
ਨਵੀਂ ਦਿੱਲੀ, 21 ਮਈ – ਆਧੁਨਿਕ ਯੁੱਗ ਵਿਚ ਸੈਮੀਕੰਡਕਟਰਾਂ ਤੇ ਤਕਨਾਲੋਜੀ ਦੀ ਬਹੁਤ ਮਹੱਤਤਾ ਹੈ। 21ਵੀਂ ਸਦੀ ਤਕਨਾਲੋਜੀ ਦੀ ਸਦੀ ਹੈ। ਸੈਮੀਕੰਡਕਟਰ, ਇਲੈਕਟ੍ਰਾਨਿਕ ਚਿੱਪਾਂ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਦੀਆਂ ਹਨ। ਸੈਮੀਕੰਡਕਟਰ ਦੀ ਸੰਚਾਰ, ਮਨੋਰੰਜਨ, ਆਵਾਜਾਈ, ਸਿਹਤ, ਸੋਲਰ ਲਾਈਟਾਂ ’ਚ ਵਰਤੋਂ ਹੁੰਦੀ ਹੈ। ਇਲੈਕਟ੍ਰਾਨਿਕ ਪੁਰਜਿਆਂ ਤੇ ਸੈਮੀਕੰਡਕਟਰਾਂ ’ਚ ਸਿਲੀਕਾਨ ਦੀ ਵਰਤੋਂ ਹੁੰਦੀ ਹੈ। ਆਧੁਨਿਕ ਇਲੈਕਟ੍ਰਾਨਿਕਸ ’ਚ ਇੰਟੀਗ੍ਰੇਟਿਡ ਸਰਕਟ (ਆਈਸੀ) ਵਰਤੇ ਜਾਂਦੇ ਹਨ। ਸੈਮੀਕੰਡਕਟਰ ਚਿੱਪਾਂ ਸਾਰੇ ਇਲੈਕਟ੍ਰਾਨਿਕ ਉਪਕਰਨਾਂ ’ਚ ਹੁੰਦੀਆਂ ਹਨ। ਇਸ ਦਾ ਆਕਾਰ ਨੈਨੋਮੀਟਰ ’ਚ ਹੁੰਦਾ ਹੈ ਤੇ ਇਹ ਉਦਯੋਗ ਵੱਧ ਰਿਹਾ ਹੈ। ਭਾਰਤ ’ਚ IC ਮੈਨੂਫੈਕਚਿਰੰਗ ਯੂਨਿਟ ਲਗਾਏ ਜਾ ਰਹੇ ਹਨ। ਭਾਰਤ ਸੈਮੀਕੰਡਕਟਰ ’ਚ ਵਿਸ਼ਵ ਸ਼ਕਤੀ ਤੇ ਨਿਰਮਾਣ ਦਾ ਪ੍ਰਮੁੱਖ ਕੇਂਦਰ ਬਣਨ ਜਾ ਰਿਹਾ ਹੈ।
ਦੁਨੀਆ ਨੂੰ ਚਿੱਪਾਂ ਪ੍ਰਦਾਨ ਕਰਨਗੇ ਪੰਜ ਪਲਾਂਟ
2024-25 ਦੇ ਬਜਟ ’ਚ ਸੈਮੀਕੰਡਕਟਰ ਮਿਸ਼ਨ ਲਈ 6903 ਕਰੋੜ ਰੁਪਏ ਰੱਖ ਗਏ ਹਨ। ਸਾਲ 2026 ਤਕ ਭਾਰਤ ਦੀ ਸੈਮੀਕੰਡਕਟਰ ਮਾਰਕੀਟ 63 ਬਿਲੀਅਨ ਡਾਲਰ ਹੋਣ ਦੀ ਉਮੀਦ ਹੈ। ਇਸ ਉਦਯੋਗ ’ਚ 1.25 ਲੱਖ ਕਰੋੜ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ। ਆਲਮੀ ਸੈਮੀਕੰਡਕਟਰ ਦੀ ਪਹਿਲ ਵਾਲਾ ਭਾਰਤ 8ਵਾਂ ਦੇਸ਼ ਹੈ। ਭਾਰਤ ਵਿਚ ਪੰਜ ਪਲਾਂਟ ਦੇਸ਼ ’ਚ ਬਣੀਆਂ ਚਿੱਪਾਂ ਦੁਨੀਆ ਨੂੰ ਪ੍ਰਦਾਨ ਕਰਨਗੇ, ਜਿਨ੍ਹਾਂ ਵਿਚ ਗੁਜਰਾਤ ’ਚ ਦੋ (ਧੋਲੇਰਾ ਅਤੇ ਸਾਨੰਦ), ਆਸਾਮ (ਮੋਰੀਗਾਉਂ) ’ਚ ਟਾਟਾ ਦਾ ਸੈਮੀਕੰਡਕਟਰ ਯੂਨਿਟ ਸ਼ਾਮਿਲ ਹਨ। ਟਾਟਾ ਪਲਾਂਟ ਤੋਂ ਪਹਿਲੀ ਚਿਪ ਦਸੰਬਰ 2026 ਤਕ ਬਣ ਕੇ ਬਾਹਰ ਆਵੇਗੀ। ਅਸਾਮ ’ਚ ਬਣੀ ਚਿਪ ਸ਼ੁੱਧ ਭਾਰਤੀ ਤਕਨੀਕ ਨਾਲ ਬਣੇਗੀ।
ਡਿਜੀਟਲ ਕ੍ਰਾਂਤੀ ਵੱਲ ਵੱਧ ਰਿਹਾ ਦੇਸ਼
ਭਾਰਤ ਮੋਬਾਈਲਾਂ ਦੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਤੇ ਨਿਰਯਾਤ ਦੇਸ਼ ਹੈ। ਭਾਰਤ 5ਜੀ ਹੈਂਡਸੈਟਾਂ ਦੀ ਦੂਜੀ ਸਭ ਤੋਂ ਵੱਡੀ ਮੰਡੀ ਹੈ। ਭਾਰਤ ਵਿਚ 114 ਕਰੋੜ ਤੋਂ ਵੱਧ ਲੋਕ ਮੋਬਾਈਲ ਦੀ ਵਰਤੋਂ ਕਰਦੇ ਹਨ। ਹਰ ਸਾਲ ਕਰੀਬ 17 ਕਰੋੜ ਸਮਾਰਟਫੋਨ ਵਿਕਦੇ ਹਨ। ਦੇਸ਼ ਦੇ 380 ਜ਼ਿਲ੍ਹਿਆਂ ’ਚ 5ਜੀ ਤਕਨਾਲੋਜੀ ਪਹੁੰਚ ਗਈ ਹੈ। ਭਾਰਤ ਡਿਜ਼ੀਟਲ ਕ੍ਰਾਂਤੀ ਵੱਲ ਵਧ ਰਿਹਾ ਹੈ। ਭਾਰਤ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ 5ਜੀ ਰੋਲਆਊਟ ਕਰਨ ਵਾਲਾ ਦੇਸ਼ ਹੈ। ਭਵਿੱਖ ਵਿਚ ਇੱਥੇ ਇਲੈਕਟ੍ਰਾਨਿਕਸ ਦਾ ਉਤਪਾਦਨ ਵਧੇਗਾ। ਭਾਰਤ ਤੇ ਜਾਪਾਨ ਏਆਈ, ਸੈਮੀਕੰਡਕਟਰ ਅਤੇ ਸਵੱਛ ਊਰਜਾ ਖੇਤਰਾਂ ’ਚ ਸਹਿਯੋਗ ਵਧਾਉਣਗੇ।
ਭਾਰਤ ਤੇ ਸਿੰਗਾਪੁਰ ਨਾਲ ਸੈਮੀਕੰਡਕਟਰ ਤਿਆਰ ਕਰਨ ਵਾਲੀਆਂ ਕੰਪਨੀਆਂ ਦਾ ਨਿਵੇਸ਼ ਕਰਨ ਦੇ ਸਮਝੌਤੇ ’ਤੇ ਦਸਤਖ਼ਤ ਹੋਏ ਹਨ। ਗਲੋਬਲ ਸੈਮੀਕੰਡਕਟਰ ਆਊਟਪੁਟ ’ਚ ਸਿੰਗਾਪੁਰ ਦਾ 10 ਫ਼ੀਸਦੀ ਯੋਗਦਾਨ ਹੈ। 2022 ’ਚ ਪੁਲਾੜ ਵਿਭਾਗ ਤੋਂ ਮਨਿਸਟਰੀ ਆਫ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਤਕਨਾਲੋਜੀ ਅਧੀਨ ਆਈ ਮੋਹਾਲੀ ਦੀ ਸੈਮੀਕੰਡਕਟਰ ਲੈਬ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਸੈਮੀਕੰਡਕਟਰ ਲੈਬ ਮੋਹਾਲੀ ’ਚ ਵੱਖ-ਵੱਖ ਅਕਾਰ ਦੀਆਂ ਚਿੱਪਾਂ ਤਿਆਰ ਹੁੰਦੀਆਂ ਹਨ। ਸਾਲ 2029 ਤਕ ਭਾਰਤ ਸਿਖ਼ਰਲੇ ਪੰਜ ਸੈਮੀਕੰਡਕਟਰ ਉਤਪਾਦਕਾਂ ’ਚ ਹੋਵੇਗਾ।
ਉਪਯੋਗ
ਸਭ ਤੋਂ ਬੁਨਿਆਦੀ ਜ਼ਰੂਰਤਾਂ ਲਈ ਵੀ ਸੈਮੀਕੰਡਕਟਰਾਂ ਦੀ ਲੋੜ ਹੁੰਦੀ ਹੈ। ਇਸ ਦੀ ਇਲੈਕਟ੍ਰਿਕ ਉਪਕਰਨਾਂ, ਆਟੋਮੋਬਾਈਲ ਟਾਵਰ, ਰੇਡੀਓ ਫ੍ਰੀਕੁਐਂਸੀ, ਸਮਾਰਟਫੋਨਾਂ ਦੇ ਡਿਸਪਲੇ ਪੈਨਲਾਂ, ਲੈਪਟਾਪਾਂ, ਟੀਵੀ ਸਕਰੀਨਾਂ, ਹਥਿਆਰ ਪ੍ਰਣਾਲੀ ਤੇ ਵਾਹਨ, ਇਲੈਕਟ੍ਰਿਕ ਵਾਹਨਾਂ, ਸਰਵਰ, ਦੂਰਸੰਚਾਰ, ਕਾਰਾਂ, ਵਾਸ਼ਿੰਗ ਮਸ਼ੀਨਾਂ, ਹਵਾਈ ਜਹਾਜ਼ਾਂ, ਰੱਖਿਆ ਖੇਤਰ, ਪੁਲਾੜ, ਸੈਟੇਲਾਈਟ ਅਤੇ ਰਾਕੇਟ ਟੈਲੀਕਾਮ, ਰੱਖਿਆ, ਸੋਲਰ ਪੈਨਲ, ਏਆਈ, ਮਿਜ਼ਾਈਲ ਉਦਯੋਗਾਂ ’ਚ ਵਰਤੋਂ ਹੁੰਦੀ ਹੈ।
ਕੋਰਸ
ਭਾਰਤ ਦੇ 300 ਇੰਜੀਨੀਅਰਿੰਗ ਕਾਲਜਾਂ ਵਿਚ ਸੈਮੀਕੰਡਕਟਰ ਦੇ ਪਾਠਕ੍ਰਮ ਸ਼ੁਰੂ ਕੀਤੇ ਜਾਣੇ ਹਨ, ਜਿਸ ਨਾਲ ਅਗਲੇ 5 ਸਾਲਾਂ ’ਚ 1 ਲੱਖ ਡਿਜ਼ਾਈਨ ਇੰਜੀਨੀਅਰ ਹੋਣਗੇ। ਟੈਕਨੀਕਲ ਯੂਨੀਵਰਸਿਟੀਆਂ, ਐੱਨਆਈਟੀਜ਼, ਇੰਜੀਨੀਅਰਿੰਗ ਕਾਲਜਾਂ, ਸੀਡੈਕ ਮੋਹਾਲੀ ਵਿਖੇ ਵੀਐੱਲਐੱਸਆਈ ਡਿਜ਼ਾਈਨ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਅਤੇ ਐੱਮਟੈੱਕ ਕੋਰਸ (ਵੀਐੱਲਐੱਸ ਡਿਜ਼ਾਈਨ) ਮੁਹੱਈਆ ਹਨ। ਕਈ ਯੂਨੀਵਰਸਿਟੀਆਂ ’ਚ ਵੀਐੱਲਐੱਸਆਈ ਡਿਜ਼ਾਈਨ ਵਿਚ ਵਿਸ਼ੇਸ਼ਤਾ ਸਹਿਤ ਬੀਈ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਕੋਰਸ ਵੀ ਹਨ। ਇਲੈਕਟ੍ਰਾਨਿਕ ਤੇ ਆਈਟੀ ਮੰਤਰਾਲੇ ਅਧੀਨ ਤੇ ਭਾਰਤ ਸੈਮੀਕੰਡਕਟਰ ਮਿਸ਼ਨ ਡਿਜੀਟਲ ਇੰਡੀਆ ਕਾਰਪੋਰੇਸ਼ਨ ਅਧੀਨ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (AICTE) ਨੇ ਦੋ ਨਵੇਂ ਕੋਰਸ ਸ਼ੁਰੂ ਕੀਤੇ ਹਨ;
– ਬੀਟੈੱਕ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ (VLSI) ਡਿਜ਼ਾਈਨ ਐਂਡ ਤਕਨਾਲੋਜੀ।
– ਡਿਪਲੋਮਾ ਇਨ ਇੰਟੀਗ੍ਰੇਟਿਡ ਸਰਕਟਸ (IC) ਮੈਨੂਫੈਕਚਰਿੰਗ।
ਵੀਐੱਲਐੱਸਆਈ ਦੇ ਸਿਲੇਬਸ ’ਚ ਚਿੱਪ ਡਿਜ਼ਾਈਨ ਅਤੇ ਚਿਪ ਫੇਬਰੀਕੇਸ਼ਨ, ਚਿਪ ਮੇਕਿੰਗ, ਟੈਸਟਿੰਗ, ਵੈਰੀਫਿਕੇਸ਼ਨ ਅਤੇ ਡਿਜ਼ਾਈਨ ਆਫ ਮਾਡੀਊਲਜ਼ ਸ਼ਾਮਿਲ ਹੁੰਦੇ ਹਨ। ਆਈਸੀ ਮੈਨੂਫੈਕਚਰਿੰਗ ਉਦਯੋਗ ਬਹੁਤ ਹੀ ਗੁੰਝਲਦਾਰ ਹੁੰਦਾ ਹੈ। ਇਸ ’ਚ ਵਿਸ਼ੇਸ਼ ਗੈਸਾਂ ਦੀ ਵਰਤੋਂ ਹੁੰਦੀ ਹੈ ਤੇ ਇਨ੍ਹਾਂ ਗੈਸਾਂ ਨੂੰ ਹੈਂਡਲ ਕਰਨਾ, ਫਾਇਰ ਸੇਫਟੀ ਮਕੈਨਿਜ਼ਮ, ਬਿਲਡਿੰਗ ਮੈਨੇਜਮੈਂਟ ਦੀ ਲੋੜ ਹੁੰਦੀ ਹੈ।
ਨੌਕਰੀ ਦੇ ਮੌਕੇ
ਚਿਪ ਨਿਰਮਾਣ ਵਿਚ ਅਥਾਹ ਸੰਭਾਵਨਾਵਾਂ ਵਾਲੇ ਕੋਰਸ ਕਰਨ ਨਾਲ ਵਿਕਾਸ ਦੇ ਦਰਵਾਜ਼ੇ ਖੁੱਲ੍ਹਦੇ ਹਨ। ਭਾਰਤੀ ਇਲੈਕਟ੍ਰਾਨਿਕਸ ਉਦਯੋਗ ਨਾਲ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ। ਇਲੈਕਟ੍ਰਾਨਿਕਸ ਕੰਪਨੀਆਂ ’ਚ ਅਨੇਕਾਂ ਨੌਕਰੀ ਦੇ ਮੌਕੇ ਮਿਲਣਗੇ। ਆਈਸੀ ਡਿਜ਼ਾਈਨਿੰਗ ਤੇ ਮੈਨੂਫੈਕਚਰਿੰਗ ਵਿਚ ਸਟਾਰਟਅੱਪ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਉਦਯੋਗਾਂ ’ਚ ਸਕਿਲਡ ਤੇ ਸੈਮੀਸਕਿਲਡ ਕਾਮਿਆਂ ਦੀ ਲੋੜ ਹੁੰਦੀ ਹੈ।