
ਪਾਕਿਸਤਾਨ ਦੇ ਥੋਪੇ ਹੋਏ ਅੱਤਵਾਦ ਦਾ ਪੂਰੀ ਦ੍ਰਿੜ੍ਹਤਾ ਨਾਲ ਜਵਾਬ ਦੇਣ ਦੀ ਭਾਰਤ ਦੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਰੂਪ ਵਿਚ ਜਵਾਬੀ ਪ੍ਰਤੀਕਿਰਿਆ ਦਾ ਨਵਾਂ ਦਿਸਹੱਦਾ ਸਥਾਪਤ ਕੀਤਾ ਹੈ। ਮਕਬੂਜ਼ਾ ਕਸ਼ਮੀਰ ਤੋਂ ਲੈ ਕੇ ਪਾਕਿਸਤਾਨ ਦੇ ਅੰਦਰੂਨੀ ਇਲਾਕਿਆਂ ਵਿਚ ਕੀਤੇ ਗਏ ਸਟੀਕ ਹਮਲੇ ਪਾਕਿਸਤਾਨ ’ਤੇ ਬੇਹੱਦ ਕਰਾਰੀ ਚੋਟ ਹਨ। ਇਸ ਨੇ ਭਾਰਤ ਦੀਆਂ ਫ਼ੌਜੀ ਸਮਰੱਥਾਵਾਂ ਨੂੰ ਵੀ ਰੇਖਾਂਕਿਤ ਕਰ ਦਿੱਤਾ ਹੈ। ਇਸ ਦੇ ਬਾਵਜੂਦ ਲੱਗਦਾ ਨਹੀਂ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਆਵੇਗਾ।
ਇਸ ਲਈ ਭਵਿੱਖ ਵਿਚ ਕਿਸੇ ਫ਼ੈਸਲਾਕੁੰਨ ਜਾਂ ਵੱਡੇ ਟਕਰਾਅ ਲਈ ਢੁੱਕਵੀਂ ਤਿਆਰੀ ਹੁਣ ਤੋਂ ਹੀ ਕਰਨੀ ਜ਼ਰੂਰੀ ਹੋ ਗਈ ਹੈ। ਭਾਰਤ ਨੂੰ ਹਰ ਸੰਭਵ ਪੱਧਰ ’ਤੇ ਪਾਕਿਸਤਾਨ ਦੀ ਘੇਰਾਬੰਦੀ ਸ਼ੁਰੂ ਕਰਨੀ ਹੋਵੇਗੀ। ਫ਼ੌਜੀ ਸੰਚਾਲਨ ਦੀ ਦ੍ਰਿਸ਼ਟੀ ਨਾਲ ਆਪ੍ਰੇਸ਼ਨ ਸਿੰਧੂਰ ਸਫਲ ਰਿਹਾ ਪਰ ਇਸ ਦੌਰਾਨ ਆਲਮੀ ਕੂਟਨੀਤਕ ਪ੍ਰਤੀਕਿਰਿਆ ਉਤਸ਼ਾਹ ਵਧਾਊ ਨਹੀਂ ਰਹੀ। ਚੀਨ ਆਪਣੇ ਸਦਾਬਹਾਰ ਦੋਸਤ ਪਾਕਿਸਤਾਨ ਦੇ ਪੱਖ ਵਿਚ ਖੜ੍ਹਾ ਰਿਹਾ। ਤੁਰਕੀ ਤੇ ਅਜ਼ਰਬਾਈਜਾਨ ਨੇ ਵੀ ਅਜਿਹਾ ਹੀ ਕੀਤਾ। ਅਮਰੀਕਾ ਨੇ ਦੋਵਾਂ ਧਿਰਾਂ ਨਾਲ ਸੰਤੁਲਨ ਸੇਧਣ ਦਾ ਅਸਪਸ਼ਟ ਰੁਖ਼ ਅਪਣਾਇਆ ਜੋ ਮਗਰੋਂ ਪਾਕਿਸਤਾਨ ਦੇ ਪੱਖ ਵਿਚ ਭੁਗਤਦਾ ਹੋਇਆ ਦਿਖਾਈ ਦੇ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ-ਪਾਕਿ ਜੰਗਬੰਦੀ ਤੋਂ ਬਾਅਦ ਜਿਹੋ ਜਿਹੀ ਬਿਆਨਬਾਜ਼ੀ ਕਰ ਰਹੇ ਹਨ ਤੇ ਭਾਰਤ ਵਿਰੋਧੀ ਫ਼ੈਸਲਾ ਲੈ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਭਾਰਤ ਦੀ ਚਿੰਤਾ ਵਧਣੀ ਸੁਭਾਵਿਕ ਹੈ।
ਟਰੰਪ ਪਾਕਿਸਤਾਨ ’ਤੇ ਮਿਹਰਬਾਨ ਹੋਣ ਦਾ ਕੋਈ ਵੀ ਮੌਕਾ ਨਹੀਂ ਗੁਆ ਰਹੇ। ਅਮਰੀਕਾ ਦੀ ਚੜ੍ਹਤ ਵਾਲੇ ਆਈਐੱਮਐੱਫ ਤੋਂ ਉਸ ਨੂੰ ਮਣਾਂ-ਮੂੰਹੀਂ ਕਰਜ਼ਾ ਦਿਵਾਉਣਾ, ਐਪਲ ਕੰਪਨੀ ਦੇ ਸੀਈਓ ਨੂੰ ਭਾਰਤ ਵਿਚ ਕਾਰੋਬਾਰੀ ਯੋਜਨਾਵਾਂ ਤੇ ਨਿਵੇਸ਼ ਸੀਮਤ ਕਰਨ ਲਈ ਕਹਿਣਾ ਅਤੇ ਹੋਰ ਵੀ ਕਈ ਅਜਿਹੇ ਫ਼ੈਸਲੇ ਇਹ ਸਿੱਧ ਕਰਦੇ ਹਨ ਕਿ ਅਮਰੀਕਾ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਸ ਲਈ ਆਪਣੇ ਹਿੱਤ ਹੀ ਸਭ ਕੁਝ ਹਨ। ਇਸ ਲਈ ਭਾਰਤ ਨੂੰ ਅਮਰੀਕਾ ਤੇ ਟਰੰਪ ਤੋਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਆਪਣੇ ਹਿੱਤਾਂ ਨਾਲ ਕੋਈ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ।
ਯੂਰਪੀ ਸੰਘ ਨੇ ਵੀ ਇਸ ਫ਼ੌਜੀ ਸੰਘਰਸ਼ ਨੂੰ ਸਿਰਫ਼ ਕਸ਼ਮੀਰ ਮੁੱਦੇ ਦੇ ਸੀਮਤ ਦ੍ਰਿਸ਼ਟੀਕੋਣ ਨਾਲ ਦੇਖਿਆ ਅਤੇ ਪਾਕਿਸਤਾਨ ਦੇ ਅੱਤਵਾਦੀ ਢਾਂਚੇ ਦੀ ਅਣਦੇਖੀ ਕੀਤੀ। ਭਾਰਤ ਸਿਰਫ਼ ਪਾਕਿਸਤਾਨ ਨਾਲ ਨਹੀਂ ਲੜ ਰਿਹਾ ਸੀ, ਬਲਕਿ ਇਕ ਵਿਆਪਕ ਗੱਠਜੋੜ ਨਾਲ ਜੂਝ ਰਿਹਾ ਸੀ ਜੋ ਭਾਰਤ ਦੇ ਵਧਦੇ ਕੱਦ ਅਤੇ ਆਤਮ-ਵਿਸ਼ਵਾਸ ਨੂੰ ਆਪਣੇ ਹਿੱਤਾਂ ਲਈ ਖ਼ਤਰਾ ਮੰਨਦਾ ਹੈ। ਇਹ ਖ਼ਦਸ਼ਾ ਤਦ ਸਾਫ਼ ਉੱਭਰਿਆ ਜਦ ਭਾਰਤ ਨੇ ਤੇਜ਼, ਤਾਲਮੇਲ ਨਾਲ ਮਿੱਥੇ ਟੀਚਿਆਂ ’ਤੇ ਹਮਲੇ ਕਰਦੇ ਹੋਏ ਪਾਕਿਸਤਾਨ ਦੇ ਕਈ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰਨ ਦੇ ਨਾਲ ਹੀ ਉਸ ਦੇ ਡਿਫੈਂਸ ਸਿਸਟਮ ਨੂੰ ਨਕਾਰਾ ਬਣਾ ਦਿੱਤਾ।
ਪੱਛਮੀ ਤਾਕਤਾਂ ਖ਼ਾਸ ਤੌਰ ’ਤੇ ਅਮਰੀਕਾ ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ ਨੂੰ ਮਜ਼ਬੂਤ ਬਣਾਉਣਾ ਚੀਨ ਦੇ ਵਿਸਥਾਰਵਾਦ ਨੂੰ ਸੰਤੁਲਿਤ ਕਰਨ ਦੇ ਲਿਹਾਜ਼ ਨਾਲ ਉਸ ਦੇ ਰਣਨੀਤਕ ਹਿੱਤਾਂ ਦੇ ਅਨੁਰੂਪ ਹੈ। ਬਦਕਿਸਮਤੀ ਨਾਲ ਅਮਰੀਕਾ ਦਾ ਪ੍ਰਤੀਕਰਮ ਇਹੀ ਦਰਸਾਉਂਦਾ ਹੈ ਕਿ ਉਹ ਭਾਰਤ ਨੂੰ ਖੁੱਲ੍ਹ ਕੇ ਸਮਰਥਨ ਦੇਣ ਤੋਂ ਝਿਜਕ ਰਿਹਾ ਹੈ। ਇਹ ਨਜ਼ਰੀਆ ਸਹੀ ਨਹੀਂ ਹੈ। ਅਜਿਹੇ ਵਿਚ ਭਾਰਤ ਨੂੰ ਆਲਮੀ ਵਿਚਾਰ-ਚਰਚਾ ਦੀ ਦਿਸ਼ਾ ਬਦਲਣ ਦਾ ਯਤਨ ਕਰਨਾ ਚਾਹੀਦਾ ਹੈ।
ਦੁਨੀਆ ਨੂੰ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਭਾਰਤ-ਪਾਕਿਸਤਾਨ ਟਕਰਾਅ ਸਿਰਫ਼ ਕਸ਼ਮੀਰ ਦੀ ਖੇਤਰੀ ਲੜਾਈ ਨਹੀਂ ਬਲਕਿ ਕਿਸੇ ਮੁਲਕ ਦੇ ਪ੍ਰਾਯੋਜਿਤ ਅੱਤਵਾਦ ਵਿਰੁੱਧ ਇਕ ਫ਼ੈਸਲਾਕੁੰਨ ਜੰਗ ਹੈ। ਪਾਕਿਸਤਾਨ ਅੱਜ ਵੀ ਜਹਾਦੀ ਵਿਚਾਰਧਾਰਾ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਦਾ ਅਸਰ 9/11 ਹਮਲੇ, ਲੰਡਨ ਬੰਬ ਧਮਾਕਿਆਂ, ਮੈਡਰਿਡ ਟਰੇਨ ਹਮਲੇ ਵਰਗੀਆਂ ਆਲਮੀ ਘਟਨਾਵਾਂ ਵਿਚ ਦੇਖਿਆ ਗਿਆ। ਇਹ ਘਟਨਾਵਾਂ ਸਬੂਤ ਹਨ ਕਿ ਪਾਕਿਸਤਾਨੀ ਫ਼ੌਜ-ਆਈਐੱਸਆਈ ਪੋਸ਼ਿਤ ਅੱਤਵਾਦੀ ਨੈੱਟਵਰਕ ਵਿਸ਼ਵ ਪੱਧਰ ’ਤੇ ਫੈਲ ਗਿਆ ਹੈ। ਭਾਰਤ ਨੂੰ ਪੱਛਮ ਨੂੰ ਸਪਸ਼ਟ ਤੌਰ ’ਤੇ ਇਹ ਦੱਸਣਾ ਹੋਵੇਗਾ ਕਿ ਕਸ਼ਮੀਰ ਹਜ਼ਾਰਾਂ ਸਾਲਾਂ ਤੋਂ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਅਟੁੱਟ ਅੰਗ ਰਿਹਾ ਹੈ।
ਭਾਰਤ ਪਾਕਿਸਤਾਨ ਦੀ ਤਰ੍ਹਾਂ ਦੋ-ਰਾਸ਼ਟਰ ਸਿਧਾਂਤ ’ਤੇ ਆਧਾਰਤ ਨਾ ਹੋ ਕੇ ਇਕ ਜਿਉਂਦਾ-ਜਾਗਦਾ, ਬਹੁਲਤਾਵਾਦੀ ਅਤੇ ਵੰਨ-ਸੁਵੰਨਤਾ ਨਾਲ ਭਰਪੂਰ ਲੋਕਤੰਤਰ ਹੈ ਜਿਸ ਨੂੰ ਫ਼ਿਰਕੂ ਹੱਦਬੰਦੀਆਂ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਇਹ ਇਤਿਹਾਸਕ ਅਤੇ ਸੰਸਕ੍ਰਿਤਕ ਸੰਦਰਭ ਆਲਮੀ ਮੰਚਾਂ ’ਤੇ ਵਾਰ-ਵਾਰ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਿ ਪਾਕਿਸਤਾਨ ਅਤੇ ਉਸ ਦੇ ਹਮਾਇਤੀ ਮੁਲਕਾਂ ਦੇ ਕੂੜ-ਪ੍ਰਚਾਰ ਦਾ ਮੁਕਾਬਲਾ ਕੀਤਾ ਜਾ ਸਕੇ।
ਸਾਨੂੰ ਸਰਗਰਮ ਤੌਰ ’ਤੇ ਕਾਊਂਟਰ ਪ੍ਰਾਪੇਗੰਡਾ ਮੁਹਿੰਮ ਚਲਾਉਣੀ ਹੋਵੇਗੀ ਤਾਂ ਕਿ ਕਸ਼ਮੀਰ ਨੂੰ ਲੈ ਕੇ ਪੱਛਮੀ ਨਜ਼ਰੀਆ ਬਦਲੇ। ਫ਼ੌਜੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਪਹਿਲਗਾਮ ਅੱਤਵਾਦੀ ਹਮਲੇ ਅਤੇ ਉਸ ਦੇ ਜਵਾਬ ਵਿਚ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਹੁਣ ਕਿਸੇ ਤਰ੍ਹਾਂ ਦੀ ਢਿੱਲ ਦੀ ਗੁੰਜਾਇਸ਼ ਨਹੀਂ ਛੱਡੀ ਜਾ ਸਕਦੀ। ਹੁਣ ਜੰਗ ਕੇਵਲ ਰਵਾਇਤੀ ਮੁਹਾਜ਼ਾਂ ਤੱਕ ਸੀਮਤ ਨਹੀਂ ਰਹਿ ਗਈ ਹੈ। ਤਕਨੀਕੀ ਸ੍ਰੇਸ਼ਠਤਾ ਫ਼ੈਸਲਾਕੁੰਨ ਬਣ ਚੁੱਕੀ ਹੈ। ਫ਼ੌਜੀ ਤਕਨੀਕ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਾਨਵ ਰਹਿਤ ਪ੍ਰਣਾਲੀਆਂ ਨੂੰ ਸਮਝਣਾ ਜ਼ਰੂਰੀ ਹੈ। ਹੁਣ ਕਿਸੇ ਪੱਧਰ ’ਤੇ ਕੋਈ ਢਿੱਲ ਨਹੀਂ ਚੱਲੇਗੀ।
ਜ਼ਮੀਨੀ ਖ਼ੁਫ਼ੀਆ ਤੰਤਰ ਤੋਂ ਨਿਰੰਤਰ ਫੀਡਬੈਕ, ਮਜ਼ਬੂਤ ਸਾਈਬਰ ਸੁਰੱਖਿਆ ਢਾਂਚਾ ਅਤੇ ਤੇਜ਼ ਪ੍ਰਤੀਕਰਮ ਤੰਤਰ ਨੂੰ ਅਪਣਾਉਣਾ ਹੋਵੇਗਾ। ਚੀਨ-ਤੁਰਕੀ-ਪਾਕਿਸਤਾਨ ਤਿੱਕੜੀ ਦੀ ਕਾਟ ਲਈ ਭਾਰਤ ਨੂੰ ਹਥਿਆਰਾਂ ਅਤੇ ਫ਼ੌਜੀ ਸਿਧਾਂਤਾਂ ਵਿਚ ਫ਼ੈਸਲਾਕੁੰਨ ਚੜ੍ਹਤ ਬਣਾਈ ਰੱਖਣੀ ਹੋਵੇਗੀ।
ਉੱਨਤ ਤਕਨੀਕ, ਮਜ਼ਬੂਤ ਲਾਜਿਸਟਿਕਸ ਅਤੇ ਫ਼ੌਜਾਂ ਵਿਚਾਲੇ ਆਪਸੀ ਤਾਲਮੇਲ ਲਾਜ਼ਮੀ ਹੈ। ਭਾਵੇਂ ਹੀ ਪਾਕਿਸਤਾਨ ਫ਼ੌਜੀ ਤੌਰ ’ਤੇ ਕਮਜ਼ੋਰ ਦਿਸ ਰਿਹਾ ਹੋਵੇ ਪਰ ਚੀਨ, ਤੁਰਕੀ ਦੇ ਸਮਰਥਨ ਅਤੇ ਪੱਛਮ ਦੀ ਢਿੱਲ ਕਾਰਨ ਉਹ ਆਪਣੀਆਂ ਹਰਕਤਾਂ ਤੋਂ ਸ਼ਾਇਦ ਹੀ ਬਾਜ਼ ਆਵੇ। ਸੀਮਾ ਸੁਰੱਖਿਆ ਬਲ ਯਾਨੀ ਬੀਐੱਸਐੱਫ ਵਰਗੇ ਸੰਗਠਨ ਸ਼ਾਂਤੀ ਕਾਲ ਵਿਚ ਆਪਣੀ ਭੂਮਿਕਾ ਭਲੀਭਾਂਤ ਨਿਭਾਉਂਦੇ ਹਨ ਪਰ ਹੁਣ ਉਨ੍ਹਾਂ ਨੂੰ ਜੰਗੀ ਬਲ ਦੇ ਰੂਪ ਵਿਚ ਵਿਕਸਤ ਕਰਨਾ ਹੋਵੇਗਾ ਜੋ ਸੰਕਟ ਦੀ ਸਥਿਤੀ ਵਿਚ ਮੋਰਚਾ ਸੰਭਾਲ ਸਕੇ। ਇਸ ਵਾਸਤੇ ਆਰਟਿਲਰੀ ਸਪੋਰਟ, ਡ੍ਰੋਨ ਅਤੇ ਐਂਟੀ ਡ੍ਰੋਨ ਤਕਨੀਕ ਅਤੇ ਇਲੈਕਟ੍ਰਾਨਿਕ ਜੰਗ ਸਮਰੱਥਾਵਾਂ ਤੱਕ ਬੀਐੱਸਐੱਫ ਦੀ ਪਹੁੰਚ ਵਧਾਉਣੀ ਹੋਵੇਗੀ।
ਇਸ ਕ੍ਰਮ ਵਿਚ ਸਿਖਲਾਈ ਪ੍ਰੋਗਰਾਮਾਂ ਦਾ ਨਵੀਨੀਕਰਨ ਅਤੇ ਫ਼ੌਜ ਨਾਲ ਨਿਯਮਤ ਸੰਯੁਕਤ ਅਭਿਆਸ ਵੀ ਜ਼ਰੂਰੀ ਹੈ। ਅੰਦਰੂਨੀ ਸੁਰੱਖਿਆ ਚੁਣੌਤੀਆਂ ਵੀ ਗੰਭੀਰ ਹਨ। ਇਨ੍ਹਾਂ ’ਚ ਸਭ ਤੋਂ ਚਿੰਤਾਜਨਕ ਬੰਗਲਾਦੇਸ਼ ਤੋਂ ਗ਼ੈਰ-ਕਾਨੂੰਨੀ ਘੁਸਪੈਠ ਹੈ। ਘੁਸਪੈਠੀਆਂ ਦੀ ਵਧਦੀ ਗਿਣਤੀ ਨਾ ਸਿਰਫ਼ ਸਥਾਨਕ ਸੋਮਿਆਂ ’ਤੇ ਬੋਝ ਪਾ ਰਹੀ ਹੈ ਬਲਕਿ ਸਰਹੱਦੀ ਸੰਵੇਦਨਸ਼ੀਲ ਸੂਬਿਆਂ ਦੇ ਵਸੋਂ ਸੰਤੁਲਨ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਇਹ ਸਮਾਜਿਕ ਅਤੇ ਸੁਰੱਖਿਆ, ਦੋਵੇਂ ਨਜ਼ਰੀਆਂ ਤੋਂ ਖ਼ਤਰਾ ਹੈ। ਇਸ ਲਈ ਰਾਸ਼ਟਰੀ ਨਾਗਰਿਕ ਰਜਿਸਟਰ ਯਾਨੀ ਐੱਨਆਰਸੀ ਨੀਤੀ ਜ਼ਰੂਰੀ ਹੀ ਨਹੀਂ ਸਗੋਂ ਲਾਜ਼ਮੀ ਹੋ ਗਈ ਹੈ।
ਇਸ ਦੇ ਨਾਲ ਹੀ ਸਾਨੂੰ ਇਕਜੁੱਟਤਾ, ਰਾਸ਼ਟਰ ਗੌਰਵ ਅਤੇ ਦੇਸ਼ ਭਗਤੀ ਵਰਗੀਆਂ ਕਦਰਾਂ-ਕੀਮਤਾਂ ਨੂੰ ਲਗਾਤਾਰ ਹੱਲਾਸ਼ੇਰੀ ਦੇਣੀ ਹੋਵੇਗੀ। ਫੇਕ ਨਿਊਜ਼, ਨਫ਼ਰਤੀ ਬਿਆਨਾਂ ਅਤੇ ਭਰਮਾਊ ਸੂਚਨਾਵਾਂ ਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਭਾਰਤ ਇਸ ਸਮੇਂ ਆਪਣੀ ਸੁਰੱਖਿਆ ਯਾਤਰਾ ਦੇ ਮਹੱਤਵਪੂਰਨ ਮੋੜ ’ਤੇ ਖੜ੍ਹਾ ਹੈ। ਆਪ੍ਰੇਸ਼ਨ ਸਿੰਧੂਰ ਇਕ ਅੰਤਿਮ ਯੁੱਧ ਨਹੀਂ ਬਲਕਿ ਭਾਰਤ ਦੀਆਂ ਸਮਰੱਥਾਵਾਂ, ਇੱਛਾ ਸ਼ਕਤੀ ਅਤੇ ਰਣਨੀਤਕ ਕੌਸ਼ਲ ਦੀ ਜੈ-ਜੈਕਾਰ ਹੈ।