admin

ਗਾਹਕ ਕਮਿਸ਼ਨਾਂ ਦੇ ਖਾਲੀ ਸਾਰੇ ਅਹੁਦੇ ਅੱਠ ਹਫ਼ਤਿਆਂ ਵਿਚ ਭਰਨ ਦਾ ਆਦੇਸ਼

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਾਸ਼ਟਰੀ ਤੇ ਸੂਬਾਈ ਗਾਹਕ ਕਮਿਸ਼ਨਾਂ ’ਚ ਖਾਲੀ ਅਹੁਦਿਆਂ ਨੂੰ ਨਾ ਭਰੇ ਜਾਣ ’ਤੇ ਬੁੱਧਵਾਰ ਨੂੰ ਡੂੰਘੀ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਪੂਰੇ ਦੇਸ਼ ’ਚ ਗਾਹਕ ਕਮਿਸ਼ਨਾਂ ਦੇ ਖਾਲੀ ਸਾਰੇ ਅਹੁਦੇ ਅੱਠ ਹਫ਼ਤਿਆਂ ਵਿਚ ਭਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਕਿਹਾ ਕਿ ਜੇਕਰ ਤੈਅ ਸਮੇਂ ’ਚ ਆਦੇਸ਼ ਦੀ ਪਾਲਣਾ ਨਹੀਂ ਹੋਈ ਤਾਂ ਸਬੰਧਤ ਸੂਬਿਆਂ ਦੇ ਮੁੱਖ ਸਕੱਤਰ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਣ ਵਾਲੀ ਅਗਲੀ ਸੁਣਵਾਈ ’ਚ ਹਾਜ਼ਰ ਰਹਿਣਾ ਪਵੇਗਾ। ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਮਾਮਲੇ ’ਚ ਗਾਹਕ ਮਾਮਲਿਆਂ ਦੇ ਸਕੱਤਰ ਮੌਜੂਦ ਰਹਿਣਗੇ। ਅਹੁਦਿਆਂ ਦੇ ਖਾਲੀ ਰਹਿਣ ਦੇ ਕਾਰਨ ਗਾਹਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਾ ਹੋਣ ਵੱਲ ਸੰਕੇਤ ਕਰਦੇ ਹੋਏ ਕੋਰਟ ਨੇ ਕਿਹਾ ਕਿ ਲੋਕਾਂ ’ਚ ਉਮੀਦ ਨਾ ਜਗਾਓ ਜੇਕਰ ਉਸਨੂੰ ਪੂਰਾ ਨਹੀਂ ਕਰ ਸਕਦੇ। ਜੇਕਰ ਤੁਸੀਂ ਅਹੁਦੇ ਨਹੀਂ ਭਰ ਸਕਦੇ ਤਾਂ ਉਨ੍ਹਾਂ ਨੂੰ ਬਣਾਉਂਦੇ ਕਿਉਂ ਹੋ। ਅਹੁਦਾ ਖਾਲੀ ਰਹਿਣ ਨਾਲ ਗਾਹਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋ ਰਿਹਾ। ਇਹ ਨਿਰਦੇਸ਼ ਤੇ ਟਿੱਪਣੀਆਂ ਜਸਟਿਸ ਸੰਜੇ ਕਿਸ਼ਨ ਕੌਲ ਤੇ ਰਿਸ਼ੀਕੇਸ਼ ਰਾਏ ਦੇ ਬੈਂਚ ਨੇ ਦਿੱਤੇ। ਸੁਣਵਾਈ ਦੌਰਾਨ ਨਿਆਂ ਮਿੱਤਰ ਵਕੀਲ ਆਦਿਤਿਆ ਨਾਰਾਇਣ ਨੇ ਕੋਰਟ ਨੂੰ ਦੱਸਿਆ ਕਿ ਰਾਸ਼ਟਰੀ ਗਾਹਕ ਕਮਿਸ਼ਨ ’ਚ ਕੁੱਲ ਸੱਤ ਅਹੁਦੇ ਹਨ, ਜਿਨ੍ਹਾਂ ’ਚ ਹਾਲੇ ਤਿੰਨ ਖਾਲੀ ਹਨ। ਕੋਰਟ ਨੇ ਕੇਂਦਰ ਵਲੋਂ ਪੇਸ਼ ਐਡੀਸ਼ਨਲ ਸਾਲਿਸਟਰ ਜਨਰਲ (ਏਐੱਸਜੀ) ਅਮਨ ਲੇਖੀ ਤੋਂ ਪੁੱਛਿਆ ਕਿ ਜਦੋਂ ਚਾਰ ਅਹੁਦੇ ਭਰੇ ਜਾ ਸਕਦੇ ਹਨ ਤਾਂ ਬਾਕੀ ਦੇ ਤਿੰਨ ਕਿਉਂ ਨਹੀਂ ਭਰੇ ਜਾ ਰਹੇ।

ਗਾਹਕ ਕਮਿਸ਼ਨਾਂ ਦੇ ਖਾਲੀ ਸਾਰੇ ਅਹੁਦੇ ਅੱਠ ਹਫ਼ਤਿਆਂ ਵਿਚ ਭਰਨ ਦਾ ਆਦੇਸ਼ Read More »

ਸਿੱਖਿਆ ਵਿਭਾਗ ਪੰਜਾਬ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ 6635 ਅਸਾਮੀਆਂ ਦਾ ਇਸ਼ਤਿਹਾਰ ਜਾਰੀ

ਚੰਡੀਗੜ੍ਹ : ਸਿੱਖਿਆ ਵਿਭਾਗ ਪੰਜਾਬ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ 6635 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਉਮੀਦਵਾਰ 3 ਅਗਸਤ ਤੋਂ ਲੈ ਕੇ 18 ਅਗਸਤ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ 100 ਅੰਕਾਂ ਦੀ ਆਬਜੈਕਟਿਵ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਉੱਚ ਯੋਗਤਾ ਗ੍ਰੇਜ਼ੂਏਸ਼ਨ ਦੇ ਪਹਿਲੇ ਦਰਜੇ ਲਈ 5 ਅੰਕ, ਦੂਜੇ ਦਰਜੇ ਲਈ 3 ਅੰਕ ਅਤੇ ਤੀਜੇ ਦਰਜੇ ਲਈ 2 ਅੰਕ ਵਾਧੂ ਮਿਲਣਗੇ। ਇਨ੍ਹਾਂ ਅਸਾਮੀਆਂ ਲਈ ਜਨਰਲ ਵਰਗ ਲਈ ਅਪਲਾਈ ਕਰਨ ਲਈ ਉਮਰ 18 ਤੋਂ 37 ਸਾਲ ਰੱਖੀ ਗਈ ਹੈ ਅਤੇ ਬਾਕੀ ਰਿਜ਼ਰਵ ਅਤੇ ਹੋਰ ਕੈਟਾਗਰੀਆਂ ਨੂੰ ਨਿਯਮਾਂ ਅਨੁਸਾਰ ਉਮਰ ਹੱਦ ਵਿੱਚ ਛੋਟ ਦਿੱਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ ਈਟੀਟੀ ਕੋਰਸ ਦੇ ਨਾਲ ਅਧਿਆਪਕ ਯੋਗਤਾ ਪਰੀਖਿਆ-1 (ਟੈੱਟ-1) ਪਾਸ ਹੋਣਾ ਲਾਜ਼ਮੀ ਹੈ। ਇਨ੍ਹਾਂ ਕੁੱਲ 6635 ਅਸਾਮੀਆਂ ਵਿੱਚੋਂ 2157 ਅਸਾਮੀਆਂ ਔਰਤਾਂ ਲਈ ਵਿਸ਼ੇਸ਼ ਤੌਰ ਤੇ ਰਿਜ਼ਰਵ ਰੱਖੀਆਂ ਗਈਆਂ ਹਨ। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਇਸਨੂੰ ਜੱਥੇਬੰਦੀ ਦੇ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਇਸ ਨਵੀਂ ਭਰਤੀ ਦੇ ਇਸ਼ਤਿਹਾਰ ਵਿੱਚ ਸ਼ੋਧ ਕਰਕੇ ਬੇਰੁਜ਼ਗਾਰਾਂ ਤੇ ਕੋਈ ਹੋਰ ਨਵੀਂ ਮਾਰੂ ਸ਼ਰਤ ਥੋਪੀ ਤਾਂ ਬੇਰੁਜ਼ਗਾਰ ਅਧਿਆਪਕ ਮੁੜ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।

ਸਿੱਖਿਆ ਵਿਭਾਗ ਪੰਜਾਬ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ 6635 ਅਸਾਮੀਆਂ ਦਾ ਇਸ਼ਤਿਹਾਰ ਜਾਰੀ Read More »

13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਗੂਗਲ ਸਰਚ ਅਤੇ ਯੂਟਿਊਬ ਦੀ ਵਰਤੋਂ ‘ਤੇ ਪਾਬੰਦੀ

ਨਵੀਂ ਦਿੱਲੀ : ਗੂਗਲ ਆਨਲਾਈਨ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਗੂਗਲ ਨੇ ਆਪਣੇ ਨਿਯਮਾਂ ਨੂੰ ਬਦਲਿਆ ਹੈ। ਅਜਿਹੀ ਸਥਿਤੀ ਵਿੱਚ, 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਗੂਗਲ ਸਰਚ ਅਤੇ ਯੂਟਿਊਬ ਦੀ ਵਰਤੋਂ ਕਰਨ ਦੇ ਨਿਯਮ ਸਖਤ ਹੋ ਗਏ ਹਨ। ਅਜਿਹੀ ਸਥਿਤੀ ਵਿੱਚ, ਬੱਚਿਆਂ ਲਈ ਗੂਗਲ ਅਤੇ ਯੂਟਿਊਬ ਦੀ ਵਰਤੋਂ ‘ਤੇ ਅੰਸ਼ਕ ਤੌਰ ‘ਤੇ ਪਾਬੰਦੀ ਹੋਵੇਗੀ। ਭਾਵ 13 ਸਾਲ ਤੋਂ ਘੱਟ ਉਮਰ ਦੇ ਬੱਚੇ ਗੂਗਲ ਅਤੇ ਯੂਟਿਊਬ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦਾ ਅਨੰਦ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਬੱਚਿਆਂ ਦੀ ਇੰਟਰਨੈਟ ਸੁਰੱਖਿਆ ਲਈ ਕੁਝ ਨਵੇਂ ਫੀਚਰਸ ਲਾਂਚ ਕੀਤੇ ਗਏ ਹਨ। 13 ਸਾਲ ਤੋਂ ਘੱਟ ਉਮਰ ਦੇ ਲੋਕ ਇਕ ਮਿਆਰੀ ਗੂਗਲ ਖਾਤਾ ਨਹੀਂ ਬਣਾ ਸਕਣਗੇ ਪਰ ਉਨ੍ਹਾਂ ਨੂੰ ਸੀਮਤ ਵਿਸ਼ੇਸ਼ਤਾਵਾਂ ਵਾਲੇ ਗੂਗਲ ਖਾਤੇ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ। ਗੂਗਲ ਹੌਲੀ ਹੌਲੀ ਆਪਣੀ ਡਿਫਾਲਟ ਅਪਲੋਡ ਸੈਟਿੰਗ ਨੂੰ ਬਦਲ ਦੇਵੇਗਾ। 13 ਤੋਂ 17 ਸਾਲ ਦੇ ਬੱਚੇ YouTube ਦੇ ਪੂਰਵ -ਨਿਰਧਾਰਤ ਅਪਲੋਡ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਨਾਲ ਹੀ, ਖੋਜ ਨੂੰ ਫਿਲਟਰ ਕਰਨ ਦੀ ਸਹੂਲਤ ਵੀ ਹੋਵੇਗੀ। ਭਾਵ ਜੋ ਵਿਸ਼ਾ ਤੁਸੀਂ ਚੁਣਦੇ ਹੋ ਉਹ ਤੁਹਾਡੀ ਗੂਗਲ ਖੋਜ ਸੂਚੀ ਵਿੱਚ ਦਿਖਾਈ ਦੇਵੇਗਾ। ਗੂਗਲ ਨੇ ਬੱਚਿਆਂ ਲਈ ਇੱਕ ਵਿਸ਼ੇਸ਼ਤਾ ਲਾਂਚ ਕੀਤੀ ਹੈ, ਜਿਸਨੂੰ ਸੇਫਸਰਚ ਦੇ ਰੂਪ ਵਿੱਚ ਜਾਣਿਆ ਜਾਵੇਗਾ। ਇਸ ਵਿੱਚ ਬੱਚਿਆਂ ਦੇ ਗੂਗਲ ਅਕਾਉਂਟ ਨੂੰ ਪਰਿਵਾਰ ਨਾਲ ਜੋੜਿਆ ਜਾਵੇਗਾ। ਜਿਸ ਵਿੱਚ 13 ਸਾਲ ਤੋਂ ਘੱਟ ਉਮਰ ਦੇ ਬੱਚੇ ਸਾਈਨ-ਇਨ ਕਰ ਸਕਦੇ ਹਨ। ਇਸ ਤਰ੍ਹਾਂ, ਬੱਚੇ ਆਨਲਾਈਨ ਕੀ ਖੋਜ ਕਰ ਰਹੇ ਹਨ, ਇਹ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗ ਜਾਵੇਗਾ। ਗੂਗਲ ਦੁਆਰਾ ਗੂਗਲ ਪਲੇਅ ਸਟੋਰ ਤੇ ਇੱਕ ਨਵਾਂ ਸੁਰੱਖਿਆ ਭਾਗ ਲਾਂਚ ਕੀਤਾ ਗਿਆ ਹੈ, ਜਿੱਥੋਂ ਮਾਪੇ ਇਹ ਦੇਖ ਸਕਦੇ ਹਨ ਕਿ ਉਨ੍ਹਾਂ ਦਾ ਬੱਚਾ ਕਿਹੜਾ ਐਪ ਡਾਨਲੋਡ ਕਰ ਰਿਹਾ ਹੈ। ਨਾਲ ਹੀ, ਤੁਸੀਂ ਇਹ ਪਤਾ ਲਗਾਉਣ ਦੇ ਯੋਗ ਹੋਵੋਗੇ ਕਿ ਕਿੰਨਾ ਡਾਟਾ ਵਰਤਿਆ ਗਿਆ ਹੈ। ਇਸ ਲਈ ਮਾਪੇ ਫੈਸਲਾ ਕਰਦੇ ਹਨ। ਗੂਗਲ ਦੇ ਕਿਡਜ਼ ਐਂਡ ਫੈਮਿਲੀ ਸੈਕਸ਼ਨ ਮੈਨੇਜਰ, ਮਿੰਡੀ ਬਰੁਕਸ ਨੇ ਕਿਹਾ ਕਿ ਸਾਡੇ ਉਤਪਾਦਾਂ ਨੂੰ ਕਾਰਜਸ਼ੀਲ ਅਤੇ ਸੁਵਿਧਾਜਨਕ ਬਣਾਉਣ ਵਿੱਚ ਡੇਟਾ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ ਬੱਚਿਆਂ ਦੀ ਇਹ ਸਮਝਣ ਵਿੱਚ ਸਹਾਇਤਾ ਕਰਨਾ ਸਾਡਾ ਕੰਮ ਹੈ ਕਿ ਉਹਨਾਂ ਲਈ ਕਿਹੜਾ ਡਾਟਾ ਸੁਰੱਖਿਅਤ ਹੈ ਅਤੇ ਇਸਦੀ ਵਰਤੋਂ ਕਿਵੇਂ ਕੀਤੀ ਗਈ ਹੈ।

13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਗੂਗਲ ਸਰਚ ਅਤੇ ਯੂਟਿਊਬ ਦੀ ਵਰਤੋਂ ‘ਤੇ ਪਾਬੰਦੀ Read More »

ਵਰਿੰਦਰ ਪਾਰਕ ਵੈਲਫੇਅਰ ਸੁਸਾਇਟੀ ਵਲੋਂ ਵਣ-ਮਹਾਉਤਸਵ ਮਨਾਇਆ ਗਿਆ

ਫਗਵਾੜਾ, 12 ਅਗਸਤ( ਏ.ਡੀ.ਪੀ. ਨਿਊਜ਼ ) ਫਗਵਾੜਾ ਦੀ ਸਿਰਮੋਰ ਸਮਾਜਕ ਸੰਸਥਾ “ਵਰਿੰਦਰ ਪਾਰਕ ਵੈਲਫੇਅਰ ਸੁਸਾਇਟੀ (ਰਜਿ.)” ਦੇ ਪ੍ਰਧਾਨ ਅਮਰਜੀਤ ਸਿੰਘ ਬਸੂਟਾ ਦੇ ਉਪਰਾਲੇ  ਅਤੇ ਸਮੂਹ ਮੈਂਬਰ ਦੇ ਸਹਿਯੋਗ ਨਾਲ ਵਰਿੰਦਰ ਪਾਰਕ ਵਿਖੇ ਵਣ-ਮਹਾਉਤਸਵ ਮਨਾਇਆ ਗਿਆ।  ਜਿਸ ਵਿਚ ਅੱਖਾਂ ਦੇ ਮਸ਼ਹੂਰ ਡਾਕਟਰ  ਐਸ.ਰਾਜਨ ਵਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਸਮੂਹ ਮੈਬਰਾਂ ਵੱਲੋਂ ਤਾਰੁਫ  ਕਰਵਾਏ ਫੁੱਲਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕਰਦੇ ਹੋਏ  ਜੀ ਆਇਆਂ ਆਖਿਆ। ਸੰਸਥਾ ਤੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਣ-ਮਹਾਉਤਸਵ ਦੀ ਮਹੱਤਤਾ ਅਤੇ ਮਕਸਦ ਬਾਰੇ ਦੱਸਿਆ  ਕਿ ਜਿਵੇਂ ਇਸਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਵਣ, ਜੰਗਲ ਅਤੇ ਦਰੱਖਤਾਂ ਨੂੰ ਦਰਸਾਉ਼ਂਦਾ ਹੈ  ਅਤੇ ਮਹਾਉਤਸਵ  ਮਤਲਬ ਸਭ ਤੋਂ ਵੱਡਾ ਤਿਉਹਾਰ ਜਿਸਨੂੰ ਹਰ ਸਾਲ ਮਿਤੀ 1 ਜੁਲਾਈ ਤੋਂ 7 ਜੁਲਾਈ ਤੱਕ ਦਰੱਖਤ ਅਤੇ ਬੂਟੇ ਲਗਾ ਤੇ ਮਨਾਇਆ ਜਾਂਦਾ ਹੈ। ਇਸਦੀ ਸ਼ੁਰੂਆਤ ਸੰਨ 1950 ਵਿਚ ਜੁਲਾਈ ਮਹੀਨੇ ਉਸ ਸਮੇਂ ਦੇ ਕੇਂਦਰ ਮੰਤਰੀ ਕੇ.ਐਮ ਮੁਨਸ਼ੀ ਫੂਡ ਅਤੇ ਐਗਰੀਕਲਚਰਲ ਵਲੋਂ ਦਿੱਲੀ ਰਾਜਘਾਟ ਵਿਚ ਇਕ ਦਰੱਖਤ ਲਗਾ ਕੇ ਕੀਤੀ ਗਈ। ਇਹਨਾਂ ਨੂੰ ਫਾਦਰ ਆਫ ਵਣ-ਮਹਾਉਤਸਵ ਵੀ ਕਿਹਾ ਜਾਂਦਾ ਹੈ। ਵਣ ਤੋਂ ਬਿਨਾਂ ਸਾਡੇ ਜੀਵਨ ਦੀ ਹੋਂਦ ਨਹੀਂ ਰਹਿ ਸਕਦੀ। ਲਕੜੀ, ਛਾਂਅ, ਫੱਲ, ਫੁੱਲ ਅਤੇ ਦਵਾਈਆਂ ਤੋਂ ਇਲਾਵਾ ਆਕਸੀਜਨ ਨਾਲ ਵਾਤਾਵਰਨ ‘ਚ ਸੁੱਖ ਰੱਖਦੇ ਹਨ, ਜ਼ਮੀਨ  ਦੇ ਕਟਾਅ ਨੂੰ ਰੋਕਦੇ ਹਨ। ਡਾ.ਐਸ.ਰਾਜਨ ਨੇ ਆਪਨੇ ਪ੍ਰਧਾਨਗੀ ਭਾਸ਼ਨ ਵਿਚ ਸੁਸਾਇਟੀ ਵੱਲੋਂ ਇਸ ਉਪਰਾਲੇ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਹਰੇਕ ਬੰਦੇ ਨੂੰ ਆਪਣੇ ਜੀਵਨ ਵਿਚ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਪਰਿਆਵਰਣ ਸਾਫ ਰਹੇ। ਆਕਸੀਜਨ ਦੀ ਮਾਤਰਾ ਬਣੀ ਰਹੇ। ਉਹ ਖੁੱਦ ਵੀ ਕੁਦਰਤ ਦੇ ਪੇ੍ਰਮੀ ਹਨ ਅਤੇ ਇਸ ਬਰਸਾਤ ਦੇ ਮੌਸਮ ਵਿਚ ਕਈ ਸਕੂਲਾਂ ਵਿਚ ਫੁੱਲ, ਫਲਾਂ ਦੇ ਬੂਟੇ ਲਗਾਏ ਹਨ। ਵਰਿੰਦਰ ਪਾਰਕ ਵਿਚ ਵੀ ਉਹਨਾ ਨੇ ਆਪਨੇ ਕਰ ਕਮਲਾਂ ਨਾਲ ਬੂਟੇ ਲਗਾ ਕੇ ਉਤਸਵ ਦਾ ਆਗਾਜ਼ ਕੀਤਾ। ਪ੍ਰਧਾਨ ਅਮਰਜੀਤ ਸਿੰਘ ਬਸੂਟਾ ਵੱਲੋਂ ਮੁੱਖ ਮਹਿਮਾਨ ਜੀ ਨੂੰ ਸਨਮਾਨਿਤ ਕਦੇ ਹੋਏ ਮੌਮੈਂਟੋ ਭੇਂਟ ਕੀਤਾ। ਚਮਨ ਲਾਲ ਵਲੋਂ ਤੁਲਸੀ ਦਾ ਬੂਟਾ ਭੇਟ ਕੀਤਾ ਗਿਆ। ਇਸ ਮੌਕੇ ਸਭਾ ਦੇ ਅਹੁਦੇਦਾਰ ਓਮ ਪ੍ਰਕਾਸ਼, ਰਣਜੀਤ ਸਿੰਘ ਨਾਗਲਾ, ਪ੍ਰੇਮ ਪਾਲ ਪੱਬੀ, ਆਸ਼ੂ ਬਜਾਜ, ਬਲਬੀਰ ਸਿੰਘ ਬਸੂਟਾ, ਓਂਕਾਰ ਸਿੰਘ ਪਰਮਾਰ, ਬਲਵਿੰਦਰ ਸਿੰਘ, ਰਜਿੰਦਰ ਕੁਮਾਰ ਗੁਲਾਟੀ, ਦਵਿੰਦਰ ਕੌਸ਼ਲ, ਸ਼ਾਮ ਲਾਲ, ਕੁਲਵਿੰਦਰ ਸਿੰਘ ਅਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ।  

ਵਰਿੰਦਰ ਪਾਰਕ ਵੈਲਫੇਅਰ ਸੁਸਾਇਟੀ ਵਲੋਂ ਵਣ-ਮਹਾਉਤਸਵ ਮਨਾਇਆ ਗਿਆ Read More »

ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ ਸਰਦਾਰਗੜ੍ਹ ਵਿੱਚ ਦਾਖਲੇ ਸ਼ੁਰੂ

 ਬਠਿੰਡਾ,12 ਅਗਸਤ (ਲਾਲ ਚੰਦ ਸਿੰਘ)  ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ ਸਰਦਾਰਗੜ੍ਹ ਵਿਖੇ ਨਵੇਂ ਸੈਸ਼ਨ ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਦਾਖਲਿਆਂ ਸਬੰਧੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ਼ ਜਸਪਾਲਜੀਤ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ ਬੀ, ਏ ਭਾਗ ਪਹਿਲਾ ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਕਾਲਜ ਜ਼ਿਲ੍ਹਾ ਬਠਿੰਡਾ ਦਾ ਦੂਜਾ ਸਰਕਾਰੀ ਕਾਲਜ ਹੈ।ਇਹ ਕਾਲਜ ਬਠਿੰਡਾ-ਮਲੋਟ ਰੋੜ ‘ਤੇ ਪਿੰਡ “ਦੌਲਾ” ਕੋਲ ਸਥਿਤ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਬੱਸ ਪਾਸ ਦੀ ਸਹੂਲਤ ਹੈ।ਬੀ, ਏ ਭਾਗ ਪਹਿਲਾ ਸਮੈਸਟਰ ਪਹਿਲਾ ਦੇ ਦਾਖਲੇ ਲਈ ਵਿਦਿਆਰਥੀਆਂ ਨੂੰ ਪਹਿਲਾਂ ਪੰਜਾਬ ਸਰਕਾਰ ਵੱਲੋਂ ਬਣਾਏ ਦਾਖਲਾ ਪੋਰਟਲ ‘ਤੇ ਅਪਲਾਈ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਇਹ ਸੁਵਿਧਾ ਕਾਲਜ਼ ਵਿੱਚ ਉਪਲਬਧ ਹੈਂ।ਐਸੀ,ਸੀ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ  ਵਿਸ਼ੇਸ਼ ਤੌਰ ‘ਤੇ ਵਜ਼ੀਫਾ ਦਿੱਤਾ ਜਾਂਦਾ ਹੈ।ਕਾਲਜ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਫੀਸ ਬਹੁਤ ਘੱਟ ਹੈ। ਇਸ ਸਮੇਂ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਤੇ ਪ੍ਰੋ.ਸਹਿਬਾਨਾਂ ਵੱਲੋਂ ਕਾਲਜ ਵਿੱਚ ਦਾਖਲੇ ਲਈ ਇਕ ਪੋਸਟਰ ਵੀ ਜਾਰੀ ਕੀਤਾ ਗਿਆ। ਕਾਲਜ ਵਿੱਚ ਦਾਖਲੇ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਮੂਹ ਸਟਾਫ ਮੈਂਬਰਾਂ  ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਮੁਹਿੰਮ ਦੀ  ਦੀ ਯੋਜਨਾ ਵੀ ਬਣਾਈ ਗਈ।ਇਸ ਸਮੇਂ ਡਾ਼ ਜਸਪ੍ਰੀਤ ਸਿੰਘ ਬਰਾੜ,ਪੋ, ਵੀਰਪਾਲ ਕੌਰ,ਪੋ, ਕੁਲਵਿੰਦਰ ਕੌਰ, ਪ੍ਰੋ. ਮਨਜੋਤ ਮਾਨ, ਮਨਪ੍ਰੀਤ ਕੌਰ  ਦੀਪਾ ਅਤੇ ਹਰਮੀਤ ਸਿੰਘ ਹਾਜ਼ਰ ਸਨ।

ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ ਸਰਦਾਰਗੜ੍ਹ ਵਿੱਚ ਦਾਖਲੇ ਸ਼ੁਰੂ Read More »

ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਪਾਰਟੀ ਬਣਾਵਾਂਗਾ, ਨਾ ਹੀ ਮੈਂ ਕਦੇ ਪੰਜਾਬ ਤੋਂ ਚੋਣ ਲੜਾਂਗਾ : ਚਡੂਨੀ

ਕਰਨਾਲ: ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚਡੂਨੀ ਨੇ ਇਕ ਵੀਡੀਉ ਜਾਰੀ ਕਰ ਕੇ ਕਿਹਾ ਕਿ ‘‘ਮੈਂ ਕੋਈ ਵੀ ਰਾਜਨੀਤਕ ਪਾਰਟੀ ਨਹੀਂ ਬਣਾਈ, ਨਾ ਹੀ ਮੈਂ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਹਾਂ, ਨਾ ਹੀ ਕਿਸੇ ਪਾਰਟੀ ਨੂੰ ਅਪਣਾ ਸਮਰਥਨ ਦਿਤਾ ਹੈ ਅਤੇ ਨਾ ਹੀ ਮੈਂ ਚੋਣ ਲੜਾਂਗਾ, ਮੈਂ ਸਿਰਫ਼ ਪੰਜਾਬ ਦੇ ਵਪਾਰੀਆਂ ਨੂੰ ਸਮਰਥਨ ਕਰਨ ਲਈ ਗਿਆ ਸੀ ਕਿਉਂਕਿ ਮੇਰਾ ਅੰਦਾਜ਼ਾ ਸੀ ਕੀ ਕਿਸਾਨਾਂ ਦੀ ਜੋ ਹਾਲਤ ਹੋ ਰਹੀ ਹੈ, ਇਸ ਦੀ ਜ਼ਿੰਮੇਵਾਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਹਨ, ਜਿਨ੍ਹਾਂ ਨੇ ਕਿਸਾਨਾਂ ਲਈ ਕੁੱਝ ਨਹੀਂ ਕੀਤਾ ਜਿਸ ਕਾਰਨ ਅੱਜ ਕਿਸਾਨ ਸੜਕਾਂ ਤੇ ਧੱਕੇ ਖਾ ਰਹੇ ਹਨ।ਚਡੂਨੀ ਨੇ ਕਿਹਾ, “ਅਸੀਂ ਪੰਜਾਬ ਦੀ ਰਵਾਇਤੀ ਪਾਰਟੀਆਂ ਤੋਂ ਪਿੱਛਾ ਛੁਡਾਉਣ ਲਈ ਵਪਾਰੀਆਂ ਨੇ ਸੰਮੇਲਨ ਵਿਚ ਹਿੱਸਾ ਲੈਣ ਗਿਆ ਸੀ ਅਤੇ ਇਹ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਨੂੰ ਪਿੱਛਾ ਛੁਡਾਉਣ ਲਈ ਕਿਹਾ ਹੈ।’’  ਉਨ੍ਹਾਂ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਪੰਚਾਇਤੀ ਲੋਕ ਅੱਗੇ ਆਉਣ, ਨਵੇਂ ਚਿਹਰੇ ਰਾਜਨੀਤੀ ਵਿਚ ਆ ਚੰਗੇ ਕੰਮ ਕਰਨ, ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਇਆ ਜਾਵੇ, ਮਿਸ਼ਨ ਪੰਜਾਬ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦੇ ਹੱਕਦੀ ਗੱਲ ਕਰਨ ਵਾਲੇ ਨਵੇਂ ਚਿਹਰੇ ਪੰਚਾਇਤੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।’’ ਪੰਜਾਬ ਦੇ ਚੰਗੇ ਲੋਕ ਅੱਗੇ ਆਉਣ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਚੰਗੇ ਲੋਕਾਂ ਦਾ ਸਮਰਥਨ ਕੀਤਾ ਜਾਵੇ ਜੋ ਕਿਸਾਨਾਂ ਦੇ ਹੱਕ ਦੀ ਗੱਲ ਕਰਨ, ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਜਾਵੇ ਤਾਂ ਹੀ ਸਾਡੇ ਅੰਦੋਲਨ ਨੂੰ ਤਾਕਤ ਮਿਲੇਗੀ।ਉਨ੍ਹਾਂ ਕਿਹਾ,‘‘ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਪਾਰਟੀ ਬਣਾਵਾਂਗਾ, ਮੈਂ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਅਤੇ ਨਾ ਹੀ ਮੈਂ ਕਦੇ ਪੰਜਾਬ ਤੋਂ ਚੋਣ ਲੜਾਂਗਾ। ਪੰਜਾਬ ਦੇ ਹੀ ਚੰਗੇ ਲੋਕ ਅੱਗੇ ਆਉਣ ਅਤੇ ਮਿਸ਼ਨ ਪੰਜਾਬ ਨੂੰ ਕਾਮਯਾਬ ਬਣਾਉਣ।’’ ਉਨ੍ਹਾਂ ਕਿਹਾ,‘‘ਮੈਨੂੰ ਜਾਣ-ਬੁੱਝ ਕੇ ਇਕ ਸਾਜ਼ਸ ਤਹਿਤ ਬਦਨਾਮਕਰਨ ਲਈ ਮੀਡੀਆ ਜ਼ਰੀਏ ਇਹ ਗੱਲਾਂ ਫੈਲਾਈਆਂ ਜਾ ਰਹੀਆਂ ਹਨ ਕੀ ਗੁਰਨਾਮ ਸਿੰਘ ਚਡੂਨੀ ਨੇ ਪਾਰਟੀ ਬਣਾ ਲਈ ਹੈ ਅਤੇ ਪੰਜਾਬ ਤੋਂ ਗੁਰਨਾਮ ਸਿੰਘ ਚਡੂਨੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਇਹ ਕੋਰਾ ਝੂਠ ਹੈ। ਮੈਂ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਹਾਂ, ਕਿਸਾਨੀ ਅੰਦੋਲਨ ਨਾਲ ਜੁੜਿਆ ਰਹਾਗਾਂ ਅਤੇ ਪੰਜਾਬ ਤੋਂ ਕਿਸੇ ਤਰ੍ਹਾਂ ਦੀ ਕੋਈ ਚੋਣ ਨਹੀਂ ਲੜਾਂਗਾ।’’ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਉਸੇ ਤਰ੍ਹਾਂ ਚਲਦਾ ਰਹੇਗਾ ਅਤੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਤਨ ਮਨ ਧਨ ਨਾਲ ਸਹਿਯੋਗ ਕੀਤਾ ਜਾਏ।

ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਪਾਰਟੀ ਬਣਾਵਾਂਗਾ, ਨਾ ਹੀ ਮੈਂ ਕਦੇ ਪੰਜਾਬ ਤੋਂ ਚੋਣ ਲੜਾਂਗਾ : ਚਡੂਨੀ Read More »

ਕੁਕਰਮਾਂ ‘ਤੇ ਪਰਦਾ ਪਾਉਣ ਲਈ ਪੰਜਾਬ ਸਰਕਾਰ ਨੇ ਆਰਟੀਆਈ ਕਾਨੂੰਨ ਦੀ ਸੰਘੀ ਘੁੱਟੀ : ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਵੱਲੋਂ ਸੂਚਨਾ ਪ੍ਰਾਪਤੀ ਅਧਿਕਾਰ ਕਾਨੂੰਨ (ਆਰ.ਟੀ.ਆਈ ਐਕਟ) ਦਾ ਦਾਇਰਾ ਘਟਾ ਕੇ ਕੀਤੀਆਂ ਸੋਧਾਂ ਨੂੰ ਲੋਕ ਪੱਖੀ ਕਾਨੂੰਨ ਦੀ ਹੱਤਿਆ ਅਤੇ ਲੋਕਾਂ ਦੇ ਹੱਕਾਂ ‘ਤੇ ਡਾਕਾ ਕਰਾਰ ਦਿੱਤਾ ਹੈ। ਇਨ੍ਹਾਂ ਸੋਧਾਂ ਦਾ ਤਿੱਖਾ ਵਿਰੋਧ ਕਰਦਿਆਂ ‘ਆਪ’ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਸਪੱਸ਼ਟੀਕਰਨ ਮੰਗਦਿਆਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ, ‘ਕੀ ਲੋਕਾਂ ਤੋਂ ਹੱਕ ਖੋਹਣਾ ਹੀ ਕਾਂਗਰਸ ਦਾ ਪੰਜਾਬ ਮਾਡਲ ਹੈ?’ਕੁਲਤਾਰ ਸਿੰਘ ਸੰਧਵਾਂ ਬੁੱਧਵਾਰ ਨੂੰ ਇੱਥੇ ਪਾਰਟੀ ਦੇ ਬੁਲਾਰੇ ਅਤੇ ਆਰ.ਟੀ.ਆਈ ਕਾਰਕੁੰਨ ਐਡਵੋਕੇਟ ਦਿਨੇਸ਼ ਚੱਢਾ ਅਤੇ ਨੀਲ ਗਰਗ ਨਾਲ ਇਸ ਮੁੱਦੇ ‘ਤੇ ਮੀਡੀਆ ਦੇ ਰੂਬਰੂ ਸਨ। ਸੰਧਵਾ ਨੇ ਕਿਹਾ, ”ਸੂਚਨਾ ਪ੍ਰਾਪਤੀ ਅਧਿਕਾਰ ਕਾਨੂੰਨ ਲਾਗੂ ਹੋਣ ਨਾਲ ਦੇਸ਼ ਦੇ ਲੋਕ ਤਾਕਤਵਰ ਹੋ ਗਏ ਹਨ ਅਤੇ ਉਹ ਸਿਆਸੀ ਆਗੂਆਂ ਸਮੇਤ ਸਰਕਾਰੀ ਅਧਿਕਾਰੀਆਂ ਦੇ ਕਾਲੇ- ਚਿੱਟੇ ਕਾਰਨਾਮਿਆਂ ਦੀ ਜਾਣਕਾਰੀ ਪ੍ਰਾਪਤ ਕਰਨ ਲੱਗੇ ਹਨ, ਜਿਸ ਤੋਂ ਡਰ ਕੇ ਕਾਂਗਰਸ ਸਰਕਾਰ ਨੇ ਸੂਚਨਾ ਪ੍ਰਾਪਤੀ ਕਾਨੂੰਨ ਵਿੱਚ ਕੋਝੀਆਂ ਸੋਧਾਂ ਕਰਕੇ ਪੰਜਾਬ ਸਮੇਤ ਦੇਸ਼ ਦੀ ਲੋਕਾਂ ਨੂੰ ਅਸਹਿ ਤੇ ਲਾਚਾਰ ਬਣਾ ਦਿੱਤਾ ਹੈ।” ਸੰਧਵਾਂ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਆਪਣੇ ਭਿ੍ਰਸ਼ਟ ਮੰਤਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਕੁਕਰਮਾਂ ‘ਤੇ ਪਰਦਾ ਪਾਉਣ ਲਈ ਅਜਿਹੇ ਲੋਕ ਵਿਰੋਧੀ ਫ਼ੈਸਲੇ ਲਾਗੂ ਕਰ ਰਹੀ ਹੈ, ਕਿਉਂਕਿ ਆਰ.ਟੀ.ਆਈ ਕਾਨੂੰਨ ਦੀਆਂ ਨਵੀਆਂ ਸੋਧਾਂ ਲਾਗੂ ਹੋਣ ਨਾਲ ਭਵਿੱਖ ‘ਚ ਕਿਸੇ ਵੀ ਵਿਅਕਤੀ ਦੀ ਪੇਸ਼ੇਵਰ ਸੂਚਨਾ ਨਾਲ ਸੰਬੰਧਿਤ ਰਿਕਾਰਡ, ਯੋਗਤਾ, ਮੈਡੀਕਲ ਰਿਕਾਰਡ, ਇਲਾਜ, ਦਵਾਈਆਂ, ਹਸਪਤਾਲਾਂ ਦੀ ਸੂਚੀ ਅਤੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨੌਕਰੀ ਦੀ ਗੁਪਤ ਰਿਪੋਰਟ, ਕਾਰਗੁਜ਼ਾਰੀ ਰਿਪੋਰਟ ਅਤੇ ਨੌਕਰੀਆਂ ਆਦਿ ਲਈ ਹੁੰਦੀਆਂ ਪ੍ਰੀਖਿਆਵਾਂ ਦੀਆਂ ਉਤਰ ਕਾਪੀਆਂ ਦੀ ਜਾਣਕਾਰੀ ਦੇਣ ‘ਤੇ ਵੀ ਰੋਕ ਲਾ ਦਿੱਤੀ ਗਈ ਹੈ। ਸੰਧਵਾਂ ਨੇ ਅੱਗੇ ਕਿਹਾ ਕਿ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਭਰਤੀ ਨਾ ਕਾਰਨ ਵਾਲੀ ਕਾਂਗਰਸ ਸਰਕਾਰ ਨੇ ਚੋਣਾਂ ਨੇੜੇ ਦੇਖਦਿਆਂ ਵੱਖ ਵੱਖ ਅਸਾਮੀਆਂ ‘ਤੇ ਭਰਤੀ ਪ੍ਰਿਆ ਸ਼ੁਰੂ ਕੀਤੀ ਹੈ, ਜਿਸ ਤੋਂ ਖ਼ਦਸ਼ਾ ਪੈਦਾ ਹੁੰਦਾ ਹੈ ਕਿ ਪਟਵਾਰੀਆਂ, ਪੁਲਸ ਅਤੇ ਅਧਿਆਪਕਾਂ ਦੀ ਭਰਤੀ ਸਮੇਤ ਹੋਰ ਨੌਕਰੀਆਂ ਵਿੱਚ ਘਪਲੇਬਾਜ਼ੀ ਕਰਨ ਦੀ ਮਨਸਾ ਨਾਲ ਹੀ ਕਾਂਗਰਸ ਸਰਕਾਰ ਨੇ ਆਰ.ਟੀ.ਆਈ ਐਕਟ ‘ਚ ਸੋਧਾਂ ਕਰਨ ਦਾ ਘਾਤਕ ਫ਼ੈਸਲਾ ਕੀਤਾ ਹੈ। ਨੌਜਵਾਨ ਆਗੂ ਐਡਵੋਕੇਟ ਦਿਨੇਸ਼ ਚੱਢਾ ਨੇ ਦੋਸ਼ ਲਾਇਆ, ‘ਕਾਂਗਰਸ ਸਰਕਾਰ ਨਿੱਜੀ ਜਾਣਕਾਰੀ (ਪਰਸਨਲ ਇਨਫਰਮੇਸ਼ਨ) ਦੇ ਨਾਂਅ ‘ਤੇ ਆਪਣੀ ਕਾਰਗੁਜ਼ਾਰੀ ਦਾ ਸੱਚ ਪੰਜਾਬੀਆਂ ਤੋਂ ਛੁਪਾਉਣ ਦਾ ਯਤਨ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ ਸੱਚ ‘ਤੇ ਪਰਦੇ ਪਾਉਣ ਦੇ ਕੋਝੇ ਯਤਨਾਂ ਖ਼ਿਲਾਫ਼ ਮੀਡੀਆ ਪ੍ਰਤੀਨਿਧਾਂ ਨੂੰ ਵੀ ਅੱਗੇ ਆ ਕੇ ਆਰ.ਟੀ.ਆਈ ਐਕਟ ਦੀ ਰੱਖਿਆ ਲਈ ਸੰਘਰਸ਼ ਕਰਨਾ ਚਾਹੀਦਾ ਹੈ। ‘ਆਪ’ ਆਗੂਆਂ ਨੇ ਮੰਗ ਕੀਤੀ ਹੈ ਕਿ ਕੈਪਟਨ ਸਰਕਾਰ ਅਤੇ ਠੋਕੋ ਤਾੜੀ ਵਾਲੀ ਸਰਕਾਰ ਆਰ.ਟੀ.ਆਈ ਐਕਟ ਦੀਆਂ ਲੋਕ ਮਾਰੂ ਸੋਧਾਂ ਨੂੰ ਤੁਰੰਤ ਵਾਪਸ ਲਵੇ, ਜੇਕਰ ਅਜਿਹਾ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਸੂਬਾ ਭਰ ‘ਚ ਸੰਘਰਸ਼ ਸ਼ੁਰੂ ਕਰੇਗੀ। ਸੰਧਵਾਂ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਆਪਣੇ ਭਿ੍ਰਸ਼ਟ ਮੰਤਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਕੁਕਰਮਾਂ ‘ਤੇ ਪਰਦਾ ਪਾਉਣ ਲਈ ਅਜਿਹੇ ਲੋਕ ਵਿਰੋਧੀ ਫ਼ੈਸਲੇ ਲਾਗੂ ਕਰ ਰਹੀ ਹੈ, ਕਿਉਂਕਿ ਆਰ.ਟੀ.ਆਈ ਕਾਨੂੰਨ ਦੀਆਂ ਨਵੀਆਂ ਸੋਧਾਂ ਲਾਗੂ ਹੋਣ ਨਾਲ ਭਵਿੱਖ ‘ਚ ਕਿਸੇ ਵੀ ਵਿਅਕਤੀ ਦੀ ਪੇਸ਼ੇਵਰ ਸੂਚਨਾ ਨਾਲ ਸੰਬੰਧਿਤ ਰਿਕਾਰਡ, ਯੋਗਤਾ, ਮੈਡੀਕਲ ਰਿਕਾਰਡ, ਇਲਾਜ, ਦਵਾਈਆਂ, ਹਸਪਤਾਲਾਂ ਦੀ ਸੂਚੀ ਅਤੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨੌਕਰੀ ਦੀ ਗੁਪਤ ਰਿਪੋਰਟ, ਕਾਰਗੁਜ਼ਾਰੀ ਰਿਪੋਰਟ ਅਤੇ ਨੌਕਰੀਆਂ ਆਦਿ ਲਈ ਹੁੰਦੀਆਂ ਪ੍ਰੀਖਿਆਵਾਂ ਦੀਆਂ ਉਤਰ ਕਾਪੀਆਂ ਦੀ ਜਾਣਕਾਰੀ ਦੇਣ ‘ਤੇ ਵੀ ਰੋਕ ਲਾ ਦਿੱਤੀ ਗਈ ਹੈ।

ਕੁਕਰਮਾਂ ‘ਤੇ ਪਰਦਾ ਪਾਉਣ ਲਈ ਪੰਜਾਬ ਸਰਕਾਰ ਨੇ ਆਰਟੀਆਈ ਕਾਨੂੰਨ ਦੀ ਸੰਘੀ ਘੁੱਟੀ : ਕੁਲਤਾਰ ਸਿੰਘ ਸੰਧਵਾਂ Read More »

ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਹੰਗਾਮੇ ਕਾਰਨ ਲੋਕ ਸਭਾ ਵਿਚ ਸਿਰਫ 22 ਫੀਸਦੀ ਅਤੇ ਰਾਜ ਸਭਾ ਵਿਚ ਸਿਰਫ 28 ਫੀਸਦੀ ਕੰਮ ਹੋ ਸਕਿਆ

ਨਵੀਂ ਦਿੱਲੀ:  19 ਜੁਲਾਈ ਤੋਂ ਸ਼ੁਰੂ ਹੋਇਆ ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਨੂੰ ਤੈਅ ਸਮੇਂ ਤੋਂ ਦੋ ਦਿਨ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ। ਪੈਗਾਸਸ ਜਾਸੂਸੀ ਮਾਮਲੇ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਸਮੇਤ ਵੱਖ -ਵੱਖ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਲੋਕ ਸਭਾ ਵਿਚ ਸਿਰਫ 22 ਫੀਸਦੀ ਅਤੇ ਰਾਜ ਸਭਾ ਵਿਚ ਸਿਰਫ 28 ਫੀਸਦੀ ਕੰਮ ਹੋ ਸਕਿਆ।ਪੂਰੇ ਸੈਸ਼ਨ ਦੌਰਾਨ ਸੰਸਦ ਵਿਚ ਟਕਰਾਅ ਜਾਰੀ ਰਹੀ ਹਾਲਾਂਕਿ ਦੋਵੇਂ ਸਦਨਾਂ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਸੂਬਿਆਂ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਸੂਚੀ ਬਣਾਉਣ ਦੇ ਅਧਿਕਾਰ ਦੇਣ ਲਈ ਸੰਵਿਧਾਨ ਸੋਧ ਬਿੱਲ ਉੱਤੇ ਚਰਚਾ ਵਿਚ ਹਿੱਸਾ ਲਿਆ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਾਰਵਾਈ ਸ਼ੁਰੂ ਹੁੰਦਿਆਂ ਦੱਸਿਆ ਕਿ 17 ਵੀਂ ਲੋਕ ਸਭਾ ਦੀ ਛੇਵੀਂ ਮੀਟਿੰਗ 19 ਜੁਲਾਈ 2021 ਨੂੰ ਸ਼ੁਰੂ ਹੋਈ ਅਤੇ ਇਸ ਦੌਰਾਨ 17 ਬੈਠਕਾਂ ਵਿਚ 21 ਘੰਟੇ 14 ਮਿੰਟ ਕੰਮਕਾਜ ਹੋਇਆ। ਉਹਨਾਂ ਕਿਹਾ “ਸਦਨ ਵਿਚ ਕੰਮਕਾਜ ਉਮੀਦਾਂ ਅਨੁਸਾਰ ਨਹੀਂ ਰਿਹਾ”।ਬਿਰਲਾ ਨੇ ਦੱਸਿਆ ਕਿ ਕਿ ਵਿਘਨ ਕਾਰਨ ਲਗਭਗ 96 ਘੰਟਿਆਂ ਵਿਚੋਂ ਕਰੀਬ 74 ਘੰਟੇ ਕੰਮਕਾਜ ਨਹੀਂ ਹੋ ਸਕਿਆ। ਸਪੀਕਰ ਨੇ ਕਿਹਾ, “ਲਗਾਤਾਰ ਵਿਘਨ ਕਾਰਨ ਸਿਰਫ 22 ਪ੍ਰਤੀਸ਼ਤ ਕੰਮ ਹੀ ਹੋ ਸਕਿਆ। ਉਹਨਾਂ ਦੱਸਿਆ ਕਿ ਸੈਸ਼ਨ ਦੌਰਾਨ ਸੰਵਿਧਾਨ (127 ਵੀਂ ਸੋਧ) ਬਿੱਲ ਸਮੇਤ ਕੁੱਲ 20 ਬਿੱਲ ਪਾਸ ਕੀਤੇ ਗਏ। ਚਾਰ ਨਵੇਂ ਮੈਂਬਰਾਂ ਨੇ ਸਹੁੰ ਚੁੱਕੀ। ਅੱਜ ਸਦਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਈ ਕੇਂਦਰੀ ਮੰਤਰੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਹੋਰ ਮੈਂਬਰ ਵੀ ਮੌਜੂਦ ਸਨ।ਰਾਜ ਸਭਾ ਵਿਚ ਅੱਜ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਕਰੀਬ ਛੇ ਘੰਟਿਆਂ ਤੱਕ ਚਰਚਾ ਕਰਕੇ ਓਬੀਸੀ ਸਬੰਧੀ ਸੰਵਿਧਾਨ (127 ਵੀਂ ਸੋਧ) ਬਿੱਲ ਪਾਸ ਕੀਤਾ ਗਿਆ। ਹਾਲਾਂਕਿ ਇਸ ਤੋਂ ਬਾਅਦ ਵਿਰੋਧੀ ਮੈਂਬਰਾਂ ਨੇ ਵੱਖ -ਵੱਖ ਮੁੱਦਿਆਂ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮੇ ਦੌਰਾਨ ਤਿੰਨ ਹੋਰ ਬਿੱਲ ਪਾਸ ਕੀਤੇ ਗਏ। ਇਸ ਤੋਂ ਬਾਅਦ ਉਪ ਚੇਅਰਮੈਨ ਹਰਿਵੰਸ਼ ਨੇ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।

ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਹੰਗਾਮੇ ਕਾਰਨ ਲੋਕ ਸਭਾ ਵਿਚ ਸਿਰਫ 22 ਫੀਸਦੀ ਅਤੇ ਰਾਜ ਸਭਾ ਵਿਚ ਸਿਰਫ 28 ਫੀਸਦੀ ਕੰਮ ਹੋ ਸਕਿਆ Read More »

ਹਿਮਾਚਲ ਯਾਤਰਾ ਲਈ 13 ਅਗਸਤ ਤੋਂ ਕੋਵਿਡ ਟੀਕਾਕਾਰਨ ਪ੍ਰਮਾਣ ਪੱਤਰ ਜਾਂ ਟੈਸਟ ਦੀ ‘ਨੈਗੇਟਿਵ ਰਿਪੋਰਟ’ ਲਿਆਉਣਾ ਲਾਜ਼ਮੀ

ਸ਼ਿਮਲਾ, 12 ਅਗਸਤ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ ਦੀ ਯਾਤਰਾ ਕਰਨ ਦੇ ਚਾਹਵਾਨ ਲੋਕਾਂ ਲਈ 13 ਅਗਸਤ ਤੋਂ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਦੇ ਪ੍ਰਮਾਣ ਪੱਤਰ ਜਾਂ ਕਰੋਨਾ ਟੈਸਟ ਦੀ ‘ਨੈਗੇਟਿਵ ਰਿਪੋਰਟ’ ਲਿਆਉਣਾ ਲਾਜ਼ਮੀ ਕਰ ਦਿੱਤਾ ਹੈ। ਮੁੱਖ ਸਕੱਤਰ ਰਾਮ ਸੁਭਾਗ ਸਿੰਘ ਨੇ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ, “13 ਅਗਸਤ ਤੋਂ ਰਾਜ ਦੀ ਯਾਤਰਾ ਕਰਨ ਦੇ ਚਾਹਵਾਨ ਸਾਰੇ ਲੋਕਾਂ ਲਈ ਕੋਵਿਡ-19 ਟੀਕੇ (ਦੋਵੇਂ ਖੁਰਾਕਾਂ) ਦਾ ਸਰਟੀਫਿਕੇਟ ਜਾਂ ਟੈਸਟ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ। ਆਰਟੀ-ਪੀਸੀਆਰ ਰਿਪੋਰਟ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ ਜਾਂ ਰੈਪਿਡ ਟੈਸਟ ਦੀ ਰਿਪੋਰਟ 24 ਘੰਟਿਆਂ ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ।

ਹਿਮਾਚਲ ਯਾਤਰਾ ਲਈ 13 ਅਗਸਤ ਤੋਂ ਕੋਵਿਡ ਟੀਕਾਕਾਰਨ ਪ੍ਰਮਾਣ ਪੱਤਰ ਜਾਂ ਟੈਸਟ ਦੀ ‘ਨੈਗੇਟਿਵ ਰਿਪੋਰਟ’ ਲਿਆਉਣਾ ਲਾਜ਼ਮੀ Read More »

ਨਵਜੋਤ ਸਿੱਧੂ ਨੇ ਚਾਰ ਸਲਾਹਕਾਰਾਂ ਦੀ ਕੀਤੀ ਨਿਯੁਕਤੀ

ਚੰਡੀਗੜ੍ਹ:ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ  ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਿੱਧੂ ਲਗਾਤਾਰ ਪਾਰਟੀ ਮੈਂਬਰਾਂ ਅਤੇ ਮੰਤਰੀਆਂ ਨਾਲ ਮੀਟਿਗਾਂ ਕਰ ਰਹੇ ਹਨ। ਇਸ ਦੇ ਚਲਦਿਆਂ ਨਵਜੋਤ ਸਿੱਧੂ ਨੇ ਅੱਜ ਚਾਰ ਸਲਾਹਕਾਰਾਂ ਦੀ ਨਿਯੁਕਤੀ ਕੀਤੀ।ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਇਹਨਾਂ ਸਲਾਹਕਾਰਾਂ ਦੀ ਨਿਯੁਕਤੀ ਵਿਦਵਤਾ ਭਰਪੂਰ ਸਲਾਹ-ਮਸ਼ਵਰੇ ਲਈ ਕੀਤੀ ਗਈ ਹੈ। ਇਹਨਾਂ ਸਲਾਹਕਾਰਾਂ ਵਿਚ ਡਾ. ਅਮਰ ਸਿੰਘ (ਮੈਂਬਰ ਲੋਕ ਸਭਾ), ਮੁਹੰਮਦ ਮੁਸਤਫ਼ਾ (ਸਾਬਕਾ ਡੀ.ਜੀ.ਪੀ.), ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਵਜੋਤ ਸਿੱਧੂ ਨੇ ਲਿਖਿਆ, ‘ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਮੈਂ ਵਿਦਵਤਾ ਭਰਪੂਰ ਸਲਾਹ-ਮਸ਼ਵਰੇ ਲਈ ਚਾਰ ਸਲਾਹਕਾਰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਦਾ ਹਾਂ’। ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਹਰੇਕ ਪੰਜਾਬੀ ਦੇ ਸੁਨਹਿਰੀ ਭਵਿੱਖ ਦੀ ਉਸਾਰੀ ਸੰਬੰਧੀ ਇਹਨਾਂ ਦੇ ਨਜ਼ਰੀਏ ਅਤੇ ਕੰਮ ਕਰਕੇ ਉਹ ਨਿੱਜੀ ਤੌਰ ‘ਤੇ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ। ਦੱਸ ਦਈਏ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਆਪਣੇ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਮਿਲ ਕੇ ਰਣਨੀਤੀ ਤਿਆਰ ਕਰ ਰਹੇ ਹਨ ਤਾਂ ਜੋ ਪੰਜਾਬ ਵਿਚ ਦੁਬਾਰਾ ਕਾਂਗਰਸ ਦੀ ਸਰਕਾਰ ਲਿਆ ਕੇ ਪੰਜਾਬ ਵਾਸੀਆਂ ਦੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ।

ਨਵਜੋਤ ਸਿੱਧੂ ਨੇ ਚਾਰ ਸਲਾਹਕਾਰਾਂ ਦੀ ਕੀਤੀ ਨਿਯੁਕਤੀ Read More »