ਚਾਨਣ ਦੀ ਬਾਤ/ਰਾਮ ਸਵਰਨ ਲੱਖੇਵਾਲੀ

ਦੂਰ ਪਹਾੜਾਂ ਤੋਂ ਆਉਂਦਾ ਨਿਰਮਲ ਜਲ। ਨਦੀ ਵਿੱਚ ਪੱਥਰਾਂ ਨਾਲ ਟਕਰਾਉਂਦਾ। ਛੱਲਾਂ ਬਣ-ਬਣ ਬਿਖਰਦਾ, ਮਸਤੀ ਨਾਲ ਵਹਿੰਦਾ। ਨਦੀ ਵਿੱਚੋਂ ਆਉਂਦੀ ਕਲ-ਕਲ ਦੀ ਆਵਾਜ਼ ਜੀਵਨ ਦਾ ਸਾਰ ਬਿਆਨਦੀ ਪ੍ਰਤੀਤ ਹੁੰਦੀ। ਜ਼ਿੰਦਗੀ ਵਿੱਚ ਪੈਰਾਂ ਸਿਰ ਹੋਣ ਲਈ ਰਵਾਨੀ ਦਾ ਹੋਣਾ ਜ਼ਰੂਰੀ ਹੁੰਦਾ। ਮੰਜ਼ਿਲ ਪਾਉਣ ਲਈ ਠੰਢੇ ਸੀਤ ਪਾਣੀ ਦੇ ਕਲਾਵੇ ਵਿੱਚ ਰਹਿੰਦੇ ਪੱਥਰਾਂ ਵਰਗਾ ਜਿਗਰਾ ਰੱਖਣਾ ਪੈਂਦਾ। ਪਾਣੀ ਦੇ ਵਹਿਣ ਵਾਂਗ ਤੁਰਦੀ ਜ਼ਿੰਦਗੀ ਦੀ ਸਫਲਤਾ ਦੇ ਦਰਾਂ ’ਤੇ ਦਸਤਕ ਦਿੰਦੀ। ਪੱਥਰਾਂ ’ਤੇ ਬੈਠ ਮਸਤੀ ਵਿੱਚ ਕਲੋਲਾਂ ਕਰਦੇ ਪੰਛੀ ਬਚਪਨ ਦੀ ਬੇਫਿਕਰੀ ਦੀ ਯਾਦ ਦਿਵਾਉਂਦੇ। ਪਹਾੜਾਂ ਨਾਲ ਖਹਿੰਦੀ ਵਹਿੰਦੀ ਨਦੀ ਜੀਵਨ ਪੰਧ ਦੀ ਤਸਵੀਰ ਜਾਪਦੀ।

ਨਦੀ ਦੇ ਨੀਰ ਉੱਪਰ ਛਾਂ ਬਣ ਖੜ੍ਹੇ ਹਰੇ ਕਚੂਰ ਰੁੱਖ ਆਪਣੇ ਰਿਸ਼ਤੇ ਦੀ ਸਾਂਝ ਨਿਭਾਉਂਦੇ ਨਜ਼ਰ ਆਏ। ਸਾਂਝ ਰਿਸ਼ਤਿਆਂ ਦਾ ਆਧਾਰ ਬਣਦੀ ਹੈ। ਮਾਂ ਬਾਪ, ਭੈਣ ਭਰਾ, ਮਾਸੀ, ਭੂਆ, ਚਾਚੀ, ਮਾਮਾ, ਨਾਨੀ ਜਿਹੇ ਰਿਸ਼ਤੇ ਜਿਊਣ ਦਾ ਬਲ ਬਣਦੇ। ਇਹ ਅਪਣੱਤ ਜ਼ਿੰਦਗੀ ਦੀ ਬੁੱਕਲ ਨੂੰ ਸਨੇਹ ਤੇ ਮੁਹੱਬਤ ਦਾ ਰੰਗ ਦਿੰਦੀ। ਰਿਸ਼ਤਿਆਂ ਦੀਆਂ ਤੰਦਾਂ ਮਜ਼ਬੂਤ ਕਰਦੀ। ਮਨ ਦੀ ਦਹਿਲੀਜ਼ ’ਤੇ ਸੁੱਚੀ ਸਾਂਝ ਦੀ ਦਸਤਕ ਦਿੰਦੀ। ਜਿਊਣ ਦਾ ਉਤਸ਼ਾਹ ਬਣਦੀ। ਰਿਸ਼ਤਿਆਂ ਦੀ ਅਜਿਹੀ ਛਾਂ ਮੁਸ਼ਕਿਲਾਂ ਦੀਆਂ ਧੁੱਪਾਂ ਝੱਲਣ ਦਾ ਹੌਸਲਾ ਬਣਦੀ। ਰਿਸ਼ਤਿਆਂ ਦੇ ਮੋਹ ’ਚ ਜਿਊਂਦਾ ਮਨੁੱਖ ਚੰਗੇਰੀ ਜੀਵਨ ਜਾਚ ਦਾ ਸਬਕ ਲੈਂਦਾ।

ਨਦੀ ਨਾਲ ਦੂਰ ਉੱਚੇ ਪਹਾੜ ਵੱਲ ਜਾਂਦੇ ਰਾਹ ਵੱਲ ਦੇਖਿਆ, ਸੌ ਵਲ ਵਿੰਗ ਖਾਂਦੇ ਰਾਹ ’ਤੇ ਕੋਈ ਵਿਰਲਾ ਟਾਵਾਂ ਰਾਹੀ ਨਜ਼ਰ ਆਇਆ। ਉਹ ਰਾਹ ਜੀਵਨ ਸਫ਼ਰ ਦਾ ਅਹਿਮ ਸਬਕ ਸਾਂਭੀ ਬੈਠਾ ਦਿਸਿਆ। ਔਖੇ ਰਾਹਾਂ ’ਤੇ ਚੱਲਣਾ ਹਰ ਮਨੁੱਖ ਦਾ ਅਹਿਦ ਨਹੀਂ ਹੁੰਦਾ। ਇਸ ਰਾਹ ’ਤੇ ਚੱਲਣ ਲਈ ਪੱਕਾ ਇਰਾਦਾ ਪਹਿਲਾ ਅਹਿਦ ਹੁੰਦਾ। ਸਿਦਕ, ਸਬਰ ਤੇ ਹੌਸਲੇ ਨਾਲ ਤੁਰਨ ਵਾਲੇ ਹੀ ਔਖੇ ਰਸਤਿਆਂ ’ਤੇ ਜਾਣ ਦਾ ਦਮ ਭਰਦੇ। ਉੱਦਮ ਤੇ ਉਤਸ਼ਾਹ ਉਨ੍ਹਾਂ ਦੇ ਸਾਬਤ ਕਦਮਾਂ ਦੀ ਰਵਾਨੀ ਬਣਦਾ। ਮੰਜ਼ਿਲ ਸਰ ਕਰਨ ਦੀ ਤਾਂਘ ਰਾਹ ਦੀਆਂ ਔਕੜਾਂ ਨਾਲ ਸਿੱਝਣ ਦਾ ਮੁਹਾਂਦਰਾ ਬਣਦੀ। ਅਜਿਹੇ ਰਾਹੀ ਅਸੰਭਵ ਨੂੰ ਸੰਭਵ ਕਰ ਮੰਜ਼ਿਲ ਦੇ ਮੱਥੇ ’ਤੇ ਤਖ਼ਤੀ ਲਾ ਕੇ ਵਾਪਸ ਮੁੜਦੇ।

ਰੁਕ-ਰੁਕ ਹੁੰਦੀ ਕਿਣ-ਮਿਣ ਨਾਲ ਅਠਖੇਲੀਆਂ ਕਰਦੀ ਠੰਢੀ ਮਿੱਠੀ ਹਵਾ, ਜ਼ਿੰਦਗੀ ਦੇ ਖ਼ੁਸ਼ਨੁਮਾ ਪਲਾਂ ਨੂੰ ਸਾਕਾਰ ਕਰਦੀ ਜਾਪੀ। ਖੁਸ਼ੀਆਂ ਦੇ ਅੰਬਰ ਵਿੱਚ ਪਰਵਾਜ਼ ਭਰਨ ਦੀ ਚਾਹ ਭਲਾ ਕਿਸ ਵਿੱਚ ਨਹੀਂ ਹੁੰਦੀ! ਖ਼ੁਸ਼ੀਆਂ ਜ਼ਿੰਦਗੀ ਦੇ ਰਾਹਾਂ ’ਤੇ ਫੁੱਲਾਂ ਦੀ ਖੁਸ਼ਬੋ ਵਾਂਗ ਹੁੰਦੀਆਂ। ਹਰ ਕੋਈ ਜ਼ਿੰਦਗੀ ਵਿੱਚ ਖੁਸ਼ੀ ਦੇ ਪਲ ਤਲਾਸ਼ਦਾ ਰਹਿੰਦਾ। ਮਨੁੱਖ ਜਨਮ, ਵਿਆਹ, ਨੌਕਰੀ ਤੇ ਨਵੇਂ ਮਕਾਨ ਦੀਆਂ ਖ਼ੁਸ਼ੀ ਨੂੰ ਸੰਗੀ ਸਨੇਹੀਆਂ ਨਾਲ ਰੱਜ ਕੇ ਮਾਣਦਾ ਨਜ਼ਰ ਆਉਂਦਾ। ਰਿਸ਼ਤਿਆਂ ਦੀਆਂ ਸਾਂਝਾਂ ਵਿੱਚੋਂ ਉਪਜੀ ਖੁਸ਼ੀਆਂ ਦੀ ਛਾਂ ਹੇਠ ਬੈਠਦਾ। ਜ਼ਿੰਦਗੀ ਦੇ ਰਾਹ ਰਸਤੇ ਤੁਰਦਿਆਂ ਮਿਲੀ ਸਫਲਤਾ ਖੁਸ਼ੀ ਦਾ ਹੁਲਾਰਾ ਦਿੰਦੀ। ਸਮਾਜ ਲਈ ਨਿਵੇਕਲਾ, ਚੰਗਾ ਕਰਨ ਦੀ ਖੁਸ਼ੀ ਅਨੂਠੀ ਹੁੰਦੀ ਜਿਸ ਵਿੱਚ ਸਭ ਦੀ ਸਾਂਝੀ ਖੁਸ਼ੀ ਦੀ ਮਹਿਕ ਹੁੰਦੀ।

ਠੰਢੇ ਮੌਸਮ ਵਿੱਚ ਸਵੇਰੇ ਪਹੁ ਫੁਟਾਲੇ ਨੇ ਧੁੰਦਲੀ ਝਲਕ ਦਿਖਾਈ। ਮੀਂਹ ਦੀਆਂ ਬੂੰਦਾਂ ਨੂੰ ਕਲਾਵੇ ਵਿੱਚ ਲਈ ਬੈਠੇ ਸੂਹੇ, ਬਸੰਤੀ ਫੁੱਲ ਸਵਾਗਤ ਕਰਦੇ ਨਜ਼ਰ ਆਏ। ਕੁਦਰਤ ਦੀ ਗੋਦ ਵਿੱਚ ਜੀ ਆਇਆਂ ਨੂੰ ਆਖਦੇ ਹੱਸਦੇ ਫੁੱਲ ਸਵੇਰ ਦਾ ਹਾਸਲ ਬਣੇ। ਜ਼ਿੰਦਗੀ ਦੇ ਸਫ਼ਰ ਵਿੱਚ ਸਵਾਗਤ ਖੁਸ਼ੀ ਤੇ ਮਾਣ ਦਾ ਰੂਪ ਹੁੰਦਾ। ਸੱਚੇ ਦਿਲੋਂ ਬਿਨਾਂ ਉਚੇਚ ਹੁੰਦਾ ਸਵਾਗਤ ਜ਼ਿੰਦਗੀ ਦੀ ਕਲਗੀ ਬਣਦਾ। ਬਹੁਤੀ ਵਾਰ ਇਹ ਰਸਮ, ਮਜਬੂਰੀ ਤੇ ਲਾਹਾ ਲੈਣ ਦੇ ਉਦੇਸ਼ ਨਾਲ ਹੁੰਦੀ। ਸਰਕਾਰੀ ਸਮਾਗਮਾਂ ਵਿੱਚ ਉੱਚ ਅਧਿਕਾਰੀਆਂ ਦੇ ਸਵਾਗਤ ਦੀ ਝਲਕ ਬਣੀ ਬਣਾਈ ਹੁੰਦੀ। ਝੁਕੀਆਂ ਨਜ਼ਰਾਂ ਨਾਲ ਖਿੜੇ ਫੁੱਲਾਂ ਦੇ ਹਾਰ ਫੜ ਤਾੜੀਆਂ ਮਾਰਦੇ ਮਾਯੂਸ ਚਿਹਰੇ। ਉਦਘਾਟਨ ਕਰਦੇ ਵਿਧਾਇਕਾਂ, ਮੰਤਰੀਆਂ ਦੇ ਸ਼ਾਹਾਨਾ ‘ਸਰਕਾਰੀ ਸਵਾਗਤ’ ਨਿੱਤ ਸੋਸ਼ਲ ਮੀਡੀਆ ਅਤੇ ਪ੍ਰੈੱਸ ਵਿੱਚ ਛਾਏ ਰਹਿੰਦੇ ਪਰ ਲੋਕ ਨਾਟਕਕਾਰਾਂ, ਲੇਖਕਾਂ, ਕਵੀਆਂ, ਪੱਤਰਕਾਰਾਂ ਤੇ ਜਨਤਕ ਆਗੂਆਂ ਦੇ ਲੋਕਾਂ ਵੱਲੋਂ ਆਪ ਮੁਹਾਰੇ ਕੀਤੇ ਜਾਂਦੇ ਸੱਚੇ ਸੁੱਚੇ ਜਨਤਕ ਸਵਾਗਤਾਂ ਦਾ ਕੋਈ ਸਾਨੀ ਨਹੀਂ ਹੁੰਦਾ।

ਸੁਹਾਵਣੇ ਮੌਸਮ ਵਿੱਚ ਹੇਠਲੀ ਵਾਦੀ ਵੱਲ ਉਤਰੇ। ਹੇਠਾਂ ਚੁਫ਼ੇਰਿਓਂ ਹਰੇ ਭਰੇ ਪਹਾੜਾਂ ਨਾਲ ਘਿਰਿਆ ਘਾਹ ਦਾ ਮੈਦਾਨ ਨਜ਼ਰ ਆਇਆ। ਕੁਦਰਤ ਦੀ ਗੋਦ ਵਿੱਚੋਂ ਆਉਂਦੀਆਂ ਪੰਛੀਆਂ ਦੀਆਂ ਮਨ ਮੋਂਹਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਮਿੱਠੇ ਬੋਲ ਦਿਲ ਦਿਮਾਗ ਤੇ ਖੁਸ਼ੀ ਦੀ ਦਸਤਕ ਦਿੰਦੇ ਜਾਪੇ। ਅਜਿਹੇ ਬੋਲਾਂ ਨਾਲ ਦਿਲ ਜਿੱਤੇ ਜਾਂਦੇ। ਇਹ ਬੋਲ ਹੀ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਂਦੇ। ਜ਼ਿੰਦਗੀ ਦਾ ਸੁਹਜ ਸਲੀਕਾ ਬਣ ਚੰਗੀ ਸੁਹਬਤ ਵਿੱਚ ਬਿਠਾਉਂਦੇ। ਇਹ ਹੋਰਨਾਂ ਦਿਲਾਂ ਵਿੱਚ ਅਪਣੱਤ ਬਣ ਬੈਠਦੇ। ਬੋਲ ਬਾਣੀ ਮਨੁੱਖ ਦੀ ਪਛਾਣ ਬਣਦੀ। ਜ਼ਿੰਦਗੀ ਦਾ ਇਹ ਸੁਹਜ ਸ਼ਿਕਵੇ ਸ਼ਿਕਾਇਤਾਂ ਨੂੰ ਨਿਬੇੜਨ ਦਾ ਆਧਾਰ ਬਣਦਾ।

ਹਨੇਰਾ ਪਸਰੇ ਤੋਂ ਪਹਾੜ ਦੀ ਚੋਟੀ ਤੇ ਚਾਨਣ ਨਾਲ ਭਰਿਆ ਪਹਾੜੀ ਘਰ ਅੱਖਾਂ ਦਾ ਨੂਰ ਬਣਿਆ ਜਿਸ ਦੀਆਂ ਕਿਰਨਾਂ ਦੂਰ ਤੱਕ ਰੌਸ਼ਨੀ ਵੰਡਦੀਆਂ ਨਜ਼ਰ ਆਈਆਂ। ਇਹੋ ਚਾਨਣ ਦਾ ਕਰਮ ਹੁੰਦਾ। ਜਿਊਣ ਦਾ ਵੀ ਮਕਸਦ ਹੁੰਦਾ। ਚਾਨਣ ਬਣ ਬਿਖਰਨਾ। ਚੇਤਨਾ ਦੀ ਲੋਅ ਬਣ ਜਗਣਾ। ਜ਼ਿੰਦਗੀ, ਸਮਾਜ ਤੇ ਦੇਸ਼ ਨੂੰ ਖੁਸ਼ਹਾਲੀ ਦੇ ਚਾਨਣ ਨਾਲ ਭਰਨਾ। ਸਵੇਰੇ ਵਾਪਸੀ ’ਤੇ ਪਹਾੜੀਆਂ ਵਿੱਚੋਂ ਉਗਮਦਾ ਸੂਰਜ ਹਰੇ ਭਰੇ ਰੁੱਖਾਂ, ਫੁੱਲ, ਬੂਟਿਆਂ ਤੇ ਕਲ-ਕਲ ਵਹਿੰਦੀ ਨਦੀ ਨੂੰ ਰੁਸ਼ਨਾਉਂਦਾ ਨਜ਼ਰ ਆਇਆ। ਸੁਨਿਹਰੀ ਕਿਰਨਾਂ ਰੰਗੇ ਆਸਮਾਨ ਵਿੱਚ ਉਡਾਣ ਭਰਦੇ ਪੰਛੀਆਂ ਵੱਲੋਂ ਫਿਜ਼ਾ ਵਿੱਚ ਪਾਈ ‘ਚਾਨਣ ਦਾ ਬਾਤ’ ਸੁਣਦਾ ਹਾਂ।

ਸਾਂਝਾ ਕਰੋ

ਪੜ੍ਹੋ

ਚਾਨਣ ਦੀ ਬਾਤ/ਰਾਮ ਸਵਰਨ ਲੱਖੇਵਾਲੀ

ਦੂਰ ਪਹਾੜਾਂ ਤੋਂ ਆਉਂਦਾ ਨਿਰਮਲ ਜਲ। ਨਦੀ ਵਿੱਚ ਪੱਥਰਾਂ ਨਾਲ...