May 7, 2025

ਓਪਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ‘ਚ ਪੈਟਰੋਲ ਪੰਪਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ

7, ਮਈ – ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ ਅੱਤਵਾਦ ਦੇ ਖਿਲਾਫ ‘ਓਪਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਹੈ। ਇਸ ਤਹਿਤ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ‘ਤੇ ਹਵਾਈ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਭਾਰਤੀ ਫੌਜ ਵੀ ਅਲਰਟ ‘ਤੇ ਹੈ। ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਚੰਡੀਗੜ੍ਹ ਏਅਰਪੋਰਟ ਵੀ ਬੰਦ ਕਰ ਦਿੱਤਾ ਗਿਆ। ਜਿਸ ਕਰਕੇ ਉਡਾਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਪੈਟਰੋਲ ਪੰਪਾਂ ‘ਤੇ ਲੱਗੀਆਂ ਲੰਬੀਆਂ ਲਾਈਨਾਂ ਇਸ ਕਾਰਨ ਸਰਹੱਦੀ ਇਲਾਕਿਆਂ ਵਿੱਚ ਪੈਟਰੋਲ ਪੰਪਾਂ ‘ਤੇ ਸਵੇਰੇ ਤੋਂ ਹੀ ਲੰਬੀਆਂ ਲਾਈਨਾਂ ਲੱਗਣ ਲੱਗ ਪਈਆਂ ਹਨ। ਲੋਕ ਆਪਣੇ ਟਰੈਕਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ਵਿੱਚ ਡੀਜ਼ਲ ਤੇ ਪੈਟਰੋਲ ਭਰਵਾ ਰਹੇ ਹਨ। ਇੱਥੋਂ ਤੱਕ ਕਿ ਲੋਕਾਂ ਵੱਲੋਂ ਪੈਟਰੋਲ-ਡੀਜ਼ਲ ਨੂੰ ਸਟੋਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸਰਹੱਦੀ ਇਲਾਕਿਆਂ ਵਿੱਚ ਵੱਸਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਹਾਲਾਤ ਵਿਗੜਦੇ ਹਨ ਤਾਂ ਅਸੀਂ ਆਪਣੀਆਂ ਫੌਜਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹੇ ਰਹੇਗਾ, ਅਸੀਂ ਆਪਣੀ ਫੌਜ ਨੂੰ  ਪੂਰਾ ਸਹਿਯੋਗ ਦੇਵਾਂਗੇ ਅਤੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।’ਆਪਰੇਸ਼ਨ ਸਿੰਦੂਰ’ ਦੇ ਚੱਲਦੇ ਪਾਕਿਸਤਾਨ ‘ਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਗਏ ਹਨ। ਜਿਨ੍ਹਾਂ ਦੇ ਵਿੱਚ ਕਈ ਅੱਤਵਾਦੀ ਕੈਂਪਾਂ ਦਾ ਖਾਤਮਾ ਕੀਤਾ ਗਿਆ ਹੈ , ਇਸ ਹਮਲੇ ਦੇ ਵਿੱਚ ਕਈ ਅੱਤਵਾਦੀ ਮਾਰੇ ਵੀ ਗਏ ਹਨ।

ਓਪਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ‘ਚ ਪੈਟਰੋਲ ਪੰਪਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ Read More »

ਆਪਰੇਸ਼ਨ ਸਿੰਦੂਰ ਦੌਰਾਨ ਬਠਿੰਡਾ ਦੇ ਖੇਤਾਂ ’ਚ ਜਹਾਜ਼ ਹੋਇਆ ਕ੍ਰੈਸ਼, 1 ਦੀ ਮੌਤ, 9 ਜ਼ਖ਼ਮੀ

ਬਠਿੰਡਾ, 7 ਮਈ – ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿੱਚ ‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਹਵਾਈ ਹਮਲੇ ਦੌਰਾਨ ਬਠਿੰਡਾ ਵਿੱਚ ਇੱਕ ਕਣਕ ਦੇ ਖੇਤ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਮ੍ਰਿਤਕ ਦਾ ਨਾਮ ਗੋਵਿੰਦ ਹੈ ਅਤੇ ਉਹ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਿਸ ਜਗ੍ਹਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ, ਉਹ ਆਬਾਦੀ ਤੋਂ 500 ਮੀਟਰ ਦੂਰ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬਠਿੰਡਾ ਦੇ ਗੋਨਿਆਣਾ ਮੰਡੀ ‘ਚ ਪੈਂਦੇ ਪਿੰਡ ਅਕਲੀਆਂ ਕਲਾਂ ‘ਚ ਤੜਕੇ 2 ਵਜੇ ਵਾਪਰੀ। ਇਸ ਦੌਰਾਨ ਜਹਾਜ਼ ਖੇਤ ਵਿੱਚ ਕ੍ਰੈਸ਼ ਹੋ ਗਿਆ। ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮੀਡੀਆ ਨੂੰ ਵੀ 2 ਕਿਲੋਮੀਟਰ ਦੂਰ ਰੋਕ ਦਿੱਤਾ ਗਿਆ ਹੈ। ਇਸ ਘਟਨਾ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ, ਜਿਸ ਵਿੱਚ ਖੇਤ ਵਿੱਚ ਜਹਾਜ਼ ਵਰਗੀ ਕੋਈ ਚੀਜ਼ ਸੜਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ, ਇੱਕ ਚਸ਼ਮਦੀਦ ਗਵਾਹ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਜਹਾਜ਼ ਖੇਤ ਵਿੱਚ ਕਰੈਸ਼ ਹੋਇਆ ਹੈ।

ਆਪਰੇਸ਼ਨ ਸਿੰਦੂਰ ਦੌਰਾਨ ਬਠਿੰਡਾ ਦੇ ਖੇਤਾਂ ’ਚ ਜਹਾਜ਼ ਹੋਇਆ ਕ੍ਰੈਸ਼, 1 ਦੀ ਮੌਤ, 9 ਜ਼ਖ਼ਮੀ Read More »

ਈਟੀ-ਯੂਜੀ ਮੁਲਤਵੀ ਹੋਣ ਦੀ ਸੰਭਾਵਨਾ, ਨਵੀਆਂ ਤਰੀਕਾਂ ਦਾ ਐਲਾਨ ਛੇਤੀ

ਨਵੀਂ ਦਿੱਲੀ, 7 ਮਈ – ਸੀਯੂਈਟੀ-ਯੂਜੀ ਦੀ ਅੱਠ ਮਈ ਨੂੰ ਸ਼ੁਰੂ ਹੋਣ ਵਾਲੀ ਪ੍ਰੀਖਿਆ ਮੁਲਤਵੀ ਹੋ ਸਕਦੀ ਹੈ। ਨਵੀਆਂ ਤਰੀਕਾਂ ਦਾ ਐਲਾਨ ਛੇਤੀ ਹੋਣ ਦੀ ਸੰਭਾਵਨਾ ਹੈ। ਇਹ ਦਾਖ਼ਲਾ ਪ੍ਰੀਖਿਆ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਸੀ ਪਰ ਏਜੰਸੀ ਨੇ ਹੁਣ ਤੱਕ ਵਿਸ਼ਾਵਾਰ ਡੇਟਸ਼ੀਟ ਦਾ ਐਲਾਨ ਨਹੀਂ ਕੀਤਾ ਹੈ। ਸੂਤਰਾਂ ਮੁਤਾਬਕ, ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਕਰਵਾਉਣ ਦਾ ਕੰਮ ਹਾਲ ਹੀ ਵਿਚ ਪੂਰਾ ਕੀਤਾ ਹੈ, ਜਿਹੜਾ ਪਿਛਲੇ ਸਾਲ ਜਾਂਚ ਦੇ ਦਾਇਰੇ ਵਿਚ ਸੀ ਅਤੇ ਪ੍ਰੀਖਿਆ ਦੀ ਨਿਰਪੱਖਤਾ ਨੂੰ ਲੈ ਕੇ ਸਵਾਲ ਉੱਠੇ ਸਨ। ਇਕ ਸੂਤਰ ਨੇ ਦੱਸਿਆ, ਪ੍ਰੀਖਿਆ ਮੁਲਤਵੀ ਹੋਣ ਦੀ ਸੰਭਾਵਨਾ ਹੈ ਅਤੇ ਨਵੀਆਂ ਤਰੀਕਾਂ ਦਾ ਛੇਤੀ ਐਲਾਨ ਕੀਤਾ ਜਾਵੇਗਾ। ਦੇਸ਼ ਭਰ ਵਿਚ ਗ੍ਰੈਜੂਏਸ਼ਨ ਪਾਠਕ੍ਰਮਾਂ ਵਿਚ ਦਾਖ਼ਲੇ ਲਈ ਸੀਯੂਈਟੀ-ਯੂਜੀ ਵਿਚ ਇਸ ਸਾਲ ਰਿਕਾਰਡ 13.5 ਲੱਖ ਬਿਨੈ ਆਏ ਹਨ। ਪਿਛਲੇ ਸਾਲ ਤੋਂ ਪ੍ਰੀਖਿਆ ਦੇ ਤਰੀਕੇ ਵਿਚ ਬਦਲਾਅ ਕਰਦੇ ਹੋਏ ਪ੍ਰੀਖਿਆ ਸਿਰਫ਼ ਕੰਪਿਊਟਰ-ਬੇਸਡ ਟੈਸਟ (ਸੀਬੀਟੀ) ਮੋਡ ਵਿਚ ਕਰਵਾਈ ਜਾਵੇਗੀ।

ਈਟੀ-ਯੂਜੀ ਮੁਲਤਵੀ ਹੋਣ ਦੀ ਸੰਭਾਵਨਾ, ਨਵੀਆਂ ਤਰੀਕਾਂ ਦਾ ਐਲਾਨ ਛੇਤੀ Read More »

ਪੇਟੀਐਮ ਨੇ ਚੌਧੀ ਤਿਮਾਹੀ ਦੇ ਨਤੀਜ਼ੇ ਕੀਤੇ ਜਾਰੀ, EBITDA ‘ਚ ਦਰਜ ਕੀਤਾ ₹81 ਕਰੋੜ ਦਾ ਮੁਨਾਫਾ

ਨਵੀਂ ਦਿੱਲੀ, 7 ਮਈ – ਪੇਟੀਐਮ ਨੇ ਮਾਰਚ 2025 ਦੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਤਿਮਾਹੀ ਵਿੱਚ ਕੰਪਨੀ ਦਾ ਘਾਟਾ ਘੱਟ ਕੇ ₹545 ਕਰੋੜ ਹੋ ਗਿਆ ਹੈ, ਜਦੋਂ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ ਇਹ ₹551 ਕਰੋੜ ਸੀ। ਹਾਲਾਂਕਿ ਕਮਾਈ ਵਿੱਚ ਗਿਰਾਵਟ ਆਈ ਹੈ, ਪਰ ਖਰਚਿਆਂ ਵਿੱਚ ਕਟੌਤੀ ਅਤੇ ਵਿੱਤੀ ਸੇਵਾਵਾਂ ਤੋਂ ਆਮਦਨ ਵਿੱਚ ਵਾਧੇ ਨੇ ਕੰਪਨੀ ਨੂੰ ਰਾਹਤ ਦਿੱਤੀ ਹੈ। ਕੰਪਨੀ ਦੀ ਕੁੱਲ ਸੰਚਾਲਨ ਆਮਦਨ ਮਾਰਚ 2025 ਦੀ ਤਿਮਾਹੀ ਵਿੱਚ ₹1,911.5 ਕਰੋੜ ਰਹੀ, ਜੋ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ ₹2,267.1 ਕਰੋੜ ਦੇ ਮੁਕਾਬਲੇ ਲਗਭਗ 15.7% ਘੱਟ ਹੈ। ਪੂਰੇ ਵਿੱਤੀ ਸਾਲ 2024-25 ਲਈ ਕੰਪਨੀ ਦੀ ਕੁੱਲ ਆਮਦਨ ₹6,900 ਕਰੋੜ ਰਹੀ, ਜੋ ਕਿ ਪਿਛਲੇ ਸਾਲ ₹9,977.8 ਕਰੋੜ ਤੋਂ ਲਗਭਗ 31% ਘੱਟ ਹੈ। ਪਰ ਇਸੇ ਸਮੇਂ ਦੌਰਾਨ, ਕੰਪਨੀ ਦਾ ਕੁੱਲ ਸਾਲਾਨਾ ਘਾਟਾ ਵਿੱਤੀ ਸਾਲ 24 ਵਿੱਚ ₹1,390.4 ਕਰੋੜ ਤੋਂ ਅੱਧੇ ਤੋਂ ਵੱਧ ਘੱਟ ਕੇ ₹645.2 ਕਰੋੜ ਹੋ ਗਿਆ। ਪੇਟੀਐਮ ਨੇ EBITDA ਵਿੱਚ ₹81 ਕਰੋੜ ਦਾ ਮੁਨਾਫਾ ਦਰਜ ਕੀਤਾ ਹੈ, ਜੋ ਕਿ ਪਿਛਲੀ ਤਿਮਾਹੀ ਨਾਲੋਂ ₹121 ਕਰੋੜ ਦਾ ਸੁਧਾਰ ਦਿਖਾ ਰਿਹਾ ਹੈ। ਕੁੱਲ EBITDA ₹88 ਕਰੋੜ ਰਿਹਾ, ਜੋ ਕਿ ਪਿਛਲੀ ਤਿਮਾਹੀ ਨਾਲੋਂ ₹135 ਕਰੋੜ ਵੱਧ ਹੈ। PAT (ਨੈੱਟ ਪ੍ਰੋਫਿਟ) ₹23 ਕਰੋੜ ਰਿਹਾ, ਜੋ ਕਿ ਪਿਛਲੀ ਤਿਮਾਹੀ ਨਾਲੋਂ ₹185 ਕਰੋੜ ਦਾ ਸੁਧਾਰ ਹੈ। ਕੰਪਨੀ ਨੂੰ ਇਸ ਵਿੱਤੀ ਸਾਲ ਵਿੱਚ ₹70 ਕਰੋੜ ਦੇ UPI ਪ੍ਰੋਤਸਾਹਨ ਪ੍ਰਾਪਤ ਹੋਏ ਹਨ। ਕੁੱਲ GMV (ਕੁੱਲ ਵਪਾਰਕ ਮੁੱਲ) ₹5.1 ਲੱਖ ਕਰੋੜ ਸੀ। UPI ਪ੍ਰੋਤਸਾਹਨ ਸਮੇਤ ਸ਼ੁੱਧ ਭੁਗਤਾਨ ਮਾਰਜਿਨ ₹578 ਕਰੋੜ ਰਿਹਾ ਹੈ। ਮਾਰਚ 2025 ਤੱਕ ਵਪਾਰੀ ਡਿਵਾਈਸਾਂ ਲਈ ਗਾਹਕਾਂ ਦੀ ਗਿਣਤੀ 12.4 ਮਿਲੀਅਨ ਹੋ ਗਈ ਹੈ, ਜੋ ਕਿ ਤਿਮਾਹੀ ਦੌਰਾਨ 0.8 ਮਿਲੀਅਨ ਦਾ ਵਾਧਾ ਹੈ। ਵਿੱਤੀ ਸੇਵਾਵਾਂ ਦੀ ਆਮਦਨ ₹545 ਕਰੋੜ ਰਹੀ, ਜੋ ਪਿਛਲੀ ਤਿਮਾਹੀ ਨਾਲੋਂ 9% ਵੱਧ ਹੈ।

ਪੇਟੀਐਮ ਨੇ ਚੌਧੀ ਤਿਮਾਹੀ ਦੇ ਨਤੀਜ਼ੇ ਕੀਤੇ ਜਾਰੀ, EBITDA ‘ਚ ਦਰਜ ਕੀਤਾ ₹81 ਕਰੋੜ ਦਾ ਮੁਨਾਫਾ Read More »

ਬੈਂਕ FD ਨਾਲੋਂ ਬਿਹਤਰ ਹੈ PPF ਸਕੀਮ? CJI ਨੇ ਵੀ ਲਗਾਇਆ ਪੈਸਾ

ਨਵੀਂ ਦਿੱਲੀ, 7 ਮਈ – 1 ਅਪ੍ਰੈਲ ਨੂੰ, ਇੱਕ ਮਹੱਤਵਪੂਰਨ ਮੀਟਿੰਗ ਵਿੱਚ, ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੀ ਜਾਇਦਾਦ ਦਾ ਐਲਾਨ ਕਰਨ ਅਤੇ ਇਸਨੂੰ ਅਦਾਲਤ ਦੀ ਵੈੱਬਸਾਈਟ ‘ਤੇ ਪ੍ਰਕਾਸ਼ਤ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ, ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਹੋਰ ਜੱਜਾਂ ਨੇ ਆਪਣੀਆਂ ਜਾਇਦਾਦਾਂ ਜਨਤਕ ਕੀਤੀਆਂ ਹਨ। ਭਾਰਤ ਦੇ ਚੀਫ਼ ਜਸਟਿਸ ਕੋਲ ਐਫਡੀ ਅਤੇ ਬੈਂਕ ਖਾਤਿਆਂ ਵਿੱਚ 55.75 ਲੱਖ ਰੁਪਏ ਅਤੇ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) ਵਿੱਚ 1.06 ਕਰੋੜ ਰੁਪਏ ਹਨ। ਖਾਸ ਗੱਲ ਇਹ ਹੈ ਕਿ ਸੀਜੇਆਈ ਸੰਜੀਵ ਖੰਨਾ ਨੇ ਬੈਂਕ ਐਫਡੀ ਨਾਲੋਂ ਪੀਪੀਐਫ ਵਿੱਚ ਜ਼ਿਆਦਾ ਪੈਸਾ ਲਗਾਇਆ ਹੈ। ਕੀ ਤੁਸੀਂ ਜਾਣਦੇ ਹੋ ਕਿ ਪਬਲਿਕ ਪ੍ਰੋਵੀਡੈਂਟ ਫੰਡ ਕੀ ਹੈ ਅਤੇ ਇਸ ਵਿੱਚ ਕਿੰਨਾ ਵਿਆਜ ਦਿੱਤਾ ਜਾਂਦਾ ਹੈ, ਅਤੇ ਇਹ ਬੈਂਕ ਐਫਡੀ ਦੇ ਮੁਕਾਬਲੇ ਕਿੰਨਾ ਵਧੀਆ ਹੈ? ਆਓ ਤੁਹਾਨੂੰ ਪੀਪੀਐਫ ਸਕੀਮ ਬਾਰੇ ਦੱਸਦੇ ਹਾਂ। ਕੀ ਹੈ ਪੀਪੀਐਫ ਸਕੀਮ? ਪੀਪੀਐਫ ਯਾਨੀ ਪਬਲਿਕ ਪ੍ਰੋਵੀਡੈਂਟ ਫੰਡ ਇੱਕ ਲੰਬੇ ਸਮੇਂ ਦੀ ਨਿਵੇਸ਼ ਯੋਜਨਾ ਹੈ। ਇਸ ਸਕੀਮ ਵਿੱਚ, ਸਾਲਾਨਾ 7.1 ਪ੍ਰਤੀਸ਼ਤ ਵਿਆਜ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਇਸ ਕੰਪਾਉਂਡਿੰਗ ਇੰਟਰਸਟੇਟ ਯੋਜਨਾ ਵਿੱਚ, ਚੱਕਰਵਿਧੀ ਵਿਆਜ ਉਪਲਬਧ ਹੈ, ਇਸ ਲਈ ਇਹ ਯੋਜਨਾ ਵਧੇਰੇ ਆਕਰਸ਼ਕ ਹੋ ਜਾਂਦੀ ਹੈ, ਜਦੋਂ ਕਿ ਬੈਂਕ ਐਫਡੀ ਵਿੱਚ ਚੱਕਰਵਿਧੀ ਵਿਆਜ ਉਪਲਬਧ ਨਹੀਂ ਹੈ।  ਇਹ ਸਕੀਮ ਉਨ੍ਹਾਂ ਲੋਕਾਂ ਲਈ ਖਾਸ ਤੌਰ ‘ਤੇ ਲਾਭਦਾਇਕ ਹੈ ਜੋ ਜੋਖਮ-ਮੁਕਤ, ਟੈਕਸ-ਬਚਤ, ਅਤੇ ਬਿਹਤਰ ਵਿਆਜ ਕਮਾਉਣ ਵਾਲੀ ਸਕੀਮ ਵਿੱਚ ਪੈਸਾ ਨਿਵੇਸ਼ ਕਰਨਾ ਚਾਹੁੰਦੇ ਹਨ। ਪਬਲਿਕ ਪ੍ਰੋਵੀਡੈਂਟ ਫੰਡ ਇੱਕ 15 ਸਾਲਾਂ ਦੀ ਯੋਜਨਾ ਹੈ ਜਿਸਨੂੰ 5 ਸਾਲਾਂ ਦੀ ਮਿਆਦ ਲਈ ਵਧਾਇਆ ਜਾ ਸਕਦਾ ਹੈ। ਇਹ ਸਕੀਮ ਭਾਰਤ ਸਰਕਾਰ ਦੁਆਰਾ 1968 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਵਿੱਚ ਘੱਟੋ-ਘੱਟ ਰੁ500 ਪ੍ਰਤੀ ਸਾਲ ਅਤੇ ਵੱਧ ਤੋਂ ਵੱਧ ਰੁ1.5 ਲੱਖ ਪ੍ਰਤੀ ਸਾਲ ਜਮ੍ਹਾ ਕੀਤੇ ਜਾ ਸਕਦੇ ਹਨ। ਪੀਪੀਐਫ ਸਕੀਮ ਵਿੱਚ ਨਿਵੇਸ਼ ਕਰਨ ਦੇ ਫਾਇਦੇ -ਪੀਪੀਐਫ ਵਿੱਚ ਨਿਵੇਸ਼ ਕਰਨ ‘ਤੇ ਧਾਰਾ 80ਸੀ ਦੇ ਤਹਿਤ ਰੁ1.5 ਲੱਖ ਤੱਕ ਦੀ ਟੈਕਸ ਛੋਟ ਮਿਲਦੀ ਹੈ। -ਵਿਆਜ ਅਤੇ ਮੇਚਿਓਰਿਟੀ ਰਕਮ ਟੈਕਸ ਮੁਕਤ ਹਨ, ਇਸ ਲਈ ਪੀਪੀਐਫ ਨੂੰ ਈਈਈ (Exempt-Exempt-Exempt) ਸਕੀਮ ਕਿਹਾ ਜਾਂਦਾ ਹੈ। -ਪੀਪੀਐਫ ਸਕੀਮ ਦਾ ਲਾਕ-ਇਨ ਪੀਰੀਅਡ 5 ਸਾਲ ਹੁੰਦਾ ਹੈ, ਯਾਨੀ ਇੱਕ ਵਾਰ ਸ਼ੁਰੂ ਹੋਣ ਤੋਂ ਬਾਅਦ, 5 ਸਾਲਾਂ ਬਾਅਦ ਅੰਸ਼ਕ ਕਢਵਾਉਣ ਦੀ ਸਹੂਲਤ ਹੁੰਦੀ ਹੈ। ਹਾਲਾਂਕਿ, ਕਰਜ਼ਾ 3 ਸਾਲਾਂ ਬਾਅਦ ਲਿਆ ਜਾ ਸਕਦਾ ਹੈ।

ਬੈਂਕ FD ਨਾਲੋਂ ਬਿਹਤਰ ਹੈ PPF ਸਕੀਮ? CJI ਨੇ ਵੀ ਲਗਾਇਆ ਪੈਸਾ Read More »

ਪਾਕਿਸਤਾਨ ‘ਤੇ ਹਮਲੇ ਤੋਂ ਬਾਅਦ ਡਿੱਗੀਆਂ ਸੋਨੇ ਦੀਆਂ ਕੀਮਤਾਂ

ਨਵੀਂ ਦਿੱਲੀ, 7 ਮਈ – ਭਾਰਤ ਅਤੇ ਪਾਕਿਸਤਾਨ ਦੇ ਭਾਰੀ ਤਣਾਅ ਵਿਚਾਲੇ, ਬੁੱਧਵਾਰ ਨੂੰ ਮਲਟੀ ਐਕਸਚੇਂਜ ਕਮੋਡਿਟੀ ‘ਤੇ ਸੋਨੇ ਦੀ ਕੀਮਤ ਡਿੱਗ ਗਈ ਹੈ। ਇਸ ਦੇ ਨਾਲ ਹੀ, ਸਾਰਿਆਂ ਦੀਆਂ ਨਜ਼ਰਾਂ ਅੱਜ ਅਮਰੀਕੀ ਫੈਡਰਲ ਰਿਜ਼ਰਵ ਮੁਦਰਾ ਨੀਤੀ ‘ਤੇ ਵੀ ਹੋਣਗੀਆਂ। ਜੇਕਰ ਅਸੀਂ ਅੱਜ 25 ਮਈ 2025, ਯਾਨੀ ਬੁੱਧਵਾਰ ਨੂੰ ਸੋਨੇ ਦੀ ਕੀਮਤ ਦੀ ਗੱਲ ਕਰੀਏ, ਤਾਂ MCX ‘ਤੇ ਸੋਨਾ ਲਗਭਗ 841 ਰੁਪਏ ਯਾਨੀ 0.86 ਪ੍ਰਤੀਸ਼ਤ ਸਸਤਾ ਹੋ ਗਿਆ ਹੈ। ਸਵੇਰੇ 9.05 ਵਜੇ, ਸੋਨਾ 96,900 ਰੁਪਏ ‘ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਇਹ ਇੱਕ ਦਿਨ ਪਹਿਲਾਂ 97,491 ‘ਤੇ ਬੰਦ ਹੋਇਆ ਸੀ। ਮੰਗਲਵਾਰ ਨੂੰ, ਸੋਨੇ ਦੀ ਕੀਮਤ ਵਿੱਚ ਤਿੰਨ ਪ੍ਰਤੀਸ਼ਤ ਦਾ ਉਛਾਲ ਦੇਖਿਆ ਗਿਆ ਸੀ। ਸੋਨਾ ਹੋਇਆ ਸਸਤਾ MCX ‘ਤੇ ਵੀ ਚਾਂਦੀ ਦੀਆਂ ਕੀਮਤਾਂ ਡਿੱਗ ਗਈਆਂ ਹਨ। ਚਾਂਦੀ 251 ਰੁਪਏ ਯਾਨੀ 0.26 ਪ੍ਰਤੀਸ਼ਤ ਡਿੱਗ ਗਈ ਹੈ ਅਤੇ 96,450 ਰੁਪਏ ਦੀ ਦਰ ਨਾਲ ਵਿਕ ਰਹੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਭਾਰਤੀ ਫੌਜਾਂ ਵੱਲੋਂ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦੇਣ ਅਤੇ ਗੁਆਂਢੀ ਦੁਸ਼ਮਣ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਭੂ-ਰਾਜਨੀਤਿਕ ਤਣਾਅ ਕਾਫ਼ੀ ਵਧ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਉਸ ਸਮੇਂ ਡਿੱਗੀਆਂ ਜਦੋਂ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਗੱਲਬਾਤ ਦੀਆਂ ਖ਼ਬਰਾਂ ਸਾਹਮਣੇ ਆਈਆਂ। ਸਪੂਡ ਸੋਨੇ ਦੀ ਕੀਮਤ 1.2 ਪ੍ਰਤੀਸ਼ਤ ਡਿੱਗ ਕੇ $3,388.67 ਪ੍ਰਤੀ ਔਂਸ ਹੋ ਗਈ ਹੈ। ਪਿਛਲੇ ਸੈਸ਼ਨ ਵਿੱਚ ਇਹ ਲਗਭਗ 3 ਪ੍ਰਤੀਸ਼ਤ ਵਧੀ ਸੀ। ਇਸੇ ਤਰ੍ਹਾਂ, ਅਮਰੀਕੀ ਸੋਨੇ ਦੇ ਫਿਊਚਰਜ਼ ਦੀ ਕੀਮਤ ਵਿੱਚ ਵੀ 0.7 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਅਤੇ ਇਹ $3,397.70 ਪ੍ਰਤੀ ਔਂਸ ਹੋ ਗਈ ਹੈ। ਫੈਡਰਲ ਰਿਜ਼ਰਵ ਮੀਟਿੰਗ ‘ਤੇ ਨਜ਼ਰ ਧਿਆਨ ਦੇਣ ਯੋਗ ਹੈ ਕਿ ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਮੁਦਰਾ ਨੀਤੀ ਮੀਟਿੰਗ ਅਤੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਪ ਪਾਵੇਲ ਦੀਆਂ ਅੱਜ ਮਹਿੰਗਾਈ ਅਤੇ ਵਿਆਜ ਦਰਾਂ ਵਿੱਚ ਕਟੌਤੀ ‘ਤੇ ਟਿੱਪਣੀਆਂ ਦੀ ਉਡੀਕ ਕਰ ਰਹੇ ਹਨ। ਰਿਲਾਇੰਸ ਸਿਕਿਓਰਿਟੀਜ਼ ਦੇ ਸੀਨੀਅਰ ਖੋਜਕਰਤਾ ਜਿਗਰ ਤ੍ਰਿਵੇਦੀ ਦਾ ਕਹਿਣਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਅਮਰੀਕੀ ਅਧਿਕਾਰੀਆਂ ਨੇ ਸਕਾਰਾਤਮਕ ਸੰਕੇਤ ਦਿੱਤੇ ਹਨ ਕਿ ਉਹ ਸਵਿਟਜ਼ਰਲੈਂਡ ਵਿੱਚ ਵਪਾਰਕ ਗੱਲਬਾਤ ਕਰ ਸਕਦੇ ਹਨ, ਇਸ ਨਾਲ ਕੀਮਤੀ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਕੁਝ ਘੰਟੇ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵਪਾਰ ਗੱਲਬਾਤ ‘ਤੇ ਦਸਤਖਤ ਕਰਨ ਦੀ ਕੋਈ ਜਲਦੀ ਨਹੀਂ ਹੈ।

ਪਾਕਿਸਤਾਨ ‘ਤੇ ਹਮਲੇ ਤੋਂ ਬਾਅਦ ਡਿੱਗੀਆਂ ਸੋਨੇ ਦੀਆਂ ਕੀਮਤਾਂ Read More »

ਬਿਨਾਂ ਕਿਸੇ ਠੋਸ ਕਾਰਨ ਤੋਂ ਡਾਕਟਰਾਂ ਨੂੰ ਨਹੀਂ ਮਿਲੇਗੀ ਛੁੱਟੀ

ਗੁਰਦਾਸਪੁਰ, 7 ਮਈ – ਦੇਸ਼ ਅੰਦਰ ਬਣੇ ਮੋਜੂਦਾ ਹਾਲਾਤਾਂ ਦੇ ਚਲਦਿਆਂ ਜ਼ਿਲਾ ਗੁਰਦਾਸਪੁਰ ਅੰਦਰ ਸਿਹਤ ਵਿਭਾਗ ਵੀ ਤਿਆਰ ਬਰ ਤਿਆਰ ਹੋ ਗਿਆ ਹੈ ਅਤੇ ਸਿਹਤ ਸਹੂਲਤਾਂ ਨੂੰ ਵੀ ਵਧਾ ਦਿੱਤਾ ਗਿਆ ਹੈ। ਉੱਥੇ ਹੀ ਬਾਰਡਰ ਏਰੀਆ ਅੰਦਰ ਹਸਪਤਾਲਾਂ ਚ ਦਵਾਈਆਂ ਦਾ ਸਟਾਕ ਅਤੇ ਬੈਡਾਂ ਦੀ ਗਿਣਤੀ ਵੀ ਵਧਾਈ ਗਈ ਹੈ ਜਦਕਿ ਡਾਕਟਰਾਂ ਨੂੰ ਹਿਦਾਇਤਾਂ ਕੀਤੀਆਂ ਗਈਆਂ ਹਨ ਕਿ ਬਿਨਾਂ ਕਿਸੇ ਜਰੂਰੀ ਕੰਮ ਤੋਂ ਬਗੈਰ ਛੁੱਟੀ ਨਾ ਕੀਤੀ ਜਾਵੇ। ਛੁੱਟੀ ਤੇ ਗਏ ਡਾਕਟਰਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਸੰਬੰਧਿਤ ਪ੍ਰਾਈਵੇਟ ਡਾਕਟਰਾਂ ਨਾਲ ਵੀ ਸਿਹਤ ਵਿਭਾਗ ਨੇ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਤਾਂ ਜੋ ਲੋੜ ਪੈਣ ਤੇ ਉਹਨਾਂ ਦੀ ਮਦਦ ਵੀ ਲਈ ਜਾ ਸਕੇ।

ਬਿਨਾਂ ਕਿਸੇ ਠੋਸ ਕਾਰਨ ਤੋਂ ਡਾਕਟਰਾਂ ਨੂੰ ਨਹੀਂ ਮਿਲੇਗੀ ਛੁੱਟੀ Read More »

ਅੱਤਵਾਦ ਦੇ ਆਕਾ ਦਾ ਹੋਵੇ ਪੱਕਾ ਇਲਾਜ

ਪਹਿਲਗਾਮ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਨੂੰ ਇਕ ਪੰਦਰਵਾੜੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਦੋਂ ਤੋਂ ਪੂਰਾ ਦੇਸ਼ ਉੱਚਿਤ ਪ੍ਰਤੀਕਰਮ ਦੀ ਉਡੀਕ ਕਰ ਰਿਹਾ ਹੈ। ਸਮੁੱਚਾ ਦੇਸ਼ ਇਕਸਮਾਨ ਭਾਵਨਾਵਾਂ ਰੱਖਦਾ ਹੈ ਕਿ ਸਾਨੂੰ ਪੂਰੀ ਸਮਰੱਥਾ ਨਾਲ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ। ਉਂਜ ਤਾਂ ਸਾਨੂੰ ਸਰਕਾਰ ਦੇ ਭਰੋਸੇ ’ਤੇ ਯਕੀਨ ਹੈ ਕਿ ਵਾਜਬ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਫਿਰ ਵੀ, ਉਸ ਦੀ ਉਡੀਕ ਬੇਚੈਨੀ ਵਧਾ ਰਹੀ ਹੈ। ਇਹ ਵੀ ਸਹੀ ਹੈ ਕਿ ਅਜਿਹੇ ਵਿਸ਼ੇ ਅਤਿਅੰਤ ਸੰਵੇਦਨਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਦੇ ਸਬੰਧ ਵਿਚ ਜ਼ਰੂਰੀ ਸਾਵਧਾਨੀ ਵਰਤਣੀ ਹੀ ਚਾਹੀਦੀ ਹੈ। ਇਸ ਸਮੇਂ ਸਮਾਜ ਵਿਚ ਸਭ ਤੋਂ ਵੱਧ ਮੰਥਨ ਇਸੇ ਪਹਿਲੂ ’ਤੇ ਜਾਰੀ ਹੈ ਕਿ ਭਾਰਤ ਨੂੰ ਕਦੋਂ, ਕੀ ਅਤੇ ਕਿਵੇਂ ਕਾਰਵਾਈ ਕਰਨੀ ਚਾਹੀਦੀ ਹੈ। ਤਰਕਸੰਗਤ ਦ੍ਰਿਸ਼ਟੀਕੋਣ ਤਾਂ ਇਹੀ ਕਹਿੰਦਾ ਹੈ ਕਿ ਪਾਕਿਸਤਾਨ ’ਤੇ ਨਿਰੰਤਰ ਯਤਨਾਂ ਨਾਲ ਬਹੁ-ਪੱਧਰੀ ਸ਼ਿਕੰਜਾ ਕੱਸਿਆ ਜਾਵੇ। ਉਸ ਨੂੰ ਫ਼ੌਜੀ, ਆਰਥਿਕ ਅਤੇ ਕੂਟਨੀਤਕ, ਸਾਰੇ ਮੁਹਾਜ਼ਾਂ ’ਤੇ ਜ਼ਖ਼ਮ ਦਿੱਤੇ ਜਾਣ। ਪਾਕਿਸਤਾਨ ਦੇ ਜਿਸ ਜ਼ਾਲਮ ਤੇ ਕਰੂਪ ਚਿਹਰੇ ਤੋਂ ਅਸੀਂ ਹਮੇਸ਼ਾ ਤੋਂ ਜਾਣੂ ਰਹੇ ਹਾਂ, ਉਹ ਹਾਲੀਆ ਸਾਲਾਂ ਵਿਚ ਪੂਰੇ ਵਿਸ਼ਵ ਦੇ ਸਾਹਮਣੇ ਵੀ ਬੇਨਕਾਬ ਹੋ ਗਿਆ ਹੈ। ਲੰਬੇ ਸਮੇਂ ਤੋਂ ਕਿਹਾ ਜਾਂਦਾ ਰਿਹਾ ਹੈ ਕਿ ਪਾਕਿਸਤਾਨ ਦੇ ਲੋਕ ਤਾਂ ਸ਼ਾਂਤੀ ਚਾਹੁੰਦੇ ਹਨ ਪਰ ਫ਼ੌਜ ਦੀ ਗੋਦੀ ਵਿਚ ਬੈਠੀ ਸਰਗਰਮ ਡੀਪ ਸਟੇਟ ਨੇ ਅੱਤਵਾਦ ਨੂੰ ਇਕ ਰਾਸ਼ਟਰ ਨੀਤੀ ਦੇ ਰੂਪ ਵਿਚ ਅਪਣਾਇਆ ਹੋਇਆ ਹੈ। ਅਜਿਹੀ ਸਥਿਤੀ ਵਿਚ ਸਾਡੀ ਫ਼ੌਜੀ ਕਾਰਵਾਈ ਵਿਚ ਉਸ ਡੀਪ ਸਟੇਟ ਨੂੰ ਹੀ ਨਿਸ਼ਾਨਾ ਬਣਾਉਣਾ ਹੋਵੇਗਾ। ਆਪਣੀ ਸੰਭਾਵੀ ਕਾਰਵਾਈ ਵਿਚ ਭਾਰਤ ਅੱਤਵਾਦੀਆਂ ਦੇ ਕੈਂਪ ਨਸ਼ਟ ਕਰਨ ਤੋਂ ਅੱਗੇ ਵਧਦਾ ਹੋਇਆ ਪਾਕਿਸਤਾਨੀ ਫ਼ੌਜ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਵੇ। ਪਾਕਿਸਤਾਨ ਵਿਚ ਗ਼ਰੀਬੀ ਅਤੇ ਕੱਟੜਵਾਦ ਦੀ ਪੈਂਠ ਨੂੰ ਦੇਖਦੇ ਹੋਏ ਉੱਥੇ ਸਿਖਲਾਈਸ਼ੁਦਾ ਅੱਤਵਾਦੀਆਂ ਦਾ ਕਦੇ ਵੀ ਕਾਲ਼ ਨਹੀਂ ਪੈਣ ਵਾਲਾ। ਇਸ ਲਈ ਸਾਨੂੰ ਆਪਣੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੇ ਅੱਤਵਾਦੀਆਂ ਦਾ ਖ਼ਾਤਮਾ ਕਰਦੇ ਰਹਿਣ ਦੇ ਨਾਲ ਹੀ ਉਨ੍ਹਾਂ ਨੂੰ ਪਾਲਣ-ਪੋਸਣ ਵਾਲੀ ਪਾਕਿਸਤਾਨੀ ਫ਼ੌਜ ਨੂੰ ਵੀ ਆਪਣੀ ਕਾਰਵਾਈ ਦੇ ਦਾਇਰੇ ਵਿਚ ਲਿਆਉਣਾ ਹੋਵੇਗਾ। ਜਦ ਦੂਜੇ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਖ਼ੁਦ ਮਨੁੱਖੀ ਨੁਕਸਾਨ ਸਹਿਣਾ ਪਵੇਗਾ ਤਾਂ ਇਹ ਉਨ੍ਹਾਂ ਦੇ ਜੰਗੀ ਜਨੂੰਨ ਨਾਲ ਸਿੱਝਣ ਵਿਚ ਇਕ ਕਾਰਗਰ ਹਥਿਆਰ ਸਾਬਿਤ ਹੋਵੇਗਾ। ਅਜਿਹੀਆਂ ਮੁਹਿੰਮਾਂ ਬੇਸ਼ੱਕ ਬਹੁਤ ਮੁਸ਼ਕਲ ਹੁੰਦੀਆਂ ਹਨ ਅਤੇ ਉਨ੍ਹਾਂ ਨਾਲ ਇਕ ਵਿਆਪਕ ਜੰਗ ਛਿੜਨ ਦਾ ਜੋਖ਼ਮ ਵੀ ਬਣਿਆ ਰਹਿੰਦਾ ਹੈ। ਇਸ ਦੇ ਬਾਵਜੂਦ ਸਮੇਂ ਦੀ ਮੰਗ ਹੈ ਕਿ ਇਕ ਅਸਰਦਾਰ ਤੇ ਉਮੀਦ ਮੁਤਾਬਕ ਕਾਰਵਾਈ ਕੀਤੀ ਜਾਵੇ। ਦਹਾਕਿਆਂ ਤੋਂ ਅਸੀਂ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਅਪਰਾਧੀਆਂ ਦੀ ਹਵਾਲਗੀ ਦੇ ਵਿਅਰਥ ਯਤਨਾਂ ਵਿਚ ਲੱਗੇ ਹੋਏ ਹਾਂ। ਢੁੱਕਵਾਂ ਕਦਮ ਇਹੀ ਹੋਵੇਗਾ ਕਿ ਅੱਤਵਾਦ ਦੇ ਇਨ੍ਹਾਂ ਆਕਾਵਾਂ ਨੂੰ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਵਿਚ ਹੀ ਪ੍ਰਤੱਖ ਜਾਂ ਅਪ੍ਰਤੱਖ ਤੌਰ ’ਤੇ ਨਿਸ਼ਾਨਾ ਬਣਾਈਏ। ਕਈ ਹਾਲਾਤ ਵਿਚ ਧਾਰਨਾ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ। ਅਜਿਹੇ ਵਿਚ ਇਹ ਅਹਿਮ ਹੈ ਕਿ ਇਸ ਜੰਗ ਵਿਚ ਅਸੀਂ ਨਾ ਸਿਰਫ਼ ਜਿੱਤੀਏ ਸਗੋਂ ਜਿੱਤਦੇ ਹੋਏ ਦਿਖਾਈ ਵੀ ਦੇਈਏ। ਨਿਰਸੰਦੇਹ ਸਾਡਾ ਰੱਖਿਆ ਤੰਤਰ ਹੋਰ ਮਜ਼ਬੂਤ ਹੋਣਾ ਚਾਹੀਦਾ ਹੈ। ਭਾਵੇਂ ਹੀ ਹਾਲੇ ਪੂਰਾ ਧਿਆਨ ਜਵਾਬੀ ਹਮਲੇ ’ਤੇ ਹੈ ਪਰ ਇਸੇ ਦੌਰਾਨ ਸਾਨੂੰ ਉਨ੍ਹਾਂ ਅੰਦਰੂਨੀ ਕਮੀਆਂ ਦਾ ਵੀ ਵਿਸ਼ਲੇਸ਼ਣ ਕਰਨਾ ਹੋਵੇਗਾ ਜੋ ਇਸ ਹਮਲੇ ਤੋਂ ਉਜਾਗਰ ਹੋਈਆਂ ਹਨ। ਸਾਨੂੰ ਆਪਣੀਆਂ ਸਰਹੱਦਾਂ ਅਜਿਹੀਆਂ ਬਣਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਕੋਈ ਸੰਨ੍ਹਮਾਰੀ ਨਾ ਹੋ ਸਕੇ। ਬਾਹਰਲੇ-ਅੰਦਰੂਨੀ ਖ਼ੁਫ਼ੀਆ ਢਾਂਚੇ ਨੂੰ ਸੁਧਾਰਨ ਦੇ ਨਾਲ ਹੀ ਅੱਤਵਾਦੀਆਂ ਨੂੰ ਮਿਲਣ ਵਾਲੇ ਕਿਸੇ ਵੀ ਸਮਰਥਨ ਨੂੰ ਨੱਥ ਪਾਉਣੀ ਹੋਵੇਗੀ। ਦਹਾਕਿਆਂ ਤੋਂ ਅਸੀਂ ਪਾਕਿਸਤਾਨ ਦੀ ਹਕੀਕਤ ਉਜਾਗਰ ਕਰਨ ਵਿਚ ਲੱਗੇ ਹੋਏ ਹਾਂ। ਸਾਡੇ ਕੂਟਨੀਤਕ ਯਤਨ ਸਫਲ ਵੀ ਹੋਏ ਹਨ। ਜਿਵੇਂ ਰਵਾਇਤੀ ਤੌਰ ’ਤੇ ਪਾਕਿਸਤਾਨ ਦੇ ਸਹਿਯੋਗੀ ਰਹੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨੇ ਵੀ ਪਹਿਲਗਾਮ ਹਮਲੇ ਦੀ ਤਤਕਾਲ ਨਿੰਦਾ ਕੀਤੀ। ਅਮਰੀਕਾ ਤੇ ਰੂਸ ਵਰਗੀਆਂ ਮਹਾ-ਸ਼ਕਤੀਆਂ ਨੇ ਨਾ ਸਿਰਫ਼ ਹਮਲੇ ਦੀ ਨਿੰਦਾ ਕੀਤੀ ਬਲਕਿ ਭਾਰਤ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਹਰ ਸੰਭਵ ਸਮਰਥਨ ਦਾ ਭਰੋਸਾ ਵੀ ਦਿੱਤਾ। ਫਿਰ ਵੀ ਸਿਰਫ਼ ਇੰਨਾ ਹੀ ਕਾਫ਼ੀ ਨਹੀਂ ਹੈ। ਸਾਡੇ ਯਤਨ ਅਜਿਹੇ ਹੋਣ ਕਿ ਪਾਕਿਸਤਾਨ ਨੂੰ ਨਾ ਸਿਰਫ਼ ਕੂਟਨੀਤਕ ਪੱਧਰ ’ਤੇ ਇਕੱਲਾ ਕੀਤਾ ਜਾਵੇ ਬਲਕਿ ਉਸ ਨੂੰ ਆਰਥਿਕ ਤੌਰ ’ਤੇ ਵੀ ਸੱਟ ਮਾਰੀ ਜਾਵੇ। ਕੀ ਅਸੀਂ ਆਪਣੇ ਅਰਥਚਾਰੇ ਅਤੇ ਬਾਜ਼ਾਰ ਦੇ ਆਕਾਰ ਦਾ ਲਾਭ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਚੁੱਕ ਸਕਦੇ ਹਾਂ? ਇਹ ਕਿਸੇ ਤੋਂ ਲੁਕਿਆ ਨਹੀਂ ਕਿ ਪਾਕਿਸਤਾਨ ਦੇ ਪਿੱਛੇ ਕਿਹੜੇ ਦੇਸ਼ ਹਨ। ਕਿਨ੍ਹਾਂ ਦੀ ਮਿਹਰਬਾਨੀ ਨਾਲ ਉਸ ਨੂੰ ਵਿੱਤੀ ਖ਼ੈਰਾਤ ਮਿਲਦੀ ਰਹੀ ਹੈ ਅਤੇ ਕੌਣ ਉਸ ਨੂੰ ਫ਼ੌਜੀ ਸਾਜ਼ੋ-ਸਾਮਾਨ ਉਪਲਬਧ ਕਰਵਾਉਂਦੇ ਹਨ? ਪਹਿਲਾ ਨਾਂ ਅਮਰੀਕਾ ਦਾ ਆਉਂਦਾ ਹੈ। ਇਸ ਸਮੇਂ ਸੌਦੇਬਾਜ਼ੀ ਵਿਚ ਲੱਗੇ ਅਮਰੀਕੀ ਰਾਸ਼ਟਰਪਤੀ ਦੇ ਨਾਲ ਸਾਨੂੰ ਵਪਾਰ ਨਾਲ ਜੁੜੇ ਕਰਾਰ ਵਿਚ ਭਾਵੇਂ ਹੀ ਕੁਝ ਸਮਝੌਤੇ ਕਰਨੇ ਪੈਣ ਅਤੇ ਉਨ੍ਹਾਂ ਤੋਂ ਖ਼ਰੀਦਦਾਰੀ ਵਧਾਉਣੀ ਪਵੇ। ਸਾਡਾ ਮਕਸਦ ਇਹੀ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਸਭ ਦੇ ਇਵਜ਼ ਵਿਚ ਅਮਰੀਕਾ ਪਾਕਿਸਤਾਨ ਨੂੰ ਵਿੱਤੀ ਮਦਦ ਰੋਕਣ ਦੇ ਨਾਲ ਹੀ ਉਸ ਨੂੰ ਫ਼ੌਜੀ ਸਹਿਯੋਗ ਬੰਦ ਕਰੇ। ਸਿੱਧੀ ਜਿਹੀ ਗੱਲ ਹੈ ਕਿ ਅਸੀਂ ਤੁਹਾਡੇ ਬੋਇੰਗ ਜਹਾਜ਼ ਉਦੋਂ ਹੀ ਖ਼ਰੀਦਾਂਗੇ ਜਦ ਤੁਸੀਂ ਸਾਡੇ ਦੁਸ਼ਮਣ ਨੂੰ ਆਪਣੇ ਐੱਫ-16 ਵੇਚਣੇ ਬੰਦ ਕਰੋਗੇ। ਚੀਨ ਵੀ ਪਾਕਿਸਤਾਨ ਦਾ ਇਕ ਸਦਾਬਹਾਰ ਮਦਦਗਾਰ ਰਿਹਾ ਹੈ। ਭਾਰਤ ਨਾਲ ਉਸ ਦਾ 100 ਅਰਬ ਡਾਲਰ ਤੋਂ ਜ਼ਿਆਦਾ ਦਾ ਵਪਾਰ ਚੱਲ ਰਿਹਾ ਹੈ। ਅਮਰੀਕਾ ਨਾਲ ਟੈਰਿਫ ਵਾਰ ਕਾਰਨ ਆਪਣੇ ਉਤਪਾਦ ਖਪਾਉਣ ਲਈ ਉਸ ਨੂੰ ਨਵੇਂ ਬਾਜ਼ਾਰ ਦੀ ਦਰਕਾਰ ਹੋਵੇਗੀ। ਅਜਿਹੇ ਵਿਚ ਭਾਰਤ ਚੀਨ ਨਾਲ ਵਪਾਰ ਵਧਾ ਸਕਦਾ ਹੈ ਪਰ ਸ਼ਰਤ ਇਹੀ ਹੋਣੀ ਚਾਹੀਦੀ ਹੈ ਕਿ ਉਹ ਪਾਕਿਸਤਾਨ ਤੋਂ ਦੂਰੀ ਬਣਾਵੇ। ਖਾੜੀ ਦੇ ਦੇਸ਼ ਕਿਉਂਕਿ ਭਾਰਤ ਨਾਲ ਵਪਾਰਕ ਰਿਸ਼ਤਿਆਂ ਨੂੰ ਵਿਸਥਾਰ ਦੇਣ ਦੇ ਪੱਖ ਵਿਚ ਹਨ, ਇਸ ਲਈ ਲੱਗਦਾ ਨਹੀਂ ਕਿ ਉਨ੍ਹਾਂ ਨੂੰ ਸਾਡੇ ਬਰਬਾਦ ਅਤੇ ਨਾਕਾਮ ਗੁਆਂਢੀ ਵਿਚ ਕੋਈ ਦਿਲਚਸਪੀ ਹੋਵੇਗੀ। ਸੰਭਵ ਹੈ ਕਿ ਅਜਿਹੇ ਯਤਨਾਂ ਦੀ ਕੁਝ ਆਰਥਿਕ ਕੀਮਤ ਵੀ ਸਾਨੂੰ ਤਾਰਨੀ ਪਵੇ ਪਰ ਉਹ ਸਾਡੀ ਸਮਰੱਥਾ ਦੇ ਦਾਇਰੇ ਤੋਂ ਬਾਹਰ ਨਹੀਂ ਹੋਵੇਗੀ। ਜਦ ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਨ ਦੇ ਰਾਹ ’ਤੇ ਹਾਂ ਤਾਂ ਇਹ ਬੋਝ ਸਹਿ ਸਕਦੇ ਹਾਂ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਮਾਣ-ਮਰਿਆਦਾ ਤੇ ਸੁਰੱਖਿਆ ਦੀ ਕੋਈ ਕੀਮਤ ਨਹੀਂ ਹੁੰਦੀ। ਇਸ ਜੰਗ ਵਿਚ ਨਾ ਅਸੀਂ ਝਿਜਕ ਦਿਖਾ ਸਕਦੇ ਹਾਂ ਅਤੇ ਨਾ ਹੀ ਨਰਮੀ। ਇਨ੍ਹਾਂ ਤਾਲਮੇਲ ਵਾਲੇ ਯਤਨਾਂ ਦਾ ਸੁਭਾਵਕ ਨਤੀਜਾ ਪਾਕਿਸਤਾਨ ਦੀ ਵੰਡ ਹੀ ਦਿਸਦੀ ਹੈ। ਅੰਦਰੂਨੀ ਪਾਟੋਧਾੜਾਂ ਅਤੇ ਨਸਲੀ ਸੰਘਰਸ਼ਾਂ ਨਾਲ ਜੂਝ ਰਿਹਾ ਅਸਥਿਰ ਦੇਸ਼ ਲੰਬੇ ਸਮੇਂ ਤੱਕ ਇਕਜੁੱਟ ਨਹੀਂ ਰਹਿ ਸਕਦਾ। ਪਾਕਿਸਤਾਨ ਦੀ ਹੋਂਦ ਹਮੇਸ਼ਾ ਸਵਾਲਾਂ ਦੇ ਘੇਰੇ ਵਿਚ ਰਹੀ ਹੈ। ਉਹ ਬਲੋਚਿਸਤਾਨ, ਸਿੰਧ, ਨਾਰਥ ਵੈਸਟ ਫਰੰਟੀਅਰ ਅਤੇ ਕੁਝ ਖ਼ੁਦਮੁਖਤਾਰ ਇਲਾਕਿਆਂ ਵਿਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ’ਚੋਂ ਕਈ ਭਾਰਤ ਨਾਲ ਦਿਲੀ ਰਿਸ਼ਤੇ ਚਾਹੁੰਦੇ ਹਨ। ਅਜਿਹੀ ਸਥਿਤੀ ਵਿਚ ਸਵਾਰਥੀ ਪਾਕਿਸਤਾਨੀ ਸੈਨਾ ਅਤੇ ਘਿਨੌਣੇ ਡੀਪ ਸਟੇਟ ਦਾ ਦਾਇਰਾ ਇਸਲਾਮਾਬਾਦ, ਰਾਵਲਪਿੰਡੀ ਅਤੇ ਲਾਹੌਰ ਤੱਕ ਸਿਮਟ ਸਕਦਾ ਹੈ ਜੋ ਉਨ੍ਹਾਂ ਲਈ ਵੱਡਾ ਧੱਕਾ ਹੋਵੇਗਾ। ਅਜਿਹੇ ਵਿਚ ਉਹ ਆਪਣੀਆਂ ਨਾਪਾਕ ਹਰਕਤਾਂ ਪੂਰੀ ਤਰ੍ਹਾਂ ਖੁੱਲ੍ਹ ਕੇ ਨਹੀਂ ਕਰ ਸਕਣਗੇ ਜਿਵੇਂ ਇਸ ਵੇਲੇ ਕਰ ਰਹੇ

ਅੱਤਵਾਦ ਦੇ ਆਕਾ ਦਾ ਹੋਵੇ ਪੱਕਾ ਇਲਾਜ Read More »

ਝੋਨੇ ਦੀਆਂ ਨਵੀਆਂ ਕਿਸਮਾਂ

ਇੱਕੀਵੀਂ ਸਦੀ ਦੀ ਸੀਆਰਆਈਐੱਸਪੀਆਰ ਤਕਨੀਕ ਦੀ ਵਰਤੋਂ ਨਾਲ ਦੁਨੀਆ ਦੀਆਂ ਪਹਿਲੀਆਂ, ਝੋਨੇ ਦੀਆਂ ਜੀਨ ਸੋਧ ਕਿਸਮਾਂ ਤਿਆਰ ਕਰ ਕੇ ਭਾਰਤ ਨੇ ਖੇਤੀਬਾੜੀ ਦੇ ਭਵਿੱਖ ’ਚ ਮਹੱਤਵਪੂਰਨ ਪੁਲਾਂਘ ਪੁੱਟੀ ਹੈ। ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਵੱਲੋਂ ਵਿਕਸਿਤ, ਝੋਨੇ ਦੀਆਂ ਇਹ ਕਿਸਮਾਂ ਵੱਧ ਪੈਦਾਵਾਰ, ਪਾਣੀ ਬਚਾਉਣ ਅਤੇ ਮੌਸਮੀ ਤਬਦੀਲੀਆਂ ਦਾ ਸਾਹਮਣਾ ਕਰਨ ਦੇ ਯੋਗ ਹੋਣਗੀਆਂ। ਇਹ ਰਵਾਇਤੀ ਜੀਨ ਸੋਧਿਤ (ਜੀਐੱਮਓ) ਕਿਸਮਾਂ ਨਾਲੋਂ ਵੱਖਰੀਆਂ ਹਨ। ਇਨ੍ਹਾਂ ਦਾ ਮਹੱਤਵ ਸਿਰਫ਼ ਵਿਗਿਆਨਕ ਪੱਧਰ ’ਤੇ ਨਹੀਂ ਬਲਕਿ ਰਣਨੀਤਕ ਤੌਰ ਉੱਤੇ ਵੀ ਹੈ। ਵੱਖ-ਵੱਖ ਜੀਨਾਂ ਦੀ ਟ੍ਰਾਂਸਜੈਨਿਕ ਤਬਦੀਲੀਆਂ ਤੋਂ ਉਲਟ ਇਸ ਜੀਨ ਸੋਧ ਵਿੱਚ ਕੋਈ ਬਾਹਰੀ ਜੀਨ ਪੌਦੇ ’ਚ ਨਹੀਂ ਪਾਇਆ ਜਾਂਦਾ। ਇਹ ਫ਼ਰਕ ਭਾਰਤ ਨੂੰ ਖੁੱਲ੍ਹ ਦਿੰਦਾ ਹੈ ਕਿ ਉਹ ਇਨ੍ਹਾਂ ਫ਼ਸਲਾਂ ਨੂੰ ਜੀਐੱਮਓਜ਼ ਦੇ ਰੈਗੂਲੇਟਰੀ ਢਾਂਚੇ ਤੋਂ ਬਾਹਰ ਰੱਖ ਸਕਦਾ ਹੈ ਜਿਸ ਨਾਲ ਜਨਤਕ ਵਿਰੋਧ ਘਟੇਗਾ ਅਤੇ ਮਨਜ਼ੂਰੀ ਤੇਜ਼ੀ ਨਾਲ ਮਿਲੇਗੀ। ਸੁਧਰੀ ਹੋਈ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਜਿਹੀਆਂ ਝੋਨੇ ਦੀਆਂ ਨਵੀਆਂ ਕਿਸਮਾਂ ਤੋਂ ਆਸ ਹੈ ਕਿ ਇਹ 20-30 ਪ੍ਰਤੀਸ਼ਤ ਵੱਧ ਪੈਦਾਵਾਰ ਦੇਣਗੀਆਂ ਜਦੋਂਕਿ ਇਨ੍ਹਾਂ ਨਾਲ ਪਾਣੀ ਦੀ ਖ਼ਪਤ 40 ਪ੍ਰਤੀਸ਼ਤ ਤੱਕ ਘਟ ਜਾਵੇਗੀ। ਅਜਿਹਾ ਮੁਲਕ ਜਿੱਥੇ ਖੇਤੀਬਾੜੀ ਮੌਨਸੂਨ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਖ਼ਤਰਨਾਕ ਹੱਦ ਤੱਕ ਡਿੱਗ ਚੁੱਕਾ ਹੈ, ਇਹ ਕਾਢ ਅਤਿ ਲੋੜੀਂਦਾ ਦਖ਼ਲ ਹੈ। ਇਸ ਤੋਂ ਇਲਾਵਾ ਭਾਰਤ ਦਾ ਇਹ ਕਦਮ ਆਲਮੀ ਰੁਝਾਨਾਂ ਨਾਲ ਵੀ ਮੇਲ ਖਾਂਦਾ ਹੈ। ਅਮਰੀਕਾ, ਜਪਾਨ ਅਤੇ ਆਸਟਰੇਲੀਆ ਕੋਲ ਪਹਿਲਾਂ ਹੀ ਅਜਿਹੀਆਂ ਫ਼ਸਲਾਂ ਲਈ ਪ੍ਰਗਤੀਸ਼ੀਲ ਚੌਖਟੇ ਬਣ ਚੁੱਕੇ ਹਨ। ਇਸ ਨਵੀਂ ਤਕਨੀਕ ਨੂੰ ਛੇਤੀ ਅਪਣਾ ਲੈਣ ਨਾਲ ਭਾਰਤ ਨੇ ਖੇਤੀਬਾੜੀ ਖੋਜਕਾਰ ਅਤੇ ਆਲਮੀ ਖ਼ੁਰਾਕ ਸੁਰੱਖਿਆ ਵਿੱਚ ਯੋਗਦਾਨੀ ਵਜੋਂ ਆਪਣੀ ਪੁਜ਼ੀਸ਼ਨ ਪੁਖ਼ਤਾ ਕਰ ਲਈ ਹੈ। ਇਹ ਸਭ ਕੁਝ ਤਾਂ ਠੀਕ ਹੈ ਪਰ ਇਸ ਵਿੱਚ ਸਫਲਤਾ ਪਾਰਦਰਸ਼ੀ ਸੰਚਾਰ, ਸਖ਼ਤ ਪਰਖ ਅਤੇ ਕਿਸਾਨਾਂ ਦੀ ਸੰਵੇਦਨਸ਼ੀਲਤਾ ਉੱਪਰ ਮੁਨੱਸਰ ਕਰੇਗੀ। ਗ਼ਲਤ ਧਾਰਨਾਵਾਂ ਜਾਂ ਕਾਹਲੀ ਨਾਲ ਅਮਲ ਕਰਨ ਨਾਲ ਜਨਤਕ ਭਰੋਸਾ ਆਸਾਨੀ ਨਾਲ ਖ਼ਤਮ ਵੀ ਹੋ ਸਕਦਾ ਹੈ। ਵਿਗਿਆਨ ਦੇ ਫ਼ਾਇਦੇ ਬਿਨਾਂ ਸ਼ੱਕ ਖੇਤਾਂ ਤੱਕ ਅੱਪੜਨੇ ਚਾਹੀਦੇ ਹਨ ਤੇ ਇਸ ਦੇ ਨਾਲ ਹੀ ਨਾ ਕੇਵਲ ਨਿਗਰਾਨੀ ਦੇ ਨੇਮਾਂ ਵਿੱਚ ਢਿੱਲ ਦੇਣ ਦੀ ਲੋੜ ਹੈ ਸਗੋਂ ਨੈਤਿਕ ਜ਼ਿੰਮੇਵਾਰੀ ਵੀ ਚੁੱਕਣੀ ਪਵੇਗੀ। ਨਵੀਂ ਤਕਨੀਕ ਅਤੇ ਇਸ ਦੇ ਨਿਗਰਾਨੀ ਪ੍ਰਬੰਧ ਮੁਤੱਲਕ ਕਈ ਖਦਸ਼ੇ ਵੀ ਪ੍ਰਗਟ ਕੀਤੇ ਜਾਂਦੇ ਹਨ ਜਿਸ ਕਰ ਕੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਸਾਰੀਆਂ ਸਬੰਧਿਤ ਧਿਰਾਂ ਨਾਲ ਪੂਰੀ ਵਿਚਾਰ ਚਰਚਾ ਕਰਨ ਦੀ ਲੋੜ ਹੈ।

ਝੋਨੇ ਦੀਆਂ ਨਵੀਆਂ ਕਿਸਮਾਂ Read More »

ਸੰਯੁਕਤ ਰਾਸ਼ਟਰ ਦੀ ਅਪੀਲ

ਪਹਿਲਗਾਮ ’ਚ ਹੋਏ ਬੇਰਹਿਮ ਅਤਿਵਾਦੀ ਹਮਲੇ, ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ, ਨੇ ਭਾਰਤ ਅਤੇ ਪਾਕਿਸਤਾਨ ਨੂੰ ਖ਼ਤਰਨਾਕ ਢਲਾਣ ’ਤੇ ਲਿਆ ਖੜ੍ਹਾ ਕੀਤਾ ਹੈ। ਤਣਾਅ ਤੇਜ਼ੀ ਨਾਲ ਵਧ ਰਿਹਾ ਹੈ, ਦੋਵੇਂ ਦੇਸ਼ ਤਿੱਖੀ ਬਿਆਨਬਾਜ਼ੀ ਦੇ ਨਾਲ-ਨਾਲ ਫ਼ੌਜੀ ਪੈਂਤੜੇ ਵੀ ਅਖ਼ਤਿਆਰ ਕਰ ਰਹੇ ਹਨ। ਲਗਾਤਾਰ ਬਦਲ ਰਹੀਆਂ ਸਥਿਤੀਆਂ ਦੇ ਮੱਦੇਨਜ਼ਰ, ਸੰਯੁਕਤ ਰਾਸ਼ਟਰ ਨੇ ਦਖ਼ਲ ਦਿੱਤਾ ਹੈ ਤੇ ਦੋਵਾਂ ਧਿਰਾਂ ਨੂੰ ‘ਵੱਧ ਤੋਂ ਵੱਧ ਸੰਜਮ ਵਰਤਣ’ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਦਾ ਦਖ਼ਲ ਤੇ ਸਲਾਮਤੀ ਪਰਿਸ਼ਦ ਦੀਆਂ ਬੰਦ ਕਮਰਾ ਬੈਠਕਾਂ ਦਰਸਾਉਂਦੀਆਂ ਹਨ ਕਿ ਦੁਨੀਆ ਭਰ ਦੇ ਮੁਲਕ ਫ਼ਿਕਰਮੰਦ ਹਨ। ਗੁਟੇਰੇਜ਼ ਦੀ ਚਿਤਾਵਨੀ ਮਹਿਜ਼ ਕੂਟਨੀਤਕ ਬਿਆਨਬਾਜ਼ੀ ਨਹੀਂ ਹੈ, ਬਲਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋ ਗੁਆਂਢੀਆਂ ਨੂੰ ਤਬਾਹਕੁਨ ਟਕਰਾਅ ਰੋਕਣ ਲਈ ਕੀਤੀ ਗੰਭੀਰ ਬੇਨਤੀ ਹੈ। ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਕੋਲ ਲਿਜਾਣ ’ਤੇ ਪਾਕਿਸਤਾਨ ਨੂੰ ਉਮੀਦ ਸੀ ਕਿ ਕੌਮਾਂਤਰੀ ਪੱਧਰ ’ਤੇ ਭਾਰਤ ਨੂੰ ਨਿੰਦਿਆ ਜਾਵੇਗਾ, ਪਰ ਆਲਮੀ ਪੱਧਰ ’ਤੇ ਰੁਖ਼ ਇਸ ਦੀ ਥਾਂ ਤਣਾਅ ਘਟਾਉਣ ਵੱਲ ਸੇਧਿਤ ਹੈ, ਨਾ ਕਿ ਦਖ਼ਲ ਦੇਣ ਵੱਲ। ਅਜੇ ਤੱਕ ਭਾਰਤ ਵੱਲੋਂ ਜਵਾਬੀ ਕਾਰਵਾਈ ’ਚ ਵਰਤੇ ਸੰਜਮ ਨੇ ਮਾਹੌਲ ਹੋਰ ਖ਼ਰਾਬ ਹੋਣ ਤੋਂ ਰੋਕਿਆ ਹੈ। ਹਾਲਾਂਕਿ ਮੁਲਕ ਅੰਦਰ ਸਜ਼ਾ ਦੇਣ ਦੀ ਪੈ ਰਹੀ ਦੁਹਾਈ ਨੇ ਨਵੀਂ ਦਿੱਲੀ ’ਤੇ ਸੈਨਿਕ ਬਦਲ ਵਿਚਾਰਨ ਦਾ ਦਬਾਅ ਵਧਾਇਆ ਹੈ, ਜੋ ਹੋਰ ਭਾਂਬੜ ਮਚਾ ਸਕਦਾ ਹੈ। ਇਸ ਤਰ੍ਹਾਂ ਦੇ ਭਿਆਨਕ ਦਹਿਸ਼ਤੀ ਹਮਲੇ ਤੋਂ ਬਾਅਦ ਧੀਰਜ ਰੱਖਣ ਲਈ ਕਹਿਣਾ, ਸ਼ਾਇਦ ਪੀੜਤ ਪਰਿਵਾਰਾਂ ਤੇ ਨਾਰਾਜ਼ ਲੋਕਾਂ ਨਾਲ ਬੇਈਮਾਨੀ ਕਰਨ ਵਰਗਾ ਲਗਦਾ ਹੈ। ਫਿਰ ਵੀ ਜੰਗ ਦੀ ਜੋ ਕੀਮਤ ਤਾਰਨੀ ਪਏਗੀ, ਉਸ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ। ਫ਼ੌਜੀ ਟਕਰਾਅ ਨਾ ਸਿਰਫ਼ ਉਪ ਮਹਾਦੀਪ ਨੂੰ ਆਪਣੀ ਲਪੇਟ ’ਚ ਲਏਗਾ ਬਲਕਿ ਖੇਤਰ ਨੂੰ ਦਹਾਕਿਆਂ ਲਈ ਅਸਥਿਰ ਕਰ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਾਂ ਕੇਵਲ ਹੋਰ ਮੌਤਾਂ ਦਾ ਕਾਰਨ ਹੀ ਬਣਦੀਆਂ ਹਨ। ਕੂਟਨੀਤਕ ਤੌਰ ’ਤੇ ਅਲੱਗ-ਥਲੱਗ ਹੋਣ ਦੇ ਨਾਲ-ਨਾਲ ਆਰਥਿਕ ਝਟਕਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜ਼ਰੂਰੀ ਹੈ ਕਿ ਦੋਵੇਂ ਦੇਸ਼ ਅੰਦਰਖਾਤੇ ਕੂਟਨੀਤੀ ਦਾ ਆਸਰਾ ਲੈਣ ਅਤੇ ਭਰੋਸਾ ਬੰਨ੍ਹਣ ਲਈ ਕਦਮ ਚੁੱਕਣ। ਆਲਮੀ ਭਾਈਚਾਰੇ, ਖ਼ਾਸ ਤੌਰ ’ਤੇ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਤੇ ਚੀਨ ਜਿਹੇ ਪ੍ਰਮੁੱਖ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਬਿਆਨਬਾਜ਼ੀ ਤੋਂ ਅੱਗੇ ਵਧਣ ਅਤੇ ਤਣਾਅ ਘੱਟ ਕਰਨ ’ਚ ਸਰਗਰਮ ਭੂਮਿਕਾ ਨਿਭਾਉਣ।

ਸੰਯੁਕਤ ਰਾਸ਼ਟਰ ਦੀ ਅਪੀਲ Read More »