
ਪਹਿਲਗਾਮ ’ਚ ਹੋਏ ਬੇਰਹਿਮ ਅਤਿਵਾਦੀ ਹਮਲੇ, ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ, ਨੇ ਭਾਰਤ ਅਤੇ ਪਾਕਿਸਤਾਨ ਨੂੰ ਖ਼ਤਰਨਾਕ ਢਲਾਣ ’ਤੇ ਲਿਆ ਖੜ੍ਹਾ ਕੀਤਾ ਹੈ। ਤਣਾਅ ਤੇਜ਼ੀ ਨਾਲ ਵਧ ਰਿਹਾ ਹੈ, ਦੋਵੇਂ ਦੇਸ਼ ਤਿੱਖੀ ਬਿਆਨਬਾਜ਼ੀ ਦੇ ਨਾਲ-ਨਾਲ ਫ਼ੌਜੀ ਪੈਂਤੜੇ ਵੀ ਅਖ਼ਤਿਆਰ ਕਰ ਰਹੇ ਹਨ। ਲਗਾਤਾਰ ਬਦਲ ਰਹੀਆਂ ਸਥਿਤੀਆਂ ਦੇ ਮੱਦੇਨਜ਼ਰ, ਸੰਯੁਕਤ ਰਾਸ਼ਟਰ ਨੇ ਦਖ਼ਲ ਦਿੱਤਾ ਹੈ ਤੇ ਦੋਵਾਂ ਧਿਰਾਂ ਨੂੰ ‘ਵੱਧ ਤੋਂ ਵੱਧ ਸੰਜਮ ਵਰਤਣ’ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਦਾ ਦਖ਼ਲ ਤੇ ਸਲਾਮਤੀ ਪਰਿਸ਼ਦ ਦੀਆਂ ਬੰਦ ਕਮਰਾ ਬੈਠਕਾਂ ਦਰਸਾਉਂਦੀਆਂ ਹਨ ਕਿ ਦੁਨੀਆ ਭਰ ਦੇ ਮੁਲਕ ਫ਼ਿਕਰਮੰਦ ਹਨ। ਗੁਟੇਰੇਜ਼ ਦੀ ਚਿਤਾਵਨੀ ਮਹਿਜ਼ ਕੂਟਨੀਤਕ ਬਿਆਨਬਾਜ਼ੀ ਨਹੀਂ ਹੈ, ਬਲਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋ ਗੁਆਂਢੀਆਂ ਨੂੰ ਤਬਾਹਕੁਨ ਟਕਰਾਅ ਰੋਕਣ ਲਈ ਕੀਤੀ ਗੰਭੀਰ ਬੇਨਤੀ ਹੈ। ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਕੋਲ ਲਿਜਾਣ ’ਤੇ ਪਾਕਿਸਤਾਨ ਨੂੰ ਉਮੀਦ ਸੀ ਕਿ ਕੌਮਾਂਤਰੀ ਪੱਧਰ ’ਤੇ ਭਾਰਤ ਨੂੰ ਨਿੰਦਿਆ ਜਾਵੇਗਾ, ਪਰ ਆਲਮੀ ਪੱਧਰ ’ਤੇ ਰੁਖ਼ ਇਸ ਦੀ ਥਾਂ ਤਣਾਅ ਘਟਾਉਣ ਵੱਲ ਸੇਧਿਤ ਹੈ, ਨਾ ਕਿ ਦਖ਼ਲ ਦੇਣ ਵੱਲ।
ਅਜੇ ਤੱਕ ਭਾਰਤ ਵੱਲੋਂ ਜਵਾਬੀ ਕਾਰਵਾਈ ’ਚ ਵਰਤੇ ਸੰਜਮ ਨੇ ਮਾਹੌਲ ਹੋਰ ਖ਼ਰਾਬ ਹੋਣ ਤੋਂ ਰੋਕਿਆ ਹੈ। ਹਾਲਾਂਕਿ ਮੁਲਕ ਅੰਦਰ ਸਜ਼ਾ ਦੇਣ ਦੀ ਪੈ ਰਹੀ ਦੁਹਾਈ ਨੇ ਨਵੀਂ ਦਿੱਲੀ ’ਤੇ ਸੈਨਿਕ ਬਦਲ ਵਿਚਾਰਨ ਦਾ ਦਬਾਅ ਵਧਾਇਆ ਹੈ, ਜੋ ਹੋਰ ਭਾਂਬੜ ਮਚਾ ਸਕਦਾ ਹੈ। ਇਸ ਤਰ੍ਹਾਂ ਦੇ ਭਿਆਨਕ ਦਹਿਸ਼ਤੀ ਹਮਲੇ ਤੋਂ ਬਾਅਦ ਧੀਰਜ ਰੱਖਣ ਲਈ ਕਹਿਣਾ, ਸ਼ਾਇਦ ਪੀੜਤ ਪਰਿਵਾਰਾਂ ਤੇ ਨਾਰਾਜ਼ ਲੋਕਾਂ ਨਾਲ ਬੇਈਮਾਨੀ ਕਰਨ ਵਰਗਾ ਲਗਦਾ ਹੈ। ਫਿਰ ਵੀ ਜੰਗ ਦੀ ਜੋ ਕੀਮਤ ਤਾਰਨੀ ਪਏਗੀ, ਉਸ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ। ਫ਼ੌਜੀ ਟਕਰਾਅ ਨਾ ਸਿਰਫ਼ ਉਪ ਮਹਾਦੀਪ ਨੂੰ ਆਪਣੀ ਲਪੇਟ ’ਚ ਲਏਗਾ ਬਲਕਿ ਖੇਤਰ ਨੂੰ ਦਹਾਕਿਆਂ ਲਈ ਅਸਥਿਰ ਕਰ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਾਂ ਕੇਵਲ ਹੋਰ ਮੌਤਾਂ ਦਾ ਕਾਰਨ ਹੀ ਬਣਦੀਆਂ ਹਨ। ਕੂਟਨੀਤਕ ਤੌਰ ’ਤੇ ਅਲੱਗ-ਥਲੱਗ ਹੋਣ ਦੇ ਨਾਲ-ਨਾਲ ਆਰਥਿਕ ਝਟਕਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜ਼ਰੂਰੀ ਹੈ ਕਿ ਦੋਵੇਂ ਦੇਸ਼ ਅੰਦਰਖਾਤੇ ਕੂਟਨੀਤੀ ਦਾ ਆਸਰਾ ਲੈਣ ਅਤੇ ਭਰੋਸਾ ਬੰਨ੍ਹਣ ਲਈ ਕਦਮ ਚੁੱਕਣ। ਆਲਮੀ ਭਾਈਚਾਰੇ, ਖ਼ਾਸ ਤੌਰ ’ਤੇ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਤੇ ਚੀਨ ਜਿਹੇ ਪ੍ਰਮੁੱਖ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਬਿਆਨਬਾਜ਼ੀ ਤੋਂ ਅੱਗੇ ਵਧਣ ਅਤੇ ਤਣਾਅ ਘੱਟ ਕਰਨ ’ਚ ਸਰਗਰਮ ਭੂਮਿਕਾ ਨਿਭਾਉਣ।