
ਨਵੀਂ ਦਿੱਲੀ, 22 ਮਈ – ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਨੂੰ ਇਕ ਮਹੀਨਾ ਹੋ ਗਿਆ ਹੈ। 22 ਅਪ੍ਰੈਲ ਨੂੰ ਅਤਿਵਾਦੀਆਂ ਨੇ 26 ਸੈਲਾਨੀਆਂ ਦੀ ਹੱਤਿਆ ਕਰ ਦਿਤੀ ਸੀ। ਹਾਲਾਂਕਿ, ਇਸ ਹਮਲੇ ਵਿਚ ਸ਼ਾਮਲ ਅਤਿਵਾਦੀ ਅਜੇ ਤਕ ਫੜੇ ਨਹੀਂ ਗਏ ਹਨ। ਜਿਸ ਦੇ ਤਹਿਤ ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਭਾਜਪਾ ਨੂੰ ਸਵਾਲਾਂ ਦੇ ਘੇਰੇ ’ਚ ਲਿਆ ਹੈ।
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਭਾਜਪਾ ’ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਤਰਜੀਹ ਅਤਿਵਾਦੀਆਂ ਨੂੰ ਫੜਨਾ ਹੋਣੀ ਚਾਹੀਦੀ ਹੈ ਨਾ ਕਿ ਸੰਸਦ ਮੈਂਬਰਾਂ ਨੂੰ ਵਿਦੇਸ਼ਾਂ ਵਿਚ ਭੇਜਣ ਦੀ। ਉਨ੍ਹਾਂ ਕਿ ਅਤਿਵਾਦੀ ਅਜੇ ਵੀ ਜੰਮੂ-ਕਸ਼ਮੀਰ ਵਿਚ ਘੁੰਮ ਰਹੇ ਹਨ ਅਤੇ ਸਾਡੇ ਸਾਰੇ ਸੰਸਦ ਮੈਂਬਰ ਦੁਨੀਆਂ ਭਰ ਵਿਚ ਘੁੰਮ ਰਹੇ ਹਨ। ਜੈਰਾਮ ਨੇ ਕਿਹਾ, ਮੈਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਹਿਲਗਾਮ ਹਮਲੇ ਦੇ ਅਤਿਵਾਦੀ ਪਿਛਲੇ 18 ਮਹੀਨਿਆਂ ਵਿਚ ਤਿੰਨ ਹੋਰ ਅਤਿਵਾਦੀ ਹਮਲਿਆਂ ਲਈ ਜ਼ਿੰਮੇਵਾਰ ਹਨ।