ਗ਼ਜ਼ਲ/ ਰਵੇਲ ਸਿੰਘ ਇਟਲੀ 

ਮੋੜ ਲਏ ਬੰਦੇ ਨੇ ਬੇਸ਼ੱਕ ਨੇ, ਵਹਿਣ ਕਈ ਦਰਿਆਵਾਂ ਦੇ।

ਪਰ ਰੋਕੇ ਗਏ ਨਾ ਹੰਝੂ ਘਰ ਵਿੱਚ ਰਹਿ ਗਈਆਂ ਮਾਂਵਾਂ ਦੇ।

ਹਰ ਕੋਈ ਰਹੇ ਵਿਦੇਸ਼ੀ ਕਾਮਾ,ਮਾਪੇ ਕੋਲ ਬੁਲਾ ਸਕਦਾ ਨਹੀਂ,

ਖਾਣ ਪੀਣ ਦਾ ਫਿਕਰ ਨਾ ਕੋਈ,ਫਿਕਰ ਨੇ ਥੋੜ੍ਹੀਆਂ ਥਾਂਵਾਂ ਦੇ।

ਫੋਨਾਂ ਉੱਤੇ ਗੱਲਾਂ ਕਰਕੇ,ਮਨ ਨਹੀਂ ਭਰਦਾ,ਮਾਪਿਆਂ ਦਾ ਹੁਣ,

ਹੱਥ ਸੁਨੇਹੇ ਘੱਲ ਨਹੀਂ ਹੁੰਦੇ, ਅਰਸ਼ੀਂ ਉੱਡਦਿਆਂ ਕਾਂਵਾਂ ਦੇ।

ਮਹਿਲ ਮਾੜੀਆਂ ਉਚੀਆਂ ਨੇ ,ਪਰ ਬੰਦੇ  ਲਗਦੇ ਬੌਣੇ ਹੋ ਗਏ,

ਸੁੰਨੀਆਂ ਸੁੰਨੀਆਂ ਗਲੀਆਂ ਹੋਈਆਂ,ਰਾਹ ਨੇ ਪਿੰਡ ਗ੍ਰਾਂਵਾਂ ਦੇ।

ਹੁਣ ਨਾ ਲੈ ਕੱਚਿਆਂ ਨੂੰ ਡੁਬਦੇ,ਨਾ ਹੀ ਪੱਟ ਦਾ ਮਾਸ ਖਵਾਂਦੇ,

ਬਦਲ ਗਏ ਹਨ ਖੁਦ ਗਰਜ਼ੀ ਵਿੱਚ ਕਿੱਸੇ ਇਸ਼ਕ ਝਨਾਂਵਾਂ ਦੇ।

ਕਰਜ਼ੇ ਚੁੱਕ ਕੇ ਭੇਜੇ ਬਾਹਰ, ਪਿਉ ਨੇ ਫਰਜ਼ ਨਿਭਾਏ ਆਪਣੇ,

ਰਿਸ਼ਤੇ ਰਹਿ ਗਏ  ਦੂਰ ਦੁਰੇਡੇ, ਸੱਕਿਆਂ ਭੈਣਾਂ  ਭਰਾਂਵਾਂ ਦੇ।

ਬੇਰੁਜ਼ਗਾਰੀ,ਨਾਲ ਮਹਿੰਗਾਈ,ਪੜ੍ਹੇ ਲਿਖੇ ਦੀ ਕਦਰ ਨਾ ਕੌਡੀ,

ਰਲ਼ ਗਏ ਨੇਤਾ ਨਾਲ ਅਮੀਰਾਂ,ਤੇ ਝੱਖੜ ਪੁੱਠੀਆਂ ਵਾਵਾਂ ਦੇ।

ਸੱਪਨੀ ਵਾਂਗਰ ਬਣੀ ਸਿਆਸਤ,ਆਪਣੀ ਹੀ ਪਰਜਾ ਨੂੰ ਖਾਣੀ,

ਕਿਉਂ ਨਾ ਧੱਕੇ ਖਾਣ  ਵਿਦੇਸ਼ੀਂ , ਮਾਰੇ ਇਨ੍ਹਾਂ ਬਲਾਵਾਂ ਦੇ।

ਘਰ ਵਿੱਚ ਵਗਦੀ ਗੰਗਾ ਨੂੰ ਨੇਤਾ ਆਪੇ ਵੇਖੇ ਗੰਧਲੀ  ਕਰਦੇ,

ਗੰਦੀ ਖੇਡ ਸਿਆਸਤ ਖੇਡਣ,  ਯਾਰ ਨੇ, ਘੋਗੜ ਕਾਂਵਾਂ ਦੇ।

ਪਤਾ ਨਾ ਲੱਗੇ ਕਿੱਧਰ ਜਾਈਏ,ਕਿਹੜੇ ਢੱਠੇ ਖੂਹ ਵਿੱਚ ਪਈਏ,

ਇਸ ਜੀਵਣ ਦੇ ਜੋ ਨੇ ਬਾਕੀ,  ਰਹਿ ਗਏ ਦੌਰ ਪੜਾਵਾਂ ਦੇ।

-ਰਵੇਲ ਸਿੰਘ ਇਟਲੀ

ਸਾਂਝਾ ਕਰੋ

ਪੜ੍ਹੋ

ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ ਤੇ ਪੈਨਸ਼ਨਾਂ

22, ਮਈ – ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਕੇਂਦਰੀ ਕਰਮਚਾਰੀਆਂ...