May 7, 2025

ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਛੱਡਣ ਲਈ ਰੱਖੀ ਇੱਕ 1000 ਡਾਲਰ ਦੀ ਪੇਸ਼ਕਸ਼

ਵਾਸ਼ਿੰਗਟਨ, 7 ਮਈ – ਟਰੰਪ ਪ੍ਰਸ਼ਾਸਨ ਨੇ ਸੋਮਵਾਰ ਕਿਹਾ ਕਿ ਉਹ ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਉਨ੍ਹਾਂ ਪ੍ਰਵਾਸੀਆਂ ਨੂੰ 1000 ਅਮਰੀਕੀ ਡਾਲਰ ਦਾ ਭੁਗਤਾਨ ਕਰੇਗਾ, ਜੋ ਸਵੈ-ਇੱਛਾ ਨਾਲ ਆਪਣੇ ਦੇਸ਼ ਪਰਤਣ ਦੇ ਇਛੁੱਕ ਹਨ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਹ ਯਾਤਰਾ ਸਹਾਇਤਾ ਲਈ ਭੁਗਤਾਨ ਕਰੇਗਾ ਤੇ ਜਿਹੜੇ ਲੋਕ ਸੀ ਬੀ ਪੀ ਹੋਮ ਨਾਂਅ ਦੇ ਐਪ ਦੀ ਵਰਤੋਂ ਕਰਕੇ ਸਰਕਾਰ ਨੂੰ ਦੱਸਣਗੇ ਕਿ ਉਹ ਘਰ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ, ਤਾਂ ਅਜਿਹੇ ਵਿਅਕਤੀਆਂ ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ।

ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਛੱਡਣ ਲਈ ਰੱਖੀ ਇੱਕ 1000 ਡਾਲਰ ਦੀ ਪੇਸ਼ਕਸ਼ Read More »

ਤਿੰਨ ਦਿਨ ਪਹਿਲਾਂ ਹੀ ਖੁਫੀਆ ਸੂਹ ਮਿਲਣ ’ਤੇ ਮੋਦੀ ਨੇ ਕਸ਼ਮੀਰ ਦੌਰਾ ਕੀਤਾ ਸੀ ਰੱਦ : ਖੜਗੇੇੇ

ਰਾਂਚੀ, 7 ਮਈ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਇੰਕਸ਼ਾਫ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਤਿੰਨ ਦਿਨ ਪਹਿਲਾਂ ਇੱਕ ਖੁਫੀਆ ਰਿਪੋਰਟ ਮਿਲਣ ਕਾਰਨ ਆਪਣਾ ਕਸ਼ਮੀਰ ਦੌਰਾ ਰੱਦ ਕਰ ਦਿੱਤਾ ਸੀ। ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ‘ਸੰਵਿਧਾਨ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਦੇਸ਼ ਦੇ ਖੁਫੀਆ ਤੰਤਰ ਦੀ ਨਾਕਾਮੀ ਕਰਾਰ ਦਿੱਤਾ। ਉਨ੍ਹਾ ਕਿਹਾ, ‘ਸਰਕਾਰ ਨੇ ਇਸ ਨੂੰ ਕਬੂਲ ਕਰ ਲਿਆ ਹੈ ਅਤੇ ਉਹ ਇਸ ਨੂੰ ਹੱਲ ਕਰਨਗੇ। ਜੇ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ, ਤਾਂ ਉਨ੍ਹਾਂ ਕਾਰਵਾਈ ਕਿਉਂ ਨਹੀਂ ਕੀਤੀ? ਮੈਨੂੰ ਜਾਣਕਾਰੀ ਮਿਲੀ ਹੈ ਕਿ ਹਮਲੇ ਤੋਂ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਖੁਫੀਆ ਰਿਪੋਰਟ ਭੇਜੀ ਗਈ ਸੀ। ਚੇਤਾਵਨੀ ਮਿਲਣ ਤੋਂ ਬਾਅਦ ਉਨ੍ਹਾ ਕਸ਼ਮੀਰ ਦਾ ਆਪਣਾ ਤੈਅਸ਼ੁਦਾ ਦੌਰਾ ਰੱਦ ਕਰ ਦਿੱਤਾ। ਮੈਂ ਇਹ ਇੱਕ ਅਖਬਾਰ ਵਿੱਚ ਵੀ ਪੜ੍ਹਿਆ ਹੈ। ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ, ‘ਜਦੋਂ ਖੁਫੀਆ ਏਜੰਸੀਆਂ ਨੇ ਤੁਹਾਨੂੰ ਆਪਣੀ ਸੁਰੱਖਿਆ ਲਈ ਨਾ ਜਾਣ ਦੀ ਸਲਾਹ ਦਿੱਤੀ ਸੀ, ਤਾਂ ਤੁਸੀਂ ਆਮ ਲੋਕਾਂ ਦੀ ਸੁਰੱਖਿਆ ਲਈ ਸੁਰੱਖਿਆ ਬਲਾਂ ਅਤੇ ਪੁਲਿਸ ਨਾਲ ਉਹ ਜਾਣਕਾਰੀ ਕਿਉਂ ਨਹੀਂ ਸਾਂਝੀ ਕੀਤੀ?

ਤਿੰਨ ਦਿਨ ਪਹਿਲਾਂ ਹੀ ਖੁਫੀਆ ਸੂਹ ਮਿਲਣ ’ਤੇ ਮੋਦੀ ਨੇ ਕਸ਼ਮੀਰ ਦੌਰਾ ਕੀਤਾ ਸੀ ਰੱਦ : ਖੜਗੇੇੇ Read More »

ਵਕਤ ਤਲਵਾਰਾਂ ਲਹਿਰਾਉਣ ਦਾ ਨਹੀਂ

ਜੰਗ ਨੇ ਕਦੇ ਕੋਈ ਮਸਲਾ ਹੱਲ ਨਹੀਂ ਕੀਤਾ। ਪਹਿਲਗਾਮ ਵਿੱਚ ਸੈਲਾਨੀਆਂ ਦੇ ਦਹਿਸ਼ਤਗਰਦਾਂ ਹੱਥੋਂ ਕਤਲਾਂ ਦੇ ਜਵਾਬ ਵਿੱਚ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਭਾਰਤ ਦੀ ਕਾਰਵਾਈ ਨਾਲ ਜੇ ਜੰਗ ਛਿੜੀ ਤਾਂ ਉਸ ਨਾਲ ਵੀ ਮਸਲਾ ਹੱਲ ਨਹੀਂ ਹੋਣਾ। ਦੋਵਾਂ ਦੇਸ਼ਾਂ ਵਿਚਾਲੇ ਬਣੇ ਤਣਾਅਪੂਰਨ ਹਾਲਾਤ ਦਰਮਿਆਨ ਹਰ ਕੋਈ ਪੁੱਛ ਰਿਹਾ ਹੈ ਕਿ ਹੋਵੇਗਾ ਕੀ ਤੇ ਹੋਣਾ ਕੀ ਚਾਹੀਦਾ ਹੈ? ਪੱਤਰਕਾਰ ਜੌਵਾਦ ਹਸਨ ਦਾ ਲੇਖ ਪ੍ਰਸਥਿਤੀਆਂ ਨੂੰ ਸਮਝਣ ਵਿੱਚ ਆਮ ਵਿਅਕਤੀ ਦੀ ਕਾਫੀ ਸਹਾਇਤਾ ਕਰ ਸਕਦਾ ਹੈ। ਜੌਵਾਦ ਨੇ ਲਿਖਿਆ ਹੈ22 ਅਪ੍ਰੈਲ ਦੀ ਦੁਪਹਿਰ ਜਦ ਪਹਿਲਗਾਮ ਦੀਆਂ ਵਾਦੀਆਂ ਵਿੱਚ ਗੋਲੀਆਂ ਚੱਲੀਆਂ, ਤਾਂ ਸਿਰਫ 26 ਜ਼ਿੰਦਗੀਆਂ ਨਹੀਂ ਗਈਆਂ, ਇਕ ਉਮੀਦ ਦਾ ਕਤਲ ਹੋਇਆ। ਉਹ ਉਮੀਦ, ਜਿਹੜੀ ਭਾਰਤ ਤੇ ਪਾਕਿਸਤਾਨ ਦਰਮਿਆਨ ਕਦੇ ਗ਼ਾਲਿਬ ਦੀ ਗ਼ਜ਼ਲ, ਅੰਮਿ੍ਰਤਾ ਦੀ ਤਹਿਰੀਰ, ਫੈਜ਼ ਦੀ ਨਜ਼ਮ ਤੇ ਜੌਕ ਦੀ ਮੁਹੱਬਤ ਵਿੱਚ ਜਿਊਂਦੀ ਸੀ। ਇੱਕ ਵਾਰ ਫਿਰ ਸਰਹੱਦ ’ਤੇ ਧੂੰਆਂ ਉੱਠਿਆ ਤੇ ਜ਼ਮੀਰ ਦੇ ਮੱਥੇ ’ਤੇ ਸੁਆਹ ਜੰਮੀ। ਭਾਰਤ ਨੇ ਜਵਾਬ ਦਿੱਤਾ, ਜਿਹੜਾ ਇਸ ਵਾਰ ਲਫਜ਼ਾਂ ਵਿੱਚ ਨਹੀਂ, ਫੈਸਲਿਆਂ ’ਚ ਸੀ। 1960 ਦੀ ਸਿੰਧੂ ਜਲ ਸੰਧੀ, ਜਿਸ ਨੂੰ ਦੁਨੀਆ ਸਭ ਤੋਂ ਸਹਿਣਸ਼ੀਲ ਜਲ-ਭਾਈਵਾਲੀ ਦੀ ਮਿਸਾਲ ਮੰਨਦੀ ਰਹੀ ਹੈ, ਮੁਅੱਤਲ ਕਰ ਦਿੱਤੀ। ਵਾਹਗਾ ਸਰਹੱਦ ਬੰਦ ਕਰ ਦਿੱਤੀ। ਵੀਜ਼ਾ ਪ੍ਰਕਿਰਿਆ ਠੱਪ ਕਰ ਦਿੱਤੀ, ਹਵਾਈ ਹੱਦਾਂ ਸੀਲ ਕਰ ਦਿੱਤੀਆਂ। ਪਾਕਿਸਤਾਨ ਨੇ ਜਵਾਬ ਵਿੱਚ ਦੋ ਜੰਗਾਂ ਦੇ ਬਾਅਦ ਅਮਨ ਦਾ ਦਰਵਾਜ਼ਾ ਬਣਿਆ ਇਤਿਹਾਸਕ ਸ਼ਿਮਲਾ ਸਮਝੌਤਾ ਰੱਦ ਕਰ ਦਿੱਤਾ। ਇਹ ਘਟਨਾਵਾਂ ਉਸ ਰਿਸ਼ਤੇ ਦੀ ਦਰਕਦੀ ਨੀਂਹ ਦੀ ਦਾਸਤਾਨ ਹਨ, ਜਿਸ ਨੂੰ ਕਦੇ ਲਾਹੌਰ ਦੇ ਮੀਨਾਰਾਂ ਤੋਂ ਲੈ ਕੇ ਦਿੱਲੀ ਦੇ ਲਾਲ ਕਿਲੇ੍ਹ ਤੱਕ ਦੀਆਂ ਹਵਾਵਾਂ ਨੇ ਸਾਂਝਾ ਕੀਤਾ ਸੀ, ਪਰ ਸਵਾਲ ਇਹ ਹੈ ਕਿ ਕੀ ਹਰ ਵਾਰ ਜਦੋਂ ਬਾਰੂਦ ਦੀ ਬੋਅ ਫੈਲੇ, ਸਾਨੂੰ ਅਮਨ ਦਾ ਚੁੱਲ੍ਹਾ ਬੁਝਾ ਦੇਣਾ ਚਾਹੀਦਾ ਹੈ? ਕੀ ਜੰਗ ਅਜੇ ਵੀ ਕੋਈ ਹੱਲ ਹੈ, ਜਦ ਦੋਨੋਂ ਮੁਲਕ ਪ੍ਰਮਾਣੂ ਤਾਕਤਾਂ ਦੇ ਸ਼ਿਕੰਜੇ ਵਿੱਚ ਬੱਝੇ ਖੜ੍ਹੇ ਹਨ? ਇਸ ਵਾਰ ਫਰਕ ਇਹ ਹੈ ਕਿ ਦੁਨੀਆ ਦਾ ਮੰਜ਼ਰ ਵੀ ਬਦਲ ਚੁੱਕਾ ਹੈ। ਗਾਜ਼ਾ ਦੀਆਂ ਚੀਕਾਂ, ਯੂਕਰੇਨ ਦੀ ਸੜੀ ਹੋਈ ਜ਼ਮੀਨ, ਚੀਨ ਦੀ ਚੁੱਪੀ ਤੇ ਅਮਰੀਕਾ ਦੀਆਂ ਚਾਲਾਂ, ਇਨ੍ਹਾਂ ਸਭ ਦੇ ਵਿਚਕਾਰ ਭਾਰਤ ਤੇ ਪਾਕਿਸਤਾਨ ਦਾ ਟਕਰਾਅ ਹੁਣ ਇੱਕ ਖੇਤਰੀ ਸੰਘਰਸ਼ ਨਹੀਂ, ਸਗੋਂ ਵਿਸ਼ਵ ਚਿੰਤਾ ਬਣ ਚੁੱਕਾ ਹੈ। ਭਾਰਤ ਵਿੱਚ ਗਮ ਹੈ, ਗੁੱਸਾ ਹੈ ਤੇ ਜਾਇਜ਼ ਵੀ ਹੈ। ਪਾਕਿਸਤਾਨ ਦੀ ਸਫਾਈ ਹੈ, ਇਨਕਾਰ ਹੈ ਅਤੇ ਉਹ ਆਪਣੀ ਥਾਂ ਸਵਾਲਾਂ ਦੇ ਘੇਰੇ ਵਿੱਚ ਹੈ, ਪਰ ਇਨ੍ਹਾਂ ਦੋਹਾਂ ਵਿਚਾਲੇ ਇੱਕ ਤੀਜਾ ਕਿਰਦਾਰ ਵੀ ਹੈ…ਆਮ ਇਨਸਾਨ। ਉਹ ਕਲਾਕਾਰ, ਜੋ ਮੁਹੱਬਤ ਦੀ ਜ਼ੁਬਾਨ ਵਿੱਚ ਗੱਲ ਕਰਦਾ ਹੈ, ਉਹ ਕਾਰੋਬਾਰੀ, ਜੋ ਬਾਰਡਰ ਦੇ ਆਰ-ਪਾਰ ਰਿਸ਼ਤੇ ਜੋੜਦਾ ਹੈ, ਉਹ ਅੰਮਾ, ਜੋ ਅੱਜ ਵੀ ਲਾਹੌਰ ਦੀਆਂ ਗਲੀਆਂ ਨੂੰ ਦਿੱਲੀ ਦੇ ਪਿਛਵਾੜਿਆਂ ਨਾਲ ਜੋੜਦੀ ਹੈ। ਹਰ ਵਾਰ ਗੱਲਬਾਤ ਟੁੱਟਦੀ ਹੈ, ਉਦੋਂ ਸਿਆਸਤ ਨਹੀਂ ਹਾਰਦੀ, ਇਨਸਾਨੀਅਤ ਹਾਰਦੀ ਹੈ। ਕੀ ਜਵਾਬੀ ਕਾਰਵਾਈਆਂ ਰਾਹਤ ਲਿਆਉਣਗੀਆਂ? ਕੀ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ਇੱਕ ਮੁਨਾਸਬ ਮੋੜ ਨਹੀਂ ਸੀ, ਜਦ ਦੋਨੋਂ ਦੇਸ਼ ਫਿਰ ਤੋਂ ਗੱਲਬਾਤ ਦੀ ਮੇਜ਼ ’ਤੇ ਆ ਸਕਦੇ ਸਨ, ਪਰ ਨਹੀਂ, ਨਫਰਤ ਦੇ ਕਾਰੋਬਾਰ ਵਿੱਚ ਸੰਵਾਦ ਘਾਟੇ ਦਾ ਸੌਦਾ ਹੈ। ਅੱਜ ਸਾਨੂੰ ਪੁੱਛਣਾ ਪਵੇਗਾ, ਕੀ ਸਾਡੀਆਂ ਹਕੂਮਤਾਂ ਸਾਨੂੰ ਜੰਗ ਦੇ ਡਰ ਵਿੱਚ ਪਾਲ ਰਹੀਆਂ ਹਨ? ਕੀ ਹਰ ਹਮਲਾ, ਹਰ ਜਵਾਬ, ਇੱਕ ਹੋਰ ਚੋਣ ਕਾਰਡ ਬਣਦਾ ਜਾ ਰਿਹਾ ਹੈ? ਕੀ ਸਾਡਾ ਮੀਡੀਆ ਸਿਰਫ ਟੀ ਆਰ ਪੀ ਦੀ ਹੋੜ ਵਿੱਚ ਬਾਰੂਦ ਵੇਚ ਰਿਹਾ ਹੈ? ਜੋ ਵੀ ਹੋਵੇ, ਇਸ ਸਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਜੰਗ ਆਖਰੀ ਨਹੀਂ ਹੁੰਦੀ, ਪਰ ਇਨਸਾਨ ਆਖਰੀ ਹੋ ਜਾਂਦਾ ਹੈ।

ਵਕਤ ਤਲਵਾਰਾਂ ਲਹਿਰਾਉਣ ਦਾ ਨਹੀਂ Read More »