ਨਵੀਂ ਦਿੱਲੀ, 7 ਮਈ- ਜੇ ਤੁਸੀਂ ਆਪਣੇ ਬੱਚੇ ਨੂੰ ਆਈਏਐੱਸ ਅਫ਼ਸਰ ਬਣਾਉਣ ਦੀ ਚਾਹਤ ਰੱਖਦੇ ਹੋ ਤਾਂ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਸਹੀ ਵਿਸਿ਼ਆਂ ਦੀ ਚੋਣ, ਸਹੀ ਕੰਟੈਂਟ, ਯੋਗ ਅਗਵਾਈ ਜਾਂ ਕੋਚਿੰਗ ਤੇ ਨਿਸ਼ਚਿਤ ਸਮਾਂ ਮਿਆਦ ਨੂੰ ਧਿਆਨ ਵਿਚ ਰੱਖ ਕੇ ਸਬੰਧਿਤ ਪ੍ਰੀਖਿਆ ਦੀ ਤਿਆਰੀ ਤੇ ਯੋਜਨਾਬੰਦੀ ਕਈ ਸਾਲ ਪਹਿਲਾਂ ਹੀ ਸ਼ੁਰੂ ਕਰ ਦੇਵੇਗਾ ਤਾਂ ਕੋਈ ਸ਼ੱਕ ਨਹੀਂ ਕਿ ਕਾਮਯਾਬੀ ਬੱਚੇ ਦੇ ਕਦਮ ਜ਼ਰੂਰ ਚੁੰਮੇਗੀ। ਜਾਣਦੇ ਹਾਂ ਕਿ ਦੇਸ਼ ਦੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਬਣਨ ਲਈ ਯਾਨੀ ਆਈਏਐੱਸ ਅਫ਼ਸਰ ਬਣਨ ਲਈ ਤਿਆਰੀ ਕਿਵੇਂ ਕੀਤੀ ਜਾ ਸਕਦੀ ਹੈ। ਮਾਪਿਆਂ ਦੀ ਜਾਗਰੂਕਤਾ ਜ਼ਰੂਰੀ ਆਈਏਐੱਸ ਅਫ਼ਸਰ ਬਣਨ ਲਈ ਸਭ ਤੋਂ ਪਹਿਲਾਂ ਤਾਂ ਸਬੰਧਿਤ ਬੱਚੇ ਦੇ ਮਾਪਿਆਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਇਸ ਸਬੰਧੀ ਜਾਗਰੂਕ ਮਾਪੇ ਹੀ ਆਪਣੇ ਬੱਚਿਆਂ ਦੀ ਕਾਬਲੀਅਤ ਤੇ ਦਿਲਚਸਪੀ ਪਰਖ ਕੇ ਉਨ੍ਹਾਂ ਲਈ ਸਹੀ ਸਕੂਲ, ਕਾਲਜ, ਯੂਨੀਵਰਸਿਟੀ ਦੀ ਚੋਣ ਕਰਨ ਦੇ ਨਾਲ-ਨਾਲ ਸਹੀ ਵਿਸ਼ਿਆਂ ਦੀ ਚੋਣ ਕਰਨ ’ਚ ਮਦਦ ਕਰ ਸਕਦੇ ਹਨ, ਜਿਸ ਕਰਕੇ ਸਬੰਧਿਤ ਪ੍ਰੀਖਿਆਰਥੀ ਲਈ ਉਕਤ ਪ੍ਰੀਖਿਆ ਦੀ ਤਿਆਰੀ ਕਰਨ ਹਿੱਤ ਮਜ਼ਬੂਤ ਨੀਂਹ ਤਿਆਰ ਹੋ ਸਕਦੀ ਹੈ। ਜ਼ਿਆਦਾਤਰ ਮਾਪਿਆਂ ਦਾ ਸੁਪਨਾ ਤਾਂ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਆਈਏਐੱਸ,ਆਈਪੀਐੱਸ ਜਾਂ ਆਈਐੱਫਐੱਸ ਸੇਵਾਵਾਂ ਦੇ ਖੇਤਰ ’ਚ ਕਦਮ ਰੱਖੇ ਪਰ ਇਸ ਖੇਤਰ ਵਿਚ ਕਾਮਯਾਬੀ ਹਾਸਿਲ ਕਰਨ ਲਈ ਸੁਚੱਜੀ ਜਾਣਕਾਰੀ ਮਾਪਿਆਂ ਕੋਲ ਨਹੀਂ ਹੁੰਦੀ। ਆਪਣੇ ਬੱਚੇ ਨੂੰ ਸਹੀ ਮਾਰਗ ਦਰਸ਼ਨ ਪ੍ਰਦਾਨ ਕਰ ਕੇ ਉਕਤ ਪ੍ਰੀਖਿਆ ਦੀ ਕਿਸ ਤਰ੍ਹਾਂ ਤਿਆਰੀ ਸ਼ੁਰੂ ਕਰਵਾਈ ਜਾਵੇ, ਬਾਰੇ ਸਹੀ ਜਾਣਕਾਰੀ ਹਾਸਿਲ ਕਰੀਏ। ਵਿਸ਼ਿਆਂ ਦੀ ਚੋਣ ਆਪਣੇ ਬੱਚੇ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਲਈ ਤਿਆਰ ਕਰਨ ਦੇ ਚਾਹਵਾਨ ਮਾਪਿਆਂ ਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਦਸਵੀਂ ਜਮਾਤ ਤੋਂ ਬਾਅਦ ਬੱਚੇ ਨੂੰ ਕਿਹੜੇ-ਕਿਹੜੇ ਵਿਸ਼ੇ ਚੁਣਨੇ ਚਾਹੀਦੇ ਹਨ। ਉਨ੍ਹਾਂ ਨੂੰ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਰਟਸ ਸਟ੍ਰੀਮ ਨੂੰ ਪਹਿਲ ਦੇਣੀ ਚਾਹੀਦੀ ਹੈ, ਜੋ ਸਿਵਲ ਸਰਵਿਸਿਜ਼ ਦੀ ਕਾਮਯਾਬੀ ਦੀ ਪੌੜੀ ਦੇ ਪਹਿਲੇ ਡੰਡੇ ਦਾ ਕੰਮ ਕਰਦੀ ਹੈ ਕਿਉਂਕਿ ਆਰਟਸ ਸਟ੍ਰੀਮ ਸਭ ਤੋਂ ਵਧੀਆ ਹੈ। ਆਰਟਸ ਸਟ੍ਰੀਮ ਵਿਚ ਇਤਿਹਾਸ,ਰਾਜਨੀਤੀ ਵਿਗਿਆਨ, ਭੂਗੋਲ,ਅਰਥ-ਸ਼ਾਸਤਰ, ਸਮਾਜ ਸ਼ਾਸਤਰ, ਮਨੋਵਿਗਿਆਨ, ਅੰਗਰੇਜ਼ੀ, ਹਿੰਦੀ ਤੇ ਕੁਝ ਹੋਰ ਸੌਖੇ ਪਰ ਬੇਹੱਦ ਮਹੱਤਵਪੂਰਨ ਵਿਸ਼ੇ ਪੜ੍ਹਾਏ ਜਾਂਦੇ ਹਨ, ਜੋ ਸਿਵਲ ਸੇਵਾਵਾਂ ਦੇ ਖੇਤਰ ’ਚ ਕਾਮਯਾਬੀ ਲਈ ਮਦਦਗਾਰ ਸਿੱਧ ਹੁੰਦੇ ਹਨ।ਸਿਵਲ ਸੇਵਾਵਾਂ ਪ੍ਰੀਖਿਆ ਦੇ ਸਿਲੇਬਸ ਭਾਵ ਪਾਠਕ੍ਰਮ ਦਾ 70ਫ਼ੀਸਦੀ ਹਿੱਸਾ ਇਨ੍ਹਾਂ ਵਿਸ਼ਿਆਂ ’ਚੋਂ ਹੀ ਆਉਂਦਾ ਹੈ। ਇਸ ਦੇ ਨਾਲ ਹੀ ਵਾਤਾਵਰਨ ਵਿਗਿਆਨ ਤੇ ਪ੍ਰਕਿਰਤੀ ਵਿਗਿਆਨ, ਚਲੰਤ ਮਾਮਲੇ ਆਦਿ ਦੇ ਨਾਲ-ਨਾਲ ਨੈਤਿਕਤਾ, ਇਮਾਨਦਾਰੀ, ਸੂਝ-ਬੂਝ ਆਦਿ ਦਾ ਗਿਆਨ ਵੀ ਪ੍ਰਾਪਤ ਹੁੰਦਾ ਹੈ, ਜਿਸ ਨਾਲ ਭਾਸ਼ਾ ਤੇ ਲੇਖ ਲਿਖਣ ਦੀ ਸਮਰੱਥਾ ’ਚ ਵੀ ਵਾਧਾ ਹੁੰਦਾ ਹੈ। ਦੂਜੇ ਪਾਸੇ ਸਾਇੰਸ ਜਾਂ ਕਾਮਰਸ ਨਾਲ ਸਬੰਧਿਤ ਵਿਸ਼ਿਆਂ ਦੀ ਚੋਣ ਕਰਨ ਵਾਲੇ ਵਿਦਿਆਰਥੀ ਵੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੇ ਸਕਦੇ ਹਨ ਪਰ ਉਨ੍ਹਾਂ ਨੂੰ ਆਰਟਸ ਵਾਲੇ ਕੁਝ ਵਿਸ਼ਿਆਂ ਦੀ ਵੱਖਰੀ ਤਿਆਰੀ ਵੀ ਕਰਨੀ ਹੀ ਪੈਂਦੀ ਹੈ। ਪੜ੍ਹਾਈ ਦੀ ਰਣਨੀਤੀ ਸਭ ਤੋਂ ਪਹਿਲਾਂ ਤਾਂ ਸਬੰਧਿਤ ਵਿਦਿਆਰਥੀ ਨੂੰ ਆਪਣੀ ਰੁਟੀਨ ਨੂੰ ਠੀਕ ਕਰਨਾ ਪਵੇਗਾ। ਪੰਜ ਜਾਂ ਛੇ ਘੰਟੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਇਕ ਜਾਂ ਦੋ ਘੰਟੇ ਆਪਣੀ ਸੈਲਫ਼ ਸਟੱਡੀ ਤੇ 30 ਮਿੰਟ ਚਲੰਤ ਮਾਮਲਿਆਂ ਦੀ ਤਿਆਰੀ ਲਈ ਅਖ਼ਬਾਰ, ਵੀਡਿਓ ਪੋਡਕਾਸਟ ’ਤੇ ਆਪਣਾ ਸਮਾਂ ਨਿਰਧਾਰਤ ਕਰੋ ਅਤੇ 15 ਮਿੰਟ ਲਿਖਣ ਦਾ ਅਭਿਆਸ ਅਰਥਾਤ ਰੋਜ਼ ਦੀ ਖ਼ਬਰ ਜਾਂ ਆਪਣੀ ਰਾਏ ਨੂੰ ਖ਼ੁਦ ਦੇ ਨਿਰੀਖਣ ਲਈ ਵਰਤੋਂ। ਇਸ ਨਾਲ ਐੱਨਸੀਆਰਟੀ ਦੀਆਂ ਕਿਤਾਬਾਂ ਜਿਵੇਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਕਿਤਾਬਾਂ ਖ਼ਾਸ ਕਰਕੇ ਭੂਗੋਲ, ਰਾਜਨੀਤੀ, ਅਰਥ-ਸ਼ਾਸਤਰ ਆਦਿ ਵਿਸਿ਼ਆਂ ਦਾ ਡੂੰਘਾ ਅਧਿਐਨ ਕਰੋ। ਇਹ ਤੁਹਾਡੀ ਨੀਂਹ ਪੱਕੀ ਕਰਨ ਦਾ ਕੰਮ ਕਰੇਗਾ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜੇ ਨੀਂਹ ਮਜ਼ਬੂਤ ਹੈ ਤਾਂ ਮਕਾਨ ਦੀ ਪਕਿਆਈ ਵੀ ਮਜ਼ਬੂਤ ਹੋਵੇਗੀ। ਮਾਈਂਡ ਮੈਪ ਤੇ ਫਲੋਅ ਚਾਰਟ ਬਣਾਓ ਇਸਦੇ ਨਾਲ ਹੀ ਨਾਲ ਮਾਂਈਂਡ ਮੈਪ ਅਤੇ ਫਲੋਅ ਚਾਰਟ ਬਣਾਓ। ਹੁਣ ਵਿਦਿਆਰਥੀਆਂ ਦੇ ਮਨ ’ਚ ਜ਼ਰੂਰ ਆਵੇਗਾ ਕਿ ਇਹ ਮਾਈਂਡ ਮੈਪ ਕੀ ਹੁੰਦਾ ਹੈ? ਮਾਈਡ ਮੈਪ ਚਿੱਤਰ ਜਾਂ ਡਾਇਗ੍ਰਾਮ ਹੁੰਦਾ ਹੈ, ਜੋ ਵਿਚਾਰ, ਵਿਸ਼ੇ ਜਾਂ ਜਾਣਕਾਰੀ ਨੂੰ ਕੇਂਦਰ ਵਿਚ ਰੱਖ ਕੇ ਉਸ ਨਾਲ ਜੁੜੇ ਵਿਚਾਰਾਂ ਜਾਂ ਖ਼ਿਆਲਾਂ ਨੂੰ ਸ਼ਾਖ਼ਾਵਾਂ ਵਾਂਗ ਵੱਖ-ਵੱਖ ਪਾਸਿਆਂ ਤੋਂ ਵਿਖਾਉਂਦਾ ਹੈ। ਇਹ ਮਨ ਦੇ ਵਿਚਾਰਾਂ ਨੂੰ ਵਿਉਂਤਬੱਧ ਕਰਨ ਦਾ ਢੰਗ ਹੁੰਦਾ ਹੈ। ਫਲੋਅ ਚਾਰਟ ਵੀ ਗ੍ਰਾਫਿਕਲ ਪੇਸ਼ਕਸ਼ ਹੁੰਦੀ ਹੈ ਜੋ ਕਿਸੇ ਪ੍ਰਕਿਰਿਆ ਜਾਂ ਕੰਮ ਨੂੰ ਕਰਨ ਦੇ ਕਦਮ-ਦਰ-ਕਦਮ ਲੜੀਦਾਰ ਤਰੀਕੇ ਨਾਲ ਦਰਸਾਉਂਦੀ ਹੈ। ਸਿਵਲ ਸੇਵਾਵਾਂ ਦੀ ਤਿਆਰੀ ਲਈ ਮਾਈਂਡ ਮੈਪ ਬਹੁਤ ਜ਼ਰੂਰੀ ਹੈ, ਜਿਸ ’ਚ ਵਿਸ਼ੇ, ਉਪ-ਵਿਸ਼ੇ ਤੇ ਰੋਜ਼ਾਨਾ ਦੇ ਕਾਰਜ ਜੋੜੇ ਜਾਂਦੇ ਹਨ। ਅਖ਼ਬਾਰਾਂ-ਮੈਗਜ਼ੀਨਾਂ ਦੀ ਲਵੋ ਮਦਦ ਸਿਵਲ ਸੇਵਾਵਾਂ ਦੀ ਤਿਆਰੀ ਲਈ ਬਹੁਤ ਸਾਰੇ ਯੂਟਿਊਬ ਚੈਨਲ ਮੁਹੱਈਆ ਹਨ ਤੇ ਇਸ ਦੇ ਨਾਲ ਹੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਅਖ਼ਬਾਰ ਅਤੇ ਮੈਗਜ਼ੀਨ ਵੀ ਪੜ੍ਹੋ ਤੇ ਉਨ੍ਹਾਂ ’ਚ ਦਰਜ ਵੱਖ-ਵੱਖ ਕੌਮੀ ਤੇ ਕੌਮਾਂਤਰੀ ਮੁੱਦਿਆਂ ਸਬੰਧੀ ਲੇਖਾਂ ਨੂੰ ਧਿਆਨ ਨਾਲ ਸਮਝ ਕੇ ਉਨ੍ਹਾਂ ਦੀ ਸ਼ੈਲੀ ਤੇ ਸ਼ਬਦਾਵਲੀ ਨੂੰ ਸਿੱਖੋ ਤੇ ਆਪਣੀ ਲੇਖ ਲਿਖਣ ਦੀ ਕਲਾ ਨੂੰ ਪ੍ਰਭਾਵਸ਼ਾਲੀ ਬਣਾਓ। ਦਿੱਤੇ ਗਏ ਵਿਸ਼ੇ ’ਤੇ ਪ੍ਰਭਾਵਸ਼ਾਲੀ ਲੇਖ ਲਿਖਣਾ ਸਿਵਲ ਸੇਵਾਵਾਂ ਪ੍ਰੀਖਿਆਵਾਂ ਨੂੰ ਪਾਸ ਕਰਨ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਸਮਰੱਥਾ ਤੇ ਰੁਚੀ ਪਛਾਣੋ ਆਪਣੇ ਅਧੂਰੇ ਸੁਪਨੇ ਤੇ ਖ਼ਾਹਿਸ਼ਾਂ ਆਪਣੇ ਬੱਚਿਆਂ ਉੱਤੇ ਲੱਦ ਕੇ ਤੇ ਉਨ੍ਹਾਂ ਦੀ ਦਿਲਚਸਪੀ ਤੇ ਸਮਰੱਥਾ ਦੇ ਉਲਟ ਉਨ੍ਹਾਂ ਨੂੰ ਕੋਈ ਕੋਰਸ ਕਰਵਾਉਣਾ ਜਾਂ ਕਿਸੇ ਮੁਕਾਬਲਾ ਪ੍ਰੀਖਿਆ ਵਿਚ ਬੈਠਣ ਲਈ ਮਜਬੂਰ ਕਰਨਾ ਉਸ ਅੰਦਰ ਮੌਜੂਦ ਕੁਦਰਤੀ ਹੁਨਰ ਤੇ ਬੁੱਧੀਮਤਾ ਨਾਲ ਨਾਇਨਸਾਫ਼ੀ ਹੋਵੇਗੀ। ਜੇ ਤੁਹਾਡਾ ਬੱਚਾ ਆਈਏਐੱਸ ਬਣਨ ਵਿਚ ਰੁਚੀ ਰੱਖਦਾ ਹੈ ਤੇ ਉਸ ਦਾ ਬੌਧਿਕ ਤੇ ਅਕਾਦਮਿਕ ਪੱਧਰ ਔਸਤ ਤੋਂ ਉੱਪਰ ਹੈ ਤਾਂ ਉਸ ਨੂੰ ਇੱਧਰ ਆਉਣ ਲਈ ਪ੍ਰੇਰਿਤ ਤੇ ਉਤਸਾ਼ਹਿਤ ਜ਼ਰੂਰ ਕਰੋ ਪਰ ਯਾਦ ਰੱਖੋ ਕਿ ਬੱਚੇ ਉੱਤੇ ਕਿਸੇ ਵੀ ਕਿਸਮ ਦਾ ਦਬਾਅ ਨਾ ਪਾਓ। ਉਸ ਨੂੰ ਸਹੀ ਮਾਰਗ ਦਰਸ਼ਨ ਦਿਉ, ਲੋੜ ਅਨੁਸਾਰ ਉਸ ਦੀ ਕੋਚਿੰਗ ਦਾ ਪ੍ਰਬੰਧ ਕਰੋ ਤੇ ਉਸ ਦਾ ਸਾਰਾ ਟਾਈਮ ਟੇਬਲ ਵਧੀਆ ਢੰਗ ਨਾਲ ਬਣਾ ਕੇ ਸਾਰੀਆਂ ਗਤੀਵਿਧੀਆਂ ਲਈ ਸਮਾਂ ਤੇ ਸਥਾਨ ਨਿਰਧਾਰਤ ਕਰੋ।