬਿੱਲ ਪੇਸ਼ ਨਾ ਕਰੇ | ਸ਼ੁਕਰਵਾਰ ਨੂੰ ਲੋਕ ਸਭਾ ਵਿੱਚ ਕੌਮੀ ਰਾਜਧਾਨੀ ਖੇਤਰ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸਨ ਅਤੇ ਐਡਜੋਇਨਿੰਗ ਏਰੀਆਜ ਬਿੱਲ, 2021” ਨੂੰ ਖੇਤੀ ਕਾਨੂੰਨਾਂ ਸਮੇਤ ਵੱਖ -ਵੱਖ ਮੁੱਦਿਆਂ ‘ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਲਗਾਤਾਰ ਵਿਰੋਧ ਦੇ ਵਿਚਕਾਰ ਪੇਸ਼ ਕੀਤਾ ਗਿਆ | ਐਸਕੇਐਮ ਨੇ ਸਰਕਾਰ ਨੂੰ ਵਿਰੋਧ ਕਰ ਰਹੇ ਕਿਸਾਨਾਂ ਨਾਲ ਖੇਡਾਂ ਨਾ ਖੇਡਣ ਅਤੇ ਪਹਿਲਾਂ ਹੀ ਕੀਤੇ ਵਾਅਦਿਆਂ ਤੋਂ ਮੁੱਕਰਨ ਵਿਰੁੱਧ ਚੇਤਾਵਨੀ ਦਿਤੀ | ਕਲ ਹਰਿਆਣਾ ਦੇ ਸਿਰਸਾ ਵਿੱਚ ਕਿਸਾਨਾਂ ਨੇ ਸਾਂਤਮਈ ਢੰਗ ਨਾਲ ਵਿਰੋਧ ਜਤਾਇਆ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਪਿੰਡ ਪੋਰਖਾ ਵਿੱਚ ਭਾਜਪਾ ਦੀ ਮੀਟਿੰਗ ਨਹੀਂ ਹੋ ਸਕਦੀ | ਭਾਰੀ ਬਾਰਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਇਸ ਨੂੰ ਸੰਭਾਲਿਆ | ਸ਼ਨਿਚਰਵਾਰ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਹੈ | ਇਹ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ | ਉੱਤਰ ਪ੍ਰਦੇਸ ਵਿਚ ਕਿਸਾਨਾਂ ਨੇ ਹੋਰ ਟੋਲ ਪਲਾਜਾ ਮੁਕਤ ਕਰਵਾਉਣ ਦਾ ਫੈਸਲਾ ਕੀਤਾ ਹੈ |

ਕਿਸਾਨ ਸੰਸਦ ‘ਚ ਭਾਰਤ ਸਰਕਾਰ ਨੂੰ ਹਿਦਾਇਤ: ਬਿਜਲੀ ਸੋਧ ਬਿੱਲ ਜਾਂ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਵਾਲਾ ਕੋਈ ਹੋਰ ਬਿੱਲ ਪੇਸ਼ ਨਾ ਕਰੇ Read More »

ਸਮਾਜਿਕ ਤਬਦੀਲੀ ਦਾ ਚਿੰਨ੍ਹ ਸ਼ਹੀਦ ਊਧਮ ਸਿੰਘ/ ਅਮੋਲਕ ਸਿੰਘ

ਮੁਲਕ ਅੰਦਰ ਵਗਦੀਆਂ ਫਿਰਕੂ ਹਨੇਰੀਆਂ ਦੇ ਦੌਰ ਅੰਦਰ ਸ਼ਹੀਦ ਊਧਮ ਸਿੰਘ ਨੂੰ ਉਹਦੇ ਆਪਣੇ ਮਨਪਸੰਦ ਨਾਮ ‘ਮੁਹੰਮਦ ਸਿੰਘ ਆਜ਼ਾਦ’ ਸਮਝ ਕੇ ਮਿਲਣਾ ਇਤਿਹਾਸਕ ਤੇ ਮੁੱਲਵਾਨ ਵਿਰਾਸਤ ਹੈ। ਮੁਹੰਮਦ ਸਿੰਘ ਆਜ਼ਾਦ ਦੀ ਸੰਗਰਾਮੀ ਜੀਵਨ ਗਾਥਾ ਨੂੰ ਟੁਕੜਿਆਂ ’ਚ ਦੇਖਣਾ, ਸੁਣੀਆਂ ਸੁਣਾਈਆਂ ਗੈਰ-ਪ੍ਰਮਾਣਿਕ ਕਹਾਣੀਆਂ ਤੱਕ ਸਮੇਟ ਦੇਣਾ, ਉਸ ਦੀ ਸਖ਼ਤ ਘਾਲਣਾ ਅਤੇ ਅਮੁੱਲ ਇਤਿਹਾਸਕ ਦੇਣ ਤੋਂ ਪਲਕਾਂ ਬੰਦ ਕਰਨਾ ਹੈ। ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਜਲ੍ਹਿਆਂ ਵਾਲਾ ਬਾਗ਼ ਤੋਂ ਸ਼ੁਰੂ ਕਰਕੇ, ਮਾਈਕਲ ਉਡਵਾਇਰ ਨੂੰ ਗੋਲੀ ਮਾਰਨ ਅਤੇ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮਣ ਤੱਕ ਦੀ ਕਹਾਣੀ ਤੱਕ ਸੀਮਤ ਕਰਨਾ ਇਤਿਹਾਸਕਾਰੀ ਨਹੀਂ। ਸਿਰਫ਼ ਕੁਰਬਾਨੀਆਂ, ਬਦਲਾ ਲੈਣ ਅਤੇ ਸੂਰਮਗਤੀ ਦੀਆਂ ਹੀ ਵਾਰਾਂ ਗਾ ਕੇ ਮਨ ਨੂੰ ਤਸੱਲੀ ਦੇ ਲੈਣਾ, ਸਾਡਾ ਸੁਭਾਅ ਬਣਾ ਦਿੱਤਾ ਗਿਆ ਹੈ। ਊਧਮ ਸਿੰਘ ਇਤਿਹਾਸਕ ਨਾਇਕ ਬਣ ਕੇ ਕਿਵੇਂ ਸਾਡੇ ਰੂ-ਬ-ਰੂ ਹੋਇਆ, ਉਹ ਨਿੱਕੀਆਂ-ਵੱਡੀਆਂ, ਵਿੰਗੀਆਂ-ਟੇਢੀਆਂ ਪਗਡੰਡੀਆਂ ਵਿਚੀਂ ਗੁਜ਼ਾਰਦਾ ਇਸ ਵਿਲੱਖਣ ਮੁਕਾਮ ’ਤੇ ਕਿਵੇਂ ਪੁੱਜਾ, ਬਿਖੜੇ ਪੈਂਡਿਆਂ ਭਰੇ ਇਸ ਸਫ਼ਰ ਨੂੰ ਘੋਖਣ ਵੱਲ ਅਸੀਂ ਘੱਟ ਹੀ ਨਜ਼ਰ ਮਾਰਦੇ ਹਾਂ। ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ, ਸ਼ਹੀਦ ਪ੍ਰੋ. ਬਰਕਤ ਉੱਲਾ, ਸ਼ਹੀਦ ਰਹਿਮਤ ਅਲੀ ਵਜੀਦਕੇ ਵਰਗੇ ਅਨੇਕਾਂ ਸੰਗਰਮੀਆਂ ਦਾ ਜੀਵਨ ਸੰਗਰਾਮ, ਉਦੇਸ਼ ਅਤੇ ਉਨ੍ਹਾਂ ਦੇ ਸੁਪਨੇ ਸਾਡੀਆਂ ਸੋਚਾਂ, ਵਿਚਾਰ-ਚਰਚਾਵਾਂ ਵਿਚ ਅਹਿਮ ਸਥਾਨ ਲੈਣ, ਇਹ ਸਮੇਂ ਦੀ ਲੋੜ ਹੈ। ਅਜਿਹਾ ਨਜ਼ਰੀਆ, ਲੰਮੇ ਇਤਿਹਾਸਕ ਪਿਛੋਕੜ ਤੋਂ ਸਾਡੇ ਨਾਲ ਤੁਰ ਰਿਹਾ ਹੈ। ਬਾਬਾ ਨਾਨਕ ਜੀ ਦਾ ਸਾਂਝੀਵਾਲਤਾ ਭਰਿਆ ਸੰਕਲਪ, ਪੰਜ ਪਿਆਰਿਆਂ ਦੀ ਸਿਰਜਣਾ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਨਨਕਾਣਾ ਸਾਹਿਬ ਦਾ ਸਾਕਾ, ਗ਼ਦਰ, ਬੱਬਰ ਅਕਾਲੀ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਆਜ਼ਾਦ ਹਿੰਦ ਫੌਜ, ਬਾਗੀ ਫ਼ੌਜੀਆਂ ਦੀ ਬਗਾਵਤ, 1857 ਦੇ ਗ਼ਦਰ ਵਾਂਗ ਸਾਡੇ ਚੇਤਿਆਂ ਦੀ ਸਲੇਟ ਉਪਰ ਕੁਰਬਾਨੀਆਂ ਪ੍ਰਤੀ ਸ਼ਰਧਾਵਾਨ ਹੋ ਜਾਣ ਦਾ ਹੀ ਉਘੜਵਾਂ ਰੰਗ ਰਹਿ ਜਾਂਦਾ ਹੈ। ਇਨ੍ਹਾਂ ਲਹਿਰਾਂ, ਇਤਿਹਾਸ ਅਤੇ ਵਿਰਸੇ ਨੂੰ ਜਾਨਣਾ ਪ੍ਰਸੰਗਕਤਾ ਨੂੰ ਉਭਾਰਨਾ, ਅੱਗੇ ਤੋਰਨਾ, ਸਾਡੇ ਸਰੋਕਾਰਾਂ ਵਿਚ ਵਿਸਰ ਜਾਂ ਮੱਧਮ ਪੈ ਰਿਹਾ ਹੈ। ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨਾਲ ਸਬੰਧਤ ਇਤਿਹਾਸ, ਦਰਸ਼ਨ, ਸਿਆਸਤ, ਸਮਾਜਿਕ ਸਰੋਕਾਰਾਂ ਸਾਹਿਤ ਅਤੇ ਸਭਿਆਚਾਰ ਨੂੰ ਸਮਝਣਾ ਲਾਜ਼ਿਮ ਹੈ। ਡਾਇਰੈਕਟਰ ਇੰਟੈਲੀਜੈਂਸੀ ਬਿਊਰੋ (ਹੋਮ ਵਿਭਾਗ, ਭਾਰਤ ਸਰਕਾਰ) ਵੱਲੋਂ 1934 ਵਿਚ ਜਾਰੀ ਕੀਤੀ ਗ਼ਦਰ ਡਾਇਰੈਕਟਰੀ ਦਰਸਾਉਂਦੀ ਹੈ ਕਿ ਊਧਮ ਸਿੰਘ ਨੇ ਸ਼ੇਰ ਸਿੰਘ, ਉਦੈ ਸਿੰਘ, ਫਰੈਂਕ ਬਰਾਜ਼ੀਲ, ਬਾਵਾ, ਐੱਮਐੱਸ ਆਜ਼ਾਦ (ਮੁਹੰਮਦ ਸਿੰਘ ਆਜ਼ਾਦ) ਆਦਿ ਨਾਵਾਂ ਤੇ ਕੰਮ ਕੀਤਾ। ਸ਼ਹੀਦ ਊਧਮ ਸਿੰਘ ਦੇ ਸਾਹਾਂ ਅਤੇ ਰਾਹਾਂ ਦੀ ਸੰਗੀ-ਸਾਥੀ ਸੀ ਗ਼ਦਰ ਪਾਰਟੀ। ਉਹਦੇ ਚੇਤਿਆਂ ਅੰਦਰ ਗਹਿਰੀ ਉੱਕਰੀ ਸੀ ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਦੀ ਸ਼ਹਾਦਤ। ਉਸ ਦੇ ਲਿਖਤੀ ਬਿਆਨ, ਤਕਰੀਰਾਂ, ਅਦਾਲਤੀ ਹਲਫ਼ਨਾਮੇ ਇਤਿਹਾਸਕ ਪ੍ਰਮਾਣ ਗਵਾਹੀ ਭਰਦੇ ਹਨ ਕਿ ਉਹ ਜਲ੍ਹਿਆਂਵਾਲਾ ਬਾਗ਼ ਦੀ ਖ਼ੂਨੀ ਹੋਲੀ ਖੇਡਣ ਵਾਲੇ ਇੱਕਾ-ਦੁੱਕਾ ਵਿਅਕਤੀਆਂ ਨੂੰ ਹੀ ਜਿ਼ੰਮੇਵਾਰ ਨਹੀਂ ਸਮਝਦਾ। ਉਹ ਸਾਮਰਾਜੀ ਪ੍ਰਬੰਧ ਉਪਰ ਚੋਟ ਮਾਰਦਾ ਹੈ। ਉਹ ਖ਼ੂਨ ਦਾ ਬਦਲਾ ਖ਼ੂਨ ਵਰਗੇ ਦਾਇਰਿਆਂ ਅੰਦਰ ਸਿਮਟਣ ਦੀ ਬਜਾਏ ‘ਸਾਮਰਾਜਵਾਦ ਦੀ ਖ਼ੈਅ’ ਅਤੇ ‘ਇਨਕਲਾਬ ਦੀ ਜੈ’ ਦਾ ਸੂਝਵਾਨ, ਦੂਰ-ਅੰਦੇਸ਼ ਇਨਕਲਾਬੀ ਨਾਇਕ ਹੈ। ਊਧਮ ਸਿੰਘ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ (1925) ’ਚ ਆਪਣਾ ਸੁਨੇਹਾ ਦਿੰਦਾ ਹੈ: “ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗ਼ੁਲਾਮੀ ਵਿਰੁੱਧ ਇਨਕਲਾਬ ਮਨੁੱਖ ਦਾ ਧਰਮ ਹੈ। ਇਹ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ, ਉਹ ਮੌਤ ਨੂੰ ਪ੍ਰਵਾਨ ਕਰਦੀ ਹੈ। ਆਜ਼ਾਦੀ ਜੀਵਨ ਹੈ ਅਤੇ ਗ਼ੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ। ਅਸੀਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗੇ।” ਸੁਨਾਮ ਦੇ ਗਰੀਬ ਪਰਿਵਾਰ ਵਿਚ 26 ਦਸੰਬਰ 1899 ਨੂੰ ਜਨਮੇ ਊਧਮ ਸਿੰਘ ਦੇ ਮਾਪਿਆਂ ਨੇ ਆਰਥਿਕ ਤੰਗੀਆਂ ਕਾਰਨ ਤਪਦੇ ਤੰਦੂਰ ਵਿਚ ਲੱਗੀ ਜ਼ਿੰਦਗੀ ਗੁਜ਼ਾਰੀ। ਭਾਲ ਉਮਰੇ ਹੀ ਉਸ ਦੀ ਮਾਂ ਵਿਛੋੜਾ ਦੇ ਗਈ। ਰੇਲਵੇ ਫਾਟਕ ’ਤੇ ਡਿਊਟੀ ਕਰਦਾ ਪਿਤਾ ਅਤੇ ਭਰਾ ਵੀ ਮੌਤ ਦੀ ਗੋਦ ਵਿਚ ਚਲੇ ਗਏ। ਚਾਵਾਂ, ਲਾਡਾਂ, ਖੁਸ਼ੀਆਂ, ਹੱਸਣ-ਖੇਡਣ ਦੀ ਉਮਰੇ ਹੀ ਊਧਮ ਸਿੰਘ ਯਤੀਮਖ਼ਾਨਾ ਅੰਮ੍ਰਿਤਸਰ ਅੰਦਰ ਵਸਦੀ ਆਪਣੀ ਕਿਸਮ ਦੀ ਦੁਨੀਆ ਦਾ ਨਾਗਰਿਕ ਹੋ ਗਿਆ। ਆਫ਼ਤਾਂ ਵਿਚ ਘਿਰੀ ਊਧਮ ਸਿੰਘ ਦੀ ਜ਼ਿੰਦਗੀ ਨਿਰਾਸ਼, ਉਦਾਸ ਹੋਣ ਦੀ ਬਜਾਇ ਉਚੇਰੀ ਪਰਵਾਜ਼ ਭਰਦੀ ਹੈ। ਇਸ ਦਾ ਪ੍ਰਮਾਣ 1857 ਦੇ ਗ਼ਦਰ ਦੀ ਬਰਸੀ ਮੌਕੇ 1923 ਵਿਚ ਦਿੱਤਾ ਊਧਮ ਸਿੰਘ ਦਾ ਸੁਨੇਹਾ ਹੈ ਜੋ ‘ਕੰਬੋਜ ਸੰਦੇਸ਼’ ਪੱਤ੍ਰਿਕਾ ਦੇ ਜੂਨ 1955 ਵਾਲੇ ਅੰਕ ਵਿਚ ਪ੍ਰਕਾਸ਼ਿਤ ਹੈ: “ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਖ਼ੂਨ ਦੇ ਕੇ ਆਜ਼ਾਦੀ ਦੇ ਝੰਡੇ ਨੂੰ ਉੱਚਿਆ ਚੁੱਕਿਆ। ਉਨ੍ਹਾਂ ਦੇ ਆਜ਼ਾਦ ਆਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਹਕੂਮਤ ਦੇ ਹਰ ਵਾਰ ਅਤੇ ਕਹਿਰ ਨੂੰ ਛਾਤੀਆਂ ’ਤੇ ਝੱਲਾਂਗੇ। ਅੰਗਰੇਜ਼ ਸਾਮਰਾਜ ਨਾਲ ਸਾਡਾ ਸਮਝੌਤਾ ਅਸੰਭਵ ਹੈ। ਇਸ ਵਿਰੁੱਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਵੇਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ ਤੇ ਝੁੱਲੇਗਾ।” ਵਿਦੇਸ਼ੀ ਅਤੇ ਦੇਸੀ ਹਰ ਵੰਨਗੀ ਦੀ ਗ਼ੁਲਾਮੀ, ਦਾਬੇ, ਜਬਰ, ਵਿਤਕਰੇ, ਜਾਤ-ਪਾਤ, ਫਿਰਕੂਪੁਣੇ ਅਤੇ ਜਬਰ-ਸਿਤਮ ਦੀ ਮੂਲੋਂ ਜੜ੍ਹ ਵੱਢਣ ਲਈ ਊਧਮ ਸਿੰਘ ਇਨਕਲਾਬੀ ਤਬਦੀਲੀ ਉਪਰ ਦ੍ਰਿੜ ਨਿਹਚਾ ਰੱਖਦਾ ਹੈ। ਅੱਜ ਕਰੋਨਾ ਦੇ ਓਹਲੇ ਜਿਵੇਂ ਖੇਤੀ ਕਿਰਤ ਕਾਨੂੰਨ, ਸਿੱਖਿਆ, ਸਿਹਤ, ਰੇਲਵੇ, ਬਿਜਲੀ, ਸਨਅਤ, ਸੜਕਾਂ, ਰੇਲਾਂ, ਰੁਜ਼ਗਾਰ ਆਦਿ ਸਭ ਕੁਝ ਸਾਡੇ ਸਮਿਆਂ ਦੇ ਮਲਕ ਭਾਗੋਆਂ ਦੀ ਝੋਲੀ ਪਾਇਆ ਜਾ ਰਿਹਾ ਹੈ, ਇਸ ਬਾਰੇ ਖ਼ਬਰਦਾਰ ਕਰਨ ਦੀ ਸੋਚ, ਸੇਧ, ਸ਼ਹੀਦ ਊਧਮ ਸਿੰਘ ਦੇ ਇਨਕਲਾਬੀ ਬਦਲਵੇਂ ਮਾਡਲ ਵਿਚ ਸਾਫ ਅਤੇ ਸਪੱਸ਼ਟ ਦਿਖਾਈ ਦਿੰਦੀ ਹੈ। ਨੌਜਵਾਨ ਭਾਰਤ ਸਭਾ ਦੀ 1925 ਵਿਚ ਹੋਈ ਕਾਨਫਰੰਸ ਵਿਚ ਊਧਮ ਸਿੰਘ ਨੇ ਕਿਹਾ ਸੀ: “ਇਨਕਲਾਬ ਦੇ ਅਰਥ ਹਨ ਵਿਦੇਸ਼ੀ ਖ਼ੂਨੀ ਜਬਾੜਿਆਂ ਤੋਂ ਛੁਟਕਾਰਾ। ਲੁੱਟ-ਖਸੁੱਟ ਅਤੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਵਿਚ ਪੀਸੇ ਜਾਣ ਲਈ ਮਜਬੂਰ ਕਰਦਾ ਹੈ। ਸਾਮਰਾਜੀ ਦਾਬੇ ਭਰੇ ਨਿਜ਼ਾਮ ਕਾਰਨ ਲੱਖਾਂ ਕਰੋੜਾਂ ਕਿਰਤੀ, ਕੁੱਲੀ, ਗੁੱਲੀ, ਜੁੱਲੀ, ਵਿੱਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਤੋਂ ਵੀ ਸੱਖਣੇ ਹਨ। ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ, ਕਿਰਤੀਆਂ ਕਿਸਾਨਾਂ ਦੀ ਹਾਲਤ ਨੂੰ ਦੇਖ ਕੇ ਜਿਸ ਦਾ ਖ਼ੂਨ ਉਬਾਲੇ ਨਹੀਂ ਖਾਂਦਾ। ਹੁਣ ਇਨਕਲਾਬ ਹੀ ਇਕੋ-ਇੱਕ ਮੁਕਤੀ ਦਾ ਮਾਰਗ ਹੈ। ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜ਼ਾਮਨੀ ਹੈ।” 5 ਜੂਨ 1940 ਨੂੰ ਊਧਮ ਸਿੰਘ ਦਾ ਅਦਾਲਤ ’ਚ ਬਿਆਨ ਹੈ: “ਮੈਂ ਭਾਰਤੀ ਪੁੱਤਰ ਤੇ ਆਪਣੇ ਪਿੰਡ ਦੇ ਜ਼ਮੀਨ ਵਾਹਕ ਦੇ ਤੌਰ ’ਤੇ ਬ੍ਰਿਟਿਸ਼ ਰਾਜ ਨੂੰ ਇਉਂ ਦੇਖਦਾ ਹਾਂ ਜਿਹੜਾ ਜ਼ਾਲਮਾਨਾ ਹੈ। ਭਾਰਤੀ ਲੋਕਾਂ ਦੀ ਜ਼ਿੰਦਗੀ ਲਈ ਹਾਨੀਕਾਰਕ ਹੈ। ਵੱਡੇ ਜ਼ਿਮੀਦਾਰਾਂ ਅਤੇ ਪੂੰਜੀਪਤੀਆਂ ਦਾ ਮੇਰੇ ਦੇਸ਼ ਦੀ ਜ਼ਮੀਨ ਅਤੇ ਸਨਅਤ ਉਪਰ ਕਬਜ਼ਾ ਹੈ। ਉਹ ਕਾਮਿਆਂ ਨੂੰ ਜਿਊਣ ਦੇ ਹੱਕ ਤੋਂ ਵਾਂਝਿਆ ਕਰਕੇ, ਜ਼ਮੀਨ ਜਾਇਦਾਦ ਦੇ ਸਿਰ ਤੇ ਆਨੰਦ ਮਾਣਦੇ ਹਨ। ਇਹ ਮੇਰੇ ਅਤੇ ਮੇਰੇ ਦੇਸ਼ ਲਈ ਨਫ਼ਰਤ ਯੋਗ ਹੈ।” ਊਧਮ ਸਿੰਘ ਜ਼ਿੰਦਗੀ ਦਾ ਸੱਚਾ-ਸੁੱਚਾ ਆਸ਼ਕ ਸੀ। ਉਹ ਆਪਣਾ ਫ਼ਰਜ਼ ਅਦਾ ਕਰ ਗਏ। ਉਨ੍ਹਾਂ ਨੂੰ ਸਿਰਫ਼ ਯਾਦ ਕਰਨਾ, ਫੁੱਲਾਂ ਦੀ ਵਰਖਾ ਕਰਨਾ ਜਾਂ ਫੋਟੋ ’ਤੇ ਹਾਰ ਪਾਉਣਾ, ਉਹਦੇ ਬੁੱਤ ਨੂੰ ਬੁੱਤ ਬਣ ਕੇ ਦੇਖਦੇ ਰਹਿਣਾ, ਉਹਦੇ ਵਰਗਾ ਹੋਣਾ ਨਹੀਂ। ਵਕਤ ਦੀ ਆਵਾਜ਼ ਹੈ ਕਿ ਉਨ੍ਹਾਂ ਦੀ ਸੋਚ ਦੇ ਦੀਪ ਜਗਾ ਕੇ ਕਹੀਏ ਕਿ ਬਦਲਾ

ਸਮਾਜਿਕ ਤਬਦੀਲੀ ਦਾ ਚਿੰਨ੍ਹ ਸ਼ਹੀਦ ਊਧਮ ਸਿੰਘ/ ਅਮੋਲਕ ਸਿੰਘ Read More »

ਉਲੰਪਿਕ ਖੇਡਾਂ: ਤੀਰਅੰਦਾਜ਼ੀ ਵਿਚ ਅਤਨੂਦਾਸ ਹਾਰੇ, ਮੁੱਕੇਬਾਜ਼ ਅਮਿਤ ਪੰਘਲ ਵੀ ਮੁਕਾਬਲਾ ਤੋਂ ਬਾਹਰ

ਟੋਕੀਉ:  ਉਲੰਪਿਕ ਖੇਡਾਂ ਵਿਚ ਅੱਜ 9ਵੇਂ ਦਿਨ ਤੀਰਅੰਦਾਜ਼ੀ ਵਿਚ ਅਤਨੂਦਾਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਜਾਪਾਨ ਦੇ ਤਾਕਾਹਾਰੂ ਫੁਰੂਕਾਵਾ ਨੇ 6-4 ਨਾਲ ਹਰਾਇਆ। ਅਤਨੂ ਪਹਿਲੀ ਸੀਰੀਜ਼ ਵਿਚ 27-25 ਨਾਲ ਹਾਰ ਗਏ। ਉਹਨਾਂ ਨੇ 9,8,8 ਅੰਕ ਬਣਾਏ। ਦੂਜੀ ਸੀਰੀਜ਼ ਵਿਚ ਦੋਵਾਂ ਵਿਚਾਲੇ ਮੁਕਾਬਲਾ 28-28 ਨਾਲ ਬਰਾਬਰ ਰਿਹਾ। ਅਤਨੂ ਨੇ ਦੂਜੀ ਸੀਰੀਜ਼ ਵਿਚ 10,9,9 ਅੰਕ ਬਣਾਏ। ਤੀਜੀ ਸੀਰੀਜ਼ ਵਿਚ ਅਤਨੂ ਨੇ 28-27 ਨਾਲ ਜਿੱਤ ਹਾਸਲ ਕੀਤੀ।ਇਸ ਤੋਂ ਬਾਅਦ ਚੌਥਾ ਸੈੱਟ 28-28 ਨਾਲ ਬਰਾਬਰ ਰਿਹਾ। ਆਖਰੀ ਸੈੱਟ ਵਿਚ ਅਤਨੂ ਨੂੰ 26-27 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਤੋਂ ਇਲਾਵਾ ਅੱਜ ਭਾਰਤ ਦੀ ਪੀਵੀ ਸਿੰਧੂ ਮਹਿਲਾ ਬੈਡਮਿੰਟਨ ਦੇ ਸਿੰਗਲਜ਼ ਮੁਕਾਬਲੇ ਦਾ ਸੈਮੀਫਾਈਨਲ ਮੈਚ ਖੇਡੇਗੀ। ਸਿੰਧੂ ਦਾ ਸਾਹਮਣਾ ਚਾਈਨੀਜ਼ ਤਾਇਪੇ ਦੀ ਤਾਈ ਜੂ ਯਿੰਗ ਨਾਲ ਹੋਵੇਗਾ। ਮੁੱਕੇਬਾਜ਼ੀ ਵਿਚ ਪੂਜਾ ਰਾਣੀ ਵੀ ਮੈਡਲ ਪੱਕਾ ਕਰਨ ਦੀ ਕੋਸ਼ਿਸ਼ ਵਿਚ ਉਤਰੇਗੀ। ਉਲੰਪਿਕ ਖੇਡਾਂ ਵਿਚ 9ਵੇਂ ਦਿਨ ਵਿਸ਼ਵ ਦੇ ਨੰਬਰ-1 ਮੁੱਕੇਬਾਜ਼ ਅਮਿਤ ਪੰਘਲ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਹਰ ਗਏ। ਉਹਨਾਂ ਨੂੰ ਕੋਲੰਬੀਆ ਦੇ ਯੂਬੇਰਜਨ ਰਿਵਾਸ ਨੇ 4-1 ਨਾਲ ਹਰਾਇਆ। ਅਮਿਤ ਨੇ ਪਹਿਲਾ ਰਾਊਂਡ ਅਸਾਨੀ ਨਾਲ ਜਿੱਤਿਆ ਪਰ ਦੂਜੇ ਅਤੇ ਤੀਜੇ ਰਾਊਂਡ ਵਿਚ ਉਹ ਅਪਣੀ ਲੈਅ ਨੂੰ ਕਾਇਮ ਨਹੀਂ ਰੱਖ ਸਕੇ।

ਉਲੰਪਿਕ ਖੇਡਾਂ: ਤੀਰਅੰਦਾਜ਼ੀ ਵਿਚ ਅਤਨੂਦਾਸ ਹਾਰੇ, ਮੁੱਕੇਬਾਜ਼ ਅਮਿਤ ਪੰਘਲ ਵੀ ਮੁਕਾਬਲਾ ਤੋਂ ਬਾਹਰ Read More »

ਔਰਤਾਂ ਦੀ ਸੜਕ ਸੰਸਦ, ਕਿਸਾਨ ਘੋਲ ਅਤੇ ਚੋਣਾਂ/ਨਵਸ਼ਰਨ ਕੌਰ

ਜਦੋਂ ਦੇਸ਼ ਵਿਚ ਖੌਫ਼, ਬੇਵਸੀ ਜਾਂ ਨਿਰਾਸ਼ਾ ਨਾਲ ਸੜਕਾਂ ਸੁੰਨੀਆਂ ਹੋ ਜਾਣ, ਕੋਈ ਆਵਾਜ਼ ਨਾ ਉੱਠੇ ਤੇ ਸਿਰਫ਼ ਚੁੱਪ ਪਸਰ ਜਾਏ, ਬੰਦ ਖਾਨਿਆਂ ਵਿਚੋਂ ਆਵਾਜ਼ ਅੰਦਰ ਹੀ ਪਰਤ ਆਏ, ਉਸ ਵੇਲੇ ਕਿਹਾ ਜਾਂਦਾ ਹੈ ਕਿ ਸੰਸਦ ਬੇਅਸਰ ਹੋ ਜਾਂਦੀ ਹੈ। ਉਹ ਆਪਣੇ ਆਪ ਨੂੰ ਜਵਾਬਦੇਹੀ ਤੋਂ ਮੁਕਤ ਕਰ ਲੈਂਦੀ ਹੈ। ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਦੀ ਨਹੀਂ, ਆਪਣੇ ਮਨ ਦੀ ਬਾਤ ਕਰਦੀ ਹੈ। ਉਹ ਹਰ ਆਵਾਜ਼ ਜਿਸ ਨੂੰ ਉਹ ਸੁਣਨਾ ਨਹੀਂ ਚਾਹੁੰਦੀ, ਨੂੰ ਦਬਾ ਕੇ ਅਤੇ ਬਾਹਰ ਪਸਰੀ ਚੁੱਪ ਨੂੰ ਸਹਿਮਤੀ ਦਾ ਨਾਂ ਦੇ ਕੇ ਉਹ (ਸਰਕਾਰ) ਸੰਸਦ ਵਿਚ ਛਾਤੀ ਠੋਕ ਕੇ ਬਿਆਨ ਦਿੰਦੀ ਹੈ। ਉਹ ਨਿਸ਼ੰਗ ਆਖਦੀ ਹੈ ਕਿ ਦੂਜੀ ਕਰੋਨਾ ਲਹਿਰ ਦੌਰਾਨ ਇਕ ਵੀ ਮਰੀਜ਼ ਆਕਸੀਜਨ ਦੀ ਕਮੀ ਕਾਰਨ ਨਹੀਂ ਮਰਿਆ ਅਤੇ ਐਲਾਨ ਕਰਦੀ ਹੈ ਕਿ ਪੈਗਾਸਸ ਜਾਸੂਸੀ ਸਰਕਾਰ ਖਿ਼ਲਾਫ਼ ਰਚੀ ਜਾ ਰਹੀ ਸਾਜਿ਼ਸ਼ ਹੈ; ਉਹ ਦਾਅਵਾ ਕਰਦੀ ਹੈ ਕਿ ਸਰਕਾਰ ਦੇਸ਼ ਦੇ ਕਿਸਾਨਾਂ ਦੀ ਹਿਤੈਸ਼ੀ ਹੈ; ਕਿਸਾਨ ਹੀ ਨਹੀਂ ਦੱਸ ਰਹੇ ਕਿ ਖੇਤੀ ਕਾਨੂੰਨਾਂ ਵਿਚ ਗ਼ਲਤ ਕੀ ਹੈ ਅਤੇ ਇਸੇ ਹੀ ਤਰ੍ਹਾਂ ਦਾ ਹੋਰ ਬਹੁਤ ਕੁਝ। ਉਹ ਵਿਰੋਧੀ ਧਿਰਾਂ ਦੀ ਗੱਲ ਵੀ ਨਹੀਂ ਗੌਲਦੀ। ਕਿਸਾਨ ਔਰਤ ਸੰਸਦ ਅੱਠ ਮਹੀਨਿਆਂ ਤੋਂ ਦਿੱਲੀ ਦੀ ਬਰੂਹਾਂ ’ਤੇ ਡਟੀਆਂ ਕਿਸਾਨ ਔਰਤਾਂ ਅਤੇ ਮਰਦਾਂ ਨੇ ਐਲਾਨ ਕੀਤਾ ਕਿ ਜੇ ਦੇਸ਼ ਦੀ ਸੰਸਦ ਵਿਚ ਕਿਸਾਨ ਵਿਰੋਧੀ ਕਾਨੂੰਨ ਹੀ ਬਣਨੇ ਹਨ ਤਾਂ ਇਕ ਸੰਸਦ ਸੜਕ ’ਤੇ ਲੱਗੇਗੀ; ਇਹ ਕਿਸਾਨਾਂ ਦੀ ਸੰਸਦ ਹੋਵੇਗੀ ਤੇ ਜੋ ਬਹਿਸ ਖੇਤੀ ਕਾਨੂੰਨਾਂ ’ਤੇ ਨਹੀਂ ਕਰਨ ਦਿੱਤੀ ਗਈ, ਉਹ ਬਹਿਸ ਕਿਸਾਨ ਸੰਸਦ ਵਿਚ ਹੋਵੇਗੀ। ਇਹ ਕਿਸਾਨਾਂ ਦੇ ਮਜ਼ਬੂਤ ਘੋਲ ਦਾ ਨਤੀਜਾ ਹੈ ਕਿ ਦਿੱਲੀ ਪ੍ਰਸ਼ਾਸਨ ਨੇ ਕੇਂਦਰੀ ਦਿੱਲੀ ਦੇ ਜੰਤਰ ਮੰਤਰ ਵਿਚ ਹਰ ਰੋਜ਼ 200 ਕਿਸਾਨਾਂ ਦੀ ਸੰਸਦ ਚੱਲਣ ਦੀ ਤਜਵੀਜ਼ ਮੰਨੀ। 26 ਜੁਲਾਈ ਕਿਸਾਨੀ ਘੋਲ ਦੇ 8 ਮਹੀਨੇ ਪੂਰੇ ਹੋਣ ਤੇ ਕਿਸਾਨ ਸੰਸਦ ਦੀ ਅਗਵਾਈ ਔਰਤਾਂ ਨੇ ਕੀਤੀ। ਇਹ ਇਤਿਹਾਸਕ ਪਲ ਸੀ। 200 ਦੇ ਕਰੀਬ ਔਰਤਾਂ ਨੇ ਸਿੰਘੂ ਬਾਰਡਰ ਤੋਂ ਜੰਤਰ ਮੰਤਰ ਤਕ ਤਕਰੀਬਨ 40 ਕਿਲੋਮੀਟਰ ਦਾ ਰਸਤਾ ਬੱਸਾਂ ਰਾਹੀਂ ਤੈਅ ਕੀਤਾ। ਔਰਤਾਂ ਗੀਤਾਂ, ਨਾਅਰਿਆਂ, ਰਾਗਣੀਆਂ ਤੇ ਜਾਗੋਆਂ ਨਾਲ ਲੈਸ ਸਨ। ਸਾਰਾ ਰਾਹ ਉਹ ਗਾਉਂਦੀਆਂ ਰਹੀਆਂ- ਨਵੇਂ ਗੀਤ – ਜਿਨ੍ਹਾਂ ਵਿਚ ਸ਼ਾਮਿਲ ਸੀ ਖੇਤੀ ਕਿਸਾਨੀ ਦੇ ਸੰਕਟ, ਸਰਕਾਰ ਦੀ ਜ਼ਿੱਦ ਅਤੇ ਲੋਕਾਂ ਦੇ ਹਿੱਤ, ਔਰਤਾਂ ਦੀ ਮਜ਼ਬੂਤੀ ਤੇ ਘਰਾਂ ਅੰਦਰ ਨਾ ਪਰਤ ਜਾਣ ਦੇ ਪ੍ਰਣ। ਔਰਤਾਂ ਕੋਲ ਬੋਲ ਸਨ; ਦੂਜੇ ਪਾਸੇ ਸਾਰੀ ਹਥਿਆਰਬੰਦ ਸੁਰੱਖਿਆ ਕਰਮੀਆਂ ਦੀਆਂ ਟੁਕੜੀਆਂ ਸਨ। ਔਰਤਾਂ ਬੇਖੌਫ਼ ਹੋ ਕੇ ਇਸ ਦਾ ਵੀ ਜਵਾਬ ਦਿੰਦੀਆਂ ਰਹੀਆਂ- ‘ਜਦੋ ਸਰਕਾਰ ਡਰਦੀ ਹੈ, ਪੁਲੀਸ ਨੂੰ ਅੱਗੇ ਕਰਦੀ ਹੈ।’ ਤਿੰਨ ਸਤਰਾਂ ਵਿਚ ਵੰਡ ਕੇ ਔਰਤਾਂ ਦੀ ਸੰਸਦ ਸਾਰਾ ਦਿਨ ਚੱਲੀ। ਅਤਿ ਦੀ ਗਰਮੀ ਤੇ ਹੁੰਮਸ ਦੇ ਬਾਵਜੂਦ ਖੁੱਲ੍ਹ ਕੇ ਗੱਲਬਾਤ ਹੋਈ। ਸੰਸਦ ਮੈਂਬਰ ਦੀ ਭੂਮਿਕਾ ਨਿਭਾ ਰਹੀਆਂ ਔਰਤਾਂ ਨੇ ਸਦਨ ਦੇ ਸਾਹਮਣੇ ‘ਜ਼ਰੂਰੀ ਵਸਤਾਂ ਸੋਧ ਐਕਟ’ ਦੇ ਗ਼ਰੀਬ ਤੇ ਔਰਤ ਮਾਰੂ ਪਹਿਲੂਆਂ ਉੱਤੇ ਤਿੱਖੇ ਪ੍ਰਤੀਕਰਮ ਦਿੱਤੇ ਅਤੇ ਸਵਾਲ ਉਠਾਏ। ਦੱਸਿਆ ਗਿਆ ਕਿ ਜ਼ਰੂਰੀ ਵਸਤਾਂ ਸੋਧ ਐਕਟ ਕਿਵੇਂ ਥਾਲੀ ਵਿਚੋਂ ਰੋਟੀ ਖੋਂਹਦਾ ਅਤੇ ਖ਼ੁਰਾਕ ਸੁਰੱਖਿਆ ’ਤੇ ਹਮਲਾ ਕਰਦਾ ਹੈ। ਨਾ ਕੇਵਲ ਪੇਂਡੂ ਅਤੇ ਸ਼ਹਿਰੀ ਗ਼ਰੀਬ ਜੋ ਅਨਾਜ ਦੀ ਜਨਤਕ ਖਰੀਦ ਤੇ ਵੰਡ ਪ੍ਰਣਾਲੀ ’ਤੇ ਨਿਰਭਰ ਹਨ, ਨੂੰ ਵੱਡੀ ਅਸੁਰੱਖਿਆ ਵੱਲ ਧੱਕਦਾ ਹੈ; ਹੇਠਲੇ ਮੱਧ ਵਰਗ ਨੂੰ ਵੀ ਸੱਟ ਮਾਰਦਾ ਹੈ। ਉਨ੍ਹਾਂ ਖ਼ੁਰਾਕ ਦੀ ਖਰੀਦ ਤੇ ਵੰਡ ਦੇ ਵਿਚਕਾਰ ਸਬੰਧਾਂ ਨੂੰ ਰੇਖਾਂਕਿਤ ਕੀਤਾ ਅਤੇ ਤਿੰਨੇ ਕਾਨੂੰਨਾਂ ਦੇ ਆਪਸੀ ਸਬੰਧ ਨੂੰ ਉਜਾਗਰ ਕੀਤਾ। ਔਰਤਾਂ ਨੇ ਸਵਾਲ ਉਠਾਇਆ ਕਿ ਭਾਰਤ ਵਰਗਾ ਦੇਸ਼ ਜੋ ਸੰਸਾਰ ਭੁੱਖ ਇੰਡੈਕਸ ਵਿਚ 107 ਦੇਸ਼ਾਂ ਵਿਚੋਂ 94 ਵੇਂ ਨੰਬਰ ’ਤੇ ਹੈ, ਜਿੱਥੇ 15 ਫ਼ੀਸਦ ਆਬਾਦੀ ਕੁਪੋਸ਼ਣ ਨਾਲ ਪੀੜਤ ਹੈ ਅਤੇ 35 ਫ਼ੀਸਦ ਬੱਚਿਆਂ ਦਾ ਕੱਦ ਉਸ ਤੋਂ ਘੱਟ ਜੋ ਉਨ੍ਹਾਂ ਦੀ ਉਮਰ ਅਨੁਸਾਰ ਹੋਣਾ ਚਾਹੀਦਾ ਹੈ, ਜੇ ਦੇਸ਼ ਦੀ ਸਰਕਾਰ ਖ਼ੁਰਾਕ ਸੁਰੱਖਿਆ ਨੂੰ ਅੱਖੋਂ-ਪਰੋਖੇ ਕਰਦੀ ਹੈ ਤਾਂ ਸਾਫ਼ ਜ਼ਾਹਿਰ ਹੈ ਕਿ ਸਰਕਾਰ ਲੋਕਾਂ ਦੀ ਨਹੀਂ ਸਗੋਂ ਕਾਰਪੋਰੇਟ ਅਦਾਰਿਆਂ ਦੀ ਹੈ। ਉਨ੍ਹਾਂ ਹੱਥ ਚੁੱਕ ਕੇ ਇਸ ਗ਼ਲਤ ਕਾਨੂੰਨ ਨੂੰ ਰੱਦ ਕੀਤਾ। ਔਰਤਾਂ ਦੀ ਸੰਸਦ ਵਿਚ ਵੱਡੀ ਗਿਣਤੀ ਨੌਜਵਾਨ ਔਰਤਾਂ ਦੀ ਸੀ ਜਿਨ੍ਹਾਂ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ। ਔਰਤਾਂ ਨੇ ਸੰਸਦ ਵਿਚ ਕੁਝ ਅਹਿਮ ਮਤੇ ਪਾਸ ਕੀਤੇ ਜਿਨ੍ਹਾਂ ਵਿਚ ਸੰਸਦ ਵਿਚ 33 ਫ਼ੀਸਦੀ ਰਾਖਵੇਂਕਰਨ ਦੀ ਮੰਗ ਜੋ ਪਿਛਲੇ 25 ਵਰ੍ਹਿਆਂ ਤੋਂ ਅਣਸੁਣੀ ਪਈ ਹੈ, ਵੀ ਸ਼ਾਮਿਲ ਸੀ। ਸਾਫ਼ ਜ਼ਾਹਿਰ ਹੈ ਕਿ ਔਰਤਾਂ ਖੇਤੀ ਦੇ ਮਸਲਿਆਂ ਬਾਰੇ ਪੂਰੀ ਸਮਝ ਨਾਲ ਲੜ ਰਹੀਆਂ ਹਨ ਪਰ ਨਾਲ ਹੀ ਔਰਤਾਂ ਦੀਆਂ ਮੰਗਾਂ ਨੂੰ ਵੀ ਘੋਲ ਦੇ ਦਾਇਰੇ ਵਿਚ ਸ਼ਾਮਿਲ ਕਰ ਰਹੀਆਂ ਹਨ। ਉਨ੍ਹਾਂ ਕਿਸਾਨ ਸੰਘਰਸ਼ ਵਿਚ ਔਰਤਾਂ ਦੀ ਭੂਮਿਕਾ ਬਾਰੇ ਵੀ ਗੱਲ ਛੋਹੀ। ਪੁੱਛਿਆ ਕਿ ਕਿੱਥੇ ਖੜ੍ਹੀਆਂ ਹਨ ਕਿਸਾਨ ਔਰਤਾਂ ਜਥੇਬੰਦੀਆਂ ਵਿਚ? ਕਿਉਂ ਗਾਇਬ ਹਨ ਔਰਤਾਂ ਮਹੱਤਵਪੂਰਨ ਕਮੇਟੀਆਂ ਵਿਚੋਂ? ਔਰਤਾਂ ਨੇ ਸ਼ਹੀਦ ਹੋਏ ਕਿਸਾਨਾਂ ਦੀਆਂ ਪਤਨੀਆਂ ਦੀ ਬਾਂਹ ਫੜਨ ਦੀ ਮੰਗ ਵੀ ਚੁੱਕੀ। ਕਿਸਾਨ ਸੰਸਦ ਵਿਚ ਜ਼ਾਹਿਰਾ ਤੌਰ ’ਤੇ ਮਜ਼ਦੂਰ ਸ਼ਾਮਿਲ ਨਹੀਂ ਹਨ ਤੇ ਇਹ ਗੱਲ ਵੱਖਰੀ ਚਰਚਾ ਮੰਗਦੀ ਹੈ ਕਿ ਇਹ ਸਾਂਝਾ ਲੜਿਆ ਜਾ ਰਿਹਾ ਘੋਲ ਕਿਸ ਤਰ੍ਹਾਂ ਦੀ ਸਾਂਝ ਪੁਗਾ ਰਿਹਾ ਹੈ। ਔਰਤਾਂ ਦੀ ਸੰਸਦ ਵਿਚ ਕੁਝ ਮਜ਼ਦੂਰ ਔਰਤਾਂ ਸ਼ਾਮਿਲ ਹੋਈਆਂ ਜਿਨ੍ਹਾਂ ਨੇ ਵਸੀਲਿਆਂ ਦੀ ਅਣਹੋਂਦ ਵਾਲੇ ਤਬਕੇ ਦੀਆਂ ਔਰਤਾਂ ਦੇ ਪੱਖ ਤੋਂ ਜ਼ਰੂਰੀ ਵਸਤਾਂ ਸੋਧ ਕਾਨੂੰਨ ਦੀ ਸਾਰਥਿਕਤਾ ਨੂੰ ਚੁਣੌਤੀ ਦਿੱਤੀ ਪਰ ਛੇਤੀ ਹੀ ਇਹ ਗੱਲ ਵੀ ਉੱਠੀ ਕਿ ਵੱਡੀ ਗਿਣਤੀ ਵਿਚ ਔਰਤਾਂ ਵਸੀਲਿਆਂ ਦੀ ਮਲਕੀਅਤ ਤੋਂ ਔਰਤਾਂ ਵਾਂਝੀਆਂ ਹਨ ਤੇ ਇਸ ਤਰ੍ਹਾਂ ਇਹ ਅਣਹੋਂਦ ਲਗਭੱਗ ਸਾਰੀਆਂ ਔਰਤਾਂ ਦਾ ਸਾਂਝਾ ਤਜਰਬਾ ਹੈ। ਸਪੱਸ਼ਟ ਤੌਰ ’ਤੇ, ਇਕ ਵਾਰ ਫਿਰ ਔਰਤਾਂ ਦੀ ਸੰਸਦ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸ਼ੁਰੂ ਹੋਏ ਕਿਸਾਨੀ ਘੋਲ ਨੂੰ ਆਪਣੇ ਤਜਰਬਿਆਂ, ਹੋਂਦ ਅਤੇ ਦ੍ਰਿਸ਼ਟੀਕੋਣ ਤੋਂ ਹੋਰ ਵਿਸਥਾਰਿਆ ਅਤੇ ਸਰਕਾਰ, ਸਮਾਜ ਤੇ ਜਥੇਬੰਦੀਆਂ ਤੋਂ ਜਵਾਬਦੇਹੀ ਦਾ ਘੇਰਾ ਵਧਾਇਆ। ਕਿਸਾਨ ਸੰਘਰਸ਼ ਅਤੇ ਅਗਾਮੀ ਚੋਣਾਂ ਕਿਸਾਨੀ ਦਾ ਲਾਮਿਸਾਲ ਸੰਘਰਸ਼, ਔਰਤਾਂ ਦੀ ਵੱਡੀ ਸ਼ਮੂਲੀਅਤ, ਕਿਸਾਨ ਸੰਸਦ ਦਾ ਸੰਕੇਤਕ ਐਕਟ, ਭਾਰਤ ਦੀ ਖੋਖਲੀ ਹੋ ਰਹੀ ਜਮਹੂਰੀਅਤ ਅਤੇ ਨਾਉਮੀਦੀ ਦੀ ਫਿਜ਼ਾ ਵਿਚ ਚਾਨਣ ਬਣ ਕੇ ਉੱਭਰਿਆ। ਇਸ ਨੇ ਦੇਸ਼ ਵਿਦੇਸ਼ ਤੋਂ ਰੱਜ ਕੇ ਹਮਾਇਤ ਹਾਸਿਲ ਕੀਤੀ। ਕਿਸਾਨ ਸੰਸਦ ਨੇ ਇਕ ਵਾਰ ਫਿਰ ਲੋਕਾਂ ਦਾ ਧਿਆਨ ਕਿਸਾਨੀ ਘੋਲ ਵੱਲ ਖਿੱਚਿਆ ਅਤੇ ਘੋਲ ਦੇ ਪੈਗ਼ਾਮ ਨੂੰ ਵਧਾਉਣ ਵਿਚ ਹਿੱਸਾ ਪਾਇਆ। ਅੱਜ ਤਕਰੀਬਨ ਹਰ ਵਿਰੋਧੀ ਪਾਰਟੀ ਕਿਸਾਨੀ ਨਾਲ ਖੜ੍ਹੇ ਹੋਣ ਦਾ ਦਾਅਵਾ ਕਰ ਰਹੀ ਹੈ। ਸੰਘਰਸ਼ ਪੱਕੇ ਪੈਰੀਂ ਹੈ, ਸ਼ਾਇਦ ਹੁਣ ਲੋੜ ਹੈ ਇਸ ਤਾਕਤ ਨੂੰ ਪੱਕੇ ਪੈਰੀਂ ਕਰਨ ਅਤੇ ਸਪੱਸ਼ਟ ਰਣਨੀਤੀ ਘੜਨ ਦੀ ਜਿਸ ਵਿਚ ਅਗਾਮੀ ਚੋਣਾਂ ਲਈ ਰਣਨੀਤੀ ਵੀ ਸ਼ਾਮਿਲ ਹੈ। ਜ਼ਾਹਿਰ ਹੈ ਕਿ ਸੰਸਦ ਤੇ ਕਾਬਜ਼ ਪਾਰਟੀ ਜੋ ਵਿਸ਼ਵਾਸ ਨਾਲ ਨਹੀਂ ਬਲਕਿ ਲੋਕਾਂ ਨੂੰ ਸਿਆਸੀ ਤੇ ਵਿਚਾਰਧਾਰਕ ਭੁਲੇਖਿਆਂ ’ਚ ਪਾ ਕੇ ਕਾਬਜ਼ ਹੋਈ ਹੈ। ਉਸ ਨੂੰ ਹਰ ਹਾਲ ਫੇਟ ਲਾਈ ਜਾਏ। ਇਹ ਪਹਿਲਾ ਸਿਧਾਂਤਕ ਕਦਮ ਹੋ ਸਕਦਾ ਹੈ। ਦੂਸਰਾ ਕੰਮ ਵਿਰੋਧੀ ਧਿਰਾਂ ਨੂੰ ਇਹ ਪੁੱਛਣਾ ਹੈ ਕਿ ਉਹ ਕਿਸਾਨੀ ਦੇ ਨਾਲ ਹਨ ਪਰ ਨਾਲ ਹੋਣ ਦੇ ਅਰਥ ਕੀ ਹਨ? ਉਹ ਆਪਣਾ ਸਟੈਂਡ ਸਪੱਸ਼ਟ ਦੱਸਣ। ਕਿਸਾਨ ਹਰਗਿਜ਼ ਨਹੀਂ ਚਾਹੁੰਦੇ ਕਿ ਪਾਰਟੀਆਂ ਬਿਨਾ ਸੋਚੇ ਵਿਚਾਰੇ

ਔਰਤਾਂ ਦੀ ਸੜਕ ਸੰਸਦ, ਕਿਸਾਨ ਘੋਲ ਅਤੇ ਚੋਣਾਂ/ਨਵਸ਼ਰਨ ਕੌਰ Read More »

ਗ਼ਜ਼ਲ/ ਰਵੇਲ ਸਿੰਘ ਇਟਲੀ 

ਮੋੜ ਲਏ ਬੰਦੇ ਨੇ ਬੇਸ਼ੱਕ ਨੇ, ਵਹਿਣ ਕਈ ਦਰਿਆਵਾਂ ਦੇ। ਪਰ ਰੋਕੇ ਗਏ ਨਾ ਹੰਝੂ ਘਰ ਵਿੱਚ ਰਹਿ ਗਈਆਂ ਮਾਂਵਾਂ ਦੇ। ਹਰ ਕੋਈ ਰਹੇ ਵਿਦੇਸ਼ੀ ਕਾਮਾ,ਮਾਪੇ ਕੋਲ ਬੁਲਾ ਸਕਦਾ ਨਹੀਂ, ਖਾਣ ਪੀਣ ਦਾ ਫਿਕਰ ਨਾ ਕੋਈ,ਫਿਕਰ ਨੇ ਥੋੜ੍ਹੀਆਂ ਥਾਂਵਾਂ ਦੇ। ਫੋਨਾਂ ਉੱਤੇ ਗੱਲਾਂ ਕਰਕੇ,ਮਨ ਨਹੀਂ ਭਰਦਾ,ਮਾਪਿਆਂ ਦਾ ਹੁਣ, ਹੱਥ ਸੁਨੇਹੇ ਘੱਲ ਨਹੀਂ ਹੁੰਦੇ, ਅਰਸ਼ੀਂ ਉੱਡਦਿਆਂ ਕਾਂਵਾਂ ਦੇ। ਮਹਿਲ ਮਾੜੀਆਂ ਉਚੀਆਂ ਨੇ ,ਪਰ ਬੰਦੇ  ਲਗਦੇ ਬੌਣੇ ਹੋ ਗਏ, ਸੁੰਨੀਆਂ ਸੁੰਨੀਆਂ ਗਲੀਆਂ ਹੋਈਆਂ,ਰਾਹ ਨੇ ਪਿੰਡ ਗ੍ਰਾਂਵਾਂ ਦੇ। ਹੁਣ ਨਾ ਲੈ ਕੱਚਿਆਂ ਨੂੰ ਡੁਬਦੇ,ਨਾ ਹੀ ਪੱਟ ਦਾ ਮਾਸ ਖਵਾਂਦੇ, ਬਦਲ ਗਏ ਹਨ ਖੁਦ ਗਰਜ਼ੀ ਵਿੱਚ ਕਿੱਸੇ ਇਸ਼ਕ ਝਨਾਂਵਾਂ ਦੇ। ਕਰਜ਼ੇ ਚੁੱਕ ਕੇ ਭੇਜੇ ਬਾਹਰ, ਪਿਉ ਨੇ ਫਰਜ਼ ਨਿਭਾਏ ਆਪਣੇ, ਰਿਸ਼ਤੇ ਰਹਿ ਗਏ  ਦੂਰ ਦੁਰੇਡੇ, ਸੱਕਿਆਂ ਭੈਣਾਂ  ਭਰਾਂਵਾਂ ਦੇ। ਬੇਰੁਜ਼ਗਾਰੀ,ਨਾਲ ਮਹਿੰਗਾਈ,ਪੜ੍ਹੇ ਲਿਖੇ ਦੀ ਕਦਰ ਨਾ ਕੌਡੀ, ਰਲ਼ ਗਏ ਨੇਤਾ ਨਾਲ ਅਮੀਰਾਂ,ਤੇ ਝੱਖੜ ਪੁੱਠੀਆਂ ਵਾਵਾਂ ਦੇ। ਸੱਪਨੀ ਵਾਂਗਰ ਬਣੀ ਸਿਆਸਤ,ਆਪਣੀ ਹੀ ਪਰਜਾ ਨੂੰ ਖਾਣੀ, ਕਿਉਂ ਨਾ ਧੱਕੇ ਖਾਣ  ਵਿਦੇਸ਼ੀਂ , ਮਾਰੇ ਇਨ੍ਹਾਂ ਬਲਾਵਾਂ ਦੇ। ਘਰ ਵਿੱਚ ਵਗਦੀ ਗੰਗਾ ਨੂੰ ਨੇਤਾ ਆਪੇ ਵੇਖੇ ਗੰਧਲੀ  ਕਰਦੇ, ਗੰਦੀ ਖੇਡ ਸਿਆਸਤ ਖੇਡਣ,  ਯਾਰ ਨੇ, ਘੋਗੜ ਕਾਂਵਾਂ ਦੇ। ਪਤਾ ਨਾ ਲੱਗੇ ਕਿੱਧਰ ਜਾਈਏ,ਕਿਹੜੇ ਢੱਠੇ ਖੂਹ ਵਿੱਚ ਪਈਏ, ਇਸ ਜੀਵਣ ਦੇ ਜੋ ਨੇ ਬਾਕੀ,  ਰਹਿ ਗਏ ਦੌਰ ਪੜਾਵਾਂ ਦੇ। -ਰਵੇਲ ਸਿੰਘ ਇਟਲੀ

ਗ਼ਜ਼ਲ/ ਰਵੇਲ ਸਿੰਘ ਇਟਲੀ  Read More »

ਸਿਵਲ ਸਰਜਨ ਅਤੇ ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਨੂੰ ਰਿਟਾਇਰਮੈਂਟ ਉਪਰੰਤ ਨਿੱਘੀ ਵਿਦਾਇਗੀ

ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ 31 ਜੁਲਾਈ : ਸਿਹਤ ਵਿਭਾਗ ਮਾਨਸਾ ਤੋਂ ਦੋ ਅਧਿਕਾਰੀ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਅਤੇ ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ ਦੀ ਰਿਟਾਇਰਮੇਂਟ ਉਪਰੰਤ ਸਮੂਹ ਜਿਲ੍ਹੇ ਦੇ ਐਸ.ਐਮ.ਓਜ਼, ਪ੍ਰੋਗਰਾਅਫ਼ਸਰ ਅਤੇ ਸਮੂਹ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ਵਿੱਚ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਮਾਨਸਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਵਜੋਂ ਜਿਲ੍ਹੇ ਨੂੰ ਸਟੇਟ ਪੱਧਰੀ ਮਿਲੇ ਪੁਰਸਕਾਰਾਂ ਅਤੇ ਵੱਖ—ਵੱਖ ਪ੍ਰਾਪਤੀਆਂ ਲਈ ਜਿਲ੍ਹੇ ਨੂੰ ਮਿਲੇ ਸਨਮਾਨ ਦੀ ਬਾਖੂਬੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਪਰਿਵਾਰ ਨਿਯੋਜਨ ਲਈ ਡਾ.ਹਰਦੀਪ ਸ਼ਰਮਾ ਐਸ.ਐਮ.ਓ ਖਿਆਲਾ ਕਲਾਂ ਨੂੰ ਡਾ. ਸੁਖਵਿੰਦਰ ਸਿੰਘ ਸਿਵਲ ਸਰਜਨ ਮਾਨਸਾ ਦੀ ਅਗਵਾਈ ਹੇਠ ਕੀਤੇ ਵੱਡਮੁੱਲੇ ਕਾਰਜ ਲਈ ਮਿਲੇ ਸਟੇਟ ਪੱਧਰੀ ਸਨਮਾਨ ਅਤੇ ਡਾ.ਰਣਜੀਤ ਸਿੰਘ ਰਾਏ ਜਿ਼ਲ੍ਹਾ ਨੋਡਲ ਅਫ਼ਸਰ ਕੋਵਿਡ—19 ਨੂੰ ਕੋਰੋਨਾ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਾਰਨ ਮਿਲ ਰਹੇ ਅਵਾਰਡ ਵਿੱਚ ਸਿਵਲ ਸਰਜਨ ਮਾਨਸਾ ਦੀ ਯੋਗ ਅਗਵਾਈ ਦੀ ਵੱਖ—ਵੱਖ ਬੁਲਾਰਿਆਂ ਵੱਲੋਂ ਭਰਪੂਰ ਪ੍ਰਸੰ਼ਸਾ ਕੀਤੀ ਗਈ।ਇਸੇ ਤਰ੍ਹਾਂ ਸ੍ਰੀ ਸੁਖਮਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੋਵਿਡ—19 ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਵੱਡਮੁੱਲੇ ਕੰਮ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਿਟਾਇਰ ਹੋ ਰਹੇ ਅਧਿਕਾਰੀਆਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਡਾ. ਰੂਬੀ ਡਿਪਟੀ ਮੈਡੀਕਲ ਕਮਿਸ਼ਨਰ, ਡਾ.ਵਿਜੈ ਕੁਮਾਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਮਾਨਸਾ, ਡਾ.ਜ਼ਸਵਿੰਦਰ ਸਿੰਘ ਜਿਲ੍ਹਾ ਸਿਹਤ ਅਫ਼ਸਰ ਮਾਨਸਾ, ਡਾ.ਹਰਚੰਦ ਸਿੰਘ ਐਸ.ਐਮ.ਓ ਮਾਨਸਾ, ਡਾ.ਹਰਦੀਪ ਸਰਮਾ ਐਸ.ਐਮ.ਓ ਖਿਆਲਾ ਕਲਾਂ, ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ ਬੁਢਲਾਡਾ, ਡਾ. ਯੋਗੇਸ ਚਾਂਦਨਾ ਐਸ.ਐਮ.ਓ ਬਰੇਟਾ, ਡਾ. ਮਹੇਸ਼ ਜਿੰਦਲ ਐਸ.ਐਮ.ਓ ਸਰਦੂਲਗੜ੍ਹ, ਡਾ.ਰਣਜੀਤ ਸਿੰਘ ਰਾਏ ਜਿਲ੍ਹਾ ਨੋਡਲ ਅਫ਼ਸਰ ਕੋਵਿਡ—19, ਡਾ.ਬਲਜੀਤ ਕੌਰ ਨੋਡਲ ਅਫ਼ਸਰ ਜਿਲ੍ਹਾ ਸਕੂਲ ਹੈਲਥ, ਡਾ.ਅਰਸ਼ਦੀਪ ਸਿੰਘ ਜਿਲ੍ਰਾ ਐਪੀਡੀਮਾਲੋਜਿਸਟ ਮਾਨਸਾ, ਸ੍ਰੀ ਪਵਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਸ੍ਰੀ ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਡਾ.ਵਿਸ਼ਵਜੀਤ ਸਿੰਘ ਸਰਵੇਲੈਂਸ ਅਫ਼ਸਰ ਕੋਵਿਡ—19, ਸ੍ਰੀ ਅਵਤਾਰ ਸਿੰਘ ਡੀ.ਪੀ.ਐਮ, ਸ੍ਰੀ ਕੇਵਲ ਸਿੰਘ ਏ.ਐਮ.ਓ, ਸ੍ਰੀ ਰਾਮ ਕੁਮਾਰ ਐਸ.ਆਈ ਅਤੇ ਸਮੂਹ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ।

ਸਿਵਲ ਸਰਜਨ ਅਤੇ ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਨੂੰ ਰਿਟਾਇਰਮੈਂਟ ਉਪਰੰਤ ਨਿੱਘੀ ਵਿਦਾਇਗੀ Read More »

ਬੈਂਕਾਂ ਨਾਲ ਕਰੋੜਾਂ ਦਾ ਫਰਾਡ ਕਰਨ ਵਾਲਿਆਂ ਦੀ ਐਸ਼ਪ੍ਰਸਤੀ / ਡਾ ਅਜੀਤਪਾਲ ਸਿੰਘ ਐੱਮ ਡੀ

ਬੈਂਕਾਂ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਫਰਾਡ ਕਰਨ ਪਿੱਛੋਂ ਵਿਜੇ ਮਾਲਿਆ, ਨੀਰਵ ਮੋਦੀ, ਮੇਹੁਲ ਚੋਕਸੀ, ਲਲਿਤ ਮੋਦੀ ਵਿਦੇਸ਼ ਭੱਜ ਗਏ ਹਨ। ਕਹਿਣ ਨੂੰ ਤਾਂ ਉਹ ਭਗੋੜੇ ਹਨ,ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ ਅਤੇ ਬੈਂਕ ਉਸ ਨੂੰ ਵੇਚ ਕੇ ਅਤੇ ਨੁਕਸਾਨ ਦੀ ਪੂਰਤੀ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਭਗੋੜਿਆਂ ਦੇ ਐਸ਼ੋ-ਆਰਾਮ ਵਿਚ ਕੋਈ ਕਮੀ ਨਹੀਂ ਹੈ ਉਹ ਵਿਦੇਸ਼ਾਂ ਵਿਚ ਉਸੇ ਤਰ੍ਹਾਂ ਮੌਜ-ਮਸਤੀ ਭਰਿਆ ਜੀਵਨ ਜੀ ਰਹੇ ਹਨ ਜਿਹੋ ਜਿਹਾ ਉਹ ਪਹਿਲੋਂ ਕਦੀ ਅੱਛੇ ਦਿਨਾਂ ਵਿੱਚ ਜਿਉਂਦੇ ਸਨ। ਅਪਰਾਧ ਕਰਨ ਦੇ ਬਾਵਜੂਦ ਉਨ੍ਹਾਂ ਦਾ ਰੁਤਬਾ ਬਰਕਰਾਰ ਹੈ। ਹਾਲ ਹੀ ਚ ਹੀਰਾ ਕਾਰੋਬਾਰੀ ਮੇਕੁੱਲ ਚੋਕਸੀ ਜਦ ਡੋਮਿਨਿਕਾ ਵਿੱਚ ਗਿ੍ਫਤਾਰ ਹੋਇਆ ਤਾਂ ਐਂਟੀਗੁਆ ਤੇ ਬਾਰਬੁੜਾ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਵੱਡਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਰੋਧੀ ਪਾਰਟੀ ਯੁਨਾਈਟਿਡ ਪੋ੍ਗਰੇਸਿਵ ਪਾਰਟੀ (ਯੂਪੀਪੀ) ਨੇ ਚੋਣ ਫੰਡਾਂ ਦੇ ਲਈ ਚੌਕਸੀ ਦਾ ਸਾਥ ਦਿੱਤਾ ਹੈ। ਉਹਨਾਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ,” ਮੇਰੇ ਪ੍ਰਸਾਸ਼ਨ ਤੇ ਮੇਹੁਲ ਚੌਕਸੀ ਨੂੰ ਪਨਾਹ ਦੇਣ ਦਾ ਦੋਸ਼ ਲੱਗਣ ਤੋਂ ਪਿੱਛੋਂ ਹੁਣ ਉਹ ਆਪਣੇ ਮੁਹਿੰਮ ਦੀ ਫੰਡਿੰਗ ਦੇ ਲਈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।” ਭਾਵੇਂ ਹੀ ਚੌਕਸੀ 2021 ਵਿੱਚ ਗ੍ਰਿਫ਼ਤਾਰ ਹੋ ਗਿਆ ਪਰ ਭਾਰਤ ਤੋਂ ਉਹ 2018 ਤੋਂ ਫਰਾਰ ਹੈ। ਉਹ ਐਂਟੀਗੁਆ ਦਾ ਨਾਗਰਿਕ ਬਣ ਚੁੱਕਾ ਸੀ ਅਤੇ ਸ਼ਾਨ ਨਾਲ ਜ਼ਿੰਦਗੀ ਜੀ ਰਿਹਾ ਸੀ। ਜਦ ਉਸ ਨੂੰ ਡੌਮਿਨਿਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਵਕਤ ਉਸ ਦੇ ਨਾਲ ਉਸ ਦੀ ਕਥਿਤ ਗਰਲਫਰੈਂਡ ਜਾਰਬਿਕਾ ਵੀ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੈਹੁਲ ਆਪਣੀ ਗਰਲ ਫਰੈਂਡ ਦੇ ਨਾਲ ਉਥੇ ਮੌਜ ਮਸਤੀ ਕਰਨ ਗਿਆ ਸੀ। ਬਾਰਬਰਾ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਅਨੁਸਾਰ ਉਹ ਇਨਵੈਸਟਮੈਂਟ ਸਲਾਹਕਰ ਹੈ। ਉਹ ਲੰਡਨ ਸਕੂਲ ਆਫ ਇਕਨੌਮਿਕਸ ਵਿੱਚ ਪੜ੍ਹੀ ਹੈ। ਵਕੀਲਾਂ ਦੇ ਅਨੁਸਾਰ ਮੈਹੁਲ ਅਤੇ ਬਾਰਬਰਾ ਇੱਕ ਸਾਲ ਤੋਂ ਦੋਸਤੀ ਵਿੱਚ ਸਨ ਤੇ ਅਕਸਰ ਮਿਲਦੇ ਰਹਿੰਦੇ ਸਨ। ਬਾਰਬਰਾ ਜਾਰਾਬਿਕਾ ਇਕ ਬੇਹੱਦ ਸ਼ਾਨੋ-ਸ਼ੌਕਤ ਵਾਲੀ ਜਿੰਦਗੀ ਜਿਉਂਦੀ ਹੈ। ਉਸ ਦੇ ਅਕਾਉੂਂਂਟ ਤੋਂ ਪਤਾ ਚੱਲਿਆ ਹੈ ਕਿ ਉਹ ਲਗਜਰੀ ਯਾਟ ਤੇ ਸਮੁੰਦਰ ਵਿੱਚ ਮੌਜ ਮਸਤੀ ਕਰਨ ਦੀ ਸ਼ੌਕੀਨ ਹੈ। ਉਹ ਮੇਹੁਲ ਚੌਕਸੀ ਦੇ ਨਾਲ ਪ੍ਰਾਈਵੇਟ ਯਾਟ ਵਿੱਚ ਮੌਜ-ਮਸਤੀ ਦੇ ਲਈ ਡੋਮਿਨਿਕਾ ਪਹੁੰਚੀ ਸੀ। ਉਥੋਂ ਹੀ ਚੌਕਸੀ ਨੂੰ ਫੜ ਲਿਆ ਗਿਆ। ਮੇਕੁੱਲ ਚੌਕਸੀ ਨੇ ਗ੍ਰਿਫ਼ਤਾਰੀ ਤੋਂ ਪਿੱਛੋਂ ਇਸ ਨੂੰ “ਹਨੀ ਟਰੈਪ” ਦੱਸਿਆ। ਉਸ ਨੇ ਕਿਹਾ ” ਇੱਕ ਸਾਲ ਤੋਂ ਮੇਰੀ ਦੋਸਤੀ ਬਾਰਬਰਾ ਜਾਰਬਿਕ ਨਾਲ ਹੈ। 23 ਮਈ ਨੂੰ ਉਸ ਨੇ ਕਿਹਾ ਕਿ ਮੈਂ ਉਸ ਨੂੰ ਉਸ ਦੇ ਘਰ ਤੋਂ ਪਿੱਕ ਅੱਪ ਕਰ ਲਵਾਂ, ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ 8-10 ਬੰਦਿਆਂ ਨੇ ਮੈਨੂੰ ਘੇਰ ਲਿਆ ਤੇ ਕੁੱਟਣ ਲੱਗੇ। ਇਸ ਪਿੱਛੋਂ ਮੈਨੂੰ ਅਗਵਾ ਕਰ ਲਿਆ ਗਿਆ।” ਹਾਲਾਂਕਿ ਚੌਕਸੀ ਦੇ ਦਾਅਵੇ ਨੂੰ ਉਸ ਦੀ ਪਤਨੀ ਨੇ ਹੀ ਇਕ ਇੰਟਰਵਿਊ ਵਿਚ ਗਲਤ ਸਾਬਤ ਕਰ ਦਿੱਤਾ ਉਨ੍ਹਾਂ ਨੇ ਕਿਹਾ ” ਜਿਸ ਲੜਕੀ ਨੂੰ ਰਹੱਸਮਈ ਲੜਕੀ ਜ਼ਾਲਿਮ ਹਸੀਨ ਜਾਂ ਚੁੜੇਲ ਦੇ ਰੂਪ ਚ ਦਿਖਾਇਆ ਜਾ ਰਿਹਾ ਹੈ, ਉਹ ਅਗਸਤ 2020 ਵਿੱਚ ਐਂਟੀਗੁਆ ਆਈ ਸੀ। ਉੱਥੇ ਹੀ ਉਸ ਦੀ ਚੌਕਸੀ ਦੇ ਨਾਲ ਮੁਲਾਕਾਤ ਹੋਈ ਅਤੇ ਉਹ ਚੌਕਸੀ ਦੇ ਪਾਸ ਵਾਲੇ ਮਕਾਨ ਚ ਰਹਿਣ ਲੱਗੀ। ਉਸ ਨੂੰ ਜਿਵੇਂ ਦਿਖਾਇਆ ਜਾ ਰਿਹਾ ਹੈ, ਉਹ ਉਹੋ ਜਿਹੀ ਬਿਲਕੁੱਲ ਨਹੀਂ ਹੈ।” ਬਾਰਬਰਾ ਦਾ ਭੇਦ ਦੋ ਮਰਜ਼ੀ ਹੋਵੇ, ਚੌਕਸੀ ਜਿਸ ਤਰ੍ਹਾਂ ਨਾਲ ਤਿੰਨ ਸਾਲਾਂ ਤੋਂ ਭਾਰਤੀ ਏਜੰਸੀਆਂ ਨੂੰ ਮਾਤ ਦੇ ਕੇ ਆਰਾਮ ਦੀ ਜ਼ਿੰਦਗੀ ਜੀ ਰਿਹਾ ਸੀ ਉਸ ਤੋਂ ਸਾਫ਼ ਹੈ ਕਿ ਉਸ ਨੂੰ ਫੜੇ ਜਾਣ ਦਾ ਕੋਈ ਡਰ ਨਹੀਂ ਸੀ। ਅਜਿਹਾ ਹੀ ਹਾਲ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਪ੍ਰਮੁੱਖ ਅਤੇ ਸਾਬਕਾ ਸਾਂਸਦ ਵਿਜੇ ਮਾਲਿਆ ਦਾ ਹੈ। ਉਹ 2016 ਚ ਭਾਰਤ ਤੋਂ ਫਰਾਰ ਹੈ ਅਤੇ ਲੰਦਨ ਵਿੱਚ ਆਰਾਮ ਦੀ ਜ਼ਿੰਦਗੀ ਜਿਉਂ ਰਿਹਾ ਹੈ। ਕਿੰਗਫਿਸ਼ਰ ਕੈਲੰਡਰ ਛੂਟ ਤੋਂ ਲੈ ਕੇ ਗਲੈਮਰਸ ਪਾਰਟੀਆਂ ਲਈ ਮਸ਼ਹੂਰ ਵਿਜੈ ਮਾਲਿਆ ਉੱਪਰ ਬੈਂਕਾਂ ਦਾ ਕਰੀਬ ਦੱਸ ਹਜ਼ਾਰ ਕਰੋੜ ਰੁਪਏ ਗਬਨ ਕਰਨ ਦਾ ਦੋਸ਼ ਹੈ। ਕਰੀਬ ਪੰਜ ਸਾਲ ਤੋਂ ਉਸ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ਾਂ ਜਾਰੀ ਹਨ ਪਰ ਕੁੱਝ ਨਾ ਕੰਝ ਕਾਨੂੰਨੀ ਪੇਚੀਦਗੀਆਂ ਦਾ ਫ਼ਾਇਦਾ ਉਠਾ ਕੇ ਮਾਲਿਆ ਅਜੇ ਤੱਕ ਭਾਰਤ ਆਉਣ ਤੋਂ ਬਚਦਾ ਰਿਹਾ ਹੈ। ਉਸ ਨੇ ਇਕ ਟਵੀਟ ਚ ਕਿਹਾ,” ਟੀਵੀ ਦੇਖ ਰਿਹਾ ਹਾਂ ਅਤੇ ਵਾਰ ਵਾਰ ਮੇਰਾ ਨਾਂ ਦਾ ਜ਼ਿਕਰ ਧੋਖੇਬਾਜ਼ ਦੇ ਤੌਰ ਤੇ ਕੀਤਾ ਜਾ ਰਿਹਾ ਹੈ। ਕੋਈ ਇਹ ਕਿਉਂ ਨਹੀਂ ਮੰਨਦਾ ਹੈ ਕਿੰਗਫਿਸ਼ਰ ਏਅਰਲਾਈਨਜ਼ ਦੇ ਉਧਾਰ ਤੋਂ ਵੱਧ ਦੀ ਮੇਰੀ ਜਾਇਦਾਦ ਈਡੀ ਨੇ ਕੁਰਕ ਕਰ ਲਈ ਹੈ। ਕੀ ਮੈਂ ਕਈ ਵਾਰ ਨਹੀਂ ਕਿਹਾ ਕਿ ਮੈਂ ਸੌ ਫੀਸਦੀ ਉਧਾਰ ਵਾਪਸ ਕਰ ਦਿਆਂਗਾ। ਚੀਟਿੰਗ ਜਾਂ ਫਰਾਡ ਕਿੱਥੇ ਹੈ” ਪਰ ਕੀ ਮਾਲਿਆ ਇਸ ਗੱਲ ਦਾ ਜਵਾਬ ਦੇਣਗੇ ਕਿ ਜੇ ਉਨ੍ਹਾਂ ਦੀ ਨੀਅਤ ਇੰਨੀ ਸਾਫ ਸੀ ਤਾਂ ਚੋਰੀ ਛਿੱਪੇ ਦੇਸ਼ ਛੱਡ ਕੇ ਉਹ ਕਿਉਂ ਭੱਜੇ ? ਭਾਰਤ ਤੋਂ ਭੱਜਣ ਪਿਛੋਂ ਮਾਲਿਆ ਇੰਗਲੈਂਡ ਦੇ ਹਰਟਫੋਰਡਸ਼ਾਅਰ ਵਿੱਚ ਸੇਂਟ ਐਲੰਬਸ ਦੇ ਨਜ਼ਦੀਕ ਟਿਵੇਨ ਪਿੰਡ ਵਿੱਚ ਰਹਿੰਦਾ ਸੀ। ਉੱਥੇ ਤੀਹ ਏਕੜ ਵਿੱਚ ਫੈਲਿਆ ਉਸਦਾ ‘ਲੇਡੀਵਾਕ’ ਬੰਗਲਾ ਹੈ। ਉਹ ਉਸ ਇਲਾਕੇ ਦਾ ਸਭ ਤੋਂ ਵੱਡਾ ਬੰਗਲਾ ਦੱਸਿਆ ਜਾਂਦਾ ਹੈ। ਮਾਲਿਆ ਦਾ ਪਰਿਵਾਰ ਪਹਿਲਾਂ ਤੋਂ ਹੀ ਵਿਦੇਸ਼ ਵਿੱਚ ਰਹਿੰਦਾ ਹੈ। ਵਿਜੇ ਮਾਲਿਆ ਘੋੜਦੌੜ ਅਤੇ ਕਾਰ ਰੇਸਿੰਗ ਦਾ ਦੀ ਸ਼ੌਕੀਨ ਹੈ। ਟਵਿਨ ਗਾਊਂ ਵਿੱਚ ਉਹ ਘੋੜ ਦੌੜ ਅਤੇ ਕਾਰ ਰੇਸਿੰਗ ਦੇ ਇਵੇਂਟ ਵੀ ਕਰਵਾਉਂਦਾ ਰਹਿੰਦਾ ਹੈ। ਉੱਥੇ ਵੀ ਉਹ ਆਪਣੇ ਸ਼ਾਹੀ ਖਰਚੇ ਦੇ ਲਈ ਮਸ਼ਹੂਰ ਹੈ। ਇਕ ਵਾਰੀ ਉਸ ਨੇ ਕ੍ਰਿਸਮਸ ਦੇ ਮੌਕੇ ਤੇ ਪਿੰਡ ਦੇ ਲੋਕਾਂ ਨੂੰ ਤੇਰਾਂ ਲੱਖ ਦਾ ਕ੍ਰਿਸਮਿਸ ਟ੍ਰੀ ਖ਼ਰੀਦ ਕੇ ਗਿਫਟ ਕਰ ਦਿੱਤਾ ਸੀ। ਉਸ ਨੂੰ ਲੰਡਨ ਵਿਚ ਇਕ ਕ੍ਰਿਕਟ ਮੈਚ ਚ ਵੀ ਉਹ ਦੇਖਿਆ ਗਿਆ ਸੀ। ਗੌਰਤਲਬ ਹੈ ਕਿ ਮਾਲਿਆ ਦੇ ਲਾਈਫ ਸਟਾਈਲ ਵਿੱਚ ਕੋਈ ਬਦਲਾਅ ਨਹੀਂ ਆਇਆ। ਹਾਲਾਂ ਕਿ ਐਸ਼ੋ ਇਸ਼ਰਤ ਭਰੀ ਇਸ ਜ਼ਿੰਦਗੀ ਦਾ ਸੱਚ ਸਾਹਮਣੇ ਆਉਣ ਤੇ ਉਸ ਨੇ ਬੜਾ ਰੌਚਿਕ ਬਿਆਨ ਦਿੱਤਾ। ਉਸ ਨੇ ਕਿਹਾ, ” ਮੇਰੇ ਪਾਸ ਪੈਸੇ ਨਹੀਂ ਬਚੇ ਹਨ। ਮੈਂ ਜੀਵਨ ਬਤੀਤ ਕਰ ਰਿਹਾ ਹਾਂ।” ਇਕ ਹੋਰ ਭਗੌੜੇ ਨੀਰਵ ਮੋਦੀ ਦਾ ਵੀ ਇਹੀ ਹਾਲ ਹੈ, ਜੋ ਫਿਲਹਾਲ ਬ੍ਰਿਟੇਨ ਦੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਮਾਰਚ 2019 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਦਾ ਜੀਵਨ ਦੂਜੇ ਭਗੌੜਿਆਂ ਦੀ ਤਰ੍ਹਾਂ ਕੁਝ ਘੱਟ ਐਸ਼ੋ ਆਰਾਮ ਵਾਲਾ ਨਹੀਂ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਨੇ ਆਪਣਾ ਹੀਰਿਆਂ ਦਾ ਕਾਰੋਬਾਰ ਫਿਰ ਤੋਂ ਲੰਡਨ ਵਿੱਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਪਾਸ਼ ਇਲਾਕੇ ਵਿੱਚ ਉਸ ਨੇ ਆਪਣਾ ਦਫਤਰ ਵੀ ਬਣਾ ਲਿਆ ਸੀ। ਜਦ ਉਸ ਨੂੰ ਲੰਡਨ ਦੀਆਂ ਸੜਕਾਂ ਤੇ ਦੇਖਿਆ ਗਿਆ ਤਾਂ ਉਸ ਦੀ ਜੈਕਟ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਉਸ ਨੇ ਕੋਈ ਆਮ ਜੈਕਟ ਨਹੀਂ ਪਹਿਨ ਰੱਖੀ ਸੀ। ਉਸ ਜੈਕਟ ਦੀ ਕੀਮਤ ਕਰੀਬ ਦੱਸ ਹਜ਼ਾਰ ਪੌਂਡ (ਨੌੰ ਲੱਖ ਰੁਪਏ) ਸੀ, ਜੋ ਸ਼ੁਤਰਮੁਰਗ ਦੇ ਚਮੜੇ ਅਤੇ ਪੰਖ ਤੋਂ ਬਣੀ ਸੀ। ਸ਼ੁਤਰਮੁਰਗ ਤੇ ਚਮੜੇ ਤੋਂ ਪਰਸ, ਬੈਗ, ਜੈਕਟ ਅਤੇ ਬੂਟ ਵਰਗੇ ਲਗਜ਼ਰੀ ਪ੍ਰੋਡਕਟ ਬਣਾਏ ਜਾਂਦੇ ਹਨ। ਇਹ ਸੂਚੀ ਇਨ੍ਹਾਂ ਤਿੰਨ ਲੋਕਾਂ ਤੱਕ ਹੀ ਖ਼ਤਮ ਨਹੀਂ ਹੁੰਦੀ।

ਬੈਂਕਾਂ ਨਾਲ ਕਰੋੜਾਂ ਦਾ ਫਰਾਡ ਕਰਨ ਵਾਲਿਆਂ ਦੀ ਐਸ਼ਪ੍ਰਸਤੀ / ਡਾ ਅਜੀਤਪਾਲ ਸਿੰਘ ਐੱਮ ਡੀ Read More »

ਨਿਗਾਹਬਾਨੀ ਦੀਆਂ ਜ਼ੰਜੀਰਾਂ ’ਤੇ ਸਵਾਲ

  ਅਜਿਹੇ ਸਮਾਜ ਦਾ ਤਸੱਵਰ ਕਰੋ, ਜਿਥੇ ਸ਼ਹਿਰੀਆਂ ਦੀ ਨਿਗਾਹਬਾਨੀ ਆਮ ਗੱਲ ਹੈ ਅਤੇ ਸਿਆਸੀ ਤੇ ਸੱਭਿਆਚਾਰਕ ਵਿਰੋਧੀਆਂ ਖ਼ਿਲਾਫ਼ ਦੇਸ਼ ਧਰੋਹ ਦੇ ਮੁਕੱਦਮੇ ਅਕਸਰ ਹੀ ਦਾਇਰ ਕੀਤੇ ਜਾਂਦੇ ਹਨ। ਨਾਲ ਹੀ ਉਸ ਹਕੂਮਤ ਵੱਲ ਵੀ ਗ਼ੌਰ ਕਰੋ, ਜਿਹੜੀ ਚਾਹੁੰਦੀ ਹੈ ਕਿ ਅਸੀਂ ਇਹ ਮੰਨ ਲਈਏ ਕਿ ਪੈਗਾਸਸ ਸਪਾਈਵੇਅਰ ਰਾਹੀਂ ਨਿਗਾਹਬਾਨੀ/ਜਾਸੂਸੀ ਦੇ ਲਾਏ ਜਾ ਰਹੇ ਇਲਜ਼ਾਮ ਗ਼ਲਤ ਹਨ ਅਤੇ ਮੁਲਕ ਵਿਚ ਸਾਰਾ ਕੁਝ ਠੀਕ ਚੱਲ ਰਿਹਾ ਹੈ, ਬੱਸ ਐਵੇਂ ਕੁਝ ‘ਅੜਿੱਕਾ-ਪਾਊ’/‘ਦੇਸ਼-ਵਿਰੋਧੀ’ ਸਾਜ਼ਿਸ਼ੀ ਖ਼ਾਹਮਖ਼ਾਹ ਖੱਪ ਪਾ ਰਹੇ ਹਨ। ਕੀ ਇਹ ਉਸ ਸੁਪਨੇ ਦਾ ਟੁੱਟ ਜਾਣਾ ਨਹੀਂ, ਜਿਸ ਲਈ ਸਾਡੇ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਜੂਝਦੇ ਰਹੇ – ਇਕ ਨਵੇਂ ਭਾਰਤ ਦਾ ਸੁਪਨਾ, ਜਿਹੜਾ ਗ਼ੈਰ-ਬਸਤੀਵਾਦੀ ਭਾਵਨਾ ਦੇ ਵਿੱਚੋਂ ਵਿਕਸਤ ਹੋਇਆ ਅਤੇ ਜਿਹੜਾ ਬਰਾਬਰੀ, ਇਨਸਾਫ਼ ਤੇ ਇਖ਼ਲਾਕੀ, ਬੌਧਿਕ, ਸਿਆਸੀ ਆਜ਼ਾਦੀ ਦੀ ਗੱਲ ਕਰਦਾ ਸੀ ਅਤੇ ਨਾਲ ਹੀ ਮਿਲੇ-ਜੁਲੇ ਬਹੁਲਤਾਵਾਦੀ ਸੱਭਿਆਚਾਰ ਨੂੰ ਹੁਲਾਰਾ ਦਿੰਦਾ ਸੀ? ਕੀ ਹੁਣ ਉਨ੍ਹਾਂ ਸਾਰੇ ਸਿਧਾਂਤਾਂ ਨੂੰ ਇਤਿਹਾਸ ਦੇ ਕੂੜੇਦਾਨ ਵਿਚ ਸੁੱਟ ਦੇਣ ਦਾ ਵਕਤ ਨਹੀਂ ਆ ਗਿਆ ਅਤੇ ਨਾਲ ਹੀ ਸਾਡੇ ਡਿਸਟੋਪੀਅਨ ਦੌਰ ਭਾਵ ਮਨਹੂਸ ਸਮੇਂ ਵਿਚ ਦਾਖ਼ਲ ਹੋਣ ਦਾ ਵੀ ਸਮਾਂ ਆ ਗਿਆ ਹੈ। (Dystopian age ਭਾਵ ਡਿਸਟੋਪੀਆ ਨਾਮੀ ਡਰਾਉਣੀ, ਦਹਿਸ਼ਤ ਤੇ ਸਹਿਮ ਭਰੀ ਮਨਹੂਸ ਮੰਨੀ ਜਾਂਦੀ ਖ਼ਿਆਲੀ ਦੁਨੀਆਂ।) ਹਾਂ ਇਹ ਬਹੁਤ ਡਰਾਉਣੇ ਹਾਲਾਤ ਹਨ। ਤਾਂ ਵੀ, ਸਾਨੂੰ ਇਨ੍ਹਾਂ ਨੂੰ ਪਰਵਾਨ ਕਰਨਾ ਪਵੇਗਾ। ਨਾਲ ਹੀ ਸੰਭਵ ਤੌਰ ’ਤੇ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਪਵੇਗੀ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਇਹ ਡਿਸਟੋਪੀਆ ਇੰਨਾ ਸਾਕਾਰ ਰੂਪ ਕਿਉਂ ਧਾਰਦਾ ਜਾ ਰਿਹਾ ਹੈ। ਆਓ ਅਸੀਂ ਸੱਤਾ ਦੇ ਜ਼ੁਲਮਾਂ ਅਤੇ ਬੁਨਿਆਦੀ ਜਮਹੂਰੀ ਕਦਰਾਂ-ਕੀਮਤਾਂ ਨੂੰ ਨਕਾਰਾ ਬਣਾਉਂਦੇ ਜਾਣ ਦੇ ਅਮਲ ਉਤੇ ਗ਼ੌਰ ਕਰੀਏ। ਅੱਜ ਵਿਚਾਰ-ਵਟਾਂਦਰੇ ਤੇ ਸੰਵਾਦ ਨੂੰ ਸੁਪਰੀਮ (ਸਿਖਰਲੇ) ਆਗੂ ਦੇ ਆਤਮ-ਭਾਸ਼ਣ ਵਿਚ ਬਦਲ ਦਿੱਤਾ ਗਿਆ ਹੈ; ਬਹੁਗਿਣਤੀਵਾਦ ਨੂੰ ਆਖ਼ਰੀ ਨੈਤਿਕ ਸੱਚ ਬਣਾ ਦਿੱਤਾ ਗਿਆ ਹੈ; ਵਿਰੋਧ ਦੀ ਹਰੇਕ ਆਵਾਜ਼ ਨੂੰ ਦੇਸ਼ ਖ਼ਿਲਾਫ਼ ਸਾਜ਼ਿਸ਼ ਵਜੋਂ ਦੇਖਿਆ ਤੇ ਪ੍ਰਚਾਰਿਆ ਜਾਂਦਾ ਹੈ; ਅਤੇ ਇਸ ਪ੍ਰਚਾਰ ਮਸ਼ੀਨਰੀ ਦਾ ਇਕ ਵਿਆਪਕ ਨੈਟਵਰਕ ਆਪਣੀ ਤਕਨੀਕੀ ਚਮਕ-ਦਮਕ ਤੇ ਦੇਸ਼-ਭਗਤੀ ਦੇ ਸ਼ੋਰ-ਸ਼ਰਾਬੇ ਰਾਹੀਂ ਸਭ ਕਾਸੇ ਨੂੰ ਇਸ ਦੇ ਵਿਰੋਧ ਵਿਚ ਖੜ੍ਹਾ ਕਰ ਦੇਣਾ ਚਾਹੁੰਦਾ ਹੈ – ਜਿਵੇਂ ਕਿ ਹੱਕਾਂ ਦੇ ਹਮਾਇਤੀ ਕਾਰਕੁਨਾਂ ਨੂੰ ਦਹਿਸ਼ਤਗਰਦ ਬਣਾ ਦੇਣਾ, ਕਿਸੇ ਜ਼ਮੀਰ ਦੀ ਆਵਾਜ਼ ਸੁਣਨ ਵਾਲੇ ਪ੍ਰੋਫੈਸਰ ਨੂੰ ਸਾਜ਼ਿਸ਼ਕਾਰ ਬਣਾ ਦੇਣਾ ਜਾਂ ਫਿਰ ਨੌਜਵਾਨ/ਆਦਰਸ਼ਵਾਦੀ ਵਿਦਿਆਰਥੀਆਂ ਨੂੰ ਦੇਸ਼ ਦੇ ਦੁਸ਼ਮਣ ਕਰਾਰ ਦੇਣਾ। ਕੀ ਇੰਝ ਨਹੀਂ ਹੈ ਕਿ ਅੱਜ ਤੁਸੀਂ ਤੇ ਨਾਲ ਹੀ ਮੈਂ ਵੀ ਇਸ ਸੱਭਿਆਚਾਰ ਦੇ ਵੱਧ ਤੋਂ ਵੱਧ ਆਦੀ ਬਣਦੇ ਜਾ ਰਹੇ ਹਾਂ? ਕੀ ਅਸੀਂ ਆਜ਼ਾਦੀ ਤੋਂ ਲੁਕ ਨਹੀਂ ਰਹੇ ਤੇ ਹੰਕਾਰੀ ਸੋਚ ਨੂੰ ਪਰਵਾਨ ਨਹੀਂ ਕਰਨ ਲੱਗ ਪਏ? ਜਾਂ ਫਿਰ ਇਹ ਕਿ ਆਪਣੀ ਸੱਤਾ ਦੇ ਜ਼ੁਲਮਾਂ ਅਤੇ ਉੱਭਰਦੀਆਂ ਤਾਨਾਸ਼ਾਹ ਸ਼ਖ਼ਸੀਅਤਾਂ ਰਾਹੀਂ ਸਟੇਟ/ਰਿਆਸਤ ਦੇਸ਼ ਵਾਸੀਆਂ ਵਿਚ ਡਰ ਤੇ ਸਹਿਮ ਦੀ ਮਨੋਬਿਰਤੀ ਹੀ ਸਿਰਜ ਦੇਣੀ ਚਾਹੁੰਦੀ ਹੈ? ਅਸੀਂ ਡਰ ਦੇ ਮਾਹੌਲ ਵਿਚ ਜੀਅ ਰਹੇ ਹਾਂ – ਇਹ ਡਰ ਕਿ ਕਿਤੇ ਅਸੀਂ ਹਕੂਮਤ ਦਾ ਨਿਸ਼ਾਨਾ ਨਾ ਬਣ ਜਾਈਏ ਤੇ ਕਿਤੇ ਸਾਨੂੰ ‘ਸਾਜ਼ਿਸ਼ੀ’ ਨਾ ਗਰਦਾਨ ਦਿੱਤਾ ਜਾਵੇ; ਨਿਗਾਹਬਾਨੀ ਦੀਆਂ ਨਵੀਆਂ ਵਿਕਸਿਤ ਅਤਿ-ਆਧੁਨਿਕ ਤਕਨਾਲੋਜੀਆਂ ਦੀ ਮਦਦ ਨਾਲ ਨਿਗਰਾਨੀ ਤੇ ਨਿਗਾਹਬਾਨੀ ਵਿਚ ਰੱਖੇ ਜਾਣ ਦਾ ਡਰ; ਅਸਵੱਛਤਾ ਭਰੀ ਤੇ ਬਹੁਤ ਹੀ ਭੀੜ-ਭੜੱਕੇ ਵਾਲੀ ਜੇਲ੍ਹ ਦੀ ਕਿਸੇ ਕਾਲ ਕੋਠੜੀ ਵਿਚ ਸੁੱਟ ਦਿੱਤੇ ਜਾਣ ਅਤੇ ਫਿਰ ਕਦੇ ਵੀ ਜ਼ਮਾਨਤ ਨਾ ਦਿੱਤੇ ਜਾਣ ਦਾ ਡਰ। ਖ਼ੈਰ, ਮਹਾਤਮਾ ਗਾਂਧੀ, ਡਾ. ਬੀ.ਆਰ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਵਰਗੇ ਆਗੂਆਂ ਨੇ ਜ਼ਰੂਰ ਆਜ਼ਾਦੀ ਦੇ ਸਿਧਾਂਤ ਨੂੰ ਸੰਭਾਲ ਕੇ ਅੱਗੇ ਵਧਾਇਆ ਹੋਵੇਗਾ ਅਤੇ ਇਨ੍ਹਾਂ ਆਧੁਨਿਕ/ਗਿਆਨਵਾਨ ਫਿਲਾਸਫਰਾਂ ਨੇ ਹੀ ਇਸ ਚਾਹਤ ਨੂੰ ਪੈਦਾ ਕੀਤਾ ਹੋਵੇਗਾ। ਪਰ ਹੁਣ, ਇਸ ਡਿਸਟੋਪੀਅਨ ਦੌਰ ਵਿਚ ਆਜ਼ਾਦੀ ਮਹਿਜ਼ ਮਿੱਥ ਜਾਪਦੀ ਹੈ। ਕੀ ਅਸੀਂ ਆਜ਼ਾਦੀ ਦਾ ਅਸਲੀ ਖ਼ਿਆਲ ਨੂੰ ਤਿਆਗ ਨਹੀਂ ਰਹੇ ਅਤੇ ਅਸੀਂ ਮਹਿਜ਼ ਕੁਝ ਵੀ ਖ਼ਰੀਦ ਸਕਣ ਤੇ ਖ਼ਪਤ ਕਰ ਸਕਣ, ਜਾਂ ਟੀਵੀ ਦੇ ਰਿਮੋਟ ਕਰੰਟੋਲ ਦੇ ਬਟਨ ਨੱਪਦਿਆਂ ਵੱਖੋ-ਵੱਖ ਚੈਨਲ ਘੁਮਾਉਣ ਅਤੇ ਕ੍ਰਿਕਟ ਮੈਚ, ਰੋਜ਼ਾਨਾ ਕਿਸ਼ਤਾਂ ਵਾਲੇ (ਸੋਪ ਓਪੇਰਾ) ਟੀਵੀ ਲੜੀਵਾਰ ਜਾਂ ਬਾਲੀਵੁੱਡ ਦੀਆਂ ਮਸਾਲੇਦਾਰ ਖ਼ਬਰਾਂ ਤੇ ਕਹਾਣੀਆਂ ਦੇਖ ਸਕਣ ਦੀ ਹੀ ਆਜ਼ਾਦੀ ਮਾਨਣ ਤੱਕ ਸੀਮਤ ਹੋ ਕੇ ਨਹੀਂ ਰਹਿ ਗਏ? ਜਿਵੇਂ ਕਿ ਪੈਗਾਸਸ ਪ੍ਰਾਜੈਕਟ ਦੀਆਂ ਲੱਭਤਾਂ ਤੋਂ ਸਹਮਣੇ ਆਇਆ ਹੈ, ਅੱਜ ਪਰਦੇਦਾਰੀ ਜਾਂ ਨਿੱਜਤਾ ਨਾਂ ਦੀ ਕੋਈ ਧਾਰਨਾ ਬਾਕੀ ਨਹੀਂ ਬਚੀ; ਅਤੇ ਹਾਲਾਤ ਇਹ ਹਨ ਕਿ ਅੱਜ ਕਿਸੇ ਦਾ ਵੀ ਟੈਲੀਫੋਨ ਨੰਬਰ ਵਰਤ ਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਭਾਵੇਂ ਉਹ ਸੁਪਰੀਮ ਕੋਰਟ ਦੀ ਸਾਬਕਾ ਮਹਿਲਾ ਮੁਲਾਜ਼ਮ ਹੋਵੇ, ਜਿਸ ਨੇ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਉਤੇ ਜਿਨਸੀ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਦਾ ਇਲਜ਼ਾਮ ਲਾਇਆ ਸੀ ਜਾਂ ਫਿਰ ਰਾਹੁਲ ਗਾਂਧੀ। ਇਹ ਵੀ ਸਾਫ਼ ਹੀ ਹੈ ਕਿ ਅਜਿਹੀਆਂ ਨਿਗਾਹਬਾਨ ਤਕਨਾਲੋਜੀਆਂ ਮੁਲਕ ਵਿਚ ਤਾਨਾਸ਼ਾਹੀ ਆਧਾਰਤ ਸੱਭਿਆਚਾਰ ਨੂੰ ਹੋਰ ਹੁਲਾਰਾ ਹੀ ਦੇਣਗੀਆਂ। ਫਿਰ ਨਾਲ ਹੀ ਲਗਾਤਾਰ ਵਧ ਰਹੀ ਨਿਗਾਹਬਾਨੀਆਂ ਦੀ ਇਸ ਲੜੀ ਦਾ ਵਰਤਾਰਾ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਇਕ ਹੋਰ ਅਹਿਮ ਸਵਾਲ ਵੀ ਖੜ੍ਹਾ ਕਰਦਾ ਹੈ। ਕੀ ਅਜਿਹਾ ਨਹੀਂ ਹੈ ਕਿ ਅੱਜ ਮਹਿਜ਼ ਸਟੇਟ/ਰਿਆਸਤ ਹੀ ਨਹੀਂ, ਸਗੋਂ ਤੁਸੀਂ ਅਤੇ ਇਥੋਂ ਤੱਕ ਕਿ ਮੈਂ ਵੀ ਨਿਗਾਹਬਾਨੀ ਦੇ ਇਸ ਵਿਚਾਰ ’ਤੇ ਖ਼ੁਸ਼ੀ ਮਨਾਉਣੀ ਤੇ ਇਸ ਨੂੰ ਆਪਣੇ ਦਿਲ ਵਿਚ ਵਸਾਉਣਾ ਤੇ ਜ਼ਿੰਦਗੀ ਵਿਚ ਸ਼ਾਮਲ ਕਰ ਲੈਣਾ ਸ਼ੁਰੂ ਕਰ ਦਿੱਤਾ ਹੈ? ਹਾਂ ਬਿਲਕੁਲ, ਸੀਸੀਟੀਵੀ ਕੈਮਰੇ ਅੱਜ ਸਾਡੀ ਆਤਮਾ ਦੇ ਅੰਦਰ ਤੱਕ ਜਾ ਵੜੇ ਹਨ। ਕਿਸੇ ਸਕੂਲ ਦੀ ਪ੍ਰਿੰਸੀਪਲ ਆਪਣੇ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਉਤੇ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਰੱਖ ਰਹੀ ਹੈ, ਉਨ੍ਹਾਂ ਨੂੰ ਦੇਖ ਰਹੀ ਹੈ, ਜ਼ਾਬਤਾਬੰਦ ਬਣਾ ਰਹੀ ਤੇ ਉਨ੍ਹਾਂ ਉਤੇ ਰੋਅਬ ਪਾ ਰਹੀ ਹੈ। ਇਸੇ ਤਰ੍ਹਾਂ ਕੁਝ ‘ਚੌਕਸ’ ਮਾਪੇ ਵੀ ਸੀਸੀਟੀਵੀ ਕੈਮਰਿਆਂ ਰਾਹੀਂ ਆਪਣੇ ਬੱਚਿਆਂ ਦੀ ਨਿਗਰਾਨੀ ਕਰਦੇ ਹਨ। ਰੇਲਵੇ ਸਟੇਸ਼ਨਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ, ਮਾਰਕੀਟ ਕੰਪਲੈਕਸਾਂ ਤੋਂ ਲੈ ਕੇ ਸਿਨਮਾ ਹਾਲਾਂ ਤੱਕ – ਅਸੀਂ ਹਰ ਥਾਂ ਨਿਗਾਹਬਾਨੀ ਹੇਠ ਹਾਂ। ਜਾਪਦਾ ਹੈ ਕਿ ਅਸੀਂ ‘ਸੁਰੱਖਿਆ’ ਤੇ ‘ਸਲਾਮਤੀ’ ਦੇ ਨਾਂ ਉਤੇ ਇਸ ਨੂੰ ਪਰਵਾਨ ਕਰ ਲਿਆ ਹੈ; ਸਗੋਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਸੀਂ ਖ਼ੁਦ ਵੱਧ ਤੋਂ ਵੱਧ ਨਿਗਾਹਬਾਨੀ ਰੱਖੇ ਜਾਣ ਦੀ ਮੰਗ ਕਰ ਰਹੇ ਹਾਂ। ਇਹ ਸਾਡੇ ਦੌਰ ਦੀ ਵਿਅੰਗਾਤਮਕ ਸਥਿਤੀ ਹੈ। ਇਸ ਤਰ੍ਹਾਂ, ਅਸੀਂ ਖ਼ੁਦ ਹੀ ਅਜਿਹਾ ਰਾਹ ਪੱਧਰਾ ਕੀਤਾ ਹੈ, ਜਿਸ ਰਾਹੀਂ ਸਟੇਟ/ਰਿਆਸਤ ਸਿੱਧਿਆਂ ਸਾਡੇ ਬੈੱਡਰੂਮ ਤੱਕ ਪੁੱਜ ਤੇ ਇਸ ਵਿਚ ਝਾਕ ਸਕਦੀ ਹੈ। ਇਸ ਦੇ ਨਾਲ ਹੀ ਸਾਨੂੰ ਇਹ ਸਵਾਲ ਵੀ ਪੁੱਛਣਾ ਪਵੇਗਾ: ਕੀ ਸਾਨੂੰ ਸੱਚਮੁੱਚ ਆਪਣੀ ਨਿੱਜਤਾ ਦੀ ਕਦਰ ਹੈ ਤੇ ਅਸੀਂ ਇਸ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ? ਲਗਾਤਾਰ ਵਧਦੀਆਂ ਜਾ ਰਹੀਆਂ ਸੰਚਾਰ ਤਕਨਾਲੋਜੀਆਂ ਨਾਲ ਸਾਡੀ ਜਨੂੰਨੀ ਸਾਂਝ ਨੂੰ ਹੀ ਦੇਖ ਲਓ, ਅੱਜ ਸਾਡੀ ਜ਼ਿੰਦਗੀ ਦਾ ਜੋ ਕੁਝ ਵੀ ਨਿਜੀ ਹੈ, ਉਹ ਸਾਰਾ ਜਨਤਕ ਖ਼ਪਤ ਲਈ ਇਕ ਚੀਜ਼ ਦਾ ਰੂਪ ਧਾਰਦਾ ਜਾ ਰਿਹਾ ਹੈ; ਭਾਵੇਂ ਇਹ ਹਨੀਮੂਨ ਦੀਆਂ ਤਸਵੀਰਾਂ ਹੋਣ ਜਾਂ ਫਿਰ ਦੀਵਾਲੀ ਮੌਕੇ ਖ਼ਰੀਦੀ ਗਈ ਨਵੀਂ ਕਾਰ। ਬਹੁਤ ਸਾਰੇ ਲੋਕਾਂ ਲਈ ‘ਨਿੱਜੀ’ ਤੇ ‘ਜਨਤਕ’ ਵਿਚਕਾਰਲਾ ਫ਼ਰਕ ਰੱਖਣਾ ਆਸਾਨ ਨਹੀਂ ਰਹਿ ਗਿਆ, ਖ਼ਾਸਕਰ ਉਦੋਂ ਫੇਸਬੁੱਕ/ਵਟਸਟੈਪ ਨੇ ਸਾਨੂੰ ‘ਸ਼ੇਅਰ’ ਕਰਨ, ‘ਫਾਲੋ’ ਕਰਨ ਅਤੇ ‘ਸਬਸਕ੍ਰਾਈਬ’ ਕਰਨ ਦੇ ਰਾਹ ਤੋਰ ਦਿੱਤਾ ਹੈ। ਜਿਉਂ-ਜਿਉਂ

ਨਿਗਾਹਬਾਨੀ ਦੀਆਂ ਜ਼ੰਜੀਰਾਂ ’ਤੇ ਸਵਾਲ Read More »