
ਚੰਡੀਗੜ੍ਹ, 21 ਮਈ – ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਪ੍ਰਾਪਰਟੀ ਟੈਕਸ ਭਰਨ ਦਾ ਸਮਾਂ 31 ਜੁਲਾਈ ਤੱਕ ਵਧਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਏ ਗਏ ਉਪਰੋਕਤ ਫੈਸਲੇ ਦੀ ਸ਼ਲਾਘਾ ਕਰਦਿਆਂ ਨਗਰ ਕੌਂਸਲ ਬਾਘਾ ਪੁਰਾਣਾ ਦੀ ਪ੍ਰਧਾਨ ਸੋਨੀਆ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਸਮੁੱਚੇ ਬਾਘਾ ਪੁਰਾਣਾ ਵਾਸੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ, ਸਾਲ 2013-14 ਤੋਂ ਲੈ ਕੇ 2024-25 ਤੱਕ ਦਾ ਇਕਮੁਸ਼ਤ ਪ੍ਰਾਪਰਟੀ ਟੈਕਸ 31 ਜੁਲਾਈ ਤੱਕ ਅਦਾ ਕਰਨ ‘ਤੇ ਜੁਰਮਾਨਾ ਅਤੇ ਵਿਆਜ ਮੁਆਫ਼ ਕਰ ਦਿੱਤਾ ਗਿਆ ਹੈ, ਇਸ ਲਈ ਸਾਰਿਆਂ ਨੂੰ ਆਪਣਾ ਬਣਦਾ ਪ੍ਰਾਪਰਟੀ ਟੈਕਸ 31 ਜੁਲਾਈ ਤੱਕ ਅਦਾ ਕਰਨਾ ਚਾਹੀਦਾ ਹੈ। 31 ਅਕਤੂਬਰ 2025 ਤੱਕ ਭੁਗਤਾਨ ਕਰਨ ‘ਤੇ ਜੁਰਮਾਨੇ ਅਤੇ ਵਿਆਜ ‘ਤੇ 50 ਪ੍ਰਤੀਸ਼ਤ ਛੋਟ ਦਿੱਤੀ ਜਾਵੇਗੀ। 30 ਅਕਤੂਬਰ 2025 ਤੋਂ ਪਹਿਲਾਂ ਸਾਲ 2025-26 ਲਈ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ‘ਤੇ 10 ਪ੍ਰਤੀਸ਼ਤ ਛੋਟ ਦਿੱਤੀ ਜਾਵੇਗੀ।
ਇਸ ਲਈ, ਇਹ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ, ਸਰਕਾਰ ਵੱਲੋਂ ਜੁਰਮਾਨੇ ਅਤੇ ਵਿਆਜ ‘ਤੇ ਦਿੱਤੀ ਗਈ ਛੋਟ ਦੇ ਨਾਲ-ਨਾਲ 10 ਪ੍ਰਤੀਸ਼ਤ ਛੋਟ ਦਾ ਲਾਭ ਜ਼ਰੂਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, 31 ਅਕਤੂਬਰ 2025 ਤੋਂ ਬਾਅਦ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ‘ਤੇ, ਇਹ ਟੈਕਸ ਜੁਰਮਾਨੇ ਅਤੇ ਵਿਆਜ ਸਮੇਤ ਵਸੂਲਿਆ ਜਾਵੇਗਾ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।